ਮੁਕਤਸਰ ਦੀ ਜੰਗ ਅਤੇ 40 ਮੁਕਤਿਆਂ ਦੀ ਯਾਦ ਵਿੱਚ ਮਾਘੀ ਦਾ ਜੋੜ-ਮੇਲਾ

0
3206

ਮੁਕਤਸਰ ਦੀ ਜੰਗ ਅਤੇ 40 ਮੁਕਤਿਆਂ ਦੀ ਯਾਦ ਵਿੱਚ ਮਾਘੀ ਦਾ ਜੋੜ-ਮੇਲਾ

ਸ. ਕਿਰਪਾਲ ਸਿੰਘ (ਬਠਿੰਡਾ)-9855480797

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਦੇਸ਼, ਕੌਮ, ਹੱਕ, ਸੱਚ ਅਤੇ ਧਰਮ ਦੀ ਖ਼ਾਤਰ ਕਈ ਜੰਗਾਂ ਲੜੀਆਂ। ਉਨ੍ਹਾਂ ਨੇ ਹਰ ਵਾਰ ਬਹਾਦਰੀ ਨਾਲ ਦੁਸ਼ਮਣਾਂ ਦਾ ਟਾਕਰਾ ਕੀਤਾ ਅਤੇ ਸਦਾ ਚੜ੍ਹਦੀ ਕਲਾ ਅਤੇ ਭਾਣੇ ਵਿੱਚ ਰਹੇ। ਸੰਮਤ 1762 (ਸੰਨ 1705 ਈ:) ਵਿੱਚ ਪਹਾੜੀ ਰਾਜਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਰੁਧ ਲੜਾਈ ਵਾਸਤੇ ਮਦਦ ਲਈ ਔਰੰਗਜ਼ੇਬ ਅੱਗੇ ਫਰਿਆਦ ਕੀਤੀ। ਇਹ ਫਰਿਆਦ ਸੁਣ ਕੇ ਔਰੰਗਜ਼ੇਬ ਨੇ ਪਹਾੜੀ ਰਾਜਿਆਂ ਦੀ ਮਦਦ ਲਈ ਲਾਹੌਰ ਅਤੇ ਸਰਹੰਦ ਦੇ ਸੂਬੇਦਾਰਾਂ ਨੂੰ ਫੁਰਮਾਨ ਜਾਰੀ ਕਰ ਦਿੱਤੇ। ਇਸ ਤਰ੍ਹਾਂ ਲਾਹੌਰ, ਸਰਹੰਦ ਅਤੇ ਪਹਾੜੀ ਰਾਜਿਆਂ ਦੇ ਟਿੱਡੀ ਦਲਾਂ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਗੁਰੂ ਜੀ ਦੇ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡਟ ਕੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਖ਼ਾਲਸਾ ਫੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੇ ਹੌਂਸਲੇ ਪਸਤ ਹੋ ਚੁੱਕੇ ਸਨ। ਪਰ ਲੰਮੇ ਸਮੇਂ ਤੱਕ ਨਿੱਤ ਦੀ ਲੜਾਈ ਕਾਰਨ ਖਾਲਸਾ ਫੌਜ ਦੀ ਗਿਣਤੀ ਵੀ ਘਟਦੀ ਜਾ ਰਹੀ ਸੀ। ਭਾਵੇਂ ਰਾਸ਼ਨ-ਪਾਣੀ ਵੀ ਮੁੱਕਦਾ ਜਾ ਰਿਹਾ ਸੀ ਪਰ ਫਿਰ ਵੀ ਸਿੰਘ ਡਟਵਾਂ ਮੁਕਾਬਲਾ ਕਰ ਰਹੇ ਸਨ। ਦੁਸ਼ਮਣ ਵੱਲੋਂ ਖਾਧੀਆਂ ਕਸਮਾਂ ਅਤੇ ਸਿੰਘਾਂ ਦੇ ਸਲਾਹ ਦੇਣ ’ਤੇ 6-7 ਪੋਹ ਬਿਕ੍ਰਮੀ ਸੰਮਤ 1762 ਦੀ ਰਾਤ ਨੂੰ ਕਿਲ੍ਹਾ ਖਾਲੀ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ। ਕਿਲ੍ਹਾ ਖਾਲੀ ਕਰਨ ਦੀ ਦੇਰ ਸੀ ਕਿ ਹਾਲੀ ਗੁਰੂ ਜੀ ਕੀਰਤਪੁਰ ਵੀ ਨਹੀਂ ਸੀ ਪਹੁੰਚੇ ਕਿ ਦੁਸ਼ਮਣ ਫੌਜਾਂ ਨੇ ਸਭ ਕਸਮਾਂ-ਇਕਰਾਰ ਭੁੱਲ ਕੇ ਪਿਛੋਂ ਹਮਲਾ ਕਰ ਦਿੱਤਾ। 7 ਪੋਹ ਦੀ ਸਵੇਰ ਸਰਸਾ ਨਦੀ ਦੇ ਕੰਢੇ ਭਿਆਨਕ ਜੰਗ ਹੋਈ ਅਤੇ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਸਾਰਾ ਪਰਿਵਾਰ ਅਤੇ ਬਹੁਤ ਸਾਰੇ ਸਿੰਘ ਅਲੱਗ ਥਲੱਗ ਹੋਣ ਕਾਰਨ ਗੁਰੂ ਜੀ ਤੋਂ ਵਿੱਛੜ ਗਏ, ਕੁਝ ਸ਼ਹੀਦ ਹੋ ਗਏ, ਕੀਮਤੀ ਸਾਹਿਤ ਤੇ ਭਾਰੀ ਮਾਤਰਾ ’ਚ ਹੋਰ ਮਾਲ-ਅਸਬਾਬ ਅਤੇ ਕਈ ਸਿੰਘਾਂ ਸਮੇਤ ਸਰਸਾ ਨਦੀ ’ਚ ਆਏ ਹੜ੍ਹ ਦੀ ਭੇਟ ਚੜ੍ਹ ਗਿਆ। ਸ਼ਾਮ ਨੂੰ 40 ਕੁ ਸਿੰਘਾਂ ਨਾਲ ਗੁਰੂ ਜੀ ਚਮਕੌਰ ਸਾਹਿਬ ਪਹੁੰਚ ਗਏ ਜਿੱਥੇ ਯੁੱਧ ਨੀਤੀ ਨੂੰ ਧਿਆਨ ਵਿੱਚ ਰੱਖਦਿਆਂ ਕੱਚੀ ਗੜ੍ਹੀ ਵਿੱਚ ਮੋਰਚੇ ਸੰਭਾਲ ਲਏ। 8 ਪੋਹ ਨੂੰ ਚਮਕੌਰ ਸਾਹਿਬ ਵਿਖੇ ਘਸਮਾਨ ਦਾ ਯੁੱਧ ਹੋਇਆ ਜਿਸ ਵਿੱਚ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ (ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ) ਸਮੇਤ 40 ਸਿੰਘ; ਜਿਸ ਸੂਰਬੀਰਤਾ ਤੇ ਬਹਾਦਰੀ ਨਾਲ ਲੜੇ ਅਤੇ ਸ਼ਹਾਦਤ ਪ੍ਰਾਪਤ ਕੀਤੀ ਇਹ ਦੁਨੀਆਂ ਦੇ ਇਤਿਹਾਸ ਵਿੱਚ ਆਪਣੀ ਮਿਸਾਲ ਆਪ ਹੀ ਹੈ। ਇਸ ਦਿਨ ਦੋ ਸਾਹਿਬਜ਼ਾਦੇ ਤਿੰਨ ਪਿਆਰਿਆਂ ਤੋਂ ਇਲਾਵਾ 30 ਤੋਂ ਵੱਧ ਸਿੰਘ ਸ਼ਹੀਦ ਹੋ ਗਏ। ਅਗਲੀ ਨੀਤੀ ਨੂੰ ਧਿਆਨ ਵਿੱਚ ਰੱਖਦਿਆਂ ਤੇ ਪੰਜ ਪਿਆਰਿਆਂ ਵੱਲੋਂ ਦਿੱਤੇ ਹੁਕਮ ਨੂੰ ਸਵੀਕਾਰ ਕਰਦਿਆਂ 8-9 ਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਸੰਘ ਜੀ ਨੇ ਪੰਜ ਪਿਆਰਿਆਂ ਵਿੱਚੋਂ ਬਚੇ ਬਾਕੀ ਦੋ ਪਿਆਰੇ- ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਨੂੰ ਨਾਲ ਲੈ ਕੇ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਛੱਡ ਦਿੱਤੀ ਅਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਆ ਪਹੁੰਚੇ। ਭਾਈ ਸੰਗਤ ਸਿੰਘ ਜੀ ਜਿਸ ਨੂੰ ਗੁਰੂ ਸਾਹਿਬ ਜੀ ਨੇ ਗੜ੍ਹੀ ਛਡਣ ਤੋਂ ਪਹਿਲਾਂ ਆਪਣੀ ਕਲਗੀ ਅਤੇ ਬਸਤਰ ਪਹਿਨਾਏ ਸਨ; ਸਮੇਤ ਬਾਕੀ ਦੇ ਸਾਰੇ ਦੇ ਸਾਰੇ ਹੀ ਸਿੰਘ 9 ਪੋਹ ਨੂੰ ਸ਼ਹੀਦ ਹੋ ਗਏ। ਉਧਰ 13 ਪੋਹ ਨੂੰ ਸਰਹਿੰਦ ਵਿਖੇ ਛੋਟੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ ਵਜ਼ੀਦ ਖ਼ਾਨ ਦੇ ਹੁਕਮ ਨਾਲ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ ਅਤੇ ਉਸੇ ਦਿਨ ਮਾਤਾ ਗੁੱਜਰ ਕੌਰ ਜੀ ਵੀ ਚੜ੍ਹਾਈ ਕਰ ਗਏ।

ਮਾਛੀਵਾੜੇ ਤੋਂ ਮੁਕਤਸਰ ਪਹੁੰਚਣ ਤੱਕ ਕਿਤਨਾ ਸਮਾਂ ਲੱਗਿਆ ਅਤੇ ਮੁਕਤਸਰ ਦੀ ਜੰਗ ਕਦੋਂ ਹੋਈ ਇਸ ਬਾਰੇ ਇਤਿਹਾਸਕਾਰਾਂ ਦੀਆਂ ਮੁੱਖ ਤੌਰ ’ਤੇ ਦੋ ਰਾਵਾਂ ਪ੍ਰਚਲਤ ਹਨ। ਕਈ ਲਿਖਾਰੀਆਂ ਨੇ ਇਸ ਜੰਗ ਦਾ ਸਮਾਂ 21 ਵੈਸਾਖ ਬਿਕ੍ਰਮੀ ਸੰਮਤ 1762 ਦਾ ਲਿਖਿਆ ਹੈ। ਬਹੁਤ ਸਾਰੇ ਵਿਦਵਾਨ ਇਸ ਤਰੀਖ ਨਾਲ ਹੀ ਸਹਿਮਤ ਹਨ ਅਤੇ ਪਿਛਲੇ ਕਾਫੀ ਸਮੇਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਵੀ ਮੁਕਤਸਰ ਦੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਦਿਹਾੜਾ 1 ਮਾਘ (ਮਾਘੀ) ਦੇ ਨਾਲ ਨਾਲ 21 ਵੈਸਾਖ ਨੂੰ ਵੀ ਮਨਾਉਣਾ ਸ਼ੁਰੂ ਕੀਤਾ ਹੋਇਆ ਹੈ। ਇਸ ਬਾਰੇ ਪ੍ਰਮੁੱਖ ਦਲੀਲ ਇਹੋ ਹੀ ਦਿੱਤੀ ਜਾਂਦੀ ਰਹੀ ਹੈ ਕਿ ਖਿਦਰਾਣੇ ਦੀ ਉਹ ਢਾਬ ਜੋ ਪਾਣੀ ਨਾਲ ਭਰੀ ਸੀ ਉੱਪਰ ਗੁਰੂ ਜੀ ਕਾਬਜ਼ ਸਨ ਅਤੇ ਸਰਹੰਦ ਦੀ ਫੌਜ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਕਾਰਨ ਸਰਹੰਦ ਦੀ ਫੌਜ ਨੂੰ ਉਥੋਂ ਪਿੱਛੇ ਜਾਣਾ ਪਿਆ। ਸੋ ਐਸਾ ਸਮਾਂ ਜਦੋਂ ਪਾਣੀ ਦੀ ਕਿੱਲਤ ਕਾਰਨ ਹੀ ਪਿੱਛੇ ਹਟਣਾ ਪਵੇ ਉਹ ਕਦਾਚਿਤ ਵੀ ਕੜਾਕੇ ਦੀ ਠੰਡ ਵਾਲਾ ਪੋਹ-ਮਾਘ ਦਾ ਨਹੀਂ ਹੋ ਸਕਦਾ ਬਲਕਿ ਗਰਮੀ ਦਾ ਮੌਸਮ ਵੈਸਾਖ-ਜੇਠ ਹੀ ਹੋ ਸਕਦੇ ਹਨ। ਇਸ ਲਈ 21 ਵੈਸਾਖ ਦੀ ਤਰੀਖ ਵਧੇਰੇ ਦਰੁਸਤ ਜਾਪਦੀ ਹੈ। ਪਰ ਗੁਰੂ ਸਾਹਿਬ ਜੀ ਦੇ ਮਾਛੀਵਾੜੇ ਤੋਂ ਮੁਕਤਸਰ, ਮੁਕਤਸਰ ਤੋਂ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਪਹੁੰਚ, ਠਹਿਰਾ ਅਤੇ ਨਾਂਦੇੜ ਨੂੰ ਰਵਾਨਗੀ ਦੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਮੁਕਤਸਰ ਦੀ ਜੰਗ 30 ਪੋਹ ਅਤੇ ਸ਼ਹੀਦ ਹੋਏ ਸਿੰਘ ਦੇ ਸਸਕਾਰ ਦੀ ਮਿਤੀ 1 ਮਾਘ ਹੀ ਸਹੀ ਜਾਪਦਾ ਹੈ। ਮੁਕਤਸਰ ਦੀ ਜੰਗ ਦੇ ਸਮੇਂ ਬਾਰੇ ਡਾ. ਗੰਡਾ ਸਿੰਘ ਜੀ ਗੁਰ ਸੋਭਾ ਦੀ ਭੂਮਿਕਾ ਵਿਚ ਪੰਨਾ 57 ’ਤੇ ਸਾਰੇ ਪੁਰਾਤਨ ਸ੍ਰੋਤਾਂ ਦੇ ਆਧਾਰ ’ਤੇ ਲਿਖਦੇ ਹਨ ਕਿ: ਇਹ ਜੰਗ 30 ਪੋਹ ਸੰਮਤ 1762 (29 ਦਸੰਬਰ 1705 ਈ:) ਮਾਘ ਵਦੀ 10 ਲੋਹੜੀ ਦੇ ਦਿਨ ਹੋਈ। ਅਗਲੇ ਦਿਨ ਮਾਘੀ (ਮਾਘ ਦੀ ਸੰਗਰਾਂਦ) ਸੀ ਜਿਸ ਦਿਨ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ। ਦੇਸਾ ਸਿੰਘ ਭੱਟ ਵਹੀ ਤਲੌਂਢਾ, ਕੋਇਰ ਸਿੰਘ ਦੇ ਗੁਰਬਿਲਾਸ ਪਾ: 10, ਸੁੱਖਾ ਸਿੰਘ ਦੇ ਗੁਰਬਿਲਾਸ ਪਾ: 10 , ਸਰੂਪ ਸਿੰਘ ਗੁਰੂ ਕੀਆਂ ਸਾਖੀਆਂ, ਬੀਰ ਸਿੰਘ ਬਲ ਦੇ ਸਿੰਘ ਸਾਗਰ, ਸੰਤੋਖ ਸਿੰਘ ਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਸੂਰਜ ਪ੍ਰਕਾਸ਼) ਵਿਚ ਮਾਘ ਦੀ ਸੰਗਰਾਂਦ ਦਿੱਤਾ ਹੋਇਆ ਹੈ ਜੋ ਕਿ ਸਸਕਾਰ ਦਾ ਦਿਨ ਹੈ। ਸੁਖਾ ਸਿੰਘ ਕਿ੍ਰਤ ਗੁਰਬਿਲਾਸ, ਭਾਈ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਵਿਚ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬ੍ਹੋ ਦਮਦਮਾ ਸਾਹਿਬ 9 ਮਹੀਨੇ 9 ਦਿਨ ਠਹਿਰੇ ਸਨ ਅਤੇ ਇੱਥੋਂ ਕਤਕ ਸੁਦੀ 5 (29 ਕਤਕ ਸੰਮਤ 1763 ਬਿ:) 30 ਅਕਤੂਬਰ 1706 ਈ: ਦੱਖਣ ਵੱਲ ਕੂਚ ਕੀਤਾ। ਪਿਛੇ ਨੂੰ ਗਿਣਤੀ ਕੀਤਿਆਂ ਇਸ ਅਨੁਸਾਰ ਮੁਕਤਸਰ ਦਾ ਜੁੱਧ ਲੋਹੜੀ-ਮਾਘੀ ਸੰਮਤ 1762 ਨੂੰ ਬਿਲਕੁਲ ਠੀਕ ਬੈਠਦਾ ਜਾਪਦਾ ਹੈ ਜਦੋਂ ਕਿ 29-30 ਦਸੰਬਰ ਸੰਨ 1705 ਸੀ ਅੱਜ ਕਲ੍ਹ ਮਾਘੀ 13 ਜਨਵਰੀ ਨੂੰ ਆਉਂਦੀ ਹੈ। ਗੁਰੂ ਸਾਹਿਬ ਦਮਦਮਾ ਸਾਹਿਬ 20-21 ਜਨਵਰੀ 1705 ਈ; ਨੂੰ ਪੁੱਜੇ ਹੋਣਗੇ। 31 ਦਸੰਬਰ ਤੋਂ 21 ਜਨਵਰੀ ਤਕ 21-22 ਦਿਨ ਮੁਕਤਸਰੋਂ ਦਮਦਮੇ ਸਾਹਿਬ ਤੱਕ ਸਫਰ ਵਿਚ ਲੱਗ ਗਏ ਜਾਪਦੇ ਹਨ। ਮੁਕਤਸਰੋਂ ਦਮਦਮਾ ਸਾਹਿਬ ਸਿਧਾ ਪੰਧ 48 ਕੁ ਮੀਲ ਹੈ ਪਰ ਛੋਟੇ ਛੋਟੇ ਪੜਾਉ ਕਰਦੇ ਅਤੇ ਰਾਹ ਵਿੱਚ ਲੋੜ ਅਨੁਸਾਰ ਠਹਿਰਦੇ ਜਾਣ ਨਾਲ ਇੰਨੇ ਕੁ ਦਿਨ ਤਾਂ ਲੱਗਣੇ ਸੁਭਾਵਕ ਹੈ।

ਵੈਸਾਖ ਵਿਚ ਇਹ ਜੰਗ ਹੋਈ, ਇਹ ਗੱਲ ਕਿਵੇਂ ਪ੍ਰਚਲਤ ਹੋ ਗਈ ? ਇਸ ਬਾਰੇ ਵੀ ਡਾ. ਗੰਡਾ ਸਿੰਘ ਜੀ ਪੰਨਾ 57-58 ’ਤੇ ਲਿਖਦੇ ਹਨ ਕਿ: ‘ਗਿ: ਗਿਆਨ ਸਿੰਘ ਨੇ ਪਹਿਲਾਂ ਆਪਣੀ ਕਿ੍ਰਤ ਤਵਾਰੀਖ ਗੁਰੂ ਖਾਲਸਾ ਅਤੇ ਪੰਥ ਪ੍ਰਕਾਸ਼ ਵਿਚ ਮੁਕਤਸਰ ਦੇ ਜੁੱਧ ਦੀ ਤਾਰੀਖ ਵੈਸਾਖ ਦਿੱਤੀ ਸੀ ਪਰ ਸੰਮਤ ਕਿਧਰੇ 1761 ਅਤੇ ਕਿਧਰੇ 1762 ਦਿੱਤਾ ਹੋਇਆ ਸੀ। ਪਰ ਤਵਾਰੀਖ ਗੁਰੂ ਖਾਲਸਾ ਦੇ ਸੋਧੇ ਹੋਏ ਉਰਦੂ ਐਡੀਸ਼ਨ ਵਿਚ ਜੋ ਸੰਨ 1923 ਈ: ਵਿਚ ਪ੍ਰਕਾਸ਼ਤ ਹੋਇਆ ਸੀ, ਇਸ ਵਿਚ ਤਾਰੀਖ ਨੂੰ ਠੀਕ ਕਰ ਦਿੱਤਾ ਗਿਆ ਅਤੇ ਲਿਖਿਆ ਗਿਆ ਕਿ ਇਹ ਜੁੱਧ ਏਕਮ ਮਾਘ 1762 ਨੂੰ ਹੋਇਆ ਸੀ।’

ਇਸ ਦੇ ਨਾਲ ਹੀ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਚਮਕੌਰ ਦੀ ਹਵੇਲੀ ਵਿਚੋਂ ਨਿਕਲਣ ਤੋਂ ਬਾਅਦ ਗੁਰੂ ਜੀ ਗੁਲਾਬੇ ਮਸੰਦ ਦੇ ਘਰ ਮਾਛੀਵਾੜੇ ਠਹਿਰੇ ਸਨ ਜਿੱਥੋਂ ਉਨ੍ਹਾਂ ਦੇ ਮੁਸਲਮਾਨ ਸ਼ਰਧਾਲੂਆਂ ਭਾਈ ਨਬੀ ਖ਼ਾਨ, ਗ਼ਨੀ ਖਾਨ ਨੇ ਗੁਰੂ ਜੀ ਨੂੰ ਉੱਚ ਦੇ ਪੀਰ ਦੇ ਰੂਪ ਵਿੱਚ ਅੱਗੇ ਪਹੁੰਚਾਇਆ ਸੀ। ਕਾਰਨ ਸਪੱਸ਼ਟ ਹੈ ਕਿ ਸਰਹੰਦੀ ਫੌਜਾਂ ਗੁਰੂ ਜੀ ਦੀ ਪੂਰੀ ਸੂਹ ਲਾਉਣ ਅਤੇ ਉਨ੍ਹਾਂ ਨੂੰ ਜੀਵਤ ਪਕੜਨ ਜਾਂ ਉਨ੍ਹਾਂ ਦੀ ਹੋਂਦ ਨੂੰ ਮਿਟਾਉਣ ਦਾ ਪੂਰਾ ਯਤਨ ਕਰ ਰਹੀਆਂ ਸਨ। ਇਹੀ ਫੌਜਾਂ ਸੂਹ ਪਤਾ ਲਾਉਂਦੀਆਂ ਖਿਦਰਾਣੇ ਦੀ ਢਾਬ ’ਤੇ ਜਾ ਪਹੁੰਚੀਆਂ ਹਨ ਜਿੱਥੇ ਭਾਰੀ ਜੰਗ ਹੋਇਆ। ਮੌਜੂਦਾ ਬਠਿੰਡੇ ਦਾ ਇਲਾਕਾ ਤਲਵੰਡੀ ਸਾਬ੍ਹੋ ਮੁਲਤਾਨ ਦੇ ਪਰਗਣੇ ਅਧੀਨ ਸੀ ਜਿਸ ਕਾਰਨ ਸਰਹੰਦ ਦਾ ਨਵਾਬ ਇਸ ਇਲਾਕੇ ਵਿਚ ਸਿੱਧਾ ਦਖਲ ਨਹੀਂ ਦੇ ਸਕਦਾ ਸੀ। ਚੌਧਰੀ ਡੱਲਾ ਜੋ ਗੁਰੂ ਜੀ ਦਾ ਅਨਿੰਨ ਸ਼ਰਧਾਲੂ ਸੀ; ਨੂੰ ਵਜ਼ੀਰ ਖਾਂ ਨੇ ਇਹ ਸੁਨੇਹਾ ਵੀ ਭੇਜਿਆ ਸੀ ਕਿ ਉਹ ਗੁਰੂ ਜੀ ਨੂੰ ਆਪਣੇ ਕੋਲ ਨਾ ਰੱਖੇ ਅਤੇ ਮੇਰੇ ਹਵਾਲੇ ਕਰ ਦੇਵੇ। ਭਾਈ ਡੱਲੇ ਨੇ ਵਜ਼ੀਰ ਖਾਂ ਦੀ ਇਸ ਬਦਨੀਤੀ ਭਰੀ ਸਲਾਹ ਦਾ ਬੁਰਾ ਹੀ ਨਹੀਂ ਸੀ ਮਨਾਇਆ ਸਗੋਂ ਮੋੜਵਾਂ ਤੇ ਠੋਕਵਾਂ ਉੱਤਰ ਵੀ ਦਿੱਤਾ ਸੀ। ਜਦੋਂ ਸੂਬਾ ਸਰਹਿੰਦ ਦੀਆਂ ਫੌਜਾਂ ਬਹੁਤ ਹੀ ਤੇਜੀ ਨਾਲ ਗੁਰੂ ਸਾਹਿਬ ਜੀ ਦਾ ਪਿੱਛਾ ਕਰ ਰਹੀਆਂ ਸਨ ਤਾਂ ਇਹ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੈ ਕਿ 9 ਪੋਹ ਤੋਂ 23 ਵੈਸਾਖ ਤੱਕ ਸਾਢੇ ਚਾਰ ਮਹੀਨੇ ਦਾ ਸਮਾਂ ਗੁਰੂ ਜੀ ਉਸ ਦੇ ਇਲਾਕੇ ਵਿਚ ਠਹਿਰੇ ਹੋਣ। ਮੋਟੇ ਤੌਰ ’ਤੇ ਅਸੀਂ ਨਿੱਕੇ ਪੜਾਵਾਂ ਨੂੰ ਛੱਡਦਿਆਂ ਅਨੰਦਪੁਰ ਛੱਡਣ ਤੋਂ ਮੁਕਤਸਰ ਪਹੁੰਚਣ ਤੱਕ ਦੇ ਸਮੇਂ ਨੂੰ ਇਵੇਂ ਵਧੇਰੇ ਸਮਝ ਸਕਦੇ ਹਾਂ: 6 ਪੋਹ 1762 ਅਨੰਦਪੁਰ ਸਾਹਿਬ, 7 ਪੋਹ ਸਿਰਸਾ ਨਦੀ ਦਾ ਕੰਢਾ (ਰੋਪੜ), 8 ਪੋਹ ਚਮਕੌਰ ਸਾਹਿਬ, 9-12 ਪੋਹ ਮਾਛੀਵਾੜਾ, 14 ਪੋਹ ਅਜਨੇਰ, ਰਾਮਪੁਰ, 15 ਪੋਹ ਰਾਮਪੁਰ ਤੋਂ ਰਵਾਨਗੀ- ਕਨੇਚ, ਆਲਮਗੀਰ, 16 ਪੋਹ ਚਨਾਲੋਂ, ਮੋਹੀ, 17 ਪੋਹ ਹੇਹਰ ਤੋਂ ਚੱਲ ਕੇ ਰਾਏਕੋਟ ਪਹੁੰਚੇ, 18 ਪੋਹ ਰਾਏਕੋਟ ਠਹਿਰੇ, 19 ਪੋਹ ਲੰਮੇ ਜੱਟ ਪੁਰੇ, 20 ਪੋਹ ਮਧੇਅ, 20 ਪੋਹ ਰਾਤ ਭਦੌੜ ਠਹਿਰੇ, 21 ਪੋਹ ਦੀਨੇ, (22 ਪੋਹ ਨੂੰ ਦਇਆ ਸਿੰਘ ਤੇ ਧਰਮ ਸਿੰਘ ਜ਼ਫਰਨਾਮਾ ਲੇ ਕੇ ਔਰੰਗਜ਼ੇਬ ਨੂੰ ਮਿਲਣ ਗਏ), 26 ਪੋਹ ਭਗਤਾ ਠਹਿਰੇ, 27 ਪੋਹ ਬਰਗਾੜੀ, ਬਹਿਬਲ, ਸਰਾਵਾਂ, 28 ਪੋਹ ਕੋਟਕਪੂਰਾ, ਢਿਲਵਾਂ ਠਹਿਰੇ ਰਾਤ, 29 ਪੋਹ ਜੈਤੋ, ਰਾਮੇਆਣਾ ਠਹਿਰੇ, 30 ਪੋਹ ਰੂਪਾਣਾ ਤੇ ਖਿਦਰਾਣੇ ਦੀ ਢਾਬ ’ਤੇ ਜੰਗ, 1 ਮਾਘ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ।

ਦੂਜੇ ਪਾਸੇ, ਸਰਸਾ ਨਦੀ ਦੇ ਕੰਢੇ ’ਤੇ ਹੋਈ ਜੰਗ ਦੌਰਾਨ ਨਦੀ ਪਾਰ ਕਰਦੇ ਸਮੇਂ ਗੁਰੂ ਜੀ ਤੋਂ ਵਿੱਛੜਨ ਵਾਲੇ ਸਿੰਘ ਜਦ ਘਰੀਂ ਪਹੁੰਚੇ ਤਾਂ ਮਾਈ ਭਾਗੋ ਜੀ ਤੇ ਹੋਰ ਬੀਬੀਆਂ ਨੇ ਉਨ੍ਹਾਂ ਨੂੰ ਫਿਟਕਾਰਾਂ ਪਾਈਆਂ ਅਤੇ ਮੁੜ ਗੁਰੂ ਜੀ ਦੇ ਚਰਨੀਂ ਲੱਗਣ ਦੀ ਸਲਾਹ ਦਿੱਤੀ। ਗੁਰੂ ਜੀ ਦੇ ਪਰਿਵਾਰ ਦੇ ਖੇਰੂੰ-ਖੇਰੂੰ ਹੋਣ, ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮੁਗਲ ਫੌਜਾਂ ਵੱਲੋਂ ਗੁਰੂ ਜੀ ਦਾ ਪਿੱਛਾ ਕਰਨ ਦੀਆਂ ਖ਼ਬਰਾਂ ਸੁਣ ਕੇ ਉਨ੍ਹਾਂ ਸਿੰਘਾਂ ਦੀ ਜ਼ਮੀਰ ਨੇ ਵੀ ਹਲੂਣਾ ਖਾਧਾ ਅਤੇ ਔਖੀ ਘੜੀ ਗੁਰੂ ਜੀ ਦਾ ਸਾਥ ਛੱਡਣ ਦਾ ਅਹਿਸਾਸ ਉਨ੍ਹਾਂ ਨੂੰ ਸਤਾਉਣ ਲੱਗਾ। ਇਹ ਸਿੰਘ ਮੁੜ ਤੋਂ ਗੁਰੂ ਜੀ ਦੀ ਅਗਵਾਈ ਵਿੱਚ ਲੜ-ਮਰਨ ਲਈ ਚੱਲ ਪਏ। ਮਾਈ ਭਾਗੋ ਮਰਦਾਵੇਂ ਵੇਸ ਵਿਚ ਇਨ੍ਹਾਂ ਦੇ ਨਾਲ ਸੀ। ਰਸਤੇ ਵਿੱਚ ਇਨ੍ਹਾਂ ਸਿੰਘਾਂ ਨੂੰ ਗੁਰੂ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਛੱਡਣ, ਚਮਕੌਰ ਦੀ ਜੰਗ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਦਿ ਦੇ ਸਮਾਚਾਰ ਜਦੋਂ ਮਾਲੂਮ ਹੋਏ, ਸਿੰਘਾਂ ਦਾ ਖੂਨ ਹੋਰ ਵੀ ਖੌਲ ਪਿਆ ਅਤੇ ਉਹ ਪੁੱਛਦੇ-ਪੁਛਾਂਦੇ ਜਿੱਧਰ ਨੂੰ ਗੁਰੂ ਜੀ ਗਏ ਸਨ, ਮਗਰੇ ਮਗਰ ਤੁਰ ਪਏ।

ਓਧਰ ਗੁਰੂ ਜੀ ਚਮਕੌਰ, ਮਾਛੀਵਾੜਾ, ਕਨੇਚ, ਆਲਮਗੀਰ, ਹੇਰ, ਲੰਮੇ, ਰਾਇਕੋਟ, ਦੀਨਾ ਆਦਿ ਹੁੰਦੇ ਹੋਏ ਜਦ ਕੋਟਕਪੂਰਾ ਪੁੱਜੇ ਤਾਂ ਪਤਾ ਲੱਗਾ ਕਿ ਸੂਬਾ ਸਰਹਿੰਦ ਭਾਰੀ ਲਾਓ-ਲਸ਼ਕਰ ਨਾਲ ਆਪ ਜੀ ਦਾ ਪਿੱਛਾ ਕਰਦਾ ਹੋਇਆ ਆ ਰਿਹਾ ਹੈ। ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ ਨਜ਼ਦੀਕ ਉਸ ਨਾਲ ਟਾਕਰਾ ਕਰਨਾ ਵਧੇਰੇ ਯੋਗ ਸਮਝਿਆ। ਮਾਝੇ ਦੇ ਸਿੰਘਾਂ ਦਾ ਜੱਥਾ ਜਦੋਂ ਕਲਗੀਧਰ ਪਾਤਸ਼ਾਹ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ਪਾਸ ਪੁੱਜਾ ਤਾਂ ਇਨ੍ਹਾਂ ਨੂੰ ਵੀ ਵਜ਼ੀਦ ਖਾਨ ਦੀ ਸੈਨਾ ਦੇ ਪੁੱਜਣ ਦੀ ਖ਼ਬਰ ਮਿਲੀ, ਜਿਸ ’ਤੇ ਸਿੰਘਾਂ ਨੇ ਆਪੋ-ਆਪਣੇ ਮੋਰਚੇ ਸੰਭਾਲ ਲਏ। ਸਿੰਘਾਂ ਦੀ ਯੁੱਧ ਨੀਤੀ ਪੂਰੀ ਤਰ੍ਹਾਂ ਸਫਲ ਰਹੀ ਕਿਉਂਕਿ ਗੁਰੂ ਜੀ ਦਾ ਪਿੱਛਾ ਕਰਦੀ ਹੋਈ ਮੁਗ਼ਲ ਫੌਜ ਵੀ ਸਾਰੀ ਉਸੇ ਪਾਸੇ ਝੁਕ ਗਈ। ਉਧਰ ਮਾਤਾ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਹੇਠ ਸਿੰਘਾਂ ਨੇ ਇਕ ਦਮ ਦੁਸ਼ਮਣ ਫੌਜ਼ ’ਤੇ ਹੱਲਾ ਬੋਲ ਦਿੱਤਾ। ਸੈਂਕੜੇ ਮੁਗਲ ਸੈਨਿਕ ਮਾਰੇ ਗਏ। ਦਸਮ ਪਿਤਾ ਨੇ ਵੀ ਟਿੱਬੀ ਤੋਂ ਤੀਰਾਂ ਦੀ ਝੜੀ ਲਾ ਦਿੱਤੀ। ਬਹੁਤ ਸਾਰੇ ਦੁਸ਼ਮਣਾਂ ਦੇ ਜਰਨੈਲ ਗੁਰੂ ਜੀ ਦੇ ਤੀਰਾਂ ਦੀ ਭੇਟ ਚੜ੍ਹਦੇ ਗਏ। ਬਹਾਦਰ ਸਿੰਘ ਤਲਵਾਰਾਂ ਲੈ ਕੇ ਮੁਗ਼ਲਾਂ ਉੱਤੇ ਟੁੱਟ ਪਏ। ਮੁਗ਼ਲਾਂ ਦੇ ਮੈਦਾਨੋਂ ਭੱਜ ਜਾਣ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਰਣਭੂਮੀ ਵਿੱਚ ਆ ਕੇ ਵੇਖਿਆ ਕਿ ਢਾਬ ਕੰਢੇ ਜ਼ਖਮੀ ਹਾਲਤ ਵਿਚ ਬੈਠੀ ਮਾਤਾ ਭਾਗੋ ਆਪਣੇ ਜ਼ਖਮਾਂ ਨੂੰ ਧੋ ਰਹੀ ਸੀ। ਮਾਤਾ ਭਾਗੋ ਨੇ ਗੁਰੂ ਸਾਹਿਬ ਨੂੰ ਵੇਖਿਆ ਤੇ ਦੀਨ ਦੁਨੀ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਨਿਵਾਇਆ। ਮਾਤਾ ਭਾਗੋ ਨੇ ਪਾਤਸ਼ਾਹ ਨੂੰ ਸੂਰਬੀਰ ਸਿੰਘਾਂ ਦੀ ਬਹਾਦਰੀ ਅਤੇ ਸ਼ਹਾਦਤਾਂ ਦੀ ਗਾਥਾ ਸੁਣਾਈ। ਪਾਤਸ਼ਾਹ ਨੇ ਜੰਗ ’ਚ ਜੂਝੇ ਸੂਰਮਿਆਂ ਨੂੰ ਅਤਿਅੰਤ ਸਨੇਹ ਨਾਲ ਪੰਜ ਹਜ਼ਾਰੀ, ਸੱਤ ਹਜ਼ਾਰੀ, ਦਸ ਹਜ਼ਾਰੀ ਆਦਿ ਦਾ ਵਰ ਦਿੰਦੇ ਹੋਏ ਹਰੇਕ ਨੂੰ ਆਪਣੇ ਕਰ ਕਮਲਾਂ ਨਾਲ ਪਲੋਸਿਆ। ਏਨੇ ਨੂੰ ਭਾਈ ਮਹਾਂ ਸਿੰਘ ਸਹਿਕਦਾ ਹੋਇਆ ਗੁਰੂ ਜੀ ਦੀ ਨਜ਼ਰੀਂ ਪਿਆ। ਪਾਤਸ਼ਾਹ ਨੇ ਉਸ ਦੇ ਸੀਸ ਨੂੰ ਜਦੋਂ ਗੋਦ ਵਿਚ ਲਿਆ ਅਤੇ ਉਸ ਦਾ ਮੂੰਹ ਪੂੰਝਿਆ ਤਾਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ। ਜਿਸ ਗੁਰੂ ਜੀ ਦਾ ਧਿਆਨ ਉਸ ਦੇ ਹਿਰਦੇ ਵਿਚ ਸੀ, ਉਨ੍ਹਾਂ ਦੀ ਗੋਦ ਵਿਚ ਹੀ ਉਹ ਉਨ੍ਹਾਂ ਦਾ ਦੀਦਾਰ ਕਰ ਰਿਹਾ ਸੀ।

ਕਲਗੀਧਰ ਪਾਤਸ਼ਾਹ ਗੋਦੀ ’ਚ ਲਏ ਭਾਈ ਮਹਾਂ ਸਿੰਘ ਦਾ ਅੰਤਮ ਸਮਾਂ ਨੇੜੇ ਆਉਂਦਾ ਵੇਖ ਉਸ ਦੇ ਜੀਵਨ ਦੀ ਕਿਸੇ ਇੱਛਾ ਬਾਰੇ ਜਦੋਂ ਪੁੱਛਿਆ, ਤਾਂ ਭਰੀਆਂ ਅੱਖਾਂ ਨਾਲ ਮਹਾਂ ਸਿੰਘ ਨੇ ਕਿਹਾ ‘ਉਤਮ ਭਾਗ ਹਨ, ਅੰਤ ਸਮੇਂ ਆਪ ਦੇ ਦਰਸ਼ਨ ਹੋ ਗਏ, ਸਭ ਇੱਛਾਂ ਪੂਰੀਆਂ ਹੋ ਗਈਆਂ ਹਨ। ਜੇ ਆਪ ਤੁੱਠੇ ਹੋ ਤਾਂ ਕਿਰਪਾ ਕਰੋ ਕਿ ਸਮੇਂ ਦੇ ਗੇੜ ਅਤੇ ਬਿਖੜੇ ਹਾਲਤਾਂ ਕਾਰਨ ਅਸੀਂ ਆਪ ਜੀ ਤੋਂ ਵਿੱਛੜ ਗਏ ਸਾਂ ਉਸ ਨੂੰ ਨਾ ਚਿਤਾਰਦੇ ਹੋਏ ਸਾਨੂੰ ਬਖ਼ਸ਼ ਕੇ ਟੁੱਟੀ ਗੰਢ ਲਉ।’ ਪਾਤਸ਼ਾਹ ਨੇ ਭਾਈ ਮਹਾਂ ਸਿੰਘ ਦੀ ਭਾਵਨਾ ਅਨੁਸਾਰ ਬਖ਼ਸ਼ਿਸ਼ ਕੀਤੀ ਅਤੇ ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਦੀ ਨਿੱਘੀ ਗੋਦ ਵਿੱਚ ਸਵਾਸ ਤਿਆਗ ਦਿੱਤੇ। ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕਰਵਾ ਗੁਰੂ ਸਾਹਿਬ ਨੇ ‘ਖ਼ਾਲਸਾ ਮੇਰੋ ਰੂਪ ਹੈ ਖਾਸ’ ਦੇ ਸਿਧਾਂਤ ਨੂੰ ਅਮਲੀ ਰੂਪ ਦਿੰਦਿਆਂ ਢਾਬ ਨੂੰ ਮੁਕਤੀ ਦਾ ਸਰ (ਸਰੋਵਰ) ਹੋਣ ਦਾ ਵਰਦਾਨ ਦਿੱਤਾ। ਅੱਜ ਇਹ ਸਥਾਨ ਸੰਸਾਰ ’ਚ ‘ਮੁਕਤਸਰ’ ਦੇ ਨਾਮ ਨਾਲ ਪ੍ਰਸਿੱਧ ਹੈ। ਮੁਕਤਸਰ ਦਾ ਇਤਿਹਾਸ ਅੱਜ ਵੀ ਸਾਨੂੰ ਚਾਲੀ ਮੁਕਤਿਆਂ ਦੀ ਦੇਸ਼ ਤੇ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ੍ਹ ਕਰਾਉਂਦਾ ਹੈ।

40 ਮੁਕਤਿਆਂ ਅਤੇ ਹੋਰ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਮੁਕਤਸਰ ਸਾਹਿਬ ਵਿਖੇ ਹਰ ਸਾਲ ਮਾਘੀ ਵਾਲੇ ਦਿਨ ਭਾਰੀ ਜੋੜ ਮੇਲਾ ਲਗਦਾ ਹੈ ਪਰ ਅਫਸੋਸ ਇਹ ਹੈ ਕਿ ਇਸ ਦਿਨ ਸ਼ਹੀਦ ਸਿੰਘਾਂ ਜਾਂ 40 ਮੁਕਤਿਆਂ ਦੀ ਗੁਰੂ ਸਾਹਿਬ ਜੀ ਨਾਲ ਪ੍ਰੀਤ ਅਤੇ ਉਨ੍ਹਾਂ ਅੱਗੇ ਸਮਰਪਨ ਭਾਵਨਾਂ ਤੋਂ ਪ੍ਰੇਰਣਾ ਲੈਣ ਦੀ ਬਜਾਏ ਇਸ ਲਹੂ ਭਿੱਜੇ ਦਿਹਾੜੇ ਨੂੰ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਸਿਆਸੀ ਕਾਨਫਰੰਸਾਂ ਕਰਕੇ ਇੱਕ ਦੂਸਰੇ ’ਤੇ ਦੂਸ਼ਣਬਾਜ਼ੀ ਦੇ ਚਿੱਕੜ ਸੁੱਟਣ ਦੀ ਭੇਂਟ ਚੜ੍ਹਾ ਦਿੱਤਾ ਜਾ ਰਿਹਾ ਹੈ। ਸਾਰੇ ਸਿਆਸੀ ਦਲਾਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਪੰਥ ਦੀ ਇੱਕੋ ਇੱਕ ਨੁੰਮਾਇੰਦਾ ਜਥੇਬੰਦੀ ਦੱਸਦਾ ਨਹੀਂ ਥਕਦਾ ਉਸ ਲਈ ਸੋਚਣਾ ਬਣਦਾ ਹੈ ਕਿ 40 ਮੁਕਤਿਆਂ ਨੇ ਤਾਂ ਬਹੁਤ ਹੀ ਬਿਖੜੇ ਸਮੇਂ ਅਤੇ ਹਾਲਾਤਾਂ ਵਿੱਚ ਗੁਰੂ ਸਾਹਿਬ ਜੀ ਤੋਂ ਵਿੱਛੜ ਜਾਣ ਦਾ ਧੁਰ ਅੰਦਰੋਂ ਪਸਚਾਤਾਪ ਕੀਤਾ ਅਤੇ ਆਪਣੀ ਸ਼ਹੀਦੀ ਦੇ ਕੇ ਗੁਰੂ ਸਾਹਿਬ ਜੀ ਤੋਂ ਟੁੱਟੀ ਗੰਢਵਾ ਲਈ ਪਰ ਅੱਜ ਦੇ ਸਾਡੇ ਪੰਥਕ ਆਗੂ ਰਾਜ ਭਾਗ ਮਾਣਦੇ ਹੋਏ ਵੀ ਹਰ ਰੋਜ ਸਿੱਖੀ ਸਿਧਾਂਤਾਂ ਦੀ ਉਲੰਘਣਾ ਕਰਨ ਦੇ ਰੂਪ ਵਿੱਚ ਗੁਰੂ ਸਾਹਿਬ ਜੀ ਨੂੰ ਵੇਦਾਵਾ ਲਿਖ ਕੇ ਦੇ ਰਹੇ ਹਨ ਅਤੇ ਅੱਜ ਤੱਕ ਕਦੀ ਆਪਣਾ ਵੇਦਾਵਾ ਪੜਵਾਉਣ ਜਾਂ ਟੁੱਟੀ ਗੰਢਵਾਉਣ ਬਾਰੇ ਕਦੀ ਸੋਚਣ ਦਾ ਸਮਾਂ ਕੱਢਣਾ ਵੀ ਵਾਜ਼ਬ ਨਹੀਂ ਸਮਝਦੇ। ਜਿਹੜੇ ਇਸ ਦੁਖਾਂਤ ਨੂੰ ਸਮਝਦੇ ਹਨ ਉਨ੍ਹਾਂ ਨੂੰ ਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਭੁੱਲੜ ਅਖੌਤੀ ਪੰਥਕ ਆਗੂਆਂ ਨੂੰ ਗੁਰੂ ਜੀ ਸੁਮੱਤ ਬਖ਼ਸ਼ਣ।