ਭਗਤ ਨਾਮਦੇਵ ਜੀ ਦਾ ਜੀਵਨ ਵੇਰਵਾ ਤੇ ਸਿਧਾਂਤ

2
5714

ਭਗਤ ਨਾਮਦੇਵ ਜੀ ਦਾ ਜੀਵਨ ਵੇਰਵਾ ਤੇ ਸਿਧਾਂਤ

ਭਗਤ ਨਾਮਦੇਵ ਜੀ ਦਾ ਜਨਮ ਕ੍ਰਿਸ਼ਨਾ ਨਦੀ ਦੇ ਕੰਢੇ ’ਤੇ ਵਸੇ ਪਿੰਡ ਨਰਸੀ ਬਾਮਨੀ, ਜ਼ਿਲ੍ਹਾ ਸਤਾਰਾ (ਮਹਾਰਾਸਟਰ) ਵਿਖੇ ਪਿਤਾ ਦਾਮਾਸੇਟੀ ਤੇ ਮਾਤਾ ਗੋਨਾ ਬਾਈ ਜੀ ਦੇ ਉਦਰ ਤੋਂ 29 ਅਕਤੂਬਰ 1270 ’ਚ ਹੋਇਆ। ਆਪ ਵਰਣ-ਵੰਡ ਮੁਤਾਬਕ ਛੀਂਬਾ ਜਾਤੀ ਨਾਲ਼ ਸੰਬੰਧਿਤ ਸਨ। ਆਪ ਜੀ ਦੀ ਸ਼ਾਦੀ ਗੋਬਿੰਦਸੇਟੀ ਜੀ ਦੀ ਬੇਟੀ ਬੀਬੀ ਰਾਜਾ ਬਾਈ ਜੀ ਨਾਲ਼ ਹੋਈ, ਜਿਨ੍ਹਾਂ ਦੇ ਉਦਰ ਤੋਂ ਚਾਰ ਪੁੱਤਰ (ਨਾਰਾਇਣ, ਮਹਾਦੇਵ, ਗੋਬਿੰਦ ਤੇ ਵਿੱਠਲ) ਅਤੇ ਇੱਕ ਬੇਟੀ (ਲਿੰਬਾ ਬਾਈ) ਨੇ ਜਨਮ ਲਿਆ।

ਆਰੰਭਕ ਕਾਲ ਵਿੱਚ ਆਪ ਸ਼ਿਵ ਤੇ ਵਿਸਨੁ ਭਗਤ ਮੰਨੇ ਜਾਂਦੇ ਰਹੇ ਪਰ ਆਤਮਗਿਆਨੀ ਵਿਸੋਬਾ ਖੇਚਰ ਤੇ ਗਿਆਨਦੇਵ (ਗਿਆਨੇਸਵਰ) ਜੀ ਦੀ ਸੰਗਤ ਨਾਲ਼ ਆਪ ਜੀ ਇੱਕ ਨਿਰਾਕਾਰ ਰੱਬ ਦੇ ਸੇਵਕ, ਜਾਤ-ਪਾਤ ਦੀ ਨਿਖੇਧੀ ਕਰਨ ਵਾਲ਼ੇ ਤੇ ਧਾਰਮਿਕ ਪੱਖਪਾਤ ਦੀ ਵਿਰੋਧਤਾ ਦੇ ਹਮਾਇਤੀ ਬਣ ਗਏ। ਆਪ ਅਕਾਲ ਪੁਰਖ ਨੂੰ ਕਈ ਨਾਵਾਂ ਨਾਲ਼ ਯਾਦ ਕਰਦੇ ਸਨ ਪਰ ਆਪਣੇ ਸਭ ਤੋਂ ਛੋਟੇ ਤੇ ਪਿਆਰੇ ਪੁੱਤਰ ਦਾ ਨਾਮ ‘ਵਿੱਠਲ’ ਹੋਣ ਕਾਰਨ ਰੱਬ ਦਾ ਨਾਮ ਵੀ ‘ਵਿੱਠਲ’ (ਬੀਠਲ) ਵਧੇਰੇ ਪ੍ਰਚਲਿਤ ਕੀਤਾ। ‘ਵਿੱਠਲ’ਮਰਾਠੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ: ‘ਜੋ ਅਗਿਆਨੀ ਨੂੰ ਸਵੀਕਾਰੇ ਜਾਂ ਮਹਾਂਮੁਰਖਾਂ ਨੂੰ ਗਲ ਨਾਲ਼ ਲਾਏ’। ਆਪ ਜੀ ਦੇ ਵਚਨ ਹਨ ਕਿ ‘ਵਿੱਠਲ’ (ਬੀਠਲ) ਸਰਬ ਵਿਆਪਕ ਹੈ: ‘‘ਈਭੈ ਬੀਠਲੁ, ਊਭੈ ਬੀਠਲੁ; ਬੀਠਲ ਬਿਨੁ ਸੰਸਾਰੁ ਨਹੀ ॥’’ (ਭਗਤ ਨਾਮਦੇਵ/੪੮੫)

ਭਗਤ ਨਾਮਦੇਵ ਜੀ; ਗਿਆਨੇਸਵਰ ਜੀ ਤੋਂ ਉਮਰ ’ਚ 5 ਸਾਲ ਵੱਡੇ ਸਨ, ਇਸ ਲਈ ਕੁਝ ਇਤਿਹਾਸਕਾਰਾਂ ਮੁਤਾਬਕ ਆਪ ਨੇ ਵਿਸੋਬਾ ਖੇਚਰ ਜੀ ਨੂੰ ਆਪਣਾ ਗੁਰੂ ਸਵੀਕਾਰ ਲਿਆ ਸੀ। ਭਗਤ ਨਾਮਦੇਵ ਜੀ ਨੇ ਸੰਤ ਗਿਆਨੇਸਵਰ ਜੀ ਨਾਲ਼ ਮਿਲ਼ ਕੇ ਪੂਰੇ ਮਹਾਰਾਸਟਰ ਦਾ ਭ੍ਰਮਣ ਕੀਤਾ, ਭਗਤੀ-ਗੀਤ ਰਚੇ ਅਤੇ ਜਨਤਾ ਜਨਾਰਦਨ ਨੂੰ ਸਮਤਾ (ਸਮਾਨਤਾ) ਅਤੇ ਇੱਕ ਪ੍ਰਭੂ ਭਗਤੀ ਦਾ ਪਾਠ ਪੜ੍ਹਾਇਆ। ਸੰਨ 1295 ’ਚ ਸੰਤ ਗਿਆਨੇਸਵਰ ਜੀ ਦੇ ਪ੍ਰਲੋਕ ਗਮਨ ਤੋਂ ਬਾਅਦ ਆਪ ਜੀ ਨੇ ਪੂਰੇ ਭਾਰਤ ਦਾ ਭ੍ਰਮਣ ਕੀਤਾ ਤੇ ਮਰਾਠੀ ਭਾਸ਼ਾ ਤੋਂ ਇਲਾਵਾ ਹਿੰਦੀ ਵਿੱਚ ਵੀ ਰਚਨਾਵਾਂ ਲਿਖੀਆਂ। 

ਆਪ ਜੀ ਦਾ ਜ਼ਿਆਦਾਤਰ ਸਮਾਂ (ਲਗਭਗ 60 ਸਾਲ ਦੀ ਉਮਰ ਤੱਕ ਜਾਂ ਸੰਨ 1330 ਤੱਕ) ਮਹਾਰਾਸਟਰ ’ਚ ਮੁੰਬਈ ਨੇੜੇ (ਭੀਮਾ ਨਦੀ ਦੇ ਕਿਨਾਰੇ) ਜ਼ਿਲ੍ਹਾ ਸ਼ੋਲਾਪੁਰ ਦੇ ਪਿੰਡ ਪੰਢਰਪੁਰ (ਪੁੰਡੀਰਪੁਰ) ’ਚ ਬੀਤਿਆ, ਜਿੱਥੇ ਵਿਸਨੁ (ਵਿਠੋਵਾ) ਦਾ ਪ੍ਰਸਿੱਧ ਮੰਦਿਰ ਹੈ।

ਆਪ ਜੀ ਦੇ ਸਮੇਂ ਮਹਾਰਾਸਟਰ ’ਚ ਤਿੰਨ ਤਰ੍ਹਾਂ ਦੀ ਵਿਚਾਰਧਾਰਾ ਪ੍ਰਧਾਨ ਸੀ:

(1). ਨਾਥ ਪੰਥ, ਜੋ ਅਲਖ ਨਿਰੰਜਨ ਦੀ ਸਾਧਨਾ ’ਚ ਯਕੀਨ ਰੱਖਦਾ ਸੀ ਤੇ ਬਾਹਰੀ ਆਡੰਬਰਾਂ ਦਾ ਵਿਰੋਧੀ ਸੀ।

(2). ਮਹਾਨੁਭਾਵ ਪੰਥ, ਜੋ ਵੈਦਿਕ ਕਰਮਕਾਂਡ ਅਤੇ ਬਹੁ ਦੇਵ ਉਪਾਸ਼ਨਾ ਦਾ ਵਿਰੋਧੀ ਸੀ, ਪਰ ਮੂਰਤੀ ਪੂਜਾ ਦਾ ਖੰਡਨ ਨਹੀਂ ਕਰਦਾ ਸੀ।

(3). ਵਿਠੋਬਾ ਪੰਥ, ਜੋ ਪੰਢਰਪੁਰ ਵਿਖੇ ਵਿਸਨੁ ਦੀ ਉਪਾਸ਼ਨਾ ਕਰਦਾ ਸੀ। ਕੁਝ ਇਤਿਹਾਸਕਾਰਾਂ ਮੁਤਾਬਕ ਇਨ੍ਹਾਂ ਵਿਚੋਂ ਹੀ ਭਗਤ ਨਾਮਦੇਵ ਜੀ ਪ੍ਰਮੁੱਖ ਸੰਤ ਰਹੇ ਸਨ। ਆਮ ਜਨਤਾ ਹਰ ਸਾਲ ਗੁਰੂ-ਪੁੰਨਿਆਂ ਅਤੇ ਕੱਤਕ ਦੀ ਇਕਾਦਸੀ ਨੂੰ ਇੱਥੋਂ ਦੀ ਯਾਤਰਾ ਕਰਦੀ ਸੀ, ਜੋ ਅੱਜ ਵੀ ਪ੍ਰਚਲਿਤ ਹੈ। 

ਇਹ ਵੀ ਵਿਚਾਰ ਦਾ ਵਿਸ਼ਾ ਹੈ ਕਿ ਭਗਤ ਨਾਮਦੇਵ ਜੀ ਦੇ ਸਮਕਾਲੀ ਮਹਾਰਾਸਟਰ ਵਿੱਚ ਨਾਮਦੇਵ ਨਾਮਕ 5 ਸੰਤ ਹੋਏ ਹਨ ਤੇ ਇਨ੍ਹਾਂ ਸਭ ਨੇ ਹੀ ਥੋੜ੍ਹੀ ਬਹੁਤ ਅਭੰਗ (ਛੰਦ) ਅਤੇ ਪਦ-ਰਚਨਾ ਕੀਤੀ ਮਿਲਦੀ ਹੈ। ਮਹਾਰਾਸਟਰ ਦੀ ਸੰਤ ਗਾਥਾ ਵਿੱਚ ਨਾਮਦੇਵ ਦੇ ਨਾਮ ਉੱਤੇ 2500 ਅਭੰਗ (ਛੰਦ) ਲਿਖੇ ਗਏ, ਜਿਨ੍ਹਾਂ ਵਿੱਚੋਂ ਲਗਭਗ 600 ਅਭੰਗਾਂ ਵਿੱਚ ਕੇਵਲ ਨਾਮਦੇਵ ਜਾਂ ਨਾਮਾ ਸ਼ਬਦ ਦੀ ਛਾਪ ਹੈ ਤੇ ਬਾਕੀ ਵਿੱਚ ‘ਵਿਸਨੁਦਾਸਨਾਮਾ’ ਦੀ ਛਾਪ। ਸ਼ਾਇਦ ਭਗਤ ਨਾਮਦੇਵ ਜੀ ਨੂੰ ਇੱਕ ਸਰਬ ਵਿਆਪਕ ‘ਵਿੱਠਲ’ਦੇ ਉਪਾਸ਼ਕ ਅਪ੍ਰਵਾਨ ਕਰਦਿਆਂ ‘ਵਿਸਨੁ ਦਾ ਦਾਸ’ (ਪੱਥਰ ਪੂਜਕ) ਸਾਬਤ ਕਰਨ ਲਈ ‘ਵਿਸਨੁਦਾਸਨਾਮਾ’ ਛਾਪ ਹੇਠਾਂ ਰਚਨਾ ਲਿਖਣ ਪਿੱਛੇ ਵੈਦਿਕ ਪ੍ਰੇਮੀਆਂ ਦਾ ਸੁਆਰਥ ਹੋਵੇ; ਜਿਵੇਂ ਕਿ ‘ਨਾਨਕ’ ਛਾਪ ਅਧੀਨ ਵੀ ‘ਗੁਰੂ ਗ੍ਰੰਥ ਸਾਹਿਬ’ ਜੀ ਤੋਂ ਬਾਹਰ ਕਈ ਸ਼ਬਦ ਲਿਖੇ ਮਿਲਦੇ ਹਨ। 

ਭਗਤ ਨਾਮਦੇਵ ਜੀ ਨੇ ਆਪਣੇ ਸੰਸਾਰਕ ਸਫ਼ਰ ਦੇ ਆਖ਼ਰੀ 18 ਸਾਲ ਪੰਜਾਬ ਦੇ ਪਿੰਡ ਘੁੰਮਾਣ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਤੀਤ ਕੀਤੇ, ਜਿੱਥੇ ਉਨ੍ਹਾਂ ਨੇ 80 ਸਾਲ ਉਮਰ ਭੋਗਦਿਆਂ 2 ਮਾਘ ਸੰਮਤ 1406 (ਸੰਨ 1350 ਈਸਵੀ) ਨੂੰ ਅੰਤਿਮ ਸੁਆਸ ਲਿਆ।

ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਆਪ ਜੀ ਦੀ ਯਾਦ ਨੂੰ ਸਦੀਵੀ ਤਾਜ਼ਾ ਰੱਖਣ ਲਈ ਇਸ ਇਤਿਹਾਸਿਕ ਜਗ੍ਹਾ ਨੂੰ ਮੁੜ ਸੁਰਜੀਤ ਕੀਤਾ ਜਿੱਥੇ ਹੁਣ ‘ਤਪਿਆਣਾ ਸਾਹਿਬ’ ਸੁਸ਼ੋਭਿਤ ਹੈ ਤੇ ਹਰ ਸਾਲ 2 ਮਾਘ ਨੂੰ ਭਾਰੀ ਮੇਲਾ ਲੱਗਦਾ ਹੈ।

ਆਪ ਜੀ ਦੀ ਬਾਣੀ ਨੂੰ ਗੁਰਮਤਿ ਅਨੁਕੂਲ ਪ੍ਰਵਾਨ ਕਰਦਿਆਂ ਗੁਰੂ ਅਰਜਨ ਸਾਹਿਬ ਜੀ ਨੇ ਸੰਨ 1604 ਈਸਵੀ ’ਚ ‘ਗੁਰੂ ਗ੍ਰੰਥ ਸਾਹਿਬ’ ਜੀ ਵਿੱਚ ਦਰਜ ਕੀਤਾ, ਜੋ 18 ਰਾਗਾਂ ’ਚ ਕੁੱਲ 61 ਸ਼ਬਦ ਹਨ।

ਭਗਤ ਨਾਮਦੇਵ ਜੀ ਦੀ ਵਿਚਾਰਧਾਰ ਨਾਲ਼ ਵੈਦਿਕ (ਪੰਡਿਤ) ਸੋਚ ਸਹਿਮਤ ਨਹੀਂ ਸੀ ਤੇ ਆਪਣੀ ਮੁੱਢ ਕਦੀਮਾਂ ਤੋਂ ਚੱਲੀ ਆ ਰਹੀ ਕੂਟਨੀਤੀ ਮੁਤਾਬਕ ਇਨ੍ਹਾਂ ਨੂੰ ਦੇਵ ਪੂਜਕ ਤੇ ਮੂਰਤੀ ਉਪਾਸ਼ਕ ਸਿੱਧ ਕਰਨ ਲਈ ਕਈ ਕੋਝੇ ਯਤਨ ਕੀਤੇ ਗਏ, ਜਿਸ ਕਾਰਨ ਅੱਜ ਕਈ ਸਿੱਖ ਵੀ ਇਨ੍ਹਾਂ ਬਾਰੇ ਤਰ੍ਹਾਂ-ਤਰ੍ਹਾਂ ਦੀ ਵਿਚਾਰ ਰੱਖਦੇ ਸੁਣੇ ਜਾ ਸਕਦੇ ਹਨ। ਜਿਨ੍ਹਾਂ ਵਿੱਚੋਂ ਕੁਝ ਕੁ ਸਵਾਲ ਇਸ ਪ੍ਰਕਾਰ ਹਨ:

ਪ੍ਰਸ਼ਨ-1. ਹਿੰਦੀ ਤੇ ਮਰਾਠੀ ਸਾਹਿਤ ਵਿੱਚ ਕ੍ਰਿਸ਼ਨ (ਵਿਸਨੁ) ਮੂਰਤੀ ਨੂੰ ‘ਬੀਠਲ’ ਕਿਹਾ ਜਾਂਦਾ ਹੈ। ਨਾਮਦੇਵ ਜੀ ਨੇ ਆਪਣੀ ਬਾਣੀ ’ਚ ‘ਬੀਠਲ’ ਸ਼ਬਦ 18 ਵਾਰ ਵਰਤਿਆ ਹੈ। ਕੀ ਇਹ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਕਿ ਨਾਮਦੇਵ ਜੀ ਕ੍ਰਿਸ਼ਨ ਉਪਾਸ਼ਕ ਸਨ ?

ਉੱਤਰ- ‘ਬੀਠਲ’ ਸ਼ਬਦ ਗੁਰੂ ਅਰਜਨ ਦੇਵ ਜੀ ਨੇ 7 ਵਾਰ, ਕਬੀਰ ਜੀ ਨੇ ਇੱਕ ਵਾਰ ਅਤੇ ਭਗਤ ਤ੍ਰਿਲੋਚਨ ਜੀ ਨੇ ਵੀ ਇੱਕ ਵਾਰ ਵਰਤਿਆ ਹੈ। ਕੀ ਇਹ ਸਭ ਵੀ ਕ੍ਰਿਸ਼ਨ ਉਪਾਸ਼ਕ ਹਨ ? ‘ਬੀਠਲ’ ਦਾ ਅਰਥ ‘ਕ੍ਰਿਸ਼ਨ’ ’ਤੋਂ ਇਲਾਵਾ ‘ਮਾਇਆ ਰਹਿਤ, ਨਿਰਲੇਪ ਪ੍ਰਭੂ’ ਵੀ ਹੈ, ਜੋ ‘ਸਰਬ ਵਿਆਪਕ’: ‘‘ਈਭੈ ਬੀਠਲੁ, ਊਭੈ ਬੀਠਲੁ, ਬੀਠਲ ਬਿਨੁ, ਸੰਸਾਰੁ ਨਹੀ॥ (ਭਗਤ ਨਾਮਦੇਵ/੪੮੫), ਜਤ੍ਰ ਜਾਉ ਤਤ ਬੀਠਲੁ ਭੈਲਾ॥ ਮਹਾ ਅਨੰਦ ਕਰੇ ਸਦ ਕੇਲਾ॥’’ (ਭਗਤ ਨਾਮਦੇਵ/੪੮੫) ਵਚਨ ਹੋਣ ਦੇ ਬਾਵਜੂਦ ਵੀ ਪਾਣੀ ’ਚ ਚਿਹਰਾ ਵੇਖਣ ਵਾਙ ਨਿਰਮਲ ਹੈ: ‘‘ਪਾਨੀ ਮਾਹਿ ਦੇਖੁ ਮੁਖੁ ਜੈਸਾ॥ ਨਾਮੇ ਕੋ ਸੁਆਮੀ ਬੀਠਲੁ ਐਸਾ॥’’ (ਭਗਤ ਨਾਮਦੇਵ/੧੩੧੮)

‘ਬੀਠਲ’ ਨੂੰ ਆਕਾਰ (ਪੱਥਰ, ਕ੍ਰਿਸ਼ਨ) ਰੂਪ ’ਚ ਪੂਜਣ ਵਾਲ਼ਿਆਂ ਉੱਪਰ ਵਿਅੰਗ ਕੱਸਦੇ ਹੋਏ ਭਗਤ ਜੀ ਉਨ੍ਹਾਂ ਨੂੰ ਮੂਰਖ ਸੰਗਿਆ ਦੇਂਦੇ ਹਨ: ‘‘ਆਜੁ ਨਾਮੇ ਬੀਠਲੁ ਦੇਖਿਆ, ਮੂਰਖ ਕੋ ਸਮਝਾਊ ਰੇ॥’’ (ਭਗਤ ਨਾਮਦੇਵ/੮੭੪)

ਪ੍ਰਸਨ-2. ਕੀ ਭਗਤ ਜੀ ਨੇ ਰੱਬ ਨੂੰ ਪੱਥਰ (ਮੂਰਤੀ) ’ਚੋਂ ਨਹੀਂ ਪਾਇਆ ? 

ਉੱਤਰ- ਭਗਤ ਨਾਮਦੇਵ ਜੀ ਆਪ ਹੀ ਪੱਥਰ ਪ੍ਰਤੀ ਇਉਂ ਵਚਨ ਬੋਲ ਰਹੇ ਹਨ: ‘‘ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ, ਤ ਓਹੁ ਭੀ ਦੇਵਾ॥ ਕਹਿ ਨਾਮਦੇਉ, ਹਮ ਹਰਿ ਕੀ ਸੇਵਾ॥ (ਭਗਤ ਨਾਮਦੇਵ/੫੨੫) ਭਾਵ ਲੋਕ ਇੱਕ ਪੱਥਰ (ਫ਼ਰਸ਼) ’ਤੇ ਪੈਰ ਰੱਖਦੇ ਹਨ ਅਤੇ ਦੂਸਰੇ ਪੱਥਰ (ਮੂਰਤੀ) ਨੂੰ ਪੂਜਦੇ ਹਨ। ਅਗਰ ‘ਪੱਥਰ’ ਭਾਵ ਮੂਰਤੀ ਰੱਬ ਹੈ ਤਾਂ ‘ਫ਼ਰਸ਼ ਵਾਲ਼ਾ ਪੱਥਰ’ ਰੱਬ ਕਿਉਂ ਨਹੀਂ ? ਇਸ ਲਈ ਪੱਥਰ ਸਤਿਕਾਰਮਈ ((ਪੂਜਣਯੋਗ) ਹੈ ਜਾਂ ਨਿਰਾਦਰਮਈ (ਪੈਰ ਰੱਖਣ ਕਾਰਨ) ਇਹ ਭਰਮ ਮਿਟਾ ਕੇ ਮੈਂ ਤਾਂ ਕੇਵਲ ਹਰੀ ਦੀ ਬੰਦਗੀ ਕਰਦਾ ਹਾਂ।

ਭਗਤ ਨਾਮਦੇਵ ਜੀ ਨੇ ਹਰੀ ਦੀ ਬੰਦਗੀ ਪੱਥਰ ਪੂਜ ਬ੍ਰਾਹਮਣ ਦੀ ਸਿੱਖਿਆ ਲੈ ਕੇ ਨਹੀਂ ਕੀਤੀ ਬਲਕਿ ਹਰੀ ਦੇ ਅਸਲ ਸੇਵਕ (ਗੁਰੂ) ਦੀ ਰਾਹੀਂ ਕੀਤੀ ਹੈ: ‘‘ਬਿਨੁ ਗੁਰਦੇਉ, ਅਵਰ ਨਹੀ ਜਾਈ॥ ਨਾਮਦੇਉ ਗੁਰ ਕੀ ਸਰਣਾਈ॥’’ (ਭਗਤ ਨਾਮਦੇਵ/੧੧੬੭)ਭਗਤ ਕਬੀਰ ਜੀ; ਭਗਤ ਨਾਮਦੇਵ ਜੀ ਦੇ ਸਮਕਾਲੀ ਰਹੇ ਹਨ, ਜਿਨ੍ਹਾਂ ਦੇ ਮੂਰਤੀ ਪੂਜਾ ਬਾਰੇ ਵਚਨ ਹਨ: ‘‘ਕਬੀਰ ! ਪਾਹਨੁ ਪਰਮੇਸੁਰੁ ਕੀਆ, ਪੂਜੈ ਸਭੁ ਸੰਸਾਰੁ॥ ਇਸ ਭਰਵਾਸੇ ਜੋ ਰਹੇ, ਬੂਡੇ ਕਾਲੀ ਧਾਰ॥’’ (ਭਗਤ ਕਬੀਰ/੧੩੭੧)

ਪ੍ਰਸ਼ਨ-3. ਕੀ ਭਗਤ ਨਾਮਦੇਵ ਜੀ ਦਾ ‘ਗੁਰਦੇਉ’ ਦੇਵਤਾ ਨਹੀਂ ਕਿਉਂਕਿ ਨਾਮਦੇਵ ਜੀ ਕਹਿ ਰਹੇ ਹਨ ‘‘ਦੇਵਾ ! ਪਾਹਨ ਤਾਰੀਅਲੇ॥ (ਭਗਤ ਨਾਮਦੇਵ/੩੪੫) ਜਿਸ ਨੂੰ ਭਗਤ ਜੀ ਨੇ ਦੁੱਧ ਪਿਲਾਉਂਦਿਆਂ ਕਿਹਾ ‘‘ਦੂਧੁ ਪੀਉ, ਗੋਬਿੰਦੇ ਰਾਇ॥ ਦੂਧੁ ਪੀਉ, ਮੇਰੋ ਮਨੁ ਪਤੀਆਇ॥’’ ?

ਉੱਤਰ-ਭਗਤ ਜੀ ਦਾ ਜਨਮ ਪਿੰਡ ਨਰਸੀ ਬਾਮਨੀ (ਹਿੰਗੋਲੀ) ਮਹਾਰਾਸਟਰ ’ਚ ਹੋਇਆ ਸੀ, ਜਿਨ੍ਹਾਂ ਦੇ ਚਾਰ ਪੁੱਤਰਾਂ ’ਚੋਂ ਸਭ ਤੋਂ ਛੋਟੇ ਦਾ ਨਾਂ ‘ਵਿੱਠਲ’ ਸੀ। ਨਾਮਦੇਵ ਜੀ ਜਾਤ ਦੇ ਛੀਂਬੇ ਅਤੇ ਪੇਂਡੂ ਸਭਿਆਚਾਰ ’ਚ ਵੱਡੇ ਹੋਏ ਸਨ, ਜਿਸ ਕਾਰਨ ਪ੍ਰਭੂ ਜੀ ਦੀ ਬੰਦਗੀ ਦੌਰਾਨ ਵੀ ਪੇਂਡੂ ਸ਼ਬਦਾਵਲੀ ਦਾ ਪ੍ਰਭਾਵ ਵੇਖਣ ਨੂੰ ਮਿਲਦਾ ਹੈ।

ਭਗਤ ਜੀ ਦਾ ਹਿੰਦੂ ਦੇਵਤਿਆਂ ਪ੍ਰਤੀ ਇਉਂ ਨਜ਼ਰੀਆ ਹੈ ਕਿ ਹੇ ਪੰਡਿਤ ਜੀ ! ਤੇਰੀ ਗਾਇਤ੍ਰੀ ਮੰਤ੍ਰ ਵਾਲੀ ਗਾਂ, ਜੋ ਜੱਟ ਦੇ ਖੇਤ ਦੀ ਫਸਲ ਦਾ ਨੁਕਸਾਨ ਕਰਨ ਕਾਰਨ ਜ਼ਿਮੀਦਾਰ ਦੀ ਮਾਰ ਨਾਲ਼ ਲੰਗੜੀ ਹੋ ਗਈ ਸੀ, ਬੈਲ ’ਤੇ ਚੜ੍ਹ ਕੇ ਆਇਆ ਸ਼ਿਵ ਜੀ ਦਾਨੀ ਜਜਮਾਨ ਦਾ ਲੜਕਾ ਮਾਰ ਗਿਆ, ਰਾਮਚੰਦ੍ਰ ਜੀ ਦੀ ਪਤਨੀ ਹੀ ਰਾਵਨ ਚੁੱਕ ਕੇ ਲੈ ਗਿਆ ਭਾਵ ਆਪ ਹੀ ਗ੍ਰਹਿਸਤੀ ’ਚ ਸੁਖੀ ਨਹੀਂ ਰਹੇ ਭਗਤਾਂ ਨੂੰ ਕਿਵੇਂ ਸ਼ਾਂਤੀ ਦੇਣਗੇ ? : ‘‘ਪਾਂਡੇ ! ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ॥ ਲੈ ਕਰਿ ਠੇਗਾ ਟਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ॥ ਪਾਂਡੇ ! ਤੁਮਰਾ ਮਹਾਦੇਉ, ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ॥ ਮੋਦੀ ਕੇ ਘਰ ਖਾਣਾ ਪਾਕਾ, ਵਾ ਕਾ ਲੜਕਾ ਮਾਰਿਆ ਥਾ॥ ਪਾਂਡੇ ! ਤੁਮਰਾ ਰਾਮਚੰਦੁ, ਸੋ ਭੀ ਆਵਤੁ ਦੇਖਿਆ ਥਾ॥ ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਇ ਗਵਾਈ ਥੀ॥’’ (ਭਗਤ ਨਾਮਦੇਵ/੮੭੫)

ਜਿੱਥੋਂ ਤੱਕ ਮੂਰਤੀ ਨੂੰ ਦੁੱਧ ਪਿਲਾਉਣ ਦਾ ਜ਼ਿਕਰ ਹੈ। ਉਹ ਪੂਰਾ ਸ਼ਬਦ ਇਉਂ ਹੈ: ‘‘ਦੂਧੁ ਪੀਉ, ਗੋਬਿੰਦੇ ਰਾਇ॥ ਦੂਧੁ ਪੀਉ, ਮੇਰੋ ਮਨੁ ਪਤੀਆਇ॥ ਨਾਹੀ ਤ ਘਰ ਕੋ ਬਾਪੁ ਰਿਸਾਇ ॥੧॥ ਰਹਾਉ ॥ ਸੁੋਇਨ ਕਟੋਰੀ, ਅੰਮ੍ਰਿਤ ਭਰੀ॥ ਲੈ ਨਾਮੈ, ਹਰਿ ਆਗੈ ਧਰੀ ॥੨॥ ਏਕੁ ਭਗਤੁ ਮੇਰੇ ਹਿਰਦੇ ਬਸੈ॥ ਨਾਮੇ ਦੇਖਿ ਨਰਾਇਨੁ ਹਸੈ ॥੩॥ ਦੂਧੁ ਪੀਆਇ, ਭਗਤੁ ਘਰਿ ਗਇਆ ॥ ਨਾਮੇ ਹਰਿ ਕਾ ਦਰਸਨੁ ਭਇਆ ॥’’ (ਭਗਤ ਨਾਮਦੇਵ/੧੧੬੪) ਭਾਵ ਹੇ ਮੇਰੇ ਗੋਵਿੰਦ ਮਾਲਕ ! ਮੇਰਾ ਦੂਧ ਪੀ ਲਵੋ। (ਪਰ ਕਿਹੜਾ ਦੂਧ ? ਗੁਰੂ ਨਾਨਕ ਦੇਵ ਜੀ ਵੀ ਇੱਕ ਪੇਂਡੂ ਸਭਿਆਚਾਰ ਦੀ ਉਦਾਹਰਨ ਇਉਂ ਦੇ ਰਹੇ ਹਨ ‘‘ਜਤੁ ਸਤੁ ਚਾਵਲ, ਦਇਆ ਕਣਕ ਕਰਿ, ਪ੍ਰਾਪਤਿ ਪਾਤੀ ਧਾਨੁ॥ ਦੂਧੁ ਕਰਮੁ, ਸੰਤੋਖੁ ਘੀਉ ਕਰਿ, ਐਸਾ ਮਾਂਗਉ ਦਾਨੁ॥’’ (ਮ: ੧/੧੩੨੯) ਭਾਵ ਉੱਚਾ ਆਚਰਨ ਅਤੇ ਦਾਨ (ਪਰਉਪਕਾਰ) ਭਾਵਨਾ ਚਾਵਲ ਵਾਙ ਹੈ, ਦਇਆ ਕਣਕ ਵਾਙ ਹੈ, ਪ੍ਰਭੂ ਪ੍ਰਾਪਤੀ ਧਨ ਦੌਲਤ, ਦੂਧ (ਸ਼ੁਭ ਕਰਮ) ਰੱਬੀ ਬਖ਼ਸ਼ਸ਼, ਸੰਤੋਖ ਘਿਉ ਹੈ, ਜੋ ਮੈਂ ਦਾਨ ਮੰਗਦਾ ਹਾਂ। 

(ਨੋਟ: ਚਾਵਲ, ਕਣਕ ਅਤੇ ਧਨ ਪਰਉਪਕਾਰੀ ਸੰਕੇਤ ਮਾਤਰ ਹਨ ਜਦਕਿ ਸ਼ੁਭ ਕਰਮ ਰੂਪ ਦੁੱਧ ’ਚੋਂ ਹੀ ਸੰਤੋਖ ਰੂਪ ਮੱਖਣ ਨਿਕਲਦਾ ਹੈ।)

ਸੋ, ‘ਦੂਧ ਪਿਉ’ ਦਾ ਭਾਵ ਸ਼ੁੱਭ ਕਰਮ ਪ੍ਰਵਾਨ ਕਰ ਤਾਂ ਜੋ ਮੇਰੇ ਮਨ ਨੂੰ ਤਸੱਲੀ ਹੋ ਜਾਵੇ ਨਹੀਂ ਤਾਂ ਘਰ (ਅੰਦਰੂਨੀ) ਬਾਪ ਭਾਵ ਸੰਤੋਖ, ਸਬਰ ਨਹੀਂ ਰਹੇਗਾ। ‘ਸੁੋਇਨ ਕਟੋਰੀ’ ਭਾਵ ਸ਼ੁੱਧ ਹਿਰਦਾ ਪ੍ਰਭੂ ਸਿਫ਼ਤ ਨਾਲ ਭਰਪੂਰ ਹਰੀ ਅੱਗੇ ਰੱਖਿਆ। ਜਦ ਰੱਬ ਨੇ ਕਿਹਾ ਕਿ ਅਜਿਹਾ ਭਗਤ ਹੀ ਮੈਨੂੰ ਪ੍ਰਵਾਨ ਹੈ ਤਾਂ ਸ਼ੁੱਭ ਆਚਰਨ ਪ੍ਰਵਾਨ ਕਰਵਾ ਕੇ ਨਾਮਦੇਵ ਭਗਤ ਸੰਤੋਖ ’ਚ ਆ ਗਿਆ ਭਾਵ ਹਰੀ ਦੀ ਮੌਜੂਦਗੀ ਨੂੰ ਅਨੁਭਵ ਕਰਨ ’ਚ ਸਫਲ ਰਿਹਾ।

ਸੰਸਾਰਕ ਵਸਤੂਆਂ; ਜਿਵੇਂ ਕਿ ਮੱਝ ਜਾਂ ਗਾਂ ਦੇ ਦੁੱਧ ਰਾਹੀਂ ਭਗਤੀ ਕਰਨ ਬਾਰੇ ਨਾਮਦੇਵ ਜੀ ਇਉਂ ਵਚਨ ਕਰਦੇ ਹਨ: ‘‘ਆਨੀਲੇ ਦੂਧੁ ਰੀਧਾਈਲੇ ਖੀਰੰ, ਠਾਕੁਰ ਕਉ ਨੈਵੇਦੁ ਕਰਉ ॥ ਪਹਿਲੇ ਦੂਧੁ ਬਿਟਾਰਿਓ ਬਛਰੈ, ਬੀਠਲੁ ਭੈਲਾ ਕਾਇ ਕਰਉ  ? ॥ (ਭਗਤ ਨਾਮਦੇਵ/੪੮੫) ਭਾਵ ਜਿਸ ਦੁੱਧ ਦੀ ਖੀਰ ਬਣਾ ਕੇ ਮੈਂ ਠਾਕੁਰ ਨੂੰ ਭੇਟਾ ਕਰਨੀ ਹੈ ਉਹ ਤਾਂ ਪਹਿਲਾਂ ਹੀ ਬੱਛਰੇ ਨੇ ਚੁੰਗਦਿਆਂ ਜੂਠਾ ਕਰ ਦਿੱਤਾ ਹੈ। ਅਪਵਿੱਤਰ ਦੁੱਧ ਨਾਲ ਬੀਠਲ ਨੂੰ ਪ੍ਰਸੰਨ ਕਿਵੇਂ ਕਰਾਂ ਭਾਵ ਨਹੀਂ ਕੀਤਾ ਜਾ ਸਕਦਾ। ਇਸ ਲਈ ਅਜਿਹੀ ਭਾਵਨਾ ਵਿਅਕਤ ਕਰਨ ਵਾਲ਼ੇ ਭਗਤ ਨਾਮਦੇਵ ਜੀ ਅਪਵਿੱਤਰ ਦੁੱਧ; ਬੀਠਲ ਨੂੰ ਕਿਵੇਂ ਭੇਟਾ ਕਰ ਸਕਦੇ ਹਨ ?

ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਭਗਤਾਂ ਦੀ ਰੱਬੀ ਭਗਤੀ ਬਾਰੇ ਗੁਰੂ ਅਮਰਦਾਸ ਜੀ ਇਉਂ ਬਿਆਨ ਕਰ ਰਹੇ ਹਨ: ‘‘ਨਾਮਾ ਛੀਬਾ, ਕਬੀਰੁ ਜੁੋਲਾਹਾ, ਪੂਰੇ ਗੁਰ ਤੇ ਗਤਿ ਪਾਈ॥’’ (ਮ:੩/੬੭) ਭਾਵ ਨਾਮਦੇਵ ਜੀ, ਕਬੀਰ ਜੀ ਨੇ ਅਭੁੱਲ ਗੁਰੂ ਦੀ ਸਿਖਿਆ ਰਾਹੀ ਉੱਚੀ ਅਵਸਥਾ ਪ੍ਰਾਪਤ ਕੀਤੀ, ਨਾ ਕਿ ਪੱਥਰ (ਮੂਰਤੀ) ਪੂਜ ਕੇ। ਗੁਰੂ ਰਾਮਦਾਸ ਜੀ ਇਉਂ ਬਿਆਨ ਕਰ ਰਹੇ ਹਨ: ‘‘ਨਾਮਾ, ਜੈਦੇਉ, ਕੰਬੀਰੁ, ਤ੍ਰਿਲੋਚਨੁ, ਅਉਜਾਤਿ ਰਵਿਦਾਸੁ ਚਮਿਆਰੁ ਚਮਈਆ ॥ ਜੋ ਜੋ ਮਿਲੈ ਸਾਧੂ ਜਨ ਸੰਗਤਿ, ਧਨੁ ਧੰਨਾ ਜਟੁ, ਸੈਣੁ, ਮਿਲਿਆ ਹਰਿ ਦਈਆ ॥ (ਮ: ੪/੮੩੫) ਅਤੇ ‘‘ਨਾਮਾ, ਜੈਦੇਉ, ਕਬੀਰੁ, ਤ੍ਰਿਲੋਚਨੁ, ਸਭਿ ਦੋਖ ਗਏ ਚਮਰੇ॥ ਗੁਰਮੁਖਿ ਨਾਮਿ ਲਗੇ, ਸੇ ਉਧਰੇ, ਸਭਿ ਕਿਲਬਿਖ ਪਾਪ ਟਰੇ॥’’ (ਮ: ੪/੯੯੫) ਭਾਵ ਨਾਮਦੇਵ, ਜੈ ਦੇਵ, ਤ੍ਰਿਲੋਚਨ, ਰਵਿਦਾਸ, ਧੰਨਾ, ਸੈਣ ਜੀ ਆਦਿ ਭਗਤਾਂ ਨੇ ਗੁਰੂ ਦੀ ਕ੍ਰਿਪਾ ਨਾਲ ਰੱਬੀ ਨਾਮ ’ਚ ਜੁੜ ਕੇ ਸ਼ੁੱਭ ਗੁਣ ਪ੍ਰਾਪਤ ਕੀਤੇ ਅਤੇ ਪਾਪਾਂ ਦਾ ਨਾਸ ਕੀਤਾ। ਗੁਰੂ ਅਰਜਨ ਦੇਵ ਜੀ ਇਉਂ ਬਿਆਨ ਕਰ ਰਹੇ ਹਨ: ‘‘ਗੋਬਿੰਦ ਗੋਬਿੰਦ ਗੋਬਿੰਦ ਸੰਗਿ, ਨਾਮਦੇਉ ਮਨੁ ਲੀਣਾ ॥ ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ॥’’ (ਮ: ੫/੪੮੮) ਭਾਵ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਮਾਲਕ ਦੇ ਚਰਨਾਂ ’ਚ ਭਗਤ ਨਾਮਦੇਵ ਜੀ ਦਾ ਮਨ ਜੁੜ ਗਿਆ ਜਿਸ ਕਾਰਨ ਗੁਣ ਹੀਣ ਛੀਂਬਾ ਗੁਣਾਂ ਭਰਪੂਰ ਬਣ ਗਿਆ, ਨਾ ਕਿ ਪੱਥਰ ਦੀ ਮੂਰਤੀ ਨੂੰ ਦੁੱਧ ਪਿਲਾ ਕੇ ਨਿਰਮਲ ਅਵਸਥਾ ਪ੍ਰਾਪਤ ਕੀਤੀ। ਭਗਤ ਨਾਮਦੇਵ ਜੀ ਨੇ ਭਗਤੀ ਕਿਵੇਂ ਕੀਤੀ ? ਆਪ ਹੀ ਬਿਆਨ ਕਰ ਰਹੇ ਹਨ: ‘‘ਭਨਤਿ ਨਾਮਦੇਉ, ਇਕੁ ਨਾਮੁ ਨਿਸਤਾਰੈ॥ ਜਿਹ ਗੁਰੁ ਮਿਲੈ, ਤਿਹ ਪਾਰਿ ਉਤਾਰੈ॥’’ (ਭਗਤ ਨਾਮਦੇਵ/੧੧੬੪) ਅਤੇ ‘‘ਸਤਿਗੁਰੁ ਮਿਲੈ, ਤ ਸਹਸਾ ਜਾਈ॥ ਕਿਸੁ ਹਉ ਪੂਜਉ, ਦੂਜਾ ਨਦਰਿ ਨ ਆਈ॥’’ (ਭਗਤ ਨਾਮਦੇਵ/੫੨੫) ਭਾਵ ਇੱਕ ਪ੍ਰਭੂ ਨਾਮ ਹੀ ਨਿਰਮਲ ਕਰ ਸਕਦਾ ਹੈ, ਜੋ ਗੁਰੂ ਦੀ ਰਾਹੀਂ ਦੁਨੀਆਵੀ ਵਿਕਾਰਾਂ ’ਤੋਂ ਪਾਰ ਲੰਘਾਉਂਦਾ ਹੈ, ਡਰ ਮੁਕਤ ਕਰਦਾ ਹੈ। ਗੁਰੂ ਜੀ ਰਾਹੀਂ ਨਿਰਾਕਾਰ ਦੀ ਪੂਜਾ ’ਤੋਂ ਬਿਨਾਂ ਕਿਸ ਦੀ ਬੰਦਗੀ ਕਰਾਂ  ? ਕੋਈ ਸਰਬ ਸ਼ਕਤੀਮਾਨ ਨਜ਼ਰ ਨਹੀਂ ਆਉਂਦਾ। 

ਪ੍ਰਸ਼ਨ-4. ਕੀ ਭਗਤ ਨਾਮਦੇਵ ਜੀ ਨੇ ਗੁਰਮਤ ਮਾਰਗ ਅਖ਼ਤਿਆਰ ਕਰਨ ਤੋਂ ਪਹਿਲਾਂ ਕਿਸੇ ਦੇਵ ਜਾਂ ਪੱਥਰ ਦੀ ਪੂਜਾ ਕੀਤੀ ਸੀ ?

ਉੱਤਰ: ਇਸ ਸਵਾਲ ’ਚ ਵੀ ਕੋਈ ਸਚਾਈ ਨਹੀਂ ਜਾਪਦੀ ਕਿਉਂਕਿ ਉੱਚੀ ਪਦਵੀ ਹਾਸਲ ਕਰਨ ਉਪਰੰਤ ਕੋਈ ਨੀਵੇਂਪਣ ਦੀ ਮਿਸਾਲ ਆਪਣੀ ਰਚਨਾ ਰਾਹੀਂ ਕਿਉਂ ਦੇਵੇਗਾ, ਜੋ ਸਦੀਵੀ ਰਹਿਣ ਵਾਲ਼ਾ ਦਸਤਾਵੇਜ਼ ਹੁੰਦਾ ਹੈ ?

ਗੁਰੂ ਅੰਗਦ ਸਾਹਿਬ ਜੀ 28 ਸਾਲ ਦੀ ਉਮਰ ਤੱਕ (ਭਾਵ ਸੰਨ 1532 ਤੱਕ) ਵੈਸਨਵ ਦੇਵੀ (ਦੁਰਗਾ, ਜਵਾਲਾਮੁਖੀ) ਜੰਮੂ ਦੀ ਯਾਤਰਾ ਕਰਨ ਹਰ ਸਾਲ ਜਾਂਦੇ ਰਹੇ ਪਰ ਜਦ ਗੁਰੂ ਨਾਨਕ ਸਾਹਿਬ ਦੀ ਸ਼ਰਨ ’ਚ ਆਏ ਤਾਂ ਆਪਣੇ ਦੁਆਰਾ ਰਚੇ 63 ਸ਼ਬਦਾਂ ’ਚ ਕਿਤੇ ਵੀ ਦੁਰਗਾ ਜਾਂ ਮੂਰਤੀ ਦਾ ਹਵਾਲਾ ਨਹੀਂ ਦਿੱਤਾ ਗਿਆ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਵੀ ਹਰ ਸਾਲ ਤੀਰਥ ਯਾਤਰਾ ਲਈ ਜਾਂਦੇ ਰਹੇ ਹਨ, ਪਰ ਆਪਣੀ ਬਾਣੀ ’ਚ ਕਿਤੇ ਵੀ ਉਨ੍ਹਾਂ ਇਸ ਦਾ ਜ਼ਿਕਰ ਨਹੀਂ ਕੀਤਾ ਫਿਰ ਭਗਤ ਨਾਮਦੇਵ ਜੀ ਨੂੰ ਕੀ ਜ਼ਰੂਰ ਪੈ ਗਈ ਸੀ ਕਿ ਉਹ ਸਰਬੋਤਮ ਦਰਜੇ ਦੇ ਮਾਲਕ ਹੁੰਦਿਆਂ ਹੋਇਆਂ ਆਪਣੇ ਵਚਨਾਂ ’ਚ ਪੱਥਰ ਮੂਰਤੀ ਵਰਗੇ ਕਰਮਕਾਂਡ ਦੀ ਟੇਕ ਲੈਂਦੇ ?, ਜਿਸ ਲਈ ਉਨ੍ਹਾਂ ‘‘ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥’’ ਸ਼ਬਦ ਵੀ ਉਚਾਰਨ ਕੀਤੇ ਹਨ।

ਦਰਅਸਲ, ਭਗਤਾਂ ਵਲੋਂ ਰੱਬ, ਬੀਠਲ, ਗੋਵਿੰਦ, ਨਾਰਾਇਣ, ਰਾਮ, ਨਰਹਰਿ, ਮੁਰਾਰੀ, ਹਰੀ ਆਦਿ ਸਭ ਨਾਮ ਇੱਕ ਨਿਰਾਕਾਰ ਸਰਬ ਵਿਆਪਕ ਮਾਲਕ ਪ੍ਰਤੀ ਹੀ ਵਰਤੇ ਗਏ ਹਨ ਜਿਨ੍ਹਾਂ ਤੋਂ ਕੋਈ ਭਰਮ ਨਹੀਂ ਪਾਲਣਾ ਚਾਹੀਦਾ; ਜਿਵੇਂ ਕਿ ਬੰਦਗੀ ਮਾਤ੍ਰ ਹੇਠਾਂ ਅਕਾਲ ਪੁਰਖ ਦੇ ਅਲੱਗ-ਅਲੱਗ ਨਾਮ ਦਿੱਤੇ ਜਾ ਰਹੇ ਹਨ: ‘‘ਆਪਹਿ ਗਾਵੈ ਆਪਹਿ ਨਾਚੈ, ਆਪਿ ਬਜਾਵੈ ਤੂਰਾ॥ ਕਹਤ ਨਾਮਦੇਉ, ਤੂੰ ਮੇਰੋ ‘ਠਾਕੁਰੁ’, ਜਨੁ ਊਰਾ, ਤੂ ਪੂਰਾ॥ (ਭਗਤ ਨਾਮਦੇਵ/੧੨੫੨), ਨਾਮਦੇਉ ‘ਨਾਰਾਇਨੁ’ ਪਾਇਆ॥ ਗੁਰੁ ਭੇਟਤ, ਅਲਖੁ ਲਖਾਇਆ॥ (ਭਗਤ ਨਾਮਦੇਵ/੮੭੪), ਕਹਤ ਨਾਮਦੇਉ ‘ਹਰਿ’ ਕੀ ਰਚਨਾ, ਦੇਖਹੁ ਰਿਦੈ ਬੀਚਾਰੀ॥ ਘਟ ਘਟ ਅੰਤਰਿ ਸਰਬ ਨਿਰੰਤਰਿ, ਕੇਵਲ ਏਕ ‘ਮੁਰਾਰੀ’॥ (ਭਗਤ ਨਾਮਦੇਵ/੪੮੫), ਕਹੁ ਨਾਨਕ ! ਹਉਮੈ ਭੀਤਿ ਗੁਰਿ ਖੋਈ, ਤਉ ‘ਦਇਆਰੁ ਬੀਠਲੋ’ ਪਾਇਓ॥ (ਮ: ੫/੬੨੪), ਕਰਹੁ ਕ੍ਰਿਪਾ ‘ਗੋਪਾਲ ਬੀਠੁਲੇ’, ਬਿਸਰਿ ਨ ਕਬ ਹੀ ਜਾਇ॥ (ਮ: ੫/੧੨੨੩), ਮਿਲੁ ਮੇਰੇ ‘ਬੀਠੁਲਾ’, ਲੈ ਬਾਹੜੀ ਵਲਾਇ॥ (ਭਗਤ ਤ੍ਰਿਲੋਚਨ/੯੨), ਰਾਖੁ ਰਾਖੁ ਮੇਰੇ ‘ਬੀਠੁਲਾ’  ! ਜਨੁ ਸਰਨਿ ਤੁਮ੍ਾਰੀ॥ (ਭਗਤ ਕਬੀਰ/੮੫੫), ਕਹਿ ਨਾਮਦੇਉ ਹਮ ‘ਨਰਹਰਿ’ ਧਿਆਵਹ, ਰਾਮੁ ਅਭੈ ਪਦ ਦਾਤਾ॥ (ਭਗਤ ਨਾਮਦੇਵ/੧੧੬੫), ਆਦਿ।

2 COMMENTS

Comments are closed.