ਖ਼ੁਦ ਆਪਣਾ ਘਰ ਲੁਟਾ ਦਿੱਤਾ
ਹੋ ਕੇ ਸਨਮੁਖ ਬੋਲੇ ਦੁਖਿਆਰਿਆਂ ਨੂੰ, ਤੁਸੀਂ ਦਿੱਲੀ ਸੁਨੇਹਾ ਪਹੁੰਚਾ ਦੇਵੋ।
ਅਸੀਂ ਮੰਨਾਂਗੇ ਦੀਨ ਇਸਲਾਮ ਪਿਛੋਂ, ਪਹਿਲਾਂ ਗੁਰਾਂ ਨੂੰ ਦੀਨ ਮਨਾ ਦੇਵੋ।
ਸੁਣ ਕੇ ਦਿੱਲੀ ਸਰਕਾਰ ਨੇ ਹੁਕਮ ਭੇਜੇ, ਆ ਕੇ ਦਿੱਲੀ ਵਿੱਚ ਦੀਦਾਰ ਦੇਵੋ।
ਕਾਫਰ ਇਕ ਭੀ ਅਸਾਂ ਨਹੀਂ ਰਹਿਣ ਦੇਣਾ, ਜਵਾਬ ਆਪਣਾ ਵਿੱਚ ਦਰਬਾਰ ਦੇਵੋ।
ਹੁਕਮ ਸੁਣ ਕੇ ਗੁਰਾਂ ਨੇ ਚਾਈਂ ਚਾਈਂ, ਦਿੱਲੀ ਵੱਲ ਨੂੰ ਕੀਤੀਆਂ ਤਿਆਰੀਆਂ ਨੇ।
ਨੈਨ ਛਲਕਦੇ, ਤੜਫਦੇ ਕਾਲਜੇ ਨੇ, ਵਿਦਾ ਕਰ ਰਹੀਆਂ ਸੰਗਤਾਂ ਪਿਆਰੀਆਂ ਨੇ।
ਕਰ ਕੇ ਪਿਆਰ-ਦੁਲਾਰ ਪੁੱਤਰ ਲਾਡਲੇ ਨੂੰ, ਸਦਾ-ਸਦਾ ਲਈ ਸਾਥ ਛੁਡਾਉਣ ਲੱਗੇ।
ਮਾਤਾ ਗੁਜਰੀ ਦੀ ਝੋਲ਼ੀ ਪਾ ਗੋਬਿੰਦ, ਖੜ੍ਹ ਕੇ ਸੰਗਤਾਂ ਨੂੰ ਇੰਝ ਫ਼ੁਰਮਾਣ ਲੱਗੇ।
ਅਸੀਂ ਚੱਲੇ ਹਾਂ ਮੌਤ ਦੇ ਦੇਸ ਵੱਲੇ, ਜਿਉਂਦੇ ਮੁੜ ਅਨੰਦਪੁਰ ਆਵਣਾ ਨਹੀਂ।
ਮਿੱਠਾ ਭਾਣਾ ਕਰਤਾਰ ਦਾ ਮੰਨਣਾ ਏ, ਤੁਸੀਂ ਡਰਨਾ ਨਹੀਂ, ਚਿਤ ਡੁਲਾਵਣਾ ਨਹੀਂ।
ਕੋਈ ਭੈਅ ਨਹੀਂ, ਮੱਥੇ ਜਲਾਲ ਦਿਸਦਾ, ਦੇਖੋ ਪਾਉਣ ਸ਼ਹੀਦੀਆਂ ਜਾ ਰਹੇ ਨੇ।
ਲੋਕੀਂ ਡਰਦੇ ਮੌਤ ਦੇ ਨਾਮ ਕੋਲੋਂ, ਸਤਿਗੁਰ ਮੌਤ ਵਿਆਹਵਣ ਜਾ ਰਹੇ ਨੇ।
ਜਬਰ ਸਬਰ ਦਾ ਹੋ ਗਿਆ ਜੰਗ ਡਾਢਾ, ਵਹਿਣ ਜ਼ੁਲਮ ਦਾ ਗੁਰਾਂ ਨੇ ਮੋੜ ਦਿੱਤਾ।
ਜ਼ਾਲਮ ਦਿੱਲੀ ਸਰਕਾਰ ਦੇ ਸਿਰ ਉੱਤੇ, ਕੱਚੇ ਠੀਕਰੇ ਨੂੰ ਜਾ ਕੇ ਤੋੜ ਦਿੱਤਾ।
ਧਨੀ ਤੇਗ਼ ਦੇ ਚਾਦਰ ਹਿੰਦ ਵਾਲੀ, ਬੇੜਾ ਹਿੰਦ ਦਾ ਬੰਨੇ ਲਾ ਦਿੱਤਾ।
‘ਸਹਿਜ’ ਲੋਕਾਂ ਦੇ ਘਰ ਵਸਾਵਣੇ ਲਈ, ਖ਼ੁਦ ਆਪਣਾ ਘਰ ਲੁਟਾ ਦਿੱਤਾ।
ਡਾ. ਹਰਮਿੰਦਰ ਸਿੰਘ ‘ਸਹਿਜ’ ਹੁਸ਼ਿਆਰਪੁਰ-97819-93037









