ਹੋਲੀ ਅਤੇ ਮਾਰਸ਼ਲ ਖੇਡ ਦਾ ਪ੍ਰਤੀਕ ਹੋਲਾ

0
481

ਹੋਲੀ ਅਤੇ ਮਾਰਸ਼ਲ ਖੇਡ ਦਾ ਪ੍ਰਤੀਕ ਹੋਲਾ

ਅਵਤਾਰ ਸਿੰਘ ਮਿਸ਼ਨਰੀ (5104325827)

ਹੋਲੀ ਸੰਸਕ੍ਰਿਤ, ਹੋਲਾ ਫਾਰਸੀ ਅਤੇ ਮਹੱਲਾ ਅਰਬੀ ਦਾ ਸ਼ਬਦ ਹੈ। ਹੋਲੀ ਹਰਨਾਕਸ਼ ਦੀ ਭੈਣ ਹੋਲਿਕਾ ਤੋਂ ਬਣਿਆ ਮੰਨਿਆ ਜਾਂਦਾ ਹੈ। ਹੋਲੇ ਦਾ ਅਰਥ ਹੱਲਾ ਬੋਲਣਾ ਅਤੇ ਮਹੱਲਾ ਜਿਸ ਥਾਂ ਨੂੰ ਫ਼ਤਿਹ ਕਰ ਪੜਾਅ ਕੀਤਾ ਜਾਵੇ। ਹੋਲੀ ਭਾਰਤ ਦਾ ਇੱਕ ਮਿਥਿਹਾਸਕ ਅਤੇ ਪੌਰਾਣਿਕ ਤਿਉਹਾਰ ਹੈ। ਜਿਸ ਦਾ ਮੂਲ ਸੰਬੰਧ ਪ੍ਰਚਲਿਤ ਬ੍ਰਾਹਮਣੀ ਵਰਣਵੰਡ ਨਾਲ ਹੈ, ਪਰ ਇਸ ਦੇ ਉਲਟ ਹੋਲੇ ਮਹੱਲੇ ਦਾ ਸੰਬੰਧ ਸ਼ਸਤਰ ਵਿਦਿਆ ਅਭਿਆਸ ਨਾਲ ਹੈ। ਜਿਸ ਦਾ ਆਰੰਭ ਸੰਨ 1700 (ਸੰਮਤ ੧੭੫੭ ਚੇਤ ਵਦੀ ਪਹਿਲੀ) ਨੂੰ ਅਨੰਦਪੁਰ ਸਾਹਿਬ ਵਿਖੇ ਹੋਲਗੜ੍ਹ ਦੇ ਸਥਾਨ ’ਤੇ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤਾ। ਇਨ੍ਹਾਂ ਦੋਨਾਂ ਤਿਉਹਾਰਾਂ ਦੀ ਵਿਚਾਰਧਾਰਾ ਵਿੱਚ ਜ਼ਿਮੀਂ ਅਸਮਾਨ ਦਾ ਫ਼ਰਕ ਹੈ। ਕਈ ਵਾਰ ਹੋਲੀ ਖ਼ੂਨ ਦੀ ਵੀ ਖੇਡੀ ਜਾਂਦੀ ਤੇ ਹੋਲਾ ਮਹੱਲਾ ਸ਼ਸਤਰ ਵਿਦਿਆ ਦੇ ਤੇਜਸਵੀ ਦਾਅ ਪੇਚਾਂ ਨਾਲ ਘੋੜੇ ਭਜਾ ਅਤੇ ਗਤਕੇ ਦੇ ਜੌਹਰ ਦਿਖਾ ਖੇਡਿਆ ਜਾਂਦਾ ਹੈ। ਪੱਕੇ ਰੰਗਾਂ ਅਤੇ ਗੰਦ-ਪਿੱਲ ਸੁੱਟਣ ਦੇ ਥਾਂ ’ਤੇ ਮਹਿਕਦਾਰ ਗੁਲਾਲ ਹੀ ਬਖੇਰੇ ਜਾਂਦੇ ਹਨ। ਹੋਲਾ-ਮਹੱਲਾ ਘੋੜ ਸਵਾਰੀ, ਗਤਕੇ ਬਾਜ਼ੀ ਆਦਿਕ ਮਰਦਾਵੀਂ ਖੇਡਾਂ ਹਨ, ਜੋ ਦੋ ਦਲ ਬਣਾ ਕੇ ਖੇਡੀਆਂ ਜਾਂਦੀਆਂ ਹਨ। ਇਸ ਕਰਕੇ ਹੋਲਾ-ਮਹੱਲਾ ਫ਼ੌਜੀ-ਟ੍ਰੇਨਿੰਗ ਦਾ ਵੀ ਪ੍ਰਤੀਕ ਹੈ, ਜਿਸ ਤੋਂ ਸੰਤ ਸਿਪਾਹੀ ਬਿਰਤੀ ਉਤਪੰਨ ਹੁੰਦੀ ਹੈ। ਨਸ਼ੇ ਧਤੂਰੇ ਪੀ ਕੇ ਸ਼ਿਵਜੀ; ਹੋਲਕਾਂ ਅਤੇ ਹਰਨਾਕਸ਼ ਵਰਗਿਆਂ ਨੂੰ ਪ੍ਰਸੰਨ ਹੋ ਕੇ ਵਰ ਦਿੰਦਾ ਸੀ, ਪਰ ਇੱਧਰ ਕਲਗੀਧਰ ਪਾਤਿਸ਼ਾਹ ਨੇ ਦਬਲੇ-ਕੁਚਲੇ ਤੇ ਉੱਚ-ਜਾਤੀਆਂ ਵੱਲੋਂ ਦੁਰਕਾਰੇ ਹੋਏ ਲੋਕਾਂ ਨੂੰ ਗਲ ਨਾਲ ਲਾਇਆ ਤੇ ਹੌਸਲਾ ਦਿੱਤਾ ‘‘ਇਨ ਗਰੀਬ ਸਿਖਨ ਕਉ ਦੇਹੂੰ ਪਾਤਸ਼ਾਹੀ’ ਆਦਿਕ ਬਖ਼ਸ਼ਸ਼ਾਂ ਹੀ ਕੀਤੀਆਂ।

ਦੇਖੋ ! ਬ੍ਰਾਹਮਣ ਨੇ ਜਿੱਥੇ ਮਨੁੱਖਤਾ ਨੂੰ ਜਾਤਾਂ-ਪਾਤਾਂ ਦੇ ਆਧਾਰ ’ਤੇ ਚਾਰ ਵਰਨਾਂ (ਬ੍ਰਾਹਮਣ, ਖਤਰੀ, ਵੈਸ਼ ਅਤੇ ਸ਼ੂਦ) ਵਿੱਚ ਵੰਡਿਆ ਓਥੇ ਤਿਉਹਾਰ ਵੀ ਵੱਖਰੇ-ਵੱਖਰੇ ਵੰਡ ਦਿੱਤੇ; ਜਿਵੇਂ ਵੈਸਾਖੀ ਉੱਤਮ ਹੋਣ ਕਰਕੇ ਬ੍ਰਾਹਮਣ, ਦੀਵਾਲੀ ਖਤਰੀ, ਦਸਹਿਰਾ ਵੈਸ਼ ਅਤੇ ਹੋਲੀ ਸ਼ੂਦਰਾਂ ਲਈ ਨਿਯਤ ਕੀਤੀ ਗਈ। ਰੱਬੀ-ਭਗਤਾਂ ਅਤੇ ਸਿੱਖ-ਗੁਰੂ ਸਾਹਿਬਾਨ ਨੇ ਬ੍ਰਾਹਮਣ ਦਾ ਇਹ ਪਾਖੰਡ ਤੋੜਦੇ ਹੋਏ ਜਨਤਾ ਨੂੰ ਦਰਸਾਇਆ ਕਿ ਹਰੇਕ ਇਨਸਾਨ ਜੋ ਅਸਲ ਬ੍ਰਹਮ ਨੂੰ ਜਾਣਦਾ ਭਾਵ ਪ੍ਰਭੂ ਨੂੰ ਯਾਦ ਕਰਦਾ ਹੋਇਆ ਵਿਦਿਆ ਵਿਚਾਰਦਾ ਹੈ, ਉਹ ਬ੍ਰਾਹਮਣ ਹੈ। ਜੋ ਆਪਣੇ ਅਤੇ ਦੂਜਿਆਂ ਦੇ ਹੱਕਾਂ ਲਈ ਜੂਝਦੇ ਹਨ ਉਹ ਖੱਤ੍ਰੀ ਹਨ। ਜੋ ਧਰਮ ਦੀ ਕਿਰਤ ਕਰਕੇ ਆਪਣਾ ਅਤੇ ਦੂਜਿਆਂ ਦਾ ਪੇਟ ਪਾਲਦੇ ਹਨ ਉਹ ਵੈਸ਼ ਅਤੇ ਮਨੁੱਖਤਾ ਦੀ ਸੇਵਾ ਕਰਦੇ ਹਨ ਤਾਂ ਉਹ ਸ਼ੂਦਰ ਭਾਵ ਇਹ ਚਾਰੇ ਗੁਣ ਹਰੇਕ ਵਿਅਕਤੀ ਅੰਦਰ ਹੋਣੇ ਜ਼ਰੂਰੀ ਹਨ। ਉਸ ਨੂੰ ਬ੍ਰਾਹਮਣ ਜਾਂ ਕਿਸੇ ਧਾਰਮਕ ਕਾਜ਼ੀ-ਮੁੱਲਾਂ, ਪੰਡਿਤ-ਪਾਦਰੀ ਆਦਿਕ ਦੀ ਮੁਥਾਜੀ ਦੀ ਲੋੜ ਨਹੀਂ ਰਹਿੰਦੀ।

ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨ੍ਹਾਭਾ ਨੇ ਹੋਲੇ-ਮਹੱਲੇ ਅਤੇ ‘ਹੋਲੀ’ ਬਾਰੇ ਇਸ ਤਰ੍ਹਾਂ ਲਿਖਿਆ ਹੈ ‘‘ਯੁਧ ਵਿਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਵਾਸਤੇ ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਚੇਤ ੧ ਨੂੰ ਸਿੱਖਾਂ ਵਿੱਚ ਹੋਲਾ-ਮਹੱਲਾ ਹੁੰਦੈ ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸੰਬੰਧ ਨਹੀਂ। ‘ਮਹੱਲਾ’ ਇਕ ਪ੍ਰਕਾਰ ਦੀ ਮਸਨੂਈ ਲੜਾਈ ਹੈ। ਪੈਦਲ, ਘੋੜ-ਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇਕ ਖ਼ਾਸ ਹਮਲੇ ਦੀ ਥਾਂ ਉੱਤੇ ਹਮਲਾ ਕਰਦੇ ਹਨ। ਕਲਗੀਧਰ ਜੀ ਆਪ ਇਸ ਬਨਾਉਟੀ ਲੜਾਈ ਨੂੰ ਵੇਖਦੇ ਅਤੇ ਦੋਹਾਂ ਦਲਾਂ ਨੂੰ ਅਭਿਆਸ ਵਿਦਿਆ ਦਿੰਦੇ ਸਨ। ਜਿਹੜਾ ਦਲ ਜੇਤੂ ਹੁੰਦਾ ਉਸ ਨੂੰ ਸਜੇ ਦੀਵਾਨ ਵਿਖੇ ਸਿਰੋਪਾ ਬਖ਼ਸ਼ਦੇ ਸਨ।

ਅਸੀਂ ਸਾਲ ਪਿੱਛੋਂ ਇਹ ਰਸਮ ਨਾਮ ਮਾਤਰ ਪੂਰੀ ਕਰ ਛੱਡਦੇ ਹਾਂ, ਪਰ ਲਾਭ ਕੁਝ ਨਹੀਂ ਉਠਾਉਂਦੇ। ਹਾਲਾਂਕਿ ਸ਼ਸਤਰ-ਵਿਦਿਆ ਤੋਂ ਅਣਜਾਣ ਸਿੱਖ, ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਅਧੂਰਾ ਸਿੱਖ ਹੈ। ਇਸੇ ਵਿਸ਼ੇ ’ਤੇ ਭਾਈ ਸਾਹਿਬ ਹੋਰ ਲਿਖਦੇ ਹਨ ‘‘ਸ਼ੋਕ ਹੈ ਕਿ ਹੁਣ ਸਿੱਖਾਂ ਨੇ ਸ਼ਸਤਰ ਵਿਦਿਆ ਨੂੰ ਆਪਣੀ ਕੌਮੀ ਵਿਦਿਆ ਨਹੀਂ ਸਮਝਿਆ, ਸਿਰਫ ਫੌਜੀਆਂ ਦਾ ਕਰਤਬ ਮੰਨ ਲਿਆ ਹੈ। ਜਦ ਕਿ ਦਸਮੇਸ਼ ਜੀ ਦਾ ਉਪਦੇਸ਼ ਹੈ ਕਿ ਹਰੇਕ ਸਿਖ ਪੂਰਾ ਸੰਤ ਸਿਪਾਹੀ ਹੋਵੇ ਅਤੇ ਸ਼ਸਤਰ ਵਿਦਿਆ ਦਾ ਅਭਿਆਸ ਕਰੇ, ਇਸ ਤੋਂ ਬਿਨਾਂ ਸਿੱਖ ਅਧੂਰਾ ਹੈ।

ਇਸ ਤਰ੍ਹਾਂ ਹੋਲਾ-ਮਹੱਲਾ  ਸ਼ਸਤਰ ਵਿਦਿਆ, ਅਣਖ ਗੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਇੱਕ ਵਿਲੱਖਣ ਤਿਉਹਾਰ ਹੈ ਜਦ ਕਿ ਹੋਲੀ ਨੂੰ ਸਦੀਆਂ ਤੋਂ ਰੰਗ ਰਲੀਆਂ ਵਜੋਂ ਮਨਾਉਂਦੇ ਆ ਰਹੇ ਲੋਕ, ਆਪਣੀ ਅਣਖ-ਗੈਰਤ ਗਵਾ ਨਿਹੱਥੇ ਹੋ ਜ਼ਾਲਮ ਮੁਗਲ ਹਕੂਮਤ ਦੀ ਗੁਲਾਮੀ ਕਬੂਲ ਕਰ ਚੁੱਕੇ ਸਨ। ਉਸ ਵੇਲੇ ਕੋਈ ਸ਼ਸਤਰ ਨਹੀਂ ਸੀ ਰੱਖ ਸਕਦਾ। ਸਿਰ ’ਤੇ ਪੱਗ ਨਹੀਂ ਸੀ ਬੰਨ੍ਹ ਸਕਦਾ। ਸ਼ਿਕਾਰ ਨਹੀਂ ਸੀ ਖੇਡ ਸਕਦਾ ਅਤੇ ਜਿਸ ਦੇ ਅੰਦਰ ਇਹ ਧਾਰਨਾ ਬਣ ਚੁੱਕੀ ਸੀ ਕਿ ‘ਕਾਮ ਹਮਾਰਾ ਤੋਲਣ ਤੱਕੜੀ। ਨੰਗੀ ਕਰਦ ਕਦੇ ਨਹੀਂ ਪਕੜੀ। ਚਿੱੜੀ ਉੱਡੇ ਤਉ ਹਮ ਡਰ ਜਾਏਂ। ਦੁਸ਼ਮਣ ਸੇ ਕੈਸੇ ਲੜ ਪਾਏਂ।’ ਅਜਿਹੇ ਸਹਿਮੇ ਹੋਏ ਲੋਕਾਂ ਅੰਦਰ ਸ਼ਸਤਰਧਾਰੀ ਹੋ ਕੇ, ਛਾਤੀਆਂ ਤਾਣ ਕੇ, ਵੈਰੀਆਂ ਦਾ ਮੁਕਾਬਲਾ ਕਰਨ ਦਾ ਅਥਾਹ ਬਲ ਭਰਨ ਲਈ ਗੁਰੂ ਕਲਗੀਧਰ ਪਾਤਿਸ਼ਾਹ ਨੇ ਸ਼ਸਤਰ-ਵਿਦਿਆ, ਘੋੜ-ਸਵਾਰੀ, ਸ਼ਿਕਾਰ ਖੇਡਣਾ ਅਤੇ ਦਸਤਾਰਾਂ ਉੱਪਰ ਫਰਲੇ ਸਜਾਉਣਾ ਆਦਿਕ ਹੋਲੇ-ਮਹੱਲੇ ਦੇ ਜੰਗੀ ਕਰਤਬ ਡੰਕੇ ਦੀ ਚੋਟ ਨਾਲ ਸ਼ੁਰੂ ਕੀਤੇ। ਮੱਛੀ-ਮੱਛਰ ਮਾਰਨ ਤੋਂ ਡਰਨ ਵਾਲੇ ਸ਼ੇਰਾਂ ਦਾ ਸ਼ਿਕਾਰ ਕਰਨ ਲੱਗ ਪਏ। ਖ਼ਾਲਸੇ ਨੇ ਸ਼ਸਤਰਧਾਰੀ ਹੋ ਕੇ ਜ਼ਾਲਮ ਮੁਗਲ ਹਕੂਮਤ ਦੀਆਂ ਜੜ੍ਹਾਂ ਭਾਰਤ ਵਿੱਚੋਂ ਉਖੇੜ ਕੇ ਖਾਲਸਾ ਰਾਜ ਕਾਇਮ ਕੀਤਾ ਅਤੇ ਫਿਰ ਕਾਫ਼ੀ ਸਮੇਂ ਬਾਅਦ ਭਾਰੀ ਕੁਰਬਾਨੀਆਂ ਦੇ ਕੇ ਅੰਗਰੇਜ਼ਾਂ ਤੋਂ ਭਾਰਤ ਨੂੰ ਵੀ ਅਜ਼ਾਦ ਕਰਵਾਇਆ। ਅੱਜ ਵੀ ਹਰ ਅਜ਼ਾਦ ਦੇਸ਼ ਭਾਵੇਂ ਉਸ ਦੀ ਕਿਸੇ ਦੂਜੇ ਦੇਸ਼ ਨਾਲ ਜੰਗ ਨਹੀਂ ਵੀ ਲੱਗੀ ਹੋਈ ਫਿਰ ਵੀ ਆਪਣੀ ਫ਼ੌਜ ਨੂੰ ਨਿਤਾਪ੍ਰਤੀ ਜੰਗੀ ਅਭਿਆਸ ਕਰਵਾਉਂਦਾ ਰਹਿੰਦਾ ਹੈ।

ਸੋ ਹੋਲਾ-ਮਹੱਲਾ ਫ਼ਤਿਹ ਅਤੇ ਅਜ਼ਾਦੀ ਦਾ ਵੀ ਪ੍ਰਤੀਕ ਹੈ। ਕਵੀ ਨਿਹਾਲ ਸਿੰਘ ਨੇ ਵੀ ਖਾਲਸੇ ਦੀ ਚੜ੍ਹਦੀ ਕਲਾ ਦੇ ਬੋਲਾਂ ਦਾ ਜ਼ਿਕਰ ਕਰਦੇ ਹੋਏ ਹੋਲੇ ਦੀ ਵਿਲੱਖਣਤਾ ਇਉਂ ਦਰਸਾਈ ਹੈ ‘ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ। ਛਕਾ ਪ੍ਰਸ਼ਾਦ ਸਜਾ ਦਸਤਾਰਾ, ਅਰ ਕਰਦੌਨਾ ਟੋਲਾ ਹੈ। ਸੁਭੱਟ ਸੁਚਾਲਾ ਅਰ ਲੱਖ ਬਾਹਾ, ਕਲਗਾ ਸਿੰਘ ਸਚੋਲਾ ਹੈ। ਅਪਰ ਮੁਛਹਿਰਾ ਦਾੜਾ ਜੈਸੇ, ਤੈਸੇ ਬੋਲਾ ਹੋਲਾ ਹੈ।

ਸਤਿਸੰਗੀਆਂ ਦੀ ਆਤਮਕ ਹੋਲੀ ਦਾ ਜ਼ਿਕਰ ਗੁਰਬਾਣੀ ਵਿਖੇ ਪਹਿਲੇ ਤੋਂ ਹੀ ਮੌਜੂਦ ਹੈ ‘‘ਆਜੁ ਹਮਾਰੈ ਬਨੇ ਫਾਗ ॥  ਪ੍ਰਭ ਸੰਗੀ ਮਿਲਿ ਖੇਲਨ ਲਾਗ ॥  ਹੋਲੀ ਕੀਨੀ ਸੰਤ ਸੇਵ ॥  ਰੰਗੁ ਲਾਗਾ ਅਤਿ ਲਾਲ ਦੇਵ ॥’’ (ਮਹਲਾ ੫/੧੧੮੦) ਭਾਵ ਜਦ ਸਤਸੰਗੀ ਸੇਵਾ ਸਿਮਰਨ ਵਿਚਾਰ ਰੂਪੀ ਹੋਲੀ ਖੇਡਦੇ ਹਨ ਤਾਂ ਉਨ੍ਹਾਂ ਦੇ ਹਿਰਦੇ ਰੂਪੀ ਕੱਪੜੇ ਉੱਤੇ ਪ੍ਰਭੂ ਪਿਆਰ ਦਾ ਗੂੜ੍ਹਾ ਰੰਗ ਲੱਗ ਜਾਂਦਾ ਹੈ। ਛੇਵੇਂ ਪਾਤਿਸ਼ਾਹ ਨੇ ਪੰਥ ਨੂੰ ਬਾਕਾਇਦਾ ਸ਼ਸਤਰਧਾਰੀ ਕੀਤਾ ਅਤੇ ਹਕੂਮਤ ਨਾਲ ਚਾਰ ਜੰਗਾਂ ਲੜੀਆਂ। ਚੌਹਾਂ ਵਿੱਚ ਹੀ ਆਪ ਜੀ ਨੇ ਫ਼ਤਿਹ ਹਾਸਲ ਕੀਤੀ। ਗੁਰਗੱਦੀ ਸੌਂਪਣ ਸਮੇਂ ਆਪ ਜੀ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ 2200 ਸ਼ਸਤਰਧਾਰੀ ਘੋੜ ਸਵਾਰ ਫ਼ੌਜ ਵੀ ਸਪੁਰਦ ਕੀਤੀ ਅਤੇ ਨਾਲ ਹੀ ਹੁਕਮ ਕੀਤਾ ਕਿ ਇਨ੍ਹਾਂ ਫ਼ੌਜਾਂ ਨੂੰ ਬਾਕਾਇਦਾ ਕਾਇਮ ਰੱਖਣਾ ਹੈ। ਸਪਸ਼ਟ ਹੈ ਕਿ ਜੇ ਫ਼ੌਜਾਂ ਨੂੰ ਕਾਇਮ ਰੱਖਣਾ ਹੈ ਤਾਂ ਉਨ੍ਹਾਂ ਦੇ ਅਭਿਆਸ ਵੀ ਚੱਲਦੇ ਹੀ ਰਹਿਣੇ ਹਨ। ਅੰਤ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਦੇ ਬਾਕਾਇਦਾ ਜੁਝਾਰੂ ਹੋਣ ਦਾ ਐਲਾਨ ਵੀ ਕਰ ਦਿੱਤਾ। ਕ੍ਰਿਪਾਨ ਨੂੰ ਪੰਜਾਂ ਕਕਾਰਾਂ ਵਿੱਚ ਸ਼ਾਮਲ ਕਰਕੇ ਸਿੱਖੀ ਪਹਿਰਾਵੇ ਦਾ ਸਦਾ ਵਾਸਤੇ ਅੰਗ ਬਣਾ ਦਿੱਤਾ ਗਿਆ। ਫਿਰ ਹੋਲੇ-ਮਹੱਲੇ ਰਾਹੀਂ ਸ਼ਸਤਰ ਵਿਦਿਆ ਦੇ ਅਭਿਆਸ ਵਾਲਾ ਇਹ ਨੇਮ ਵੀ ਪੱਕਾ ਕਰ ਦਿੱਤਾ। ਇਸ ਤੋਂ ਵੱਡਾ ਹੋਰ ਕੋਈ ਸਬੂਤ ਨਹੀਂ ਕਿ ਹੋਲਾ-ਮਹੱਲਾ ਅਰੰਭ ਕਰਕੇ, ਗੁਰੂ ਜੀ ਨੇ ਸਿੱਖਾਂ ਨੂੰ ਆਪ ਹੀ ਇਹ ਹਿਦਾਇਤ ਵੀ ਕੀਤੀ ਕਿ ਉਹ ਸ਼ਸਤਰ ਵਿਦਿਆ ਦਾ ਅਭਿਆਸ ਸਦਾ ਜਾਰੀ ਰੱਖਣ।

ਹੋਲੀ ਬਾਰੇ ਵਿਚਾਰ ਹੋਲੀ ਇੱਕ ਮਿਥਿਹਾਸਕ ਪੌਰਾਣਕ ਤਿਉਹਾਰ ਹੈ। ਬ੍ਰਾਹਮਣ ਮੱਤ ਅਨੁਸਾਰ ਵਰਣ-ਵੰਡ ਵਿੱਚ ਦ੍ਰਿੜ੍ਹਤਾ ਲਿਆਉਣ ਵਾਸਤੇ ਜਿੱਥੇ ਹਰੇਕ ਵਰਣ ਵਾਸਤੇ ਜੰਝੂ ਤੇ ਇਸ ਨੂੰ ਪਾਉਣ ਦੇ ਢੰਗ ਅਤੇ ਸਮੇਂ ਵੱਖਰੇ-ਵੱਖਰੇ ਹਨ। ਫਿਰ ਵਰਣਾਂ ਅਨੁਸਾਰ ਨਾਵਾਂ ਦੀ ਵੰਡ ਅਤੇ ਹੋਰ ਨੇਮ ਬਣਾਏ ਗਏ ਹਨ। ਇਸ ਤਰ੍ਹਾਂ ਬ੍ਰਾਹਮਣ ਵਰਗ ਨੇ ਆਪਣੇ ਵਾਸਤੇ ਵਿਸਾਖੀ, ਵੈਸ਼ਾਂ ਵਾਸਤੇ ਦਿਵਾਲੀ, ਖੱਤਰੀਆਂ ਵਾਸਤੇ ਦਸਹਿਰਾ ਅਤੇ ਸ਼ੂਦਰਾਂ ਵਾਸਤੇ ਹੋਲੀ ਦਾ ਤਿਉਹਾਰ ਪ੍ਰਚਲਿਤ ਕੀਤਾ। ਮੂਲ ਰੂਪ ਵਿੱਚ ਇਹ ਬ੍ਰਾਹਮਣੀ ਤਿਉਹਾਰ ਹਨ; ਜਿਵੇਂ ਕਿ ਇਕ ਪੌਰਾਣਿਕ ਕਥਾ ਅਨੁਸਾਰ ਹੰਕਾਰੀ ਹਰਨਾਖਸ਼ ਨੇ ਸ਼ਿਵ ਤੋਂ ਵਰ ਪ੍ਰਾਪਤ ਕੀਤਾ ਕਿ ‘ਅੰਦਰ ਜਾਂ ਬਾਹਰ, ਦਿਨੇ ਜਾਂ ਰਾਤੀਂ, ਮਨੁੱਖ ਜਾਂ ਪਸ਼ੂ ਕਿਸੇ ਤੋਂ ਨਾ ਮਰਾਂ’ ਅਜਿਹਾ ਵਰ ਪ੍ਰਾਪਤ ਕਰਕੇ ਉਹ ਵੱਡਾ ਜ਼ਾਲਮ ਬਣ ਗਿਆ ਅਤੇ ਐਲਾਨ ਕਰ ਦਿੱਤਾ ਕਿ ਕੋਈ ਰਾਮ ਨੂੰ ਨਾ ਜਪੇ ਅਤੇ ਸਾਰੇ ਮੇਰਾ ਹੀ ਜਾਪ ਕਰਨ। ਕਰਤਾਰ ਦੀ ਕਰਨੀ, ਘਰ ਵਿੱਚੋਂ ਹੀ, ਹਰਨਾਖਸ਼ ਦਾ ਪੁੱਤਰ ਪ੍ਰਹਿਲਾਦ ਇਸ ਗਲੋਂ ਵਿਰੋਧੀ ਹੋ ਗਿਆ ਅਤੇ ਖਲਕਤ ਵਿੱਚ ਰਮੇ ਹੋਏ ‘ਰਾਮ’ ਨੂੰ ਜਪਣ ਅਤੇ ਪ੍ਰਚਾਰਨ ਲੱਗਾ। ਇਸ ਕਰਕੇ ਹੰਕਾਰੀ ਪਿਤਾ ਹਰਨਾਕਸ਼ ਨੇ ਉਸ ਨੂੰ ਪਹਾੜ ਤੋਂ ਦਰਿਆ ਵਿੱਚ ਸੁੱਟ ਕੇ ਭਾਵ ਹਰ ਢੰਗ ਨਾਲ ਮਰਵਾਉਣ ਦਾ ਜਤਨ ਕੀਤਾ, ਪਰ ਪ੍ਰਭੂ ਨੇ ਹਰ ਵਾਰੀ ਪ੍ਰਹਿਲਾਦ ਦੀ ਰੱਖਿਆ ਕੀਤੀ। ਪ੍ਰਚਲਿਤ ਕਹਾਣੀ ਅਨੁਸਾਰ ਅੰਤ ਹਰਨਾਖਸ਼ ਦੀ ਭੈਣ ਹੋਲਕਾ ਨੇ ਤਪ ਕਰਕੇ ਸ਼ਿਵ ਪਾਸੋਂ ਇੱਕ ਦੁਪੱਟਾ ਪ੍ਰਾਪਤ ਕੀਤਾ, ਜਿਸ ਨੂੰ ਉੱਪਰ ਲੈਣ ਤੋਂ ਬਾਅਦ ਅੱਗ ਉਸ ਉੱਪਰ ਕੋਈ ਅਸਰ ਨਹੀਂ ਕਰ ਸਕਦੀ ਸੀ। ਹਰਨਾਖਸ਼ ਦੇ ਕਹੇ ’ਤੇ, ਹੋਲਿਕਾ ਆਪਣੇ ਭਣੇਵੇਂ ਪ੍ਰਹਿਲਾਦ ਨੂੰ ਗੋਦੀ ਵਿੱਚ ਲੈ ਕੇ ਬਲਦੀ ਅੱਗ ਦੀ ਚਿਖਾ ’ਤੇ ਬੈਠ ਗਈ। ਕਰਤਾਰ ਦੀ ਕਰਨੀ, ਉਹ ਦੁਪੱਟਾ ਹੋਲਿਕਾ ਤੋਂ ਉੱਡ ਕੇ, ਪ੍ਰਹਿਲਾਦ ਉੱਤੇ ਜਾ ਪਿਆ। ਹੋਲਿਕਾਂ ਸੜ ਕੇ ਸਵਾਹ ਹੋ ਗਈ ਅਤੇ ਪ੍ਰਹਿਲਾਦ ਬਚ ਗਿਆ। ਅੰਤ ਅੱਗ ਨਾਲ ਤਪਾ ਕੇ ਲਾਲ ਕੀਤੇ ਲੋਹੇ ਦੇ ਥੰਮ੍ਹ ਨਾਲ ਪ੍ਰਹਿਲਾਦ ਨੂੰ ਜੱਫਾ ਮਾਰਨ ਦਾ ਹੁਕਮ ਹੋਇਆ। ਮਨੌਤ ਹੈ ਕਿ ਠੀਕ ਉਸ ਸਮੇਂ ਪ੍ਰਭੂ ਨੇ ਨਰਸਿੰਘ ਦਾ ਰੂਪ ਧਾਰ, ਪ੍ਰਹਿਲਾਦ ਨੂੰ ਬਚਾ ਲਿਆ ਅਤੇ ਹਰਨਾਖਸ਼ ਨੂੰ ਦਹਿਲੀਜ ’ਤੇ ਤਿਖੇ ਨੌਹਾਂ ਨਾਲ ਫਾੜ ਕੇ ਦੋਫਾੜ ਕਰ ਦਿੱਤਾ। ਇਸ ਪੌਰਾਣਿਕ ਸਾਖੀ ਦਾ ਜ਼ਿਕਰ ਗੁਰਬਾਣੀ ’ਚ ਕਈ ਵਾਰ, ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਨੇ ਕੀਤਾ ਹੈ; ਜਿਵੇਂ ਕਿ ‘‘ਹਰਣਾਖਸੁ ਲੇ ਨਖਹੁ ਬਿਧਾਸਾ (ਮਹਲਾ /੨੨੪), ਹਰਣਾਖਸੁ ਦੁਸਟੁ ਹਰਿ ਮਾਰਿਆ; ਪ੍ਰਹਲਾਦੁ ਤਰਾਇਆ (ਮਹਲਾ /੪੫੧), ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ! ਹਰਣਾਖਸੁ ਮਾਰਿ ਪਚਾਇਆ (ਮਹਲਾ /੬੩੭), ਕੀਨੀ ਰਖਿਆ ਭਗਤ ਪ੍ਰਹਿਲਾਦੈ; ਹਰਨਾਖਸ ਨਖਹਿ ਬਿਦਾਰੇ (ਮਹਲਾ /੯੯੯), ਭਗਤ ਹੇਤਿ ਮਾਰਿਓ ਹਰਨਾਖਸੁ; ਨਰਸਿੰਘ ਰੂਪ ਹੋਇ ਦੇਹ ਧਰਿਓ (ਭਗਤ ਨਾਮਦੇਵ/੧੧੦੫), ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ; ਹਰਨਾਖਸੁ ਨਖ ਬਿਦਰਿਓ (ਭਗਤ ਕਬੀਰ/੮੫੬), ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ; ਹਰਨਾਖਸ ਫਾਰੇ ਕਰ ਆਜ ’’ (ਭਟ ਨਲੵ/੧੪੦੦) ਆਦਿ। ਲੋਕਾਈ ਨੂੰ ਇਹ ਸਮਝਾਉਣ ਵਾਸਤੇ ਕਿ ਮਨੁੱਖ ਭਾਵੇਂ ਕਿਨ੍ਹਾਂ ਵੀ ਜ਼ਾਲਮ ਜਾਂ ਹੰਕਾਰੀ ਹੋਵੇ, ਪ੍ਰਭੂ ਆਪਣੇ ਪਿਆਰਿਆਂ ਦੀ ਸਦਾ ਲਾਜ ਰੱਖਦਾ ਹੈ ‘‘ਹਰਿ ਜੁਗੁ ਜੁਗੁ ਭਗਤ ਉਪਾਇਆ; ਪੈਜ ਰਖਦਾ ਆਇਆ ਰਾਮ ਰਾਜੇ ’’ (ਮਹਲਾ /੪੫੧)

ਚੇਤੇ ਰਹੇ ਕਿ ਪ੍ਰਚਲਿਤ ਕਥਾ ਅਨੁਸਾਰ ਇਹ ਕਹਾਣੀ ਕਹੇ ਜਾਂਦੇ ਉਸ ਸਤਜੁਗ ਦੀ ਹੈ ਜਦੋਂ ‘ਦਸ਼ਰਥ-ਪੁੱਤ੍ਰ ਰਾਮ’ ਅਜੇ ਪੈਦਾ ਵੀ ਨਹੀਂ ਹੋਇਆ ਸੀ। ਇਸ ਲਈ ਇੱਥੇ ‘ਸਰਬ ਵਿਆਪਕ ਰਾਮ’ ਦੀ ਗੱਲ ਹੈ, ਨਾ ਕਿ ‘ਦਸ਼ਰਥ-ਪੁੱਤਰ ਰਾਮ ਚੰਦਰ’ ਦੀ। ਹੋਲੀ ਦੇ ਤਿਉਹਾਰ ਨੂੰ ਮਨਾਉਣ ਵਾਲੇ ਸੱਜਣ, ਇਸ ਘਟਨਾ ਨੂੰ ਆਧਾਰ ਬਣਾ ਕੇ ਰਾਤ ਨੂੰ ਹੋਲੀ ਜਲਾਉਂਦੇ ਹਨ। ਇਸ ਤਰ੍ਹਾਂ ਇਸ ਨੂੰ ਹੋਲਿਕਾ ਦੀ ਰਾਖ ਮੰਨ ਕੇ, ਸਵੇਰੇ ਉਸ ਰਾਖ ਨੂੰ ਉਡਾਇਆ ਜਾਂਦਾ ਹੈ। ਸ੍ਰੀ ਮਦੁ ਭਾਗਵਤ ਪੁਰਾਣ ਦੀ ਇੱਕ ਕਥਾ ਅਨੁਸਾਰ ਜਿੱਥੇ ਗੋਪੀਆਂ ਨੇ ਕ੍ਰਿਸ਼ਨ ਜੀ ਨਾਲ ਰੰਗ ਆਦਿਕ ਉੱਡਾ ਕੇ ਖੂਬ ਹੋਲੀ ਖੇਡੀ, ਉੱਥੇ ਇਸ ਕਥਾ ਨੂੰ ਬੜਾ ਕਾਮੁਕ ਬਣਾ ਕੇ ਪੇਸ਼ ਕੀਤਾ ਗਿਆ ਹੈ, ਜਿਸ ਦਾ ਸਿੱਟਾ ਅੱਜ ਕੱਲ੍ਹ ਵੀ ਗੋਕੁਲ, ਮਥੁਰਾ, ਬ੍ਰਿੰਦਾਬਨ ਦੀ ਹੋਲੀ ਵਿੱਚ ਅਜਿਹੀਆਂ ਕਾਮ-ਖੇਡਾਂ ਆਮ ਪ੍ਰਚਲਿਤ ਹਨ। ਇਸ ਤਿਉਹਾਰ ਸਮੇਂ ਲੋਕੀਂ ਇੱਕ ਦੂਜੇ ’ਤੇ ਕੇਵਲ ਰੰਗ-ਗੁਲਾਲ ਹੀ ਨਹੀਂ ਬਲਕਿ ਚਿੱਕੜ, ਗੋਹਾ, ਲੁੱਕ, ਤੇਲ ਅਤੇ ਗੰਦਗੀ ਆਦਿ ਵੀ ਸੁੱਟਦੇ ਹਨ। ਹੋਲੀ ਦੇ ਤਿਉਹਾਰ ਨੂੰ ਸ਼ਰਾਬਾਂ ਉੱਡਦੀਆਂ ਅਤੇ ਕਈ ਝਗੜੇ, ਫਸਾਦ, ਲੜਾਈਆਂ, ਐਕਸੀਡੈਂਟ ਅਤੇ ਕਤਲ ਤੀਕ ਹੁੰਦੇ ਹਨ। ਸ਼ਰਾਬ ਦੇ ਨਸ਼ੇ ਵਿੱਚ ਕਈ ਭੂਤਰੇ ਲੋਕ ਇਸ ਵਿਗੜੇ ਹੋਏ ਵਾਤਾਵਰਣ ਦਾ ਆਪਣੇ ਢੰਗ ਨਾਲ ਲਾਭ ਉਠਾਉਂਦੇ ਹਨ ਅਤੇ ਅਪਣੀਆਂ ਦੁਸ਼ਮਣੀਆਂ ਕੱਢਦੇ ਹਨ। ਇਨ੍ਹੀਂ ਦਿਨੀਂ ਹਸਪਤਾਲਾਂ ਵਿੱਚ ਜਾ ਕੇ ਅਜਿਹੇ ਨਜ਼ਾਰੇ, ਆਮ ਦੇਖੇ ਜਾ ਸਕਦੇ ਹਨ। ਜਵਾਨ ਬੱਚੀਆਂ ਅਤੇ ਇਸਤਰੀਆਂ ਨਾਲ ਭੱਦੇ ਮਜ਼ਾਕ ਹੁੰਦੇ ਹਨ।

ਗੁਰੂ ਦਰ ’ਤੇ ਹੋਲੀ ਦਾ ਤਿਉਹਾਰ ਕੱਚੇ ਰੰਗਾਂ, ਨਸ਼ਿਆਂ ਆਦਿ ਦੇ ਢੰਗ ਨਾਲ ਮਨਾਉਣਾ ਪੂਰੀ ਤਰ੍ਹਾਂ ਵਰਜਿਤ ਹੈ। ਅਕਾਲ ਪੁਰਖ ਦੇ ਬਖ਼ਸ਼ੇ ਸੁੰਦਰ ਕੇਸਾਧਾਰੀ ਸਰੂਪ ਦੀ ਬੇਅਦਬੀ ਕਰਨ ਜਾਂ ਕਰਾਉਣ ਦਾ ਸਾਨੂੰ ਕੋਈ ਅਧਿਕਾਰ ਨਹੀਂ।

ਹੋਲੇ ਮਹੱਲੇ ਦਾ ਮਹੱਤਵ ਹੋਰ ਵੀ ਸਪਸ਼ਟ ਹੋ ਜਾਂਦਾ ਹੈ, ਜਦੋਂ ਅਸੀਂ ਸਿੱਖੀ ਦੇ ਮੂਲ ਸਿਧਾਂਤ ‘ਦੇਗ ਤੇਗ ਫ਼ਤਹਿ’ ਵਾਲੇ ਸ਼ਬਦਾਂ ਵੱਲ ਧਿਆਨ ਕਰੀਏ । ਗੁਰੂ ਕੀਆਂ ਸੰਗਤਾਂ ਨੂੰ ਗੁਰਦੇਵ ਨੇ, ਜਿੱਥੇ ਕੜਾਹ ਪ੍ਰਸ਼ਾਦ ਅਤੇ ਗੁਰੂ ਕੇ ਲੰਗਰ ਆਦਿ ਨੂੰ ‘ਦੇਗ ਅਥਵਾ ਦੇਗਾਂ’ ਕਹਿ ਕੇ ਬਖ਼ਸ਼ਿਆ ਹੈ, ਉੱਥੇ ਨਾਲ ਹੀ ਨਿਯਮ ਹੈ ਕਿ ਬਿਨਾਂ ‘ਕ੍ਰਿਪਾਨ ਭੇਟ’ ਕੜਾਹ ਪ੍ਰਸ਼ਾਦ ਦੀ ਦੇਗ਼ ਵੀ ਨਹੀਂ ਵਰਤਾਉਣੀ। ਕੁਝ ਸੱਜਣ ਕੜਾਹ ਪ੍ਰਸ਼ਾਦ ਦੀ ਦੇਗ ਦੇ ਕ੍ਰਿਪਾਨ ਭੇਟ ਕਰਨ ਨੂੰ ‘ਭੋਗ ਲੁਆਉਣਾ’ ਸਮਝਦੇ ਹਨ ਭਾਵੇਂ ਕਿ ਗੁਰੂ ਦਰਬਾਰ ਵਿੱਚ ਭੋਗ ਲਵਾਉਣ ਦਾ ਕੋਈ ਵਿਧਾਨ ਨਹੀਂ। ਭੋਗ ਲਵਾਉਣ ਦੀ ਪ੍ਰਥਾ ਤਾਂ ਦੇਵੀ-ਦੇਵਤਿਆਂ ਅਥਵਾ ਮੂਰਤੀਆਂ ਲਈ ਪੰਡਿਤਾਂ ਨੇ ਨਿਰਧਾਰਿਤ ਕੀਤੀ ਹੈ। ਗੁਰੂ ਦਰ ’ਤੇ ਤਾਂ ਸਿੱਖ ਧਰਮ ਦੇ ਮੂਲ ਸਿਧਾਂਤ ਦੇਗ ਤੇਗ ਫ਼ਤਹਿ ਮੁਤਾਬਕ ਕ੍ਰਿਪਾਨ ਭੇਟ ਦਾ ਨਿਯਮ ਹੈ। ਇਸ ਦਾ ਸਿੱਧਾ ਅਰਥ ਹੈ ਕਿ ਗੁਰਸਿੱਖ ਨੇ ਸ਼ਸਤਰਾਂ ਨੂੰ ਦਰਕਿਨਾਰ ਕਰ ਕੇਵਲ ਦੇਗ ਛੱਕਣ ਤੱਕ ਹੀ ਨਹੀਂ ਰਹਿ ਜਾਣਾ। ਤੇਗ (ਸ਼ਸਤਰ) ਨੂੰ ਭੁਲਾ ਕੇ ਕੇਵਲ ਦੇਗ ਛੱਕਣ ਦਾ ਵੀ ਹੱਕ ਨਹੀਂ।

ਗੁਰ ਬਿਲਾਸ ਪਾਤਸ਼ਾਹੀ ਦਸਵੀਂ ਅਧਿਆਯ ੨੩ ਵਿੱਚ ਸਿੱਖਾਂ ਵਾਸਤੇ ਦਸਵੇਂ ਪਾਤਿਸ਼ਾਹ ਜੀ ਦਾ ਇਹ ਹੁਕਮ ਹੈ ਪੁਨੰ ਸੰਗ ਸਾਰੇ ਪ੍ਰਭੁ ਜੀ ਸੁਨਾਈ ਬਿਨਾ ਤੇਗ ਤੀਰੋ ਰਹੋ ਨਾਹ ਭਾਈ ਬਿਨਾ ਸ਼ਸਤਰ, ਕੇਸੰ, ਨਰੰ ਭੇਡ ਜਾਨੋ ਗਹੈ ਕਾਨ ਤਾ ਕੋ ਕਿਤੇ ਲੇ ਸਿਧਾਨੋ ਇਹੋ ਮੋਰ ਆਗਿਆ, ਸੁਨੋ ਹੇ ਪਿਆਰੇ ਬਿਨਾ ਕੇਸ, ਤੇਗੰ ਦਿਉ ਦੀਦਾਰੇ ਇਹੋ ਮੋਰ ਬੈਨਾ, ਮਨੇਗਾ ਸੁ ਜੋਈ ਤਿਸੇ ਇੱਛ ਪੂਰੀ, ਸਭੇ ਜਾਨ ਸੋਈ ਇਸ ਤਰ੍ਹਾਂ ਹੀ ਰਹਿਤਨਾਮਾ, ਪ੍ਰਸ਼ਨ-ਉੱਤਰ ਭਾਈ ਨੰਦ ਲਾਲ ਸਿੰਘ ਜੀ ’ਚ ਦਰਜ ਹੈ ਸ਼ਸਤ੍ਰਹੀਨ ਇਹ ਕਬਹੁ ਹੋਈ ਰਹਤਵੰਤ ਖਾਲਿਸ ਹੈ ਸੋਈ ਰਹਿਤਨਾਮਾ ਭਾਈ ਦੇਸਾ ਸਿੰਘ ਜੀ ’ਚ ਇਉਂ ਦਰਜ ਹੈ ਕਛੁ ਕ੍ਰਿਪਾਨ ਕਬਹੂੰ ਤਿਆਗੈ ਸਨਮੁਖ ਲਰੈ ਰਣ ਤੇ ਭਾਗੈ  ਦਸਮੇਸ਼ ਜੀ ਦਾ ਖ਼ਾਲਸੇ ਨੂੰ ਹੁਕਮ ਹੈ ਸ਼ਸਤ੍ਰਨ ਕੇ ਅਧੀਨ ਹੈ ਰਾਜ ਜੋ ਧਰਹਿ, ਤਿਸ ਬਿਗਰਹਿ ਕਾਜ ਯਾਂ ਤੇ ਸਰਬ ਖਾਲਸਾ ਸੁਨੀਅਹਿ ਅਯੁਧ ਸਰਬੇ ਉਤਮ ਗੁਨੀਅਹਿ ਜਬ ਹਮਰੇ ਦਰਸ਼ਨ ਕੋ ਆਵਹੁ ਬਨ ਸੁਚੇਤ, ਤਨ ਸ਼ਸਤ੍ਰ ਸਜਾਵਹੁ ਕਮਰਕਸਾ ਕਰ ਦੇਹੁ ਦਿਖਾਈ ਹਮਰੀ ਖੁਸ਼ੀ ਹੋਇ ਅਧਿਕਾਈ

ਹੋਲੇ ਮਹੱਲੇ ਦੇ ਤਿਉਹਾਰ ਦਾ ਇੱਕ ਆਪਣਾ ਹੀ ਵਿਸ਼ੇਸ਼ ਮਹੱਤਵ ਹੈ; ਜਿਵੇਂ ਕਿ ਸਾਰੇ ਸਮਕਾਲੀ ਲਿਖਾਰੀ ਅਤੇ ਸਿੱਖ ਇਤਿਹਾਸਕਾਰ ਇਸ ਬਾਰੇ ਇੱਕ ਮੱਤ ਹਨ ਕਿ ਗੁਰੂ ਸਾਹਿਬਾਨ ਵੱਲੋਂ ਸਿੱਖਾਂ ਵਾਸਤੇ ‘ਕੇਸਾਧਾਰੀ ਅਤੇ ਸ਼ਸਤ੍ਰਧਾਰੀ’ ਹੋਣਾ ਸਭ ਤੋਂ ਜ਼ਰੂਰੀ ਦੱਸਿਆ ਹੈ; ਉਸੇ ਤਰ੍ਹਾਂ ਸਿੱਖਾਂ ਵਿੱਚ, ਸ਼ਸਤਰ ਅਭਿਆਸ ਨੂੰ ਪੱਕਾ ਕਰਨ ਵਾਸਤੇ ਪਾਤਿਸ਼ਾਹ ਨੇ ‘ਹੋਲੇ-ਮਹੱਲੇ’ ਦਾ ਤਿਉਹਾਰ ਵੀ ਆਪ ਸਿਰਜਿਆ ਹੈ। ਜਿਸ ਤਰ੍ਹਾਂ ਗੁਰਸਿਖ ਨੇ ਕੜਾਹ ਪ੍ਰਸ਼ਾਦ ਸਮੇਂ ਨਿਤਾਪ੍ਰਤੀ ਕ੍ਰਿਪਾਨ ਭੇਟ ਕਰਨੀ ਹੈ, ਉਸੇ ਤਰ੍ਹਾਂ ਹੀ ਸ਼ਸਤਰਾਂ ਨਾਲ ਨਿਤਾਪ੍ਰਤੀ ਸਾਂਝ ਬਣਾਉਣੀ ਹੈ। ਹੋਲਾ-ਮਹੱਲਾ ਨਿਰਾ ਪੁਰਾ ਇੱਕ ਸਿੱਖ ਤਿਉਹਾਰ ਹੀ ਨਹੀਂ ਬਲਕਿ ਸਿੱਖ ਨੂੰ ਸ਼ਸਤਰ ਅਭਿਆਸੀ ਬਣੇ ਰਹਿਣ ਲਈ ਇੱਕ ਚੇਤਾਵਨੀ ਵੀ ਹੈ। ਅਸਲ ਵਿੱਚ ਸ਼ਸਤਰਧਾਰੀ ਫ਼ੌਜਾਂ ਦਾ ਵੀ ਇਹੀ ਨੇਮ ਹੁੰਦਾ ਹੈ। ਹਰ ਦੇਸ਼ ਦੀਆਂ ਫ਼ੌਜਾਂ ਹਮੇਸ਼ਾ ਜੰਗਾਂ ਜੁਧਾਂ ’ਤੇ ਨਹੀਂ ਚੜ੍ਹੀਆਂ ਰਹਿੰਦੀਆਂ ਪਰ ਉਨ੍ਹਾਂ ਦੇ ਸ਼ਸਤਰ-ਅਭਿਆਸ ਰੁਜ਼ਾਨਾ ਚੱਲਦੇ ਰਹਿੰਦੇ ਹਨ। ਜੁੱਧਾਂ ਸਮੇਂ ਇਹੀ ਨਕਲੀ ਲੜਾਈ ਦੀ ਤਿਆਰੀ; ਅਸਲੀ ਜੁੱਧ ਦਾ ਆਧਾਰ ਬਣਦੀ ਹੈ।

ਨਿਰਾ-ਪੁਰਾ ਸ਼ਸਤਰਧਾਰੀ ਹੋਣਾ ਵੀ ਕਿਸੇ ਵਕਤ ਮਨੁੱਖ ਨੂੰ ਜ਼ਾਲਮ ਬਣਾ ਸਕਦਾ ਹੈ। ਜਦੋਂ ਉਸ ਦੇ ਜੀਵਨ ਨੂੰ ਗੁੜ੍ਹਤੀ ਹੀ ਗੁਰਬਾਣੀ ਦੀ ਹੋਵੇ।  ਸ਼ਸਤਰ ਵਰਤੋਂ ਦਾ ਮਤਲਬ ਮਜ਼ਲੂਮ ਦੀ ਰਾਖੀ, ਅਣਖ ਅਤੇ ਗੈਰਤ ਵਾਲਾ ਜੀਵਨ ਹੋਵੇ ਤਾਂ ਹੀ ਮਨੁੱਖ ਦੇ ਜ਼ਾਲਮ ਬਣਨ ਦੀ ਕਹਾਣੀ ਮੁੱਕਦੀ ਹੈ। ਗੁਰਮਤਿ ਅਨੁਸਾਰ ਹਥਿਆਰ ਦੀ ਵਰਤੋਂ ਤਾਂ ਹੀ ਜਾਇਜ਼ ਹੈ ਜਦੋਂ ਬਾਕੀ ਸਾਰੇ ਹੀਲੇ ਮੁੱਕ ਜਾਣ।

ਗੁਰ ਇਤਿਹਾਸ ਮੁਤਾਬਕ ਗੁਰੂ ਨਾਨਕ ਸਾਹਿਬ ਉਚੇਚੇ ਤੌਰ ’ਤੇ ਹੋਲੀ ਦੇ ਦਿਨ ਮਥੁਰਾ ਪੁੱਜੇ। ਭਾਰਤ ਵਿੱਚ ਮਥੁਰਾ ਹੋਲੀਆਂ ਦੇ ਤਿਉਹਾਰ ਦਾ ਕੇਂਦਰ ਮੰਨਿਆ ਜਾਂਦਾ ਹੈ। ਗੁਰੂ ਪਾਤਿਸ਼ਾਹ ਨੇ ਉੱਥੇ ਧਰਮ-ਤਿਉਹਾਰ ਸਮੇਂ ਪਹੁੰਚ ਕੇ ਲੁਕਾਈ ਵਿੱਚ ਖੇਡੀਆਂ ਜਾ ਰਹੀਆਂ ਅਸਭਿਅਕ ਖੇਡਾਂ ਤੋਂ ਲੋਕਾਂ ਨੂੰ ਮਨ੍ਹਾ ਕੀਤਾ ਅਤੇ ਸਮਝਾਇਆ ਜਦ ਕਿ ਪਾਂਡਿਆਂ ਨੇ ਇਸ ਨੂੰ ਕਲਿਜੁਗ ਦਾ ਪ੍ਰਭਾਵ ਦੱਸਿਆ। ਗੁਰੂ ਜੀ ਨੇ ਉੱਥੇ ‘‘ਸੋਈ ਚੰਦੁ ਚੜਹਿ ਸੇ ਤਾਰੇ; ਸੋਈ ਦਿਨੀਅਰੁ ਤਪਤ ਰਹੈ   ਸਾ ਧਰਤੀ ਸੋ ਪਉਣੁ ਝੁਲਾਰੇ; ਜੁਗ ਜੀਅ ਖੇਲੇ, ਥਾਵ ਕੈਸੇ  ?’’ (ਮਹਲਾ /੯੦੨) ਸ਼ਬਦ ਰਾਹੀਂ ਸਮਝਾਇਆ ਕਿ ਸਤਿਜੁਗ, ਤ੍ਰੇਤਾ, ਕਲਜੁਗ ਆਦਿ ਸਮੇਂ ਦੀ ਵੰਡ ਨਹੀਂ ਹੈ।  ਇਸ ਤਰ੍ਹਾਂ ਅਖੌਤੀ ਕਲਿਜੁਗ ਦਾ ਪੜ੍ਹਦਾ ਪਾ ਕੇ ਧਾਰਮਿਕ ਆਗੂ ਜਾਂ ਆਮ ਲੁਕਾਈ ਆਪਣੇ ਦੋਸ਼ਾਂ ਤੋਂ ਬਰੀ ਨਹੀਂ ਹੋ ਸਕਦੀ ‘‘ਨਾਨਕ  ! ਨਾਮੁ ਮਿਲੈ ਵਡਿਆਈ; ਏਦੂ ਉਪਰਿ ਕਰਮੁ ਨਹੀ ’’ (ਮਹਲਾ /੯੦੩) ਤਾਂ ਤੇ ਲੋੜ ਹੈ ਮਨੁੱਖ ਇੱਕ ਨੇਕ-ਪਰਉਪਕਾਰੀ ਮਨੁੱਖ ਬਣੇ ਅਤੇ ਆਪਣੇ ਜੀਵਨ ਨੂੰ ਸਫਲ ਕਰੇ। ਹਰੇਕ ਗੁਰਸਿੱਖ ਵਾਸਤੇ ਇਸ ਪੱਖੋਂ ਸਮਝਣਾ ਜ਼ਰੂਰੀ ਹੈ। ਪੰਜਵੇਂ ਪਾਤਿਸ਼ਾਹ ਨੇ ਹੋਲੀ ਨੂੰ ਆਧਾਰ ਬਣਾ ਕੇ ਆਪਣੇ ਮੂੰਹ-ਸਿਰ, ਲਾਲ-ਨੀਲੇ, ਕਾਲੇ-ਪੀਲੇ ਕਰਨ ਵਾਲੇ ਲੋਕਾਂ ਨੂੰ ਉਪਦੇਸ਼ ਦਿਤਾ ‘‘ਗੁਰੁ ਸੇਵਉ ਕਰਿ ਨਮਸਕਾਰ   ਆਜੁ ਹਮਾਰੈ ਮੰਗਲਚਾਰ   ਆਜੁ ਹਮਾਰੈ ਮਹਾ ਅਨੰਦ   ਚਿੰਤ ਲਥੀ; ਭੇਟੇ ਗੋਬਿੰਦ   ਆਜੁ ਹਮਾਰੈ; ਗ੍ਰਿਹਿ ਬਸੰਤ   ਗੁਨ ਗਾਏ ਪ੍ਰਭ; ਤੁਮ੍ ਬੇਅੰਤ ਰਹਾਉ   ਆਜੁ ਹਮਾਰੈ ਬਨੇ ਫਾਗ   ਪ੍ਰਭ ਸੰਗੀ ਮਿਲਿ; ਖੇਲਨ ਲਾਗ   ਹੋਲੀ ਕੀਨੀ ਸੰਤ ਸੇਵ   ਰੰਗੁ ਲਾਗਾ; ਅਤਿ ਲਾਲ ਦੇਵ   ਮਨੁ ਤਨੁ ਮਉਲਿਓ; ਅਤਿ ਅਨੂਪ   ਸੂਕੈ ਨਾਹੀ ਛਾਵ ਧੂਪ   ਸਗਲੀ ਰੂਤੀ; ਹਰਿਆ ਹੋਇ   ਸਦ ਬਸੰਤ; ਗੁਰ ਮਿਲੇ ਦੇਵ ’’ (ਮਹਲਾ /੧੧੮੦) ਭਾਵ ਇਹ ਮਨੁਖਾ ਜੀਵਨ ਪ੍ਰਭੁ ਪਿਆਰਿਆਂ ਨਾਲ ਮਿਲ ਕੇ, ਪ੍ਰਭੁ ਰੰਗ ਵਿੱਚ ਰੰਗੇ ਜਾਨ ਵਾਸਤੇ ਹੈ।  ਪ੍ਰਭ ਪਿਆਰਿਆਂ ਦੇ ਹਿਰਦੇ ਵਿੱਚ, ਸਦਾ ਖੇੜਾ ਤੇ ਬਸੰਤ ਬਣੀ ਰਹਿੰਦੀ ਹੈ। ਇਸ ਵਾਸਤੇ ਹੇ ਦੁਨੀਆਂ ਦੇ ਲੋਕੋ ! ਜੇਕਰ ਫੱਗਣ ਅਤੇ ਬਸੰਤ ਦਾ ਸਹੀ ਅਨੰਦ ਮਾਨਣਾ ਹੈ ਤਾਂ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਰਹਿ ਕੇ ਨਾਮ ਮਸਤੀ ਵਾਲਾ ਪੱਕਾ ਲਾਲ ਰੰਗ ਮਨ ਤੇ ਚੜਾਉਣਾ ਪਵੇਗਾ। ਮਨੁੱਖਾ ਜਨਮ ਵਾਸਤੇ ਇਹੀ ਉੱਤਮ ਹੋਲੀ ਹੈ।

ਗੁਰੂ ਪਾਤਿਸ਼ਾਹ ਨੇ ਹੋਲੀ ਦੇ ਨਾਮ ਦਾ ਵਿਰੋਧ ਨਹੀਂ ਕੀਤਾ ਬਲਕਿ ਉਸ ਦੇ ਅਰਥ ਹੀ ਬਦਲ ਦਿੱਤੇ। ਦੂਜੇ ਸ਼ਬਦਾਂ ਵਿੱਚ ਗੁਰੂ ਆਸ਼ੇ ’ਤੇ ਚੱਲਣ ਵਾਲਿਆਂ ਨੂੰ ਰੰਗ-ਗੁਲਾਲਾਂ-ਚਿੱਕੜਾਂ ਵਾਲੀ ਹੋਲੀ ਤੋਂ ਪੂਰੀ ਤਰ੍ਹਾਂ ਵਰਜਿਆ ਅਤੇ ਨਾਮ ਬਾਣੀ ਵਾਲੇ ਪਾਸੇ ਜੀਵਨ ਨੂੰ ਮੋੜਣ ਦੀ ਪ੍ਰੇਰਨਾ ਕੀਤੀ। ਵਿਗੜੇ ਵਾਤਾਵਰਨ ’ਚ ਗੁਰਸਿਖਾਂ ਵਿੱਚ ਸ਼ਸਤਰ ਅਭਿਆਸ ਅਰੰਭ ਕਰ ‘ਹੋਲਾ-ਮਹੱਲਾ’ ਨਵਾਂ ਤਿਉਹਾਰ ਬਖ਼ਸ਼ਿਆ।

ਭਾਈ ਨੰਦ ਲਾਲ ਸਿੰਘ ਜੀ ਨੇ ਪੰਜਵੇਂ ਪਾਤਿਸ਼ਾਹ ਦੇ ਉਪਰੋਕਤ ਵਚਨਾਂ ਨੂੰ ਆਧਾਰ ਬਣਾ ਇੱਕ ਗਜ਼ਲ ਲਿਖੀ। ਇਸ ਗਜ਼ਲ ਰਾਹੀਂ ਪ੍ਰਭੂ ਰੰਗ ਵਿੱਚ ਰੰਗੀਆਂ ਦਸਮੇਸ਼ ਜੀ ਦੇ ਦਰਬਾਰ ਵਿੱਚ ਉਸ ਸਮੇਂ ਦੀਆਂ ਸੰਗਤਾਂ ਦਾ ਨਜ਼ਾਰਾ ਪੇਸ਼ ਕੀਤਾ ਹੈ ‘‘ਗੁਲਿ ਹੋਲੀ ਬਬਾਗ਼ਿ ਦਹਰ ਬੂ ਕਰਦ ਲਬਿ ਚੂੰ ਗੁੰਚਹ ਰਾ, ਫ਼ਰਖ਼ੰਦਾ ਖ਼ੂ ਕਰਦ1 ….  ਜ਼ਹੇ ਪਚਕਾਰੀਏ ਪੁਰ ਜ਼ਾਫ਼ਰਾਨੀ  ਕਿ: ਹਰ ਬੇਰੰਗ ਰਾ, ਖ਼ੁਸ਼ਰੰਗੋ ਬੂ ਕਰਦ 3’’  ਭਾਵ ਭਾਈ ਸਾਹਿਬ ਕਹਿ ਰਹੇ ਹਨ ਕਿ ਦਸਮੇਸ਼ ਜੀ ਦੇ ਦਰਬਾਰ ਵਿੱਚ, ਬੇਰੰਗ ਹੋਏ ਲੋਕਾਂ ਨੂੰ (ਭਾਵ ਪ੍ਰਭੂ ਤੋਂ ਟੁਟੀ ਹੋਈ ਲੁਕਾਈ ਨੂੰ) ਨਾਮ ਰੰਗ ਦੇ ਕੇਸਰ ਨਾਲ ਭਰੀਆਂ ਹੋਈਆਂ ਪਿਚਕਾਰੀਆਂ ਨਾਲ, ਨਾਮ ਰੰਗ ਦੀ ਸੋਹਣੀ ਮਸਤੀ ਵਿੱਚ ਰੰਗ ਕੇ ਖੁਸ਼ੀਆਂ ਭਰਿਆ ਬਣਾਇਆ ਜਾ ਰਿਹਾ ਹੈ।

ਅਫ਼ਸੋਸ ਕਿ ਅੱਜ ਕਈ ਸਿੱਖ; ਸੰਗਤਾਂ ਉੱਪਰ ਕੱਚੇ ਰੰਗ ਉਡਾਉਂਦੇ ਵੇਖੇ ਜਾ ਸਕਦੇ ਹਨ। ‘ਹੋਲੇ-ਮਹੱਲੇ’ ਵਾਲੇ ਸ਼ਸਤਰ ਅਭਿਆਸ ਵਾਲੇ ਪਵਿਤਰ ਤਿਉਹਾਰ ਸਮੇਂ ਅਨੰਦਪੁਰ ਵਿਖੇ ਹੀ ਸੁੱਖਾ ਆਦਿਕ ਨਸ਼ੇ ਪੀਤੇ ਜਾਂਦੇ ਹਨ, ਜਿਸ ਨੂੰ ਟੀ. ਵੀ. ਆਦਿ ਰਾਹੀਂ ਸੰਸਾਰਭਰ ਵਿੱਚ ਵੇਖਿਆ ਜਾਂਦਾ ਹੈ। ਗੁਰਬਾਣੀ ਨੂੰ ਅਮਲ ’ਚ ਲਿਆਉਣ ਤੋਂ ਬਿਨਾਂ ਇਤਿਹਾਸਿਕ ਗੁਰੂ ਘਰਾਂ ’ਚ ਵੀ ਗੁਰਮਤਿ ਵਿਰੁਧ ਕਾਰਜ ਹੁੰਦਾ ਹੈ। ਫਿਰ ਵੀ ਇਹ ਉਮੀਦ ਰੱਖਦੇ ਹਾਂ ਕਿ ਸਾਡੇ ਬੱਚੇ ਪਤਿਤਪੁਣੇ ਵੱਲ ਨਾਂ ਵਧਣ ਭਾਵ ਗੁਰਬਾਣੀ ਆਸ਼ੇ ’ਤੇ ਚਲਣ। ਕਾਸ਼ ! ਅਸੀਂ ਕਦੇ ਆਪਣੇ ਅੰਦਰ ਵੀ ਝਾਤੀ ਮਾਰ ਸਕੀਏ। ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਜਦੋਂ ਸਤਿਗੁਰਾਂ ਨੇ ਆਪ ਜਾਂ ਸਿੱਖਾਂ ਨੇ ਕਦੇ ਰਵਾਇਤੀ ਹੋਲੀ ਖੇਡੀ ਹੋਵੇ।

ਸੋ ਕੱਚੀਆਂ ਰਸਮਾਂ ਵਿੱਚੋਂ ਨਿਕਲ ਕੇ ਗੁਰਬਾਣੀ ਅਨੁਸਾਰ ਜੀਵਨ ਨੂੰ ਸਵੱਛ ਰੰਗਤ ਦੇਣ ਦੀ ਲੋੜ ਹੈ। ਖਾਲਸਾਈ ਖੇਡ ਗਤਕਾ ਆਦਿਕ ਸ਼ਸਤਰ ਵਿੱਦਿਆ ਦਾ ਅਧੁਨਿਕ ਢੰਗ ਨਾਲ ਅਭਿਆਸ ਕਰਨਾ ਚਾਹੀਦਾ ਹੈ। ਜੋ ਅਣਖ ਅਤੇ ਸਵੈਮਾਨਤਾ ਜਗਾਉਣ ਦੇ ਪ੍ਰਤੀਕ ਹਨ, ਨਾ ਕਿ ਕਿਸੇ ਨੂੰ ਡਰਾਉਣ ਲਈ। ਤੇਗ਼ ਦੇ ਧਨੀ ਗੁਰੂ ਤੇਗ਼ ਬਹਾਦਰ ਜੀ ਦੇ ਵੀ ਵਚਨ ਹਨ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ’’ (ਮਹਲਾ /੧੪੨੭)