ਕੁਦਰਤ ਦਾ ਇਹ ਵੀ ਇੱਕ ਰੰਗ
-ਗੁਰਪ੍ਰੀਤ ਸਿੰਘ (USA)
ਉਹ ਇੱਕ ਸਾਹ ਵਿੱਚ,
ਅਛੋਪਲੇ ਹੀ ਜਿਵੇਂ ਮਾਣ ਲੈਣਾ ਚਾਹੁੰਦਾ ਹੋਵੇ,
ਕੁਦਰਤ ਦੀ ਹਰ ਅੰਗੜਾਈ, ਹਰ ਇੱਕ ਅਦਾ ਵਿੱਚ।
ਜਿਵੇਂ, ਆਲ੍ਹਣੇ ’ਚੋਂ ਉੱਡ ਰਹੇ ਕਿਸੇ ਬੋਟ ਦੀ ਪਹਿਲੀ ਉਡਾਰੀ,
ਕਦੀ ਆਵੇ ਗੁੰਮ-ਸੁੰਮ, ਗੁੱਪ-ਚੁੱਪ ਘਾਟੀਆਂ ਦੀ ਵਾਰੀ।
ਕਿੱਧਰੇ ਦਰਿਆ ਦੀ ਛੱਲ ’ਚੋਂ ਨਿਕਲੀ ਉਮੰਗ ਦੀ ਤਰੰਗ,
ਜਾਂ ਸੁੱਕਦੇ ਝਰਨੇ ’ਚੋਂ ਡਿੱਗ ਰਹੀ ਪਾਣੀ ਦੀ ਆਖਰੀ ਬੂੰਦ ਨਿਆਰੀ।
ਜਦ ਕਦੀ ਉਸ ਦੀ ਸੁਰਤ,
ਕਿਸੇ ਫੁੱਲ ਦੀ ਸੁੰਦਰਤਾ ’ਚ ਗਵਾਚ ਜਾਂਦੀ,
ਕੁਝ ਕੰਢੇ ਵੀ ਝਟਪਟ, ਆਪਣੀ ਹੋਂਦ ਦਾ ਅਹਿਸਾਸ ਕਰਵਾ,
ਫਿਰ ਬਣਾ ਜਾਂਦੇ ਉਸ ਨੂੰ, ਨੂਰੋ-ਨੂਰ ਦੇ ਰਸਤੇ ਦਾ ਪਾਂਧੀ।
ਨਿੱਤ ਨਵੀਂ ਸਵੇਰੇ ਵਿਸਮਾਦਤਾ ’ਚ ਅਨੰਦਿਤ ਹੋਇਆ,
ਲੱਭਦਾ ਨਵੇਂ ਭੇਦ,
ਗੁੱਝੇ ਤੇ ਗੂੜ੍ਹੇ ਰੰਗਾਂ ’ਚ ਪ੍ਰਕਾਸ਼,
ਕੋਈ ਸ਼ਕਤੀ ਵੀ ਦੇ ਰਹੀ ਸੀ ਸੇਧ।
ਆਖਰ ਇੱਕ ਦਿਨ ਉਸ ਨੂੰ ਲੱਗਾ
ਕਿ ਉਹ ਹੀ ਹੈ ਸਭ ਥਾਂ ਸਮਾਇਆ,
ਉਹ ਤੇ ਉਸ ਦੇ ਗਾਹੇ ਨਜ਼ਾਰੇ ਹੋਏ ਇੱਕ ਰੂਪ,
ਕੋਈ ਨਾ ਰਹਿਆ ਪਰਾਇਆ।
ਹੁਣ ਤਾਂ ਜਿਵੇਂ ਉਹ, ਆਪਣੇ ਅੰਦਰ ਹੀ ਸਭ ਨਜ਼ਾਰੇ ਸਜਾ ਲੈਂਦਾ,
ਜਦ ਵੀ ਚਿੱਤ ਕਰਦਾ, ਬਿਨਾਂ ਅਵਾਜ਼ ਜਿਵੇਂ ਮਰਜ਼ੀ ਨਚਵਾ ਲੈਂਦਾ।
ਅਚਨਚੇਤ ਫੁਰਨਾ ਫੁਰਿਆ, ਹੋਰਨਾਂ ਨੂੰ ਵੀ ਦੱਸਾਂ,
ਕੁਦਰਤ ਦਾ ਰੂਪ ਸੋਹਣਾ,
ਨਾਲ ਹੀ ਦੱਸਾਂ, ਮੈ ਹਾਂ ਮਨੁੱਖ ਉੱਤਮ,
ਕਿਹੜਾ ਮੇਰੇ ਵਰਗਾ ਹੋਣਾ ?
ਪੁੱਟਿਆ ਜਦ ਪਹਿਲਾ ਹੀ ਕਦਮ, ਸੁਪਨਾ ਹੋ ਗਿਆ ਭੰਗ,
ਮੰਜੇ ਤੋਂ ਥੱਲੇ ਡਿਗਿਆ ਸੋਚੇ, ਕੁਦਰਤ ਦਾ ਇਹ ਕਿਹੜਾ ਸੀ ਰੰਗ !