‘ਗੁਰੂ’ ਨੂੰ ਸਮਰਪਿਤ ਹੋ ਕੇ ਜੀਊਣ ਦਾ ਸੰਦੇਸ਼ ਦਿੰਦੀ ਹੈ ‘ਵੈਸਾਖੀ’
ਗਿਆਨੀ ਜਗਤਾਰ ਸਿੰਘ ਜਾਚਕ (ਨਿਊਯਾਰਕ)
ਸਿੱਖ ਇਤਿਹਾਸ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਿਕ ‘ਵੈਸਾਖੀ’ ਅਸਲ ਵਿੱਚ ਬ੍ਰਹਮ ਸਮਸਰਿ, ਜਗਤ-ਗੁਰੂ ਬਾਬੇ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਦਾ ਦਿਹਾੜਾ ਹੈ। ਇਹੀ ਕਾਰਨ ਸੀ ਕਿ ਪਹਿਲਾਂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰਸਿੱਖਾਂ ਦੇ ਸਲਾਨਾ ਜੋੜ-ਮੇਲੇ ਲਈ ‘ਵੈਸਾਖੀ’ ਨੂੰ ਹੀ ਚੁਣਿਆ, ਤਾਂ ਕਿ ਇਸ ਜੋੜ-ਮੇਲੇ ਦੁਆਰਾ ਗੁਰਸਿੱਖਾਂ ਅੰਦਰ ਭਾਈਚਾਰਕ ਪਿਆਰ ਵਧੇ ਅਤੇ ਪੰਥਕ ਮਰਯਾਦਾ ਵਿੱਚ ਇੱਕ ਸੁਰਤਾ ਤੇ ਪਰਪੱਕਤਾ ਵੀ ਪੈਦਾ ਹੋ ਸਕੇ। ਇਸ ਉਪਰੰਤ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਗੁਰੂ ਬਾਬੇ ਦੇ ਸਿਰਜੇ ਨਿਰਮਲ-ਪੰਥ ਨੂੰ ਸਦੀਵ ਕਾਲ ਲਈ ਨਿਰਮਲ ਤੇ ਨਿਆਰਾ ਰੱਖਣ ਦਾ ਬਾਨ੍ਹਣੂ ਬੰਨ੍ਹਣ ਵਾਸਤੇ ਸੰਨ 1699 ਮੁਤਾਬਕ ਸੰਮਤ 1756 ਦੀ ਵੈਸਾਖੀ ਦੇ ਦਿਹਾੜੇ ਨੂੰ ਹੀ ਮਹੱਤਵ ਦਿੱਤਾ।
ਕੁਦਰਤੀ ਵਰਤਾਰੇ ਦੀ ਇਹ ਸਚਾਈ ਤਾਂ ਅਸੀਂ ਪ੍ਰਤੱਖ ਰੂਪ ਵਿੱਚ ਦੇਖ ਸਕਦੇ ਹਾਂ ਕਿ ਰੁੱਤੀ ਪ੍ਰਭਾਵ ਨੂੰ ਸਾਡਾ ਤਨ ਅਤੇ ਮਨ ਦੋਵੇਂ ਹੀ ਕਬੂਲਦੇ ਹਨ। ਗੁਰਵਾਕ ਵੀ ਹੈ ‘‘ਜੇਹੀ ਰੁਤਿ, ਕਾਇਆ ਸੁਖੁ ਤੇਹਾ; ਤੇਹੋ ਜੇਹੀ ਦੇਹੀ॥’’ (ਮ:੧/੧੨੫੪) ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਵੀ ਮੰਨਿਆ ਹੈ ਕਿ ਵੈਸਾਖ ਦਾ ਮਹੀਨਾ ਬਸੰਤ ਰੁੱਤ ਦਾ ਸਿਖਰ ਹੈ। ਇਸ ਮਹੀਨੇ ’ਚ ਬਨਾਸਪਤੀ ਜਦੋਂ ਸੱਜ-ਵਿਆਹੀ ਮੁਟਿਆਰ ਵਾਂਗ ਹਰੀਆਂ ਭਰੀਆਂ ਕੋਮਲ ਲਗਰਾਂ ਦਾ ਹਾਰ-ਸ਼ਿੰਗਾਰ ਕਰਕੇ ਸਾਰੇ ਵਾਤਾਵਰਣ ਨੂੰ ਆਪਣੇ ਜੋਬਨ ਦਾ ਹੁਲਾਰਾ ਦਿੰਦੀ ਹੈ ਤਾਂ ਉਸ ਦੀ ਸੁੰਦਰਤਾ ਤੇ ਖੇੜੇ ਨੂੰ ਤੱਕ ਕੇ ਬ੍ਰਿਹੁੰ ਕੁੱਠੇ ਜਗਿਆਸੂਆਂ ਦੇ ਮਨਾਂ ਵਿੱਚ ਵੀ ਆਪਣੇ ਮਾਲਕ ਪ੍ਰਭੂ ਦੇ ਮਿਲਾਪ ਲਈ ਇੱਕ ਤਾਂਘ ਪੈਦਾ ਹੁੰਦੀ ਹੈ। ਇਹ ਤਾਂਘ ਇਉਂ ਹੁੰਦੀ ਹੈ ਜਿਵੇਂ ਕੋਈ ਬ੍ਰਿਹਣੀ (ਵਿਛੋੜੇ ਵਾਲੀ) ਨਾਰ, ਘਰ ਦੇ ਦਰਵਾਜ਼ੇ ਵਿੱਚ ਆਪਣੇ ਪਤੀ ਦੀ ਉਡੀਕ ਵਿੱਚ ਖੜੀ ਹੋਵੇ। ਕਿਉਂਕਿ, ਮਾਨਵੀ ਜ਼ਿੰਦਗੀ ਵਿੱਚ ਬਸੰਤ ਵਾਲਾ ਸਦੀਵੀ ਖੇੜਾ ਤਦੋਂ ਹੀ ਪਸਰਦਾ ਹੈ, ਜਦੋਂ ਕਿਸੇ ਵਡਭਾਗੀ ਨੂੰ ਅੰਤਰ-ਆਤਮੇ ਪ੍ਰਭੂ ਜੀ ਦੇ ਅੰਗ-ਸੰਗ ਜੀਊਣ ਦਾ ਅਨੁਭਵ ਹੁੰਦਾ ਹੈ। ਪਰ, ਇਹ ਵੀ ਸੱਚ ਹੈ ਕਿ ਕੁਦਰਤ ਰਾਣੀ ਦਾ ਸੋਹਜ-ਸ਼ਿੰਗਾਰ ਦੇਖ ਕੇ ਵੀ ਓਹੀ ਜੀਵ-ਇਸਤ੍ਰੀ ਪ੍ਰਭੂ ਪਤੀ ਦਾ ਮਿਲਾਪ ਹਾਸਲ ਕਰ ਸਕਦੀ ਹੈ, ਜਿਸ ਦੀ ਸੁਰਤ ਗੁਰ ਸ਼ਬਦ ਵਿੱਚ ਜੁੜੀ ਹੋਵੇ। ਕਿਉਂਕਿ ਉਸ ਨੂੰ ਸੋਝੀ ਹੋ ਜਾਂਦੀ ਹੈ ਕਿ ਮਾਲਕ ਦੇ ਮਿਲਾਪ ਤੋਂ ਬਿਨਾਂ ਜੀਊਣਾ ਬਿਅਰਥ ਹੀ ਹੈ ਭਾਵ ਉਸ ਦਾ ਕੌਡੀ ਮੁੱਲ ਨਹੀਂ। ਤੁਖਾਰੀ ਰਾਗ ਦੇ ਬਾਰਹਮਾਹਾ ਵਿੱਚ ਇਸ ਭਾਵ ਅਨੁਕੂਲ ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਹੀ ਪਿਆਰਾ ਅੰਮ੍ਰਿਤ ਬਚਨ ਹੈ: ‘‘ਵੈਸਾਖੁ ਭਲਾ, ਸਾਖਾ ਵੇਸ ਕਰੇ॥ ਧਨ ਦੇਖੈ ਹਰਿ ਦੁਆਰਿ, ਆਵਹੁ ਦਇਆ ਕਰੇ॥ ਘਰਿ ਆਉ ਪਿਆਰੇ! ਦੁਤਰ ਤਾਰੇ, ਤੁਧੁ ਬਿਨੁ ਅਢੁ ਨ ਮੋਲੋ॥ ਕੀਮਤਿ ਕਉਣ ਕਰੇ, ਤੁਧੁ ਭਾਵਾਂ; ਦੇਖਿ ਦਿਖਾਵੈ ਢੋਲੋ॥ ਦੂਰਿ ਨ ਜਾਨਾ, ਅੰਤਰਿ ਮਾਨਾ; ਹਰਿ ਕਾ ਮਹਲੁ ਪਛਾਨਾ॥ ਨਾਨਕ! ਵੈਸਾਖੀਂ ਪ੍ਰਭੁ ਪਾਵੈ, ਸੁਰਤਿ ਸਬਦਿ ਮਨੁ ਮਾਨਾ॥’’ (ਮ:੧/੧੧੦੮)
ਦਾਸਰੇ ਦਾ ਤਾਂ ਅਟੁੱਟ ਵਿਸਵਾਸ਼ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਦੁਨਿਆਵੀ ਜੀਵਾਂ ਦੇ ਕਲਿਆਣ ਲਈ ਭਾਵ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਸੰਸਾਰ ਵਿੱਚ ਪ੍ਰਗਟਾਉਣ ਲਈ ਅਕਾਲ ਪੁਰਖ ਵਾਹਿਗੁਰੂ ਜੀ ਨੇ ਵੀ ਇਸੇ ਦ੍ਰਿਸ਼ਟੀਕੋਨ ਤੋਂ ਦਇਆ ਕਰਕੇ ਵੈਸਾਖੀ ਦਾ ਹੀ ਦਿਨ ਚੁਣਿਆਂ; ਤਾਂ ਕਿ ਉਨ੍ਹਾਂ ਦੇ ਉਪਦੇਸ਼ਮਈ ਵਿਚੋਲਗੀ ਵਾਲੇ ਸੰਯੋਗ ਦੁਆਰਾ ਪ੍ਰਭੂ ਮਿਲਾਪ ਦੀ ਬਦੌਲਤ ਸਾਡੇ ਵਰਗਿਆਂ ਦੀ ਜ਼ਿੰਦਗੀ ਵਿੱਚ ਵੀ ਬਸੰਤੀ ਖੇੜਾ ਪਸਰ ਸਕੇ, ਤਨ ਮਨ ਮੌਲ ਸਕੇ। ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਵੀ ਮੰਨਿਆ ਹੈ ਕਿ ਜਦੋਂ ਤੋਂ ਗੋਬਿੰਦ ਦਾ ਭਗਤ ਪੁੱਤਰ (ਗੁਰੂ ਨਾਨਕ) ਜੰਮਿਆ ਹੈ, ਤਦੋਂ ਤੋਂ ਉਨ੍ਹਾਂ ਦੀ ਬਦੌਲਤ ਸਾਡੇ ਜੀਵਾਂ ਦੇ ਅੰਦਰ ਧੁਰ-ਦਰਗਾਹ ਦਾ ਸੇਵਾ-ਭਗਤੀ ਵਾਲਾ ਲੇਖ ਉਘੜ ਰਿਹਾ ਹੈ : ‘‘ਜੰਮਿਆ ਪੂਤੁ, ਭਗਤੁ ਗੋਵਿੰਦ ਕਾ॥ ਪ੍ਰਗਟਿਆ ਸਭ ਮਹਿ, ਲਿਖਿਆ ਧੁਰ ਕਾ॥’’ (ਮ:੫/੩੯੬)
ਇਸ ਲਈ ਅਜਿਹਾ ਕਿਵੇਂ ਹੋ ਸਕਦਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਜੋਤਿ ਜੁਗਤਿ ਦੇ ਵਾਰਸ ਦਸਵੇਂ ਪਾਤਸ਼ਾਹ ਸਿੱਖ ਸੰਗਤ ਨੂੰ ਖ਼ਾਲਸਾਈ ਸੁਰਤ ਤੇ ਸਰੂਪ ਬਖ਼ਸ਼ਦਿਆਂ ਗੋਬਿੰਦ ਦੇ ਪਿਆਰੇ ਭਗਤ ਬਣਾ ਕੇ ਸਪੁੱਤਰ ਬਨਾਉਣ ਅਤੇ ਉਨ੍ਹਾਂ ਨੂੰ ਸੰਸਾਰ ਵਿੱਚ ਸਦਾ ਲਈ ਪ੍ਰਗਟਾਉਣ ਹਿੱਤ ਵੈਸਾਖੀ ਦਾ ਦਿਨ ਨਾ ਚੁਣਦੇ; ਜਦੋਂ ਕਿ ਧਰਤੀ ਦੇ ਉੱਤਰੀ ਧਰੁਵ ਵਿੱਚ ਸਾਰੇ ਹੀ ਪਾਸੇ ਪਸਰਿਆ ਕੁਦਰਤੀ ਖੇੜਾ ਰੱਬੀ ਆਸ਼ਕਾਂ ਲਈ ਪ੍ਰੇਮ-ਹੁਲਾਰੇ ਦਾ ਕਾਰਣ ਬਣ ਰਿਹਾ ਹੋਵੇ।
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਇੱਕ ਬੜਾ ਅਨੋਖਾ ਕਥਨ ਹੈ। ਉਹ ਕਹਿੰਦੇ ਹਨ ਕਿ ਅਕਾਲਪੁਰਖ ਵਾਹਿਗੁਰੂ ਜੀ ਦੀ ਮੈਨੂੰ ਇੱਕ ਸੱਦ ਇਉਂ ਆਈ ਕਿ ‘ਹੇ ਭਾਈ! ਜੇ ਤੈਨੂੰ ਮੇਰੇ ਪਿਆਰ ਦੀ ਖੇਡ ਖੇਡਣ ਦਾ ਚਾਅ ਹੈ ਭਾਵ, ਜੇ ਤੈਨੂੰ ਮੇਰੇ ਪਿਆਰ ਵਿੱਚ ਭਰ ਕੇ ਜੀਊਣ ਦਾ ਸ਼ੌਕ ਹੈ ਤਾਂ ਆਪਣਾ ਸਿਰ ਤਲੀ ’ਤੇ ਰੱਖ ਕੇ ਮੇਰੀ ਗਲੀ ਵਿੱਚ ਆ ਜਾਵੀਂ. ਭਾਵ ਲੋਕ ਲਾਜ ਅਤੇ ਹਉਮੈ ਛੱਡ ਕੇ ਮੇਰੇ ਵੱਲ ਕਦਮ ਪੁੱਟ। ਪਰ, ਇਹ ਵੀ ਯਾਦ ਰੱਖ ਕਿ ਇਸ ਪ੍ਰੇਮ ਸੁਮਾਰਗ ਉੱਤੇ ਪੈਰ ਤਦੋਂ ਹੀ ਧਰਿਆ ਜਾ ਸਕਦਾ ਹੈ, ਜਦੋਂ ਬਿਨਾਂ ਕਿਸੇ ਝਿਜਕ ਤੋਂ ਸਿਰ ਦਿੱਤਾ ਜਾਏ। ਭਾਵ, ਬਿਨਾਂ ਕਿਸੇ ਤਰ੍ਹਾਂ ਦੀ ਸੋਚ-ਵਿਚਾਰ ਤੋਂ ਹਉਮੈ ਤੇ ਲੋਕ-ਲਾਜ ਛੱਡੀ ਜਾਏ।’ ਪਾਵਨ ਵਾਕ ਹੈ: ‘‘ਜਉ ਤਉ, ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ॥ ਇਤੁ ਮਾਰਗਿ, ਪੈਰੁ ਧਰੀਜੈ॥ ਸਿਰੁ ਦੀਜੈ, ਕਾਣਿ ਨ ਕੀਜੈ॥’’ (ਮ:੧/੧੪੧੨)
ਗੁਰਸਿੱਖ ਸੰਗਤ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਉੱਚੀ ਠੇਰੀ ਤੋਂ (ਜਿੱਥੇ ਹੁਣ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ਼ੋਭਨੀਕ ਹੈ) ਸੰਨ 1699 ਦੀ ਵੈਸਾਖੀ ਨੂੰ ਉਪਰੋਕਤ ਕਿਸਮ ਦਾ ਅਨੁਭਵੀ ਨਜ਼ਾਰਾ ਉਸ ਵੇਲੇ ਪ੍ਰਤੱਖ ਰੂਪ ਵਿੱਚ ਦੇਖਿਆ, ਜਦੋਂ ਗੁਰੂ ਨਾਨਕ ਸਾਹਿਬ ਆਪਣੇ ਦਸਵੇਂ ਜਾਮੇ ਵੇਲੇ ਗੁਰੂ ਗੋਬਿੰਦ ਰਾਇ ਦੇ ਰੂਪ ਵਿੱਚ ਲਹੂ ਲਿਬੜੀ ਤਲਵਾਰ ਹਿਲਾਉਂਦਿਆਂ ਗੁਰਸਿੱਖ ਸੰਗਤਾਂ ਨੂੰ ਸ਼ੇਰ ਵਰਗੀ ਗਰਜਵੀਂ ਅਵਾਜ਼ ਵਿੱਚ ਲਲਕਾਰ ਕੇ ਬੋਲੇ : ‘ਹੈ ਕੋਈ ਸਿੱਖ ਬੇਟਾ। ਜੋ ਕਰੇ ਸੀਸ ਭੇਟਾ। ਅਨਿਕ ਸੀਸ ਚਾਹੀਏ। ਜਲਦ ਜਲਦ ਆਈਏ।’
ਅਸਲ ਵਿੱਚ ਇਹ ਲਲਕਾਰ ਪ੍ਰੀਖਿਆ ਲਈ ਸੀ ਭਾਵ ਸੰਗਤੀ ਰੂਪ ਵਿੱਚ ਭਵਿੱਖ ਦੀਆਂ ਪੰਥਕ ਜ਼ਿੰਮੇਵਾਰੀਆਂ ਸੌਂਪਣ ਦੀ ਯੋਗਤਾ ਪਰਖਣ ਲਈ। ਇਹ ਪਰਚਾ ਸੀ ਗੁਰੂ ਨੂੰ ਸਮਰਪਿਤ ਹੋਣ ਦੀ ਭਾਵਨਾ ਵੇਖਣ ਲਈ ਕਿ ਸਿੱਖਾਂ ਵਿੱਚ ਕਿਤਨਾ ਕੁ ਮਾਦਾ ਹੈ ਬਿਨਾਂ ਝਿਜਕ ਗੁਰੂ ਆਸ਼ਿਆਂ ਪ੍ਰਤੀ ਆਪਣਾ ਆਪ ਨਿਸ਼ਾਵਰ ਕਰਨ ਦਾ। ਉਹ ਰੱਬੀ ਮਿਲਾਪ ਲਈ ਸਿੱਖਾਂ ਨੂੰ ਦ੍ਰਿੜ੍ਹ ਕਰਾਉਣਾ ਚਾਹੁੰਦੇ ਸਨ, ਗੁਰੂ ਨਾਨਕ ਦਾ ਸਬਕ ਕਿ ਇਸ ਮਾਰਗ ਉੱਤੇ ਪੈਰ ਧਰਨ ਵਾਲਿਆਂ ਦੇ ਧੜਾਂ ’ਤੇ ਸਿਰ ਨਹੀਂ ਹੁੰਦੇ। ਉਹ ਸਮਝਾਉਣਾ ਚਾਹੁੰਦੇ ਸਨ ਕਿ ਸਿੱਖੀ ਪ੍ਰੇਮ ਸੁਮਾਰਗ ਹੈ ਅਤੇ ਇਸ ’ਤੇ ਚੱਲਣ ਵਾਲਿਆਂ ਨੂੰ ਸਿਰ ਤਲੀ ’ਤੇ ਧਰ ਕੇ ਚੱਲਣਾ ਪੈਂਦਾ ਹੈ।
ਗੁਰੂ ਜੀ ਦੀ ਲਲਕਾਰ ਸੁਣ ਕੇ ਜਿਹੜੇ ਪਹਿਲੇ ਪੰਜ ਸਿੱਖ ਨਿੱਤਰੇ, ਉਨ੍ਹਾਂ ਨੂੰ ਵਾਰੀ ਵਾਰੀ ਤੰਬੂ ਵਿੱਚ ਲਿਜਾਣ ਉਪਰੰਤ ਪੰਜ ਕਕਾਰੀ ਵਰਦੀ ਵਿੱਚ ਇਕੱਠਿਆਂ ਹੀ ਸੰਗਤ ਦੇ ਸਾਹਮਣੇ ਲਿਆਂਦਾ ਗਿਆ ਅਤੇ ਉਨ੍ਹਾਂ ਨੂੰ ਖੰਡੇ ਦਾ ਅੰਮ੍ਰਿਤ ਛਕਾਇਆ ਗਿਆ। ਬਚਨ ਕੀਤਾ ਕਿ ‘ਇਹ ਹਨ ਮੇਰੇ ਪੰਜ ਪਿਆਰੇ।’
ਸਪਸ਼ਟ ਕੀਤਾ ਕਿ ਗੁਰੂ ਜੀ ਦਾ ਪਿਆਰ ਉਨ੍ਹਾਂ ਨੂੰ ਹੀ ਪ੍ਰਾਪਤ ਹੁੰਦਾ ਹੈ, ਜਿਹੜੇ ਆਪਣਾ-ਆਪ ਗੁਰੂ ਨੂੰ ਸਮਰਪਿਤ ਕਰ ਦਿੰਦੇ ਹਨ। ਭਾਈ ਦਇਆ ਰਾਮ ਨੂੰ ਦਇਆ ਸਿੰਘ, ਧਰਮ ਦਾਸ ਨੂੰ ਭਾਈ ਧਰਮ ਸਿੰਘ, ਹਿੰਮਤ ਰਾਇ ਨੂੰ ਭਾਈ ਹਿੰਮਤ ਸਿੰਘ, ਮੁਹਕਮ ਚੰਦ ਨੂੰ ਭਾਈ ਮੁਹਕਮ ਸਿੰਘ ਅਤੇ ਸਾਹਿਬ ਚੰਦ ਨੂੰ ਭਾਈ ਸਾਹਿਬ ਸਿੰਘ ਕਹਿ ਕੇ ਸਤਿਕਾਰਿਆ। ਉਪਦੇਸ਼ ਦਿੰਦਿਆਂ ਆਖਿਆ ਕਿ ਅੱਜ ਤੁਹਾਡਾ ਗੁਰੂ ਘਰ ਨਵਾਂ ਜਨਮ ਹੋਇਆ ਹੈ। ਇਸ ਲਈ ਤੁਹਾਡੀ ਪਹਿਲੀ ਕੁਲ, ਜਾਤ-ਗੋਤ ਅਤੇ ਕਰਮ ਤੇ ਵਰਣ-ਧਰਮ ਸਭ ਨਾਸ਼। ਗੁਰਬਾਣੀ ਦੀ ਰੌਸ਼ਨੀ ਵਿੱਚ ਇੱਕ ਅਕਾਲ ਪੁਰਖ ਦੀ ਉਪਾਸ਼ਨਾ ਕਰਨੀ ਅਤੇ ਕਿਸੇ ਦੇਵੀ ਦੇਵਤੇ ਤੇ ਮੜ੍ਹੀ ਮਸਾਣੀ ਨੂੰ ਨਹੀਂ ਮੰਨਣਾ, ਅੱਜ ਤੋਂ ਤੁਸੀਂ ਗੁਰੂ ਕੇ ਖ਼ਾਲਸੇ ਹੋ।
ਪਰੰਪਰਾਗਤ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਉਹ ਪੰਜੇ ਸਿੱਖ ਦੋਵੇਂ ਹੱਥ ਜੋੜ ਕੇ ਅਦਬ ਸਹਿਤ ਸਤਿਗੁਰੂ ਜੀ ਦੇ ਸਨਮੁਖ ਖੜ੍ਹੇ ਸਨ। ਗੁਰ ਉਪਦੇਸ਼ ਸੁਣਦਿਆਂ ਹੀ ਵਾਰ-2 ਗੁਰੂ ਜੀ ਨੂੰ ਨਮਸ਼ਕਾਰਾਂ ਕਰਦੇ ਹੋਏ, ਮਾਨੋਂ ਉਹ ਵਾਰਨੇ-ਬਲਿਹਾਰਨੇ ਹੋ ਰਹੇ ਸਨ। ਕਿਉਂਕਿ, ‘‘ਚਰਨ ਕਮਲ, ਹਿਰਦੈ ਨਿਤ ਧਾਰੀ॥ ਗੁਰੁ ਪੂਰਾ, ਖਿਨੁ ਖਿਨੁ ਨਮਸਕਾਰੀ॥ ਤਨੁ ਮਨੁ, ਅਰਪਿ ਧਰੀ ਸਭੁ ਆਗੈ; ਜਗ ਮਹਿ ਨਾਮੁ ਸੁਹਾਵਣਾ॥’’ (ਮ:੫/੧੦੮੫) ਵਾਲਾ ਅਧਿਆਤਮੀ ਸੱਚ, ਉਨ੍ਹਾਂ ਦੇ ਸਾਹਮਣੇ ਪ੍ਰਤੱਖ ਹੋ ਰਿਹਾ ਸੀ । ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਹੇਠ ਲਿਖੇ ਅੰਮ੍ਰਿਤਮਈ ਬਚਨਾਂ ਦੀ ਰੌਸ਼ਨੀ ਵਿੱਚ ਉਹ ਆਪਣੇ ਆਪ ਨੂੰ ਅਤਿਅੰਤ ਖੁਸ਼ਕਿਸਮਤ ਸਮਝ ਰਹੇ ਸਨ ਕਿਉਂਕਿ, ਉਨ੍ਹਾਂ ਦਾ ਖ਼ਾਕ ਵਿੱਚ ਮਿਲ ਜਾਣ ਵਾਲਾ ਸਿਰ ਬੜੇ ਮਹਿੰਗੇ ਮੁੱਲ ਵਿਕ ਚੁੱਕਾ ਸੀ। ਇਸ ਲਈ ਉਨ੍ਹਾਂ ਦੇ ਅੰਦਰੋਂ ਬੇ-ਮੁਹਾਰੇ ਇਹ ਧੁਨੀ ਉੱਠ ਰਹੀ ਸੀ: ‘‘ਮੇਰੇ ਮਨ! ਭਜੁ ਰਾਮ ਨਾਮ, ਅਤਿ ਪਿਰਘਾ॥ ਮੈ ਮਨੁ ਤਨੁ ਅਰਪਿ ਧਰਿਓ ਗੁਰ ਆਗੈ; ਸਿਰੁ, ਵੇਚਿ ਲੀਓ ਮੁਲਿ ਮਹਘਾ॥ (ਮ:੪/੭੩੧) ਕਿਉਂਕਿ, ਦਸ਼ਮੇਸ਼ ਗੁਰੂ ਪਾਸੋਂ ਬਦਲੇ ਵਿੱਚ ਉਹ ਅੰਮ੍ਰਿਤ ਨਾਮ ਪ੍ਰਾਪਤ ਹੋ ਗਿਆ ਸੀ, ਜਿਸ ਨੂੰ ਮਿਥਿਹਾਸਕ ਮਨੌਤ ਮੁਤਾਬਿਕ ਬੇਅੰਤ ਦੇਵੀ ਦੇਵਤੇ, ਰਿਸ਼ੀ-ਮੁਨੀ ਅਤੇ ਅਮਰ ਹੋ ਕੇ ਦੁਨਿਆਵੀ ਰਸ ਮਾਨਣ ਦੀ ਇੱਛਾ ਰੱਖਣ ਵਾਲੇ ਰਾਜੇ-ਮਹਾਰਾਜੇ ਜੰਗਲਾਂ, ਪਹਾੜਾਂ ਤੇ ਸਮੁੰਦਰਾਂ ਦੀਆਂ ਢੂੰਘਾਂਈਆਂ ਵਿੱਚ ਖੋਜਦੇ ਮਰ ਮੁੱਕੇ ਸਨ, ਪਰ ਉਨ੍ਹਾਂ ਦੇ ਕਿਧਰੇ ਵੀ ਹੱਥ ਨਹੀਂ ਸੀ ਲੱਗਾ। ਉਹ ’ਤੇ ਪੰਜੇ ਮਿਲ ਕੇ ਉੱਚੀ ਉੱਚੀ ਇਉਂ ਗਾ ਰਹੇ ਸਨ: ‘‘ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ, ਸੁ ਅੰਮ੍ਰਿਤੁ ਗੁਰ ਤੇ ਪਾਇਆ॥ ਪਾਇਆ ਅੰਮ੍ਰਿਤੁ, ਗੁਰਿ ਕ੍ਰਿਪਾ ਕੀਨੀ; ਸਚਾ ਮਨਿ ਵਸਾਇਆ॥ (ਮ:੩/੯੧੮)
ਸਾਰੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਅੰਤ ਨੂੰ ਸਤਿਗੁਰੂ ਜੀ ਬੜੀ ਗੰਭੀਰਤਾ ਸਹਿਤ ਉਨ੍ਹਾਂ ਪੰਜਾਂ ਪਿਆਰਿਆਂ ਦੇ ਸਨਮੁਖ ਹੱਥ ਜੋੜ ਕੇ ਖੜ੍ਹੇ ਹੋਏ ਅਤੇ ਬੇਨਤੀ ਕੀਤੀ ‘ਖ਼ਾਲਸਾ ਜੀ! ਹੁਣ ‘ਗੋਬਿੰਦ ਰਾਇ’ ਨੂੰ ਵੀ ਉਸੇ ਢੰਗ ਨਾਲ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਗੋਬਿੰਦ ਸਿੰਘ ਸਜਾਉਣ ਤੇ ਖ਼ਾਲਸੇ ਵਿਚ ਰਲਾਉਣ ਦਾ ਉਪਕਾਰ ਕਰੋ, ਤਾਂ ਕਿ ਖ਼ਾਲਸਾ ਪੰਥ ਦਾ ਅੰਗ ਬਣ ਕੇ ਜੀਊਣ ਲਈ ਅਜਿਹੀ ਪ੍ਰਕਿਰਿਆ ਸਦਾ ਲਈ ਚੱਲਦੀ ਰਹੇ।’
ਜ਼ਿਕਰ ਹੈ ਕਿ ਉਸ ਦਿਹਾੜੇ ਗੁਰੂ ਜੀ ਸਮੇਤ 20,000 ਤੋਂ ਵੱਧ ਪ੍ਰਾਣੀ ਖੰਡੇ ਦਾ ਅੰਮ੍ਰਿਤ ਛੱਕ ਕੇ ਗੁਰੂ ਕੇ ਸਿੰਘ ਸੱਜੇ। ਇਹ ਸੀ ‘ਵੈਸਾਖੀ ਦੇ ਦਿਹਾੜੇ’ ਗੁਰੂ ਜੀ ਨੂੰ ਸੀਸ ਭੇਟ ਦੇ ਰੂਪ ਵਿੱਚ ਸਮਰਪਿਤ ਹੋ ਕੇ ਜੀਊਣ ਦਾ ਸਿਖਰ, ਜਦੋਂ ਗੁਰੂ ਤੇ ਸਿੱਖ ਆਪਸ ਵਿੱਚ ਅਭੇਦ ਹੋ ਗਏ। ਗੁਰੂ ਸਿੱਖ ਤੇ ਸਿੱਖ ਗੁਰੂ ਰੂਪ ਹੋ ਗਏ।
ਇਸ ਲਈ ਸਾਨੂੰ ਦ੍ਰਿੜ੍ਹ ਕਰ ਲੈਣਾ ਚਾਹੀਦਾ ਹੈ ਕਿ ਗੁਰਸਿੱਖਾਂ ਲਈ ‘ਵੈਸਾਖੀ’ ਹੋਰ ਲੋਕਾਂ ਵਾਂਗ ਕੇਵਲ ਮੌਜ-ਮੇਲੇ ਵਾਲਾ ਮੌਸਮੀ ਤਿਉਹਾਰ ਨਹੀਂ ਬਲਕਿ ਇਹ ਤਾਂ ਸਤਿਗੁਰੂ ਜੀ ਨੂੰ ਸਮਰਪਿਤ ਹੋ ਕੇ ਪ੍ਰਭੂ-ਮਿਲਾਪ ਲਈ ਪ੍ਰੇਮ ਦੀ ਖੇਡ ਵਿੱਚ ਦਾਖਲਾ ਲੈਣ ਦਾ ਦਿਹਾੜਾ ਹੈ। ਇਸ ਪ੍ਰਕਾਰ ਗੁਰੂ ਨਾਲ ਅਭੇਦ ਹੋ ਕੇ ਖ਼ਾਲਸਾ-ਪੰਥ ਦਾ ਅੰਗ ਬਣ ਕੇ ਜੀਊਣ ਅਤੇ ਗੁਰਸਿੱਖਾਂ ਵਾਲੀ ਗੁਰੂ ਦੀ ਪੀੜ੍ਹੀ ਨੂੰ ਅੱਗੇ ਚਲਾਈ ਰੱਖਣ ਵਾਲੇ ਪ੍ਰਣ ਕਰਣ ਦਾ ਦਿਹਾੜਾ ਹੈ, ਜਾਂ ਇਉੁਂ ਵੀ ਕਹਿ ਸਕਦੇ ਹਾਂ ਕਿ ਗੁਰੂ ਨੂੰ ਸਮਰਪਿਤ ਹੋ ਕੇ ਜੀਊਣ ਦਾ ਸੰਦੇਸ਼ ਹੀ ਹੈ ‘ਵੈਸਾਖੀ’। ਗੁਰੂ ਵਾਕ ਇਸ ਪੱਖੋਂ ਸਾਡਾ ਰਾਹ ਇਉਂ ਰਸ਼ਨਾਉਂਦੇ ਹਨ: ‘‘ਗੁਰੂ ਸਿਖੁ, ਸਿਖੁ ਗੁਰੂ ਹੈ ਏਕੋ; ਗੁਰ ਉਪਦੇਸੁ ਚਲਾਏ॥ ਰਾਮ ਨਾਮ ਮੰਤੁ, ਹਿਰਦੈ ਦੇਵੈ; ਨਾਨਕ! ਮਿਲਣੁ ਸੁਭਾਏ॥’’ (ਮ:੪/੪੪੪)