ਕਬਿੱਤ ਨੰਬਰ 16 (ਭਾਈ ਗੁਰਦਾਸ ਜੀ)
ਉਲਟਿ ਪਵਨ ਮਨ ਮੀਨ ਕੀ ਚਪਲ ਗਤਿ; ਸਤਿਗੁਰ ਪਰਚੇ ਪਰਮਪਦ ਪਾਏ ਹੈ।
ਸੂਰ ਸਰ ਸੋਖਿ ਪੋਖਿ ਸੋਮ ਸਰ ਪੂਰਨ ਕੈ; ਬੰਧਨ ਦੇ ਮ੍ਰਿਤ ਸਰ ਅਪੀਅ ਪਿਆਏ ਹੈ।
ਅਜਰਹਿ ਜਾਰਿ ਮਾਰਿ ਅਮਰਹਿ ਭ੍ਰਾਤਿ ਛਾਡਿ; ਅਸਥਿਰ ਕੰਧ ਹੰਸ ਅਨਤ ਨ ਧਾਏ ਹੈ।
ਆਦੈ ਆਦ, ਨਾਦੈ ਨਾਦ, ਸਲਲੈ ਸਲਿਲ ਮਿਲਿ; ਬ੍ਰਹਮੈ ਬ੍ਰਹਮ ਮਿਲਿ, ਸਹਜ ਸਮਾਏ ਹੈ ॥੧੬॥
ਸ਼ਬਦ ਅਰਥ: ਚਪਲ ਗਤਿ=ਚੰਚਲ ਰੀਤ।, ਸੂਰਸਰ=ਤਮੋ ਗੁਣਾਂ ਦਾ ਭਰਿਆ।, ਸੋਖਿ=ਨਾਸ ਕਰਨਾ।, ਪੋਖਿ=ਪਾਉਣਾ, ਪਾਲਣਾ।, ਸੋਮ ਸਰ=ਸਤੋਗੁਣ ਦਾ ਭਰਿਆ।, ਮ੍ਰਿਤ ਸਰ=ਮਰਨਾ।, ਅਪੀਅ=ਨਾ ਪੀਤਾ ਜਾ ਸਕਣ ਵਾਲਾ।, ਅਜਰਹਿ=ਨਾ ਜਰਿਆ ਜਾ ਸਕਣ ਵਾਲਾ।, ਅਮਰਹਿ=ਨਾ ਮਾਰਿਆ ਜਾ ਸਕਣ ਵਾਲਾ।, ਕੰਧ=ਦੇਹ।, ਹੰਸ=ਜੀਵਾਤਮਾ।, ਸਲਿਲ=ਪਾਣੀ।
ਅਰਥ: ਮਨੁੱਖ ਦਾ ਮਨ, ਜੋ ਹਵਾ ਤੇ ਮੱਛੀ ਦੀ ਤਰ੍ਹਾਂ ਚੰਚਲ ਤੇ ਨਾ ਕਾਬੂ ਆਉਣ ਵਾਲਾ ਹੈ, ਸਤਿਗੁਰ ਦੇ ਪਰਚੇ (ਸ਼ਬਦ) ਰਾਹੀਂ ਕਾਬੂ ਵਿੱਚ ਆ ਕੇ ਪਰਮ ਪਦ ਪਾ ਲੈਂਦਾ ਹੈ। ਫਿਰ ਸਤਿਗੁਰ ਉਸ ਮਨੁੱਖ ਦੇ ਤਮੋ ਗੁਣੀ ਸੁਭਾਵ ਨੂੰ ਪੂਰੀ ਤਰ੍ਹਾਂ ਨਾਸ ਕਰ ਕੇ ਸਤੋ ਗੁਣੀ ਬਣਾ ਕੇ ਉਸ ਨੂੰ ਨਾਮ ਅੰਮ੍ਰਿਤ, ਜੋ ਤਮੋ ਗੁਣ ਵਿੱਚ ਰਹਿ ਕੇ ਨਹੀਂ ਸੀ ਪੀ ਸਕਦਾ, ਪਿਲਾ ਦੇਂਦਾ ਹੈ। ਮਨੁੱਖ ਦੀ ਅਵਸਥਾ ਇਹੋ ਜਿਹੀ ਹੋ ਜਾਂਦੀ ਹੈ ਕਿ ਉਹ ਨਾ ਜਰੇ ਜਾ ਸਕਣ ਵਾਲੇ ਕਾਮ ਨੂੰ ਵਸ ਵਿੱਚ ਕਰ ਕੇ, ਨਾ ਮਾਰੇ ਜਾ ਸਕਣ ਵਾਲਾ ਮਨ ਨੂੰ ਮਾਰ ਲੈਂਦਾ ਹੈ ਅਤੇ ਨਾਮ ਅੰਮ੍ਰਿਤ ਪੀ ਕੇ ਉਸ ਦਾ ਮਨ ਕਿਤੇ ਹੋਰ ਨਹੀਂ ਭਟਕਦਾ ਤੇ ਸਹਿਜ ਅਵਸਥਾ ਵਿੱਚ ਆ ਜਾਂਦਾ ਹੈ। ਉਸ ਦੇ ਸਰੀਰ ਵਿਚ ਜੋ ਆਤਮਾ ਹੈ, ਉਸ ਦਾ ਭੇਤ ਪਾ ਲੈਂਦਾ ਹੈ। ਸਰੀਰ ਦੇ ਨਾਸ ਹੋਣ ’ਤੇ ਜਿਸ ਤਰ੍ਹਾਂ ਆਕਾਸ਼, ਪਾਣੀ, ਹਵਾ ਆਦਿਕ ਤੱਤ ਆਪਣੇ ਤੱਤਾਂ ਵਿਚ ਮਿਲ ਜਾਂਦੇ ਹਨ, ਉਸ ਤਰ੍ਹਾਂ ਹੀ ਉਹ ਜੀਵਨ ਬਤੀਤ ਕਰਦਿਆਂ ਹੀ ਬ੍ਰਹਮ, ਜਿਸ ਦਾ ਕਿ ਉਹ ਅੰਸ਼ ਹੈ, ਵਿੱਚ ਮਿਲਿਆ ਰਹਿੰਦਾ ਹੈ ਤੇ ਉਸ ਦੀ ਸਮਾਈ ਸਹਿਜ ਅਵਸਥਾ ਵਿੱਚ ਹੋਈ ਰਹਿੰਦੀ ਹੈ।
ਗੁਰੂ ਨਾਨਕ ਦੇਵ ਜੀ ਇਕ ਜੋਗੀ ਨੂੰ ਸੰਬੋਧਨ ਕਰਦੇ ਹੋਏ ਸਮਝਾਉਂਦੇ ਹਨ ਕਿ ਹੇ ਜੋਗੀ ! ਤੂੰ ਆਪਣੇ ਤਾਮਸੀ ਸੁਭਾਅ ਨੂੰ ਦੂਰ ਕਰ, ਸ਼ਾਂਤੀ ਸੁਭਾਵ ਨੂੰ ਤਕੜਾ ਕਰ । ਸੁਆਸ ਸੁਆਸ ਨਾਮ ਜਪਣ ਨੂੰ ਜ਼ਿੰਦਗੀ ਦਾ ਸੁਚੱਜਾ ਢੰਗ ਬਣਾ। ਇਸ ਤਰੀਕੇ ਨਾਲ ਮੱਛੀ ਵਰਗਾ ਚੰਚਲ ਮਨ ਵਸ ਵਿਚ ਰੱਖ ਸਕੀਦਾ ਹੈ, ਮਨ ਵਿਕਾਰਾਂ ਵੱਲ ਨਹੀਂ ਦੌੜਦਾ, ਨਾ ਹੀ ਸਰੀਰ ਵਿਕਾਰਾਂ ਵਿਚ ਪੈ ਕੇ ਖੁਆਰ ਹੁੰਦਾ ਹੈ। ਫਿਰ ਆਖਦੇ ਹਨ ਕਿ ਹੇ ਮੂਰਖ ! ਤੂੰ ਕਿੱਥੇ ਭੁਲਿਆ ਫਿਰਦਾ ਹੈਂ। ਤੂੰ ਮਾਇਆ ਵੱਲੋਂ ਵੈਰਾਗਵਾਨ ਹੋ ਕੇ ਉੱਚੇ ਤੋਂ ਉੱਚੇ ਆਤਮਕ ਆਨੰਦ ਦੇ ਮਾਲਕ ਪ੍ਰਮਾਤਮਾ ਨੂੰ ਅਜੇ ਤੱਕ ਪਛਾਣ ਹੀ ਨਾ ਸਕਿਆ। ਹੇ ਜੋਗੀ ! ਤੂੰ ਨਾ ਜਰੇ ਜਾਣ ਵਾਲੇ ਕਾਮ ਨੂੰ ਸਾੜ ਦੇ, ਭਾਵ ਕਾਬੂ ਕਰ ਲੈ। ਭਰਮ ਨੂੰ ਤਿਆਗ ਦੇ ਇਸ ਚੰਚਲ ਮਨ ਨੂੰ ਆਪਣੇ ਵੱਸ ਵਿਚ ਰੱਖ। ਤਦੋਂ ਹੀ ਅਤਮਕ ਜੀਵਨ ਦੇਣ ਵਾਲਾ ਨਾਮ ਰਸ ਪੀ ਸਕੇਂਗਾ। ਗੁਰੂ ਵਚਨ ਹਨ, ‘‘ਸੂਰ ਸਰੁ ਸੋਸਿ ਲੈ, ਸੋਮ ਸਰੁ ਪੋਖਿ ਲੈ; ਜੁਗਤਿ ਕਰਿ ਮਰਤੁ, ਸੁ ਸਨਬੰਧੁ ਕੀਜੈ ॥ ਮੀਨ ਕੀ ਚਪਲ ਸਿਉ, ਜੁਗਤਿ ਮਨੁ ਰਾਖੀਐ; ਉਡੈ ਨਹ ਹੰਸੁ, ਨਹ ਕੰਧੁ ਛੀਜੈ ॥੧॥ ਮੂੜੇ ! ਕਾਇਚੇ ਭਰਮਿ ਭੁਲਾ ॥ ਨਹ ਚੀਨਿਆ, ਪਰਮਾਨੰਦੁ ਬੈਰਾਗੀ ॥੧॥ ਰਹਾਉ ॥ ਅਜਰ ਗਹੁ ਜਾਰਿ ਲੈ, ਅਮਰ ਗਹੁ ਮਾਰਿ ਲੈ; ਭ੍ਰਾਤਿ ਤਜਿ ਛੋਡਿ, ਤਉ ਅਪਿਉ ਪੀਜੈ ॥’’ (ਮ: ੧/੯੯੨)
ਇੰਜ ਲਗਦਾ ਹੈ, ਜਿਵੇਂ ਗੁਰੂ ਸਾਹਿਬ ਕਿਸੇ ਜਗਿਆਸੂ ਦੇ ਪ੍ਰਸ਼ਨ ਦਾ ਉੱਤਰ ਦੇ ਰਹੇ ਹੋਣ, ਜਿਵੇਂ ਸੂਰਜ ਨੂੰ ਕਾਬੂ ਕਰਨਾ ਕਠਿਨ ਹੈ, ਤਿਵੇਂ ਕਾਮ ਨੂੰ ਵਸ ਵਿਚ ਕਰਨਾ ਵੀ ਅਤੀ ਕਠਿਨ ਹੈ। ਪਵਣ ਸਮਾਨ ਉੱਡਣ ਵਾਲੇ ਮਨ ਨੂੰ ਟਿਕਾ ਕੇ ਰੱਖਣਾ ਕੋਈ ਸੌਖੀ ਗੱਲ ਨਹੀਂ। ਜੀਵ ਮਾਇਆ ਮੋਹ ਦੇ ਭਰਮ ਵਿਚ ਪੈਣ ਕਰ ਕੇ ਪਰਮੇਸ਼ਰ ਨੂੰ ਭੁਲਿਆ ਹੋਇਆ ਹੈ, ਜਿਸ ਕਰ ਕੇ ਜੰਮਦਾ ਮਰਦਾ ਰਹਿੰਦਾ ਹੈ। ਜੇ ਇਹ ਸਾਰੇ ਵਿਕਾਰ ਤਿਆਗ ਕੇ ਨਾਮ ਅੰਮ੍ਰਿਤ ਪੀ ਲਵੇ ਤਾਂ ਇਸ ਦਾ ਆਵਾਗਉਣ ਕੱਟਿਆ ਜਾ ਸਕਦਾ ਹੈ। ਇਹੀ ਭਾਵ ਭਾਈ ਗੁਰਦਾਸ ਜੀ ਆਪਣੇ ਇਸ ਵਿਚਾਰ ਅਧੀਨ ਕਬਿੱਤ ਵਿਚ ਦਰਸਾਂਦੇ ਹਨ।