SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੂੰ ਪੱਤਰ

0
123

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ,

ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਸ੍ਰੀ ਅੰਮ੍ਰਿਤਸਰ ਸਾਹਿਬ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।

ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾ ਕਾਲ, ਬਖਾਸਤਗੀ, ਕਾਰਜ ਖੇਤਰ ਅਤੇ ਯੋਗਤਾ ਸਬੰਧੀ ਨਿਯਮਾਂ ਲਈ ਸੁਝਾ

 ਮੀਡੀਏ ਰਾਹੀਂ ਪਤਾ ਲੱਗਾ ਹੈ ਕਿ 29 ਮਾਰਚ 2025 ਦੇ ਬਜਟ ਸੈਸ਼ਨ ਸਮੇਂ ਸ੍ਰੋਮਣੀ ਕਮੇਟੀ ਨੇ ਸਿੰਘ ਸਾਹਿਬਾਨ ਦੀ ਨਿਯੁਕਤੀ, ਸੇਵਾ ਕਾਲ, ਬਰਖਾਸਤਗੀ, ਕਾਰਜ ਖੇਤਰ ਅਤੇ ਯੋਗਤਾ ਸਬੰਧੀ ਨਿਯਮ ਬਣਾਉਣ ਲਈ ਮਤਾ ਪਾਸ ਕਰਕੇ 15 ਅਪ੍ਰੈਲ ਤੱਕ ਵੱਖ ਵੱਖ ਸਿੱਖ ਜਥੇਬੰਦੀਆਂ, ਪੱਤਰਕਾਰਾਂ ਅਤੇ ਵਿਦਵਾਨਾਂ ਤੋਂ ਸੁਝਾਅ ਮੰਗੇ ਹਨ । ਇਹ ਭਾਵੇਂ ਦੇਰ ਨਾਲ ਹੀ ਸਹੀ, ਪਰ ਦਰੁੱਸਤ ਫੈਸਲਾ ਹੈ ਬਸ਼ਰਤੇ ਕਿ ਇਸ ਪਿੱਛੇ ਸੁਹਿਰਦਤਾ ਅਤੇ ਨੀਅਤ ਸਾਫ਼ ਹੋਵੇ; ਨਾ ਕਿ ਸਮਾਂ ਲੰਘਾਉਣ ਲਈ ਇੱਕ ਸਿਆਸੀ ਸਟੰਟ। ਜਿਵੇਂ ਕਿ 10 ਫ਼ਰਵਰੀ 2025 ਨੂੰ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਤੁਹਾਡੀ ਪ੍ਰਧਾਨਗੀ ਹੇਠ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ। ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕੀਤੀ ਪੜਤਾਲਿਆ ਰਿਪੋਰਟ ਨੇ ਸਾਬਤ ਕਰ ਦਿੱਤਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਲਾਏ ਗਏ ਦੋਸ਼ ਨਿਰਾਧਾਰ ਅਤੇ ਬਿਨਾਂ ਤੱਥਾਂ ਦੀ ਪੜਤਾਲ ਕੀਤਿਆਂ ਸਿਆਸੀ ਕਾਰਨਾਂ ਕਰਕੇ ਲਿਆ ਫੈਸਲਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਏ ਜਾਣ ਦੇ ਫੈਸਲੇ ਨੂੰ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਗਲਤ ਦੱਸੇ ਜਾਣ ਉਪਰੰਤ ਨੈਤਿਕਤਾ ਦੇ ਆਧਾਰ ’ਤੇ ਜਿੰਮੇਵਾਰੀ ਕਬੂਲਦਿਆਂ ਤੁਸੀਂ ਸ੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਦੋ ਸਿੰਘ ਸਾਹਿਬਾਨਾਂ ਵੱਲੋਂ ਤੁਹਾਡੇ ਘਰ ਜਾ ਕੇ ਕੀਤੀ ਅਪੀਲ ਤੁਸੀਂ ਠੁਕਰਾਅ ਦਿੱਤੀ ਪਰ ਉਨ੍ਹਾਂ ਦੋਵੇਂ ਸਿੰਘ ਸਾਹਿਬਾਨ ਨੂੰ ਤੁਹਾਡੀ ਗੈਰ ਹਾਜਰੀ ’ਚ ਕਾਰਜਕਾਰਨੀ ਕਮੇਟੀ ਵੱਲੋਂ ਉਨ੍ਹਾਂ ’ਤੇ ਨਾਕਾਬਲ ਹੋਣ ਦੇ ਦੋਸ਼ ਲਾ ਕੇ ਅਹੁਦੇ ਤੋਂ ਹਟਾ ਦਿੱਤਾ ਗਿਆ। ਫਿਰ ਸੁਖਬੀਰ ਸਿੰਘ ਬਾਦਲ ਤੁਹਾਨੂੰ ਮਨਾਉਣ ਗਏ ਤਾਂ ਤੁਸੀਂ ਇੰਞ ਮੰਨ ਗਏ ਜਿਵੇਂ ਕਿ ਪਹਿਲਾਂ ਤੋਂ ਹੀ ਲਿਖੀ ਗਈ ਸਕਰਿਪਟ ਅਨੁਸਾਰ ਤਿਆਰ ਬੈਠੇ ਹੋਵੋ।

ਸ੍ਰੋਮਣੀ ਕਮੇਟੀ ਦੇ 42 ਮੈਂਬਰਾਂ ਨੇ ਆਪ ਜੀ ਤੋਂ ਮੰਗ ਕੀਤੀ ਕਿ ਤਿੰਨਾਂ ਜਥੇਦਾਰਾਂ ਨੂੰ ਅਹੁਦੇ ਤੋਂ ਹਟਾਏ ਜਾਣ ਵਾਲੇ ਦੋਵੇਂ ਮਤੇ ਰੱਦ ਕਰਕੇ ਉਨ੍ਹਾਂ ਨੂੰ ਮੁੜ ਬਹਾਲ ਕੀਤਾ ਜਾਵੇ। ਅਹੁਦਾ ਸੰਭਾਲਣ ਉਪਰੰਤ ਤੁਹਾਡੀ ਸੁਹਿਰਦਤਾ ਇਹ ਹੋਣੀ ਚਾਹੀਦੀ ਸੀ ਕਿ 42 ਮੈਂਬਰਾਂ ਵੱਲੋਂ ਮੰਗ ਕੀਤਾ ਗਿਆ ਮਤਾ ਜਨਰਲ ਇਜਲਾਸ ’ਚ ਪੇਸ਼ ਕਰ ਉਸ ’ਤੇ ਵੋਟਿੰਗ ਕਰਵਾਈ ਜਾਂਦੀ, ਪਰ ਤੁਸੀਂ ਵੋਟਿੰਗ ਕਰਵਾਉਣ ਦੀ ਥਾਂ ਇੱਕ ਸਿਆਸੀ ਸਟੰਟ ਅਧੀਨ ਸਾਲਾਨਾ ਬਜਟ ਅਤੇ ਦੂਜਾ ਮਤਾ ਕਿ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾ ਕਾਲ, ਬਰਖਾਸਤਗੀ, ਕਾਰਜ ਖੇਤਰ ਅਤੇ ਯੋਗਤਾ ਸਬੰਧੀ ਨਿਯਮ ਬਣਾਏ ਜਾਣਗੇ, ਸਰਬਸੰਮਤੀ ਨਾਲ ਪਾਸ ਕਰਵਾ ਲਿਆ । ਜਦੋਂ ਤਿੰਨੇ ਸਿੰਘ ਸਾਹਿਬਾਨ ਨੂੰ ਹਟਾਏ ਜਾਣ ਵਾਲੇ ਦੋਵੇਂ ਮਤੇ ਰੱਦ ਕਰਨ ਦੀ ਬੀਬੀ ਕਿਰਨਜੋਤ ਕੌਰ ਨੇ ਮੰਗ ਉਠਾਈ ਤਾਂ ਤੁਹਾਡੇ ਧੜੇ ਦੇ ਮੈਂਬਰਾਂ ਨੇ ਉਸ ਦੇ ਹੱਥ ’ਚੋਂ ਦੋ ਵਾਰ ਮਾਇਕ ਖੋਹ ਲਿਆ ਅਤੇ ਰੌਲ਼ੇ ਰੱਪੇ ’ਚ ਉਸ ਨੂੰ ਬੋਲਣ ਨਾ ਦਿੱਤਾ। ਜਦੋਂ ਤੁਸੀਂ ਮੰਨ ਬੈਠੇ ਹੋ ਕਿ ਬਹੁ ਸੰਮਤੀ ਤੁਹਾਡੇ ਨਾਲ ਹੈ ਤਾਂ ਤੁਹਾਨੂੰ ਚਿੰਤਾ ਕਿਸ ਗੱਲ ਦੀ ਸੀ, ਉਸ ਮਤੇ ’ਤੇ ਵੋਟਿੰਗ ਕਰਵਾ ਕੇ ਵਿਰੋਧੀ ਧਿਰ ਦੀ ਮੰਗ ਠੁਕਰਾ ਸਕਦੇ ਸੀ, ਪਰ ਤੁਸੀਂ ਟਕਰਾਅ ਵਾਲਾ ਰਸਤਾ ਅਪਣਾਅ ਕੇ ਆਪਣੀ ਨੈਤਿਕਤਾ ਨੂੰ ਖ਼ੁਦ ਹੀ ਸ਼ੱਕੀ ਬਣਾ ਲਿਆ ਹੈ।

ਹੁਣ ਆਪ ਜੀ ਨੂੰ ਬੇਨਤੀ ਹੈ ਕਿ ਬਹੁਮਤ ਦੇ ਹੰਕਾਰ ’ਚ ਆਪਣੇ ਨਿੱਜੀ ਕਿਰਦਾਰ, ਸ੍ਰੋਮਣੀ ਕਮੇਟੀ ਅਤੇ ਇਸ ਪਿੱਛੇ ਤਾਕਤ ਬਣ ਕੇ ਖੜ੍ਹੇ ਬਾਦਲ ਧੜੇ ਦੇ ਕਿਰਦਾਰ ਨੂੰ ਹੋਰ ਨਾ ਡੇਗਿਆ ਜਾਵੇ ਇਹ ਤੁਹਾਡੇ ਸਾਰਿਆਂ ਲਈ ਨੁਕਸਾਨਦੇਹ ਸਾਬਤ ਹੋਵੇਗਾ। ਸੋ ਮੁੜ ਬੇਨਤੀ ਹੈ ਕਿ ਅਕਾਲ ਤਖ਼ਤ ਸਾਹਿਬ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਦਾ ਰੁਤਬਾ ਅਤੇ ਸਤਿਕਾਰ, ਬਹਾਲ ਕਰਨ ਲਈ ਜਲਦੀ ਤੋਂ ਜਲਦੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੁਕਮਨਾਮਾ ਨੰ: 219 ਏ.ਟੀ. 00 ਮਿਤੀ 29.3.2000 ’ਤੇ ਹੂ-ਬਹੂ ਅਮਲ ਕੀਤਾ ਜਾਵੇ। ਆਪ ਜੀ ਦੀ ਮੰਗ ਅਨੁਸਾਰ ਇਹ ਨਿਯਮ ਬਣਾਉਣ ਲਈ ਦਾਸ ਵੱਲੋਂ ਹੇਠ ਲਿਖੇ ਸੁਝਾਅ ਹਨ:

ਨਿਯੁਕਤੀ ਕੌਣ ਕਰ ਸਕਦਾ ਹੈ: ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਕੇਵਲ ਸ੍ਰੋਮਣੀ ਕਮੇਟੀ ਤੇ ਸ੍ਰੋਮਣੀ ਅਕਾਲੀ ਦਲ ’ਤੇ ਹੀ ਨਹੀਂ ਬਲਕਿ ਦੇਸ਼ ਵਿਦੇਸ਼ ’ਚ ਵਸ ਰਹੇ ਅਤੇ ਹਰ ਰਾਜਨੀਤਕ ਪਾਰਟੀ ’ਚ ਵਿਚਰ ਰਹੇ ਸਿੱਖਾਂ ’ਤੇ ਭੀ ਇਕਸਾਰ ਲਾਗੂ ਹੁੰਦਾ ਹੈ; ਇਸ ਲਈ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਨਿਯੁਕਤੀ ਅਤੇ ਬਰਖਾਸਤਗੀ ਦਾ ਅਧਿਕਾਰ ਕੇਵਲ ਸ੍ਰੋਮਣੀ ਕਮੇਟੀ ਦਾ ਨਹੀਂ ਬਲਕਿ ਇਸ ਕਾਰਜ ਲਈ ਵਿਸ਼ੇਸ਼ ਬੋਰਡ ਕਾਇਮ ਕੀਤਾ ਜਾਵੇ ਜਿਸ ’ਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰ ਹਿਤ ਛਪਵਾ ਕੇ ਵੰਡੀ ਜਾ ਰਹੀ ਸਿੱਖ ਰਹਿਤ ਮਰਿਆਦਾ ਦੇ ਆਧਾਰ ’ਤੇ ਗੁਰਮਤਿ ਪ੍ਰਚਾਰ ਕਰ ਰਹੀਆਂ ਸਮੁੱਚੀਆਂ ਜਥੇਬੰਦੀਆਂ ਅਤੇ ਸਿੱਖ ਰਹਿਤ ਮਰਿਆਦਾ ਲਾਗੂ ਕਰਨ ’ ਪਾਬੰਦ ਰਹਿਣ ਵਾਲੀਆਂ ਦੇਸ਼ ਵਿਦੇਸ਼ ਦੀਆਂ ਸਮੁੱਚੀਆਂ ਚੁਣੀਆਂ ਹੋਈਆਂ ਗੁਰਦੁਆਰਾ ਪ੍ਰੰਧਕ ਕਮੇਟੀਆਂ ਦੇ ਨੁੰਮਾਇੰਦੇ ਸ਼ਾਮਲ ਹੋਣ। ਹਰ ਸੂਬੇ/ਦੇਸ਼ ਨੂੰ ਨੁੰਮਾਇੰਦਗੀ ਉੱਥੋਂ ਦੀ ਸਿੱਖ ਵਸੋਂ ਦੀ ਗਿਣਤੀ ਦੇ ਅਨੁਪਾਤ ਅਨੁਸਾਰ ਕੀਤੀ ਹੋਵੇ।

ਵਿਦਿਅਕ ਯੋਗਤਾ: ਘੱਟੋ ਘੱਟ ਤਿੰਨ ਭਾਸ਼ਾਵਾਂ ਪੰਜਾਬੀ, ਅੰਗਰੇਜੀ ਅਤੇ ਇਤਿਹਾਸ ’ਚ ਐੱਮ.ਏ. ਪਾਸ + ਸ੍ਰੋਮਣੀ ਕਮੇਟੀ ਅਧੀਨ ਚੱਲ ਰਹੇ/ਪ੍ਰਾਈਵੇਟ ਸਿੱਖ ਅਦਾਰਿਆਂ ਵੱਲੋਂ ਚਲਾਏ ਜਾ ਰਹੇ ਮਿਸ਼ਨਰੀ ਕਾਲਜਾਂ ’ਚੋਂ ਤਿੰਨ ਸਾਲਾ ਡਿਪਲੋਮਾ ਕੋਰਸ ਪਾਸ ਕਰਨ ਤੋਂ ਬਾਅਦ ਘੱਟੋ ਘੱਟ ਪੰਜ ਸਾਲ ਦਾ ਪ੍ਰਚਾਰਕ ਤੌਰ ’ਤੇ ਤਜਰਬਾ ਹੋਵੇ।

ਕਾਰਜਕਾਲ: ਘੱਟੋ ਘੱਟ 5 ਸਾਲ ਹੋਵੇ ਅਤੇ ਉਸ ਦੇ ਕੰਮ ਦੇ ਆਧਾਰ ’ਤੇ ਇੱਕ ਤੋਂ ਵੱਧ ਵਾਰ ਨਿਯੁਕਤ ਕੀਤਾ ਜਾ ਸਕਦਾ ਹੈ।  75 ਸਾਲ ਦੀ ਉਮਰ ਤੋਂ ਬਾਅਦ ਜਥੇਦਾਰ ਦੀ ਸੇਵਾ ਮੁਕਤੀ ਕੀਤੀ ਜਾਵੇ।

ਖਾਸਤਗੀ: ਸੇਵਾ ਦੌਰਾਨ ਜਥੇਦਾਰ ’ਤੇ ਗੁਰਮਤਿ ਵਿਰੋਧੀ ਗਤੀਵਿਧੀਆਂ ਜਾਂ ਚਾਲ ਚੱਲਨ ਦੇ ਗੰਭੀਰ ਦੋਸ਼ ਲੱਗ ਜਾਣ ਦੀ ਸੂਰਤ ਜਾਂ ਦਿਮਾਗੀ ਤਵਾਜ਼ਨ ਗੁਆ ਚੁੱਕਣ ਦੀ ਸੂਰਤ ’ਚ ਨਿਯੁਕਤੀਕਾਰ ਬੋਰਡ ਦੇ ਦੋ ਤਿਹਾਈ ਮੈਂਬਰਾਂ ਦੀ ਬਹੁ ਸੰਮਤੀ ਨਾਲ ਕਿਸੇ ਵੀ ਜਥੇਦਾਰ ਦੀ ਬਰਖਾਸਤਗੀ ਜਾਂ ਸੇਵਾ ਮੁਕਤੀ ਕੀਤੀ ਜਾ ਸਕਦੀ ਹੈ।

ਕਾਰਜ ਵਿਧੀ: ਜੇ ਹੁਕਮਨਾਮਾ ਜਾਰੀ ਕਰਨ ਦਾ ਅਧਿਕਾਰ ਕੇਵਲ ਪੰਜਾਂ ਨੂੰ ਦੇ ਦਿੱਤਾ ਜਾਵੇ ਤਾਂ ਕੋਈ ਵੀ ਜਥੇਦਾਰ ਸਤਾ ਦੇ ਪ੍ਰਭਾਵ ਹੇਠ ਆ ਕੇ ਜਾਂ ਕਿਸੇ ਏਜੰਸੀ ਵੱਲੋਂ ਖਰੀਦੇ ਜਾਣ ਦੀ ਸੰਭਾਵਨਾ ਅਧੀਨ ਸਰਬਰਾਹ ਅਰੂੜ ਸਿੰਘ, ਗਿਆਨੀ ਪੂਰਨ ਸਿੰਘ ਅਤੇ ਗਿਆਨੀ ਗੁਰਬਚਨ ਸਿੰਘ ਵਾਙ ਅਜਿਹੇ ਹੁਕਮਨਾਮੇ ਜਾਰੀ ਕਰ ਸਕਦੇ ਹਨ, ਜਿਨ੍ਹਾਂ ਨੂੰ ਮੰਨਣ ਨਾਲ ਸਿੱਖ ਰਹਿਤ ਮਰਿਆਦਾ ਅਤੇ ਪੰਥਕ ਮਾਨ ਸਨਮਾਨ ਦਾਅ ’ਤੇ ਲੱਗ ਸਕਦਾ ਹੈ। ਇਸ ਲਈ ਹੁਕਮਨਾਮਾ ਜਾਰੀ ਕਰਨ ਦਾ ਅਧਿਕਾਰ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਪੰਜੇ ਜਥੇਦਾਰਾਂ ਕੋਲ ਨਾ ਹੋਵੇ। ਜਦੋਂ ਵੀ ਕੋਈ ਪੰਥਕ ਮਸਲਾ ਆਵੇ ਤਾਂ ਪੰਜੇ ਜਥੇਦਾਰ ਆਪਸੀ ਸਲਾਹ ਪਿੱਛੋਂ ਦੇਸ਼ ਵਿਦੇਸ਼ ਦੀਆਂ ਸੁਮੱਚੀਆਂ ਸਿੱਖ ਜਥੇਬੰਦੀਆਂ ਅਤੇ ਪੰਥਕ ਵਿਦਵਾਨਾਂ ਦਾ ਨੁੰਮਾਇੰਦਾ ਇਕੱਠ ਸੱਦਣ, ਜੋ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਇਤਿਹਾਸ ਦੀ ਰੌਸ਼ਨੀ ’ਚ ਫੈਸਲਾ ਲੈਣ। ਇਸ ਤਰ੍ਹਾਂ ਦੇ ਫੈਸਲੇ ਦਾ ਪੰਜ ਸਿੰਘ ਸਾਹਿਬਾਨ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋਂ ਐਲਾਨ ਕਰਨ; ਜੋ ਹਰ ਸਿੱਖ ਲਈ ਮੰਨਣਾ ਲਾਜ਼ਮੀ ਹੋਵੇ।

ਕਾਰਜ ਖੇਤਰ: (ੳ) ਪੰਜ ਸਿੰਘ ਸਾਹਿਬਾਨ ਦਾ ਮੁੱਖ ਕਾਰਜ ਸਿੱਖ ਪੰਥ ’ਚ ਮੁਕੰਬਲ ਤੌਰ ’ਤੇ ਪੰਥਕ ਏਕਤਾ ਬਣਾਈ ਰੱਖਣਾ ਹੋਵੇ। ਇਸ ਲਈ ਪੰਥ ਦੇ ਸਾਰੇ ਵਿਵਾਦਤ ਮੁੱਦੇ ਜਿਵੇਂ ਕਿ ਨਾਨਕਸ਼ਾਹੀ ਕੈਲੰਡਰ, ਸਿੱਖ ਰਹਿਤ ਮਰਿਆਦਾ, ਪੁਰਾਤਨ ਸਿੱਖ ਇਤਿਹਾਸ ਜਿਵੇਂ ਕਿ ਗੁਰਬਿਲਾਸ ਪਾਤਿਸ਼ਾਹੀ ੬, ਸੂਰਜ ਪ੍ਰਕਾਸ਼, ਜਨਮ ਸਾਖੀਆਂ, ਦਸਮ ਗ੍ਰੰਥ ਆਦਿ ਦੇ ਵਿਵਾਦ ਨੂੰ ਇੱਕ ਇੱਕ ਕਰਕੇ ਹੱਲ ਕਰਨ ਲਈ ਵਿਦਵਾਨਾਂ ਦੀਆਂ ਕਮੇਟੀਆਂ ਬਣਾ ਕੇ ਲਗਾਤਾਰ ਮੀਟਿੰਗਾਂ ਕੀਤੀਆਂ ਜਾਣ; ਜੋ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਤੇ ਮੁਢਲੇ ਸਿਧਾਂਤ ਦੇ ਸਨਮੁਖ ਹੋ ਕੇ ਫੈਸਲਾ ਲੈਣ।

(ਅ) ਪੰਜ ਸਿੰਘ ਸਾਹਿਬਾਨ ਦਾ ਕਾਰਜ ਖੇਤਰ ਮੁੱਖ ਤੌਰ ’ਤੇ ਤਖ਼ਤ ਸਾਹਿਬਾਨ ਸਮੇਤ ਸਾਰੇ ਗੁਰਦੁਆਰਿਆਂ ’ਚ ਸਿੱਖ ਰਹਿਤ ਮਰਿਆਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਇਕਸਾਰਤਾ ਨਾਲ ਲਾਗੂ ਕਰਨਾ ਹੋਵੇ।

(ੲ) ਅਕਾਲ ਤਖ਼ਤ ਸਾਹਿਬ; ਮੀਰੀ-ਪੀਰੀ ਸਿਧਾਂਤ ਦਾ ਪ੍ਰਤੀਕ ਹੈ, ਇਸ ਲਈ ਜਥੇਦਾਰ ਦਾ ਕਾਰਜ ਖੇਤਰ ਕੇਵਲ ਧਾਰਮਿਕ ਕਾਰਜਾਂ ਤੱਕ ਸੀਮਤ ਕਰਨਾ ਗਲਤ ਹੈ। ਬਿਨਾਂ ਸ਼ੱਕ ਜਥੇਦਾਰ ਸਾਹਿਬਾਨ ਆਪਣੇ ਆਪ ਨੂੰ ਨਿਤਾਪ੍ਰਤੀ ਰਾਜਨੀਤੀ ’ਚ ਦਖਲ ਅੰਦਾਜੀ ਤੋਂ ਦੂਰ ਰਹਿਣ ਤੇ ਜਦੋਂ ਕਿਸੇ ਰਾਜਨੀਤਕ ਪਾਰਟੀ ’ਚ ਵਿਚਰਦੇ ਸਿੱਖ ਦੀ ਬਿਆਨਬਾਜੀ ਅਤੇ ਫੈਸਲੇ ਸਿੱਖ ਧਰਮ ਦੇ ਮੁੱਢਲੇ ਸਿਧਾਂਤ ਨੂੰ ਖੋਰਾ ਲਾਉਣ ਵਾਲੇ ਹੋਣ ਤਾਂ ਦੇਸ ਵਿਦੇਸ ਦੀਆਂ ਪੰਥਕ ਜਥੇਬੰਦੀਆਂ ਦੇ ਨੁੰਮਾਇੰਦਾ ਇਕੱਤਰ ਕਰ ਵੀਚਾਰ ਵਟਾਂਦਰੇ ਉਪਰੰਤ ਕੋਈ ਵੀ ਰਾਜਨੀਤਕ ਫੈਸਲਾ ਲੈ ਸਕਦੇ ਹਨ. ਜੋ ਹਰ ਸਿੱਖ ਲਈ ਮੰਨਣਾ ਲਾਜਮੀ ਹੋਵੇ।

ਮਿਤੀ ੨੮ ਚੇਤ ਨਾਨਕਸ਼ਾਹੀ ਸੰਮਤ ੫੫੭; 10 ਅਪ੍ਰੈਲ 2025 ਈ:

ਕਿਰਪਾਲ ਸਿੰਘ ਬਠਿੰਡਾ- ਸੰਪਰਕ ਨੰ 98554-80797