ਗੁਰੂ ਨਾਨਕ ਜੀ ਦੀ ਸ਼ਖ਼ਸੀਅਤ ਤੇ ਦ੍ਰਿਸ਼ਟੀ-ਖੇਤਰ
ਇੰਜੀ. ਜੋਗਿੰਦਰ ਸਿੰਘ
(ਸ੍ਰੋਤ: ਭਾਈ ਗੁਰਦਾਸ ਜੀ ਰਚਿਤ ਵਾਰ ੧)
ਭਾਈ ਗੁਰਦਾਸ ਜੀ ਗੁਰਮਤਿ ਤੇ ਸਿੱਖ-ਧਰਮ ਦੇ ਪ੍ਰਮੁੱਖ ਪ੍ਰਵਕਤਾ ਅਤੇ ਪ੍ਰਚਾਰਕ ਵਜੋਂ ਜਾਣੇ ਜਾਂਦੇ ਹਨ। ਆਪ ਜੀ ਦਾ ਜਨਮ-ਤਿਥੀ ਸੰਮਤ ਆਦਿ ਦਾ ਸਹੀ ਪਤਾ ਤਾਂ ਨਹੀਂ ਲਗਦਾ ਪਰ ਕਿਤੇ ਕਿਤੇ ਸੰਨ 1551 ਈ. ਲਿਖਿਆ ਮਿਲਦਾ ਹੈ। ਕੇਸਰ ਸਿੰਘ ਛਿੱਬਰ ਰਚਿਤ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿੱਚ ਭਾਈ ਜੀ ਦਾ ਜਨਮ, ਗੁਰੂ ਅਮਰਦਾਸ ਜੀ ਦੇ ਚਚੇਰੇ ਭਰਾ, ਈਸ਼ਰ ਦਾਸ ਦੇ ਘਰੇ ਪਿੰਡ ਗਿਲਵਾਲੀ ਵਿਖੇ ਹੋਇਆ ਲਿਖਿਆ ਹੈ। ਮਾਤਾ-ਪਿਤਾ ਦੀ ਇਹ ਇਕਲੌਤੀ ਸੰਤਾਨ ਜਦੋਂ ਤਿੰਨ ਬਰਸ ਦੀ ਹੋਈ ਤਾਂ ਪਿਤਾ ਦਾ ਦੇਹਾਂਤ ਅਤੇ 12 ਵਰ੍ਹਿਆਂ ਤੱਕ ਅਪੜਦਿਆਂ ਮਾਤਾ ਜੀ ਵੀ ਸਦੀਵੀ ਵਿਛੋੜਾ ਦੇ ਗਏ। ਜਦੋਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਨਗਰ ਵਸਾਇਆ ਤਾਂ ਇਸ ਖਾਨਦਾਨ ਦੇ ਸਾਰੇ ਪਰਿਵਾਰ ਇੱਥੇ ਹੀ ਆ ਵਸੇ। ਇੱਥੇ ਆ ਕੇ ਆਪ ਨੇ ਮੁੱਢਲੀ ਵਿਦਿਆ, ਅਨੇਕ ਭਾਸ਼ਾਵਾਂ ਤੇ ਧਰਮ-ਗ੍ਰੰਥਾਂ ਦਾ ਅਧਿਐਨ ਕੀਤਾ। ਉਨ੍ਹਾਂ ਦੇ ਵਿਆਹ, ਬਾਲ-ਬੱਚਿਆਂ ਆਦਿ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲਦੀ ਬੱਸ ਇਹੋ ਗੱਲ ਪੱਕੀ ਹੈ ਕਿ ਭਾਈ ਗੁਰਦਾਸ ਜੀ ਪੂਰੀ ਜਿੰਦਗੀ ਗੁਰੂ-ਦਰਬਾਰ ਨਾਲ ਜੁੜ ਕੇ ਸੇਵਾ ਕਰਦੇ ਰਹੇ ਹਨ।
ਧਰਮ-ਪ੍ਰਚਾਰ ਲਈ ਗੁਰੂ ਰਾਮਦਾਸ ਜੀ ਨੇ ਆਪ ਜੀ ਨੂੰ ਆਗਰਾ, ਬਨਾਰਸ, ਲਖਨਊ ਅਤੇ ਬੁਰਹਾਨਪੁਰ ਆਦਿ ਥਾਂਵਾਂ ’ਤੇ ਨਿਯੁਕਤ ਕੀਤਾ ਸੀ। ਸੰਨ 1581 ਈ. ਵਿੱਚ ਜਦੋਂ ਚੌਥੇ ਪਾਤਸ਼ਾਹ ਜੋਤੀ ਜੋਤ ਸਮਾਏ ਤਾਂ ਭਾਈ ਗੁਰਦਾਸ ਜੀ; ਗੁਰੂ ਅਰਜਨ ਸਾਹਿਬ ਜੀ ਪਾਸ ਅੰਮ੍ਰਿਤਸਰ ਵਿਖੇ ਰਹਿਣ ਲੱਗ ਪਏ। ਬਾਬਾ ਪ੍ਰਿਥੀਚੰਦ ਦੁਆਰਾ ਖੜੇ ਕੀਤੇ ਬਖੇੜਿਆਂ ਨੂੰ ਆਪ ਨੇ ਬਾਬਾ ਬੁੱਢਾ ਜੀ ਨਾਲ ਮਿਲ ਕੇ ਠੱਲ੍ਹ ਪਾਈ ਅਤੇ ਗੁਰੂ-ਦਰਬਾਰ ਦੇ ਆਰਥਿਕ-ਸੰਕਟ ਨੂੰ ਸਹੀ ਤੇ ਪੱਕੀਆਂ ਲੀਹਾਂ ’ਤੇ ਲਿਆਉਣ ਹਿੱਤ ਕੁਝ ਨਿਵੇਕਲ ਕਾਰਜ ਆਰੰਭ ਕੀਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਿ ਸਰੂਪ ਦੀ ਲਿਖਾਈ ਵਿੱਚ ਭਾਈ ਜੀ ਦਾ ਵੱਡਾ ਮਹੱਤਵ ਪੂਰਨ ਯੋਗਦਾਨ ਰਿਹਾ ਹੈ। ਆਪ ਨੇ ਛੇਵੇਂ ਸਤਿਗੁਰਾਂ ਦੀ ਰਹਿਨੁਮਾਈ ਅਧੀਨ ‘ਅਕਾਲ ਬੁੰਗੇ’ ਦੀ ਉਸਾਰੀ ਸੰਬੰਧੀ ਜ਼ਿੰਮੇਵਾਰੀ ਨੂੰ ਬੜੀ ਸੁਚੱਜੀ ਤਰ੍ਹਾਂ ਨਿਭਾਇਆ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਕਿਲ੍ਹੇ ਵਿੱਚ ਨਜ਼ਰਬੰਦੀ ਸਮੇਂ ਭਾਈ ਸਾਹਿਬ ਜੀ ਨੇ ਬਾਅਦ ’ਚ ਗੁਰੂ-ਘਰ ਦੀ ਸੇਵਾ-ਸੰਭਾਲ਼ ਤੇ ਧਰਮ-ਪ੍ਰਚਾਰ ਨੂੰ ਬਾਖ਼ੂਬੀ ਨਿਭਾਇਆ। ਗਵਾਲੀਅਰ ਤੋਂ ਸਤਿਗੁਰ ਦੀ ਵਾਪਸੀ ਦੇ ਮੌਕੇ ਭਾਈ ਸਾਹਿਬ ਨੇ ਸਿੱਖ-ਸੰਗਤਾਂ ਨਾਲ ਰਲ਼ ਕੇ ਪੂਰੇ ਅੰਮ੍ਰਿਤਸਰ ਸ਼ਹਿਰ ਵਿੱਚ ਖ਼ੁਸ਼ੀ ਵਜੋਂ ਯੋਗ ਪ੍ਰਬੰਧ ਕੀਤੇ।
ਭਾਈ ਗੁਰਦਾਸ ਜੀ ਨੇ ‘ਨਾਨਕ ਨਿਰਮਲ ਪੰਥ’ ਦੇ ਗੁਰਮਤਿ-ਸਿਧਾਂਤ ਨੂੰ ਵਿਆਖਿਆਨਣ ਤੇ ਪ੍ਰਚਾਰਣ ਹਿੱਤ ਵਾਰਾਂ ਤੇ ਕਬਿੱਤ ਲਿਖੇ ਹਨ, ਜੋ ਪੁਰਾਤਨ ਹੱਥ-ਲਿਖਤਾਂ ਤੇ ਅਧੁਨਿਕ-ਛਪਾਈ ਦੇ ਰੂਪਾਂ ਵਿੱਚ ਉਪਲੱਭਦ ਹਨ। ਪਹਿਲੀ ਵਾਰ ਦਾ ਮਹੱਤਵ ਹੀ ਵਿਚਾਰਨਯੋਗ ਹੈ, ਜੋ ਜਨਮਸਾਖੀ ਤੇ ਗੋਸਟਿ ਪਰੰਪਰਾ ਨੂੰ ਕਾਇਮ ਰੱਖਣ ਦੇ ਸੰਦਰਭ ਵਿੱਚ ਮੰਨਿਆ ਜਾਂਦਾ ਹੈ। ਭਾਈ ਗੁਰਦਾਸ ਜੀ ਆਪਣੇ ਸਮੇਂ ਦੇ ਜ਼ਬਰਦਸਤ ਵਾਰਕਾਰ (ਸਾਹਿਤਕਾਰ), ਪ੍ਰੌੜ੍ਹ (ਪੱਕੇ) ਵਿਦਵਾਨ ਤੇ ਪ੍ਰਭਾਵਸ਼ਾਲੀ ਵਕਤਾ ਸਨ। ਵਾਰਕਾਰ ਦਾ ਉਦੇਸ਼ ਆਪਣੇ ਜੋਧੇ-ਸੂਰਬੀਰ ਨਾਇਕ ਦੇ ਉੱਤਮ ਗੁਣਾਂ ਅਤੇ ਸ੍ਰੇਸ਼ਟ-ਕਰਮਾਂ ਦਾ ਵਰਣਨ ਕਰਕੇ, ਲੋਕਾਈ ਅੰਦਰ ਉਨ੍ਹਾਂ ਦੀ ਵਡਿਆਈ ਦਾ ਭਰਵਾਂ ਪ੍ਰਭਾਵ ਪਾਉਣਾ ਹੁੰਦਾ ਹੈ। ਭਾਈ ਜੀ ਨੇ ਇਸ ਮੰਤਵ ਨੂੰ ਪੂਰਿਆਂ ਕਰਨ ਲਈ, ਪਹਿਲੀ ਵਾਰ ਵਿੱਚ ਪ੍ਰਥਮ-ਗੁਰੂ ਸਾਹਿਬ ਜੀ ਦਾ ਜੀਵਨ-ਦਰਸ਼ਨ ਪੇਸ਼ ਕੀਤਾ ਹੈ। ਹਥਲੇ ਲੇਖ ਵਿੱਚ ਅਸੀਂ ‘‘ਆਪਿ ਨਰਾਇਣੁ ਕਲਾ ਧਾਰਿ, ਜਗ ਮਹਿ ਪਰਵਰਿਯਉ ॥ (ਭਟ ਕੀਰਤ/੧੩੯੫) ਸਤਿਗੁਰੂ ਨਾਨਕ ਸਾਹਿਬ ਦੀ ਸ਼ਖ਼ਸੀਅਤ, ਜੀਵਨ-ਕਾਲ ਵਿਚਲੇ ਘਟਨਾਕ੍ਰਮਾਂ ਅਤੇ ਭਾਵ-ਦ੍ਰਿਸ਼ਟੀਆਂ ਨੂੰ ਪਛਾਣਨ ਦਾ ਨਿਮਾਣਾ ਜਿਹਾ ਜਤਨ ਕਰਾਂਗੇ।
ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਵਿੱਚ ਮੁੱਢਲੀਆਂ 22 ਪਉੜੀਆਂ ਅੰਦਰ ਗੁਰੂ ਨਾਨਕ-ਆਗਮਨ ਤੋਂ ਪੂਰਬਕਾਲੀ ਇਤਿਹਾਸਿਕ/ਮਿਥਿਹਾਸਿਕ ਵਰਤਾਰਿਆਂ, ਵਿਅਕਤੀਆਂ ਤੇ ਵਿਕ੍ਰਿਤ ਸਮਾਜਿਕ ਵਿਵਸਥਾ ਦਾ ਵਿਵਰਨ ਪੇਸ਼ ਕੀਤਾ ਹੈ। ਅੱਠਵੀਂ ਤੋਂ ਸੋਲ੍ਹਵੀਂ ਪਉੜੀ ਤੱਕ ਛੇ ਸ਼ਾਸਤਰਾਂ (ਖਟ ਦਰਸ਼ਨ) ਤੇ ਉਨ੍ਹਾਂ ਦੇ ਕਰਤਿਆਂ ਦੀ ਆਲੋਚਨਾ ਕਰਨ ਤੋਂ ਬਾਅਦ ‘ਵਰਨਾਵਰਨ ਦੀ ਖਹਿ-ਖਹਿ, ਤੰਤ੍ਰ-ਮੰਤ੍ਰ ਪਾਖੰਡ ਤੇ ਜੋਗੀਆਂ-ਸੰਨਿਆਸੀਆਂ-ਸਰੇਵੜਿਆਂ ਆਦਿ ਦੇ ਵਾਦ-ਵਿਵਾਦਾਂ ਦਾ ਖੰਡਨ ਕਰਦਿਆਂ, ‘ਨਾਨਕ ਨਿਰਮਲ ਪੰਥ’ ਵਾਲੀ ਗੁਰਮਤਿ ਨੂੰ ਸਰਬੋਤਮ ਸਿਧ ਕੀਤਾ ਹੈ। ਉਨ੍ਹਾਂ, ਉੱਤਰੀ-ਭਾਰਤ ਵਿੱਚ ਆਮ-ਪ੍ਰਚਲਿਤ ਅਵਤਾਰ-ਪ੍ਰਥਾ ਦੀ ਸਰਬ-ਪ੍ਰਿਯਤਾ ਨੂੰ ਧਿਆਨ ’ਚ ਰੱਖਦਿਆਂ, ਗੁਰੂ ਨਾਨਕ ਜੀ ਨੂੰ ਕਲਿਜੁਗ ਦਾ ਅਵਤਾਰ ਘੋਸ਼ਿਤ ਕੀਤਾ, ਜੋ ਜਗਤ ਜਲੰਦੇ ਦੀ ਜਨ-ਸਾਧਾਰਣ ਜਨਤਾ ਨੂੰ ਦੁੱਖਾਂ-ਕਲੇਸ਼ਾਂ, ਵੰਡਾਂ-ਵਿਤਕਰਿਆਂ ਤੇ ਝੋਰਿਆਂ-ਝਗੜਿਆਂ ਤੋਂ ਮੁਕਤ ਕਰਕੇ ਸਹਜ-ਸੁਖਾਵੀਂ ਜ਼ਿੰਦਗੀ ਜੀਊਣ ਦੇ ਢੰਗ-ਤਰੀਕੇ ਸਿਖਾਉਂਦਾ ਹੈ। ਗੁਰੂ ਨਾਨਕ ਸਾਹਿਬ, ਕਿਸੇ ਵੀ ਤਰ੍ਹਾਂ ਦੇ ਭੇਦ-ਭਾਵ ਤੋਂ ਬਿਨਾਂ ਸਰਬਸਾਂਝੀਆਂ ਸੰਗਤਾਂ ਪੰਗਤਾਂ ਸਥਾਪਤ ਕਰਦੇ ਹਨ। ਉਹ ਬ੍ਰਾਹਮਣ-ਮੌਲਾਣਿਆਂ ਦੋਹਾਂ ਲਈ ਕਾਮ-ਕ੍ਰੋਧ, ਲੋਭ-ਮੋਹ, ਅਹੰਕਾਰ ਵਾਲੀ ਦੁਨੀਆਵੀ-ਸ਼ੈਤਾਨੀਅਤ ਨੂੰ ਤਿਆਗਣ ਅਤੇ ‘ਸਚੁ’ ਦੇ ਮਾਰਗ ਨੂੰ ਅਪਣਾਉਣ ਦੇ ਰਾਹ-ਦਿਸੇਰਾ ਬਣਦੇ ਹਨ। ਉਹ, ਮਨੁੱਖੀ ਸਮਾਜ ਵਿੱਚ ਵਿਆਪ ਰਹੇ ਵਰਣ-ਵੰਡ, ਊਚ-ਨੀਚ, ਜਾਤਿ-ਪਾਤਿ, ਕਾਫ਼ਿਰ-ਮਲੇਛ, ਅਮੀਰ-ਗ਼ਰੀਬ ਤੇ ਹੋਰ ਅਜੇਹੀਆਂ ਮਜ਼੍ਹਬੋ-ਮਿਲਤਾਂ ਜਾਂ ਮੱਤ-ਮੱਤਾਂਤਰਾਂ ਵਿਚਲੀਆਂ, ਵਿੱਥਾਂ-ਵਿਤਕਰਿਆਂ ਤੇ ਵੈਰ-ਵਿਰੋਧਾਂ ਨੂੰ ਜੜ੍ਹੋਂ ਪੁੱਟ ਕੇ ਆਪਸੀ ਬਰਾਬਰਤਾ, ਸਾਂਝੀਵਾਲਤਾ ਤੇ ਭਾਈਚਾਰਿਕ- ਸੁਹਿਰਦਤਾ ਵਾਲੇ ਸੰਸਾਰ ਦੀ ਸਿਰਜਣਾ ਕਰਨ ਆਏ ਹਨ :
ਸੁਣੀ ਪੁਕਾਰਿ ਦਾਤਾਰ ਪ੍ਰਭਿ; ਗੁਰੁ ਨਾਨਕ ਜਗ ਮਾਹਿ ਪਠਾਇਆ। ਚਰਨ ਧੋਇ ਰਹਰਾਸਿ ਕਰਿ, ਚਰਣਾਮ੍ਰਿਤੁ ਸਿਖਾਂ ਪੀਲਾਇਆ।
ਪਾਰਬ੍ਰਹਮ ਪੂਰਨ ਬ੍ਰਹਮ; ਕਲਿਜੁਗ ਅੰਦਰਿ ਇਕ ਦਿਖਾਇਆ। ਚਾਰੇ ਪੈਰ ਧਰਮ ਦੇ; ਚਾਰਿ ਵਰਨ ਇਕ ਵਰਨੁ ਕਰਾਇਆ।
ਰਾਣਾ ਰੰਕ ਬਰਾਬਰੀ; ਪੈਰੀ ਪਵਣਾ ਜਗਿ ਵਰਤਾਇਆ। ਉਲਟਾ ਖੇਲੁ ਪਿਰੰਮ ਦਾ; ਪੈਰਾ ਉਪਰਿ ਸੀਸੁ ਨਿਵਾਇਆ।
ਕਲਿਜੁਗ ਬਾਬੇ ਤਾਰਿਆ; ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ। ਕਲਿ ਤਾਰਣ ਗੁਰੁ ਨਾਨਕ ਆਇਆ ॥੨੩॥ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੩)
ਇਸ ਲੇਖ ਵਿੱਚ ਅਸੀਂ ਸਤਿਗੁਰਾਂ ਦੇ ਜੀਵਨ, ਸ਼ਖ਼ਸੀਅਤ, ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਦ੍ਰਿਸ਼ਟੀ ਤੋਂ ਕੁਝ ਇੱਕ ਉਘੜਵੇਂ ਮੁੱਦਿਆਂ ਬਾਰੇ ਵਿਚਾਰ ਸਾਂਝੇ ਕਰਨ ਦਾ ਯਤਨ ਕਰ ਰਹੇ ਹਾਂ।
1. ਅਵਤਾਰਵਾਦ ਅਤੇ ਕਰਾਮਾਤਾਂ : ਭਾਈ ਗੁਰਦਾਸ ਜੀ ਵੱਲੋਂ ਰਚਿਤ ਪਹਿਲੀ ਵਾਰ ਦੀ ਗੰਭੀਰ ਪੜਚੋਲ ਤੋਂ ਅਵਤਾਰਵਾਦ ਤੇ ਕਰਾਮਾਤਾਂ ਦੇ ਵਿਸ਼ਾ-ਵਸਤੂ ਅਤੇ ਵਾਸਤਵਿਕ ਗੁਰਬਾਣੀ-ਸਿਧਾਂਤਾਂ ਸੰਬੰਧੀ ਕਈ ਅਜੇਹੇ ਪ੍ਰਸ਼ਨ ਸਾਹਮਣੇ ਆਉਂਦੇ ਹਨ, ਜਿਨ੍ਹਾਂ ਦੇ ਸਰਲ ਤੇ ਸਿੱਧੇ ਉੱਤਰ ਦੇ ਸਕਣੇ ਸੌਖੇ ਨਹੀਂ। ‘ਜੁਗ ਗਰਦੀ’ ਵਾਲੀ ਗਿਆਰ੍ਹਵੀ ਪਉੜੀ ਦੀਆਂ ਤੁਕਾਂ ‘‘ਸਤਿਗੁਰ ਬਾਝੁ ਨ ਬੁਝੀਐ; ਜਿਚਰੁ ਧਰੇ ਨ ਪ੍ਰਭੁ ਅਵਤਾਰਾ। ਗੁਰ ਪਰਮੇਸਰੁ ਇਕੁ ਹੈ; ਸਚਾ ਸਾਹੁ ਜਗਤੁ ਵਣਜਾਰਾ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੧੭) ਵਿੱਚ ’ਪ੍ਰਭ ਅਵਤਾਰਾ’ ਤੋਂ ਬਾਅਦ 23ਵੀਂ ਪਉੜੀ ਅੰਦਰ, ’ਗੁਰ ਨਾਨਕ ਜਗ ਮਾਹਿ ਪਠਾਇਆ’ ਅਤੇ ਫੇਰ 27ਵੀਂ ਪਉੜੀ ’ਚ ਸਤਿਗੁਰ ਨਾਨਕ ਪ੍ਰਗਟਿਆ’ ਆਦਿ ਅਵਤਾਰਵਾਦ ਵੱਲ ਇਸ਼ਾਰਾ ਕਰਦੀਆਂ ਹਨ। 29ਵੀਂ ਪਉੜੀ ਦੀਆਂ ਆਰੰਭਕ ਪੰਕਤੀਆਂ- ‘‘ਫਿਰਿ ਪੁਛਣਿ ਸਿਧ ਨਾਨਕਾ ! ਮਾਤ ਲੋਕ ਵਿਚਿ ਕਿਆ ਵਰਤਾਰਾ ?। ਸਭ ਸਿਧੀ ਇਹ ਬੁਝਿਆ; ਕਲਿ ਤਾਰਣਿ ਨਾਨਕ ਅਵਤਾਰਾ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੯) ਅਤੇ 38 ਵੀਂ ਪਉੜੀ- ‘‘ਫਿਰਿ ਬਾਬਾ ਆਇਆ ਕਰਤਾਰਪੁਰਿ; ਭੇਖੁ ਉਦਾਸੀ ਸਗਲ ਉਤਾਰਾ। ਪਹਿਰਿ ਸੰਸਾਰੀ ਕਪੜੇ; ਮੰਜੀ ਬੈਠਿ ਕੀਆ ਅਵਤਾਰਾ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੮) ਅਨੁਸਾਰ ਤਾਂ ਸਿੱਧੇ ਰੂਪ ਵਿੱਚ ਗੁਰੂ ਨਾਨਕ ਜੀ ਦੀ ਸ਼ਖ਼ਸੀਅਤ ਨੂੰ ਅਵਤਾਰ ਐਲਾਨਿਆ ਗਿਆ ਹੈ। ਭਾਈ ਸਾਹਿਬ ਜੀ ਇਸ ਨੁਕਤੇ ਉੱਤੇ ਵਧੇਰੇ ਜ਼ੋਰ ਦੇਂਦੇ ਵਿਖਾਈ ਦਿੰਦੇ ਹਨ ਕਿ ਜਦੋਂ ਵੀ ਸੰਸਾਰ ਵਿੱਚ ਸਮਾਜਿਕ, ਸਦਾਚਾਰਿਕ ਤੇ ਬੌਧਿਕ ਸੰਕਟ ਪੈਦਾ ਹੋ ਜਾਏ ਤਾਂ ਕੋਈ ਮਹਾਂਪੁਰਖ ਇਸ ਦੇ ਨਿਵਾਰਣ ਵਾਸਤੇ ਪ੍ਰਗਟ ਹੁੰਦਾ ਹੈ। ਉਨ੍ਹਾਂ ਨੇ ਆਪਣੀ ਰਚਨਾਂ ਵਿੱਚ ਅਜੇਹੇ ਮਹਾਂਪੁਰਖ ਨੂੰ ‘ਸਤਿਗੁਰੁ’ ਜਾਂ ‘ਅਵਤਾਰ’ ਕਹਿਆ ਹੈ। ਇਨ੍ਹਾਂ ਨੂੰ ‘‘ਗੁਰੁ ਪਰਮੇਸਰੁ ਏਕੋ ਜਾਣੁ ॥’’ (ਮਹਲਾ ੫/੮੬੪) ਵਚਨਾਂ ਮੁਤਾਬਕ ਸਮਝਦਿਆਂ ਆਪ ਜੀ ਦੀ ਭਾਵ-ਦ੍ਰਿਸਟੀ, ਅਵਤਾਰ ਜਾਂ ਗੁਰੂ ਦੇ ‘ਪਰਮੇਸਰ-ਸਰੂਪ’ ਹੋਵਣ ਵੱਲ ਸੇਧਿਤ ਹੈ, ਪਰ ਕੇਂਦਰੀ ਵਿਸ਼ਾ-ਵਸਤੂ ਤਾਂ ਮਨੁੱਖੀ ਸਮਾਜ ਵਿੱਚ ਵਿਆਪ ਰਹੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਸਮਾਧਾਨ ਦਾ ਹੀ ਰਹਿੰਦਾ ਹੈ। ਇਹ ਸਤਿਗੁਰਾਂ ਦੇ ਦ੍ਰਿਸ਼ਟੀ-ਖੇਤਰ ਤੇ ਜੀਵਨ-ਲਕਸ਼ ਦਾ ਕਲਾਤਮਿਕ ਚਿਤ੍ਰਣ ਹੈ ‘‘ਕਲਿ ਤਾਰਣ ਗੁਰੁ ਨਾਨਕ ਆਇਆ ॥੨੩॥’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੩)
ਜੇ ਗੁਰੂ ਨਾਨਕ ਜੀ ਨੂੰ ਰੱਬੀ-ਅਵਤਾਰ ਨਾ ਵੀ ਕਹਿਆ ਜਾਏ ਤਾਂ ਭੀ ਉਹ ਜੁਗ-ਪੁਰਸ਼ ਤਾਂ ਸਨ/ਹਨ ਹੀ। ਭਾਈ ਗੁਰਦਾਸ ਜੀ ਦਾ ਉਦੇਸ਼ ਤੇ ਆਮ-ਲੋਕਾਈ ਨੂੰ ਉਪਦੇਸ਼ ਅਜੇਹੀ ਸ਼ਰਧਾ-ਵਿਸ਼ਵਾਸ ਨੂੰ ਦ੍ਰਿੜ੍ਹ ਕਰਵਾਉਣਾ ਹੀ ਸੀ। ਜਿਸ ਸੰਕਲਪ ਨੂੰ ਅਜੋਕੇ ਸਮੇਂ ਅਸੀਂ ਜੁਗ-ਪੁਰਸ਼ ਸਮਝਦੇ ਹਾਂ, ਉਸੇ ਨੂੰ ਭਾਈ ਗੁਰਦਾਸ ਜੀ ਦੇ ਸਮੇਂ ਵਿੱਚ ਅਵਤਾਰ ਲਫ਼ਜ਼ ਦੀ ਵਰਤੋਂ ਦੁਆਰਾ ਸਮਝਾਇਆ ਜਾ ਸਕਦਾ ਹੈ। ਨਸਲਾਂ, ਰੰਗਾਂ-ਵਰਣਾਂ ਵਾਲੀਆਂ ਰੂੜ੍ਹੀਵਾਦੀ ਪਰੰਪਰਾਵਾਂ ਨੂੰ ਰੱਦ ਕਰਦਿਆਂ ਵਿਚਾਰਧਾਰਿਕ-ਕ੍ਰਾਂਤੀ ਦੁਆਰਾ ਵਿਸ਼ਵਵਿਆਪੀ ਮਨੁੱਖੀ-ਸੋਚ ਨੂੰ ਨਵੀਆਂ ਪ੍ਰਗਤੀਸ਼ੀਲ ਦਿਸ਼ਾਵਾਂ ਵੱਲ, ਵਿਦਿਅਕ ਗਿਆਨ-ਵਿਗਿਆਨ ਅਤੇ ਆਰਥਿਕ ਵਸੀਲਿਆਂ ਦੇ ਨਿਆਂਸ਼ੀਲ ਅਧਿਕਾਰਾਂ ਦੀ ਸਮਾਨਤਾ ਵੱਲ ਅਤੇ ਸਰਬੱਤ ਦੇ ਭਲੇ ਨੂੰ ਸਮਰਪਿਤ ਬਰਾਬਰਤਾ ਤੇ ਸੁਹਿਰਦਤਾ ਵਾਲੀ ਸਮਾਜਿਕ ਸਾਂਝ ਵੱਲ ਅਗਵਾਈ ਕਰਨਹਾਰਿਆਂ ਨੂੰ ਜੁਗ-ਪੁਰਸ਼ ਜਾਂ ਕਿਸੇ ਵੀ ਹੋਰ ਸਤਿਕਾਰਤ ਨਾਂ ਨਾਲ ਯਾਦ ਕੀਤਾ ਜਾ ਸਕਦਾ ਹੈ ‘‘ਚੜ੍ਹਿਆ ਸੋਧਣਿ ਧਰਤਿ ਲੁਕਾਈ ॥੨੪॥ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੪)। ਹਾਂ ਜੀ, ਗੁਰਮਤਿ ਦੇ ਮੁੱਢਲੇ ਧੁਰੰਧਰ-ਵਿਦਵਾਨ, ਵਾਰਕਾਰ ਤੇ ਪ੍ਰਚਾਰਕ ਭਾਈ ਗੁਰਦਾਸ ਨੇ ਆਪਣੇ ਸਮੇਂ ਦੇ ਮੁਹਾਵਰੇ ਵਿੱਚ ਹੀ ਆਪਣੇ ਨਾਇਕ ਪਰਮ-ਪੁਰਖ ਗੁਰੂ ਨਾਨਕ ਜੀ ਨੂੰ ਮਹਾਨ ਵਿਚਾਰਵਾਨ ਜੋਧਾ ਸਿੱਧ ਕੀਤਾ ਹੈ।
ਇਸੇ ਤਰ੍ਹਾਂ ਜਦੋਂ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ-ਕਾਲ ਅੰਦਰ ਵਾਪਰੀਆਂ ਅਨੇਕਾਂ ਘਟਨਾਵਾਂ ਵਿੱਚੋਂ, ਸੁਮੇਰ ਪਰਬਤ, ਮੱਕੇ, ਬਗਦਾਦ ਤੇ ਅਚਲ ਬਟਾਲੇ ਵਾਲੀਆਂ ਸਾਖੀਆਂ ਨੂੰ ਰੂਪਮਾਨ ਕੀਤਾ ਤਾਂ ਇਨ੍ਹਾਂ ਸਾਰੀਆਂ ਵਿੱਚ ਮਨੁੱਖ ਜਾਤੀ ਤੋਂ ਵਿਲੱਖਣਤਾ ਗੁਰੂ ਨਾਨਕ ਜੀ ਅੰਦਰ ਸਪਸ਼ਟ ਝਲਕਦੀ ਹੈ :-
(i). ਜੀਵਣਿ ਮਾਰੀ ਲਤਿ ਦੀ; ਕੇਹੜਾ ਸੁਤਾ ਕੁਫਰ ਕੁਫਾਰੀ। ਲਤਾ ਵਲਿ ਖੁਦਾਇ ਦੇ; ਕਿਉ ਕਰਿ ਪਇਆ ਹੋਇ ਬਜਿਗਾਰੀ। ਟੰਗੋਂ ਪਕੜਿ ਘਸੀਟਿਆ; ਫਿਰਿਆ ਮਕਾ ਕਲਾ ਦਿਖਾਰੀ। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੨)
(ii). ਪੁਛੇ ਪੀਰ ਤਕਰਾਰ ਕਰਿ; ਏਹ ਫਕੀਰ ਵਡਾ ਅਤਾਈ। ਏਥੇ ਵਿਚਿ ਬਗਦਾਦ ਦੇ; ਵਡੀ ਕਰਾਮਾਤਿ ਦਿਖਲਾਈ। ਪਾਤਾਲਾ ਆਕਾਸ ਲਖ; ਓੜਕਿ ਭਾਲੀ ਖਬਰੁ ਸੁਣਾਈ। ਫੇਰਿ ਦੁਰਾਇਣ ਦਸਤਗੀਰ; ਅਸੀ ਭਿ ਵੇਖਾ ਜੋ ਤੁਹਿ ਪਾਈ। ਨਾਲਿ ਲੀਤਾ ਬੇਟਾ ਪੀਰ ਦਾ; ਅਖੀ ਮੀਟਿ ਗਇਆ ਹਵਾਈ। ਲਖ ਆਕਾਸ ਪਤਾਲ ਲਖ; ਅਖਿ ਫੁਰੰਕ ਵਿਚਿ ਸਭਿ ਦਿਖਲਾਈ। ਭਰਿ ਕਚਕੌਲ ਪ੍ਰਸਾਦਿ ਦਾ; ਧੁਰੋ ਪਤਾਲੋ ਲਈ ਕੜਾਹੀ। ਜਾਹਰ ਕਲਾ; ਨ ਛਪੈ ਛਪਾਈ ॥੩੬॥ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੬)
ਅਧੁਨਿਕ ਵਿਦਿਅਕ ਪਾਸਾਰ ਦੇ ਚੱਲਦਿਆਂ ਪੜ੍ਹੇ-ਲਿਖੇ ਵਰਗਾਂ ਅੰਦਰ ਗ਼ੈਰਕੁਦਰਤੀ ਘਟਨਾਵਾਂ ਜਾਂ ਉਨ੍ਹਾਂ ਉੱਤੇ ਬਣੀਆਂ ਭਾਵਨਾਵਾਂ ਪ੍ਰਤੀ ਯਕੀਨ ਨਹੀਂ ਬਣਦਾ। ਜਿਨ੍ਹਾਂ ਗੱਲਾਂ ਨੂੰ ਗਣਿਤ ਸ਼ਾਸਤਰ, ਪ੍ਰਕ੍ਰਿਤਕ ਨਿਯਮਾਂ ਜਾਂ ਭੌਤਿਕ ਰਸਾਇਣਕ ਤੇ ਖਗੋਲ ਵਿਗਿਆਨ ਆਦਿ ਦੁਆਰਾ ਸਿੱਧ ਨਾ ਕੀਤਾ ਜਾ ਸਕੇ, ਉਨ੍ਹਾਂ ਨੂੰ ਮਨੋਕਾਲਪਨਿਕ ਆਖਦਿਆਂ ਅਕਸਰ ਰੱਦ ਕਰ ਦਿੱਤਾ ਜਾਂਦਾ ਹੈ ਕਿਉਂਕਿ ਗੁਰ-ਇਤਿਹਾਸ ਵਿੱਚ ਵੀ ਕਈ ਵਾਰ ਸਤਿਗੁਰਾਂ ਵੱਲੋਂ ਕਰਾਮਾਤਾਂ ਜਾਂ ਰਿਧੀਆਂ-ਸਿਧੀਆਂ ਵਿਖਾਉਣ ਦਾ ਆਪ ਖੰਡਨ ਕੀਤਾ ਹੋਇਆ ਹੈ ਤਾਂ ਫਿਰ ਕੀ ਗੁਰੂ-ਘਰ ਦੇ ਅਤਿ ਨਿਕਟਵਰਤੀ ਗੁਰਸਿੱਖ-ਵਿਦਵਾਨ (ਭਾਈ ਗੁਰਦਾਸ ਜੀ) ਨੂੰ ਅਵਤਾਰਵਾਦ ਜਾਂ ਕਰਾਮਾਤੀ ਵਿਸ਼ਿਆਂ ਬਾਰੇ ਵਿਚਾਰ ਰੱਖਦਿਆਂ ‘ਨਾਨਕ ਨਿਰਮਲ ਪੰਥ’ ਤੋਂ ਬੇਖ਼ਬਰ ਜਾਂ ਬੇਪਰਵਾਹ ਮੰਨ ਲਿਆ ਜਾਵੇ ? ਨਹੀਂ। ਭਾਈ ਗੁਰਦਾਸ ਜੀ; ਗੁਰਮਤਿ-ਵੀਚਾਰਧਾਰਾ ਤੋਂ ਨਾ ਤਾਂ ਅੰਞਾਣ ਸਨ ਤੇ ਨਾ ਹੀ ਲਾਪਰਵਾਹ, ਇਸ ਲਈ ਜੇ ਉਨ੍ਹਾਂ ਨੇ ਉਕਤ ਪੁਰਾਤਨ ਸਾਹਿਤਕਾਰੀ ਨਾਲ ਜੁੜੀ ਪ੍ਰਚਾਰ-ਵਿੱਧਾ ਦੀ ਵਰਤੋਂ ਕਰ ਲੈਣ ਤੋਂ ਸੰਕੋਚ ਨਹੀਂ ਕੀਤਾ ਤਾਂ ਐਸੇ ਵਤੀਰੇ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਹੀ ਕਿਸੇ ਨਤੀਜੇ ’ਤੇ ਪਹੁੰਚਣਾ ਉਚਿਤ ਹੋਵੇਗਾ। ਭਾਈ ਸਾਹਿਬ ਜੀ ਨੇ ਖ਼ੁਦ ਪਹਿਲੀ ਵਾਰ ਦੀ ਚੌਥੀ ਪਉੜੀ ਇਉਂ ਉਚਾਰੀ ਹੈ ‘‘ਓਅੰਕਾਰਿ ਆਕਾਰ ਕਰਿ; ਏਕ ਕਵਾਉ ਪਸਾਉ ਪਸਾਰਾ। ਪੰਜ ਤਤ ਪਰਵਾਣੁ ਕਰਿ; ਘਟਿ ਘਟਿ ਅੰਦਰਿ ਤ੍ਰਿਭਵਣੁ ਸਾਰਾ। ਕਾਦਰੁ ਕਿਨੇ ਨ ਲਖਿਆ; ਕੁਦਰਤਿ ਸਾਜਿ ਕੀਆ ਅਵਤਾਰਾ। ਇਕ ਦੂ ਕੁਦਰਤਿ ਲਖ ਕਰਿ; ਲਖ ਬਿਅੰਤ ਅਸੰਖ ਅਪਾਰਾ। ਰੋਮ ਰੋਮ ਵਿਚ ਰਖਿਓਨ; ਕਰਿ ਬ੍ਰਹਮੰਡਿ ਕਰੋੜਿ ਸੁਮਾਰਾ। ਇਕਸ ਇਕਸ ਬ੍ਰਹਿਮੰਡਿ ਵਿਚਿ; ਦਸ ਦਸ ਕਰਿ ਅਵਤਾਰ ਉਤਾਰਾ। ਕੇਤੇ ਬੇਦ ਬਿਆਸ ਕਰਿ; ਕਈ ਕਤੇਬ ਮੁਹੰਮਦ ਯਾਰਾ। ਕੁਦਰਤਿ ਇਕ; ਏਤਾ ਪਾਸਾਰਾ ॥੪॥’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੪) ਭਾਵ ਓਅੰਕਾਰੁ, ਆਕਾਰ ਧਾਰਦਿਆਂ ਇੱਕ-ਇੱਕ ਬ੍ਰਹਿਮੰਡ ਵਿੱਚ ਦਸ-ਦਸ ਅਵਤਾਰ ਉਤਪੰਨ ਕਰਦਾ ਹੈ ਤੇ ਆਪਣੇ ਇੱਕ-ਇੱਕ ਰੋਮ ਵਿੱਚੋਂ ਕਰੋੜਾਂ ਬ੍ਰਹਿਮੰਡ ਉਪਜਾਉਂਦਾ ਹੈ। ਸੋਚਣਾ ਬਣਦੈ ਕਿ ਅਜੇਹੇ ਗੁਰਮਤਿ-ਤੱਥਾਂ ਦੇ ਗਿਆਤਾ ਭਾਈ ਗੁਰਦਾਸ ਜੀ ਵੱਲੋਂ ਕਿਸੇ ਇੱਕ ਬ੍ਰਹਿਮੰਡ ਦੀ ਇੱਕ ਧਰਤੀ ਦੇ ਕਿਸੇ ਇੱਕ ਨੁਕਰੇ ਪੈਦਾ ਹੋਏ ਅਵਤਾਰੀ-ਪੁਰਸ਼ ਨੂੰ ਭਗਵਾਨ ਜਾਂ ਇਸ਼ਟ-ਪ੍ਰਭੂ ਵਜੋਂ ਸਵੀਕਾਰਨਾ; ਹਾਸੋਹੀਣਾ ਜਾਂ ਮਖ਼ੌਲ ਨਹੀਂ ਹੋਵੇਗਾ ?
ਅਵਤਾਰਵਾਦ ਨੂੰ ਮੰਨਣ ਵਾਲੇ ਸ਼ਰਧਾਲੂ, ਭਗਤ ਜਨ ਤਾਂ ਗਿਆਨ-ਵਿਗਿਆਨ ਦੀ ਕਿਸੇ ਵੀ ਕਸਵੱਟੀ ਵੱਲ ਧਿਆਨ ਦੇਣਾ ਜ਼ਰੂਰੀ ਨਹੀਂ ਸਮਝਦੇ। ਇਹ ਵਿਵਹਾਰਿਕ ਸਚਾਈ ਹੈ ਕਿ ਜਨ-ਮਾਨਸਿਕਤਾ ਪੂਰਬਕਾਲੀਨ ਬਣ ਚੁੱਕੀਆਂ ਪ੍ਰਵਿਰਤੀਆਂ ਵਿੱਚ ਯਕਦਮ ਆਸਾਨੀ ਨਾਲ ਪਰਿਵਰਤਨ ਨਹੀਂ ਲਿਆਉਂਦੀ ਅਤੇ ਚਿਰਾਂ ਤੋਂ ਸੰਸਾਰ ਦਾ ਐਸਾ ਹੀ ਵਰਤਾਰਾ ਚੱਲਦਾ ਆ ਰਹਿਆ ਹੈ।
ਆਧੁਨਿਕ ਵਿਗਿਆਨਿਕ ਤੇ ਬੌਧਿਕ ਤਰਕ-ਵਿਤਰਕ ਦਾ ਸੁਚੇਤ-ਪ੍ਰਭਾਵ; ਸੁਧਾਰਵਾਦੀ ਸਿੰਘ ਸਭਾਈ ਧਰਮ-ਪ੍ਰਚਾਰ, ਚੀਫ਼ ਖਾਲਸਾ ਦੀਵਾਨ ਦੀਆਂ ਵਿਦਿਅਕ ਸਰਗਰਮੀਆਂ ਤੇ ਅਕਾਲੀ ਲਹਿਰਾਂ ਦੁਆਰਾ ਹੀ ਸਾਹਮਣੇ ਆਇਆ ਹੈ। ਇੰਞ ਧਾਰਮਿਕ-ਖੇਤਰਾਂ ਵਿੱਚ ਅਵਤਾਰ-ਪਰੰਪਰਾ ਦੀ ਕਚਿਆਈ, ਬੇਪਰਦਾ ਹੋਣੀ ਸ਼ੁਰੂ ਹੋਈ ਹੈ। ਭਾਈ ਗੁਰਦਾਸ ਜੀ ਦੇ ਵੇਲੇ, ਲੋਕਾਂ ਵੱਲੋਂ ਹਰ ਗੱਲ ਨੂੰ ਦਲੀਲ ਉੱਤੇ ਪਰਖਣ ਦਾ ਰਿਵਾਜ ਹਾਲੇ ਆਮ ਨਹੀਂ ਸੀ ਹੋਇਆ ਤੇ ਜਨਤਾ ਪੁਰੋਹਿਤਾਂ ਵੱਲੋਂ ਪਰਚਾਰੇ ਜਾ ਰਹੇ ਰਾਜੇ-ਰਾਣੀਆਂ ਨੂੰ ਹੀ ਅਵਤਾਰ-ਪੁਰਸ਼ ਜਾਣ ਕੇ ਪੂਜਾ-ਅਰਚਨਾ ਕਰਵਾਈ ਜਾਂਦੀ ਅਤੇ ਉਨ੍ਹਾਂ ਨੂੰ ਹੀ ਸੰਕਟ-ਮੋਚਨ ਮੰਨਿਆ ਜਾਂਦਾ ‘‘ਗਾਵਹਿ ਰਾਜੇ ਰਾਣੀਆ; ਬੋਲਹਿ ਆਲ ਪਤਾਲ ॥ (ਮਹਲਾ ੧/੪੬੪) ਭਾਈ ਗੁਰਦਾਸ ਜੀ ਨੇ ਰੱਬੀ ਬੇਅੰਤਤਾ ਦਾ ਕਲਾਤਮਿਕ ਤੇ ਭਾਵ-ਪੂਰਿਤ ਵਰਣਨ ਕਰਨ ਦੇ ਨਾਲ-ਨਾਲ, ਲੋਕਾਈ ਦੀ ਮਾਨਸਿਕ-ਚੇਤਨਾ ਵਿੱਚ ਘਰ ਬਣਾ ਚੁੱਕੇ ਅਵਤਾਰਵਾਦੀ ਅਤੇ ਕਰਾਮਾਤੀ ਵਿਸ਼ਵਾਸਾਂ ਰਾਹੀਂ ਗੁਰੂ ਨਾਨਕ ਜੀ ਦੀ ਵਿਰਾਟ ਸ਼ਖ਼ਸੀਅਤ ਸਥਾਪਿਤ ਕਰਨ ਲਈ ਇਹ ਜੁਗਤੀ (Strategy) ਅਪਣਾਈ ਹੈ।
ਕਰਾਮਾਤਾਂ ਵਾਪਰਨੀਆਂ ਸੰਭਵ ਹਨ ਕਿ ਨਹੀਂ; ਇਸ ਸੰਬੰਧੀ ਭਾਈ ਗੁਰਦਾਸ ਦੇ ਨਿੱਜੀ ਨਿਸ਼ਚੇ ਬਾਰੇ ਕੁਝ ਆਖਣਾ ਤਾਂ ਮੁਸ਼ਕਲ ਹੈ, ਪਰ ਸਾਧਾਰਨ ਪ੍ਰਸਥਿਤੀਆਂ ਦੌਰਾਨ ਕਰਾਮਾਤਾਂ ਦਿਖਾਉਣ ਨੂੰ ਉਹ ਠੀਕ ਨਹੀਂ ਸਮਝਦੇ। ਇਸੇ ਕਾਰਨ ਭਾਵੇਂ ਉਨ੍ਹਾਂ ਨੇ ਮੱਕੇ ਅਤੇ ਬਗਦਾਦ ਵਿੱਚ ਸਤਿਗੁਰਾਂ ਨੂੰ ਕਰਾਮਾਤਾਂ ਕਰਦੇ ਦਰਸਾਇਆ ਹੈ, ਪਰ ਸਿੱਧਾਂ ਦੀ ਮੰਗ ਦੇ ਜਵਾਬ ਵਿੱਚ ਗੁਰੂ ਨਾਨਕ ਜੀ ਵੱਲੋਂ ਕਰਾਮਾਤ ਵਿਖਾਉਣ ਨੂੰ ਬੜੀ ਸੁਚੇਤਤਾ ਨਾਲ ਇਨਕਾਰ ਕਰਦਿਆਂ ਬਿਆਨ ਕੀਤਾ ਹੈ ‘‘ਸਿਧਿ ਬੋਲਨਿ ਸੁਣਿ ਨਾਨਕਾ ! ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ ?। ਕੁਝ ਵਿਖਾਲੇਂ ਅਸਾ ਨੋ; ਤੁਹਿ ਕਿਉ ਢਿਲ ਅਵੇਹੀ ਲਾਈ ?। ਬਾਬਾ ਬੋਲੇ ਨਾਥ ਜੀ ! ਅਸਾਂ ਤੇ ਵੇਖਣਿ ਜੋਗੀ ਵਸਤੁ ਨ ਕਾਈ। ਗੁਰ ਸੰਗਤਿ ਬਾਣੀ ਬਿਨਾ; ਦੂਜੀ ਓਟ ਨਹੀਂ ਹਹਿ ਰਾਈ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੪੨) ਇਸੇ ਤਰ੍ਹਾਂ ਅਗਲੀ ਪਉੜੀ ’ਚ ‘‘ਬਾਬਾ ਬੋਲੇ ਨਾਥ ਜੀ ! ਸਬਦੁ ਸੁਨਹੁ ਸਚੁ ਮੁਖਹੁ ਅਲਾਈ। ਬਾਝੋ ਸਚੇ ਨਾਮ ਦੇ; ਹੋਰੁ ਕਰਾਮਾਤਿ ਅਸਾਂ ਤੇ ਨਾਹੀ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੪੩) ਦਰਜ ਕੀਤਾ ਗਿਆ ਹੈ।
2. ਵਿਚਾਰਾਤਮਿਕ ਸੰਗਰਾਮਹਲਾ– ਆਮ ਤੌਰ ’ਤੇ ਸਿੱਖ ਸੰਗਤਾਂ ਵਿੱਚ ਬਣ ਚੁੱਕੇ ਜਾਂ ਦੋਖੀਆਂ ਵੱਲੋਂ ਵਿਉਂਤਬੰਦ ਯੋਜਨਾਵਾਂ ਅਧੀਨ ਬਣਾ ਦਿੱਤੇ ਗਏ, ਅੰਤਰ ਵਿਰੋਧਾਂ ਬਾਰੇ ਚਰਚਾ ਕਰਨ ਤੋਂ ਗੁਰੇਜ਼ ਹੀ ਕੀਤਾ ਜਾਂਦਾ ਹੈ। ਅਸੀਂ ਮਤਭੇਦਾਂ ਸੰਬੰਧੀ ਸੋਚਣ ਵਿਚਾਰਨ ਮਗਰੋਂ ਨਜਿੱਠਣ ਅਤੇ ਕੌਮੀ ਲਾਭ-ਹਾਣ ਦੀ ਤੱਕੜੀ ਰਾਹੀਂ ਤੋਲਣ ਨੂੰ ਨਜ਼ਰ ਅੰਦਾਜ਼ ਕਰੀ ਜਾਣ ਵਿੱਚ ਹੀ ਭਲਾਈ ਦਾ ਭਰਮ ਪਾਲਣ ਦੇ ਆਦੀ ਹੋ ਚੁੱਕੇ ਹਾਂ। ਚੇਤੇ ਰਖੀਏ ਕਿ ਵੀਚਾਰਾਂ ਦੀ ਟੱਕਰ ਹਮੇਸ਼ਾ ਚੁੰਚ-ਗਿਆਨੀਆਂ ਦੀ ਨੋਕ-ਝੋਕ ਨਹੀਂ ਹੁੰਦੀ ਸਗੋਂ ਇਹ ਸਾਡੀ ਜ਼ਿੰਦਗੀ ਵਿੱਚ ਵੱਡਾ ਮਹੱਤਵ ਰੱਖਦੀ ਹੈ ਕਿਉਂਕਿ ਸਹੀ ਜਾਂ ਗਲਤ ਵੀਚਾਰਾਂ ਨੇ ਹੀ ਸਾਡੇ ਭਵਿੱਖ ਦੀਆਂ ਨੀਹਾਂ ਬਣਨਾ ਹੁੰਦਾ ਹੈ। ਸਾਨੂੰ ਸਤਿਗੁਰਾਂ ਦੀ ਜੀਵਨ-ਦ੍ਰਿਸ਼ਟੀ ਤੋਂ ਅਤੇ ਮੁਖੀ ਗੁਰਸਿੱਖਾਂ ਦੇ ਕਿਰਦਾਰਾਂ ਤੋਂ ਸੇਧਾਂ ਪ੍ਰਾਪਤ ਹੁੰਦੀਆਂ ਹਨ। ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਰਾਹੀਂ ਸਮੇਂ ਦੇ ਵਿਚਾਰਧਾਰਿਕ ਜੁਗ-ਪਲਟਾਊ ਟਕਰਾਓ ਦੀ ਬਾਖ਼ੂਬੀ ਵਿਆਖਿਆ ਕੀਤੀ ਹੈ।
ਗੁਰੂ ਨਾਨਕ ਸਾਹਿਬ ਜੀ ਦਾ ਜਨਮ ਸੰਨ 1469 ਈ. ’ਚ ਹੋਇਆ ਤੇ ਆਪ 1539 ਈ. ’ਚ ਜੋਤੀ ਜੋਤਿ ਸਮਾ ਗਏ। ਉਨ੍ਹਾਂ ਦੀ ਹਯਾਤੀ ਦੇ ਇਹ ਸੱਤਰ ਸਾਲ ਜਾਂ ਇਉਂ ਸਮਝੀਏ ਕਿ ਵਿਸ਼ਵ-ਇਤਿਹਾਸ ਦੀਆਂ ਪੰਦਰ੍ਹਵੀਂ ਤੇ ਸੋਲ੍ਹਵੀਂ (ਦੋ ਸਦੀਆਂ); ਮਨੁੱਖੀ ਵਿਕਾਸ ਦੇ ਸੰਦਰਭ ਵਿੱਚ ਬਹੁਤ ਹੀ ਮਹੱਤਵਪੂਰਣ ਭੂਮਿਕਾ ਨਿਭਾਉਂਦੀਆਂ ਹਨ। ਗੁਰੂ ਨਾਨਕ ਜੀ ਦੇ ਜੀਵਨ ਕਾਲ ਦੇ ਸਮੇਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਵੀ (ਕੇਵਲ ਵੀਹਵੀਂ ਸਦੀ ਦੇ ਪਹਿਲੇ ਸੱਤਰ ਸਾਲਾਂ ਨੂੰ ਛੱਡ ਕੇ) ਵਿਸ਼ਵ ਵਿਆਪੀ ਸਮੁੱਚੀ ਮਨੁੱਖਤਾ ਨੂੰ ਪ੍ਰਭਾਵਿਤ ਕਰਦਾ ਘਟਨਾਕ੍ਰਮ ਇੰਨਾ ਨਿਰਣੈਕਾਰੀ ਹੋਇਆ ਨਹੀਂ ਦਿੱਸਦਾ। ਇਸ ਤੋਂ ਪਹਿਲਾਂ ਇਸਲਾਮ ਨੇ ਸਾਰੀ ਦੁਨੀਆ ਨੂੰ ਕਾਂਬਾ ਛੇੜ ਦਿੱਤਾ ਸੀ। ਪ੍ਰਤੀਕਰਮ ਵਜੋਂ ਯੂਰਪੀਨ ਲੋਕ ਜਾਗੇ ਤੇ ਰਿਨੇਸਾਂਸ ਲਹਿਰ ਨੇ ਸਿਖਰਾਂ ਛੋਹੀਆਂ। ਫੇਰ ਸੂਫ਼ੀ ਲਹਿਰ ਤੇ ਭਗਤੀ ਲਹਿਰਾਂ ਆਰੰਭ ਹੋਈਆਂ। ਇਸੇ ਸਮੇਂ ਸੰਸਾਰ ਵਿੱਚ ਵੱਡੀਆਂ-ਵੱਡੀਆਂ ਵਿਖਿਆਤ ਸ਼ਖ਼ਸੀਅਤਾਂ ਸਾਹਮਣੇ ਆਈਆਂ, ਜਿਨ੍ਹਾਂ ਦੇ ਕਾਰਨਾਮਿਆਂ ਨੇ ਮਨੁੱਖੀ ਸੋਚ-ਵਿਚਾਰ ਤੇ ਆਚਾਰ-ਵਿਹਾਰ ਅੰਦਰ ਕ੍ਰਾਂਤੀਕਾਰੀ ਬਦਲਾਵ ਲਿਆਂਦੇ। ਭਾਈ ਗੁਰਦਾਸ ਜੀ ਨੇ 17ਵੀਂ ਪਉੜੀ ਰਾਹੀਂ ‘ਜੁਗ ਗਰਦੀ’ ਦਾ ਪ੍ਰਸੰਗ ਛੇੜਦਿਆਂ 18ਵੀਂ ਤੇ 19ਵੀਂ ਪਉੜੀ ਵਿੱਚ ਬੌਧ ਮਤ, ਜੈਨ ਮਤ, ਹਿੰਦੂ ਵੇਦ-ਸ਼ਾਸਤਰਾਂ ਅਤੇ ਮੁਸਲਮਾਣੀ ਵਿਚਾਰਧਾਰਾਵਾਂ ਵਿਚਾਲੇ ਟਕਰਾਵਾਂ ਦਾ ਖੁਲ੍ਹਾ ਜ਼ਿਕਰ ਕੀਤਾ ਹੈ :
(i). ਕਲਿਜੁਗਿ ਬੌਧੁ ਅਉਤਾਰੁ ਹੈ; ਬੋਧ ਅਬੋਧੁ ਨ ਦ੍ਰਿਸਟੀ ਆਵੈ। ਕੋਇ ਨ ਕਿਸੈ ਵਰਜਈ; ਸੋਈ ਕਰੇ, ਜੋਈ ਮਨਿ ਭਾਵੈ। ਕਿਸੇ ਪੁਜਾਈ ਸਿਲਾ ਸੁੰਨਿ; ਕੋਈ ਗੋਰੀ ਮੜ੍ਹੀ ਪੁਜਾਵੈ। ਤੰਤ੍ਰ ਮੰਤ੍ਰ ਪਾਖੰਡ ਕਰਿ; ਕਲਹਿ ਕ੍ਰੋਧੁ ਬਹੁ ਵਾਦਿ ਵਧਾਵੈ। ਆਪੋ ਧਾਪੀ ਹੋਇ ਕੈ; ਨਿਆਰੈ ਨਿਆਰੈ ਧਰਮ ਚਲਾਵੈ। ਕੋਈ ਪੂਜੈ ਚੰਦੁ ਸੂਰੁ; ਕੋਈ ਧਰਤਿ ਅਕਾਸੁ ਮਨਾਵੈ। ਪਉਣੁ ਪਾਣੀ ਬੈਸੰਤਰੋ; ਧਰਮਰਾਜ ਕੋਈ ਤ੍ਰਿਪਤਾਵੈ। ਫੋਕਟਿ ਧਰਮੀ; ਭਰਮਿ ਭੁਲਾਵੈ ॥੧੮॥ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੧੮)
(ii). ਭਈ ਗਿਲਾਨਿ ਜਗਤ ਵਿਚਿ; ਚਾਰਿ ਵਰਨ ਆਸ੍ਰਮ ਉਪਾਏ। ਦਸ ਨਾਮਿ ਸੰਨਿਆਸੀਆ; ਜੋਗੀ ਬਾਰਹ ਪੰਥਿ ਚਲਾਏ। ਜੰਗਮ ਅਤੇ ਸਰੇਵੜੇ; ਦਗੇ ਦਿਗੰਬਰਿ ਵਾਦਿ ਕਰਾਏ। ਬ੍ਰਹਮਣਿ ਬਹੁ ਪਰਕਾਰਿ ਕਰਿ; ਸਾਸਤ੍ਰਿ ਵੇਦ ਪੁਰਾਣਿ ਲੜਾਏ। ਖਟਿ ਦਰਸਨ ਬਹੁ ਵੈਰਿ ਕਰਿ; ਨਾਲਿ ਛਤੀਸਿ ਪਖੰਡ ਰਲਾਏ। ਤੰਤ ਮੰਤ ਰਾਸਾਇਣਾ; ਕਰਾਮਾਤਿ ਕਾਲਖਿ ਲਪਟਾਏ। ਇਕਸਿ ਤੇ ਬਹੁ ਰੂਪਿ ਕਰਿ; ਰੂਪ ਕਰੂਪੀ ਘਣੇ ਦਿਖਾਏ। ਕਲਿਜੁਗਿ ਅੰਦਰਿ; ਭਰਮਿ ਭੁਲਾਏ ॥੧੯॥ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੧੯) ਅਤੇ ਨਤੀਜਾ ਇਉਂ ਸਾਮ੍ਹਣੇ ਆਇਆ :
(iii) ਸਚੁ ਕਿਨਾਰੇ ਰਹਿ ਗਇਆ; ਖਹਿ ਮਰਦੇ ਬਾਹਮਣ ਮਉਲਾਣੇ। ਸਿਰੋ ਨ ਮਿਟੇ; ਆਵਣ ਜਾਣੇ ॥੨੧॥ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੧)
ਭਾਈ ਗੁਰਦਾਸ ਜੀ ਨੇ ਸਤਿਗੁਰਾਂ ਦੇ ਜੀਵਨ-ਕਾਲ ਵਿੱਚੋਂ ਸਿੱਧਾਂ, ਨਾਥਾਂ ਤੇ ਜੋਗੀਆਂ ਨੂੰ ਸੰਬੋਧਿਤ ਹੋ ਦੋ ਸਾਖੀਆਂ ਵਿਸ਼ੇਸ ਤੌਰ ’ਤੇ ਚੁਣੀਆਂ ਹਨ ਕਿਉਂਕਿ ਉਦੋਂ ਇਹ ਸੰਪ੍ਰਦਾਇ; ਹਿੰਦੂ ਤੇ ਬੁੱਧ ਧਰਮ ਦੋਹਾਂ ਦੀਆਂ ਬੌਧਿਕ ਰਵਾਇਤਾਂ ਦੀ ਵਾਰਿਸ ਬਣ ਚੁੱਕੀ ਸੀ। ਇਨ੍ਹਾਂ ਸੰਪ੍ਰਦਾਵਾਂ ਨਾਲ ਜੁੜੇ ਸਾਧਕ ਤੇ ਮੁਖੀ-ਪ੍ਰਚਾਰਕ ਆਪਣੇ ਆਪ ਨੂੰ ਭਾਰਤੀ-ਦਰਸ਼ਨ ਤੇ ਧਰਮ-ਸਿਧਾਂਤਾਂ ਦੇ ਰਖਵਾਲੇ ਮੰਨਦੇ ਸਨ। ਉਨ੍ਹਾਂ ਨੇ ਆਪਣੇ ਮੱਤ/ਪੰਥ ਦੀ ਮਾਨਤਾ ਤੇ ਫੈਲਾਅ ਵਾਸਤੇ ਸਿਲਸਲੇਵਾਰ ਸੰਗਠਨਾਤਮਿਕ ਇਕਾਈਆਂ (ਮੱਠ, ਭੇਖ, ਯੋਗ ਅਭਿਆਸ ਤੇ ਵਿਚਾਰਧਾਰਾ ਦੇ ਪ੍ਰਚਾਰ ਕੇਂਦਰ) ਸਥਾਪਿਤ ਕਰ ਲਏ ਸਨ। ਇਹ ਲੋਕ ਸਰੀਰਕ, ਮਾਨਸਿਕ ਤੇ ਬੌਧਿਕ ਸ਼ਕਤੀਆਂ ਨਾਲ ਪ੍ਰਬੀਨ ਹੋ ਕੇ ਪੂਰੇ ਅਧਿਕਾਰਿਤ ਵਿਸ਼ਵਾਸ, ਭਰੋਸੇ ਤੇ ਦਬਦਬੇ ਨਾਲ ਦੇਸ਼ਾਂ-ਪ੍ਰਦੇਸ਼ਾਂ ਵਿੱਚ ਵਿਚਰਦੇ ਸਨ। ਭਾਵੇਂ ਉਹ ਕਰਾਮਾਤੀ-ਬਲ, ਵਰ ਤੇ ਸਰਾਪਾਂ ਦੁਆਰਾ ਜਨ-ਸਾਧਾਰਨ ਦਾ ਬਹੁ-ਪ੍ਰਕਾਰੀ ਸੋਸ਼ਣ ਕਰਦੇ ਫਿਰਣ, ਉਨ੍ਹਾਂ ਦੇ ਵਿਰੋਧ ਦਾ ਹੌਸਲਾ ਕਿਸੇ ਵੀ ਹਿੰਦੂ ਵਰਗ ’ਚ ਨਹੀਂ ਰਿਹਾ ਸੀ । ‘ਮੁੰਦਰਾਂ ਕੰਨ ਜਿਨਾੜੀਆਂ ਤਿਨ ਨਾਲ ਨ ਅੜੀਐ’ – ਇਹ ਇੱਕ ਆਮ ਲੋਕ ਮੁਹਾਵਰਾ ਬਣ ਗਿਆ ਸੀ।
ਗੁਰੂ ਨਾਨਕ ਜੀ ਅਜੇਹੇ ਮੁਸ਼ਕਲ ਹਾਲਾਤਾਂ ਵਿੱਚ ਸਿੱਧਾਂ ਜੋਗੀਆਂ ਦੇ ਕੇਂਦਰਾਂ ਉੱਤੇ ਉਚੇਚੇ ਤੌਰ ’ਤੇ ਪਹੁੰਚ ਕੇ ਵਿਚਾਰਧਾਰਿਕ-ਜੰਗ ਲੜਦੇ ਰਹੇ। ਸਮਾਜਕ-ਵਿਵਸਥਾ ਤੇ ਸੰਸਕ੍ਰਿਤਕ ਪਰਿਵਰਤਨ ਵਾਸਤੇ ਵੀਚਾਰਾਂ ਦਾ ਸੰਵਾਦ ਤੇ ਸੰਸ਼ੋਧਨ ਜ਼ਰੂਰੀ ਹੁੰਦਾ ਹੈ ਅਤੇ ਵੀਚਾਰਧਾਰਿਕ-ਸੰਗਰਾਮ ਦੌਰਾਨ, ਦੋਵੇਂ ਧਿਰਾਂ ਨੂੰ ਨੰਗੇ-ਧੜ ਮੱਥਾ ਟਕਰਾਉਣਾ ਪੈਂਦਾ ਹੈ।
ਭਾਈ ਸਾਹਿਬ ਜੀ ਉਹ ਬਲਵਾਨ-ਤੇਜਸਵੀ, ਪ੍ਰਤਾਪੀ, ਪ੍ਰਬਲ ਵੇਗਵਾਨ ਵਿਅਕਤਿਤੱਵ ਦੇ ਸਵਾਮੀ ਹੋਣ ਦੇ ਨਾਲੋ ਨਾਲ (ਸਹਿਨਸ਼ੀਲਤਾ ਵਾਲੀ ਸੂਰਮਗਤੀ ਦੀ ਥਾਏਂ) ਕਰਮਸ਼ੀਲਤਾ ਵਾਲੀ ਸੂਰਮਗਤੀ ਦੇ ਪੁੰਜ ਹਨ ਕਿਉਂਕਿ ਵਾਰਾਂ ਤਾਂ ਹਮੇਸ਼ਾਂ ਜੰਗਜੂ ਜੋਧਿਆਂ ਤੇ ਜੇਤੂਆਂ ਦੀਆਂ ਹੀ ਗਾਈਆਂ ਜਾਂਦੀਆਂ ਰਹੀਆਂ ਹਨ। ਭਾਈ ਗੁਰਦਾਸ ਜੀ ਨੂੰ ਆਪਣੇ ਨਾਇਕ ਦਾ ਨਾਇਕਤ੍ਵ ਉਸਾਰਨ ’ਚ ਨਿਪੁੰਨਤਾ ਪ੍ਰਾਪਤ ਹੈ। ਆਪਸੀ ਵਿਚਾਰ ਕਰਦਿਆਂ ਗੁਰੂ ਨਾਨਕ ਜੀ ਨੇ ਕਿੰਨੇ ਹਾਜ਼ਰ-ਜਵਾਬ, ਤੇਜ਼-ਤਰਾਰ ਤੇ ਤੁਰਸ਼-ਕਲਾਮ ਕੀਤੇ ਹਨ, ਉਨ੍ਹਾਂ ਦਾ ਨਜ਼ਾਰਾ ਭਾਈ ਸਾਹਿਬ ਜੀ ਆਪਣੀ 40ਵੀਂ ਪਉੜੀ ਵਿੱਚ ਇਉਂ ਬਿਆਨ ਕਰਦੇ ਹਨ ‘‘ਸਵਾਲ : ਖਾਧੀ ਖੁਣਸਿ (ਈਰਖਾ) ਜੁਗੀਸਰਾਂ; ਗੋਸਟਿ ਕਰਨਿ ਸਭੇ ਉਠਿ ਆਈ। ਪੁਛੇ ਜੋਗੀ ਭੰਗਰਨਾਥੁ; ਤੁਹਿ ਦੁਧ ਵਿਚਿ ਕਿਉਂ ਕਾਂਜੀ ਪਾਈ ?। ਫਿਟਿਆ ਚਾਟਾ (ਮਟਕਾ) ਦੁਧ ਦਾ; ਰਿੜਕਿਆ ਮਖਣੁ ਹਥਿ ਨ ਆਈ। ਭੇਖੁ ਉਤਾਰਿ ਉਦਾਸਿ ਦਾ; ਵਤਿ (ਮੁੜ ਕੇ) ਕਿਉ ਸੰਸਾਰੀ ਰੀਤਿ ਚਲਾਈ ?।
ਜਵਾਬ : ਨਾਨਕ ਆਖੇ ਭੰਗਰਨਾਥ ! ਤੇਰੀ ਮਾਉ (ਬੁਧੀ) ਕੁਚਜੀ ਆਹੀ (ਹੈ)। ਭਾਂਡਾ (ਮਨ) ਧੋਇ ਨ ਜਾਤਿਓਨਿ; ਭਾਇ ਕੁਚਜੇ ਫੁਲੁ ਸੜਾਈ। ਹੋਇ ਅਤੀਤੁ (ਤਿਆਗੀ), ਗ੍ਰਿਹਸਤਿ ਤਜਿ; ਫਿਰਿ ਉਨਹੁ ਕੇ ਘਰਿ ਮੰਗਣਿ ਜਾਈ। ਬਿਨੁ ਦਿਤੇ; ਕਛੁ ਹਥਿ ਨ ਆਈ ॥੪੦॥’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੪੦)
ਇਸਲਾਮਿਕ ਧਾੜਵੀਆ ਦੇ ਹਮਲਿਆਂ ਤੋਂ ਡਰਦੇ ਜੋਗੀ, ਸਿੱਧ, ਨਾਥ ਆਦਿ ਨਿੱਕੇ-ਵੱਡੇ ਸਾਰੇ ਧਰਮ ਆਗੂ ਤੇ ਸਾਧਕ; ਜੰਗਲਾਂ-ਪਹਾੜਾਂ ਵਿੱਚ ਜਾ ਛੁਪੇ ਸਨ। ਸੋਚਿਆ ਹੋਣੈ ਬਈ ਹਮਲਾਵਰ-ਲੁਟੇਰੇ ਆਪਣਾ ਮਕਸਦ ਪੂਰਾ ਕਰਕੇ ਪਿਛਲੇ ਧਾੜਵੀਆਂ ਵਾਂਗ ਵਾਪਸ ਪਰਤ ਜਾਣਗੇ। ਇਸੇ ਕਰਕੇ ਉਨ੍ਹਾਂ ਸਵਾਲ ਕੀਤਾ ਸੀ: ‘‘ਫਿਰਿ ਪੁਛਣਿ ਸਿਧ ਨਾਨਕਾ ! ਮਾਤ ਲੋਕ ਵਿਚਿ ਕਿਆ ਵਰਤਾਰਾ ?।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੯) ਅਰਥਾਤ ਮੈਦਾਨੀ ਇਲਾਕਿਆਂ ਵਿੱਚ ਹਾਲਾਤ ਕੈਸੇ ਹਨ ? ਸਤਿਗੁਰਾਂ ਨੇ ਜਦੋਂ ਸਮਝਾਇਆ ‘‘ਕਲਿ ਆਈ ਕੁਤੇ ਮੁਹੀ; ਖਾਜੁ ਹੋਇਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਵਦੇ; ਉਲਟੀ ਵਾੜ ਖੇਤ ਕਉ ਖਾਈ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੦) ਤਾਂ ਦੱਸਿਆ ਕਿ ਮੁਸਲਮਾਣਾਂ ਵੱਲੋਂ ਭਾਰਤ-ਭੂਮੀ ਉੱਤੇ ਪੱਕਾ ਰਾਜ ਕਾਇਮ ਕਰ ਲਿਆ ਤਾਂ ਉਹ ਆਪਣੀ ਨਿੱਜੀ ਸੁਰੱਖਿਆ ਨੂੰ ਤਰਜੀਹ ਦੇਂਦਿਆਂ, ਦੜ ਵੱਟ ਗਏ। ਦੇਸ਼ਵਾਸੀਆਂ ਦੇ ਦੁੱਖ-ਦਰਦਾਂ ਪ੍ਰਤੀ ਕੋਈ ਸੰਵੇਦਨਾ ਨਾ ਜਾਗੀ। ਧਰਮ-ਭਾਈਆਂ ਪ੍ਰਤੀ ਕਿਸੇ ਜ਼ਿੰਮੇਵਾਰੀ ਦੇ ਅਹਿਸਾਸ ਨੇ ਉਨ੍ਹਾਂ ਨੂੰ ਵਿਚਲਿਤ ਨਾ ਕੀਤਾ।
ਇਹ ‘ਨਾਨਕ ਨਿਰਮਲ ਪੰਥ’ ਦੇ ਅਤਿ ਆਧੁਨਿਕ ਨਵੇਂ-ਨਿਰਾਲੇ ਦ੍ਰਿਸ਼ਟੀ-ਖੇਤਰ ਦੀ ਵਿਲੱਖਣਤਾ ਹੈ ਕਿ ਇੱਥੇ ਕਿਰਤ-ਕਾਰ, ਖੱਟ-ਖਵਾਲਣ ਤੇ ਸਾਥੀਆਂ ਨਾਲ ਮਿਲ ਬੈਠ ਕੇ ਵੰਡ ਛੱਕਣ ਨੂੰ ਧਰਮ-ਕਰਮ ਦਾ ਅਭਿੰਨ ਅੰਗ ਬਣਾਇਆ ਗਿਆ। ਦੇਸ਼ਵਾਸੀਆਂ ਵਿੱਚ ਅਜਿਹੇ ਪਰਸਪਰ ਪਿਆਰ-ਸਤਿਕਾਰ ਪ੍ਰਤੀ ਫ਼ਖ਼ਰ ਮਹਿਸੂਸ ਕੀਤੇ ਜਾਣਾ, ਜੋਗੀਆਂ-ਸਾਧਾਂ ਨੂੰ ਬਹੁਤ ਤਿੱਖਾ ਚੁੱਭਦਾ ਸੀ ਕਿਉਂਕਿ ਨਾਨਕ ਦ੍ਰਿਸ਼ਟੀ ਦਾ ਅਜਿਹਾ ਅਮਲ; ਹਿੰਦੂ-ਸ਼ਰਧਾਲੂਆਂ ਉੱਪਰ ਬਣ ਚੁੱਕੇ ਯੋਗੀਆਂ ਦੇ ਵਿਸ਼ਿਸ਼ਿਟ ਪ੍ਰਭਾਵਾਂ ਦੀਆਂ ਜੜ੍ਹਾਂ ਨੂੰ ਕੱਟਦਾ ਸੀ। ਇਸੇ ਵਿਚਾਰਕ ਟਕਰਾਅ ਨੇ ਹੀ ਸਮਾਜ ਦੇ ਭਵਿੱਖਮੁਖੀ ਇਤਿਹਾਸਿਕ-ਮੋੜਾਂ ਲਈ ਨਵੇਂ ਰਾਹ ਬਣਾਉਣੇ ਸਨ। ਜੇ ਸਿੱਧ–ਜੋਗੀਆਂ ਦੀ ਵੀਚਾਰਧਾਰਾ ਜਿੱਤ ਜਾਂਦੀ ਤਾਂ ਉੱਤਰੀ-ਭਾਰਤ ਤੇ ਖਾਸ ਕਰਕੇ ਪੰਜਾਬ, ਅੱਜ ਦੇਸ਼ ਦਾ ਅੰਨ-ਭੰਡਾਰ ਤੇ ਸਰਹੱਦਾਂ ਦੀ ਸੁਰਖਿਅਤ ਫੌਜੀ-ਢਾਲ ਹੋਣ ਦੀ ਬਜਾਏ, ਵਿਹਲੜ ਸਿੱਧਾਂ-ਨਾਥਾਂ ਦੀ ਸ਼ਵ-ਭੂਮੀ ਵਜੋਂ ਜਾਣਿਆ ਜਾਣਾ ਸੀ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੀ ਸ਼ਖ਼ਸੀਅਤ ਅਤੇ ਦ੍ਰਿਸ਼ਟੀ ਨੂੰ ਉਘਾੜਦਿਆਂ ਵਿਚਾਰਾਤਮਿਕ ਵਿਜੈ ਨੂੰ ਕਈ ਵਾਰ ਦੁਹਰਾਇਆ ਹੈ :
(i). ਇਹਿ ਸੁਣਿ ਬਚਨ ਜੋਗੀਸਰਾਂ; ਮਾਰਿ ਕਿਲਕ ਬਹੁ ਰੂਇ ਉਠਾਈ। ਖਟਿ ਦਰਸਨ ਕਉ ਖੇਦਿਆ; ਕਲਿਜੁਗਿ ਨਾਨਕ ਬੇਦੀ ਆਈ। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੪੧)
(ii). ਬਾਬੇ ਕੀਤੀ ਸਿਧਿ ਗੋਸਟਿ; ਸਬਦਿ ਸਾਂਤਿ ਸਿਧਾਂ ਵਿਚਿ ਆਈ। ਜਿਣਿ ਮੇਲਾ ਸਿਵਰਾਤਿ ਦਾ; ਖਟ ਦਰਸਨ ਆਦੇਸਿ ਕਰਾਈ। ਸਿਧਿ ਬੋਲਨਿ ਸੁਭ ਬਚਨਿ; ਧਨੁ ਨਾਨਕ ! ਤੇਰੀ ਵਡੀ ਕਮਾਈ। ਵਡਾ ਪੁਰਖੁ ਪਰਗਟਿਆ; ਕਲਿਜੁਗਿ ਅੰਦਰਿ ਜੋਤਿ ਜਗਾਈ। ਮੇਲਿਓ ਬਾਬਾ ਉਠਿਆ; ਮੁਲਤਾਨੇ ਦੀ ਜਾਰਤਿ ਜਾਈ। ਅਗੋਂ ਪੀਰ ਮੁਲਤਾਨ ਦੇ; ਦੁਧਿ ਕਟੋਰਾ ਭਰਿ ਲੈ ਆਈ। ਬਾਬੇ ਕਢਿ ਕਰਿ ਬਗਲ ਤੇ; ਚੰਬੇਲੀ ਦੁਧ ਵਿਚਿ ਮਿਲਾਈ। ਜਿਉ ਸਾਗਰ ਵਿਚਿ; ਗੰਗ ਸਮਾਈ ॥੪੪॥’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੪੪)
3. ਬਹੁ–ਸਭਿਆਚਾਰੀ ਅਧਿਆਤਮਕ ਸਹਿ–ਹੋਂਦ :- ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੪) ਦੀ ਸਰਲ ਤੇ ਸੰਖੇਪ ਵਿਆਖਿਆ ਭਾਈ ਗੁਰਦਾਸ ਜੀ ਨੇ 30ਵੀਂ ਪਉੜੀ ਵਿੱਚ ਇਉਂ ਦਿੱਤੀ ਹੈ:
ਕਲਿ ਆਈ ਕੁਤੇ ਮੁਹੀ; ਖਾਜੁ ਹੋਇਆ ਮੁਰਦਾਰ ਗੁਸਾਈ। ਰਾਜੇ ਪਾਪ ਕਮਾਵਦੇ; ਉਲਟੀ ਵਾੜ ਖੇਤ ਕਉ ਖਾਈ। ਪਰਜਾ ਅੰਧੀ ਗਿਆਨ ਬਿਨੁ; ਕੂੜੁ ਕੁਸਤਿ ਮੁਖਹੁ ਆਲਾਈ। ਚੇਲੇ ਸਾਜ ਵਜਾਇਦੇ; ਨਚਨਿ ਗੁਰੂ, ਬਹੁਤੁ ਬਿਧਿ ਭਾਈ। ਸੇਵਕ ਬੈਠਨਿ ਘਰਾ ਵਿਚਿ; ਗੁਰ ਉਠਿ ਘਰੀ ਤਿਨਾੜੇ ਜਾਈ। ਕਾਜੀ ਹੋਏ ਰਿਸਵਤੀ; ਵਢੀ ਲੈ ਕੈ ਹਕ ਗਵਾਈ। ਇਸਤ੍ਰੀ ਪੁਰਖੈ ਦਾਮ ਹਿਤੁ; ਭਾਵੈ ਆਇ ਕਿਥਾਊ ਜਾਈ। ਵਰਤਿਆ ਪਾਪ; ਸਭਸ ਜਗ ਮਾਂਹੀ ॥੩੦॥ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੦)
ਅਰਥਾਤ ਤਤਕਾਲੀਨ ਸਮਾਜਿਕ ਦ੍ਰਿਸ਼ ਵਿਚਲਿਤ ਕਰ ਦੇਣ ਵਾਲਾ ਸੀ। ਸਤਿਗੁਰੂ ਨਾਨਕ ਦੀ; ਮਨੁੱਖਾ-ਜਾਤ ਵਿੱਚ ਪਈਆਂ ਵੰਡੀਆਂ, ਵਿਤਕਰਿਆਂ ਤੇ ਨਫ਼ਰਤਾਂ ਕਾਰਨ ਬਣੇ ਸਮਾਜਕ ਭ੍ਰਿਸ਼ਟਾਚਾਰ, ਹੁਕਮਰਾਨ ਸ਼੍ਰੇਣੀ ਦੁਆਰਾ ਕੀਤੇ ਜਾ ਰਹੇ ਦੁਰਾਚਾਰ ਅਤੇ ਅਨਪੜ੍ਹ-ਮੂੜ੍ਹ ਜਨਤਾ ਦਾ ਨਿਆਂ-ਪ੍ਰਣਾਲੀ ਦੇ ਰਿਸ਼ਵਤੀ-ਤੰਤਰ ਦੇ ਮਕੜ-ਜਾਲ ਵਿੱਚ ਫਸ ਕੇ ਕੂੜ-ਕੁਸਤ ਬੋਲਦਿਆਂ ਤੇ ਦੁਖਾਂ-ਦਰਦਾਂ ਵਿੱਚ ਕੁਰਲਾਉਂਦਿਆਂ ਦੇ ਸੰਤਾਪ ਪ੍ਰਤਿ, ਮਾਤ੍ਰ ਸੁਹਿਰਦ-ਦ੍ਰਿਸ਼ਟਾ ਹੀ ਨਹੀਂ ਬਣੇ ਰਹੇ ਸਗੋਂ ਰੱਬੀ-ਦਿਆਲਤਾ ਦਾ ਸਾਕਾਰ ਰੂਪ ਧਾਰਦਿਆਂ ‘‘ਬਾਬੇ ਭੇਖ ਬਣਾਇਆ; ਉਦਾਸੀ ਕੀ ਰੀਤਿ ਚਲਾਈ। ਚੜ੍ਹਿਆ ਸੋਧਣਿ; ਧਰਤਿ ਲੁਕਾਈ ॥੨੪॥’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੪)
ਗੁਰੂ ਨਾਨਕ ਜੀ ਦੀ ਅਧਿਆਤਮਕ ਚੇਤਨਾ ਵਿੱਚ ਸਮਾਜਕ ਪਾਪਾਂ ਦੇ ਨਾਲ-ਨਾਲ ਸਮਾਜਕ-ਦੁੱਖ ਪ੍ਰਤੀ ਵੀ ਓਨੀ ਹੀ ਸੰਵੇਦਨਸ਼ੀਲਤਾ ਹੈ। ਜੋ, ਲੋਕਾਂ ਦੇ ਪਾਪਾਂ ਤੇ ਬੁਰਿਆਈਆਂ ਵੱਲ ਕੇਵਲ ਵੇਖਦਾ ਰਹੇ, ਉਨ੍ਹਾਂ ਦੀ ਪੀੜਾ ਨੂੰ ਪ੍ਰਤੀਤ ਨਾ ਕਰੇ, ਉਸ ਹਿਰਦੇ ਵਿੱਚੋਂ ਹਮਦਰਦੀ, ਕਰੁਣਾ ਤੇ ਕਿਰਪਾ ਨਹੀਂ ਜਾਗਦੀ। ਗਿਆਨ-ਵਿਹੁਣੀ ਅੰਨ੍ਹੀ ਪਰਜਾ ਨੂੰ ਨੀਚ-ਕੁਚੀਲ ਜਾਣਦਿਆਂ ਅਨੇਕਾਂ ਬੁੱਧੀਵਾਨਾਂ, ਚਿੰਤਕਾਂ ਤੇ ਸਦਾਚਾਰੀ-ਧਰਮੀਆਂ ਨੇ ਆਪਣੇ ਦਿਲ ਨਾਲ ਲਾਉਣ ਦੀ ਬਜਾਇ ਅੱਗੇ ਤੁਰ ਜਾਣਾ ਜਾਂ ਲਾਂਭੇ ਬੈਠਣ ਨੂੰ ਹੀ ਠੀਕ ਸਮਝਿਆ ਹੈ। ਅਜਿਹੇ ਲੋਕ ਸਮਰਥਾਵਾਨ ਹੁੰਦੇ ਹੋਏ ਵੀ ਆਪਣੇ ਭਾਈਚਾਰੇ ਜਾਂ ਸਮੁੱਚੇ ਸਮਾਜ ਦੇ ਸੰਤਾਪ ਦਾ ਕੋਈ ਨਿਪਟਾਰਾ ਨਹੀਂ ਕਰ ਪਾਉਂਦੇ। ਗੁਰੂ ਨਾਨਕ ਜੀ ਸਮੁੱਚੀ ਮਾਨਵਤਾ ਨੂੰ ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ..॥’’ ਦਾ ਪਾਠ ਪੜ੍ਹਾ ਕੇ ਪਿਆਰ ਦੇ ਸੂਤਰ ’ਚ ਪ੍ਰੋਣਾ ਚਾਹੁੰਦੇ ਸਨ ਭਾਵੇਂ ਕੋਈ ਕਿਸੇ ਵੀ ਰੰਗ-ਨਸਲ ਨਾਲ ਸੰਬੰਧਿਤ ਹੋਵੇ। ਸਭ ਨੂੰ‘‘ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ? ਕੋ ਮੰਦੇ ? ॥’’ ਦੀ ਮੁੱਢਲੀ ਅਸਲੀਅਤ ਤੋਂ ਜਾਣੂ ਕਰਵਾਉਂਦਿਆਂ ਨਿਆਂਯੁਕਤ ਬਰਾਬਰੀ ਪੱਖੋਂ ਭੈਣਾਂ-ਭਰਾਵਾਂ ਵਾਂਗ ‘‘ਸਭੁ ਕੋ ਮੀਤੁ ਹਮ ਆਪਨ ਕੀਨਾ; ਹਮ ਸਭਨਾ ਕੇ ਸਾਜਨ ॥’’ ਵਾਲੇ ਭਾਈਚਾਰੇ, ਸਹਿਣਸ਼ੀਲ ਤੇ ਸੁਹਿਰਦ ਸਮਾਜਕ ਵਾਤਾਵਰਣ ਸਿਰਜਕ ਸਨ/ਹਨ। ਧੁਰੋਂ ਵਰੋਸਾਏ ਗੁਰੂ ਨਾਨਕ ਜੀ ਦੀ ਸ਼ਖ਼ਸੀਅਤ ਤੇ ਰੌਸ਼ਨਾਈ ਅਗੰਮੀ ਦ੍ਰਿਸ਼ਟੀ ਨੇ ਪੁਸ਼ਤਾ ਤੋਂ ਭਿੰਨ-ਭਿੰਨ ਸਭਿਆਤਾਵਾਂ ਤੇ ਦੇਸਾਂ-ਪ੍ਰਦੇਸਾਂ ਵਿੱਚ ਦੂਰ-ਦਰੇਡੇ ਵੱਸਦੇ ਲੋਕਾਂ ਵਿਚਕਾਰ ਸਾਕਾਰਾਤਮਕ ਸਾਂਝ-ਭਿਆਲੀ ਵਾਲੀ ਨਵੀਂ-ਨਿਵੇਕਲੀ ਸੋਚ ਦੀ ਨੀਂਹ ਰੱਖੀ‘‘ਬਾਬੇ ਤਾਰੇ ਚਾਰਿ ਚਕਿ; ਨਉ ਖੰਡਿ ਪ੍ਰਿਥਮੀ ਸਚਾ ਢੋਆ। ਗੁਰਮਖਿ; ਕਲਿ ਵਿਚ ਪਰਗਟੁ ਹੋਆ ॥੨੭॥’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੭)
ਸਤਿਗੁਰੂ ਨਾਨਕ ਜੀ ਦਾ ਮਿਸ਼ਨ ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ॥ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥ (ਸੋਹਿਲਾ/ਮਹਲਾ ੧/੧੩) ਉੱਤੇ ਦ੍ਰਿੜ੍ਹ ਵਿਸ਼ਵਾਸ ਪੈਦਾ ਕਰ ਲੋਕ-ਜਾਗ੍ਰਿਤੀ, ਅਨੇਕਤਾ ਵਿੱਚ ਏਕਤਾ ਤੇ ਸਾਂਝੇ ਸੰਗਤੀ ਉਦਮਾਂ ਰਾਹੀਂ ਸਰਬ-ਕਲਿਆਣਕਾਰੀ ਸਮਾਜਕ-ਕ੍ਰਾਂਤੀ ਦੀ ਆਰੰਭਕ ਬੁਨਿਆਦ ਰੱਖੀ। ਲੋਕ-ਕਲਿਆਣ ਵਾਲਾ ਉਨ੍ਹਾਂ ਦਾ ਸੰਕਲਪ ਬਹੁਤ ਵਿਸ਼ਾਲ ਤੇ ਭਰਪੂਰ ਸੀ। ਉਹ ਲੋਕ-ਜੀਵਨ ਦੇ ਸਰਬਪੱਖੀ ਅਰਥਾਤ ਪਰਿਵਾਰਿਕ, ਸਮਾਜਿਕ, ਆਰਥਿਕ ਤੇ ਰਾਜਸੀ ਸਰੋਕਾਰਾਂ ਨੂੰ ਮਾਨਵ-ਧਰਮ ਨਾਲ ਜੋੜਨਾ ਲੋਚਦੇ ਸਨ। ਗੁਰੂ ਜੀ ਭਾਰਤ-ਭੂਮੀ ਦੇ ਜਲ-ਥਲ, ਬਣ-ਪਰਬਤ ਤੇ ਬੀਆਬਾਨਾਂ ਨੂੰ ਪਾਰ ਕਰਦੇ ਹੋਏ ਦੂਸਰੇ ਧਾਰਮਿਕ ਤੇ ਸਮਾਜਿਕ ਆਗੂਆਂ ਕੋਲ ਆਪ ਚੱਲ ਕੇ ਪਹੁੰਚੇ, ਪਰਉਪਕਾਰ-ਹਿਤੂ ਸੰਵਾਦ ਚਲਾਏ, ਹਮ-ਖਿਆਲੀ ਸੰਤਾਂ-ਭਗਤਾਂ ਦਾ ਸਹਿਯੋਗ ਪ੍ਰਾਪਤ ਕੀਤਾ ਅਤੇ ਉਨ੍ਹਾਂ ਵੱਲੋਂ ਪ੍ਰਭੂ-ਭਗਤੀ, ਦਇਆ-ਪ੍ਰੇਮ ਤੇ ਚਰਿਤ੍ਰ-ਨਿਰਮਾਣ ਸੰਬੰਧੀ ਉਚਾਰੇ ਪਵਿਤ੍ਰ-ਕਥਨਾਂ ਨੂੰ ਆਪਣੀ ਬਾਣੀ ਦੇ ਨਾਲ ਹੀ ਸੰਗ੍ਰਹਿਤ ਕੀਤਾ। ਪੰਜਵੀਂ ਨਾਨਕ-ਜੋਤਿ ਦੇ ਸਮੇਂ ਉਪਰੋਕਤ ਬਾਣੀ-ਸੰਗ੍ਰਹਿ, ਪਰਵਰਤੀ ਗੁਰੂਆਂ, ਗੁਰਸਿੱਖਾਂ ਤੇ ਭਗਤਾਂ ਦੀਆਂ ਅਧਿਆਤਮੋ-ਸਭਿਆਚਾਰਿਕ-ਬਹੁਲਤਾਵਾਦ ਪ੍ਰਤਿ ਪ੍ਰਤਿਬੱਧ ਰਚਨਾਵਾਂ ਦੇ ਅੰਗ-ਸੰਗ ਸੰਪਾਦਿਤ ਕਰ ਕੇ ਸਾਂਝੇ ਰੂਪ ਵਿੱਚ ‘ਪੋਥੀ ਪਰਮੇਸਰ ਕਾ ਥਾਨੁ’ ਅਖਵਾਇਆ। ਦਸਵੀਂ ਨਾਨਕ ਜੋਤਿ ਨੇ ਖਾਲਸਾ ਸਾਜਦਿਆਂ ਸਾਰੇ ਜਾਤ ਵਰਣ ਆਸ਼ਰਮੀ ਵਰਗਾਂ ਨੂੰ ਸਰਬਪੱਖੀ ਸਮਾਜਿਕ ਬਰਾਬਰੀ ’ਤੇ ਲੈ ਆਂਦਾ। ਅੰਤਮ ਪੜਾਅ ’ਤੇ ਉਨ੍ਹਾਂ, ਮਹਾਂ-ਪਿਆਨੇ ਤੋਂ ਪਹਿਲਾਂ ਗੁਰਬਾਣੀ ਨੂੰ ਗੁਰਤਾਗੱਦੀ ਉੱਤੇ ਸਥਾਪਿਤ ਕਰਦਿਆਂ, ਪੈਰੋਕਾਰਾਂ ਪ੍ਰਤਿ ਇਹ ਆਗਿਆ ਕੀਤੀ : ‘ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ।’
ਸਚੁ ਕਿਨਾਰੇ ਰਹਿ ਗਇਆ; ਖਹਿ ਮਰਦੇ ਬਾਹਮਣ ਮਉਲਾਣੇ। ਸਿਰੋ ਨ ਮਿਟੇ; ਆਵਣ ਜਾਣੇ ॥੨੧॥ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੧) ਵਾਲੇ ਮਨੁੱਖੀ ਸਮਾਜ ਵਿੱਚ ਵਰਤ ਰਹੀ ਦੁਰਦਸ਼ਾ ਉੱਤੇ ਤਰਸ ਕਰਦਿਆਂ ‘ਵਾਹਿਗੁਰੂ’ ਨੇ ਗੁਰੂ ਨਾਨਕ ਜੀ ਨੂੰ ਆਪਣੇ ਦਿਆਲੂ-ਕ੍ਰਿਪਾਲੂ ਰੂਪ ਵਿੱਚ ਜਗਤ ’ਚ ਘੱਲਿਆ ਹੈ ‘‘ਸੁਣੀ ਪੁਕਾਰਿ ਦਾਤਾਰ ਪ੍ਰਭਿ; ਗੁਰੁ ਨਾਨਕ ਜਗ ਮਾਹਿ ਪਠਾਇਆ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੩) ਪ੍ਰਮਾਤਮ-ਪ੍ਰੇਮ ਨੇ ਗੁਰੂ ਨਾਨਕ ਜੀ ਦੀ ਸ਼ਖ਼ਸੀਅਤ ਵਿੱਚ ਓਤ-ਪੋਤ ਹੋ ਕੇ ਉਨ੍ਹਾਂ ਦੇ ਦ੍ਰਿਸ਼ਟੀ-ਖੇਤਰ ਤੇ ਕਾਰਜ-ਪ੍ਰਣਾਲੀ ਦੀਆਂ ਨਿਸ਼ਾਨਦੇਹੀਆਂ ਨਿਸ਼ਚਿਤ ਕੀਤੀਆਂ। ਇੱਕੋ ਇੱਕ ਪਾਰਬ੍ਰਹਮੁ-ਪਰਮੇਸਰੁ ਪ੍ਰਤੀ ਪ੍ਰੇਮਾ-ਭਗਤੀ (ਅਧਿਆਤਮਵਾਦ) ਬਾਬੇ ਨਾਨਕ ਜੀ ਨੂੰ ਸੌਪੇਂ ਗਏ ਕਾਰਜਾਂ ਦੀ ਪ੍ਰੇਰਨਾ-ਸ਼ਕਤੀ, ਧਰਮ-ਸਿਧਾਂਤ ਤੇ ਮਨੁੱਖੀ ਸਹਜ-ਸੁਖਾਵੀਂ ਹੋਂਦ ਦਾ ਸਬੱਬ ਬਣਿਆ, ਜਿਸ ਨੇ ਭਰਮ, ਅਗਿਆਨ, ਭੇਖਾਚਾਰ, ਵਰਣ-ਭੇਦ, ਨਸਲੀ ਵਿਵਾਦ ਤੇ ਦੂਜਿਆਂ ਨੂੰ ਨੀਵਾਂ-ਨੀਚ ਤੇ ਗ਼ੁਲਾਮ ਬਣਾਉਣ ਦੀਆਂ ਪ੍ਰਵਿਰਤੀਆਂ ਨੂੰ ਮਨੁੱਖ ਅੰਦਰੋਂ ਖ਼ਤਮ ਕਰ ਦਿੱਤਾ।
4. ਅੰਤਰ–ਰਾਸ਼ਟਰੀ ਲੋਕ ਨਾਇਕ: ‘‘ਬਾਬਾ ਫਿਰਿ ਮਕੇ ਗਇਆ; ਨੀਲ ਬਸਤ੍ਰ ਧਾਰੇ ਬਨਵਾਰੀ। ਆਸਾ ਹਥਿ ਕਿਤਾਬ ਕਛਿ; ਕੂਜਾ ਬਾਂਗ ਮੁਸਲਾ ਧਾਰੀ। ਬੈਠਾ ਜਾਇ ਮਸੀਤ ਵਿਚਿ; ਜਿਥੈ ਹਾਜੀ ਹਜਿ ਗੁਜਾਰੀ। ਜਾ ਬਾਬਾ ਸੁਤਾ ਰਾਤਿ ਨੋ; ਵਲਿ ਮਹਰਾਬੇ ਪਾਇ ਪਸਾਰੀ। ਜੀਵਣਿ ਮਾਰੀ ਲਤਿ ਦੀ; ਕੇਹੜਾ ਸੁਤਾ ਕੁਫਰ ਕੁਫਾਰੀ ?। ਲਤਾ ਵਲਿ ਖੁਦਾਇ ਦੇ; ਕਿਉ ਕਰਿ ਪਇਆ ਹੋਇ ਬਜਿਗਾਰੀ। ਟੰਗੋਂ ਪਕੜਿ ਘਸੀਟਿਆ; ਫਿਰਿਆ ਮਕਾ ਕਲਾ ਦਿਖਾਰੀ। ਹੋਇ ਹੈਰਾਨੁ; ਕਰੇਨਿ ਜੁਹਾਰੀ ॥੩੨॥’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੨)
ਪੁਰਾਤਨ ਭਾਰਤੀ ਧਰਮ ਦਰਸ਼ਨ ਤੇ ਸੰਸਕ੍ਰਿਤੀ, ਸਨਾਤਨੀ ਵਿਚਾਰਧਾਰਵਾਂ ਤੇ ਲੋਕ-ਵਿਸ਼ਵਾਸਾਂ ਅਧੀਨ ਇਸ ਦੇਸ਼ ਨੂੰ ‘ਦੇਵ-ਭੂਮੀ’ ਆਖਿਆ ਜਾਂਦਾ ਸੀ/ਹੈ। ਆਪਣੇ ਇਸ ਦੇਸ਼ ਦੀਆਂ ਸਰਹੱਦਾਂ ਤੋਂ ਬਾਹਰਲੇ ਦੇਸ਼ਾਂ-ਪ੍ਰਦੇਸ਼ਾਂ ਨੂੰ ‘ਮਲੇਛ-ਭੂਮੀਆਂ’ ਸਮਝਿਆ ਜਾਂਦਾ ਸੀ/ਹੈ ਅਤੇ ਜਿਹੜਾ ਵੀ ਕੋਈ ਹਿੰਦੂ ਭਾਰਤ ਭੂਮੀ ਦੀਆਂ ਸੀਮਾਵਾਂ ਨੂੰ ਉਲੰਘਦਾ, ਉਸ ਨੂੰ ਅਪਵਿੱਤਰ ਜਾਂ ਪਤਿਤ ਜਾਣਦਿਆਂ ਭਾਈਚਾਰੇ ਜਾਂ ਬਿਰਾਦਰੀ ਵਿੱਚੋਂ ਛੇਕ ਦਿੱਤਾ ਜਾਂਦਾ ਸੀ/ਹੈ। ਪੁਰਾਣੇ ਵੇਲਿਆਂ ਦੇ ਅਤਿ-ਔਖੇ ਆਵਾਜਾਈ-ਸਾਧਨਾਂ ਤੇ ਸਮਕਾਲੀਨ ਸਮਾਜਿਕ ਹਾਲਾਤਾਂ ਦੇ ਬਾਵਜੂਦ, ਗੁਰੂ ਨਾਨਕ ਜੀ ਸਾਲਾਂ ਬੱਧੀ ਅਫ਼ਗਾਨਿਸਤਾਨ, ਈਰਾਨ, ਇਰਾਕ ਆਦਿਕ ਅਰਬ-ਦੇਸਾਂ ਦਾ ਰਟਨ ਕਿਉਂ ਕਰਦੇ ਰਹੇ ? ਕੀ ਸੀ ਉਨ੍ਹਾਂ ਦਾ ਮਨੋਰਥ ? ਕੀ ਉਹ ਉਥੋਂ ਦੇ ਲੋਕਾਂ ਪਾਸੋਂ ਕੁਝ ਲੈਣ ਗਏ ਜਾਂ ਉਨ੍ਹਾਂ ਨੂੰ ਕੁਝ ਦੇਣ ਦਾ ਮੰਤਵ ਸੀ ? ਉਹ ਕੇਵਲ ਦੁਰੇਡੀਆਂ ਥਾਂਵਾਂ, ਨਦੀਆਂ, ਪਹਾੜਾਂ ਤੇ ਸਮੁੰਦਰਾਂ ਨੂੰ ਵੇਖਣ ਦੇ (Sight Seeing) ਇਰਾਦੇ ਨਾਲ ਤਾਂ ਇੰਨੇ ਬਿਖੜੇ ਪੈਂਡਿਆਂ ਨੂੰ ਤਹਿ ਕਰਨ ਵਾਸਤੇ ਤਾਂ ਘਰ-ਪਰਿਵਾਰ ਛੱਡ ਕੇ ਨਹੀਂ ਤੁਰੇ ਹੋਵਣਗੇ। ਵਿਚਾਰਨਾ ਇਹ ਹੈ ਕਿ ਬਈ ਗੁਰੂ ਨਾਨਕ ਸਾਹਿਬ ਜੀ ਕਿਸ ਮਨਸ਼ਾ ਜਾਂ ਉਦੇਸ਼ ਨੂੰ ਪੂਰਾ ਕਰਨ ਹਿੱਤ ਅਣਡਿੱਠੇ ਬਿਗਾਨੇ ਵਤਨਾਂ ਦੀਆਂ ਦੁਸ਼ਵਾਰੀਆਂ ਝਾਗਦੇ ਰਹੇ ?
ਸੰਭਾਵਨਾ ਇਉਂ ਵਿਖਾਈ ਦਿੰਦੀ ਹੈ ਕਿ ਗੁਰੂ ਜੀ; ਉਸ ਸਮੇਂ ਤੱਕ ਜਾਣੀ ਜਾਂਦੀ ਦੁਨੀਆ ਦੇ ਲੋਕਾਂ ਦੀਆਂ ਸੱਭਿਅਤਾਵਾਂ, ਧਰਮਾਂ ਦੀਆਂ ਮਾਨਤਾਵਾਂ, ਸਮਾਜਕ-ਮਨੌਤਾਂ, ਰੀਤਾਂ-ਰਸਮਾਂ, ਵਿਚਾਰਾਂ, ਭਾਸ਼ਾਵਾਂ ਤੇ ਪਰੰਪਰਾਵਾਂ ਦੇ ਮੁੱਢਲੇ ਮੰਤਵਾਂ ਦੀ ਪੜਚੋਲ ਕਰਦਿਆਂ, ਸਹਜ-ਸੰਵਾਦ ਦੁਆਰਾ ਆਪਸੀ ਸੁਹਿਰਦਤਾ ਪੂਰਨ ਸਮਨਵੈ ਸਿਰਜਦਿਆਂ ਵਿਸ਼ਵੀ ਮਾਨਵ ਸਮਾਜ, ਸੰਸਕ੍ਰਿਤੀ ਤੇ ਧਰਮ-ਦਰਸ਼ਨ ਵਿੱਚ ਸਰਬਤ ਦੇ ਭਲੇ ਨੂੰ ਸਮਰਪਿਤ ਕ੍ਰਾਂਤੀਕਾਰੀ ਮਨੋਵਿਗਿਆਨਕ ਮਾਹੌਲ ਸਿਰਜਣਾ ਚਾਹੁੰਦੇ ਸਨ। ਇਸ ਤਰ੍ਹਾਂ ਉਹ ਇੱਕ ਸਾਂਝੀਵਾਲਤਾ ਵਾਲੀ ਸੰਸਾਰ-ਸੰਸਕ੍ਰਿਤੀ ਦੀ ਸਥਾਪਨਾ ਦੇ ਮੋਹਰੀਆਂ ਦੀ ਪਹਿਲੀ ਕਤਾਰ ਦੀ ਅਗਵਾਈ ਕਰਦੇ ਪ੍ਰਤੀਤ ਹੁੰਦੇ ਹਨ। ਜਿਵੇਂ ਉਹ ਆਪਣੇ ਹਿੰਦੋਸਤਾਨ ਦੇ ਕੋਨੇ-ਕੋਨੇ ’ਚ ਵਸਦੇ ਵਿਭਿੰਨ ਮੱਤ-ਮਤਾਂਤਰਾਂ ਨਾਲ ਜੁੜੇ ਲੋਕਾਂ ਨੂੰ ਭਰਮਾਂ-ਵਹਿਮਾਂ, ਟੂਣੇ-ਟਾਮਣਿਆਂ ਤੇ ਅੰਧਵਿਸ਼ਵਾਸੀ ਕਰਮਕਾਂਡਾਂ ਰੂਪੀ ਨਿਰਾਰਥਕ-ਅਮਲਾਂ ਤੋਂ ਨਜਾਤ ਦੁਆ ਕੇ ਉਨ੍ਹਾਂ ਦੇ ਧਾਰਮਿਕ-ਸਮਾਜਿਕ ਦੁੱਖਾਂ-ਦਰਦਾਂ ਦਾ ਨਿਵਾਰਨ ਕਰਦਿਆਂ ਰੱਬੀ-ਏਕਤਾ ਤੇ ਮਨੁੱਖੀ-ਬਰਾਬਰੀ ਦਾ ਉਪਦੇਸ਼ ਦਿੰਦੇ ਸਨ, ਉਸੇ ਤਰ੍ਹਾਂ ਦੂਸਰਿਆਂ ਭੂ-ਖੰਡਾਂ ’ਚ ਵਸਦੀ ਲੋਕਾਈ ਦੇ ਸ਼ੋਸ਼ਣਕਾਰੀ, ਵਿਭਚਾਰੀ ਤੇ ਧਿੰਗੋਜ਼ੋਰੀਆਂ ਕਾਰਨ ਹੋ ਰਹੇ ਮਨੁੱਖੀ-ਹਕੂਕਾਂ ਦੇ ਘਾਣ ਨੂੰ ਠੱਲ੍ਹਣ ਦਾ ਨਿਸ਼ਚਾ ਧਾਰ ਕੇ ਓਧਰ ਵੱਲ ਗਏ ਸਨ। ਭਾਈ ਗੁਰਦਾਸ ਜੀ ਦਾ ਕਥਨ ਹੈ :
(i) ਬਾਬੇ ਤਾਰੇ ਚਾਰਿ ਚਕਿ; ਨਉ ਖੰਡਿ ਪ੍ਰਿਥਮੀ ਸਚਾ ਢੋਆ। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੭)
(ii). ਬਾਬੇ ਡਿਠੀ ਪਿਰਥਮੀ; ਨਵੈ ਖੰਡਿ ਜਿਥੈ ਤਕਿ ਆਹੀ। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੮)
(iii). ਜੀਤੀ ਨਉਖੰਡ ਮੇਦਨੀ; ਸਤਿਨਾਮ ਦਾ ਚਕ੍ਰ ਫਿਰਾਇਆ। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੭)
ਗੁਰੂ ਨਾਨਕ ਸਾਹਿਬ ਦੀ ਮੱਕੇ ਤੇ ਬਗਦਾਦ ਆਦਿ ਦੀ ਯਾਤਰਾ ਉਨ੍ਹਾਂ ਦੀ ਅੰਤਰਰਾਸ਼ਟ੍ਰੀ ਦ੍ਰਿਸ਼ਟੀ ਉਜਾਗਰ ਕਰਦੀ ਹੈ। ਅਰਬ ਦੇਸ਼ਾਂ ਵਿੱਚ ਪੈਦਲ ਸਫ਼ਰ ਕਰਨ ਲਈ ਉਨ੍ਹਾਂ ਨੇ ਅਰਬੀ-ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ। ਬਗਦਾਦ ਵਿੱਚ ਤਕਰੀਬਨ ਦੋ ਸਾਲ ਦੇ ਲੰਮੇ ਸਮੇਂ ਦੌਰਾਨ ਉਥੋਂ ਦੇ ਸੱਭਿਆਚਾਰ, ਸਾਹਿਤ, ਧਰਮ-ਦਰਸ਼ਨ ਤੇ ਸੂਖਮ ਕਲਾਵਾਂ ਬਾਰੇ ਜਾਣਕਾਰੀਆਂ ਹਾਸਲ ਕੀਤੀਆਂ। ਉਨ੍ਹਾਂ ਵਕਤਾਂ ਵਿੱਚ ਇੰਨੇ ਲੰਮੇ ਸਫ਼ਰ ਉੱਤੇ ਕਿਸ ਨੂੰ ਜਾਣ ਦਾ ਹੌਸਲਾ ਪੈਂਦਾ ਸੀ ? ਤੇ ਫਿਰ ਇੱਕ ਗ਼ੈਰਮੁਸਲਿਮ ਵਾਸਤੇ ਇਸਲਾਮਿਕ ਦੇਸ਼ਾਂ ਵਿੱਚ ? ਮੱਕੇ ਵਿਖੇ, ਜਿੱਥੇ ਕਿ ਕੇਵਲ ਮੁਸਲਮਾਨ-ਹਾਜੀਆਂ ਨੂੰ ਹੀ ਇਜਾਜ਼ਤ ਹੁੰਦੀ ਸੀ, ਪਹੁੰਚ ਕੇ ਕੱਟੜ ਕਾਜ਼ੀ-ਮੌਲਾਣਿਆਂ ਨਾਲ ਧਾਰਮਕ ਸੰਵਾਦਾਂ ਵਿੱਚ ਪੈਣਾ ਗੰਭੀਰ ਖ਼ਤਰਿਆਂ ਤੋਂ ਖ਼ਾਲੀ ਨਹੀਂ ਸੀ। ਵਤਨ ਵਾਪਸੀ ਉੱਤੇ ਸਨਾਤਨ-ਧਰਮੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਤੇ ਕ੍ਰਾਂਤੀਕਾਰੀ ਸਮਾਜ-ਸੁਧਾਰ ਦੇ ਕਾਰਜਾਂ ਵਿੱਚ ਵੀ ਰੁਕਾਵਟਾਂ ਖੜੀਆਂ ਹੋਣੀਆਂ ਨਜ਼ਰ ਆਉਂਦੀਆਂ ਸਨ, ਪਰ ਸਤਿਗੁਰੂ ਜੀ ਆਪਣੇ ਅੰਤਰਰਾਸ਼ਟ੍ਰੀ ਮਨੁੱਖੀ ਭਾਈਚਾਰੇ ਦੀ ਸੁਹਿਰਦ-ਸਹਿਹੋਂਦ ਦੀਆਂ ਸੰਭਾਵਨਾਵਾਂ ਸਿਰਜਣ ਵਾਲੇ ਏਜੰਡੇ ਉੱਤੇ ਦ੍ਰਿੜ੍ਹਤਾ ਨਾਲ ਅੱਗੇ ਵਧਦੇ ਗਏ। ਗੁਰੂ ਜੀ ਅਜੋਕੇ ਜਗਤ ਲਈ ਸਾਢੇ ਪੰਜ ਸਦੀਆਂ ਪਹਿਲੋਂ ਸਰਬ-ਹਿਤਕਾਰੀ, ਮਾਨਵਵਾਦੀ, ਵਿਸ਼ਵੀ-ਰਾਸ਼ਟ੍ਰਵਾਦ ਦਾ ਚਾਨਣ-ਮੁਨਾਰਾ ਖੜ੍ਹਾ ਕਰ ਗਏ ਹਨ, ਜਿਸ ਦੀ ਮਿਸਾਲ ਮਨੁੱਖੀ-ਇਤਿਹਾਸ ਦੇ ਕਿਸੇ ਜੁਗ ਵਿੱਚ ਨਹੀਂ ਮਿਲਦੀ ਤੇ ਨਾ ਹੀ ਮਿਲਣੀ ਹੈ।
ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 32ਵੀਂ ਪਉੜੀ ਵਿਚਲੇ ‘‘ਫਿਰਿਆ ਮਕਾ ਕਲਾ ਦਿਖਾਰੀ’’ ਦੇ ਸ਼ਬਦਾਂ ਦੀ ਵਿਆਖਿਆ, ਆਧੁਨਿਕ ਵਿਦਵਾਨਾਂ ਵੱਲੋਂ ਕਈ ਤਰ੍ਹਾਂ ਕੀਤੀ ਜਾਂਦੀ ਹੈ। ਕਈ ਆਖਦੇ ਹਨ ਕਿ ਮੱਕੇ ਦੀ ਇਮਾਰਤ ਨਹੀਂ ਫਿਰੀ ਹੋਣੀ, ਸਤਿਗੁਰਾਂ ਦੇ ਵੇਗਵਾਨ ਗਿਆਨ-ਪ੍ਰਕਾਸ਼ੀ ਪ੍ਰਭਾਵ ਅਧੀਨ, ਹਾਜ਼ਰ ਲੋਕਾਂ ਦੀ ਨਜ਼ਰ ਅੱਗੇ ਮੱਕੇ ਦੀ ਤਸਵੀਰ ਚਾਰੋਂ ਬੰਨੇ ਵਿਖਾਈ ਦੇਣ ਲੱਗ ਪਈ ਹੋਣੀ ਹੈ। ਸਾਡੀ ਪ੍ਰਤੀਤੀ ਇਉਂ ਬਣਦੀ ਹੈ ਕਿ ਸਿੱਖੀ ਦੇ ਮਿਸ਼ਨਰੀ ਪ੍ਰਚਾਰਕ ਤੇ ਨਿਪੁੰਨ ਕਵੀ ਵਾਰਕਾਰ ਭਾਈ ਗੁਰਦਾਸ ਜੀ ਵੱਲੋਂ ਪੇਸ਼ ਕੀਤੀ ਉਕਤ ਸ਼ਬਦਾਵਲੀ ਦੇ ਸਹੀ ਅਰਥ ਇਹ ਹਨ ਕਿ ਸਤਿਗੁਰਾਂ ਨੇ ਲੋਕਾਂ ਦੀ ਸਮੁੱਚੀ ਮਾਨਸਿਕਤਾ ਤੇ ਬੌਧਿਕਤਾ ਦੇ ਪੱਧਰ ਉੱਤੇ ਯਕੀਨ ਕਰਵਾ ਦਿੱਤਾ ਕਿ ‘ਰੱਬ’ ਇੱਕੋ ਦਿਸ਼ਾ ਵੱਲ ਨਹੀਂ ਸਗੋਂ ਸਭਨਾਂ ਦਿਸ਼ਾਵਾਂ ਤੇ ਸਭਨੀ ਜਾਈਂ ਮੌਜੂਦ ਹੈ। ਸੂਖਮ ਆਤਮਾ-ਪਰਮਾਤਮਾ ਦੇ ਭੇਦਾਂ ਨਾਲ ਸੰਬੰਧਿਤ ਵਿਸ਼ਿਆਂ ਨੂੰ ਸਮਝਣ-ਸਮਝਾਉਣ ਦੀ ਪ੍ਰਕਿਰਿਆ ਵਿੱਚ ਸਾਹਿਤਕਾਰ-ਕਵੀ ਦੀ ਰਚਨਾ ਦੇ ਮਕਸਦ ਨੂੰ ਲਫ਼ਜ਼-ਬ-ਲਫ਼ਜ਼ ਨੂੰ ਹੂ-ਬਹੂ ਕੋਸ਼ਿਕ-ਅਰਥਾਂ ’ਚ ਨਹੀਂ ਲਿਆ ਜਾ ਸਕਦਾ ਹੁੰਦਾ। ਸ੍ਰੇਸ਼ਟ ਵਾਰਕਾਰ ਦਾ ਅਧਿਕਾਰਿਤ-ਕਰਤੱਵ ਵੀ ਹੈ ਕਿ ਉਹ ਆਪਣੇ ਨਾਇਕ ਦੀਆਂ ਜਿੱਤਾਂ ਨੂੰ ਆਪਣੀ ਅਨੁਭਵੀ-ਕਲਪਨਾ ਨਾਲ ਸ੍ਰੋਤਿਆਂ ਤੇ ਪਾਠਕਾਂ ਅੰਦਰ ਵੈਸੀ ਪ੍ਰਤੀਤੀ ਨੂੰ ਸੁਰਜੀਤ ਕਰੇ। ਇਹੋ ਹੈ ਉਸ ਦੀ ਸਫਲਤਾ ਦੀ ਕਸਵੱਟੀ ! ਕਵੀ ਦਾ ਵੇਗਵਾਨ ਅਨੁਭਵ; ਅਲੰਕਾਰੀ-ਕਲਪਨਾ ਦੀ ਸਹਾਇਤਾ ਤੋਂ ਬਿਨਾਂ ਪ੍ਰਗਟ ਹੀ ਨਹੀਂ ਹੁੰਦਾ ਤੇ ਨਾ ਹੀ ਸ੍ਰੋਤਿਆਂ/ਪਾਠਕਾਂ ਦੇ ਅੰਤਰੀਵ ਨੂੰ ਝੰਝੋੜਦਿਆਂ, ਮੋਈਆਂ ਪਈਆਂ ਰੂਹਾਂ ਨੂੰ ਮੁੜ ਜਗਾ ਸਕਦਾ ਹੈ। ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੇ ਨਾਇਕ ਗੁਰੂ ਨਾਨਕ ਸਾਹਿਬ ਜੀ ਨੂੰ ਸਮੇਂ ਦਾ ਮਹਾਨ ਦਰਵੇਸ਼, ਦਾਨਸ਼ਮੰਦ, ਮਹਾਨ ਚਿੰਤਕ ਤੇ ਵੀਚਾਰਵਾਨ, ਮਹਾਨ ਮਨੁੱਖੀ-ਦਰਦਮੰਦ, ਮਹਾਨ ਪਰਉਪਕਾਰੀ ਲੋਕ-ਨੇਤਾ ਤੇ ਮਹਾਨ ਅੰਤਰਰਾਸ਼ਟਰੀ ਸਮਾਜ-ਵਿਗਿਆਨੀ ਦੇ ਰੂਪਾਂ-ਰੰਗਾਂ ਵਿੱਚ ਪੇਸ਼ ਕੀਤਾ ਹੈ। ਇੰਨਾ ਕੁਝ ਕਰ ਲੈਣ ਦੇ ਬਾਵਜੂਦ ਵੀ ਸ਼ਾਇਦ ਉਨ੍ਹਾਂ ਨੂੰ ਲਗਦੈ ਕਿ ਉਹ ਆਪਣੀਆਂ ਸੰਵੇਦਨਾਵਾਂ ਨੂੰ ਪੂਰੀ ਤਰ੍ਹਾਂ ਪ੍ਰਗਟ ਨਹੀਂ ਕਰ ਪਾਏ। ਸਤਿਗੁਰੂ ਜੀ ਦੀ ਮਹਾਨਤਾ ਨੂੰ ਪਰਤੱਖ ਕਰਦੀਆਂ ਵਡਿਆਈਆਂ ਦੇ ਵਰਣਨ ਵਾਸਤੇ ਉਨ੍ਹਾਂ ਨੂੰ ਅੱਖਰ ਨਹੀਂ ਲੱਭ ਰਹੇ, ਸ਼ਬਦਵਾਲੀ ਸਾਥ ਨਹੀਂ ਦੇ ਰਹੀ, ਪਰ ਹੋਰ ਕੋਈ ਸਾਧਨ ਵੀ ਤਾਂ ਨਹੀਂ। ਅਜਿਹੀ ਲਾਚਾਰਗੀ, ਕਵੀ ਨੂੰ ਸਧਾਰਨ ਵਰਤੀ ਜਾਂਦੀ ਬੋਲੀ ਦੇ ਹੀ ਸ਼ਬਦਾਂ ਨੂੰ ਐਸੇ ਢੰਗ ਤੇ ਅੰਦਾਜ਼ ਵਿੱਚ ਵਰਤਣ ਵਾਸਤੇ ਮਜਬੂਰ ਕਰਦੀ ਹੈ ਕਿ ਉਹ ਆਪਣੇ ਉਛਾਲੇ ਮਾਰਦੇ ਵਲਵਲਿਆਂ ਦੇ ਪ੍ਰਤਾਪ ਦਾ ਕੁੱਝ-ਨ-ਕੁੱਝ ਸਾਖਿਆਤਕਾਰ ਕਰਵਾ ਸਕੇ। ਕੁਝ ਕੁ ਵੰਨਗੀਆਂ ਨ :
- ਧਰੀ ਨੀਸਾਣੀ ਕਉਸ (ਖੜਾਂਅ) ਦੀ; ਮਕੇ ਅੰਦਰਿ ਪੂਜ ਕਰਾਈ। ਜਿਥੈ ਜਾਇ ਜਗਤਿ ਵਿਚਿ; ਬਾਬੇ ਬਾਝੁ ਨ ਖਾਲੀ ਜਾਈ (ਜਗ੍ਹਾ)। ਘਰਿ ਘਰਿ ਬਾਬਾ ਪੂਜੀਐ; ਹਿੰਦੂ ਮੁਸਲਮਾਨ ਗੁਆਈ (ਗਵਾਹ)। ਛਪੇ ਨਾਹਿ ਛਪਾਇਆ; ਚੜਿਆ ਸੂਰਜੁ ਜਗੁ ਰੁਸਨਾਈ। ਬੁਕਿਆ ਸਿੰਘ ਉਜਾੜ ਵਿਚਿ; ਸਭਿ ਮਿਰਗਾਵਲਿ ਭੰਨੀ ਜਾਈ। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੪)
- ਗੜ ਬਗਦਾਦੁ ਨਿਵਾਇ ਕੈ; ਮਕਾ ਮਦੀਨਾ ਸਭੇ ਨਿਵਾਇਆ। ਸਿਧ ਚਉਰਾਸੀਹ ਮੰਡਲੀ; ਖਟ ਦਰਸਨ ਪਾਖੰਡ ਜਿਣਾਇਆ। ਪਾਤਾਲਾ ਆਕਾਸ ਲਖ ਜੀਤੀ; ਧਰਤੀ ਜਗਤੁ ਸਬਾਇਆ। ਜੀਤੀ ਨਉਖੰਡ ਮੇਦਨੀ; ਸਤਿਨਾਮ ਦਾ ਚਕ੍ਰ ਫਿਰਾਇਆ। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੭)
- ਬਾਬੇ ਕੀਤੀ ਸਿਧਿ ਗੋਸਟਿ; ਸਬਦਿ ਸਾਂਤਿ ਸਿਧਾਂ ਵਿਚਿ ਆਈ। ਜਿਣਿ (ਜਿੱਤ ਕੇ) ਮੇਲਾ ਸਿਵਰਾਤਿ ਦਾ; ਖਟ ਦਰਸਨ ਆਦੇਸਿ ਕਰਾਈ। ਸਿਧਿ ਬੋਲਨਿ ਸੁਭ ਬਚਨਿ; ਧਨੁ ਨਾਨਕ ਤੇਰੀ ਵਡੀ ਕਮਾਈ। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੪੪)
- ਜਾਰਤਿ (ਯਾਤ੍ਰਾ) ਕਰਿ ਮੁਲਤਾਨ ਦੀ; ਫਿਰਿ ਕਰਤਾਰ ਪੁਰੇ ਨੋ ਆਇਆ। ਚੜ੍ਹੇ ਸਵਾਈ ਦਿਹਿ ਦਿਹੀ; ਕਲਿਜੁਗਿ ਨਾਨਕ ਨਾਮੁ ਧਿਆਇਆ। ਵਿਣੁ ਨਾਵੈ ਹੋਰੁ ਮੰਗਣਾ; ਸਿਰਿ ਦੁਖਾ ਦੇ ਦੁਖ ਸਬਾਇਆ। ਮਾਰਿਆ ਸਿਕਾ ਜਗਤ੍ਰ ਵਿਚਿ; ਨਾਨਕਿ ਨਿਰਮਲ ਪੰਥ ਚਲਾਇਆ। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੪੫)
ਸੰਖੇਪ ਵਿੱਚ, ਬਾਰੰਬਾਰ ਇਹੋ ਆਖਣਾ ਬਣਦਾ ਹੈ ਕਿ ਸਤਿਗੁਰੂ ਨਾਨਕ ਵੱਡੇ ਸਨ, ਬਹੁਤ ਵੱਡੇ ਸਨ, ਬਹੁਤ ਹੀ ਵੱਡੇ ਸਨ, ਨਿਹਾਇਤ-ਬੇਮਿਸਾਲੀ ਰੂਪ ਵਿੱਚ ਅਤਿ-ਵੱਡੇ ਸਨ ! ਉਨ੍ਹਾਂ ਦੀ ਜੁਗ-ਪਲਟਾਊ ਪ੍ਰਤਿਭਾ ਦਾ ਪ੍ਰਭਾਵ ਸਾਧਾਰਨ ਤੇ ਵਿਸ਼ੇਸ਼-ਸੁਜਾਣ, ਸਭ ਤਰ੍ਹਾਂ ਦੇ ਲੋਕਾਂ ਨੇ ਮੰਨਿਆ ਹੈ ਅੱਜ ਤੱਕ ਅਤੇ ਅੱਗੋਂ ਵੀ ‘ਜਗਤ ਗੁਰ ਬਾਬਾ ਜੀ’ ਵਿਸ਼ਵਵਿਆਪੀ ਸਮਾਜਕ ਸਾਂਝ, ਸ਼ਾਂਤੀ ਤੇ ਮਨੁੱਖਤਾ ਦੀ ਖ਼ੁਸ਼ਹਾਲੀ ਲਈ ‘ਗੁਰਬਾਣੀ-ਰੂਪ’ ਵਿੱਚ ਚਾਨਣ-ਮੁਨਾਰਾ ਬਣੇ ਰਹਿਣਗੇ !
5. ਦੈਵੀ ਸ਼ਖ਼ਸੀਅਤ ਤੇ ਸਮਭਾਵੀ ਧਰਮ–ਦ੍ਰਿਸ਼ਟੀ :- ਇਸਲਾਮ ਵਿੱਚ ਅੱਲ੍ਹਾ ਨੂੰ ਧਰਤੀ ਉਪਰਲੇ ਸਤਵੇਂ ਤਬਕ (ਆਕਾਸ਼) ਵਿੱਚ ਆਪਣੇ ਤਖ਼ਤ ਉੱਤੇ ਬੈਠੇ ਇੱਕ ਸ਼ਹਿਨਸ਼ਾਹ ਜਾਂ ਸੁਲਤਾਨ ਦੇ ਰੂਪ ਵਿੱਚ ਤੱਸੁਵੁਰ (Concept) ਕੀਤਾ ਜਾਂਦਾ ਹੈ, ਜੋ ਅੱਗੋਂ ਫਰਿਸ਼ਤਿਆਂ ਰਾਹੀਂ ਸਾਰੀ ਸ੍ਰਿਸ਼ਟੀ ਦਾ ਨਿਜ਼ਾਮ ਚਲਾ ਰਿਹਾ ਹੈ। ਕੁਰਾਨ ਦੇ ਅੱਲ੍ਹਾ ਨੂੰ ਜਗਤ ਅਤੇ ਮਨੁੱਖ; ਦੋਹਾਂ ਤੋਂ ਅਲੱਗ, ਬਹੁਤ ਦੂਰ, ਬਹੁਤ ਉੱਚੀ ਤੇ ਸਰਬ-ਸ਼ਕਤੀਵਾਨ ਹਸਤੀ ਤਸਲੀਮ ਕਰਦਿਆਂ, ਆਪਣੇ ਖ਼ਾਸ ਵਫ਼ਾਦਾਰ ਕਰਿੰਦਿਆਂ ਦੁਆਰਾ ਸਮੂਹ ਵਸਤੂ-ਜਗਤ ਅਤੇ ਜੀਵ-ਜਗਤ ਪਾਸੋਂ ਆਪਣੇ ਹੁਕਮਾਂ ਦੀ ਪਾਲਣਾ ਕਰਵਾਉਂਦਾ ਮੰਨਿਆ ਗਿਆ ਹੈ। ਅੱਲ੍ਹਾ ਦੇ ਹੁਕਮਾਂ; ਜਿਵੇਂ ਕਿ ਪਾਕ-ਕੁਰਾਨ ਵਿੱਚ ਲਿਖੇ ਹਨ, ਉੱਤੇ ਇੰਨ-ਬਿੰਨ ਯਕੀਨ ਕਰ ਕੇ ਜ਼ਿੰਦਗੀ-ਜੀਊਣ ਵਾਲਿਆਂ ਨੂੰ ਸੱਚਾ ਮੁਸਲਮਾਨ ਆਖਦਿਆਂ, ਦੂਸਰੇ ਅਨਮੱਤੀਆਂ ਨੂੰ ਰੱਬ ਤੋਂ ਮੁਨਕਰ, ਝੂਠਾ ਤੇ ਗੁਨਾਹਗਾਰ ਕਰਾਰ ਦਿੱਤਾ ਗਿਆ ਹੈ। ਇਉਂ ਮੁਸਲਿਮ ਜਰਵਾਣਿਆਂ ਨੇ ਦੁਨੀਆ ਦੇ ਦੂਸਰੇ ਧਰਮਾਂ-ਵਾਲਿਆਂ ਨੂੰ ਆਪਣੇ ਮਜ਼੍ਹਬ ਵਿੱਚ ਸ਼ਾਮਲ ਕਰ ਲੈਣ ਨੂੰ ਸਵਾਬ (ਪੁੰਨ) ਜਾਣਦਿਆਂ ਜ਼ਬਰਦਸਤ ਮੁਹਿੰਮ ਚਲਾਈ। ਜਿਹੜਾ ਵੀ ਕੋਈ ਉਨ੍ਹਾਂ ਦੀ ਈਨ ਨਹੀਂ ਸੀ ਮੰਨਦਾ ਉਸ ਦਾ ਸਿਰ ਕਲਮ ਕਰਕੇ ਜਹਾਨ ਤੋਂ ਰੁਖ਼ਸਤ ਕਰ ਦਿੱਤਾ ਜਾਂਦਾ ਸੀ। ਇਉਂ ਅਨੇਕਾਂ ਦੇਸ਼ਾਂ ਵਿੱਚ ਗ਼ੈਰਮੁਸਲਮਾਨਾਂ ਦਾ ਜੀਵਨ ਨਰਕ ਬਣਾ ਦਿੱਤਾ ਗਿਆ। ਅੱਲ੍ਹਾ ਦੇ ਪੈਰੋਕਾਰਾਂ ਨੂੰ ਮੋਮਿਨ (ਪੱਕੇ ਧਰਮੀ) ਅਤੇ ਬਾਕੀ ਦੇ ਸਾਰਿਆਂ ਨੂੰ ਕਾਫ਼ਿਰ ਐਲਾਨ ਦਿੱਤੇ ਜਾਣਾ, ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਉੱਤੇ ਨਾਜ਼ਿਲ ਹੋਏ ਖੁਦਾਈ-ਵਾਹਦੀਅਤ ਵਾਲੇ ਅਸੂਲਾਂ ਨਾਲ ਕਿੰਨਾ ਕੁ ਮੇਲ ਖਾਂਦਾ ਹੈ ? ਇਹ ਮਨੁੱਖ ਦੀ ਵੈਸੀ ਹੀ ਭੁਲਾਵੜੇ-ਭੁਲੀ ਫ਼ਿਤਰਤ ਹੈ ਜਿਸ ਨੇ ਕਣ-ਕਣ ਵਿੱਚ ਭਗਵਾਨ ਦੀ ਮੌਜੂਦਗੀ ਮੰਨਣ ਵਾਲਿਆਂ ਹਿੰਦੂ ਸਨਾਤਨੀਆਂ ਵੱਲੋਂ ਆਪਣੇ ਹੀ ਸਹਿ-ਧਰਮੀਆਂ ਨੂੰ ਵਰਣ ਆਸ਼ਰਮਾਂ ਵਿੱਚ ਵੰਡ ਕੇ ਅਤੇ ਅੱਗੋਂ ਹੋਰ ਅਨਿਕ-ਪ੍ਰਕਾਰੀ ਦਰਜਾ-ਬ-ਦਰਜਾ ਦੀਆਂ ਵਿੱਥਾਂ ਨਿਸ਼ਚਿਤ ਕਰ ਕੇ, ਸਮਾਜ ਨੂੰ ਵਿਤਕਰਿਆਂ ਤੇ ਨਫ਼ਰਤਾਂ ਰਾਹੀਂ ਕੋਹੜ-ਗ੍ਰਸਤ ਕਰ ਦਿੱਤਾ ਹੋਇਆ ਸੀ, ਪਰ ਉਹ ਆਪਣੇ ਆਪ ਨੂੰ ਦੇਵ-ਭੂਮੀ ਦੇ ਉੱਤਮ-ਪੁਰਸ਼, ਦੈਵੀ-ਸਭਿਅਤਾ ਦੇ ਵਾਰਸ਼ ਤੇ ਬਾਹਰੋਂ ਆਏ ਆਮ-ਲੋਕਾਂ ਨੂੰ, ਮਨੂੰ-ਸਿਮ੍ਰਿਤੀ ਵਿਚਲੇ ਸਿਧਾਂਤਾਂ ਅਨੁਸਾਰ ਮਲੇਛ ਹੋਣ ਦੀ ਘੋਸ਼ਣਾ ਕਰਦੇ ਸਨ/ਹਨ। ਭਾਰਤ ਭੂਮੀ ਦੇ ਵੈਦਿਕ/ਸਨਾਤਨ ਪੁਰੋਹਿਤਾਂ-ਪੁਜਾਰੀਆਂ ਨੇ ਆਪੋ ਆਪਣੇ ਇਸ਼ਟ-ਦੇਵਾਂ ਦੇ ਅੱਡੋ-ਅੱਡਰੇ ਦੇਵਾਲਯ ਤੇ ਧਰਮ-ਕਰਮ ਮਿੱਥ ਲਏ। ਅਜਿਹੀ ਧਾਰਮਿਕ-ਵਿਡੰਬਨਾ ਕਿਉਂ ਤੇ ਕਿਵੇਂ ਪੈਦਾ ਹੋਈ ? ਵਿਚਾਰਨਾ ਬਣਦਾ ਹੈ !
ਸਾਨੂੰ ਅਸਲੀਅਤ ਇਉਂ ਮਾਲੂਮ ਹੁੰਦੀ ਹੈ ਕਿ ਕੁਰਾਨ ਦੇ ਕਰਤਾ ਨੇ ਰੱਬ ਦੀ ਵਾਹਦੀਅਤ, ਮਹਾਨਤਾ ਤੇ ਹਰ ਤਰ੍ਹਾਂ ਦੀਆਂ ਹੱਦਬੰਦੀਆਂ ਨੂੰ ਉਲੰਘਦੀ ਲਾਸਾਨੀ ਤਾਕਤ ਦਾ ਅਹਿਸਾਸ ਜਗਾਉਣ ਦੇ ਮਕਸਦ ਨਾਲ, ਚੌਂਦਾਂ ਦੇਸ਼ਾਂ ਦੀ ਬਿੰਬ-ਉਸਾਰੀ ਕੀਤੀ ਸੀ। ਸੱਤ ਧਰਤੀ ਹੇਠਾਂ ਤੇ ਸੱਤ ਧਰਤੀ ਤੋਂ ਉੱਪਰ ਵੱਲ ! ਉਕਤ ਰਹੱਸਵਾਦੀ ਬਿੰਬਾਵਲੀ ਦਾ ਅਸਲ ਮਤਲਬ (spiritual meaning) ਤਾਂ ਛੁਪਿਆ ਰਹਿ ਗਿਆ ਤੇ ਪੈਰੋਕਾਰ ਇਸ ਦੇ ਲਫ਼ਜ਼ੀ-ਅਰਥਾਂ ਅਨੁਸਾਰ ‘ਲਾਇਲਾ-ਇਲ-ਅੱਲਾਹ’ ਨੂੰ ਇੱਕ ਵਿਸ਼ੇਸ ਖਿੱਤੇ ਵਿੱਚ ਸੀਮਤ, ਕਿਸੇ ਵਿਸ਼ੇਸ ਤਰ੍ਹਾਂ ਦੇ ਤਖ਼ਤ ਉੱਤੇ ਵਿਰਾਜਮਾਨ ਹੋਇਆ ਮੰਨਣ ਲੱਗ ਪਏ। ਅਜਿਹੇ ਭੁਲੇਖਿਆਂ ਦੇ ਕਾਰਨ ਹੀ ਪ੍ਰਤੀਤ ਹੁੰਦਾ ਹੈ ਕਿ ਸਰਬ-ਵਿਆਪਕ ਪਾਰਬ੍ਰਹਮ-ਪਰਮੇਸਰ ਜਾਂ ਬੇਅੰਤ ਤੇ ਬੇਮਿਸਾਲ ਰੱਬ ਨੂੰ ਖ਼ਾਸ-ਖ਼ਾਸ ਸਥਾਨਾਂ ਮੰਦਿਰਾਂ-ਮਸਜਿਦਾਂ ’ਚ ਮਹਿਦੂਦ ਕਰ ਦਿੱਤਾ ਗਿਆ ਹੈ।
ਅਸੀਂ ਵੇਖਦੇ ਹਾਂ ਕਿ ਗੁਰੂ ਨਾਨਕ ਜੀ ਆਪ ਖ਼ੁਦ ਮੁਸ਼ੱਕਤਾਂ ਝੱਲ ਕੇ ਸਮਕਾਲੀਨ ਧਰਮਾਚਾਰੀਆਂ ਦੇ ਟਿਕਾਣਿਆਂ ਉੱਤੇ ਪਹੁੰਚਦਿਆਂ ਪਰਸਪਰ-ਸੰਵਾਦ ਰਚਾਉਂਦੇ ਰਹੇ ਹਨ। ਕੋਈ ਦੂਜਾ ਧਰਮ-ਆਗੂ, ਵਾਰਤਾਲਾਪ ਵਾਸਤੇ ਉਨ੍ਹਾਂ ਕੋਲ ਕਦੇ ਨਹੀਂ ਸੀ ਆਇਆ ! ਕਿਉਂ ? ਕਿਉਂਕਿ ਉਦੋਂ ਤੱਕ ਧਾਰਮਕ-ਸਮਾਜਕ ਵਖਰੇਵਿਆਂ ਕਾਰਨ ਬਣੀਆਂ ਨਫ਼ਰਤਾਂ ਤੇ ਦੁਸ਼ਮਣੀਆਂ ਨੂੰ ਨਜਿੱਠਣ ਲਈ ਕਿਸੇ ਵੀ ਹੋਰ ਮਹਾਂਪੁਰਖ ਨੇ ਯਤਨ ਹੀ ਨਹੀਂ ਕਦੇ ਆਰੰਭਿਆ ਸੀ, ਸ਼ਾਇਦ ਸੋਚਿਆ ਹੀ ਨਹੀਂ ਗਿਆ। ਸੰਵਾਦ ਦੇ ਸੁਮੇਲ ਦੁਆਰਾ ਧਾਰਮਿਕ-ਵਖਰੇਵਿਆਂ ਵਿੱਚ ਇਕਸਾਰਤਾ ਸਥਾਪਿਤ ਕਰਕੇ ਮਨੁੱਖਤਾ ਵਿੱਚ ਸਮਭਾਵੀ-ਬਰਾਬਰੀ, ਸਹਿਨਸ਼ੀਲਤਾ, ਸੁਹਿਰਦਤਾ ਤੇ ਸਰਬੱਤ ਦਾ ਭਲਾ ਲੋਚਦੀ ਸਹਿਹੋਂਦ (Co-exiseance) ਜਾਂ ਸਭਿਅਤਾ ਨੂੰ ਸਿਰਜਣ ਦਾ ਵਿਚਾਰ, ਸਭ ਤੋਂ ਪਹਿਲਾਂ ਗੁਰੂ ਨਾਨਕ ਜੀ ਦੇ ਹਿਰਦੇ ਵਿੱਚੋਂ ਹੀ ਉਗਿਆ ਸੀ : ‘‘ਪਹਿਲਾ ਬਾਬੇ ਪਾਯਾ ਬਖਸੁ ਦਰਿ; ਪਿਛੋ ਦੇ ਫਿਰਿ ਘਾਲਿ ਕਮਾਈ। (ਵਾਰ ੧ ਪਉੜੀ ੨੪) ਅਤੇ ‘‘ਫਿਰ ਚੜ੍ਹਿਆ ਸੋਧਣਿ; ਧਰਤਿ ਲੁਕਾਈ ॥੨੪॥’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੪)
ਸਤਿਗੁਰ ਨਾਨਕ ਜੀ ਨੇ ਮੱਕੇ ਅਤੇ ਬਗਦਾਦ ਵਿੱਚ ਬੁਨਿਆਦੀ-ਮੁੱਦਿਆਂ ਉੱਤੇ ਸੰਵਾਦ ਰਚਾਉਣ ਦਾ ਨਾਟਕੀ-ਢੰਗ ਅਪਣਾਇਆ। ਮੱਕੇ ਵਿੱਚ ਰੱਬ ਦੀ ਸਰਬ-ਵਿਆਪਕਤਾ ਤੇ ਬਗਦਾਦ ਵਿਖੇ ਕਾਦਰ-ਕਰਤੇ ਦੀ ਕਾਇਨਾਤ ਦੀ ਅਸੀਮ-ਅਨੰਤਤਾ ਪ੍ਰਤੱਖ ਕੀਤੀ ਜਦਕਿ ਉਨ੍ਹਾਂ ਦੋਵੇਂ ਥਾਂਵਾਂ ਉੱਤੇ, ਕੱਟੜਵਾਦੀ ਮੁੱਲਾਂ-ਮੌਲਾਣਿਆਂ ਨੂੰ, ਪਵਿਤ੍ਰ ਕੁਰਾਨ ਦੇ ਲਫ਼ਜ਼ੀ-ਅਰਥਾਂ ਦੀ ਬਜਾਏ ਇਸ ਦੀ ਅੰਦਰਲੀ ਰੂਹਾਨੀ-ਅਸਲੀਅਤ ਵੱਲ ਤਰਜੀਹ ਦੇਣ ਦਾ ਪਾਠ ਪੜ੍ਹਾਇਆ। ਹਰਿਦੁਆਰ ਵਿਖੇ ਗੰਗਾ ਨਦੀ ਦੇ ਕੰਢੇ ਪਾਂਡਿਆਂ ਅਤੇ ਪੁਰੀ ਦੇ ਵਿਸ਼ਵਨਾਥ ਮੰਦਿਰ ’ਚ ਆਰਤੀ ਕਰਦੇ ਪੁਜਾਰੀਆਂ ਨੂੰ ਵੀ ਉਨ੍ਹਾਂ ਨੇ ਕੁਝ ਇਸੇ ਅੰਦਾਜ਼ ਵਿੱਚ ‘ਸਚੁ’ ਦਾ ਆਭਾਸ ਕਰਵਾਇਆ। ‘ਜਪੁ’ ਬਾਣੀ ਦੀ ਸੋ ਦਰੁ ਵਾਲੀ ਪਉੜੀ ਵਿੱਚ ‘‘ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ..॥’’ ਦਾ ਜ਼ਾਹਰਾ-ਜ਼ਹੂਰ ਵਿਸਮਾਦਮਈ ਅਨੁਭਵ ਇਸੇ ਅੰਦਾਜ਼ ਵਿੱਚ ਬਿਆਨਿਆ। ‘ਅੱਲ੍ਹਾ’ ਜਾਂ ‘ਭਗਵਾਨ’ ਨੂੰ ਸਥੂਲ ਬਿੰਬਾਂ ਰਾਹੀਂ ਵਰਣਨ ਕਰਨਾ ਮਨੁੱਖ ਦੀ ਮਜ਼ਬੂਰੀ ਜ਼ਰੂਰ ਹੁੰਦਾ ਹੈ (ਅਖਰੀ ਨਾਮੁ ਅਖਰੀ ਸਾਲਾਹ ॥ ਅਖਰੀ ਗਿਆਨੁ ਗੀਤ ਗੁਣ ਗਾਹ ॥ ਅਖਰੀ ਲਿਖਣੁ ਬੋਲਣੁ ਬਾਣਿ ॥ ਜਪੁ), ਪਰ ਵੈਸੇ ਖ਼ੁਦਾ ਜਾਂ ਬ੍ਰਹਮ ਦਾ ਕਿਸੇ ਵੀ ਭਾਸ਼ਾਈ-ਸ਼ਬਦਾਵਲੀ ਵਿੱਚ ਬੰਨ੍ਹਿਆ ਜਾ ਸਕਣਾ ਤਾਂ ਕਿਤੇ ਰਿਹਾ ਓਹ ਅਦ੍ਰਿਸ਼ਟ ਤੇ ਅਨੰਤ ਸਰਵਵਿਆਪੀ-ਹਸਤੀ ਸੰਪੂਰਨ ਰੂਪ ਵਿੱਚ, ਮਨੁੱਖੀ-ਬੁੱਧੀ ਦੀ ਪਕੜ ਵਿੱਚ ਹੀ ਨਹੀਂ ਆ ਸਕਦੀ। ਉਸ ਦੀ ਅਲੱਖਤਾ, ਅਕੱਥਨੀਅਤਾ ਤੇ ਅਗੰਮ-ਅਗੋਚਰਤਾ ਹੀ ਉਸ ਦੇ ਬੁਨਿਆਦੀ ਗੁਣ-ਲੱਛਣ ਹਨ ਤੇ ਇਹ ਸਭ ਧਰਮਾਂ ਵਿਚਲੀ ਸਾਂਝੀ ਸਚਾਈ ਵੀ ਹੈ।
ਜਦੋਂ ਇਸਲਾਮ ਧਰਮ ਦਾ ਭਾਰਤ-ਭੂਮੀ ’ਚ ਪ੍ਰਵੇਸ਼ ਹੋਇਆ ਤਾਂ ਇੱਥੋਂ ਦੇ ਵਸਨੀਕ ਦੇਵੀ-ਦੇਵਤਿਆਂ ਦੀ ਪੂਜਾ-ਅਰਚਨਾ, ਅਵਤਾਰੀ-ਬੁੱਤ-ਪ੍ਰਸਤੀ, ਸੁੱਚ-ਭਿੱਟ, ਜਾਤ-ਪਾਤ ਤੇ ਛੂਆ-ਛੂਤ ਵਰਗੇ ਵਹਿਮਾਂ-ਭਰਮਾਂ ਦੇ ਬੰਧਨਾ ਵਿੱਚ ਬੁਰੀ ਤਰ੍ਹਾਂ ਜਕੜੇ ਹੋਏ ਸਨ। ਬਹੁਗਿਣਤੀ ਅਨਪੜ੍ਹ ਭੋਲੀ ਜਨਤਾ ਨਰਕੀ-ਜ਼ਿੰਦਗੀ ਹੰਢਾਉਣ ਲਈ ਮਜਬੂਰ ਤੇ ਸਾਹ ਸਤਹੀਣ ਹੋ ਚੁੱਕੀ ਸੀ। ਮਨੁੱਖੀ ਦਰਦ ਰੱਖਦੇ ਨੇਕਦਿਲ ਸੂਫ਼ੀ-ਮੁਸਲਮਾਨਾਂ ਨੇ ਪੰਜਾਬ ਦੇ ਸਿੰਧ ਅਤੇ ਬਹਾਵਲਪੁਰ ਦੇ ਇਲਾਕਿਆਂ ਵਿੱਚ ਲੋਕਾਂ ਨੂੰ ਇਸਲਾਮ ਵਿੱਚ ਸ਼ਮੂਲੀਅਤ ਕਰ ਲੈਣ ਵਾਸਤੇ ਪ੍ਰੇਰਿਆ ਤਾਂ ਜੋ ਸਮਾਜਕ ਨਾ-ਬਰਾਬਰੀ ਦੀ ਜਿਲ੍ਹਣ ਵਿੱਚੋਂ ਨਜਾਤ ਪਾ ਸਕਣ। ਸੂਫ਼ੀ ਫਿਰਕਾ ਧਰਮ-ਅਭਿਮਾਨੀ ਨਹੀਂ ਸੀ ਕਿਉਂਕਿ ਉਹ ਰਹੱਸਵਾਦੀ-ਅਧਿਆਤਮਕ ਜੀਵਨ-ਫ਼ਲਸਫ਼ੇ ਤੋਂ ਜਾਣੂ ਸੀ। ਉਨ੍ਹਾਂ ਸਮਿਆਂ ਵਿੱਚ ਇਸਲਾਮਿਕ ਰਹੱਸਵਾਦ ਦੀ ਸਿਖਲਾਈ ਤੇ ਅਭਿਆਸ ਵਾਸਤੇ ਸੂਫ਼ੀ-ਖ਼ਾਨਕਾਹਾਂ (ਘਰਾਂ) ਦੇ ਰੂਪ ਵਿੱਚ ਧਾਰਮਿਕ-ਕੇਂਦਰ ਸਥਾਪਿਤ ਹੋ ਚੁੱਕੇ ਸਨ। ਕੋਈ ਵੀ ਸੱਚਾ ਅਧਿਆਤਮਕ-ਵਿਅਕਤੀ, ਦੂਸਰੇ ਲੋਕਾਂ ਨੂੰ ਵੀ ਸੁਖੀ ਤੇ ਖ਼ੁਸ਼ਹਾਲ ਵੇਖਣਾ ਚਾਹੁੰਦਾ ਹੈ ਚਾਹੇ ਉਹ ਕਿਸੇ ਵੀ ਮਜ਼੍ਹਬੋ-ਮਿਲਤ ਨਾਲ ਸੰਬੰਧਿਤ ਹੋਣ। ਇਸ ਤਰ੍ਹਾਂ ਬਾਬਾ ਫਰੀਦ ਜੀ ਆਦਿਕ ਸੂਫ਼ੀ-ਦਰਵੇਸ਼ਾਂ ਦਾ ਸਦਕਾ ਇਸਲਾਮ ਧਰਮ ਦਾ ਬਹੁਤ ਪਰਚਾਰ ਹੋਇਆ। ਆਪਸੀ ਪ੍ਰੇਮ-ਪਿਆਰ ਹਮਦਰਦੀ ਤੇ ਸੁਹਿਰਦਤਾ ਭਰਪੂਰ ਢੰਗਾਂ ਦੁਆਰਾ। ਇਸਲਾਮ ਵਿੱਚ ਸ਼ਮੂਲੀਅਤ ਲੈਣ ਵਾਲੇ ਭਾਰਤੀ ਲੋਕ, ਘੱਟੋ-ਘੱਟ ਇੱਕ ਖੁਲ੍ਹੇ-ਮੌਕਲੇ ਸਮਾਜ ਦੇ ਮੈਂਬਰ ਤਾਂ ਅਵੱਸ਼ ਹੀ ਬਣ ਜਾਂਦੇ ਸਨ।
ਦੂਜੀ ਤਰਫ਼ ਕਾਹਲੀ ਤੇ ਕੱਟੜ ਤਬੀਅਤ ਵਾਲੇ ਅਤੇ ਲੁੱਟ-ਮਾਰ ਤੇ ਰਾਜਸੀ ਮੰਤਵਾਂ ਨਾਲ ਚੜ੍ਹ ਆਏ ਧਾੜਵੀਆਂ, ਕਾਜ਼ੀਆਂ ਤੇ ਮੌਲਵੀਆਂ ਦਾ ਮਕਸਦ ਸਮੂਹਿਕ ਅਭਿਮਾਨੀ-ਭਾਵਾਂ ਦੁਆਰਾ, ਤਲਵਾਰ ਦੇ ਜ਼ੋਰ-ਜ਼ਬਰ ਰਾਹੀਂ ਆਪਣਾ ਧਰਮ ਪ੍ਰਚਾਰ ਤੇ ਇਸਲਾਮੀ ਹਕੂਮਤ ਸਥਾਪਿਤ ਕਰਨਾ ਸੀ। ਉਨ੍ਹਾਂ ਨੇ ਇੱਥੋਂ ਦੇ ਵਸਨੀਕਾਂ ਨੂੰ ਬੁੱਤ ਪ੍ਰਸਤ-ਕਾਫ਼ਿਰ ਐਲਾਨਦਿਆਂ ਘਿਰਣਾ ਤੇ ਨਫ਼ਰਤ ਅਧੀਨ ਇਨ੍ਹਾਂ ਦੀ ਇੱਜ਼ਤ-ਆਬਰੂ ਨੂੰ ਮਲੀਆ-ਮੇਟ ਕਰ ਦਿੱਤਾ। ਅਜਿਹੇ ਕੱਟੜ-ਮੁਸਲਮਾਨ ਮਨੁੱਖੀ-ਦਰਦ ਤੋਂ ਖ਼ਾਲੀ ਸਨ, ਉਨ੍ਹਾਂ ਵੱਲੋਂ ਕੀਤੀ ਤਬਲੀਗ਼ ਨੂੰ ਸਵਾਬ (ਨੇਕ ਕੰਮ) ਨਹੀਂ ਮੰਨਿਆ ਜਾ ਸਕਦਾ। ਈਰਖਾ-ਦ੍ਵੇਸ਼ ਅਧੀਨ ਕੀਤੇ ਅਖੌਤੀ ਧਾਰਮਿਕ ਕੰਮਾਂ ਵਿੱਚ ਨਿਸ਼ਚੇ ਪੂਰਵਕ ਹਉਮੈ ਹੀ ਪ੍ਰਮੁੱਖ ਭੂਮਿਕਾ ਨਿਭਾ ਰਹੀ ਹੁੰਦੀ ਹੈ, ਜੋ ਸ਼ੈਤਨੀਅਤ ਦਾ ਦੂਜਾ ਨਾਂ ਹੈ। ਇਸੇ ਤਰ੍ਹਾਂ ਬ੍ਰਾਹਮਣਵਾਦੀ ਹਿੰਦੂ ਜੋ ਮੁਸਲਮਾਨਾਂ ਨੂੰ ਘਿਰਣਾ ਅਧੀਨ ਮਲੇਛ ਆਖਦੇ ਸਨ, ਉਹ ਆਪਣੀਆਂ ਹੀ ਅਖੌਤੀ ਨੀਵੀਆਂ ਜਾਤਾਂ ਨੂੰ ਨਾਜਾਇਜ਼ ਤੌਰ ’ਤੇ ਦਬਾਉਣ ਦਾ ਆਪਣਾ ਹੱਕ ਜਾਂ ਪ੍ਰਭਤਾ ਕਾਇਮ ਰੱਖਣ ਵਾਸਤੇ ਹੀ ਇਸਲਾਮ ਦਾ ਵਿਰੋਧ ਕਰਦੇ ਰਹੇ ਸਨ : ‘‘ਗੁਰਮੁਖਿ ਕੋਇ ਨ ਦਿਸਈ; ਢੂੰਡੇ ਤੀਰਥਿ ਜਾਤ੍ਰੀ ਮੇਲੇ। ਡਿਠੇ ਹਿੰਦੂ ਤੁਰਕ ਸਭਿ; ਪੀਰ ਪੈਕੰਬਰਿ ਕਉਮਿ ਕਤੇਲੇ। ਅੰਧੀ, ਅੰਧੇ ਖੂਹੇ ਠੇਲੇ ॥੨੬॥’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੬)
ਜਦੋਂ ਹਿੰਦੁਸਤਾਨ ਦੇ ਉੱਤਰੀ ਖਿਤੇ ਪੰਜਾਬ ਦੀ ਭੋਂਇ ਤੋਂ ਚੱਲ ਕੇ ਇੱਕ ਸਨਾਤਨੀ ਹਿੰਦੂ ਖੱਤਰੀ ਗੋਤ ਦੇ ਜੰਮਪਲ ਮਰਦ-ਏ-ਕਾਮਿਲ ਬਾਬਾ ਨਾਨਕ ਜੀ; ਵਿਲੱਖਣ ਮੁਸਲਮਾਨੀ ਲਿਬਾਸ ਵਿੱਚ ਆਲਮੀ ਇਸਲਾਮ ਦੇ ਮਰਕਜ਼ੀ ਮੁਕਾਮ ਉੱਤੇ ਜਾ ਅੱਪੜੇ ਤਾਂ ਵੱਡਾ ਮੁਸ਼ਕਲ ’ਤੇ ਤਿੱਖਾ ਸੁਆਲ ਉੱਠਿਆ : ‘‘ਪੁਛਨਿ ਫੋਲਿ ਕਿਤਾਬ ਨੋ; ਹਿੰਦੂ ਵਡਾ ਕਿ ਮੁਸਲਮਾਨੋਈ ?।’’ ਜਵਾਬ ਹੈਰਾਨਕੁਨ ਤੇ ਲਾਮਿਸਾਲ ਸੀ :
‘‘ਬਾਬਾ ਆਖੇ ਹਾਜੀਆ; ਸੁਭਿ ਅਮਲਾ ਬਾਝਹੁ, ਦੋਨੋ ਰੋਈ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੩)
ਜਿਹੜੇ ਲੋਕ ਸਨਾਤਨੀ ਭਾਰਤੀ ਸੱਭਿਅਤਾ ਦੇ ਜਾਤ-ਪਾਤੀ ਵਰਣ ਵੰਡਾਂ ਸਮੇਤ ਸਾਰੇ ਪੱਖਾਂ ਸੰਬੰਧੀ ਕੇਵਲ ਆਪਣੇ ਹੀ ਧਰਮ-ਕਰਮਾਂ ਤੇ ਵਰਤਾਰਿਆਂ ਦੇ ਸੋਹਲੇ ਗਾਉਣ ਅਤੇ ਇਸਲਾਮ ਦੇ ਹਰ ਤਰ੍ਹਾਂ ਦੇ ਪ੍ਰਭਾਵ ਨੂੰ ਨਿੰਦਣਾ ਹੀ ਦੇਸ਼-ਭਗਤੀ ਸਮਝਦੇ ਸਨ/ਹਨ; ਗੁਰੂ ਨਾਨਕ ਜੀ ਦਾ ਉੱਤਰ, ਉਨ੍ਹਾਂ ਦੇ ਵਤੀਰੇ ਦੀ ਪ੍ਰੋੜ੍ਹਤਾ ਨਹੀਂ ਕਰਦਾ। ਅਜਿਹੇ ਹਿੰਦੂ ਭੁੱਲ ਜਾਂਦੇ ਹਨ ਕਿ ਅਜੋਕੇ ਭਾਰਤੀ ਮੁਸਲਮਾਨਾਂ ਦਾ ਪਿਛੋਕੜ ਤਾਂ ਹਿੰਦੂ ਧਰਮ ਨਾਲ ਹੀ ਜੁੜਦਾ ਸੀ ਜੋ ਅਸਾਡੀਆਂ ਵਧੀਕੀਆਂ ਤੋਂ ਤੰਗ ਆ ਕੇ ਪਰਾਏ (ਮੁਸਲਮਾਨ) ਬਣ ਬੈਠੇ ਹਨ।
ਗੁਰੂ ਨਾਨਕ ਸਾਹਿਬ ਜੀ ਵੱਲੋਂ ਦਿੱਤੇ ਉੱਤਰ ਵਿੱਚੋਂ ਸੱਚੀ ਨਿਆਂਯੁਕਤ-ਨਿਧੱੜਕਤਾ, ਨਿਰਭੈਤਾ, ਨਿਰਵੈਰਤਾ ਤੇ ਨਿਰਪੱਖਤਾ ਦੀ ਦ੍ਰਿੜ੍ਹਤਾ ਵਿਖਾਈ ਦਿੰਦੀ ਹੈ। ਸਤਿਗੁਰੂ ਜੀ ਪੂਰੀ ਤਰ੍ਹਾਂ ਪੱਖਪਾਤੀ ਵਿਵਹਾਰਿਕਤਾ ਤੋਂ ਬੇਨਿਆਜ਼ (ਇੱਛਾ ਰਹਿਤ) ਹੁੰਦਿਆਂ ਹਿੰਦੂ ਮੁਸਲਮਾਨ; ਦੋਵਾਂ ਦੀਆਂ ਕਮਜ਼ੋਰੀਆਂ ਬਾਰੇ ਸਾਫ਼ਗੋਈ ਨਾਲ ਫ਼ੈਸਲਾ ਸੁਣਾਉਂਦੇ ਰਹੇ ਹਨ ‘‘ਹਿੰਦੂ ਮੁਸਲਮਾਨ ਦੁਇ; ਦਰਗਹ ਅੰਦਰਿ ਲਹਨਿ ਨ ਢੋਈ। ਕਚਾ ਰੰਗੁ ਕਸੁੰਭ ਦਾ; ਪਾਣੀ ਧੋਤੈ ਥਿਰ ਨ ਰਹੋਈ। ਕਰਨਿ ਬਖੀਲੀ (ਨਿੰਦਿਆ) ਆਪਿ ਵਿਚਿ; ਰਾਮ ਰਹੀਮ ਇਕ ਥਾਇ ਖਲੋਈ। ਰਾਹਿ ਸੈਤਾਨੀ ਦੁਨੀਆਂ ਗੋਈ (ਜਾਂਦੀ ਪਈ ਹੈ)॥੩੩॥’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੩)
ਉਕਤ ਦਲੇਰਾਨਾ, ਨਿਰਲੇਪਤਾ ਗੁਣਾਂ ਨਾਲ ਬਾਬਾ ਨਾਨਕ ਜੀ ਨੇ ਨਾ ਕੇਵਲ ਮੱਕੇ ਦੇ ਮੌਲਵੀਆਂ ਦੀ ਕੱਟੜ ਮਖ਼ਾਲਫ਼ਤ ਤੇ ਨਾਰਾਜ਼ਗੀ ਨੂੰ ਦੂਰ ਕੀਤਾ, ਸਗੋਂ ਉਨ੍ਹਾਂ ਦੇ ਵਿਚਾਰਾਂ ਅੰਦਰ ਮਨੁੱਖੀ-ਇਖ਼ਲਾਕ ਦੀਆਂ ਕਦਰਾਂ-ਕੀਮਤਾਂ ਵਿੱਚ ਬਿਹਤਰੀ ਲਿਆਉਣ ਦਾ ਸਬੱਬ ਵੀ ਬਣੇ। ਸੰਪ੍ਰਦਾਇਕ ਤਰਜੀਹਾਂ ਤੋਂ ਉੱਕਾ ਬੇਲਾਗ ਰਹਿੰਦਿਆਂ ਉਨ੍ਹਾਂ ਨੇ ਧਾਰਮਿਕ ਨਿਰਪੱਖਤਾ (Secularism) ਦੀ ਉੱਚਤਮ ਮਿਸਾਲ ਕਾਇਮ ਕੀਤੀ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨਕਾਲ ਵਿੱਚ ਵਾਪਰਦੇ ਅਜੇਹੇ ਮਿਸਾਲੀ ਬਿਰਤਾਂਤ ਉਨ੍ਹਾਂ ਦੇ ਦੈਵੀ ਸ਼ਖ਼ਸੀਅਤ ਦੇ ਪ੍ਰਭਾਵਾਂ ਨੂੰ ਬਾਖ਼ੂਬੀ ਉਘਾੜਦੇ ਹਨ। ਸਤਿਗੁਰਾਂ ਦਾ ਉਪਦੇਸ਼ ਰੱਬੀ-ਬੇਅੰਤਤਾ, ਪਾਰਬ੍ਰਹਮੁ-ਪਰਮੇਸਰ ਦੀ ਅਪਰੰਪਾਰਤਾ ਅਤੇ ਵਿਸ਼ਵਭਰ ਵਿੱਚ ਅਨਿਕ ਪ੍ਰਕਾਰੀ ਵਿਭਿੰਨਤਾਵਾਂ ਦੇ ਬਾਵਜੂਦ ਸਾਰੀਆਂ ਨਸਲਾਂ, ਕੌਮਾਂ, ਕਬੀਲਿਆਂ, ਦੇਸ ਦੇਸਾਂਤਰਾਂ ਤੇ ਮੱਤ-ਮੱਤਾਂਤਰਾ ਨਾਲ ਜੁੜੇ ਮਨੁੱਖੀ- ਭਾਈਚਾਰੇ ਨੂੰ ‘‘ਏਕ ਦ੍ਰਿਸਟਿ ਕਰਿ ਸਮਸਰਿ ਜਾਣੈ..॥’’ (ਮਹਲਾ ੧/੭੩੦) ਵਰਗੇ ਰਹੱਸਵਾਦੀ-ਅਧਿਆਤਮਕ ਸਿਧਾਂਤਾਂ ਉ੍ਰਪਰ ਆਧਾਰਿਤ ਹੈ। ਰਹੱਸਵਾਦੀ ਅਧਿਆਤਮਕ ਅਨੁਭਵ ਦਾ, ਉਪਦੇਸ਼ਕ ਤੇ ਪ੍ਰਚਾਰਕਾਂ ਦੇ ਆਪਣੇ ਨਿੱਜੀ ਜੀਵਨ-ਅਮਲਾਂ ਵਿੱਚ ਕਿਰਿਆਤਮਕ ਹੋਣਾ, ਸਮਾਜਵਾਦ ਅਤੇ ਧਾਰਮਕ-ਨਿਰਪੱਖਤਾ ਦੋਹਾਂ ਦੀ ਪੱਕੀ ਗਾਰੰਟੀ ਬਣਦਾ ਹੈ। ਇਸ ਤਰ੍ਹਾਂ ਗੁਰੂ ਨਾਨਕ ਜੀ; ਅੰਤਰਰਾਸ਼ਟਰੀ ਸਮਾਜਵਾਦੀ ਕਦਰਾਂ-ਕੀਮਤਾਂ ਦੇ ਰਹਿਬਰ ਤੇ ਧਰਮ-ਨਿਰਪੇਖਤਾ ਦੇ ਸਰਵ ਪ੍ਰਥਮ ਸੰਸਥਾਪਕ ਦੇ ਰੂਪ ਵਿੱਚ ਵਿਖਾਈ ਦੇਂਦੇ ਹਨ। ਉਨ੍ਹਾਂ ਦੇ ਵਿਸ਼ਵਵਿਆਪੀ ਦ੍ਰਿਸ਼ਟੀ-ਖੇਤਰ ਵਿੱਚ ਪ੍ਰਗਟ ਇਸੇ ਵਿਸ਼ਾ-ਵਸਤੂ ਨੂੰ ਗੁਰਬਾਣੀ ਵਿੱਚ ਬਾਰੰਬਾਰ ਦੁਹਰਾਇਆ ਗਿਆ ਹੈ :
- ਸਭੁ ਕੋ ਮੀਤੁ ਹਮ ਆਪਨ ਕੀਨਾ; ਹਮ ਸਭਨਾ ਕੇ ਸਾਜਨ ॥ ਦੂਰਿ ਪਰਾਇਓ ਮਨ ਕਾ ਬਿਰਹਾ; ਤਾ ਮੇਲੁ ਕੀਓ ਮੇਰੈ ਰਾਜਨਿ ॥ (ਮਹਲਾ ੫/੬੭੧)
- ਨਾ ਹਮ ਚੰਗੇ ਆਖੀਅਹ; ਬੁਰਾ ਨ ਦਿਸੈ ਕੋਇ ॥ ਨਾਨਕ ! ਹਉਮੈ ਮਾਰੀਐ; ਸਚੇ ਜੇਹੜਾ ਸੋਇ ॥ (ਮਹਲਾ ੧/੧੦੧੫)
- ਨਾ ਹਮ ਹਿੰਦੂ; ਨ ਮੁਸਲਮਾਨ ॥ ਅਲਹ ਰਾਮ ਕੇ, ਪਿੰਡੁ ਪਰਾਨ ॥ (ਮਹਲਾ ੫/੧੧੩੬)
- ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ? ਕੋ ਮੰਦੇ ?॥ (ਭ. ਕਬੀਰ/੧੩੪੯)
- ਕੋਈ ਬੋਲੈ ਰਾਮ ਰਾਮ; ਕੋਈ ਖੁਦਾਇ ॥ ਕੋਈ ਸੇਵੈ ਗੁਸਈਆ; ਕੋਈ ਅਲਾਹਿ ॥੧॥ ਕਾਰਣ ਕਰਣ ਕਰੀਮ ॥ ਕਿਰਪਾ ਧਾਰਿ ਰਹੀਮ ॥੧॥ ਰਹਾਉ ॥ ਕੋਈ ਨਾਵੈ ਤੀਰਥਿ; ਕੋਈ ਹਜ ਜਾਇ ॥ ਕੋਈ ਕਰੈ ਪੂਜਾ; ਕੋਈ ਸਿਰੁ ਨਿਵਾਇ ॥੨॥ ਕੋਈ ਪੜੈ ਬੇਦ; ਕੋਈ ਕਤੇਬ ॥ ਕੋਈ ਓਢੈ ਨੀਲ; ਕੋਈ ਸੁਪੇਦ ॥੩॥ ਕੋਈ ਕਹੈ ਤੁਰਕੁ; ਕੋਈ ਕਹੈ ਹਿੰਦੂ ॥ ਕੋਈ ਬਾਛੈ ਭਿਸਤੁ; ਕੋਈ ਸੁਰਗਿੰਦੂ (ਸੁਰਗ)॥੪॥ ਕਹੁ ਨਾਨਕ ! ਜਿਨਿ ਹੁਕਮੁ ਪਛਾਤਾ ॥ ਪ੍ਰਭ ਸਾਹਿਬ ਕਾ, ਤਿਨਿ ਭੇਦੁ ਜਾਤਾ ॥੫॥ (ਮਹਲਾ ੫/੮੮੫) ਇਤਿਆਦਿਕ।