ਕਬਿੱਤ ਨੰਬਰ 41 (ਭਾਈ ਗੁਰਦਾਸ ਜੀ)

0
257

ਕਬਿੱਤ ਨੰਬਰ 41 (ਭਾਈ ਗੁਰਦਾਸ ਜੀ)

ਪ੍ਰੀਤਮ ਸਿੰਘ (ਕਰਨਾਲ)-94164-05173

ਜੈਸੇ ਕੁਲਾ ਬਧੂ ਗੁਰਜਨ ਮੈ ਘੂਘਟਿ ਪਟ, ਸਿਹਜਾ ਸੰਜੋਗ ਸਮੈ ਅੰਤਰੁ ਨ ਪ੍ਰੀਅ ਸੈ ।

ਜੈਸੇ ਮਣਿ ਅਛਤ ਕੁਟੰਬ ਹੀ ਸਹਿਤ ਅਹਿ, ਬੰਕ ਤਨ ਸੂਧੋ ਬਿਲ ਪੈਸਤ ਹੁਇ ਜੀਅ ਸੈ ।

ਮਾਤਾ ਪਿਤਾ ਅਛਤ ਨ ਬੋਲੈ ਸੁਤ ਬਨਿਤਾ ਸੈ, ਪਾਛੇ ਕੈ ਦੈ ਸਰਬਸੁ ਮੋਹ ਸੁਤ ਤ੍ਰੀਅ ਸੈ ।

ਲੋਗਨ ਮੈ ਲੋਗਾਚਾਰ ਗੁਰਮੁਖਿ ਏਕੰਕਾਰ, ਸਬਦ ਸੁਰਤਿ ਉਨਮਨ ਮਨ ਹੀਅ ਸੈ ॥੪੧॥

ਸ਼ਬਦ ਅਰਥ: ਕੁਲਾ ਬਧੂ=ਘਰ ਦੀ ਨੂੰਹ।, ਗੁਰਜਨ=ਵਡੇਰੇ।, ਮੈ=ਵਿੱਚ।, ਘੂਘਟਿ ਪਟ=ਘੁੰਡ ਦਾ ਪਰਦਾ।, ਸੰਜੋਗ=ਮਿਲਾਪ।, ਮਣਿ=ਮਣੀ (ਸੱਪ ਦੀ ਮਣੀ)।, ਅਛਤ=ਹੁੰਦੇ ਹੋਏ।, ਅਹਿ= ਸੱਪ।, ਬੰਕ=ਟੇਢਾ।, ਸੂਧੋ=ਸਿੱਧਾ।, ਬਿਲ=ਖੁੱਡ।, ਬਨਿਤਾ=ਪਤਨੀ।

ਅਰਥ: ਜਿਸ ਪ੍ਰਕਾਰ ਘਰ ਦੀ ਨੂੰਹ ਘਰ ਦੇ ਵੱਡਿਆਂ ਦੇ ਸਾਹਮਣੇ ਘੁੰਡ ਦਾ ਪਰਦਾ ਕਰੀ ਰੱਖਦੀ ਹੈ ਪਰ ਸੇਜ ਉੱਤੇ ਆਪਣੇ ਪਤੀ ਨਾਲ ਮਿਲਾਪ ਸਮੇਂ ਕਿਸੇ ਕਿਸਮ ਦਾ ਕੋਈ ਪਰਦਾ ਨਹੀਂ ਰੱਖਦੀ। ਜਿਸ ਪ੍ਰਕਾਰ ਸੱਪ ਦਾ ਸਰੀਰ ਮਣੀ ਅਤੇ ਆਪਣੇ ਪਰਿਵਾਰ ਵਿੱਚ ਰਹਿੰਦਿਆਂ ਟੇਢਾ ਭਾਵ ਵਲੇਵੇਂ ਵਾਲਾ ਹੁੰਦਾ ਹੈ, ਪਰ ਜਦੋਂ ਖੁੱਡ ਵਿੱਚ ਵੜਦਾ ਹੈ ਤਾਂ ਸਰੀਰ ਨੂੰ ਬਿਲਕੁੱਲ ਸਿੱਧਾ ਕਰ ਲੈਂਦਾ ਹੈ।, ਜਿਸ ਪ੍ਰਕਾਰ ਮਾਤਾ ਪਿਤਾ ਦੇ ਸਾਹਮਣੇ ਸਪੁੱਤਰ ਆਪਣੀ ਪਤਨੀ ਨਾਲ ਨਹੀਂ ਬੋਲਦਾ ਪਰ ਇਕੱਲੇ ਹੁੰਦਿਆਂ ਪਤਨੀ ’ਤੇ ਸਾਰਾ ਪਿਆਰ ਲੁਟਾ ਦੇਂਦਾ ਹੈ।, ਇਸੇ ਪ੍ਰਕਾਰ ਗੁਰਸਿੱਖ ਲੋਕਾਂ ਵਿੱਚ ਦੁਨੀਆਂਦਾਰਾਂ ਵਾਂਗ ਹੀ ਵਿਚਰਦਾ ਹੈ ਪਰ ਅੰਦਰੋਂ ਉਹ ਗੁਰੂ ਦੇ ਸ਼ਬਦ ਵਿੱਚ ਸੁਰਤਿ ਜੋੜੀ ਰੱਖਦਾ ਹੈ ਉੱਚੀ ਆਤਮਿਕ ਅਵਸਥਾ ਵਿੱਚ ਰਹਿੰਦੇ ਹੋਏ ਪ੍ਰਭੂ ਨਾਲ ਇਕ ਮਿਕ ਹੋਇਆ ਰਹਿੰਦਾ ਹੈ।

ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਅੰਦਾਜ਼-ਏ-ਬਿਆਨ ਬੜੇ ਕਮਾਲ ਦਾ ਹੈ। ਗੁਰਬਾਣੀ ਦੇ ਸਿਧਾਂਤ ਨੂੰ ਬੜੇ ਸੁਚੱਜੇ ਤਰੀਕੇ ਨਾਲ ਮਿਸਾਲਾਂ ਦੇ ਕੇ ਸਮਝਾ ਰਹੇ ਹਨ; ਜਿਵੇਂ ਸੱਪ ਦੀ ਜੋ ਉਦਾਹਰਨ ਭਾਈ ਸਾਹਿਬ ਜੀ ਨੇ ਦਿੱਤੀ, ਕਮਾਲ ਦੀ ਹੈ। ਸੱਪ ਹਮੇਸ਼ਾਂ ਜਾਂ ਤਾਂ ਕੁੰਡਲ ਮਾਰ ਕੇ ਰਹਿੰਦਾ ਹੈ ਜਾਂ ਜਦੋਂ ਚਲਦਾ ਹੈ ਤਾਂ ਵੀ ਵਿੰਗਾ ਹੋ ਕੇ ਹੀ ਚਲਦਾ ਹੈ।, ਦੁਨੀਆਂ ਦੇ ਤਕਰੀਬਨ ਤਮਾਮ ਲੋਕਾਂ ਨੇ ਸੱਪ ਨੂੰ ਇਸੇ ਹਾਲਤ ਵਿੱਚ ਦੇਖਿਆ ਹੁੰਦਾ ਹੈ, ਪਰ ਜਦੋਂ ਉਹ ਖੁੱਡ ਵਿੱਚ ਵੜਨ ਲਗਦਾ ਹੈ ਤਾਂ ਸਿੱਧਾ ਹੋ ਕੇ ਵੜਦਾ ਹੈ। ਬਾਕੀ ਦੀਆਂ ਦੋ ਉਦਾਹਰਨਾਂ ਸਾਡੇ ਘਰਾਂ ਵਿੱਚੋਂ ਹੀ ਲਈਆਂ ਹਨ। ਜਿਨ੍ਹਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ।

ਇਸ ਕਬਿੱਤ ਰਾਹੀਂ ਭਾਈ ਗੁਰਦਾਸ ਜੀ ਸਮਝਾਉਣਾ ਚਾਹੁੰਦੇ ਹਨ ਕਿ ਗੁਰੂ ਦਾ ਸਿੱਖ ਜੋ ਅੰਤਹਿਕਰਣ ਤੋਂ ਆਪਣੇ ਗੁਰੂ ਨਾਲ ਜੁੜਿਆ ਹੁੰਦਾ ਹੈ, ਉਸ ਦਾ ਕਿਸੇ ਨੂੰ ਪਤਾ ਨਹੀਂ ਲੱਗਣ ਦੇਂਦਾ। ਆਪਣੀ ਭਗਤੀ ਦਾ ਢੰਡੋਰਾ ਨਹੀਂ ਪਿੱਟਦਾ ਰਹਿੰਦਾ ਭਾਵ ਸੰਸਾਰ ਵਿੱਚ ਉਹ ਬਾਕੀ ਸਭ ਲੋਕਾਂ ਵਾਂਗ ਕਿਰਤ ਕਾਰ ਕਰਦਾ ਰਹਿੰਦਾ ਹੈ, ਸਮਾਜ ’ਚ ਸਭ ਦੇ ਦੁਖ ਸੁਖ ਦਾ ਭਾਈਵਾਲ ਬਣਦਾ ਹੈ, ਪਰ ਹਾਂ ਇਹ ਵੱਖਰੀ ਗੱਲ ਹੈ ਕਿ ਭਗਤ ਆਪਣੇ ਆਪ (ਗੁਣਾਂ) ਨੂੰ ਭਾਵੇਂ ਛੁਪਾਣ ਦਾ ਯਤਨ ਕਿੰਨਾ ਵੀ ਕਰੇ, ਪ੍ਰਗਟ ਹੋ ਹੀ ਜਾਂਦਾ ਹੈ ‘‘ਹਰਿ ਕਾ ਭਗਤੁ ਪ੍ਰਗਟ, ਨਹੀ ਛਪੈ॥’’ (ਮ:੫/ਅੰਕ ੨੬੫)

ਭਾਈ ਵੀਰ ਸਿੰਘ ਜੀ ਸੱਚੇ ਸਾਧਕ ਦੀ ਇਸੇ ਅਵਸਥਾ ਨੂੰ ਬਨਫ਼ਸ਼ੇ ਦੇ ਫੁਲ (ਪਹਾੜੀ ਜੜ੍ਹੀ ਬੂਟੀ, ਜੋ ਕਈ ਦਵਾ ’ਚ ਕੰਮ ਆਉਂਦੀ ਹੈ ਤੇ ਫੁਲ ਬੈਂਗਣੀ ਰੰਗ ’ਚ ਬੜੇ ਸੁਗੰਧੀਦਾਰ ਹੁੰਦੇ ਹਨ) ਦੇ ਰੂਪ ਵਿੱਚ ਲਿਖਦੇ ਹਨ ‘‘ਮੇਰੀ ਭਿੰਨੀ ਇਹ ਖ਼ੁਸ਼ਬੋਇ, ਕਿਵੇਂ ਨਾ ਛੁਪਦੀ। ਮੇਰੀ ਛਿਪੇ ਰਹਿਣ ਦੀ ਚਾਹ, ਛਿਪੇ ਟੁਰ ਜਾਣ ਦੀ। ਹਾਇ ਪੂਰੀ ਹੁੰਦੀ ਨਾਂਹ, ਮੈਂ ਤਰਲੇ ਲੈ ਰਿਹਾ।’’ ਭਾਵ ਕਿ ਪ੍ਰਮਾਤਮਾ ਦਾ ਭਗਤ ਆਪਣਾ ਆਪਾ ਜ਼ਾਹਰ ਨਹੀਂ ਕਰਦਾ, ਪਰ ਜੋ ਮਨੁੱਖ ਅੰਤਰ ਆਤਮੇ ਗੁਰੂ ਨਾਲ ਜੁੜਿਆ ਹੁੰਦਾ ਹੈ ਉਸ ਦੇ ਅੰਦਰ ਰੂਹਾਨੀ ਖ਼ੁਸ਼ਬੋ ਇਤਨੀ ਭਰ ਜਾਂਦੀ ਹੈ ਕਿ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਆਪਣੇ ਆਪ ਨੂੰ ਛੁਪਾ ਨਹੀਂ ਸਕਦਾ ‘‘ਸੋ ਜੀਵਤ, ਜਿਹ ਜੀਵਤ ਜਪਿਆ॥ ਪ੍ਰਗਟ ਭਏ, ਨਾਨਕ  ! ਨਹ ਛਪਿਆ॥’’ (ਮ:੫/ਅੰਕ ੨੫੪)

ਜੋ ਮਨੁੱਖ ਆਪਣੀ ਭਗਤੀ ਦਾ ਵਿਖਾਵਾ ਕਰਨ ਤਾਂ ਸਮਝ ਲਵੋ ਕਿ ਉਸ ਦੇ ਪੱਲੇ ਕੁਛ ਵੀ ਨਹੀਂ। ‘ਥੋਥਾ ਚਣਾ ਬਾਜੇ ਘਣਾ’ ਵਾਲੀ ਗੱਲ ਹੈ। ਗੁਰਬਾਣੀ ਤਾਂ ਇੱਥੋਂ ਤੱਕ ਸਮਝਾਂਦੀ ਹੈ ਕਿ ਜਿਸ ਮਨੁੱਖ ਦੇ ਹਿਰਦੇ ’ਚ ਪ੍ਰਮਾਤਮਾ ਪ੍ਰਤੀ ਪਿਆਰ ਨਹੀਂ, ਜੋ ਉਸ ਦਾ ਨਾਮ ਨਹੀਂ ਜਪਦਾ, ਉਸ ਨੂੰ ਜਿਉਂਦਾ ਨਾ ਜਾਣੋ; ਜਿਵੇਂ ‘‘ਸੋ ਜੀਵਿਆ, ਜਿਸੁ ਮਨਿ ਵਸਿਆ ਸੋਇ॥ ਨਾਨਕ  ! ਅਵਰੁ ਨ ਜੀਵੈ ਕੋਇ॥’’ (ਮ:੧/ਅੰਕ ੧੪੨) ਗੁਰੂ ਹਰਿਗੋਬਿੰਦ ਸਾਹਿਬ ਜੀ ‘ਦੌਲਤ ਗੁਜ਼ਰਾਨ, ਪੁੱਤਰ ਨਿਸ਼ਾਨ ਤੇ ਔਰਤ ਈਮਾਨ’ ਦੀ ਗੱਲ ਕਰਦੇ ਹੋਏ ਦੁਨੀਆਂਦਾਰੀ ਨਿਭਾਉਂਦੇ ਹੋਏ ਦਰਵੇਸ਼ (ਫ਼ਕੀਰ) ਬਣਨ ਦੀ ਜੁਗਤ ਦੱਸਦੇ ਹਨ। ਇਸੇ ਜੁਗਤ ਨੂੰ ਅਪਣਾ ਕੇ ਗੁਰਸਿੱਖ ਆਪਣਾ ਜਨਮ ਸਫਲਾ ਕਰਦਿਆਂ ‘‘ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥ (ਭਗਤ ਕਬੀਰ/੧੩੭੬), ਸਾਚਿ ਨਾਮਿ; ਮੇਰਾ ਮਨੁ ਲਾਗਾ॥ ਲੋਗਨ ਸਿਉ; ਮੇਰਾ ਠਾਠਾ ਬਾਗਾ ॥’’ (ਮ: ੫/੩੮੪) ਵਾਲ਼ੀ ਅਵਸਥਾ ਭੋਗਦੇ ਹਨ, ਨਾ ਕਿ ਆਪਣੇ ਭਗਤੀ ਭੇਖ ਨੂੰ ਸਿਰ ਉੱਤੇ ਉੱਠਾ ਕੇ ਚਲਦੇ ਹਨ, ਤਾਂ ਜੋ ਲੋਕ ਉਨ੍ਹਾਂ ਦੀ ਕਦਰ ਕਰਨ।