ਵਿਸਮਿਕ ਸ਼ਬਦ
ਗਿਆਨੀ ਅਵਤਾਰ ਸਿੰਘ-94650-40032
ਕਿਸੇ ਵੀ ਭਾਸ਼ਾ ਦੀ ਰਾਹੀਂ, ਉਸ ਵਿੱਚ ਦਰਜ, ਬਹੁ ਕੀਮਤੀ ਉਪਦੇਸਾਂ ਨੂੰ ਸਮਝਣ / ਸਮਝਾਉਣ ਲਈ ਉਸ ਭਾਸ਼ਾ ਦੀ ਬਹੁ ਪੱਖੀ ਜਾਣਕਾਰੀ ਹੋਣੀ ਬਹੁਤ ਹੀ ਜ਼ਰੂਰੀ ਹੁੰਦੀ ਹੈ ਕਿਉਂਕਿ ਭਾਸ਼ਾ ਦਾ ਬੋਧ ਨਾ ਹੋਣ ਕਾਰਨ, ਉਸ ਵਿੱਚ ਦਰਜ ਬਹੁ ਕੀਮਤੀ ਗਿਆਨ (ਉਪਦੇਸ਼ਾਂ) ਨੂੰ ਭਵਿੱਖ (ਸਦੀਵੀ) ਕਾਲ ਤੱਕ ਜਿਉਂ ਦਾ ਤਿਉਂ ਜੀਵਤ ਨਹੀਂ ਰੱਖਿਆ ਜਾ ਸਕਦਾ।
ਸਮੇਂ ਦੇ ਚੱਕ੍ਰਕਾਲ ਦੇ ਪ੍ਰਭਾਵ ਹੇਠ ਹਰ ਭਾਸ਼ਾ ਵਿਕਸਤ ਹੁੰਦੀ ਰਹਿੰਦੀ ਹੈ। ਤਦ ਇਹ ਵਿਸ਼ਾ ਹੋਰ ਵੀ ਅਤਿ ਜ਼ਰੂਰੀ ਬਣ ਜਾਂਦਾ ਹੈ ਜਦ ਮਨੁੱਖ ਦੀ ਰੂਹ (ਆਤਮਾ) ਦੀ ਅਮੋਲਕ ਖ਼ੁਰਾਕ ਹੀ ਉਸ ਭਾਸ਼ਾ ਵਿੱਚ ਸਮੇਟੀ ਪਈ ਹੋਵੇ, ਇਸ ਲਈ ਪੁਰਾਤਨ ਭਾਸ਼ਾ ਅਤੇ ਨਵੀਨਤਮ (ਵਿਕਸਤ ਹੋਈ) ਭਾਸ਼ਾ ’ਚ ਸੰਤੁਲਨ ਨੂੰ ਬਣਾਏ ਰੱਖਣ ਲਈ ਸੰਬੰਧਿਤ ਭਾਸ਼ਾ ਦੇ ਵਿਦਵਾਨ, ਬੁਧੀਜੀਵੀ, ਲੇਖਕ ਆਦਿ ਮਿਲ਼ ਕੇ ਇੱਕ ਆਮ ਨਾਗਰਿਕ ਲਈ, ਉਸ ਭਾਸ਼ਾ ਨੂੰ ਸਮਝਣ ਦੇ ਕੁਝ ਸਰਲ ਨਿਯਮ ਬਣਾਉਂਦੇ ਹਨ, ਜਿਸ ਦਾ ਨਾਮ ਸਮੇਂ ਅਨੁਸਾਰ ਵਿਆਕਰਨ ਰੱਖ ਦਿੱਤਾ ਜਾਂਦਾ ਹੈ ਪਰ ਕੁਝ ਰੂੜ੍ਹੀਵਾਦੀ (ਸਮੇਂ ਦੀ ਵਿਕਸਤ ਭਾਸ਼ਾ ਨਾਲ਼ ਤਾਲਮੇਲ ਨਾ ਬੈਠਾ ਸਕਣ ਵਾਲੇ) ਇਸ ਭਾਸ਼ਾ ਦੇ ਵਿਕਾਸ ਨਿਯਮਾਂ ਨੂੰ ਸਮਝਣ ਦੀ ਬਜਾਏ, ਪਰੰਪਰਾਵਾਦੀ, ਰਵਾਇਤੀ (Traditionalist) ਸੋਚ ਅਨੁਸਾਰ, ਇਸ ਉੱਦਮ ਦਾ ਵਿਰੋਧ ਕਰਕੇ, ਇਸ ਸਾਰਥਿਕ ਕੰਮ ਨੂੰ ਹੋਰ ਜਟਿਲ (Difficult to solve) ਬਣਾ ਦਿੰਦੇ ਹਨ।
ਸਿੱਖ ਸਮਾਜ ਨਾਲ਼ ਸੰਬੰਧਿਤ ਬੁਧੀਜੀਵੀਆਂ ਨੇ ਵੀ ਗੁਰਬਾਣੀ (ਪੁਰਾਤਨ ਭਾਸ਼ਾ) ਨੂੰ ਨਵੀਨਤਮ ਵਿਕਸਤ ਪੰਜਾਬੀ ਭਾਸ਼ਾ ਦੇ ਨਿਯਮਾਂ ਨਾਲ ਸੰਤੁਲਨ ਨੂੰ ਬਣਾਏ ਰੱਖਣ ਲਈ ਗੁਰਬਾਣੀ ਲਿਖਤ ਦੇ ਕੁਝ ਸਰਲ ਨਿਯਮ ਸਾਂਝੇ ਕੀਤੇ ਹਨ। ਕੁਝ ਕੁ ਸੱਜਣਾਂ ਨੇ ਇਨ੍ਹਾਂ ਨੂੰ ਸਮਝਣ ਦਾ ਯਤਨ ਵੀ ਕੀਤਾ ਪਰ ਕਈਆਂ ਨੇ ਇਸ ਨੂੰ ਸਮਝਣ ਦੀ ਬਜਾਏ ਇਸ ਦਾ ਵਿਰੋਧ ਕਰਨਾ ਹੀ ਉਚਿਤ ਸਮਝਿਆ ਜਿਸ ਕਾਰਨ ਅੱਜ ਸਿੱਖ ਸਮਾਜ ’ਚ ਹਾਲਾਤ ਇਹ ਬਣ ਗਏ ਹਨ ਕਿ ਇੱਕ ਗੁਰੂ ਉਪਦੇਸ ਦੇ ਅਨੁਯਾਈ ਹੋਣ ਦੇ ਬਾਵਜੂਦ ਵੀ ਇੱਕ ਦੂਸਰੇ ਦੇ (ਗੁਰੂ ਉਪਦੇਸ ਨੂੰ ਸਮਝਣ-ਸਮਝਾਉਣ ਕਾਰਨ ਹੀ) ਜਾਨੀ ਦੁਸਮਣ ਬਣ ਬੈਠੇ ਹਨ, ਜਿਸ ਦਾ ਫ਼ਾਇਦਾ ਸਮੇਂ ਸਮੇਂ ਅਨੁਸਾਰ ਪੰਥ ਦੋਖੀ ਸ਼ਕਤੀਆਂ ਨੇ ਨਿਰੰਤਰ ਉੱਠਾਇਆ ਅਤੇ ਉੱਠਾ ਰਹੀਆਂ ਹਨ।
ਬੇਸ਼ੱਕ ਪ੍ਰਿੰ. ਤੇਜਾ ਸਿੰਘ, ਪ੍ਰਿੰ. ਸਾਹਿਬ ਸਿੰਘ, ਗਿਆਨੀ ਹਰਬੰਸ ਸਿੰਘ, ਭਾਈ ਜੋਗਿੰਦਰ ਸਿੰਘ ਤਲਵਾੜਾ ਆਦਿ ਬੁਧੀਜੀਵੀਆਂ ਨੇ ਗੁਰਬਾਣੀ ਦੀ ਲਿਖਤ ਨੂੰ ਸਮਝਣ / ਸਮਝਾਉਣ ਵਾਲਾ ਵਿਸ਼ਾ ਆਸਾਨ ਕਰਨ ਲਈ ਆਪਣੀ ਜ਼ਿੰਦਗੀ ਦਾ ਬਹੁ ਕੀਮਤੀ ਸਮਾਂ ਇਸ ਤਰਫ਼ ਲਗਾਇਆ ਹੈ ਪਰ ਫਿਰ ਵੀ ਵੇਖਣ ਵਿੱਚ ਆ ਰਿਹਾ ਹੈ ਕਿ ਉਂਗਲੀਆਂ ’ਤੇ ਗਿਣੇ ਜਾ ਸਕਣ ਵਾਲੇ ਕੁਝ ਕੁ ਜਗਿਆਸੂਆਂ ਨੂੰ ਛੱਡ ਕੇ ਬਹੁਤੀ ਵਿਦਵਾਨ ਅਖਵਾਉਣ ਵਾਲੀ ਮੰਡਲੀ ਵੀ ਕੌਮੀ ਫ਼ਿਲਾਸਫ਼ੀ (ਗੁਰੂ ਉਪਦੇਸ਼ਾਂ) ਨੂੰ ਅਗਾਂਹ ਵਧਾਉਣ ਲਈ ਨਾ-ਸਮਝੀ ਕਾਰਨ ਰੁਕਾਵਟ ਹੀ ਬਣੀ ਹੋਈ ਹੈ।
ਇਸ ਉਪਰੋਕਤ ਸਮੱਸਿਆ ਨੂੰ ਕੁਝ ਹੱਦ ਤੱਕ ਹੋਰ ਸਰਲ ਕਰਨ ਲਈ ਮੈਂ ਇਸ ਪੁਰਾਤਨ ਗੁਰਬਾਣੀ ਲਿਖਤ ਨੂੰ ਆਮ ਨਾਗਰਿਕ ਦੀ ਸਮਝ ਵਿੱਚ ਲਿਆਉਣ ਲਈ ਨਿਮਾਣਾ ਜਿਹਾ ਯਤਨ ਕਰ ਰਿਹਾ ਹਾਂ। ਉਮੀਦ ਹੈ ਪਾਠਕ ਇਸ ਵਿਸ਼ੇ ਨੂੰ ਹੋਰ ਸਰਲ ਬਣਵਾਉਣ ਲਈ ਆਪਣੇ ਕੀਮਤੀ ਸੁਝਾਵ ਦਿੰਦੇ ਰਹਿਣਗੇ।
ਹਰ ਭਾਸ਼ਾ ਨੂੰ ਸਮਝਣ ਲਈ ਉਸ ਦੀ ਵਾਕ ਵੰਡ, ਇਨ੍ਹਾਂ 8 ਨਿਯਮਾਂ (ਸ਼ਬਦ ਸ਼੍ਰੇਣੀਆਂ) ਦੇ ਆਧਾਰ ’ਤੇ ਕੀਤੀ ਜਾਂਦੀ ਹੈ:
(1). ਨਾਉ, ਪੜਨਾਉ, ਵਿਸ਼ੇਸ਼ਣ ਅਤੇ ਸੰਬੰਧਕ= (4 ਨਿਯਮ)
(2). ਕਿਰਿਆ, ਕਿਰਿਆ ਵਿਸ਼ੇਸ਼ਣ= (2 ਨਿਯਮ)
(3). ਯੋਜਕ ਅਤੇ ਵਿਸਮਿਕ =(2 ਨਿਯਮ)
ਇਹ (ਉਕਤ) 8 ਨਿਯਮ, ਜੋ ਕਿ ਹਰ ਭਾਸ਼ਾ ਵਿੱਚ ਲਗਭਗ ਸਮਾਨੰਤਰ ਹੀ ਮਿਲਦੇ ਹਨ, ਬਾਰੇ ਇਹ ਵਿਸ਼ਾ ਧਿਆਨ ਮੰਗਦਾ ਹੈ ਕਿ ਉਪਰੋਕਤ ਕੇਵਲ ਤਿੰਨ ਅੰਕਾਂ ਦੀ ਰਾਹੀਂ ਹੀ ਤਮਾਮ (ਕੁਲ 8) ਨਿਯਮਾਂ ਨੂੰ ਕਿਉਂ ਦਰਸਾਇਆ ਗਿਆ ਹੈ ? ਇਸ ਦਾ ਕਾਰਨ ਹੈ ਕਿ ਹਰ ਸੰਖਿਆ ਦੇ ਸਾਹਮਣੇ ਦਿੱਤੀਆਂ ਗਈਆਂ ਸ਼ਬਦਾਂ ਦੀਆਂ ਕਿਸਮਾਂ ਦੇ ਨਿਯਮ ਹੀ ਗੁਰਬਾਣੀ ਲਿਖਤ ਅਨੁਸਾਰ ਸਮਾਨੰਤਰ ਹਨ। ਇਸ ਲਈ ਉਨ੍ਹਾਂ ਸੰਬੰਧਿਤ ਨਿਯਮਾਂ ਨੂੰ ਉਸ ਵਿਸ਼ੇ ਨਾਲ ਮਿਲਾ ਕੇ ਹੀ ਵਿਚਾਰਨਾ ਆਸਾਨ ਰਹੇਗਾ। ਅਗਾਂਹ ਕੀਤੀ ਜਾ ਰਹੀ ਵੀਚਾਰ ਵਿੱਚ ਸਭ ਤੋਂ ਪਹਿਲਾਂ ਵਿਚਾਰਾਂਗੇ ਕਿ ਨੰਬਰ 3 ਵਿੱਚ ਦਰਸਾਇਆ ਗਿਆ ‘ਵਿਸਮਿਕ’ ਸ਼ਬਦ ਕੀ ਹੁੰਦਾ ਹੈ ?
ਉਤਰ: ਮਨ ਦੇ ਭਾਵ (ਖ਼ੁਸ਼ੀ, ਗ਼ਮੀ ਤੇ ਹੈਰਾਨੀ ਆਦਿ) ਨੂੰ ਪ੍ਰਗਟ ਕਰਨ ਲਈ ਆਪ-ਮੁਹਾਰੇ ਮੂੰਹੋਂ ਨਿਕਲੇ ਵਚਨਾਂ ਨੂੰ ‘ਵਿਸਮਿਕ’ ਕਿਹਾ ਜਾਂਦਾ ਹੈ। ਇਨ੍ਹਾਂ ਦੀਆਂ ਕਿਸਮਾਂ 9 ਪ੍ਰਕਾਰ ਦੀਆਂ ਹੁੰਦੀਆਂ ਹਨ:-
(1). ਸੰਬੋਧਨੀ ਵਿਸਮਿਕ ਜੋ ਕਿਸੇ ਨੂੰ ਬੁਲਾਉਣ ਲਈ ਵਰਤੇ ਜਾਣ; ਜਿਵੇਂ: ‘ ਓਏ (ਮੁੰਡਿਆ) !, ਹੇ (ਕੁੜੀਏ) !, ਨੀ (ਗੁਡੀ) !’ ਆਦਿ।
ਹੇਠਾਂ ਦਿੱਤੀਆਂ ਜਾ ਰਹੀਆਂ ਗੁਰਬਾਣੀ ਦੀਆਂ ਪੰਕਤੀਆਂ ਵਿੱਚ ‘ਐ, ਹੋ, ਰੇ, ਅਹੇ, ਅਰੀ’ ਆਦਿ ਸ਼ਬਦ ‘ਸੰਬੋਧਨੀ ਵਿਸਮਿਕ’ ਹਨ:
‘ਐ’ ਜੀ ! ਤੂੰ ਆਪੇ ਸਭ ਕਿਛੁ ਜਾਣਦਾ, ਬਦਤਿ ਤ੍ਰਿਲੋਚਨੁ ਰਾਮਈਆ॥ (ਭਗਤ ਤ੍ਰਿਲੋਚਨ/੯੨)
(‘ਐ ਜੀ ਰਾਮਈਆ !’ ਭਾਵ ‘ਹੇ ਸੋਹਣੇ ਰਾਮ ਜੀ !’)
ਤੂ ਕੁਨੁ ਰੇ ॥ ਮੈ ਜੀ॥ ਨਾਮਾ॥ ‘ਹੋ’ ਜੀ॥ ਆਲਾ ਤੇ ਨਿਵਾਰਣਾ, ਜਮ ਕਾਰਣਾ॥ (ਭਗਤ ਨਾਮਦੇਵ/੬੯੪) (‘ਹੋ ਜੀ !’ ਭਾਵ ‘ਹੇ ਮਾਲਕ ਜੀ !’)
ਅਚਰਜ ਏਕੁ ਸੁਨਹੁ ‘ਰੇ’ ਪੰਡੀਆ ! ਅਬ ਕਿਛੁ ਕਹਨੁ ਨ ਜਾਈ॥ (ਭਗਤ ਕਬੀਰ/੯੨)
ਜਉ ਪੈ ਹਮ ਨ ਪਾਪ ਕਰੰਤਾ, ‘ਅਹੇ’ ਅਨੰਤਾ ! ॥ ਪਤਿਤ ਪਾਵਨ ਨਾਮੁ, ਕੈਸੇ ਹੁੰਤਾ ? ॥ (ਭਗਤ ਰਵਿਦਾਸ/੯੩)
(‘ਅਹੇ ਅਨੰਤਾ !’ ਭਾਵ ‘ਹੇ ਬੇਅੰਤ ਮਾਲਕ !’)
‘ਅਰੀ’ ਬਾਈ ! ਗੋਬਿਦ ਨਾਮੁ, ਮਤਿ ਬੀਸਰੈ॥ (ਭਗਤ ਤ੍ਰਿਲੋਚਨ/੫੨੬) (‘ਅਰੀ ਬਾਈ !’ ਭਾਵ ‘ਹੇ ਮਾਈ ਜਾਂ ਭੈਣ !’)
ਅਚਰਜੁ ਏਕੁ ਸੁਨਹੁ ‘ਰੇ’ ਭਾਈ ! ਗੁਰਿ, ਐਸੀ ਬੂਝ ਬੁਝਾਈ॥ (ਮ:੫/੨੧੫), ਆਦਿ।
(2). ਪ੍ਰਸੰਸਾ-ਵਾਚਕ ਵਿਸਮਿਕ ਜੋ ਮਨ ਦੀ ਖ਼ੁਸ਼ੀ ਪ੍ਰਗਟ ਕਰਨ; ਜਿਵੇਂ: ‘ਸ਼ਾਬਾਸ਼ ! , ਧੰਨ ! , ਬਲਿਹਾਰ ! , ਵਾਹ-ਵਾਹ ! ਜਾਂ ਵਾਹ ਭਾਈ ਵਾਹ !, ਬੱਲੇ-ਬੱਲੇ !’ ਆਦਿ। ਗੁਰਬਾਣੀ ਵਾਕ ਹਨ:
ਨਿਮਾਣਿਆ, ਗੁਰੁ ਮਾਣੁ ਹੈ; ਗੁਰੁ ਸਤਿਗੁਰੁ ਕਰੇ, ‘ਸਾਬਾਸਿ’॥ (ਮ:੪/੪੧)
ਓਥੈ ਖੋਟੇ ਸਟੀਅਹਿ, ਖਰੇ ਕੀਚਹਿ, ‘ਸਾਬਾਸਿ’॥ (ਮ:੨/੧੪੬)
ਜਾਂ ਕਰਤਾ ਵਲਿ, ਤਾ ਸਭੁ ਕੋ ਵਲਿ; ਸਭਿ ਦਰਸਨੁ ਦੇਖਿ ਕਰਹਿ, ‘ਸਾਬਾਸਿ’॥ (ਮ:੪/੩੦੫)
ਨਾਨਕ ! ਸੇ ‘ਸਾਬਾਸਿ’, ਜਿਨੀ ਗੁਰ ਮਿਲਿ; ਇਕੁ ਪਛਾਣਿਆ॥ (ਮ:੫/੩੧੯)
ਸੋ ਧੰਨੁ, ਗੁਰੂ ‘ਸਾਬਾਸਿ’ ਹੈ; ਹਰਿ ਦੇਇ ਸਨੇਹਾ॥ (ਮ:੪/੭੨੬)
ਨਾਮੁ ਲੈਤ; ਪ੍ਰਭੁ ਕਹੈ, ‘ਸਾਬਾਸਿ’॥ (ਮ:੫/੧੧੪੨)
‘ਵਾਹੁ ਵਾਹੁ’ ਸਾਚੇ ! ਮੈ ਤੇਰੀ ਟੇਕ॥ (ਮ:੧/੧੫੩)
ਨਾਨਕ ਦਾਸ ! ਕਹਹੁ, ਗੁਰ ! ‘ਵਾਹੁ’॥ (ਮ:੫/੩੭੬)
‘ਵਾਹੁ ਵਾਹੁ’ ! ਕਰਤਿਆ; ਰੈਣਿ ਸੁਖਿ ਵਿਹਾਇ॥ (ਮ:੩/੫੧੪)
‘ਵਾਹੁ ਵਾਹੁ !’ ਸਚੇ ਪਾਤਿਸਾਹ ! ਤੂ, ਸਚੀ ਨਾਈ॥ (ਮ:੩/੯੪੭)
ਤੂਹੈ ਹੈ ‘ਵਾਹੁ !’ ਤੇਰੀ ਰਜਾਇ॥ (ਮ:੧/੧੩੨੯)
ਨਾਨਕ ! ਸਤਿਗੁਰ ‘ਵਾਹੁ ਵਾਹੁ !’ ਜਿਸ ਤੇ, ਨਾਮੁ ਪਰਾਪਤਿ ਹੋਇ॥ (ਮ:੪/੧੪੨੧)
ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ; ਤਿਨ ਕੈ, ਸਦ ‘ਬਲਿਹਾਰ’॥ (ਮ:੫/੧੩੭)
ਨਾਨਕ ਦਾਸ, ਸਦਾ ‘ਬਲਿਹਾਰ’॥ (ਮ:੫/੨੯)
ਜਿਨਿ ਜਪਿਆ; ਤਿਸ ਕਉ, ‘ਬਲਿਹਾਰ’॥ (ਮ:੫/੭੨੪)
ਤਿਸੁ ਗੁਰ ਕਉ, ਸਦ ਜਾਉ ‘ਬਲਿਹਾਰ’॥ (ਮ:੫/੧੧੫੨)
ਸੇਵਕ ਕੈ ਭਰਪੂਰ ਜੁਗੁ ਜੁਗੁ, ‘ਵਾਹ !’ ਗੁਰੂ ! ਤੇਰਾ ਸਭੁ ਸਦਕਾ॥ (ਭਟ ਗਯੰਦ/੧੪੦੩)
ਵਾਹਿ ! ਗੁਰੂ ! ਵਾਹਿ ! ਗੁਰੂ ! ਵਾਹਿ ! ਗੁਰੂ ! ਵਾਹਿ ! ਜੀਉ ॥ (ਭਟ ਗਯੰਦ)/੧੪੦੨) ਆਦਿ।
(ਨੋਟ: ‘ਸ਼ਾਬਾਸ਼ਿ, ਵਾਹੁ ਵਾਹੁ, ਬਲਿਹਾਰ, ਵਾਹ, ਵਾਹਿ’ ਆਦਿ ‘ਪ੍ਰਸੰਸਾ-ਵਾਚਕ ਵਿਸਮਿਕ’ ਸ਼ਬਦਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਥੋੜ੍ਹਾ ਵਿਸਰਾਮ ਦੇਣ ਨਾਲ, ਅਰਥ ਵਧੇਰੇ ਸਪੱਸ਼ਟ ਹੁੰਦੇ ਹਨ।)
(3). ਸ਼ੋਕ-ਵਾਚਕ ਵਿਸਮਿਕ ਜੋ ਮਨ ਦੀ ਗ਼ਮੀ ਪ੍ਰਗਟ ਕਰਨ; ਜਿਵੇਂ : ‘ਹਾਏ ! , ਓਹੋ ! , ਹਾਏ (ਰੱਬਾ) ! , ਹਾਏ (ਮਾਂ) ! , ਤੋਬਾ-ਤੋਬਾ !’ ਆਦਿ। ਗੁਰਬਾਣੀ ਵਾਕ ਹਨ :
ਪਾਪੀ ਕਰਮ ਕਮਾਵਦੇ, ਕਰਦੇ ‘ਹਾਏ ਹਾਇ !’ ॥ (ਮ:੫/੧੪੨੫)
‘ਹਾਇ ਹਾਇ !’ ਕਰੇ ਦਿਨੁ ਰਾਤਿ, ਮਾਇਆ ਦੁਖਿ ਮੋਹਿਆ ਜੀਉ॥ (ਮ:੪/੬੯੦)
‘ਹਾ ਹਾ !’ ਪ੍ਰਭ ! ਰਾਖਿ ਲੇਹੁ॥ ਹਮ ਤੇ ਕਿਛੂ ਨ ਹੋਇ ਮੇਰੇ ਸ੍ਵਾਮੀ ! ਕਰਿ ਕਿਰਪਾ ਅਪੁਨਾ ਨਾਮੁ ਦੇਹੁ॥ (ਮ:੫/੬੭੫), ਆਦਿ।
(4). ਹੈਰਾਨੀ-ਵਾਚਕ ਵਿਸਮਿਕ-ਜੋ ਮਨ ਦੀ ਹੈਰਾਨੀ (ਅਚਰਜਤਾ, ਚਕਿਤ) ਪ੍ਰਗਟ ਕਰਨ; ਜਿਵੇਂ : ‘ ਹੈਂ ! , ਵਾਹ-ਵਾਹ ! , ਓਹ !, ਆ + ਹਾ + ਹਾ + ਹਾ ! ’ ਆਦਿ। ਗੁਰਬਾਣੀ ਵਾਕ ਹਨ:
‘ਵਾਹੁ ਵਾਹੁ ! ’ ਕਿਆ ਖੂਬੁ ਗਾਵਤਾ ਹੈ ?॥ ਹਰਿ ਕਾ ਨਾਮੁ; ਮੇਰੈ ਮਨਿ, ਭਾਵਤਾ ਹੈ॥ (ਭਗਤ ਕਬੀਰ / ੪੭੮)
ਭਗਤਿ ਤੇਰੀ ‘ਹੈਰਾਨੁ’, ਦਰਦੁ ਗਵਾਵਹੀ॥ (ਮ:੧/੪੨੨), ਆਦਿ।
(5). ਫਿਟਕਾਰ-ਵਾਚਕ ਵਿਸਮਿਕ ਜੋ ਮਨ ਵਿੱਚੋਂ ਫਿਟਕਾਰ ਜਾਂ ਲਾਹਨਤਾਂ ਦੇ ਭਾਵ ਪ੍ਰਗਟ ਕਰਨ; ਜਿਵੇਂ : ‘ਬੇ ਸ਼ਰਮ ! , ਲੱਖ ਲਾਹਨਤਾਂ (ਤੈਨੂੰ), ਫਿੱਟੇ ਮੂੰਹ ! , ਰੱਬ ਦੀ ਮਾਰ !, ਲਾਜ (ਸ਼ਰਮ) ਨਹੀਂ ! , ਧਿਰਕਾਰ ! , ਧ੍ਰਿਗ !, ਫਿਟੁ ਜਾਂ ਫਿਟੁ ਫਿਟੁ ! ’ ਆਦਿ। ਗੁਰਬਾਣੀ ਵਾਕ ਹਨ:
‘ਫਿਟੁ’ ਇਵੇਹਾ ਜੀਵਿਆ, ਜਿਤੁ ਖਾਇ ਵਧਾਇਆ ਪੇਟੁ॥ (ਮ:੧/੭੯੦)
ਬਿਨੁ ਨਾਵੈ ਧ੍ਰਿਗੁ ਵਾਸੁ, ‘ਫਿਟੁ’ ਸੁ ਜੀਵਿਆ॥ (ਮ:੧/੧੪੮)
ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਤਿਸ ਨੋ ‘ਫਿਟੁ ਫਿਟੁ’ ਕਹੈ ਸਭੁ ਸੰਸਾਰੁ॥ (ਮ:੪/੩੦੨)
ਬਿਨੁ ਨਾਵੈ ਕਿਆ ਜੀਵਨਾ ? ‘ਫਿਟੁ’ ਧ੍ਰਿਗੁ ਚਤੁਰਾਈ॥ (ਮ:੧/੪੨੨)
ਜਿਨਿ ਕੀਤੀ ਤਿਸੈ ਨ ਜਾਣਈ, ਨਾਨਕ ! ‘ਫਿਟੁ’ ਅਲੂਣੀ ਦੇਹ॥ (ਮ:੫/੫੫੩), ਆਦਿ।
(6). ਸਤਿਕਾਰ-ਵਾਚਕ ਵਿਸਮਿਕ-ਜੋ, ਮਨ ਤੋਂ ਕਿਸੇ ਲਈ ਸਤਿਕਾਰ ਦੇ ਭਾਵ ਪ੍ਰਗਟ ਕਰਨ; ਜਿਵੇਂ : ‘ਜੀ ਆਇਆਂ ਨੂੰ ! , ਆਓ ਜੀ ! , ਆਈਏ ਜੀ !, (ਸਾਡੇ) ਧੰਨ ਭਾਗ ਜੀ !’ ਆਦਿ। ਗੁਰਬਾਣੀ ਵਾਕ ਹਨ:
‘ਧਨਿ ਧੰਨਿ’ ਹਮਾਰੇ ਭਾਗ, ਘਰਿ ਆਇਆ ਪਿਰੁ ਮੇਰਾ॥ (ਮ:੫/੮੪੭)
‘ਆਉ ਜੀ !’ ਤੂ ਆਉ ਹਮਾਰੈ, ਹਰਿ ਜਸੁ ਸ੍ਰਵਨ ਸੁਨਾਵਨਾ॥ (ਮ:੫/੧੦੧੮)
‘ਆਵਹੁ ਸਜਣਾ !’ ਹਉ ਦੇਖਾ ਦਰਸਨੁ ਤੇਰਾ, ਰਾਮ॥ (ਮ:੧/੭੬੪), ਆਦਿ।
(7). ਅਸੀਸ-ਵਾਚਕ ਵਿਸਮਿਕ ਜੋ ਕਿਸੇ ਲਈ ਅਸ਼ੀਰਵਾਦ ਦੇ ਭਾਵ ਪ੍ਰਗਟ ਕਰਨ; ਜਿਵੇਂ : ‘ਖ਼ੁਸ਼ ਰਹੋ !, (ਤੂੰ) ਜਿਉਂਦਾ ਰਹਿ !, ਭਲਾ ਹੋਵੇ! , ਵਧੇਂ-ਫੁੱਲੇਂ ’ ਆਦਿ। ਗੁਰਬਾਣੀ ਵਾਕ ਹਨ:
ਅਵਰੁ ਨ ਕੋਊ ਮਾਰਨਵਾਰਾ॥ ‘ਜੀਅਉ !’ ਹਮਾਰਾ, ਜੀਉ ਦੇਨਹਾਰਾ॥ (ਮ:੫/੩੯੧)
ਭਲੀ ਸਰੀ, ਮੁਈ ਮੇਰੀ ਪਹਿਲੀ ਬਰੀ॥ ‘ਜੁਗੁ ਜੁਗੁ ਜੀਵਉ !’ ਮੇਰੀ ਅਬ ਕੀ ਧਰੀ॥ (ਭਗਤ ਕਬੀਰ/੪੮੩), ਆਦਿ।
(8). ਇੱਛਿਆ-ਵਾਚਕ ਵਿਸਮਿਕ ਜੋ ਮਨ ਦੀ ਚਾਹਤ ਪ੍ਰਗਟ ਕਰਨ ; ਜਿਵੇਂ : ‘ਜੇ ਕਦੇ ! ਜਾਂ ਅਗਰ ! (ਅਜਿਹਾ ਹੁੰਦਾ), ਕਾਸ਼ !, ਮਤੁ (ਭਾਵ ਸ਼ਾਇਦ), ਬਖਸ਼ ਲੈ’ ਆਦਿ। ਗੁਰਬਾਣੀ ਵਾਕ ਹਨ:
ਬਖਸਨਹਾਰ ! ‘ਬਖਸਿ ਲੈ’, ਨਾਨਕ ! ਪਾਰਿ ਉਤਾਰ॥ (ਮ:੫/੨੬੧)
ਨਿਰਗੁਣੀਆਰੇ ਕਉ ‘ਬਖਸਿ ਲੈ’, ਸੁਆਮੀ ! ਆਪੇ ਲੈਹੁ ਮਿਲਾਈ॥ (ਮ:੩/੧੩੩੩)
ਆਉ ! ਸਭਾਗੀ ਨੀਦੜੀਏ ! ‘ਮਤੁ’ ਸਹੁ ਦੇਖਾ ਸੋਇ॥ (ਮ:੧/੫੫੮)
ਹਉ ਖੜੀ ਨਿਹਾਲੀ ਪੰਧੁ; ‘ਮਤੁ’ ਮੂੰ ਸਜਣੁ ਆਵਏ॥ (ਮ:੪/੧੪੨੧), ਆਦਿ।
(ਨੋਟ: ਉਕਤ ਪੰਕਤੀਆਂ ਵਿੱਚ ਆਇਆ ਸ਼ਬਦ ‘ਮਤੁ’ ਦਾ ਅਰਥ ‘ਸ਼ਾਇਦ’ ਭਾਵ ‘ਇੱਛਿਆ-ਵਾਚਕ ਵਿਸਮਿਕ’ ਬਣਦਾ ਹੈ।)
(9). ਸੂਚਨਾ-ਵਾਚਕ ਵਿਸਮਿਕ ਜੋ ਸੁਚੇਤ ਕਰਨ ਲਈ ਵਰਤੇ ਜਾਣ; ਜਿਵੇਂ : ‘ਖ਼ਬਰਦਾਰ ! , ਠਹਿਰ ਜ਼ਰਾ ! , ਵੇਖੀਂ (ਕਿਤੇ ਡਿੱਗ ਜਾਵੇਂ) !, ਬੇਦਾਰ ! , ਹੁਸੀਆਰ !’ ਆਦਿ। ਗੁਰਬਾਣੀ ਵਾਕ ਹਨ:
ਦੁਨੀਆ ‘ਹੁਸੀਆਰ ਬੇਦਾਰ’, ਜਾਗਤ ਮੁਸੀਅਤ ਹਉ ਰੇ ਭਾਈ !॥ (ਭਗਤ ਕਬੀਰ/੯੭੨) ਭਾਵ ‘ਹੇ ਦੁਨਿਆ ਦੇ ਲੋਕੋ ! ਹੁਸ਼ਿਆਰ ਹੋ ਜਾਵੋ, ਬੇਦਾਰ (ਜਾਗਦੇ) ਰਹੋ ਕਿਉਂਕਿ ਤੁਸੀਂ ਸਰੀਰਕ ਅੱਖਾਂ ਬੰਦ ਕਰਨ ਤੋਂ ਬਿਨਾਂ ਹੀ ਮੁਸੀਅਤ (ਲੁਟੇ ਜਾ ਰਹੇ) ਹੋ।’, ਪੰਕਤੀ ਵਿੱਚ ‘ਹੁਸੀਆਰ’ ਅਤੇ ‘ਬੇਦਾਰ’ (ਦੋਵੇਂ) ਸ਼ਬਦ, ‘ਸੂਚਨਾ-ਵਾਚਕ ਵਿਸਮਿਕ’ ਹਨ (ਅਤੇ)
ਨਿਗਮ ‘ਹੁਸੀਆਰ’ ਪਹਰੂਆ; ਦੇਖਤ ਜਮੁ ਲੇ ਜਾਈ॥ (ਭਗਤ ਕਬੀਰ/੯੭੨) ਭਾਵ ‘ਨਿਗਮ (ਵੇਦ-ਸ਼ਾਸਤ੍ਰ ਆਦਿ) ਹੁਸ਼ਿਆਰ ਪਹਿਰੇਦਾਰਾਂ ਦੇ ਵੇਖਿਆਂ ਵੀ ਆਤਮਕ ਮੌਤ ਮਾਰ ਰਹੀ ਹੈ।’
ਉਪਰੋਕਤ 9 ਕਿਸਮਾਂ ਦੇ ਵਿਸਮਿਕ ਸ਼ਬਦ ਦਾ ਤੱਤ-ਸਾਰ ਇਹ ਹੈ ਕਿ ਮਨ ਨੂੰ ਪ੍ਰਭਾਵਤ, ਕਿਸੇ ਨਾਂਵ ਦੀ ਵਿਸ਼ੇਸ਼ਤਾ ਹੀ ਕਰਦੀ ਹੈ, ਨਾ ਕਿ ਨਾਂਵ, ਇਸ ਲਈ ਮਨ ਦੁਆਰਾ ਕੀਤਾ ਗਿਆ ਪ੍ਰਭਾਵ ਸਵੀਕਾਰ, ਹੀ ਅਸਲ ਵਿੱਚ ‘ਵਿਸਮਿਕ’ ਹੈ ; ਜਿਵੇਂ: ਫੁੱਲ ਦੀ ਸੁੰਦਰਤਾ (ਖ਼ੂਬਸੂਰਤੀ, ਚਮਕ ਆਦਿ) ਹੀ ਮਨ ਨੂੰ ਪ੍ਰਭਾਵਤ ਕਰਦੀ ਹੈ, ਨਾ ਕਿ ਫੁੱਲ (ਗੇਂਦਾ, ਕਮਲ ਆਦਿ ਨਾਂਵ।)। ਅਗਰ ਫੁੱਲ ਦੀ ਸੁੰਦਰਤਾ ਨਾ ਹੁੰਦੀ ਤਾਂ ਕਿਸੇ ਵੀ ਪੌਦੇ ਨੂੰ ਲੱਗਾ ਫੁੱਲ, ਮਨ ’ਤੇ ਪ੍ਰਭਾਵ ਨਹੀਂ ਪਾ ਸਕਦਾ।
ਗੁਰਬਾਣੀ ਵਿੱਚ ਦਰਜ, ਤਮਾਮ ਸ਼ਬਦ ਮਾਲਕ ਪ੍ਰਭੂ ਜਾਂ ਗੁਰੂ ਦੀ ਵਿਸ਼ੇਸ਼ਤਾ ਨੂੰ ਹੀ ਦਰਸਾਉਂਦੇ ਹਨ, ਨਾ ਕਿ ਉਨ੍ਹਾਂ ਦੇ ਨਾਵਾਂ ਨੂੰ। ਫਿਰ ਇਹ ਵੀ ਸਵਾਲ ਉੱਠਣਾ ਸੁਭਾਵਕ ਹੈ ਕਿ ਜਦ ਕੋਈ ਗੁਰਬਾਣੀ ਵਿੱਚ ਨਾਂਵ ਸ਼ਬਦ ਹੀ ਦਰਜ ਨਹੀਂ ਤਾਂ ਫਿਰ ਇਹ ਤਮਾਮ ਵਿਸ਼ੇਸ਼ਣ ਕਿਸ ਦੇ ਹਨ ? ਕਿਉਂਕਿ ਵਿਸ਼ੇਸ਼ਣਾਂ ਲਈ ਕਿਸੇ ਇੱਕ ‘ਨਾਉ’ ਦਾ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਗੁਰਬਾਣੀ ਇਸ ਦਾ ਜਵਾਬ ‘ਕਿਰਤਮ’ ਨਾਵਾਂ ਦੇ ਮੁਕਾਬਲੇ ‘ਸਤਿ ਨਾਮੁ’ ਰਾਹੀਂ ਬਿਆਨ ਕਰਦੀ ਹੈ; ਜਿਵੇਂ: ‘‘ਕਿਰਤਮ ਨਾਮ ਕਥੇ, ਤੇਰੇ ਜਿਹਬਾ॥ ਸਤਿ ਨਾਮੁ ਤੇਰਾ ਪਰਾ ਪੂਰਬਲਾ॥’’ (ਮ:੫/੧੦੮੩) ਭਾਵ ‘ਸਰਗੁਣ (ਆਕਾਰ) ਨੂੰ ਚਲਾਉਣ ਵਾਲੀ ਕੇਵਲ ਇੱਕ ਅਦ੍ਰਿਸ਼ (ਨਿਰਗੁਣ) ਸ਼ਕਤੀ ਹੈ, ਜੋ ‘‘ਆਦਿ ਸਚੁ, ਜੁਗਾਦਿ ਸਚੁ, ਹੈ ਭੀ ਸਚੁ, ਨਾਨਕ ! ਹੋਸੀ ਭੀ ਸਚੁ॥’’ ਹੈ, ਜਿਸ ਦੇ ਮੁਕਾਬਲੇ ਤਮਾਮ ਕਿਰਤਮ (ਮਨੁੱਖਾਂ ਵੱਲੋਂ ਬਣਾਏ ਗਏ) ਨਾਂਵ (ਭਾਵ ਵਿਸ਼ੇਸ਼ਣ) ਚਲਾਇਮਾਨ ਹਨ ‘‘ਦ੍ਰਿਸਟਿਮਾਨ ਹੈ ਸਗਲ ਬਿਨਾਸੀ॥’’ (ਮ:੫/੧੨੦੪) ਕਿਉਂਕਿ ਇਹ ਸਭ ਚਲਾਇਮਾਨ (ਨਾਸਵਾਨ) ਮਨੁੱਖਾਂ ਵੱਲੋਂ ਹੀ ਬਣਾਏ ਗਏ ਹਨ, ਇਨ੍ਹਾਂ ਦੀ ਸਮਾਪਤੀ ਨਾਲ਼ ਹੀ ਕਿਰਤਮ ਨਾਮ ਖ਼ਤਮ ਹੋ ਜਾਣਗੇ।
ਗੁਰਬਾਣੀ, ਕਿਸੇ ‘ਨਾਂਵ ਵਾਚੀ ਸ਼ਬਦ’ ਨੂੰ ਜਪਣ ਲਈ ਪ੍ਰੇਰਿਤ ਨਹੀਂ ਕਰਦੀ ਬਲਕਿ ‘ਵਿਸ਼ੇਸ਼ਣ’ ਸ਼ਬਦ ਜਪਣ (ਗਾਉਣ) ਲਈ ਪ੍ਰੇਰਦੀ ਹੈ ਕਿਉਂਕਿ ਮਨ ਨੂੰ ਪ੍ਰਭਾਵਤ ਵਿਸ਼ੇਸ਼ਣ ਸ਼ਬਦਾਂ ਨੇ ਹੀ ਕਰਨਾ ਹੈ; ਜਿਵੇਂ ਕਿ ਗੁਰਬਾਣੀ ਫੁਰਮਾਨ ਹੈ ‘‘ਰਾਮੁ, ਰਾਮੁ, ਕਰਤਾ; ਸਭੁ ਜਗੁ ਫਿਰੈ; ਰਾਮੁ, ਨ ਪਾਇਆ ਜਾਇ।। ਅਗਮੁ, ਅਗੋਚਰੁ, ਅਤਿ ਵਡਾ; ਅਤੁਲੁ, ਨ ਤੁਲਿਆ ਜਾਇ।।’’ (ਮ:੩/੫੫੫) ਭਾਵ ਸਾਰਾ ਸਮਾਜ ਦਸਰਥ ਦੇ ਪੁੱਤਰ ‘ਰਾਮ’ (ਨਾਉਂ ਵਾਚੀ ਸ਼ਬਦ) ਨੂੰ ਗਾਉਂਦਾ ਫਿਰਦਾ ਹੈ ਇਉਂ ਸਰਬ ਵਿਆਪਕ (ਵਿਸ਼ੇਸ਼ਣ ਰੂਪ ਰਾਮ, ਕਿਰਤਮ ਨਾਮ) ਨਾ ਪਾਇਆ ਜਾਏ ਕਿਉਂਕਿ ਉਹ ਸਰਬ ਵਿਆਪਕ (ਰਾਮ) ਗਿਆਨ ਇੰਦ੍ਰਿਆਂ ਦੀ ਪਕੜ ਤੋਂ ਉੱਪਰ, ਅਤੁੱਲ, ਬਹੁਤ ਵੱਡਾ ਹੈ, ਜਿਸ ਨੂੰ ਦੁਨਿਆਵੀ ਮਾਪ (ਹਿਸਾਬ, ਸਮਝ, ਪਦਾਰਥਾਂ ਆਦਿ) ਰਾਹੀਂ ਤੋਲਿਆ ਨਹੀਂ ਜਾ ਸਕਦਾ।
ਕਿਸੇ ਨਾਂਵ ਦੀ ਵਿਸ਼ੇਸ਼ਤਾ ਰਾਹੀਂ, ਮਨ ’ਤੇ ਪਏ ਪ੍ਰਭਾਵ ਉਪਰੰਤ ਜੋ ਜ਼ਿੰਦਗੀ ਵਿੱਚ ਅਨੁਭਵ ਮਹਿਸੂਸ ਹੁੰਦਾ ਹੈ ਉਸ ਨੂੰ ਹੀ ‘ਵਿਸਮਿਕ’ (ਅਸਚਰਜ) ਕਿਹਾ ਜਾਂਦਾ ਹੈ ਅਜਿਹੀ ਅਵਸਥਾ ਦਾ ਵਰਣਨ ਗੁਰਬਾਣੀ ਦੇ ਇਨ੍ਹਾਂ ਵਾਕਾਂ ਰਾਹੀਂ ਕੀਤਾ ਗਿਆ ਹੈ:
ਤਿਥੈ ਨਾਦ ਬਿਨੋਦ ਕੋਡ ਅਨੰਦੁ।। (ਜਪੁ, ਮ:੧/੭)
ਵਿਸਮਾਦੁ ਨਾਦ, ਵਿਸਮਾਦੁ ਵੇਦ ।।.. ਵਿਸਮਾਦੁ ਨੇੜੈ, ਵਿਸਮਾਦੁ ਦੂਰਿ।। (ਮ:੧/੪੬੪)
ਅਸ੍ਚਰਜ ਰੂਪੰ, ਰਹੰਤ ਜਨਮੰ।। (ਮ:੫/੧੩੫੯), ਆਦਿ।
ਸੋ, ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਇਹ ਤਮਾਮ ‘ਵਿਸਮਿਕ’, ਕੇਵਲ ਮਾਣੇ (ਅਨੁਭਵ) ਹੀ ਕੀਤੇ ਜਾ ਸਕਦੇ ਹਨ, ਨਾ ਕਿ ਗੁੰਗੇ ਦੁਆਰਾ ਖਾਧੀ ਗਈ ਮਿਠਿਆਈ ਵਾਙ ਕਿਸੇ ਸਾਹਮਣੇ ਬਿਆਨ ਕੀਤੇ ਜਾ ਸਕਦੇ ਹਨ, ਬਿਆਨ ਕੇਵਲ ਕਿਰਤਮ ਨਾਮ (ਨਾਂਵ, ਪੜਨਾਂਵ, ਵਿਸ਼ੇਸ਼ਣ) ਹੀ ਹੁੰਦੇ ਹਨ।