ਝੂਠੁ ਨ ਬੋਲਿ ਪਾਡੇ ਸਚੁ ਕਹੀਐ॥
ਗਿਆਨੀ ਸੁਖਜਿੰਦਰ ਸਿੰਘ
ਉਕਤ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ਤੋਂ ਰਾਮਕਲੀ ਰਾਗ ਅੰਦਰ ਉਚਾਰਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ ਨੰਬਰ ੯੦੫ ’ਤੇ ਸੰਪਾਦਿਤ ਕੀਤਾ ਗਿਆ ਹੈ। ਇਸ ਸ਼ਬਦ ਦੇ ਵਿੱਚ ਝੂਠ ਨਾ ਬੋਲਣ ਦੀ ਤਾਕੀਦ ਕਰਦਿਆਂ ਹੋਇਆਂ ਪਾਂਡੇ ਨੂੰ ਨਸੀਹਤ ਦਿੱਤੀ ਗਈ ਹੈ। ਝੂਠ ਅਕਸਰ ਨਿਜੀ ਮੁਫਾਦ ਲਈ ਬੋਲਿਆ ਜਾਂਦਾ ਹੈ, ਜਿਸ ਦਾ ਮਕਸਦ ਝੂਠ ਬੋਲਣ ਵਾਲੇ ਸਖ਼ਸ਼ ਵੱਲੋਂ ਨਿਜੀ ਤੌਰ ’ਤੇ ਕੋਈ ਨਾ ਕੋਈ ਫਾਇਦਾ ਜਾਂ ਲਾਭ ਲੈਣਾ ਹੁੰਦਾ ਹੈ।
ਇੱਥੇ ਇਹ ਗੱਲ ਵੀ ਸਮਝਣ ਯੋਗ ਹੈ ਕਿ ਝੂਠ ਅਗਰ ਕਿਸੇ ਦੀ ਪੱਤ ਢੱਕਦਾ ਹੋਵੇ ਜਾਂ ਕਿਸੇ ਨੂੰ ਨੁਕਸਾਨ ਤੋਂ ਬਚਾਉਂਦਾ ਹੋਵੇ ਤਾਂ ਉਥੇ ਬੋਲਿਆ ਗਿਆ ਝੂਠ ਜਾਇਜ਼ ਵੀ ਕਹਿਆ ਜਾ ਸਕਦਾ ਹੈ।
ਪਾਂਡੇ ਜਿਨ੍ਹਾਂ ਨੂੰ ਪੰਡਿਤ, ਤੀਰਥ ਪੁਰੋਹਿਤ, ਪੁਜਾਰੀ ਵੀ ਕਿਹਾ ਜਾਂਦਾ ਹੈ, ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਲੁਕਾਈ ਨੂੰ ਉਸ ਦੇ ਕਲਿਆਣ ਲਈ, ਮਰੇ ਹੋਏ ਬੰਦੇ ਦੀ ਮੁਕਤੀ ਲਈ ਅਤੇ ਜਿਊੁਂਦੇ ਮਨੁੱਖਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਅਨੇਕਾਂ ਪ੍ਰਕਾਰ ਦੇ ਕਾਰਜ ਝੂਠ ਬੋਲ ਕੇ ਕਰਦੇ ਸੀ।
ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਪੂਰਾ ਸਮਾਜ ਆਪਣੀ ਅਗਿਆਨਤਾ ਵੱਸ ਇਨ੍ਹਾਂ ਪਾਂਡਿਆਂ ਦੇ ਹੱਥਾਂ ਵਿੱਚ ਸੀ। ਪਾਂਡਾ ਝੂਠ ਬੋਲ ਬੋਲ ਕੇ ਮੁਕਤੀ ਦੇ ਨਾਂ ’ਤੇ ਲੋਕਾਂ ਕੋਲੋਂ ਆਪਣੀ ਪੂਰਤੀ ਲਈ ਖਾਦ ਪਦਾਰਥ, ਧਨ ਦੌਲਤ ਆਦਿ ਇਕੱਠਾ ਕਰਦਾ ਸੀ, ਪਰ ਆਮ ਲੁਕਾਈ ਨੂੰ ਕੋਈ ਫਲ, ਕੋਈ ਫਾਇਦਾ ਨਹੀਂ ਸੀ ਹੁੰਦਾ। ਇਹ ਲੁੱਟ ਸ਼ਰਾਧਾਂ ਦੇ ਨਾਮ ’ਤੇ, ਤੀਰਥ ਅਸਥਾਨਾਂ ਉੱਤੇ ਦਾਨ ਦੇ ਰੂਪ ਵਿੱਚ, ਘਰਾਂ ਵਿੱਚ ਹਵਨ ਦੇ ਰੂਪ ਵਿੱਚ, ਉਸ ਵਕਤ ਪਾਂਡੇ ਵੱਲੋਂ ਹੁੰਦੀ ਸੀ, ਜੋ ਅੱਜ ਵੀ ਜਾਰੀ ਹੈ।
ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰੀ ਬਾਣੀ ਦੀ ਇਹ ਖਾਸੀਅਤ ਹੈ ਕਿ ਉਹਨ੍ਹਾਂ ਨੇ ਉਸ ਵਕਤ ਸਮਕਾਲੀ ਘਟਨਾਵਾਂ, ਸਮਾਜਿਕ ਹਾਲਾਤਾਂ ਦਾ ਜ਼ਿਕਰ ਬਾਖੂਬੀ, ਬੜੀ ਹੀ ਸਪੱਸ਼ਟਤਾ ਨਾਲ ਨਸੀਹਤ ਦੇਣ ਦੇ ਲਈ ਕੀਤਾ ਹੈ।
ਗੁਰੂ ਨਾਨਕ ਸਾਹਿਬ ਜੀ ਦੀ ਕਲਾਤਮਕ ਸ਼ੈਲੀ ਜਿੱਥੇ ਸਾਨੂੰ ਉਹਨਾਂ ਦੀਆਂ ਸਮਕਾਲੀ ਘਟਨਾਵਾਂ ਬਾਬਤ, ਹਾਲਾਤਾਂ ਬਾਰੇ ਜਾਣਕਾਰੀ ਦਿੰਦੀ ਹੈ, ਉੱਥੇ ਹੀ ਅਜੋਕੇ ਸਮੇਂ ਲਈ ਉਦਾਹਰਣਾਂ ਦੇ ਰੂਪ ਵਿੱਚ, ਸਿੱਖਿਆਵਾਂ ਦੇ ਰੂਪ ਵਿੱਚ ਸਾਨੂੰ ਪ੍ਰੇਰਨਾ ਦੇਂਦਿਆਂ ਹੋਇਆਂ ਸਾਡਾ ਮਾਰਗ ਦਰਸ਼ਨ ਕਰਦੀ ਹੈ।
ਗੁਰੂ ਨਾਨਕ ਸਾਹਿਬ ਜੀ ਦੀਆਂ ਨਸੀਹਤਾਂ, ਸਿੱਖਿਆ ਰੂਪ ਵਿੱਚ ਇਕੱਲੀਆਂ ਪਾਂਡੇ ਲਈ ਨਹੀਂ ਹਨ। ਅਜੋਕੇ ਸਮੇਂ ਦੇ ਪ੍ਰਚਾਰਕਾਂ, ਕੀਰਤਨੀਆਂ, ਕਥਾਵਾਚਕਾਂ, ਰਾਗੀਆਂ, ਢਾਡੀਆਂ, ਪਾਠੀਆਂ, ਗ੍ਰੰਥੀ ਸਾਹਿਬਾਨ ਸਭ ਲਈ ਵੀ ਹਨ। ਜੋ ਗੁਰਮਤਿ ਦੇ ਸਿਧਾਂਤਾਂ ਦੇ ਉਲਟ ਜਾਂ ਨਿੱਜੀ ਲਾਭ ਲਈ ਕਿਸੇ ਨਾ ਕਿਸੇ ਰੂਪ ਵਿੱਚ ਝੂਠ ਦਾ ਸਹਾਰਾ ਲੈ ਸੰਗਤਾਂ ਨੂੰ ਭਰਮਾਉਂਦੇ, ਵਰਗਲਾਉਂਦੇ ਰਹਿੰਦੇ ਹਨ।
ਆਓ ਅਸੀਂ ਇਸ ਪੱਖੋਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਕਿ ਕਿਤੇ ਅਸੀਂ ਵੀ ਪਾਂਡੇ ਵਾਲੇ ਰਾਹ ’ਤੇ ਤਾਂ ਨਹੀਂ ? ਜੇ ਅਸੀਂ ਵੀ ਆਪਣੇ ਨਿਜ ਲਾਭ ਲਈ ਆਪਣੇ ਮੁੱਖ ਤੋਂ ਝੂਠ ਬੋਲਦੇ ਹਾਂ ਜਾਂ ਲੁਕਾਈ ਨੂੰ ਭਰਮਾਉਂਦੇ, ਠੱਗਦੇ ਹਾਂ ਤਾਂ ਨਿਸ਼ਚਿਤ ਹੀ ਇਹ ਨਸੀਹਤ ਸਾਡੇ ਸਭ ਲਈ ਵੀ ਹੈ।
ਗੁਰਮਤਿ ਦੇ ਪ੍ਰਚਾਰਕਾਂ ਲਈ ਹੀ ਕਿਉਂ ਬਲਕਿ ਹੋਰ ਧਰਮਾਂ, ਮੱਤਾਂ ਮਤਾਂਤਰਾਂ ਨੂੰ ਮੰਨਣ ਵਾਲੇ ਸਾਰੇ ਧਰਮ ਦੇ ਆਗੂਆਂ ਲਈ ਵੀ ਇਹ ਨਸੀਹਤ ਹੈ। ਅਜੋਕੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਕ੍ਰਿਸਚਨ ਪ੍ਰਚਾਰਕ ਝੂਠ ਬੋਲ ਬੋਲ ਕੇ ਲੁਕਾਈ ਨੂੰ ਠੱਗ ਰਹੇ ਹਨ, ਭਰਮਾ ਰਹੇ ਹਨ ਉਹਨਾਂ ਨੂੰ ਉਹਨਾਂ ਦੇ ਅਕੀਦੇ ਤੋਂ, ਧਰਮ ਤੋਂ ਤੋੜ ਰਹੇ ਹਨ। ਇਸਲਾਮ ਵਿੱਚ ਵੀ ਧਾਰਮਿਕ ਅਖਵਾਉਂਦੇ ਆਗੂ ਪੀਰਾਂ, ਪੈਗੰਬਰਾਂ ਦੇ ਨਾਮ ’ਤੇ ਕਿਵੇਂ ਕੁਫਰ ਤੋਲਦੇ ਹੋਏ ਝੂਠੇ ਇਲਮਾਂ ਰਾਹੀਂ ਲੋਕਾਂ ਨੂੰ ਠੱਗ ਰਹੇ ਹਨ। ਗੁਰੂ ਨਾਨਕ ਸਾਹਿਬ ਜੀ ਦੇ ਇਨਕਲਾਬੀ ਬੋਲਾਂ ਨੇ ਸਚਾਈ ਨਾਲ ਜਿਵੇਂ ਪਾਂਡੇ ਦੇ ਝੂਠ ਨੂੰ ਉਜਾਗਰ ਕੀਤਾ ਅਤੇ ਸੱਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਆ; ਇਵੇਂ ਹੀ ਗੁਰਬਾਣੀ ਹਰ ਸਿੱਖ ਨੂੰ ਸੱਚ ਅਤੇ ਲੁਕਾਈ ਨੂੰ ਭਰਮ ਭੁਲੇਖਿਆਂ ਵਿਚੋਂ ਬਾਹਰ ਕੱਢ ਉਹਨਾਂ ਨੂੰ ਸੱਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਦੀ ਹੈ।
ਗੁਰਮਤਿ ਦੀ ਵਿਚਾਰਧਾਰਾ ਮਨੁੱਖ ਨੂੰ ਸਚਿਆਰ ਬਣਾਉਣ ਲਈ ਉਸ ਦੇ ਨਿੱਜੀ ਜੀਵਨ ਦੀ ਘਾੜਤ ਘੜਦੀ ਹੈ। ਜਿਸ ਨਾਲ ਮਨੁੱਖ ਭੌਤਿਕ ਖਵਾਹਿਸ਼ਾਂ ਵਾਲੇ ਨਿੱਜ ਲਾਭ ਤੋਂ ਉੱਪਰ ਉੱਠ, ਹਰ ਮਨੁੱਖ ਮਾਤਰ ਦੀ ਬਿਨਾਂ ਕਿਸੇ ਊਚ ਨੀਚ, ਜਾਤੀ ਵਿਤਕਰੇ ਤੋਂ ਆਪਣੇ ਆਪ ਨੂੰ ਸੇਵਾ ਲਈ ਸਮਰਪਿਤ ਕਰਦਾ ਹੈ। ਜਿਸ ਨਾਲ ਸੁਚੱਜੇ ਸਮਾਜ ਦੀ ਬਣਤਰ ਬਰਕਰਾਰ ਰਹਿੰਦੀ ਹੈ। ਮਨੁੱਖੀ ਜਾਤੀ; ਵਿਕਾਸ ਵਾਲੇ ਰਾਹ ’ਤੇ ਤੁਰਦੀ ਹੈ। ਅਜੋਕੇ ਸਮੇਂ ਦੇ ਬਿਖੜੇ ਹਾਲਾਤਾਂ ਵਿੱਚ ਸਾਨੂੰ ਝੂਠ ਦਾ ਸਹਾਰਾ ਛੱਡ ਗੁਰਬਾਣੀ ਰਾਹੀਂ ਗੁਰਮਤਿ ਦੇ ਦੱਸੇ ਸੱਚੇ ਮਾਰਗ ’ਤੇ ਚੱਲਣਾ ਚਾਹੀਦਾ ਹੈ ਤਾਂ ਹੀ ਸਮਾਜਿਕ ਪਿਆਰ ਸਤਿਕਾਰ ਮਿਲਦਾ ਹੈ ‘‘ਸਚੈ ਮਾਰਗਿ ਚਲਦਿਆ; ਉਸਤਤਿ ਕਰੇ ਜਹਾਨੁ॥’’ (ਮਹਲਾ ੫/੧੩੩)
ਮਨੂੱਖ ਨੇ ਝੂਠ ਬੋਲ ਬੋਲ ਕੇ ਲੁਕਾਈ ਨੂੰ ਠੱਗਣਾ ਸ਼ੁਰੂ ਕਰ ਦਿੱਤਾ, ਪਰ ਠੱਗੇ ਉਹੀ ਜਾਂਦੇ ਹਨ, ਜੋ ਗੁਰਬਾਣੀ/ਗੁਰਮਤਿ ਦੇ ਗਿਆਨ ਤੋਂ ਸੱਖਣੇ ਹਨ। ਜਿਨ੍ਹਾਂ ਅੰਦਰ ਐਸੇ ਭਰਮਾਂ ਪ੍ਰਤੀ ਗਿਆਨ ਰੂਪ ਚਾਨਣ ਹੈ, ਉਹ ਸੱਚੇ ਗਿਆਨ ਦੇ ਸੋਮੇ ਨਾਲ ਆਪਣੇ ਮੂਲ ਦੀ ਪਹਿਚਾਣ ਕਰ ਲੈਂਦੇ ਹਨ। ਫਿਰ ਉਨ੍ਹਾਂ ਦੀ ਆਤਿਮਕ ਮੌਤ (ਜੋ ਕਿ ਝੂਠ ਬੋਲ ਕੇ ਆਪ ਹੀ ਸਹੇੜੀ ਹੁੰਦੀ ਹੈ) ਨਹੀਂ ਹੁੰਦੀ ਅਤੇ ਫਿਰ ਉਹ ਪਾਂਡੇ ਵਰਗ ਵੱਲੋਂ ਫੈਲਾਏ ਭਰਮਾਂ ਤੋਂ ਵੀ ਬਚ ਜਾਂਦੇ ਹਨ, ਝੂਠ ਤੋਂ ਬਚ ਵਿਸ਼ੇ ਵਿਕਾਰਾਂ ਤੋਂ ਵੀ ਬਚ ਜਾਂਦੇ ਹਨ।
ਨਾ ਓਹਿ ਮਰਹਿ; ਨ ਠਾਗੇ ਜਾਹਿ॥ ਜਿਨ ਕੈ ਰਾਮੁ ਵਸੈ; ਮਨ ਮਾਹਿ॥’’ (ਜਪੁ ਜੀ ਸਾਹਿਬ)
ਪਰ ਜਿਵੇਂ ਖੋਟਾ ਸੋਨਾ ਕੁਠਾਲੀ ਵਿਚ ਪੈਣ ਤੋਂ ਬਾਅਦ ਅਸਲ ਬਾਕੀ ਰਹਿ ਜਾਂਦਾ ਹੈ ਕਿਉਂਕਿ ਖੋਟ ਸੜ ਜਾਂਦਾ ਹੈ, ਇਵੇਂ ਹੀ ਝੂਠ ਵੀ ਸੱਚ ਦੀ ਕਸਵੱਟੀ ’ਤੇ (ਗੁਰਮਤਿ ਦੀ ਰੋਸ਼ਨੀ ਵਿੱਚ) ਕਦੇ ਪੂਰਾ ਨਹੀਂ ਉਤਰਦਾ, ਸੱਚ ਪ੍ਰਗਟ ਹੋ ਨਿਖਰਦਾ ਹੈ। ਝੂਠ ਬੰਦੇ ਦੀ ਪਤ ਗਵਾ ਦਿੰਦਾ ਹੈ।
ਕਬੀਰ ਕਸਉਟੀ ਰਾਮ ਕੀ; ਝੂਠਾ ਟਿਕੈ ਨ ਕੋਇ॥
ਰਾਮ ਕਸਉਟੀ ਸੋ ਸਹੈ; ਜੋ ਮਰਜੀਵਾ ਹੋਇ॥ (ਭਗਤ ਕਬੀਰ ਜੀ/੯੪੮)
ਜਦੋਂ ਵੀ ਮਨੁੱਖ ਦੇ ਜੀਵਨ ਅੰਦਰ ਆਪਣੀ ਨਿੱਜ ਦੀ ਮਾਨਤਾ ਕਰਾਉਣ ਦਾ ਝੱਲ ਪੈਦਾ ਹੋਇਆ, ਉਸ ਨੇ ਝੂਠ ਦੇ ਆਸਰੇ ਹੀ ਮਨੁੱਖਤਾ ਨੂੰ ਭਰਮਾਇਆ ਅਤੇ ਆਪਣੇ ਧਰਮੀ ਹੋਣ ਦਾ ਜਾਲ ਪਾਇਆ। ਝੂਠ ਦੀ ਬੁਨਿਆਦ ਤੇ ਆਪਣੀ ਮਹਾਨਤਾ ਦਰਸਾਉਣ ਵਾਲੇ ਇਨ੍ਹਾਂ ਬਨਾਰਸ ਦੇ ਠੱਗਾਂ ਦੇ ਹੱਥ ਵਿੱਚ ਫੜੀ ਹੋਈ ਮਾਲਾ, ਤਨ ’ਤੇ ਪਾਏ ਹੋਏ ਲੰਬੇ ਚੋਲੇ, ਹੱਥਾਂ ਵਿੱਚ ਪਾਣੀ ਦੇ ਗੜਵੇ, ਚਿਮਟੇ ਛੈਣੇ ਤੇ ਵੀਹ ਪੰਝੀ ਚੇਲਿਆਂ ਨੂੰ ਵੇਖ ਕੇ ਦੂਰੋਂ ਹੀ ਸਿਰ ਝੁਕਾਉਂਦੇ ਹੋਏ ਸੰਤ, ਮਹੰਤ ਸਮਝ ਵਿਸਮਾਦ ਵਿੱਚ ਆ ਨੀ ਬੇਬੇ, ਨੀ ਬੇਬੇ, ਦੇਖ ਸੰਤ ਜੀ ਤੁਰੇ ਆਉਂਦੇ ਨੇ, ਕਹਿ ਕੇ ਗੁਰੂ ਗ੍ਰੰਥ ਸਾਹਿਬ ਨਾਲੋਂ ਵਧ ਸਤਿਕਾਰ ਦੇਣ ਦੀ ਲੀਹ ਪਾ ਲਈ ਭਾਵੇਂ ਕਿ ਸੰਤ ਜੀ ਦਾ ਪਤਾ ਹੀ ਉਦੋਂ ਚਲਿਆ ਜਦੋਂ ਬੇਬੇ ਦੀ ਸੋਨੇ ਦੀ ਜ਼ੰਜੀਰ ਵੀ ਲੁਹਾ ਕੇ ਲੈ ਗਏ ਤੇ ਜਾਂਦੇ ਜਾਂਦੇ ਕਹਿ ਗਏ ਚੰਗਾ ਬੀਬਾ ਡੇਰੇ ਆਉਣਾ ਨਾ ਭੁਲਣਾ, ਉੱਥੋਂ ਆਪ ਜੀ ਦੀ ਹਰ ਮੁਰਾਦ ਪੂਰੀ ਹੋਵੇਗੀ। ਬੇਬੇ ਦੀ ਮੁਰਾਦ ਤੇ ਕੀ ਪੂਰੀ ਹੋਣੀ ਸੀ, ਉਹ ਆਪਣੀ ਮੁਰਾਦ ਪੂਰੀ ਕਰਕੇ ਚੱਲਦੇ ਬਣੇ ਤੇ ਬੇਬੇ ਬਿੱਟ ਬਿੱਟ ਕਰਕੇ ਤੱਕਦੀ ਰਹਿ ਗਈ। ਐਸੇ ਦੰਭੀਆਂ ਦੇ ਮੁੱਖ ਤੋਂ ਝੂਠ ਦੇ ਨਕਾਬ ਉਤਾਰਨ ਲਈ ਹੀ ਗੁਰੂ ਨਾਨਕ ਸਾਹਿਬ ਜੀ ਨੇ ਪਾਂਡੇ ਨੂੰ ਸੰਬੋਧਨ ਕਰਦਿਆਂ ਝੂਠ ਨਾ ਬੋਲਣ ਲਈ ਉਪਦੇਸ਼ ਦਿੱਤਾ ਸੀ। ਉਸ ਤੋਂ ਪਹਿਲਾਂ ਪਾਂਡੇ ਦੇ ਝੂਠ ਨੂੰ ਸੰਸਾਰ ਅੱਗੇ ਭਗਤ ਕਬੀਰ ਜੀ ਨੇ ਵੀ ਜਗ ਜ਼ਾਹਰ ਕੀਤਾ ਹੈ ‘‘ਗਲੀ ਜਿਨਾ ਜਪਮਾਲੀਆ; ਲੋਟੇ ਹਥਿ ਨਿਬਗ॥ ਓਇ ਹਰਿ ਕੇ ਸੰਤ ਨ ਆਖੀਅਹਿ; ਬਾਨਾਰਸਿ ਕੇ ਠਗ॥’’ (ਭਗਤ ਕਬੀਰ ਜੀ/੪੭੬)
ਅੱਜ ਦੇ ਸਮੇਂ ਬਹੁਤਾਤ ਸਿੱਖ ਝੂਠ ਦਾ ਸਹਾਰਾ ਲੈ ਕੇ ਧਰਮ ਦੇ ਆਗੂ ਬਣੇ ਹੋਏ ਹਨ ਭਾਵੇਂ ਕੋਈ ਕਿਸੀ ਸੰਸਥਾ ਦਾ ਮੁਖੀ ਹੋਵੇ ਜਾਂ ਜੱਥੇਦਾਰ। ਜਦੋਂ ਤਕ ਪਰਦਾ ਹੈ ਉਦੋਂ ਤੱਕ ਝੂਠ ਲੁਕਿਆ ਹੈ, ਜਿਸ ਦਿਨ ਭਰਮਾਂ ਦਾ ਘੁੰਡ ਚੁੱਕਿਆ ਗਿਆ, ਉਸ ਦਿਨ ਭੱਜਣ ਲਈ ਰਾਹ ਲੱਭਣਾ ਔਖਾ ਹੋ ਜਾਵੇਗਾ ਤੇ ਪੰਥ ਖੁਸ਼ੀ ਵਿੱਚ ਆਖੇਗਾ ‘‘ਭ੍ਰਮ ਕੇ ਪਰਦੇ ਸਤਿਗੁਰ ਖੋਲੇ॥’’ (ਮਹਲਾ ੫/੩੮੫)
ਜਿਵੇਂ ਪੁਰਾਣੀ ਕੁਰੰਬਲ ਪੱਤੇ ਦਾ ਰੂਪ ਲੈ ਆਪਣੇ ਵਿੱਚੋਂ ਹੀ ਨਵੀਂ ਕੁਰੰਬਲ ਪੈਦਾ ਕਰਦੀ ਹੈ; ਇਵੇਂ ਇਨ੍ਹਾਂ ਪਾਂਡਿਆਂ ਵੱਲੋਂ ਝੂਠ ਦੇ ਸਹਾਰੇ ਪਾਏ ਹੋਏ ਭਰਮਾਂ ਵਿੱਚੋਂ ਨਵੇਂ ਨਵੇਂ ਭਰਮ ਨਿਕਲਦੇ ਹਨ। ਜਿਸ ਦਿਨ ਸੱਚ ਦਾ ਅਹਿਸਾਸ ਹੋਇਆ, ਉਸ ਦਿਨ ਸਾਰੇ ਗੁਰਬਾਣੀ ਦੀਆਂ ਲੀਹਾਂ ’ਤੇ ਚੱਲਦੇ ਹੋਏ ਆਖਣਗੇ ‘ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ।’ ਜਿਸ ਦਿਨ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਨੂੰ ਦਿਲੋਂ ਗੁਰੂ ਮੰਨ ਲਇਆ, ਉਸ ਦਿਨ ਦਿਲ ਵਿੱਚੋਂ ਝੂਠ ਅਤੇ ਝੂਠ ਸਹਾਰੇ ਖੜ੍ਹੇ ਕੀਤੇ ਵਪਾਰ-ਭਰਮ ਆਪਣੇ ਆਪ ਹੀ ਖ਼ਤਮ ਹੋ ਜਾਣਗੇ।