ਸਰਬ ਸਾਂਝੇ ਆਲਮੀ ਧਰਮ ਦੇ ਮੋਢੀ ਗੁਰੂ ਨਾਨਕ ਜੀ
ਸ. ਗੁਰਤੇਜ ਸਿੰਘ ਸਾਬਕਾ IAS ਚੰਡੀਗੜ੍
ਗੁਰੂ ਨਾਨਕ ਜੀ ਅਕਾਲ ਪੁਰਖ ਦੇ ਦੱਸੇ ਰਾਹ ਉੱਤੇ ਜਗਿਆਸੂਆਂ ਨੂੰ ਸੱਦਾ ਵੀ ਦਿੰਦੇ ਹਨ ਅਤੇ ਓਸ ਰਾਹ ਦੇ ਤੌਰ-ਤਰੀਕੇ ਅਤੇ ਮੰਜ਼ਲ ਉੱਤੇ ਪਹੁੰਚਣ ਦਾ ਢੰਗ ਦੱਸਣ ਦਾ ਦਾਅਵਾ ਵੀ ਕਰਦੇ ਹਨ, ਪਰ ਏਸ ਤੋਂ ਵੱਧ ਆਪਣੇ ਵੱਲ ਧਿਆਨ ਖਿੱਚਣ ਦੀ ਕੋਸ਼ਿਸ਼ ਨਹੀਂ ਕਰਦੇ। ਓਨ੍ਹਾਂ ਦਾ ਆਖ਼ਰੀ ਟੀਚਾ ਹਰ ਨਰ-ਨਾਰੀ ਨੂੰ ਅਕਾਲ-ਪੁਰਖ ਵਿੱਚ ਅਭੇਦ ਕਰ ਕੇ ਓਸੇ ਮੁਕਾਮ ਉੱਤੇ ਲੈ ਕੇ ਜਾਣ ਦਾ ਹੈ ਜਿਸ ਉੱਤੇ ਗੁਰੂ ਆਪ ਪਹੁੰਚੇ ਹੋਏ ਹਨ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਭਾਈ ਲਹਿਣੇ ਨੂੰ ਲੈ ਕੇ ਗਏ ਅਤੇ ਲਹਿਣਾ; ਗੁਰੂ ਅੰਗਦ ਹੋ ਨਿੱਬੜਿਆ। ਦੁਨੀਆ ਗੁਰੂ ਅੰਗਦ ਜੀ ਨੂੰ ਦੂਜਾ ਨਾਨਕ ਜਾਣਦੀ ਹੈ। ਆਖ਼ਰ ਦਸਵੇਂ ਨਾਨਕ ਜੀ ਨੇ ਅਕਾਲ ਪੁਰਖ ਬਾਰੇ ਸੱਚੇ ਮੁਕੰਮਲ ਗਿਆਨ ਅਤੇ ਵੱਡੇ ਯਤਨ ਕਰ ਕੇ ਓਸ ਨੂੰ ਹਾਸਲ ਕਰ ਚੁੱਕੇ ਮੁਕੰਮਲ ਖ਼ੁਦਮੁਖਤਿਆਰ ਮਨੁੱਖਾਂ ਨੂੰ ਹੀ ਆਪਣੀ ਮਸਨਦ (ਤਖ਼ਤ) ਉੱਤੇ ਬਿਠਾਇਆ। ਇਉਂ ਮੁਕੰਮਲ ਹੋਇਆ ਗੁਰੂ ਨਾਨਕ ਸਾਹਿਬ ਦਾ ਮਨੁੱਖਤਾ ਨਾਲ ਕੀਤਾ ਕੌਲ (ਵਚਨ) ਕਿ ਉਹ ਆਮ ਮਨੁੱਖਾਂ ਨੂੰ ਹੀ ਨਹੀਂ, ਪਸ਼ੂ ਤੇ ਪ੍ਰੇਤ ਬਿਰਤੀ ਵਾਲਿਆਂ ਨੂੰ ਵੀ ਦੇਵਤਿਆਂ ਵਿੱਚ ਤਬਦੀਲ ਕਰ ਕੇ ਮੁਕਤੀ ਦੀ ਮਹੀਨ (ਬਾਰੀਕ) ਪਗਡੰਡੀ ਨੂੰ ਗਾਡੀ ਰਾਹ ਜਾਂ ਜਰਨੈਲੀ ਸੜਕ ਬਣਾ ਦੇਣ ਲਈ ਸੰਸਾਰ ਉੱਤੇ ਆਏ ਹਨ।
ਜੋ ਤੌਰ-ਤਰੀਕੇ ਗੁਰੂ ਨਾਨਕ ਜੀ ਨੇ ਸਾਰੀ ਲੁਕਾਈ ਨੂੰ ਏਸ ਪਾਕ ਮੁਕਾਮ ਤੱਕ ਲੈ ਜਾਣ ਲਈ ਵਰਤੇ ਉਹਨਾਂ ਨੂੰ ਆਪਣੀ ਕੁਵਤ (ਸਮਰੱਥਾ) ਅਨੁਸਾਰ ਸਮਝਣਾ ਹੀ ਏਸ ਲਿਖਤ ਦਾ ਮਜ਼ਮੂਨ ਹੈ। ਇਹ ਪਰਚਾ ਇੱਕ ਆਮ ਜਾਣਕਾਰੀ ਹਾਸਲ ਕਰਨ ਦੀ ਚਾਹ ਰੱਖਣ ਵਾਲੇ ਨੇ ਉਹਨਾਂ ਆਮ ਲੋਕਾਂ ਲਈ ਲਿਖਿਆ ਹੈ, ਜੋ ਘੱਟੋ-ਘੱਟ ਇੱਕ ਪਲ ਗੁਰੂ ਨਾਨਕ ਸਾਹਿਬ ਪੰਧ ਦੇ ਨੇੜੇ ਰਹਿ ਕੇ ਚੱਲਣ ਦੀ ਜ਼ਹਮਤ (ਖੇਚਲ਼) ਉਠਾ ਸਕਦੇ ਹੋਣ। ਗੁਰੂ ਦੀ ਮਤ ਦੇ ਡੂੰਘੇ ਮਰਮ (ਭੇਤ) ਏਸ ਪਹੁੰਚ ਰਾਹੀਂ ਸਮਝਣ ਦੀ ਕੋਸ਼ਿਸ਼ ਤਾਂ ਹੋ ਸਕਦੀ ਹੈ ਪਰ ਏਸ ਤੋਂ ਉਤਾਂਹ ਦਾਈਆ (ਕੋਈ ਟੀਚਾ) ਨਹੀਂ।
ਇੱਕ ਜਨਮ ਸਾਖੀ ਦੱਸਦੀ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਮਿਲਣ ਪਰਖਣ ਆਈਆਂ ਧਾਰਮਿਕ ਹਸਤੀਆਂ ਨੇ ਆਪਣਾ ਬਿਆਨ ਦਰਜ ਕਰਵਾਇਆ ‘‘ਤਬ ਹਿੰਦੂ ਮੁਸਲਮਾਨ ਸਭਨਹ ਮਹਿ ਇਹ ਬਾਤ ਚੱਲ ਪੜੀ।…ਜਿ ਇਸ ਕਾ ਮਾਰਗ ਕਵਣ ਹੈ। ਨਾ ਏਸ ਕਾ ਜੋਗੀ ਕਾ ਮਾਰਗ ਹੈ, ਨਾ ਏਸ ਸਨਿਆਸੀਆਂ ਕਾ ਮਾਰਗ ਹੈ, ਨਾ ਏਸ ਤਪਿਆ ਕਾ ਮਾਰਗ ਹੈ, ਨ ਏਸ ਕਾਜੀਆਂ ਕਾ ਮਾਰਗ, ਨਾ ਏਸ ਮੌਲਾਣਿਆਂ ਕਾ ਮਾਰਗ, ਨਾ ਇਸ ਹਿੰਦੂਆਂ ਕਾ ਮਾਰਗ, ਨਾ ਮੁਸਲਮਾਨਾਂ ਕਾ ਮਾਰਗ, ਨਾ ਇਹ ਵੇਦ ਕੇ ਰਾਹਿ, ਨਾ ਇਹ ਕਤੇਬ ਕੇ ਰਾਹਿ ਪਰ ਹੋਇ।’’ ਓਸ ਵੇਲੇ ਦੇ ਇੱਕ ਹਿੰਦੂ ਖੱਤਰੀ ਨੇ ਦਿੱਲੀ ਸੁਲਤਾਨ ਕੋਲ ਸ਼ਿਕਾਇਤ ਕੀਤੀ ਕਿ ‘‘ਨਾ ਉਹ ਬੇਦ ਨੂੰ ਮੰਨਦਾ ਹੈ, ਨਾ ਕਤੇਬ ਨੂੰ ਮੰਨਦਾ ਹੈ।’’
ਆਪਣੇ ਸਮਿਆਂ ਦੀਆਂ ਅਨੇਕਾਂ ਔਕੜਾਂ ਨੂੰ ਦਰਕਿਨਾਰ ਕਰ ਕੇ ਗੁਰੂ ਨਾਨਕ ਜੀ ਨੇ ਆਪਣੀ ਬਾਲਗ ਹਯਾਤੀ (ਜ਼ਿੰਦਗੀ) ਦਾ ਤੀਜਾ ਹਿੱਸਾ ਮੁਖ਼ਤਲਿਫ਼ (ਭਾਵ ਵੱਖਰੇ) ਧਰਮਾਂ ਦੇ ਮਰਕਜ਼ (ਕੇਂਦਰ) ਵਿੱਚ ਜਾ ਕੇ ਆਪਣੀ ਸੋਚ ਬਾਰੇ ਜਾਣਕਾਰੀ ਧਰਮ ਗੁਰੂਆਂ, ਮਠਾਧੀਸ਼ਾਂ ਆਦਿ ਨੂੰ ਦਿੱਤੀ। ਇਹਨਾਂ ਦੌਰਿਆਂ ਦੌਰਾਨ ਉਹਨਾਂ ਨੇ ਆਪਣੇ ਨਵੇਂ ਨਿਕੋਰ ਅਕੀਦੇ (ਨਵੇਂ ਸ਼ੁੱਧ ਧਾਰਮਿਕ ਵਿਸ਼ਵਾਸ) ਜ਼ਾਹਰ ਕੀਤੇ। ਭਾਈ ਗੁਰਦਾਸ ਜੀ ਦੱਸਦੇ ਹਨ ਕਿ ਮੱਕੇ ਦੇ ਮੁਕੱਦਸ (ਪਵਿੱਤਰ) ਮੁਕਾਮ ਉੱਤੇ ਉਹਨਾਂ ਨੂੰ ਹਾਜੀਆਂ ਨੇ ਪੁੱਛਿਆ, ‘‘ਹਿੰਦੂ ਵਡਾ ਕਿ ਮੁਸਲਮਾਨੋਈ।’’ ਉਹਨਾਂ ਦਾ ਜਵਾਬ ਸੀ, ‘‘ਬਾਬਾ ਆਖੇ ਹਾਜੀਆ; ਸੁਭ ਅਮਲਾ ਬਾਝਹੁ, ਦੋਨੋ ਰੋਈ।’’ (ਵਾਰ ੧ ਪਉੜੀ ੩੩) ਏਸ ਕਥਨ ਦਾ ਮਾਅਨਾ ਸਮਝਣ ਵਾਲੇ ਦੱਸਦੇ ਹਨ ਕਿ ਗੁਰੂ ਜੀ ਆਖਦੇ ਹਨ ‘ਮਹਿਜ ਕਿਸੇ ਖ਼ਾਸ ਧਰਮ ਨੂੰ ਲਫ਼ਜ਼ੀ ਕਬੂਲ ਕਰਨ ਨਾਲ ਜਾਂ ਉਸ ਦੀਆਂ ਰਸਮਾਂ ਨਿਭਾਉਣ ਨਾਲ ਕੋਈ ਮਨੁੱਖ ਧਾਰਮਿਕ ਨਹੀਂ ਹੋ ਜਾਂਦਾ। ਹਰ ਧਾਰਮਿਕ ਅਖਵਾਉਣ ਵਾਲੇ ਸ਼ਖ਼ਸ ਲਈ ਲਾਜ਼ਮੀ ਹੈ ਕਿ ਉਹ ਆਪਣੇ ਧਰਮ ਦੇ ਮਰਮ (ਭੇਤ) ਨੂੰ ਜਾਣ ਕੇ ਚੰਗੇ ਦੱਸੇ ਜਾਂਦੇ ਕਰਮ ਕਰੇ ਅਤੇ ਕੁੱਲ ਲੋਕਾਈ ਲਈ ਮੁਫ਼ੀਦ (ਗੁਣਕਾਰੀ) ਅਸੂਲਾਂ ਅਨੁਸਾਰ ਜੀਵਨ ਜਿਊਣ ਵਾਲਾ ਬਣੇ। ਤਾਹੀਏਂ ਉਹ ਧਾਰਮਿਕ ਅਖਵਾਉਣ ਦਾ ਹੱਕਦਾਰ ਹੋ ਸਕਦਾ ਹੈ।’
ਅਰਬੀ ਦੀ ਇੱਕ ਕਿਤਾਬ ਵਿੱਚ ਦਰਜ ਅਜਿਹਾ ਇੱਕ ਹੋਰ ਸਵਾਲ ਹੈ। ਗੁਰੂ ਜੀ ਨੂੰ ਪੁੱਛਿਆ ਗਿਆ ‘ਤੂੰ ਕਿਸ ਮਜ਼ਹਬ ਦਾ ਬੰਦਾ ਹੈ ?’ ਤਾਂ ਉਹਨਾਂ ਜੁਆਬ ਦਿੱਤਾ, ‘ਮੈਂ ਲਾ-ਮਜ਼ਹਬ ਹਾਂ (ਭਾਵ ਕੋਈ ਮਜ਼ਹਬ ਨਹੀਂ)। ਨਾਨਕ ਮੇਰਾ ਨਾਂ ਹੈ।’ ਇਹੋ ਜੁਆਬ ਸਿੱਖ ਅਦਬ ਵਿੱਚ ਇੱਕ ਫਿਕਰੇ ਵਿੱਚ ਇਉਂ ਲਿਖਿਆ ਮਿਲਦਾ ਹੈ, ‘ਪੰਚ ਤੱਤ ਕੋ ਪੂਤਰੋ ਨਾਨਕ ਮੇਰਾ ਨਾਉ’।
ਸੁਮੇਰ ਪਰਬਤ ਉੱਤੇ ਗਏ ਗੁਰੂ ਜੀ ਨੇ ਜਦੋਂ ਸਿੱਧਾਂ ਨੂੰ ਆਪਣੇ ਆਲਮੀ ਇਨਕਲਾਬ ਬਾਰੇ ਦੱਸਿਆ ਤਾਂ ਉਹਨਾਂ ਏਸ ਨੂੰ ਨਾ-ਮੁਮਕਿਨ ਜਾਣ ਕੇ ਪੁੱਛਿਆ ਕਿ ‘ਤੇਰੇ ਕੋਲ ਕੀ ਕਰਾਮਾਤ ਹੈ, ਜਿਸ ਦੀ ਮਦਦ ਨਾਲ ਤੂੰ ਮੋਮ ਦੇ ਦੰਦਾਂ ਨਾਲ ਲੋਹਾ ਚੱਬਣ ਦੇ ਮਨਸੂਬੇ ਮਨ ਵਿੱਚ ਵਸਾਈ ਫਿਰ ਰਿਹਾ ਹੈਂ ?’ ਗੁਰੂ ਜੀ ਦਾ ਜੁਆਬ ਸੀ, ‘ਮੈਂ ਆਪਣੀ ਪਛਾਣ ਕੀਤੀ ਸਚਾਈ ਦੀ ਨਿੱਗਰ ਨੀਂਹ ਉੱਤੇ ਆਪਣੇ-ਆਪ ਨੂੰ ਸਾਧ ਚੁੱਕੇ ਖ਼ੁਦਮੁਖ਼ਤਿਆਰ ਲੋਕਾਂ ਦੇ ਸਹਾਰੇ ਨਾਲ ਮਨੁੱਖੀ ਮਨਾਂ ਵਿੱਚ ਇਹ ਤਬਦੀਲੀ ਲਿਆਵਾਂਗਾ ਅਤੇ ਸਹਿਜੇ ਹੀ ਆਪਣਾ ਟੀਚਾ ਹਾਸਲ ਕਰਾਂਗਾ।’ ਏਸ ਬਚਨ ਰਾਹੀਂ ਗੁਰੂ ਜੀ ਦੱਸਦੇ ਹਨ ਕਿ ਸੱਚੇ ਅਮਲ ਅਤੇ ਸੱਚੇ ਆਜ਼ਾਦ ਮਨੁੱਖੀ ਮਨ ਹੀ ਓਸ ਦੀ ਆਲਮੀ ਫ਼ਤਿਹ ਦੇ ਹਥਿਆਰ ਤੇਗ਼, ਤੋਪ ਬਣਨਗੇ।
ਆਪਣੀ ਇੱਕ ਲੰਮੀ ਉਦਾਸੀ ਦੇ ਆਖ਼ਰੀ ਪੜਾਅ ਉੱਤੇ ਗੁਰੂ ਜੀ ਨੇ ਮੁਲਤਾਨ ਆ ਕੇ ਆਪਣੇ ਪਾਕ ਮਨਸੂਬੇ ਦਾ ਤੱਤਸਾਰ ਲੋਕਾਈ ਨੂੰ ਦੱਸਿਆ। ਮੁਲਤਾਨ ਪੀਰਾਂ, ਫ਼ਕੀਰਾਂ, ਔਲੀਆਂ, ਸਾਧੂਆਂ, ਸੰਤਾਂ, ਜੋਗੀਆਂ ਦਾ ਮਸ਼ਹੂਰ ਮੁਕਾਮ (ਸ਼ਹਿਰ) ਸੀ।
ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਮਹਿਮਾਨ ਨਾਨਕ ਜੀ ਨੂੰ ਦੁੱਧ ਦਾ ਲਬਾ-ਲਬ ਭਰਿਆ ਕਟੋਰਾ ਪੇਸ਼ ਕੀਤਾ। ਏਸ ਸ਼ਾਇਸਤਾ (ਢੁੱਕਵੇਂ) ਇਸ਼ਾਰੇ ਵਿੱਚ ਰਮਜ਼ ਸੀ ਕਿ ਮੁਲਤਾਨ ਵਿੱਚ ਤਾਂ ਹਰ ਮਜ਼ਹਬੀ ਖ਼ਿਆਲ ਨੂੰ ਸਮਝਣ, ਆਖਣ ਵਾਲੇ ਬੜੇ-ਬੜੇ ਦਾਨਾਅ (ਦਾਤਾਰ) ਦਰਵੇਸ਼ ਰਹਿੰਦੇ ਹਨ ਤੂੰ ਏਥੇ ਆ ਕੇ ਨਵਾਂ ਕੀ ਆਖੇਂਗਾ ? ਕਾਮਲ (ਸਮਰੱਥ) ਗੁਰੂ ਨੇ ਚਮੇਲੀ ਦਾ ਫੁੱਲ; ਦੁੱਧ ਉੱਤੇ ਰੱਖ ਕੇ ਜੁਆਬ ਦਿੱਤਾ ਕਿ ਉਹ ਕਿਸੇ ਵਿਚਾਰ ਨੂੰ ਉਖੇੜਨ ਜਾਂ ਉਸ ਦਾ ਬਦਲ ਦੇਣ ਨਹੀਂ ਆਏ। ਉਹ ਤਾਂ ਇੱਕ ਸਾਂਝਾ ਇਲਾਹੀ ਸੁਨੇਹਾ ਦੇਣ ਆਏ ਹਨ ਜਿਸ ਨੂੰ ਅਪਣਾਅ ਲੈਣਾ ਸਭ ਲਈ ਲਾਹੇਵੰਦ ਹੋਵੇਗਾ। ਇਸ਼ਾਰੇ ਨਾਲ ਆਖਿਆ ਕਿ ਮੇਰੇ ਵਿਚਾਰ ਹਰ ਧਰਮ ਦਾ ਸ਼ਿੰਗਾਰ, ਇਨਸਾਨੀਅਤ ਨੂੰ ਖ਼ੁਸ਼ਬੋ, ਤਾਜ਼ਗੀ ਅਤੇ ਖੇੜਾ ਬਖ਼ਸ਼ਣ ਵਾਲੇ ਹਨ। ਜੋ ਇਹਨਾਂ ਨੂੰ ਕਬੂਲ ਕਰੇਗਾ ਇਹ ਉਸ ਨੂੰ ਆਪਣੇ ਅਕੀਦੇ ਉੱਤੇ ਕਾਇਮ ਰਹਿੰਦੇ ਹੋਏ ਨੂੰ ਵੀ ਸਰਸ਼ਾਰ (ਮਸਤ) ਕਰਨਗੇ।’
ਜਾਪਦਾ ਹੈ ਕਿ ਗੁਰੂ ਨਾਨਕ ਜੀ ਦੇ ਮਤ ਦਾ ਇਹੋ ਅਸੂਲ ਨਵਾਂ ਹੈ ਕਿ ਬੁਨਿਆਦੀ ਤੌਰ ਉੱਤੇ ਕਿਸੇ ਨੂੰ ਆਪਣਾ ਅਕੀਦਾ ਤਬਦੀਲ ਕਰਨ ਦੀ ਲੋੜ ਨਹੀਂ। ਹਰ ਮਨੁੱਖ ਜੋ ਧਾਰਮਿਕ ਜੀਵਨ ਦਾ ਆਨੰਦ ਮਾਨਣਾ ਚਾਹੁੰਦਾ ਹੈ, ਆਪਣੀ ਰੂਹ ਵਿੱਚ ਅਰਸ਼ੀ ਹੁਲਾਰੇ ਦਾ ਅਹਿਸਾਸ ਕਰਨਾ ਚਾਹੁੰਦਾ ਹੈ, ਆਪਣੇ ਪਾਕ ਅਕੀਦਿਆਂ ਉੱਤੇ ਗੁਰੂ ਨਾਨਕ; ਸੱਚ ਨੂੰ ਪਿਉਂਦ ਕਰ ਸਕਦਾ ਹੈ। ਚਮੇਲੀ ਦੇ ਫੁੱਲ ਰਾਹੀਂ ਦਿੱਤੇ ਸੁਨੇਹੇ ਦੀ ਗੁਰੂ ਨਾਨਕ ਜੀ ਦੇ ਪਵਿੱਤਰ ਸੁਖ਼ਨਾਂ (ਵਚਨਾਂ) ਵਿੱਚ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ :
ਸਾਝ ਕਰੀਜੈ ਗੁਣਹ ਕੇਰੀ; ਛੋਡਿ ਅਵਗਣ ਚਲੀਐ ॥ (ਮ: ੧, ਪੰਨਾ ੭੬੬)
ਗੁਣਾ ਕਾ ਹੋਵੈ ਵਾਸੁਲਾ; ਕਢਿ ਵਾਸੁ ਲਈਜੈ ॥ (ਮ: ੧, ਪੰਨਾ ੭੬੫)
ਏਸ ਪ੍ਰਸੰਗ ਵਿੱਚ ਗੁਰੂ ਜੀ ਇੱਕ ਹੋਰ ਅਹਿਮ ਨੁਕਤੇ ਵੱਲ ਵੀ ਇਸ਼ਾਰਾ ਕਰਦੇ ਹਨ, ਜਿਸ ਬਾਰੇ ਕਈ ਵਾਰ ਖੁੱਲ੍ਹ ਕੇ ਗੱਲ ਵੀ ਕਰਦੇ ਹਨ। ਉਹ ਆਖਦੇ ਹਨ ਕਿ ਅੰਤਮ ਸੱਚ (ਅਕਾਲ ਪੁਰਖ, ਅੱਲਾਹ, ਪਾਰਬਰਹਮ) ਹਰ ਪੱਖੋਂ ਪਾਕ ਸੁਨੇਹੇ ਹੀ ਮਨੁੱਖਤਾ ਨੂੰ ਦਿੰਦਾ ਹੈ, ਚਾਹੇ ਉਹ ਕਿਸੇ ਪੈਗ਼ੰਬਰ, ਅਵਤਾਰ ਜਾਂ ਗੁਰੂ ਰਾਹੀਂ ਦੇਵੇ, ਪਰ ਖ਼ੁਦਗਰਜ਼ ਪੁਜਾਰੀ ਜਮਾਤ ਆਪਣੀ ਲੋੜ ਅਨੁਸਾਰ ਉਹਨਾਂ ਉਪਦੇਸ਼ਾਂ ਦਾ ਹੁਲੀਆ ਵਿਗਾੜ ਦਿੰਦੀ ਹੈ। ਗੁੰਮਰਾਹ ਹੋ ਕੇ ਲੋਕ, ਧਰਮ ਦੇ ਨਾਂ ਉੱਤੇ ਅਧਰਮ ਕਰਨ ਲੱਗ ਪੈਂਦੇ ਹਨ। ਪੁਜਾਰੀ ਜਮਾਤ ਬਾਰੇ ਸਾਹਿਬਾਂ ਦਾ ਫ਼ੁਰਮਾਨ ਹੈ: ‘‘ਕਾਦੀ ਕੂੜੁ ਬੋਲਿ, ਮਲੁ ਖਾਇ ॥ ਬ੍ਰਾਹਮਣੁ ਨਾਵੈ; ਜੀਆ ਘਾਇ ॥ ਜੋਗੀ; ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥’’ (ਮ: ੧, ਪੰਨਾ ੬੬੨), ਗੁਰੂ ਜੀ ਦੇ ਮੱਤ ਅਨੁਸਾਰ ਪੁਜਾਰੀ ਜਮਾਤ ਧਰਮ ਦਾ ਨੁਕਸਾਨ ਕਰਨ ਦਾ ਪੱਕਾ ਪ੍ਰਬੰਧ ਹੈ।
ਏਸ ਉਜਾੜੇ ਤੋਂ ਬਚਣ ਲਈ ਕਈ ਵਾਰ ਧਰਮ ਦੇ ਮਰਮ (ਰਾਜ਼) ਦੀ ਸੋਝੀ ਰੱਖਣ ਵਾਲਿਆਂ ਨੂੰ ਉਨ੍ਹਾਂ ਦੇ ਹੀ ਧਰਮ ਦੇ ਅਸਲ ਉਪਦੇਸ਼ ਦੱਸ ਕੇ ਉਹਨਾਂ ਨੂੰ ਗਲ਼ ਲਾਉਣ ਲਈ ਪ੍ਰੇਰਦੇ ਹਨ। ਉਹ ਹਰ ਧਰਮ ਦੀ ਡੂੰਘੀ ਜਾਣਕਾਰੀ, ਵਾਕਫ਼ੀਅਤ ਰੱਖਦੇ ਹਨ। ਇਸਲਾਮ ਬਾਰੇ ਤਾਂ ਉਹ ਦੁਨਿਆਵੀ ਇਲਮ ਤੋਂ ਵੀ ਪੂਰੇ ਵਾਕਫ਼ ਹਨ। ਆਖ਼ਰ ਸੁਲਤਾਨਪੁਰ ਲੋਧੀ, ਜਿੱਥੇ ਗੁਰੂ ਜੀ ਕਈ ਸਾਲ ਰਹੇ, ਇਸਲਾਮ ਦਾ ਮਸ਼ਹੂਰ ਮਦਰੱਸਾ ਸੀ, ਜਿਸ ਵਿੱਚ ਮਗਰੋਂ ਬਾਦਸ਼ਾਹ ਔਰੰਗਜ਼ੇਬ ਨੇ ਵੀ ਇਲਮ ਹਾਸਲ ਕੀਤਾ ਸੀ। ਜਦੋਂ ਗੁਰੂ ਸਾਹਿਬ ਦੇ ਕੀਰਤਨ ਨੂੰ ਇਸਲਾਮ ਅਨੁਸਾਰ ਅਵੈਧ ਦੱਸਿਆ ਗਿਆ ਤਾਂ ਗੁਰੂ ਸਾਹਿਬ ਨੇ ਉਸ ਹਦੀਸ (ਪੈਗ਼ੰਬਰੀ ਬੋਲ) ਦਾ ਜ਼ਿਕਰ ਕੀਤਾ ਜਿਸ ਬਾਰੇ ਕੇਵਲ ਆਲਮ ਫ਼ਾਜਿਲ (ਖ਼ਾਸ ਬੁਧੀਜੀਵੀ) ਹੀ ਜਾਣਦੇ ਸਨ। ਇਹ ਹਦੀਸ ਪਾਕ ਨਬੀ ਦੇ ਹਜ਼ਰਤ ਆਇਸ਼ਾ ਸਮੇਤ ਵਿਆਹ ਵਿੱਚ ਸ਼ਿਰਕਤ ਕਰਨ ਬਾਰੇ ਹੈ ਜਿੱਥੇ ਉਹਨਾਂ ਨੂੰ ਵੇਖਦਿਆਂ ਹੀ ਕੁੜੀਆਂ ਨੇ ਗੀਤ ਗਾਉਣੇ ਬੰਦ ਕਰ ਦਿੱਤੇ, ਪਰ ਨਬੀ ਨੇ ਉਹਨਾਂ ਨੂੰ ਖੁੱਲ੍ਹ ਕੇ ਗਾਉਣ ਲਈ ਆਖਿਆ।
ਆਪਣੇ ਧਰਮ ਦੀ ਘੱਟ ਵਾਕਫ਼ੀਅਤ ਰੱਖਣ ਵਾਲੇ ਕੀ-ਕੀ ਕਹਿਰ ਗੁਜ਼ਾਰਦੇ ਹਨ ਏਸ ਦੀਆਂ ਮੁਗ਼ਲ ਇਤਿਹਾਸ ਵਿੱਚ ਕਈ ਨਜ਼ੀਰਾਂ (ਦ੍ਰਿਸ਼ਟਾਂਤ) ਹਨ। ਜੇ ਸੂਬਾ ਸਰਹਿੰਦ ਨੇ ਪਾਕ ਨਬੀ ਦਾ ਖੁਤਬਾ-ਏ-ਹਿਜਾਤੁਲ ਵਿਦਾਅ ਪੜ੍ਹਿਆ ਹੁੰਦਾ ਤਾਂ ਉਹ ਕਦੇ ਵੀ 7 ਅਤੇ 9 ਸਾਲਾਂ ਦੇ ਬਾਲਾਂ ਨੂੰ ਪਿਤਾ ਦੇ ਸਿਰ ਮੜ੍ਹੇ ਜੁਰਮਾਂ ਬਦਲੇ ਜਿਊਂਦੇ ਨੀਹਾਂ ਵਿੱਚ ਨਾ ਚਿਣਵਾਉਂਦਾ। ਨਵਾਬ ਮਲੇਰਕੋਟਲੇ ਨੂੰ ਧਰਮ ਦਾ ਇਹ ਮਰਮ ਪਤਾ ਸੀ। ਤਾਹੀਂਏ ਉਸ ਨੇ ਹਾਅ ਦਾ ਨਾਅਰਾ ਮਾਰਿਆ। ਅਜਿਹੀ ਨਾਵਾਕਫ਼ੀਅਤ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਪਰ ਮਲੇਰਕੋਟਲਾ ਅੱਜ ਵੀ ਘੁੱਗ (ਖੁਸ਼ਹਾਲ) ਵੱਸਦਾ ਹੈ।
ਗੁਰੂ ਜੀ ਜਾਣਦੇ ਸਨ ਕਿ ਸਭ ਧਾਰਮਿਕ ਮਨੁੱਖਾਂ ਨੇ ਅਕਾਲ ਪੁਰਖ ਦੇ ਗੁੱਝੇ ਨੇਮਾਂ ਦਾ ਸਾਰੀ ਲੋਕਾਈ ਉੱਤੇ ਇਕਸਾਰ ਲਾਗੂ ਹੋਣਾ ਪ੍ਰਵਾਨ ਕੀਤਾ ਹੈ। ਇਹ ਕੁਦਰਤ ਦੇ ਭੇਤ ਆਮ ਮਨੁੱਖ ਥੋੜ੍ਹੀ ਜਿਹੀ ਘਾਲਣਾ ਨਾਲ ਹੀ ਬੁੱਝ ਲੈਂਦੇ ਹਨ। ਫਿਰ ਇਹ ਰੁਝਾਨ ਉਨ੍ਹਾਂ ਦੇ ਸੁਚੇਤ ਮਨ ਨੂੰ ਅਸੀਮ ਖਿੱਚ ਪਾਉਂਦਾ ਹੈ ਅਤੇ ਮਨੁੱਖ ਆਖ਼ਰੀ ਸੱਚ ਵੱਲ ਹਾਲ ਦੀ (ਅਜੋਕੀ) ਹਾਲਤ ਵਿੱਚ ਬੇਬਸ ਹੋ ਕੇ ਖਿੱਚਿਆ ਚਲਿਆ ਜਾਂਦਾ ਹੈ। ਸਮੁੱਚੀ ਮਨੁੱਖ ਜਾਤੀ ਵਿੱਚ ਇੱਕ ਵੱਡੀ ਅਤੇ ਪੀਢੀ ਸਾਂਝ ਸਹਿਜ ਨਾਲ ਹੀ ਸਥਾਪਤ ਹੋ ਜਾਂਦੀ ਹੈ। ਸਾਧੇ (Disciplined) ਲੋਕਾਂ ਦਾ ਨਾਨਕ ਜੀ ਦੇ ਤਸੱਵਰ (ਸਿਧਾਂਤ) ਦਾ ਸਮਾਜ ਇਸ ਸਾਂਝ ਦਾ ਪ੍ਰਤੀਕ ਹੈ ਅਤੇ ਇਹ ਪੱਕੇ ਤੌਰ ਉੱਤੇ ਮਨੁੱਖੀ ਮਨਾਂ ਨੂੰ ਜੋੜਨ ਲਈ ਗੂੰਦ ਦਾ ਕੰਮ ਕਰਦਾ ਹੈ।
ਗੁਰੂ ਨਾਨਕ ਸਾਹਿਬ ਦਾ ਗੁਣਤੰਤਰ :
ਗੁਰੂ ਨਾਨਕ ਜੀ ਨੇ ਆਪਣੇ ਸਮੁੱਚੇ ਕੰਮ ਨੂੰ ਕਈ ਹਿੱਸਿਆਂ ਵਿੱਚ ਵੰਡ ਲਿਆ। ਉਹਨਾਂ ਦਾ ਪਹਿਲਾ ਤੇ ਸਭ ਤੋਂ ਮੁਸ਼ਕਲ ਟੀਚਾ ਇੱਕ ਸਮਾਜ ਸਿਰਜਣਾ ਸੀ, ਜੋ ਕੇਵਲ ਅਕਾਲ ਪੁਰਖ ਦੇ ਸਰਬ ਕਲਿਆਣਕਾਰੀ ਗੁਣਾਂ ਉੱਤੇ ਉਸਰਿਆ ਹੋਵੇ। ਉਹਨਾਂ ਨੇ ਪੜਾਅਵਾਰ ਇਸ ਟੀਚੇ ਨੂੰ ਸਰ ਕਰਨ ਲਈ ਕੰਮ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਅੰਤਮ ਸੱਚ ਦੇ ਦੈਵੀ ਗੁਣਾਂ ਨੂੰ ਆਪਣੀ ਬਾਣੀ ਰਾਹੀਂ ਪ੍ਰਗਟ ਕੀਤਾ ਅਤੇ ਫੇਰ ਇਸ ਨੂੰ ਦਿਲੋਂ-ਮਨੋਂ ਕਬੂਲ ਕਰਨ ਵਾਲਿਆਂ ਦਾ ਸਮਾਜ ਸਿਰਜਿਆ। ਉਹਨਾਂ ਝੱਟ ਭਾਂਪ ਲਿਆ ਕਿ ਏਸ ਵਾਸਤੇ ਇੱਕ ਮਨੁੱਖੀ ਹਯਾਤੀ (ਜ਼ਿੰਦਗੀ) ਕਾਫ਼ੀ ਨਹੀਂ। ਉਹਨਾਂ ਆਪਣੀ ਉਮਰ ਨੂੰ ਇੱਕ ਅਨੋਖੀ ਤਰਕੀਬ ਰਾਹੀਂ 239 ਸਾਲ ਕੀਤਾ ਅਤੇ ਏਸ ਤੋਂ ਬਾਅਦ ਆਪਣੇ ਕਲਾਮ ਨੂੰ ਸਦੀਵੀ ਗੁਰੂ (ਉਸਤਾਦ) ਵਜੋਂ ਗੁਰੂ ਦੀ ਮਸਨਦ (ਸਿੰਘਾਸਣ) ਉੱਤੇ ਬਿਰਾਜਮਾਨ ਕੀਤਾ। ਇਉਂ ਉਨ੍ਹਾਂ ਯਕੀਨੀ ਬਣਾਇਆ ਕਿ ਸੱਚ ਦੇ ਉਪਦੇਸ਼ ਦਾ ਤੇਜ਼ ਅਤੇ ਵੇਗ ਕਦੇ ਵੀ ਮੱਠਾ ਨਾ ਹੋਵੇ। ਦਸਵੇਂ ਨਾਨਕ ਦਾ ਆਖ਼ਰੀ ਫ਼ੁਰਮਾਨ ਸੀ, ‘ਸਿੱਖ ਪਰਚਾ ਸ਼ਬਦ ਦਾ ਲਾਵੇ।’
ਓਸ ਦਾ ਸਿੱਖ ਆਪਣੇ ਕਿਰਦਾਰ ਨੂੰ ਸਦਾ ਗੁਰੂ ਦੇ ਬਚਨ ਦੀ ਕਸਵੱਟੀ ਲਾ ਕੇ ਪਰਖਦਾ ਰਹੇ। ਇਹਨਾਂ 239 ਸਾਲਾਂ ਵਿੱਚ ਗੁਰੂ ਜੀ ਨੇ ਸੱਚ ਨੂੰ ਸਭ ਤੋਂ ਉੱਪਰ ਕਾਇਮ ਕਰਨ ਲਈ ਅਨੇਕਾਂ ਸਰੀਰਕ ਦੁੱਖ ਸਹਾਰੇ। ਤੱਤੀਆਂ ਤਵੀਆਂ ਉੱਤੇ ਬੈਠੇ, ਸਿਰ ਕਲਮ ਕਰਵਾਏ, ਬੱਚੇ ਕੁਰਬਾਨ ਕੀਤ ਗਏੇ। ਉਹਨਾਂ ਦੀ ਅਗਵਾਈ ਕਬੂਲ ਕਰਨ ਵਾਲਾ ਸਮਾਜ ਉਹਨਾਂ ਦੀ ਏਸ ਕਰਨੀ ਤੋਂ ਪਕਿਆਈ ਨਾਲ ਸਮਝ ਗਿਆ ਕਿ ਆਖ਼ਰੀ ਸੱਚ ਦੇ ਰਾਹ ਚੱਲਦਿਆਂ ਹਰ ਕੁਰਬਾਨੀ ਕਰਨਯੋਗ ਹੈ। ਇਉਂ ਤਿਆਰ ਹੋਈ ਕੁਠਾਲੀ ਵਿੱਚ ਪਾ ਕੇ ਸਾਧੀ ਹੋਈ ਸੰਗਤ, ਜਿਸ ਦਾ ਹਲਕਾ ਜਿਹਾ ਅਕਸ (ਦ੍ਰਿਸ਼) ਗੁਰੂ ਨੇ ਜੋਗੀਆਂ ਨੂੰ ਸੁਮੇਰ ਪਰਬਤ ਉੱਤੇ ਵਿਖਾਇਆ ਸੀ ਅਤੇ ਜੋ ਉਹਨਾਂ ਦੇ ਇਨਕਲਾਬ ਦਾ ਇੱਕ ਪਹੀਆ ਹੈ। ਤੀਸਰੀ ਅਤੇ ਆਖ਼ਰੀ ਤਰਕੀਬ ਵਜੋਂ, ‘‘ਕਰਤਾ ! ਤੂੰ ਸਭਨਾ ਕਾ ਸੋਈ ॥’’ (ਮ: ੧, ਪੰਨਾ ੩੬੦) ਦੀਆਂ ਸਿਫ਼ਤਾਂ ਦੇ ਮੁਜੱਸਮੇ ਵਜੋਂ ਦਸਵੇਂ ਨਾਨਕ ਜੀ ਨੇ ਖ਼ਾਲਸਾ ਸਾਜਿਆ। ਸਭ ਭਰਮ ਭੁਲੇਖੇ ਤਿਆਗ ਚੁੱਕੀ, ਆਪਣੇ-ਆਪ ਨੂੰ ਗੁਰਮਤਿ-ਅਸੂਲਾਂ ਵਿੱਚ ਢਾਲ਼ ਚੁੱਕੀ ਸੰਗਤ ਦਾ ਸਮੁੰਦਰ ਮੰਥਨ ਕਰ ਕੇ ਨੌਂ ਰਤਨਾਂ ਵਾਂਗ ਦਸਮੇਸ਼ ਨੇ ਅੰਮ੍ਰਿਤ ਨੂੰ ਪ੍ਰਗਟ ਕੀਤਾ। ਖ਼ਾਲਸਾ ਸੰਸਥਾ ਮੁਕੰਮਲ ਤੌਰ ਉੱਤੇ ਖ਼ੁਦਮੁਖ਼ਤਿਆਰ ਅਤੇ ਸੰਸਾਰ ਦੇ ਤਖ਼ਤ ਉੱਤੇ ਵੱਡੀਆਂ, ਪਹਾੜ ਜਿੱਡੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਥਾਪੀ ਗਈ ਪਹਿਲੀ ਸੰਸਥਾ ਹੈ। ਏਸ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਸਦੀਵੀ ਸਰੀਰਕ ਗੁਰੂ ਬਣ ਕੇ ਵਿਚਰਨਾ ਹੈ।
ਏਸ ਬੇਹੱਦ ਸੰਜੀਦਾ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਖ਼ਾਲਸੇ ਨੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਨੂੰ ਖਾਲਸਾ ਸੰਸਥਾ (Order of The Khalsa) ਵਿੱਚ ਸ਼ਾਮਲ ਕੀਤਾ। ਇਹ ਧਰਤ-ਹਿਲਾਊ ਵਾਕਿਆ ਖ਼ਾਲਸਾ ਸਾਜਣ ਤੋਂ ਤੁਰੰਤ ਬਾਅਦ ਵਾਪਰਿਆ ਜਦੋਂ ਗੋਬਿੰਦ ਗੁਰੂ ਨੇ ਗਲ਼ ਵਿੱਚ ਪੱਲਾ ਪਾ ਕੇ ਅੱਤ ਦੀ ਨਿਮਰਤਾ (ਗ਼ਰੀਬੀ) ਨਾਲ ਅੰਮ੍ਰਿਤ ਦੀ ਦਾਤ ਖ਼ਾਲਸੇ ਤੋਂ ਮੰਗੀ। ਫਿਰ ਇਤਿਹਾਸ ਨੇ ਦੀਨ ਦੁਨੀ ਦੇ ਮਾਲਕ ਨੂੰ ਆਪੂੰ ਸਾਜੇ ਖ਼ਾਲਸੇ ਮੂਹਰੇ ਗੋਡੀ ਲਾ ਕੇ, ਸਿਰ ਝੁਕਾ ਕੇ, ਬੀਰ ਆਸਣ ਬੈਠੇ ਨੂੰ ਪੰਜ ਚੂਲੇ ਅੰਮ੍ਰਿਤ ਦੇ ਛਕਦੇ ਵੇਖਿਆ।
ਖ਼ਾਲਸੇ ਦੀ ਦੂਜੀ ਜ਼ਿੰਮੇਵਾਰੀ ਸੀ ਹਰ ਪੱਖੋਂ ਸੱਚ ਦੇ ਪਸਾਰ ਲਈ ਕਾਇਮ ਕੀਤੇ ਸਮਾਜ ਦੀ ਰੱਖਿਆ ਕਰਨੀ ਅਤੇ ਉਸ ਦੀ ਚੜ੍ਹਦੀ ਕਲਾ ਨੂੰ ਯਕੀਨੀ ਬਣਾਉਣਾ। ਮੁੱਢਲੇ ਰੂਪ ਵਿੱਚ ਇਹ ਕੁੱਲ ਆਲਮ ਦੇ ਸਦੀਵੀ ਸੁੱਖ ਲਈ ਗੁਰ ਸ਼ਬਦ ਵਿੱਚ ਦੱਸੇ ਨਿਜ਼ਾਮ ਨੂੰ ਲਾਗੂ ਕਰਨਾ ਅਤੇ ਸਦਾ ਕਾਇਮ ਰੱਖਣਾ ਹੈ। ਏਸ ਲਈ ਖ਼ਾਲਸੇ ਨੇ ਮਨੁੱਖਤਾ ਦੀ ਢਾਲ਼ ਬਣ ਕੇ ਜ਼ੁਲਮ, ਅਨਿਆਂ, ਧੱਕੇ ਨੂੰ ਹਰ ਰੂਪ ਵਿੱਚ ਹਰ ਥਾਂ ਪਛਾਣਨਾ ਅਤੇ ਪਛਾੜਨਾ ਹੈ। ਸੁਲ੍ਹਾ ਦੇ ਰਾਹ ਨੂੰ ਤਰਜੀਹ ਦੇਣੀ ਹੈ ਪਰ ਲੋਕ ਭਲਾਈ ਦੀ ਲੋੜ ਮੁਤਾਬਕ ਜੰਗ ਤੱਕ ਨੂੰ ਜਾਇਜ਼ ਸਮਝਣਾ ਹੈ। ਏਸ ਰਾਹ ਉੱਤੇ ਸਿਆਸੀ ਪ੍ਰਬੰਧ ਦੀ ਜ਼ਿੰਮੇਵਾਰੀ ਵੀ ਨਿਭਾਉਣ ਦੀ ਹਦਾਇਤ ਹੈ। ਮਾਤਾ ਅਤੇ ਪਿਤਾ ਰੂਪ ਅਕਾਲ ਪੁਰਖ ਵਾਂਗ ਸੰਸਾਰ ਦਾ ਪਾਲਣ ਪੋਸ਼ਣ ਕਰਨ ਦੇ ਇਰਾਦੇ ਨੂੰ ਖ਼ਾਲਸਾ ਆਦਰਸ਼ ਮਿਥਿਆ ਗਿਆ।
ਇਉਂ ਅਰਸ਼ਾਂ ਦੀ ਦੈਵੀ ਸ਼ਕਤੀ ਨੇ ਫ਼ਰਸ਼ ਉੱਤੇ ਮਸਤ ਮਲੰਗ ਮੋਰ ਵਾਂਗ ਪੈਲਾਂ ਪਾਉਂਦਿਆਂ ਉਤਰਨਾ ਹੈ। ਮਨੁੱਖੀ ਇਤਿਹਾਸ ਵਿੱਚ ਕੁੱਲ ਆਲਮ ਦੇ ਮਾਲਕ ਦੇ ਇਲਾਹੀ ਘੋੜੇ ਦੀਆਂ ਟਾਪਾਂ ਦੁਨੀਆਂ ਨੇ ਪਹਿਲੀ ਵਾਰ ਸੁਣੀਆਂ। ਇਹ ਖ਼ਾਲਸੇ ਰਾਹੀਂ ਸੰਸਾਰ ਦੇ ਭਲੇ ਲੋਕਾਂ ਦੀ ਹਮਦਰਦੀ ਨਾਲ ਹੀ ਮੁਮਕਿਨ ਹੋਇਆ ਸੀ ਅਤੇ ਅਗਾਂਹ ਨੂੰ ਹੋਵੇਗਾ।
ਇਉਂ ਗੁਰੂ ਨਾਨਕ ਜੀ ਨੇ ਸਿੱਧਾਂ, ਜੋਗੀਆਂ ਨਾਲ ਗੋਸ਼ਟੀ ਵਿੱਚ ਜ਼ਾਹਰ ਕੀਤੇ ਖਿਆਲਾਂ ਨੂੰ ਅਮਲੀ ਜਾਮਾ ਪਹਿਨਾਇਆ ਅਤੇ ਆਪਣੇ ਧਾਰੇ ਜਗਤ ਗੁਰੂ ਦੇ ਲਕਬ ਨਾਲ ਵਫ਼ਾ ਨਿਭਾਈ। ਏਸ ਤਰ੍ਹਾਂ ਆਪਣੀ ਤਲਵੰਡੀ, ਆਪਣੇ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ, ਜੋ ਅੱਜ ਸਭ ਦੇ ਸਾਂਝੇ ਕਰਤਾਰਪੁਰ ਵਿੱਚ ਸਮਾਏ ਹੋਏ ਹਨ, ਨੇ ਪਸ਼ੂ, ਪਰੇਤ ਬਿਰਤੀ ਵਾਲੇ ਮਨੁੱਖਾਂ ਨੂੰ ਦੇਵੀ-ਦੇਵਤਿਆਂ ਦੀ ਕਤਾਰ ਵਿੱਚ ਖੜ੍ਹਾ ਕਰ ਕੇ ਮਾਨਵਤਾ ਨਾਲ ਆਪਣਾ ਅਗੰਮੀ ਕੌਲ ਪਾਲ਼ਿਆ।