ਬਠਿੰਡਾ ਸ਼ਹਿਰ ’ਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ੨੩ ਪੋਹ/5 ਜਨਵਰੀ ਨੂੰ ਮਨਾਇਆ ਗਿਆ
ਕੈਲੰਡਰਾਂ ਦੀ ਜਾਣਕਾਰੀ ਹਿਤ ਹਰ ਐਤਵਾਰ ਸ਼ਾਮ 3.00 ਵਜੇ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰ ਸਕੂਲ ਸਿਵਲ ਸਟੇਸ਼ਨ ਵਜੇ ਕਲਾਸ ਲੱਗਿਆ ਕਰੇਗੀ।
ਬਠਿੰਡਾ, 5 ਜਨਵਰੀ: ਗੁਰਦੁਆਰਾ ਹਾਜ਼ੀ ਰਤਨ ਅਤੇ ਕਿਲਾ ਮੁਬਾਰਕ, ਜੋ ਕਿ ਸ੍ਰੋਮਣੀ ਕਮੇਟੀ ਅਧੀਨ ਹਨ; ਨੂੰ ਛੱਡ ਕੇ ਬਠਿੰਡਾ ਸ਼ਹਿਰ ’ਚ ਬਾਕੀ ਦੇ ਤਕਰੀਬਨ ਸਾਰੇ ਗੁਰਦੁਆਰਿਆਂ, ਜਿਵੇਂ ਕਿ ਗੁਰਦੁਆਰਾ ਸਿਵਲ ਸਟੇਸ਼ਨ (ਬਠਿੰਡਾ), ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਕੈਂਟ ਰੋਡ, ਧੋਬੀਆਣਾ ਨਗਰ, ਗੁਰਦੁਆਰਾ ਭਾਈ ਮਤੀ ਦਾਸ ਨਗਰ, ਗੁਰਦੁਆਰਾ ਹਾਊਸਫ਼ੈੱਡ ਕਲੋਨੀ, ਗੁਰਦੁਆਰਾ ਬਾਬਾ ਦੀਪ ਸਿੰਘ ਨਗਰ, ਗੁਰਦੁਆਰਾ ਬਾਬਾ ਫ਼ਰੀਦ ਨਗਰ, ਗੁਰਦੁਆਰਾ ਭਾਰਤ ਨਗਰ, ਗੁਰਦੁਆਰਾ ਗੁਰੂ ਅਰਜਨ ਦੇਵ ਜੀ (ਬਰਨਾਲਾ ਬਾਈ ਪਾਸ) ਗਰੀਨ ਪੈਲਸ ਰੋਡ, ਗੁਰਦੁਆਰਾ ਕਲਗੀਧਰ ਹਜੂਰ ਸਿੰਘ ਕਪੂਰ ਸਿੰਘ ਕਲੋਨੀ, ਗੁਰਦੁਆਰਾ ਬਾਬਾ ਦੀਪ ਸਿੰਘ ਨੈਸ਼ਨਲ ਕਲੋਨੀ, ਗੁਰਦੁਆਰਾ ਜੰਤਾ ਨਗਰ, ਆਦਿਕ ’ਚ ਹਰ ਸਾਲ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਨਾਨਕਸ਼ਾਹੀ ਕੈਲੰਡਰ ਮੁਤਾਬਕ ੨੩ ਪੋਹ/5 ਜਨਵਰੀ ਨੂੰ ਹੀ ਮਨਾਇਆ ਗਿਆ। ਕੁਝ ਗੁਰਦੁਆਰਿਆਂ ਜਿਵੇਂ ਕਿ ਗੁਰਦੁਆਰਾ ਗੁਰੂ ਨਾਨਕ ਦਰਬਾਰ ਸ਼ਹੀਦ ਊਧਮ ਸਿੰਘ ਨਗਰ, ਗੁਰਦੁਆਰਾ ਥਰਮਲ ਕਲੋਨੀ ਅਤੇ ਗੁਰਦੁਆਰਾ ਐੱਨਐੱਫ਼ ਕਲੋਨੀ, ਗੁਰਦੁਆਰਾ ਜੋਗੀ ਨਗਰ, ਗੋਪਾਲ ਨਗਰ, ਆਦਿ ’ਚ ਐਤਵਾਰ ਦੀ ਛੁੱਟੀ ਹੋਣ ਕਾਰਨ 4 ਜਨਵਰੀ ਨੂੰ ਮਨਾਇਆ ਹੈ।
ਇਹ ਦੱਸਣਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇਸ ਸਾਲ ਪਹਿਲਾਂ ਪੋਹ ਸੁਦੀ ੭, ੨੩ ਪੋਹ/6 ਜਨਵਰੀ 2025 ਨੂੰ ਹੀ ਮਨਾਇਆ ਗਿਆ ਸੀ। ਚੰਦਰ ਸਾਲ ਸੂਰਜੀ ਸਾਲ ਨਾਲੋਂ 11 ਦਿਨ ਛੋਟਾ ਹੋਣ ਕਾਰਨ ਇਸ ਸਾਲ ਦੂਜੀ ਵਾਰ ਫਿਰ ਪੋਹ ਸੁਦੀ ੭, ੧੩ ਪੋਹ/27 ਜਨਵਰੀ 2025 ਨੂੰ ਆ ਗਿਆ, ਜਿਸ ਦਿਨ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਭੀ ਸੀ। ਅਗਲੇ ਸਾਲ ਜੇਠ ਦਾ ਮਹੀਨਾ ਮਲਮਾਸ ਭਾਵ ਅਧਿਕ ਮਹੀਨਾ ਆ ਜਾਣ ਸਦਕਾ 2026 ’ਚ ਨਹੀਂ ਆਵੇਗਾ ਅਤੇ ਅਗਾਂਹ 2027 ’ਚ ੨ ਮਾਘ 15 ਜਨਵਰੀ ਨੂੰ ਆਵੇਗਾ।
ਕਿਰਪਾਲ ਸਿੰਘ ਬਠਿੰਡਾ ਨੇ ਮਿਤੀ 4 ਜਨਵਰੀ ਨੂੰ ਗੁਰਦੁਆਰਾ ਸ਼ਹੀਦ ਊਧਮ ਸਿੰਘ ਨਗਰ ਅਤੇ ਥਰਮਲ ਕਲੋਨੀ ਬਠਿੰਡਾ ਵਿਖੇ ਅਤੇ 5 ਜਨਵਰੀ ਨੂੰ ਗੁਰਦੁਆਰਾ ਭਾਈ ਮਤੀ ਦਾਸ ਨਗਰ, ਗੁਰਦੁਆਰਾ ਹਾਊਸਫ਼ੈੱਡ ਕਲੋਨੀ ਅਤੇ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਕੈਲੰਡਰਾਂ ਸਬੰਧੀ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਸੰਗਤਾਂ ਨੂੰ ਦੱਸਿਆ ਕਿ ਹਰ ਸਾਲ ਬਦਲਵੀਆਂ ਤਾਰੀਖ਼ਾਂ ਆਉਣ ਦਾ ਮੁੱਖ ਕਾਰਨ ਇਹ ਹੈ ਕਿ ਸ੍ਰੋਮਣੀ ਕਮੇਟੀ ਇੱਕ ਨਹੀਂ ਬਲਕਿ ਵੱਖ ਵੱਖ ਲੰਬਾਈ ਵਾਲੇ ਤਿੰਨ ਕੈਲੰਡਰਾਂ ਦੀ ਵਰਤੋਂ ਕਰਦੀ ਹੈ। ਚੰਦਰ ਤਿੱਥਾਂ ਮੁਤਾਬਕ ਮਨਾਏ ਜਾਣ ਵਾਲੇ ਗੁਰਪੁਰਬਾਂ ਦਾ ਹਾਲ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਦੀ ਤਰ੍ਹਾਂ ਕਦੀ 10-11 ਦਿਨ ਪਹਿਲਾਂ ਅਤੇ ਕਦੀ 18-19 ਦਿਨ ਪਿੱਛੋਂ ਆਉਣ ਦੀ ਸਮੱਸਿਆ ਬਣੀ ਰਹਿੰਦੀ ਹੈ। ਜਿਹੜੇ ਦਿਨ ਸੰਗਰਾਂਦ ਦੇ ਹਿਸਾਬ ਤਾਰੀਖ਼ਾਂ ਮੁਤਾਬਕ ਮਨਾਏ ਜਾਂਦੇ ਹਨ, ਉਨਾਂ ਦੀ ਲੰਬਾਈ ਈਸਵੀ ਸਾਲ ਨਾਲੋਂ ਵੱਧ ਹੋਣ ਕਾਰਨ, ਜਿਹੜੀ ਵੈਸਾਖੀ 1699 ’ਚ 27 ਮਾਰਚ ਨੂੰ ਸੀ, ਉਹ ਅੱਜ ਕੱਲ੍ਹ 13/14 ਅਪ੍ਰੈਲ ਨੂੰ ਆ ਰਹੀ ਹੈ। ਜਿਹੜੀ ੨੩ ਪੋਹ 1666 ’ਚ 22 ਦਸੰਬਰ ਨੂੰ ਸੀ, ਉਹ ਅੱਜ ਕੱਲ੍ਹ 6/7 ਜਨਵਰੀ ਨੂੰ ਆ ਰਹੀ ਹੈ। ਜੇ ਸਿੱਖ ਕੌਮ ਨੇ ਹਾਲੀ ਵੀ ਨਾਨਕਸ਼ਾਹੀ ਕੈਲੰਡਰ ਲਾਗੂ ਨਾ ਕੀਤਾ ਤਾਂ ਜਿਸ ਤਰ੍ਹਾਂ ਵੈਸਾਖੀ ਮਾਰਚ ਤੋਂ ਅਪ੍ਰੈਲ ’ਚ ਪਹੁੰਚ ਗਈ, ਇਹ ਖਿਸਕਦੀ ਹੋਈ ਮਈ- ਜੂਨ ’ਚ ਭੀ ਪਹੁੰਚ ਜਾਵਗੀ। ਜਿਹੜੇ ਦਿਨ ਈਸਵੀ ਕੈਲੰਡਰ ਦੀਆਂ ਤਾਰੀਖਾਂ ਅਨੁਸਾਰ ਮਨਾਏ ਜਾਂਦੇ ਹਨ, ਉਨਾਂ ਦੇ ਦੇਸੀ ਮਹੀਨਿਆਂ ਦੀ ਤਰੀਖ ਬਦਲ ਜਾਂਦੀ ਹੈ, ਜਿਵੇਂ ਕਿ ਸੰਤ ਜਰਨੈਲ ਸਿੰਘ ਦੀ ਸ਼ਹੀਦੀ 6 ਜੂਨ ਨਿਸ਼ਚਿਤ ਕੀਤੀ ਹੋਣ ਕਾਰਨ ਕਦੀ ੨੪ ਜੇਠ ਅਤੇ ਕਦੀ ੨੩ ਜੇਠ ਨੂੰ ਆ ਰਹੀ ਹੈ। ਜੇ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਇਹ ਵੈਸਾਖ ਮਹੀਨੇ ’ਚ ਪਹੁੰਚ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਦਾ ਹੱਲ ਨਾਨਕਸ਼ਾਹੀ ਕੈਲੰਡਰ ਹੀ ਹੈ, ਜਿਸ ਦੇ ਸਾਲ ਦੀ ਲੰਬਾਈ ਸਾਰੀ ਦੁਨੀਆਂ ’ਚ ਪ੍ਰਚਲਿਤ ਈਸਵੀ ਕੈਲੰਡਰ ਦੇ ਬਿਲਕੁਲ ਬਰਾਬਰ ਕਰ ਦਿੱਤੇ ਜਾਣ ਸਦਕਾ ਦੋਵੇਂ ਕੈਲੰਡਰਾਂ ਦੀਆਂ ਤਾਰੀਖ਼ਾਂ ਇੱਕ ਦੂਜੀ ਨਾਲ ਪੂਰੀ ਤਰ੍ਹਾਂ ਸਿੰਕਰੋਨਾਈਜ਼ ਹੋ ਗਈਆਂ ਹਨ ਭਾਵ ਸਾਡਾ ਨਵਾਂ ਸਾਲ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ, ਹਰ ਸਾਲ ੧ ਚੇਤ/14 ਮਾਰਚ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਵੈਸਾਖੀ ਹਰ ਸਾਲ ੧ ਵੈਸਾਖ/14 ਅਪ੍ਰੈਲ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ੨ ਹਾੜ/16 ਜੂਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਹਰ ਸਾਲ ੧੧ ਮੱਘਰ/24 ਨਵੰਬਰ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹਰ ਸਾਲ ੮ ਪੋਹ/21 ਦਸੰਬਰ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ੧੩ ਪੋਹ/26 ਦਸੰਬਰ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ੨੩ ਪੋਹ/5 ਜਨਵਰੀ, ਮਾਘੀ ਹਰ ਸਾਲ ੧ ਮਾਘ/13 ਜਨਵਰੀ ਅਤੇ ਬੰਦੀਛੋੜ ਦਿਵਸ ਹਰ ਸਾਲ ੧ ਫੱਗਣ/12 ਫ਼ਰਵਰੀ ਨੂੰ ਹੀ ਆਵੇਗਾ।
ਇਸ ਤਰ੍ਹਾਂ ਨਾ ਕੋਈ ਦਿਹਾੜਾ ਅੱਗੇ ਪਿੱਛੇ ਹੋਵੇਗਾ ਅਤੇ ਨਾ ਹੀ ਕਿਸੇ ਸਾਲ ਕੋਈ ਦਿਹਾੜਾ ਦੋ ਵਾਰ ਆਵੇਗਾ। ਇਨ੍ਹਾਂ ਪੰਜੇ ਗੁਰਦੁਆਰਿਆਂ ’ਚ ਭਾਈ ਸਵਰਨਜੀਤ ਸਿੰਘ ਨੇ ਆਪਣੇ ਦਸਵੰਦ ’ਚੋਂ 15-15 ਪੁਸਤਕਾਂ “ਨਾਨਕਸ਼ਾਹੀ ਕੈਲੰਡਰ ਬਨਾਮ ਬਿਕ੍ਰਮੀ ਕੈਲੰਡਰ” ਲਿਖਤ ਕਿਰਪਾਲ ਸਿੰਘ ਬਠਿੰਡਾ ਸੰਗਤਾਂ ਦੇ ਪੜ੍ਹਨ ਹਿਤ ਗੁਰਦੁਆਰਾ ਲਾਇਬਰੇਰੀਆਂ ਨੂੰ ਭੇਟ ਕੀਤੀਆਂ ਅਤੇ ਜਾਣਕਾਰੀ ਦਿੱਤੀ ਕਿ ਕੈਲੰਡਰਾਂ ਦੀ ਜਾਣਕਾਰੀ ਹਿਤ ਹਰ ਐਤਵਾਰ ਸ਼ਾਮ 3.00 ਵਜੇ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰ ਸਕੂਲ ਸਿਵਲ ਸਟੇਸ਼ਨ ਵਜੇਂ ਕਲਾਸ ਲੱਗਿਆ ਕਰੇਗੀ।









