ਇੱਛਾ ਬਲ ਤੇ ਡੂੰਘੀਆਂ ਸ਼ਾਮਾਂ
ਪ੍ਰਸ਼ਨ-
ਸੰਝ ਹੋਈ ਪਰਛਾਵੇਂ ਛੁਪ ਗਏ ਕਿਉਂ ਇੱਛਾ ਬਲ ਤੂੰ ਜਾਰੀ?
ਨੈਂ ਸਰੋਦ ਕਰ ਰਹੀ ਉਵੇਂ ਹੀ ਤੇ ਟੁਰਨੋਂ ਬੀ ਨਹਿੰ ਹਾਰੀ,
ਸੈਲਾਨੀ ਤੇ ਪੰਛੀ ਮਾਲੀ, ਹਨ ਸਭ ਅਰਾਮ ਵਿਚ ਆਏ,
ਸਹਿਮ ਸਵਾਦਲਾ ਛਾ ਰਿਹਾ ਸਾਰੇ ਤੇ ਕੁਦਰਤ ਟਿਕ ਗਈ ਸਾਰੀ।
ਚਸ਼ਮੇ ਦਾ ਉੱਤਰ-
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਓ ਕਰ ਅਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ ? ਓ ਦਿਨੇ ਰਾਤ ਪਏ ਵਹਿੰਦੇ।
ਇਕੋ ਲਗਨ ਲਗੀ ਲਈ ਜਾਂਦੀ ਹੈ ਟੋਰ ਅਨੰਤ ਉਨ੍ਹਾਂ ਦੀ-
ਵਸਲੋਂ ਉਰ੍ਹੇ ਮੁਕਾਮ ਨ ਕੋਈ, ਸੋ ਚਾਲ ਪਏ ਨਿਤ ਰਹਿੰਦੇ।
– ਭਾਈ ਵੀਰ ਸਿੰਘ