ਕੌਮੀ ਦਰਦ ਨੂੰ ਸਮਝਣ ਵਾਲੇ ਗੁਰਸਿੱਖ ਇਤਿਹਾਸ ਤੋਂ ਕੁਝ ਸਿੱਖਣ

4
761

ਕੌਮੀ ਦਰਦ ਨੂੰ ਸਮਝਣ ਵਾਲੇ ਗੁਰਸਿੱਖ ਇਤਿਹਾਸ ਤੋਂ ਕੁਝ ਸਿੱਖਣ

ਕਿਰਪਾਲ ਸਿੰਘ (ਬਠਿੰਡਾ)-88378-13661, 98554-80797

ਸਿੱਖ ਕੌਮ ਦੀ ਇਹ ਤਰਾਸਦੀ ਹੈ ਕਿ ਜਿਸ ਸਮੇਂ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖ ਦੇ ਧਾਰਨ ਕਰਨਯੋਗ ਗੁਣਾਂ ਰੂਪੀ ਅਸਲੀ ਜਨੇਊ ਦਾ ਵਰਣਨ ਕਰ ਕੇ ਜਾਤੀ ਵੰਡ ਅਤੇ ਇਤਸਰੀ ਜਾਤੀ ਨਾਲ ਵਿਤਕਰਾ ਕਰਨ ਦੇ ਸੂਚਕ; ਪੰਡਿਤ ਵੱਲੋਂ ਪਹਿਨਾਏ ਜਾਣ ਵਾਲੇ ਸੂਤ ਦਾ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਬਿੱਪਰ ਸੋਚ ਨੇ ਉਸੇ ਸਮੇਂ ਸਮਝ ਲਿਆ ਸੀ ਕਿ ਸਿਧਾਂਤਕ ਵੀਚਾਰਾਂ ਦੇ ਅਧਾਰ ’ਤੇ ਅਸੀਂ ਨਾਨਕ ਵੀਚਾਰਧਾਰਾ ਦਾ ਟਾਕਰਾ ਨਹੀਂ ਕਰ ਸਕਦੇ; ਇਸ ਸੂਰਤ ਵਿੱਚ ਸਾਨੂੰ ਆਪਣਾ ਧਰਮ ਬਚਾਉਣ ਲਈ ਕੁਟਿਲਤਾ ਭਰਪੂਰ ਨੀਤੀ ਅਪਨਾਉਣ ਦੀ ਜਰੂਰਤ ਹੈ। ਉਹ ਨੀਤੀ ਇਹ ਸੀ ਕਿ ਸਿੱਖਾਂ ਵਿੱਚ ਫੁੱਟ ਦਾ ਐਸਾ ਬੀਜ ਬੀਜੀ ਰੱਖਣਾ ਜਿਸ ਨਾਲ ਇਹ ਕਦੀ ਵੀ ਏਕਤਾ ਦੀ ਲੜੀ ਵਿੱਚ ਇਕੱਠੇ ਨਾ ਰਹਿ ਸਕਣ। ਇਸੇ ਨੀਤੀ ਅਧੀਨ ਗੁਰੂ ਸਾਹਿਬਾਨ ਦੇ ਪੁੱਤਰਾਂ ਨੂੰ ਗੁਰੂ ਘਰ ਤੋਂ ਬਾਗੀ ਕਰਨ ਵਿੱਚ ਸਫਲਤਾ ਹਾਸਲ ਕਰਨੀ ਇੱਕ ਤਰੀਕਾ ਸੀ, ਪਰ ਗੁਰੂ ਕਾਲ ਵਿੱਚ ਇਸ ਨੀਤੀ ਨਾਲ ਬਿਪਰ ਸੋਚ ਨੂੰ ਬਹੁਤੀ ਸਫਲਤਾ ਹਾਸਲ ਨਾ ਹੋ ਸਕੀ।

ਦੂਸਰੀ ਲੰਬੇ ਸਮੇਂ ਦੀ ਨੀਤੀ ਸੀ ਜਿਸ ਅਧੀਨ ਚੁੱਪ ਚਪੀਤੇ ਮਿਲਾਵਟ ਵਾਲਾ ਐਸਾ ਸਾਹਿਤ ਤਿਆਰ ਕੀਤਾ ਜਿਸ ਨੂੰ ਬਾਅਦ ਵਿੱਚ ਗੁਰ ਇਤਿਹਾਸ ਅਤੇ ਗੁਰੂ ਸਾਹਿਬ ਜੀ ਦੀ ਆਪਣੀ ਬਾਣੀ ਕਹਿ ਕੇ ਪ੍ਰਚਾਰਿਆ ਗਿਆ। ਇਹ ਸਾਹਿਤ ਇਸ ਨੀਤੀ ਨਾਲ ਤਿਆਰ ਕੀਤਾ ਗਿਆ ਸੀ ਕਿ ਜੇ ਅੱਧੇ ਸਿੱਖ ਵੀ ਇਸ ਸਾਹਿਤ ਨੂੰ ਅਪਨਾਉਣ ਲਈ ਤਿਆਰ ਹੋ ਜਾਣ ਤਾਂ ਬਹੁਤੇ ਸਿੱਖ ਆਪਣੇ ਆਪ ਹੀ ਹਿੰਦੂ ਧਰਮ ਵਿੱਚ ਜਜ਼ਬ ਹੋ ਜਾਣਗੇ ਅਤੇ ਜਿਹੜੇ ਬਚ ਜਾਣਗੇ ਉਹ ਆਪਸੀ ਵੈਰ ਵਿਰੋਧ ਵਿੱਚ ਲੜ ਭਿੜ ਕੇ ਖਤਮ ਹੋ ਜਾਣਗੇ। ਇਸ ਨੀਤੀ ਵਿੱਚ ਬਿੱਪਰ ਪੂਰੀ ਤਰ੍ਹਾਂ ਸਫਲ ਰਿਹਾ ਹੈ। ਭਾਈ ਬਾਲੇ ਵਾਲੀ ਜਨਮ ਸਾਖੀ, ਦਸਮ ਗ੍ਰੰਥ, ਗੁਰਬਿਲਾਸ ਪਾਤਸ਼ਾਹੀ ੬, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਆਦਿਕ ਅਨੇਕਾਂ ਐਸੇ ਗ੍ਰੰਥ ਹਨ ਜਿਨ੍ਹਾਂ ਵਿੱਚ ਬਿੱਪਰ ਵੱਲੋਂ ਮਨਮਰਜੀ ਦੀ ਮਿਲਾਵਟ ਕੀਤੀ ਗਈ ਅਤੇ ਇਹੀ ਉਹ ਗ੍ਰੰਥ ਹਨ ਜਿਨ੍ਹਾਂ ਸਦਕਾ ਇੱਕ ਪਾਸੇ ਸਿੱਖ ਹੌਲ਼ੀ ਹੌਲ਼ੀ ਹਿੰਦੂ ਧਰਮ ਵਿੱਚ ਗਰਕ ਹੁੰਦੇ ਜਾ ਰਹੇ ਹਨ ਅਤੇ ਦੂਜੇ ਪਾਸੇ ਇਨ੍ਹਾਂ ਗ੍ਰੰਥਾਂ ਰਾਹੀਂ ਪੰਥ ਵਿੱਚ ਫੁੱਟ ਦਾ ਐਸਾ ਬੀਜ਼ ਬੀਜਿਆ ਜਾ ਚੁੱਕਾ ਹੈ ਕਿ ਹਾਲਾਤ ਬੜੀ ਤੇਜੀ ਨਾਲ ਉਸ ਦਿਸ਼ਾ ਵੱਲ ਵਧ ਰਹੇ ਹਨ ਕਿ ਮੁਸਲਮਾਨਾਂ ਦੇ ਸ਼ੀਆ, ਸੁੰਨੀ ਅਤੇ ਈਸਾਈਆਂ ਦੇ ਕੈਥੋਲਿਕ ਤੇ ਪ੍ਰੋਟੈਸਟੈਂਟਾਂ ਵਾਙ ਹੁਣ ਖ਼ਾਲਸਾ ਪੰਥ ਨੂੰ ਵੀ ਦੋ ਹਿੱਸਿਆਂ ਵਿੱਚ ਵੰਡੇ ਜਾਣ ਤੋਂ ਕੋਈ ਨਹੀਂ ਰੋਕ ਸਕਦਾ।

ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖੁੱਸਣ ਤੋਂ ਬਾਅਦ ਸੂਝਵਾਨਾਂ ਨੇ ਕਰਵਟ ਲਈ ਅਤੇ 1920 ਵਿੱਚ ਸਿੰਘ ਸਭਾ ਲਹਿਰ ਦਾ ਮੁੱਢ ਬੰਨ੍ਹ ਕੇ ਸੁਧਾਰ ਲਹਿਰ ਸ਼ੁਰੂ ਕੀਤੀ। ਇਸ ਵਿੱਚ ਭਾਵੇਂ ਕੁਦਰਤ ਦੀ ਮਰਜੀ ਸਮਝ ਲਵੋ ਜਾਂ ਬਿੱਪਰ ਦੀ ਚਾਲ ਅਤੇ ਜਾਂ ਸਖ਼ਸ਼ੀਅਤਾਂ ਦਾ ਟਕਰਾ; ਕਿ ਛੇਤੀ ਹੀ ਇਹ ਲਹਿਰ ਸਿੰਘ ਸਭਾ ਲਹੌਰ ਅਤੇ ਸਿੰਘ ਸਭਾ ਅੰਮ੍ਰਿਤਸਰ ਵਿੱਚ ਵੰਡੀਆਂ ਗਈਆਂ। ਉਸ ਸਮੇਂ ਚੰਗੀ ਗੱਲ ਇਹ ਸੀ ਕਿ ਦੋਵੇਂ ਸਿੰਘ ਸਭਾਵਾਂ ਭਾਵੇਂ ਵੱਖਰਾ ਵੱਖਰਾ ਰਾਹ ਅਪਨਾਉਣ ਦੇ ਹੱਕ ਵਿੱਚ ਸਨ ਪਰ ਦੋਵਾਂ ਦੀ ਨੀਅਤ ’ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਅਤੇ ਵੀਚਾਰਧਾਰਕ ਤੌਰ ’ਤੇ ਬਹੁਤਾ ਅੰਤਰ ਨਹੀਂ ਸੀ, ਜਿਸ ਕਰ ਕੇ ਖੁੱਲ੍ਹ ਕੇ ਇੱਕ ਦੂਸਰੇ ਦੇ ਵਿਰੋਧ ਵਿੱਚ ਨਹੀਂ ਸੀ ਖੜ੍ਹੀਆਂ। ਸਿੰਘ ਸਭਾ ਲਹਿਰ ਵੱਲੋਂ ਵਿੱਢੀ ਸੁਧਾਰ ਲਹਿਰ ਸਦਕਾ ਭਾਰੀ ਕੁਰਬਾਨੀਆਂ ਉਪ੍ਰੰਤ 1925 ਈ: ’ਚ ਸਰਕਾਰੀ ਕਾਨੂੰਨ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਭਾਵੇਂ ਉਸ ਵੇਲੇ ਦੀ ਅੰਗਰੇਜ਼ ਸਰਕਾਰ ਦੀ ਮਾੜੀ ਨੀਅਤ ਕਰ ਕੇ ਸ਼੍ਰੋਮਣੀ ਕਮੇਟੀ ਦੀ ਚੋਣ ਅਤੇ ਕੰਮ ਕਰਨ ਦੇ ਢੰਗ ਅਪਨਾਉਣ ਲਈ ਤਿਆਰ ਕੀਤੇ ਕਾਨੂੰਨਾਂ ਵਿੱਚ ਭਾਰੀ ਕਮੀਆਂ ਰੱਖੀਆਂ ਪਰ ਸਿੱਖ ਕੌਮ ਲਈ ਇਹ ਇੱਕ ਪ੍ਰਾਪਤੀ ਸੀ। ਇਸ ਕਮੇਟੀ ਨੇ ਸ਼ੁਰੂ ਸ਼ੁਰੂ ਵਿੱਚ ਚੰਗੇ ਕੰਮ ਵੀ ਕੀਤੇ ਜਿਨ੍ਹਾਂ ਵਿੱਚੋਂ ਮੁੱਖ ਤੌਰ ’ਤੇ ਬਿੱਪਰ ਸੋਚ ਦਾ ਪ੍ਰਚਾਰ ਕਰ ਰਹੇ ਨਿਰਮਲੇ ਅਤੇ ਉਦਾਸੀ ਵਿਭਚਾਰੀ ਮਹੰਤਾਂ ਤੋਂ ਇਤਿਹਾਸਕ ਗੁਰਦੁਆਰੇ ਆਜ਼ਾਦ ਕਰਵਾਉਣੇ, ਗੁਰਇਤਿਹਾਸ ਵਿੱਚ ਭਾਰੀ ਮਿਲਾਵਟ ਕਰਨ ਵਾਲੀ ਗੁਰਬਿਲਾਸ ਪਾਤਸ਼ਾਹੀ ੬ ਦੀ ਮੁੜ ਛਪਵਾਈ ਅਤੇ ਗੁਰਦੁਆਰਿਆਂ ਵਿੱਚ ਇਸ ਦੀ ਕਥਾ ਬੰਦ ਕਰਵਾਉਣੀ ਅਤੇ ਵੱਖ ਵੱਖ ਧੜਿਆਂ, ਜਥੇਬੰਦੀਆਂ ਤੇ ਸੰਪ੍ਰਦਾਵਾਂ ਨੂੰ ਪੰਥਕ ਏਕਤਾ ਦੀ ਲੜੀ ਵਿੱਚ ਪ੍ਰੋਣ ਲਈ ਸਿੱਖ ਰਹਿਤ ਮਰਯਾਦਾ ਦਾ ਹੋਂਦ ਵਿੱਚ ਆਉਣਾ ਗਿਣਨਯੋਗ ਚੰਗੇ ਕਾਰਜ ਸਨ। ਸਿੱਖ ਰਹਿਤ ਮਰਯਾਦਾ ਵਿੱਚ ਵਿਸ਼ੇਸ਼ ਤੌਰ ’ਤੇ ਦਰਜ ਕੀਤਾ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਨੂੰ ਕਾਇਮ ਰੱਖਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਕਿਸੇ ਵੀ ਹੋਰ ਗ੍ਰੰਥ ਜਾਂ ਪੁਸਤਕ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਅਤੇ ਨਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਬਾਣੀ ਅਤੇ ਇਸ ਦੀ ਵਿਆਖਿਆ ਸਰੂਪ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਸਿੰਘ ਜੀ ਦੀ ਰਚਨਾ ਤੋਂ ਬਿਨਾਂ ਹੋਰ ਕਿਸੇ ਰਚਨਾ ਦਾ ਕੀਰਤਨ ਕੀਤਾ ਜਾ ਸਕਦਾ ਹੈ, ਪਰ ਛੇਤੀ ਹੀ ਸ਼੍ਰੋਮਣੀ ਕਮੇਟੀ ਨੂੰ ਉਸ ਸਮੇਂ ਗ੍ਰਹਿਣ ਲੱਗ ਗਿਆ ਜਦੋਂ ਕਾਨੂੰਨੀ ਖਾਮੀਆਂ ਵਾਲੇ ਚੋਣ ਕਾਨੂੰਨਾਂ ਦਾ ਸਹਾਰਾ ਲੈਂਦਿਆਂ ਸ਼੍ਰੋਮਣੀ ਕਮੇਟੀ ਵਿੱਚ ਗੁਰਮਤਿ ਦੇ ਧਾਰਨੀ ਸ਼ਰਧਾਵਾਨ ਗੁਰਸਿੱਖਾਂ ਦੀ ਥਾਂ ਸਤਾ ਦੇ ਭੁੱਖੇ ਸਿਆਸੀ ਆਗੂਆਂ ਦਾ ਦਬਦਬਾ ਵਧਣਾ ਸ਼ੁਰੂ ਹੋ ਗਿਆ ਅਤੇ ਹਾਲਾਤ ਇੱਥੋਂ ਤੱਕ ਪਹੁੰਚ ਚੁੱਕੇ ਹਨ ਕਿ ਮਹਾਨ ਕੁਰਬਾਨੀਆਂ ਉਪ੍ਰੰਤ ਹੋਂਦ ਵਿੱਚ ਆਈ ਸ਼੍ਰੋਮਣੀ ਕਮੇਟੀ ਅੱਜ ਅਸਿੱਧੇ ਰੂਪ ’ਚ ਪੰਥ ਵਿਰੋਧੀ ਜਮਾਤ ਦੇ ਕਬਜ਼ੇ ਵਿੱਚ ਆ ਚੁੱਕੀ ਹੈ। ਇਸੇ ਕਾਰਨ ਵਿਦਵਾਨਾਂ ਵੱਲੋਂ ਬੜੀ ਮਿਹਨਤ ਨਾਲ ਤਿਆਰ ਕੀਤੇ ਅਤੇ ਖੁਦ ਸ਼੍ਰੋਮਣੀ ਕਮੇਟੀ ਵੱਲੋਂ 2003 ਵਿੱਚ ਜਾਰੀ ਕੀਤੇ ਨਾਨਕਸ਼ਾਹੀ ਕੈਲੰਡਰ ਨੂੰ; ਖ਼ੁਦ ਸ਼੍ਰੋਮਣੀ ਕਮੇਟੀ ਵੱਲੋਂ ਹੀ 7 ਸਾਲ ਪਿੱਛੋਂ 2010 ਤੋਂ 2014 ਤੱਕ ਕੋਹ ਕੋਹ ਕੇ ਕਤਲ ਕਰ ਦਿੱਤਾ, ਦਸਮ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨ ਅਤੇ ਇਸ ਵਿੱਚ ਦਰਜ ਰਚਨਾ ਨੂੰ ਕੀਰਤਨ ਦੌਰਾਨ ਵਿਸ਼ੇਸ਼ ਤੌਰ ’ਤੇ ਗਾਉਣ ਅਤੇ ਸਿੱਖ ਰਹਿਤ ਮਰਯਾਦਾ ਦੀਆਂ ਧੱਜੀਆਂ ਉਡਾੳਣ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ/ ਇਸ ਵੱਲੋਂ ਨਿਯੁਕਤ ਜਥੇਦਾਰਾਂ ਵੱਲੋਂ ਵਿਸ਼ੇਸ਼ ਸਨਮਾਨ ਦੇਣਾ ਅਤੇ ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਸਟੇਜਾਂ ਤੋਂ ਸ਼ਰੇਆਮ ਦਸਮ ਗ੍ਰੰਥ ਨੂੰ ਪ੍ਰੋਮੋਟ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਰੀਕ ਖੜ੍ਹਾ ਕਰਨ ਵਾਲਿਆਂ ਦੇ ਸਮਰਥਨ ਵਿੱਚ ਖੜ੍ਹਿਆ ਜਾ ਰਿਹਾ ਹੈ। ਸਭ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਸਿੱਖ ਰਹਿਤ ਮਰਯਾਦਾ, ਨਾਨਕਸ਼ਾਹੀ ਕੈਲੰਡਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਦੀ ਗੱਲ ਕਰਨ ਵਾਲੇ ਪ੍ਰਚਾਰਕਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਹੀ ਪੰਥ ਵਿਰੋਧੀ ਦੱਸ ਕੇ ਉਨ੍ਹਾਂ ਦੇ ਰਾਹ ਵਿੱਚ ਕੰਡੇ ਖਿਲਾਰੇ ਜਾ ਰਹੇ ਹਨ। ਇਸ ਤਰ੍ਹਾਂ ਮਹਾਨ ਕੁਰਬਾਨੀਆਂ ਪਿੱਛੋਂ ਹੋਂਦ ਵਿੱਚ ਆਈ ਸ਼੍ਰੋਮਣੀ ਕਮੇਟੀ ਵੱਲੋਂ ਹੀ ਸਿਧਾਂਧਤਕ ਤੌਰ ’ਤੇ ਸਿੱਖ ਧਰਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ।

1955-56 ਈ: ਵਿੱਚ, ਜਿਸ ਸਮੇਂ ਕੁਝ ਵਿਦਵਾਨਾਂ, ਜਿਨ੍ਹਾਂ ਵਿੱਚੋਂ ਗਿਆਨੀ ਸੁਰਜੀਤ ਸਿੰਘ ਨਵੀਂ ਦਿੱਲੀ, ਸਵ: ਮਹਿੰਦਰ ਸਿੰਘ ਜੋਸ਼ ਅਤੇ ਸਵ: ਕੰਵਰ ਮਹਿੰਦਰਪ੍ਰਤਾਪ ਸਿੰਘ ਆਦਿਕ ਗਿਣਨਯੋਗ ਹਨ; ਨੇ ਵੇਖਿਆ ਕਿ ਸ਼੍ਰੋਮਣੀ ਕਮੇਟੀ ਦੇ ਆਗੂ ਆਪਣੇ ਅਸਲੀ ਨਿਸ਼ਾਨੇ ਤੋਂ ਭਟਕ ਕੇ ਸਤਾ ਦੀ ਕੁਰਸੀ ਹਾਸਲ ਕਰਨ ਦੇ ਰਾਹ ਪੈ ਚੁੱਕੇ ਹਨ ਤਾਂ ਉਨ੍ਹਾਂ ਮਿਸ਼ਨਰੀ ਕਾਲਜ ਨਾਮ ਦੀ ਸੰਸਥਾ ਦਾ ਮੁੱਢ ਬੰਨ੍ਹਿਆ; ਜਿਸ ਅਧੀਨ ਅੱਜ ਤਿੰਨ ਮੁੱਖ ਕਾਲਜ- ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਕਲਾਂ, ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਸਫਲਤਾ ਪੂਰਬਕ ਚੱਲ ਰਹੇ ਹਨ। ਸਿੱਖਾਂ ਵਿੱਚ ਗੁਰਬਾਣੀ ਖ਼ੁਦ ਪੜ੍ਹਨ ਸਮਝਣ ਅਤੇ ਵਿਰੋਧੀਆਂ ਵੱਲੋਂ ਵਿਗਾੜੇ ਗਏ ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ’ਤੇ ਪਰਖਣ ਲਈ ਜਾਗਰੂਕਤਾ ਦਾ ਬੀਜ ਮਿਸ਼ਨਰੀ ਕਾਲਜਾਂ ਨੇ ਅੱਜ ਤੋਂ 60-62 ਸਾਲ ਪਹਿਲਾਂ ਬੀਜਿਆ। 20 ਕੁ ਸਾਲ ਤੋਂ ਭਾਈ ਪੰਥਪ੍ਰੀਤ ਸਿੰਘ ਜੀ ਨੇ ਬਹੁਤ ਹੀ ਯੋਜਨਾਵੱਧ ਢੰਗ ਰਾਹੀਂ ਗੁਰਮਤਿ ਪ੍ਰਚਾਰ ਦੀ ਐਸੀ ਲਹਿਰ ਚਲਾਈ ਹੋਈ ਹੈ ਕਿ ਮਿਸ਼ਨਰੀ ਲਹਿਰ ਦੁਆਰਾ ਬੀਜੇ ਬੀਜ ਰਾਹੀਂ ਉੱਗਿਆ ਪੌਦਾ ਖ਼ੂਬ ਵਧਿਆ ਫੁੱਲਿਆ, ਭਾਵੇਂ ਸ਼ੁਰੂ ਸ਼ੁਰੂ ਵਿੱਚ ਭਾਈ ਪੰਥਪ੍ਰੀਤ ਸਿੰਘ ਜੀ ਆਪਣੇ ਆਪ ’ਤੇ ਮਿਸ਼ਨਰੀ ਫੱਟਾ ਲਵਾਉਣ ਤੋਂ ਗੁਰੇਜ ਕਰਦੇ ਵੀ ਵੇਖੇ ਜਾਂਦੇ ਰਹੇ। ਤਿੰਨ ਕੁ ਸਾਲ ਪਹਿਲਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸੋਚ ਵਿੱਚ ਸ਼ਾਲਾਘਾਯੋਗ ਬਦਲਾ ਆਇਆ ਅਤੇ ਉਨ੍ਹਾਂ ਨੇ ਡੇਰਾਵਾਦੀ ਸੋਚ ਛੱਡ ਕੇ ਭਾਈ ਪੰਥਪ੍ਰੀਤ ਸਿੰਘ ਵਾਲੀ ਲਾਈਨ ਫੜ ਲਈ ਜਿਸ ਨਾਲ ਮਿਸ਼ਨਰੀ ਸੋਚ ਨੂੰ ਭਾਰੀ ਹੁਲਾਰਾ ਮਿਲਿਆ। ਦੋ ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਾਲੀ ਵਾਪਰੀ ਦੁੱਖਦਾਇਕ ਘਟਨਾ ਅਤੇ ਮਿਸ਼ਨਰੀ ਸੋਚ ਦੀ ਚੜ੍ਹਤ ਨੂੰ ਨਾ ਸਹਾਰਦੇ ਹੋਏ ਬੁਖਲਾਹਟ ਵਿੱਚ ਆਏ ਧੁੰਮਾ ਗਰੁੱਪ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ’ਤੇ ਬਹੁਤ ਹੀ ਘਿਨਾਉਣੇ ਢੰਗ ਨਾਲ ਕੀਤੇ ਕਾਤਲਾਨਾ ਹਮਲੇ, ਜਿਸ ਦੌਰਾਨ ਭਾਈ ਢੱਡਰੀਆਂ ਵਾਲੇ ਦੇ ਸਾਥੀ ਭਾਈ ਭੂਪਿੰਦਰ ਸਿੰਘ ਦੀ ਕੀਮਤੀ ਜਾਨ ਚਲੇ ਜਾਣ ਉਪ੍ਰੰਤ ਗੁਰਮਤਿ ਪ੍ਰਚਾਰ ਵਿੱਚ ਜੁਟੀਆਂ ਤਿੰਨੇ ਹੀ ਮੁੱਖ ਧਿਰਾਂ ਭਾਵ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ, ਭਾਈ ਪੰਥਪ੍ਰੀਤ ਸਿੰਘ ਅਤੇ ਮਿਸ਼ਨਰੀ ਕਾਲਜਾਂ ਦੇ ਪ੍ਰਚਾਰਕ ਇੱਕ ਸਟੇਜ ’ਤੇ ਇਕੱਠੇ ਹੋ ਗਏ ਜਿਸ ਨਾਲ ਮਿਸ਼ਨਰੀ ਸੋਚ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਅਤੇ ਦੂਸਰੀ ਸੁਧਾਰ ਲਹਿਰ ਦਾ ਮੁੱਢ ਬੰਨ੍ਹਣ ਲਈ ਪੂਰੀ ਤਰ੍ਹਾਂ ਮੈਦਾਨ ਤਿਆਰ ਹੋਣ ਲੱਗ ਪਿਆ। ਜੇ ਇਸ ਤਰ੍ਹਾਂ ਕਹਿ ਲਿਆ ਜਾਵੇ ਕਿ ਮਿਸ਼ਨਰੀ ਕਾਲਜਾਂ ਨੇ ਜਾਗਰੂਕਤਾ ਲਹਿਰ ਦਾ ਬੀਜ ਬੀਜਿਆ ਤੇ ਇਸ ਤੋਂ ਉੱਗੇ ਪੌਦੇ ਨੂੰ ਵੱਡ ਅਕਾਰੀ ਬ੍ਰਿਛ ਬਣਾਉਣ ਲਈ ਸਿਰਤੋੜ ਯਤਨ ਕੀਤੇ, ਭਾਈ ਪੰਥਪ੍ਰੀਤ ਸਿੰਘ ਦੇ ਪ੍ਰਚਾਰ ਦੀ ਬਦੌਲਤ ਜਾਗਰੂਕਤਾ ਦਾ ਇਹ ਪੌਦਾ ਬਹੁਤ ਵੱਡੇ ਬ੍ਰਿਛ ਦਾ ਰੂਪ ਧਾਰਨ ਕਰ ਗਿਆ ਅਤੇ ਭਾਈ ਢੱਡਰੀਆਂ ਵਾਲੇ ਦੇ ਨਾਲ ਮਿਲਣ ਸਦਕਾ ਜਾਗਰੂਕਤਾ ਰੂਪੀ ਇਸ ਬ੍ਰਿਛ ਨੂੰ ਫ਼ੁੱਲ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਹੁਣ ਬਹੁਤ ਹੀ ਧਿਆਨ ਨਾਲ ਇਸ ਦੀ ਦੇਖ ਭਾਲ਼ ਕਰ ਕੇ ਇਸ ਤੋਂ ਫ਼ਲ਼ ਪ੍ਰਾਪਤ ਕਰਨ ਦਾ ਢੁਕਵਾਂ ਮੌਕਾ ਹੈ, ਭਾਵ ਦੂਸਰੀ ਸੁਧਾਰ ਲਹਿਰ ਸ਼ੁਰੂ ਕਰ ਕੇ ਸ਼੍ਰੋਮਣੀ ਕਮੇਟੀ ਵਿੱਚੋਂ ਸਤਾ ਦੇ ਭੁੱਖੇ ਸਿਆਸੀ ਆਗੂਆਂ ਅਤੇ ਨਿਰਮਲੇ/ਉਦਾਸੀ ਮਹੰਤਾਂ ਦੀ ਰਹਿੰਦ ਖੂੰਹਦ ਧੁੰਮਾਂ ਐਂਡ ਪਾਰਟੀ ਨੂੰ ਬਾਹਰ ਕੱਢ ਕੇ ਗੁਰਮਤਿ ਦੇ ਗਿਆਤਾ ਅਤੇ ਗੁਰਸਿੱਖੀ ਨੂੰ ਸਮਰਪਿਤ ਸਿੱਖਾਂ ਦੇ ਹੱਥ ਇਸ ਦਾ ਪ੍ਰਬੰਧ ਸੌਂਪਣਾ ਹੈ, ਜਿਸ ਰਾਹੀਂ ਸਿੱਖੀ ਦੇ ਬੂਟੇ ’ਤੇ ਬਿੱਪਰਵਾਦ ਦੀ ਚੜ੍ਹ ਰਹੀ ਅਮਰਵੇਲ ਨੂੰ ਲਾਹੁਣ ਵਿੱਚ ਕਾਫੀ ਮਦਦ ਮਿਲ ਸਕਦੀ ਹੈ। ਜੇ ਇਹ ਮੌਕਾ ਹੱਥੋਂ ਨਿਕਲ ਗਿਆ ਤਾਂ ਇਸ ਦੇ ਦੋ ਹੀ ਕਾਰਨ ਹੋ ਸਕਦੇ ਹਨ –

(1) ਪਹਿਲਾ ਤਾਂ ਇਹ ਕਿ ਤਿਨ੍ਹਾਂ ਧਿਰਾਂ ਦੇ ਮੁੱਖ ਪ੍ਰਚਾਰਕ ਮੌਕਾ ਸੰਭਾਲਣ ਵਿੱਚ ਅਸਫਲ ਰਹਿ ਸਕਦੇ ਹਨ।

(2) ਦੂਸਰਾ ਇਹ ਕਿ ਬਿੱਪਰ ਦੀ ਫੁੱਟ ਪਾਊ ਨੀਤੀ ਆਪਣਾ ਕੰਮ ਕਰਨ ਵਿੱਚ ਸਫਲ ਹੋ ਸਕਦੀ ਹੈ ਭਾਵ ਇੱਕ ਸਾਂਝੇ ਮੰਚ ’ਤੇ ਇਕੱਤਰ ਹੋਈਆਂ ਇਨ੍ਹਾਂ ਤਿੰਨਾਂ ਧਿਰਾਂ ਨੂੰ ਦੋ ਜਾਂ ਤਿੰਨ ਧੜਿਆਂ ਵਿੱਚ ਵੰਡ ਕੇ ਇੱਕਮੁਠ ਹੋਈ ਤਾਕਤ ਨੂੰ ਖੇਰੂੰ ਖੇਰੂੰ ਕਰ ਸਕਦੀ ਹੈ।

ਇਨ੍ਹਾਂ ਤਿੰਨਾਂ ਮੁੱਖ ਪ੍ਰਚਾਰਕ ਧਿਰਾਂ ਤੋਂ ਇਲਾਵਾ ਇੱਕ ਚੌਥੀ ਧਿਰ ਵੀ ਹੈ ਜਿਸ ਨੂੰ ਪੰਥਕ ਮੀਡੀਏ ਅਤੇ ਸ਼ੋਸ਼ਿਲ ਮੀਡੀਏ ਦੇ ਵਿਦਵਾਨਾਂ ਦਾ ਨਾਮ ਦਿੱਤਾ ਜਾ ਸਕਦਾ ਹੈ। ਇਸ ਨਾਜ਼ੁਕ ਸਮੇਂ ’ਤੇ ਇਸ ਮੀਡੀਏ ਗਰੁੱਪ ਵਲੋਂ ਵੀ ਉਸਾਰੂ ਰੋਲ ਨਿਭਾਉਣ ਦੀ ਭਾਰੀ ਲੋੜ ਹੈ। ਭਾਵੇਂ ਇਨ੍ਹਾਂ ਵਿੱਚੋਂ ਕਿਸੇ ’ਤੇ ਸ਼ੱਕ ਕਰਨਾ ਜਾਇਜ਼ ਨਹੀਂ ਹੈ ਅਤੇ ਮੈਂ ਕਰਦਾ ਵੀ ਨਹੀਂ ਹਾਂ ਪਰ ਮੈਂ ਵਿਰਸਾ ਰੇਡੀਓ ਦੇ ਮੁੱਖ ਸੰਚਾਲਕ ਭਾਈ ਹਰਨੇਕ ਸਿੰਘ ਨਿਊਜ਼ੀਲੈਂਡ ਦਾ ਨਾਮ ਲੈਣ ਤੋਂ ਗੁਰੇਜ਼ ਨਹੀਂ ਕਰਾਂਗਾ ਜਿਸ ਦੀਆਂ ਗਤੀਵਿਧੀਆਂ ਜਾਣੇ ਅਣਜਾਣੇ ਜਾਗਰੂਕ ਸਿੱਖਾਂ ਵਿੱਚ ਤ੍ਰੇੜਾਂ ਪਾਉਣ/ਵਧਾਉਣ ਵਿੱਚ ਆਪਣਾ ਯੋਗਦਾਨ ਪਾਉਣ ਵਾਲੀਆਂ ਸਾਬਤ ਹੋ ਰਹੀਆਂ ਹਨ। ਇਹ ਦੋਸ਼ ਮੈਂ ਮਨਘੜਤ ਨਹੀਂ ਲਾ ਰਿਹਾ, ਸਗੋਂ ਸਮੇਂ ਸਮੇਂ ’ਤੇ ਉਸ ਵੱਲੋਂ ਪਾਏ ਯੋਗਦਾਨ ਨੂੰ ਵਾਚਦਿਆਂ ਹਰ ਕੋਈ ਸਹਿਜੇ ਹੀ ਅੰਦਾਜ਼ਾ ਲਾ ਸਕਦਾ ਹੈ ਅਤੇ ਬਹੁਤ ਸਾਰੇ ਚਿੰਤਕ ਆਪੋ ਆਪਣੇ ਢੰਗ ਨਾਲ ਇਸ ਸਿੱਟੇ ’ਤੇ ਪੁੱਜ ਵੀ ਰਹੇ ਹਨ।

ਪਹਿਲੀ ਉਦਾਹਰਨ ਹੈ ਕਿ ਜਿਸ ਸਮੇਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਪ੍ਰੋ: ਸਰਬਜੀਤ ਸਿੰਘ ਧੂੰਦਾ ਜੀ ਦੇ ਅਕਾਲ ਤਖ਼ਤ ਦੇ ਪੁਜਾਰੀਆਂ ਅੱਗੇ ਪੇਸ਼ ਹੋਣ ਦੇ ਮੁੱਦੇ ’ਤੇ ਪ੍ਰੋ: ਦਰਸ਼ਨ ਸਿੰਘ ਨਾਲ ਮੱਤਭੇਦ ਪੈਦਾ ਹੋਏ ਉਸ ਸਮੇਂ ਇਨ੍ਹਾਂ ਦੋਵਾਂ ਅਤੇ ਇਨ੍ਹਾਂ ਦੋਵਾਂ ਦੇ ਸਮਰਥਕਾਂ ਵਿੱਚ ਤ੍ਰੇੜਾਂ ਵਧਾ ਕੇ ਕੱਲ੍ਹ ਤੱਕ ਦੇ ਸਮਰਥਕਾਂ ਨੂੰ ਇੱਕ ਦੂਜੇ ਦੇ ਕੱਟੜ ਵਿਰੋਧੀਆਂ ਦੇ ਰੂਪ ਵਿੱਚ ਖੜ੍ਹੇ ਕਰਨ ਵਿੱਚ ਭਾਈ ਹਰਨੇਕ ਸਿੰਘ ਨੇ ਆਪਣਾ ਭਰਵਾਂ ਯੋਗਦਾਨ ਪਾਇਆ ਜਿਸ ਦਾ ਦੋਵਾਂ ਪਾਸਿਆਂ ਦੇ ਫੇਸਬੁੱਕੀ ਵਿਦਵਾਨ ਸਮਰਥਕਾਂ ਨੇ ਪੂਰਾ ਪੂਰਾ ਸਾਥ ਦਿੱਤਾ। ਉਸ ਸਮੇਂ ਮੈਂ ਦੋਵਾਂ ਤਰਫਾਂ ਦੇ ਫੇਸਬੁੱਕੀ ਵਿਦਵਾਨਾਂ ਨੂੰ ਸ਼ਾਂਤ ਰੱਖਣ ਲਈ ਪੂਰਾ ਤਾਨ ਲਾਇਆ ਪਰ ਮੇਲੇ ਵਿੱਚ ਚੱਕੀ ਰਾਹੇ ਦੀ ਕਿਸੇ ਨੇ ਨਾ ਸੁਣੀ। ਮੇਰਾ ਮੰਨਣਾ ਹੈ ਕਿ ਜੇ ਉਸ ਸਮੇਂ ਮਿਸ਼ਨਰੀ ਕਾਲਜਾਂ ਨੇ ਪ੍ਰੋ: ਦਰਸ਼ਨ ਸਿੰਘ ਦਾ ਸਾਥ ਦਿੱਤਾ ਹੁੰਦਾ ਤੇ ਖਾਸ ਕਰ ਕੇ ਪ੍ਰੋ: ਧੂੰਦੇ ਵਾਲਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਪ੍ਰੋ: ਦਰਸ਼ਨ ਸਿੰਘ ਦੇ ਕੱਟੜ ਵਿਰੋਧ ਵਿੱਚ ਨਾ ਖੜ੍ਹਦਾ; ਤਾਂ ਉਹ ਸਿੱਖ ਰਹਿਤ ਮਰਯਾਦਾ ਨੂੰ ਸਿਰੇ ਤੋਂ ਨਕਾਰ ਕੇ ਆਪਣੀ ਵੱਖਰੀ ਰਹਿਤ ਮਰਯਾਦਾ ਬਣਾਉਣ ਦੇ ਰਾਹ ਨਾ ਪੈਂਦੇ; ਕਿਉਂਕਿ ਉਸ ਸਮੇਂ ਉਨ੍ਹਾਂ ’ਤੇ ਸਿੱਖ ਰਹਿਤ ਮਰਯਾਦਾ ਨੂੰ ਪੂਰਨ ਤੌਰ ’ਤੇ ਰੱਦ ਕਰਨ ਦਾ ਦਬਾਅ ਪਾ ਰਹੀਆਂ ਕਈ ਧਿਰਾਂ ਨੂੰ ਪ੍ਰੋ: ਦਰਸ਼ਨ ਸਿੰਘ ਵੱਲੋਂ ਦਿੱਤੀ ਜਾਂਦੀ ਇਸ ਦਲੀਲ ਨੂੰ ਮੈਂ ਕਈ ਵਾਰ ਆਪਣੇ ਕੰਨੀਂ ਸੁਣਿਆ ਸੀ ਕਿ “ਸਿੱਖ ਰਹਿਤ ਮਰਯਾਦਾ ਸਾਡਾ ਕੌਮੀ ਦਸਤਾਵੇਜ਼ ਹੈ ਜਿਸ ਨੂੰ ਇਕੱਲਾ ਕੋਈ ਵਿਅਕਤੀ ਜਾਂ ਕੁਝ ਵਿਅਕਤੀਆਂ ਦਾ ਇਕੱਠ ਰੱਦ ਨਹੀਂ ਕਰ ਸਕਦਾ; ਇਸ ਵਿੱਚ ਕੇਵਲ ਉਸੇ ਜੁਗਤ ਨਾਲ ਸੋਧ ਕੀਤੀ ਜਾ ਸਕਦੀ ਹੈ ਜਿਸ ਜੁਗਤੀ ਨਾਲ 1931 ਤੋਂ 1945 ਤੱਕ 14 ਸਾਲ ਦੀ ਲੰਬੀ ਸੋਚ ਵੀਚਾਰ ਨਾਲ ਹੋਂਦ ਵਿੱਚ ਲਿਆਂਦਾ ਸੀ ਅਤੇ ਪੰਜਾਬ ਦੀ ਵੰਡ ਉਪ੍ਰੰਤ 1952 ਵਿੱਚ ਅਰਦਾਸ ਵਿੱਚ ਇਹ ਵਾਧਾ ਕਰਨ ਲਈ ਕਿ ‘ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ-ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ।’ ਵਿੱਚ ਕੇਵਲ ਇੱਕ ਸ਼ਬਦ ‘ਬਲ’ ਜਾਂ ‘ਦਾਨ’ ਵਰਤਣ ਲਈ ਤਿੰਨ ਦਿਨ ਵਿਦਵਾਨਾਂ ਦੀ ਬਹਿਸ ਚੱਲੀ ਸੀ ਅਤੇ ਅੰਤ ‘ਦਾਨ’ ਸ਼ਬਦ ਪ੍ਰਵਾਨ ਕੀਤਾ ਗਿਆ ਸੀ।” ਉਸ ਸਮੇਂ ਪ੍ਰੋ: ਦਰਸ਼ਨ ਸਿੰਘ ਦਾ ਕਹਿਣਾ ਹੁੰਦਾ ਸੀ ਕਿ ਇਸ ਸਮੇਂ ਸ਼ਾਂਤ ਮਹੌਲ ਵਿੱਚ ਪੰਥ ਦੀਆਂ ਸਮੁੱਚੀਆਂ ਧਿਰਾਂ ਦੇ ਸੁਹਿਰਦਤਾ ਨਾਲ ਵੀਚਾਰ ਵਟਾਂਦਰੇ ਲਈ ਇੱਕ ਮੰਚ ’ਤੇ ਇਕੱਤਰ ਹੋਣਾ ਸੰਭਵ ਨਹੀਂ ਹੈ ਇਸ ਲਈ ਪਹਿਲਾਂ ਇਸ ਤਰ੍ਹਾਂ ਦੀ ਭਾਵਨਾ ਅਤੇ ਮਹੌਲ ਪੈਦਾ ਕੀਤਾ ਜਾਵੇ ਜਿਸ ਵਿੱਚ ਸਾਰੀਆਂ ਧਿਰਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਮੌਰ ਮੰਨ ਕੇ ਇਸ ਦੀ ਅਗਵਾਈ ਵਿੱਚ ਸਿਰ ਜੋੜ ਕੇ ਬੈਠਣ ਲਈ ਤਿਆਰ ਹੋ ਜਾਣ ਤਾਂ ਹੀ ਗੁਰਮਤਿ ਦੀ ਰੌਸ਼ਨੀ ਵਿੱਚ ਕੋਈ ਸੋਧ ਕੀਤੀ ਜਾ ਸਕਦੀ ਹੈ; ਪਰ ਕਿਉਂਕਿ ਅਕਾਲ ਤਖ਼ਤ ਦੀ ਦੁਰਵਰਤੋਂ ਕਰ ਕੇ ਡੇਰਾਵਾਦੀ ਸੋਚ ਨੇ ਤਾਂ ਪਹਿਲਾਂ ਹੀ ਪ੍ਰੋ: ਦਰਸ਼ਨ ਸਿੰਘ ਨੂੰ ਛੇਕ ਦਿੱਤਾ ਹੋਇਆ ਸੀ, ਸਿੱਖ ਰਹਿਤ ਮਰਯਾਦਾ ਨੂੰ ਪੂਰੀ ਤਰ੍ਹਾਂ ਸਮਰਪਿਤ ਕਹਾਉਣ ਵਾਲੇ ਮਿਸ਼ਨਰੀ ਗਰੁੱਪ ਨੇ ਵੀ ਅਸਿੱਧੇ ਰੂਪ ਵਿੱਚ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਸਿੱਧੇ ਰੂਪ ਵਿੱਚ ਉਸ ਦੇ ਵਿਰੋਧ ਵਿੱਚ ਖੜ੍ਹਨ ਦਾ ਸਿੱਟਾ ਇਹ ਨਿਕਲਿਆ ਕਿ ਪ੍ਰੋ: ਦਰਸ਼ਨ ਸਿੰਘ ਨੇ ਆਪਣਾ ਮਨ ਇਸ ਤਰ੍ਹਾਂ ਬਣਾ ਲਿਆ ਕਿ ਜਦੋਂ ਸਿੱਖ ਰਹਿਤ ਮਰਯਾਦਾ ਦੇ ਹੱਕ ਅਤੇ ਵਿਰੋਧ ਵਿੱਚ ਖੜ੍ਹੀਆਂ ਦੋਵਾਂ ਮੁੱਖ ਧਿਰ੍ਹਾਂ ਨੇ ਹੀ ਆਪਣੇ ਆਪਣੇ ਪੰਥ ਵਿੱਚੋਂ ਉਸ ਨੂੰ ਛੇਕ ਰੱਖਿਆ ਹੈ ਜਿਨ੍ਹਾਂ ਦੀ ਨੇੜਲੇ ਭਵਿੱਖ ਵਿੱਚ ਇੱਕ ਸਫ਼ਾ ’ਤੇ ਬੈਠ ਕੇ ਕੋਈ ਗੁਰਮਤਿ ਅਨੁਸਾਰੀ ਫੈਸਲਾ ਕਰ ਲੈਣ ਦੀ ਕੋਈ ਸੰਭਾਵਨਾ ਹੀ ਨਹੀਂ ਤਾਂ ਕਿਉਂ ਨਾ ਉਹ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ’ਤੇ ਅਧਾਰਿਤ ਆਪਣੀ ਵੱਖਰੀ ਰਹਿਤ ਮਰਯਾਦਾ ਬਣਾ ਕੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਣ ਦਾ ਸਬੂਤ ਦੇਵੇ। ਸੋ ਇਸ ਤਰ੍ਹਾਂ ਪੰਥ ਦੋ ਦੀ ਥਾਂ ਤਿੰਨ ਵਿਰੋਧੀ ਧਿਰਾਂ ਵਿੱਚ ਵੰਡੇ ਜਾਣ ਦੇ ਰਾਹ ਪੈ ਗਿਆ ਜਿਸ ਲਈ ਮੈਂ ਸਮਝਦਾ ਹਾਂ ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੇ ਹਰਨੇਕ ਸਿੰਘ ਨਿਊਜ਼ੀਲੈਂਡ ਮੁੱਖ ਤੌਰ ’ਤੇ ਤੀਜੀ ਵੰਡ ਲਈ ਕਸੂਰਵਾਰ ਹਨ।

ਦੂਸਰੀ ਘਟਨਾ ਹੈ ਕਿ ਅਕਤੂਬਰ 2014 ਵਿੱਚ  ਸ: ਕੁਲਦੀਪ ਸਿੰਘ ਹੋਸਟ ਸ਼ੇਰੇ ਪੰਜਾਬ ਰੇਡੀਓ, ਸ: ਦਲਜੀਤ ਸਿੰਘ ਇੰਡੀਆਨਾ ਅਤੇ ਸ: ਮਲਕੀਤ ਸਿੰਘ ਬਾਸੀ ਆਦਿਕ ਨੇ ਕੁਝ ਹੋਰਨਾਂ ਨਾਲ ਮਿਲ ਕੇ ਇੰਡੀਆਨਾ ਵਿਖੇ ਵਿਸ਼ਵ ਸਿੱਖ ਕਨਵੈਂਨਸ਼ਨ ਕਰਵਾਉਣ ਦਾ ਫੈਸਲਾ ਲਿਆ, ਜਿੱਥੇ ਕਈ ਮਹੱਤਵਪੂਰਨ ਮਤੇ ਪਾਸ ਕੀਤੇ ਜਾਣੇ ਸਨ। ਉਨ੍ਹਾਂ ਨੇ ਯਤਨ ਕੀਤਾ ਕਿ ਪੰਥਕ ਸੋਚ ਰੱਖਣ ਵਾਲੇ ਵੱਖ ਵੱਖ ਧੜਿਆਂ ਦੇ ਆਗੂਆਂ/ਵਿਦਵਾਨਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਵੇ ਤਾਂ ਕਿ ਜਿਹੜੇ ਧੜੇ ਜਾਂ ਵਿਅਕਤੀ ਕਿਸੇ ਨਾ ਕਿਸੇ ਕਾਰਨ ਇੱਕ ਦੂਜੇ ਦਾ ਵਿਰੋਧ ਕਰਦੇ ਆ ਰਹੇ ਹਨ ਉਨ੍ਹਾਂ ਨੂੰ ਇੱਕ ਸਟੇਜ਼ ’ਤੇ ਇਕੱਤਰ ਕਰ ਕੇ ਪੰਥਕ ਏਕਤਾ ਦਾ ਮੁੱਢ ਬੰਨ੍ਹਿਆ ਜਾਵੇ। ਇਸ ਲਈ ਉਨ੍ਹਾਂ ਪ੍ਰੋ: ਧੂੰਦਾ ਸਮੇਤ ਡਾ: ਅਮਰਜੀਤ ਸਿੰਘ, ਸ: ਪਾਲ ਸਿੰਘ ਪੁਰੇਵਾਲ, ਸ: ਸਰਬਜੀਤ ਸਿੰਘ ਸੈਕਰਾਮੈਂਟੋ, ਸ: ਤਰਲੋਚਨ ਸਿੰਘ ਦੁਪਾਲਪੁਰ, ਆਦਿਕ ਹੋਰ ਕਈ ਪੰਥਕ ਸੋਚ ਵਾਲੇ ਬੁਲਾਰਿਆਂ ਨੂੰ ਸੱਦਾ ਦਿੱਤਾ, ਪਰ ਇੱਥੇ ਫਿਰ ਭਾਈ ਨਿਊਜ਼ੀਲੈਂਡ ਆਪਣਾ ਜਲਵਾ ਵਿਖਾਉਂਦਿਆਂ; ਪ੍ਰੋ: ਧੂੰਦਾ ਨੂੰ ਉਸ ਕਨਵੈਂਨਸ਼ਨ ਵਿੱਚ ਸ਼ਾਮਲ ਹੋਣ ਤੋਂ ਰੋਕਣ ਵਿੱਚ ਸਫਲ ਹੋ ਗਏ। ਕਨਵੈਂਸ਼ਨ ਤਾਂ ਪ੍ਰੋ: ਧੂੰਦੇ ਦੀ ਸ਼ਮੂਲੀਅਤ ਤੋਂ ਬਿਨਾਂ ਵੀ ਸਿਰੇ ਚੜ੍ਹ ਗਈ ਪਰ ਉਸ ਤੋਂ ਅਗਲੇ ਦਿਨ ਰੰਜਸ਼ ਵਿੱਚ ਆਏ ਸ: ਕੁਲਦੀਪ ਸਿੰਘ ਅਤੇ ਸ: ਦਲਜੀਤ ਸਿੰਘ ਨੇ ‘ਰੇਡੀਓ ਚੰਨ ਪ੍ਰਦੇਸੀ’ ਅਤੇ ‘ਰੇਡੀਓ ਸ਼ੇਰ-ਏ-ਪੰਜਾਬ’  ’ਤੇ ਪ੍ਰੋ: ਧੂੰਦਾ ਅਤੇ ਉਸ ਦੇ ਕਾਲਜ ਦੀ ਉਹ ਖਿੱਲੀ ਉਡਾਈ ਕਿ ਧੂੰਦਾ ਅਤੇ ਇਸ ਦੇ ਕਾਲਜ ਦੇ ਵਕਾਰ ਦਾ ਉਸ ਤੋਂ ਕਿਤੇ ਵੱਧ ਨੁਕਸਾਨ ਕਰ ਦਿੱਤਾ ਜਿਤਨਾ ਕਿ ਹਰਨੇਕ ਸਿੰਘ ਨੇ ਉਨ੍ਹਾਂ ਦਾ ਫਾਇਦਾ ਕੀਤਾ ਹੋਵੇਗਾ। ਇਸ ਘਟਨਾ ਨੇ ਪ੍ਰੋ: ਧੂੰਦਾ ਅਤੇ ਇਸ ਦੇ ਕਾਲਜ ਨੂੰ ਆਪਣੀ ਗਲਤੀ ਦਾ ਅਹਿਸਾਸ ਤਾਂ ਕਰਵਾ ਦਿੱਤਾ ਪਰ ਉਸ ਸਮੇਂ ਤਾਂ ਹਰਨੇਕ ਸਿੰਘ, ਪ੍ਰੋ: ਧੂੰਦੇ ਨੂੰ ਰੱਬ ਦਾ ਦੂਜਾ ਰੂਪ ਅਤੇ ਗੁਰੂ ਤੋਂ ਦੂਸਰੇ ਨੰਬਰ ਦਾ ਬਣਾ ਕੇ ਪੇਸ਼ ਕਰ ਰਿਹਾ ਹੁੰਦਾ ਸੀ ਜਦੋਂ ਕਿ ਪ੍ਰੋ: ਦਰਸ਼ਨ ਸਿੰਘ ਤੇ ਉਸ ਦੇ ਸਮਰਥਕਾਂ ਨੂੰ ਗਾਲ਼ਾਂ ਕੱਢਣ ਅਤੇ ਨੀਵੀ ਪੱਧਰ ਦੀ ਸ਼ਬਦਾਵਲੀ ਵਰਤਣ ਤੋਂ ਕਦੀ ਵੀ ਗੁਰੇਜ਼ ਨਹੀਂ ਸੀ ਕਰਦਾ ਇਸ ਲਈ ਆਪਣੇ ਐਡੇ ਵੱਡੇ ਸਮਰਥਕ ਦੇ ਜਾਲ਼ ਵਿੱਚੋਂ ਛੇਤੀ ਕਰ ਕੇ ਨਿਕਲ ਜਾਣਾ ਪ੍ਰੋ: ਧੂੰਦੇ ਦੇ ਵੱਸ ਵਿੱਚ ਨਹੀਂ ਸੀ ਰਿਹਾ।

ਤੀਸਰੇ ਨੰਬਰ ’ਤੇ ਤਾਜਾ ਘਟਨਾਵਾਂ ਦੀ ਗੱਲ ਕਰੀਏ ਤਾਂ ਕੁਝ ਸਮਾਂ ਭਾਈ ਹਰਨੇਕ ਸਿੰਘ ਨਿਊਜੀਲੈਂਡ ਭਾਈ ਪੰਥਪ੍ਰੀਤ ਸਿੰਘ ਦੇ ਵੀ ਚੰਗੇ ਸੋਹਲੇ ਗਾਉਂਦਾ ਰਿਹਾ ਪਰ ਭਾਈ ਸਾਹਿਬ ਕੁਝ ਸੁਚੇਤ ਰਹੇ ਤੇ ਪ੍ਰੋ: ਧੂੰਦੇ ਵਾਙ ਪੂਰੀ ਤਰ੍ਹਾਂ ਉਸ ਦੀ ਝੋਲ਼ੀ ਵਿੱਚ ਨਾ ਪਏ ਤਾਂ ਹਰਨੇਕ ਸਿੰਘ ਨੇ ਉਨ੍ਹਾਂ ਪ੍ਰਤੀ ਵੀ ਮੰਦ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ। ਸ਼ਾਇਦ ਇਸ ਸਮੇਂ ਪ੍ਰੋ: ਧੂੰਦਾ ਆਪਣੀ ਪਹਿਲੀ ਗਲਤੀ ਦੁਹਰਾਉਣਾ ਨਹੀਂ ਸਨ ਚਾਹੁੰਦੇ ਇਸ ਲਈ ਉਨ੍ਹਾਂ ਅਨੁਸਾਰ ਉਨ੍ਹਾਂ ਨੇ ਹਰਨੇਕ ਸਿੰਘ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਤੁਹਾਡੇ ਇਸ ਵਤੀਰੇ ਨਾਲ ਭਾਈ ਪੰਥਪ੍ਰੀਤ ਸਿੰਘ ਇਹ ਸਮਝਣਗੇ ਕਿ ਹਰਨੇਕ ਸਿੰਘ ਪ੍ਰੋ: ਧੂੰਦਾ ਦੇ ਖਾਸ ਬੰਦੇ ਹਨ ਤੇ ਮੇਰੀ ਸਹਿਮਤੀ ਨਾਲ ਹੀ ਤੁਸੀਂ ਭਾਈ ਪੰਥਪ੍ਰੀਤ ਸਿੰਘ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਇਸ ਲਈ ਇਸ ਤਰ੍ਹਾਂ ਦਾ ਤੁਹਾਡਾ ਅਮਲ ਸਾਡੇ ਦੋਵਾਂ ਦੇ ਸੁਖਾਵੇਂ ਸਬੰਧਾਂ ਵਿੱਚ ਤ੍ਰੇੜਾਂ ਪੈਦਾ ਕਰ ਸਕਦਾ ਹੈ; ਜੋ ਜਾਗਰੂਕ ਲਹਿਰ ਦੇ ਪੱਖ ਵਿੱਚ ਨਹੀਂ ਹੋਵੇਗਾ। ਇਸ ਲਈ ਜਦ ਤੱਕ ਤੁਸੀਂ ਭਾਈ ਪੰਥਪ੍ਰੀਤ ਸਿੰਘ ਵਿਰੁੱਧ ਆਪਣੀ ਮੰਦਭਾਸ਼ਾ ਵਿੱਚ ਤਬਦੀਲੀ ਨਹੀਂ ਕਰਦੇ ਉਸ ਸਮੇਂ ਤੱਕ ਉਹ (ਧੂੰਦਾ) ਹਰਨੇਕ ਸਿੰਘ ਦੇ ਗੁਰਦੁਆਰੇ ਵਿੱਚ ਕਥਾ ਕਰਨ ਨਹੀਂ ਆਉਣਗੇ। ਬੱਸ ਫਿਰ ਕੀ ਸੀ ਹਰਨੇਕ ਸਿੰਘ ਜੀ ਨੇ ਧੂੰਦੇ ਦੀ ਥਾਂ ਭਾਈ ਰਣਜੀਤ ਸਿੰਘ ਢੱਡਰਰੀਆਂ ਵਾਲੇ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ ਅਤੇ ਪ੍ਰੋ: ਧੂੰਦਾ, ਭਾਈ ਪੰਥਪ੍ਰੀਤ ਸਿੰਘ, ਭਾਈ ਅਮਰੀਕ ਸਿੰਘ ਚੰਡੀਗੜ੍ਹ ਸਮੇਤ ਮਿਸ਼ਨਰੀ ਕਾਲਜਾਂ ਅਤੇ ਗੁਰਮਤਿ ਸੇਵਾ ਲਹਿਰ ਦੇ ਸਾਰੇ ਪ੍ਰਚਾਰਕਾਂ ਵਿਰੁੱਧ ਅਤਿ ਘਟੀਆ ਸ਼ਬਦਾਵਲੀ ਵਰਤਣ ਦੀ ਗਤੀ ਹੋਰ ਵਧਾ ਦਿੱਤੀ ਜਿਸ ਨਾਲ ਹਾਲਾਤ ਬਿਲਕੁਲ ਉਹ ਬਣਦੇ ਜਾ ਰਹੇ ਹਨ ਜਿਨ੍ਹਾਂ ਹਾਲਤਾਂ ਕਾਰਨ ਪ੍ਰੋ: ਦਰਸ਼ਨ ਸਿੰਘ ਤੇ ਗੁਰਮਤਿ ਗਿਆਨ ਦੀਆਂ ਦੂਰੀਆਂ ਵਧੀਆ ਤੇ ਫਿਰ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਅਤੇ ਸ: ਕੁਲਦੀਪ ਸਿੰਘ, ਸ: ਦਲਜੀਤ ਸਿੰਘ ਆਦਿਕ ਵਿਚਕਾਰ ਦੂਰੀਆਂ ਵਧੀਆਂ।

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਰੋਲ ਬਿਨਾਂ ਸ਼ੱਕ ਸ਼ਾਲਾਘਾਯੋਗ ਹੈ ਅਤੇ ਉਸ ਦੀ ਸਿਫਤ ਕਰਨੀ ਬਣਦੀ ਹੈ ਪਰ ਉਨ੍ਹਾਂ ਦੀ ਸਿਫਤ ਕਰਨ ਵਾਲੇ ਬੰਦੇ ਵੱਲੋਂ ਉਸੇ ਵਕਤ ਉਨ੍ਹਾਂ ਦੇ ਸਾਥੀ ਮਿਸ਼ਨਰੀ ਕਾਲਜਾਂ ਅਤੇ ਗੁਰਮਤਿ ਸੇਵਾ ਲਹਿਰ ਦੇ ਪ੍ਰਚਾਰਕਾਂ ਵਿਰੁੱਧ ਅਤਿ ਘਟੀਆ ਸ਼ਬਦਾਵਲੀ ਵਰਤਨੀ ਕਦਾਚਿਤ ਪੰਥ ਅਤੇ ਜਾਗਰੂਕ ਲਹਿਰ ਦੇ ਹੱਕ ਵਿੱਚ ਨਹੀਂ ਹੈ। ਮੈਂ ਪਹਿਲਾਂ ਹੀ ਮਿਸ਼ਨਰੀ ਕਾਲਜ ਦੇ ਪ੍ਰਚਾਰਕਾਂ ਨੂੰ ਜਾਗਰੂਕਤਾ ਦਾ ਬੀਜ ਬੀਜ ਕੇ ਪੌਦਾ ਉੱਗਾਉਣ ਵਾਲਿਆਂ, ਭਾਈ ਪੰਥਪ੍ਰੀਤ ਸਿੰਘ ਅਤੇ ਉਸ ਦੀ ਸਰਪ੍ਰਸਤੀ ਹੇਠ ਗੁਰਮਤਿ ਸੇਵਾ ਲਹਿਰ ਦੇ ਪ੍ਰਚਾਰਕਾਂ ਵੱਲੋਂ ਉਸ ਪੌਦੇ ਨੂੰ ਪਾਲ਼ ਪੋਸ਼ ਕੇ ਵੱਡ ਅਕਾਰੀ ਬ੍ਰਿਛ ਬਣਾਉਣ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਉਸ ਬ੍ਰਿਛ ਨੂੰ ਫੁੱਲ ਲੱਗਣ ਤੱਕ ਪਹੁੰਚਾਉਣ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਣ ਵਾਲਿਆਂ ਦੀ ਤਸ਼ਬੀਹ ਦੇ ਚੁੱਕਾ ਹਾਂ। ਇਨ੍ਹਾਂ ਤਿੰਨਾਂ ਸੰਸਥਾਵਾਂ ਵਿੱਚੋਂ ਕਿਸੇ ਇੱਕ ਦੇ ਯੋਗਦਾਨ ਨੂੰ ਘਟਾ ਕੇ ਵੇਖਣਾ ਕਿਸੇ ਦੂਸਰੇ ਵਿੱਚ ਹਉਮੈ ਦੇ ਸੂਖਮ ਬੀਜ, ਬੀਜ ਸਕਦਾ ਹੈ ਜੋ ਇਨ੍ਹਾਂ ਦੀ ਸਖ਼ਸ਼ੀਅਤ ਲਈ ਹਾਨੀਕਾਰਕ ਅਤੇ ਪੰਥਕ ਏਕਤਾ ਤੇ ਜਾਗਰੂਕ ਲਹਿਰ ਲਈ ਘਾਤਕ ਸਿੱਧ ਹੋ ਸਕਦਾ ਹੈ। ਅਸੀਂ ਅਕਸਰ ਦੋਸ਼ ਲਾਉਂਦੇ ਰਹਿੰਦੇ ਹਾਂ ਕਿ ਪੰਥ ਵਿਰੋਧੀ ਸ਼ਕਤੀਆਂ ਆਪਣੀਆਂ ਏਜੰਸੀਆਂ ਰਾਹੀਂ ਪੰਥ ਵਿੱਚ ਫੁੱਟ ਪਾ ਕੇ ਸਾਡੀ ਸ਼ਕਤੀ ਨੂੰ ਕਮਜੋਰ ਕਰ ਕੇ ਸਾਡੀ ਹੋਂਦ ਮਿਟਾਉਣ ’ਤੇ ਤੁਲੇ ਹੋਏ ਹਨ ਜਿਨ੍ਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ, ਪਰ ਇੱਥੇ ਕਿਹੜੀ ਉਹ ਏਜੰਸੀ ਹੈ ਜਿਸ ਨੂੰ ਪੰਥਕ ਏਕਤਾ ਦੀ ਗੱਲ ਸੁਣਦਿਆਂ ਹੀ ਢਿੱਡ ਪੀੜ ਹੋਣੀ ਸ਼ੁਰੂ ਹੋ ਜਾਂਦੀ ਹੈ ? ਜੇ ਉਹ ਆਪਣੇ ਆਪ ਨੂੰ ਪੰਥ ਹਿਤੂ ਅਖਵਾ ਰਿਹਾ ਹੈ ਤਾਂ ਪੰਥਕ ਹਿਤਾਂ ਨੂੰ ਆਪਣੇ ਆਪ ਸਮਝ ਕੇ ਆਪਣਾ ਵਤੀਰਾ ਬਦਲ ਲਵੇ ਤਾਂ ਉਸ ਦੀ ਸਿਆਣਪ ਨੂੰ ਧੰਨ ਕਹਿਣ ਦਾ ਸੁਭਾਗ ਪ੍ਰਾਪਤ ਹੋਵੇਗਾ ਪਰ ਜੇ ਉਹ ਨਹੀਂ ਸਮਝਦਾ ਤਾਂ ਸਿੱਖ ਸੰਗਤਾਂ ਨੂੰ ਖ਼ੁਦ ਪਛਾਣ ਕੇ ਉਸ ਦਾ ਕੋਈ ਹੱਲ ਲੱਭਣਾ ਚਾਹੀਦਾ ਹੈ।

5.8.2017 ਦੇ ਦੀਵਾਨ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਹ ਬਿਆਨ ਦਿੱਤਾ ਸੀ ਕਿ ਉਸ ਨੇ ਮਨ ਬਣਾ ਲਿਆ ਹੈ ਕਿ ਇੱਕ ਸਾਲ ਬਾਅਦ ਉਹ ਦੀਵਾਨ ਲਾ ਕੇ ਪ੍ਰਚਾਰ ਕਰਨਾ ਬੰਦ ਕਰ ਦੇਵੇਗਾ ਅਤੇ ਕੇਵਲ ਕੌਮ ਦੇ ਚਲੰਤ ਮਸਲਿਆਂ ’ਤੇ ਆਪਣਾ ਨਜ਼ਰੀਆ ਪੇਸ਼ ਕਰਿਆ ਕਰੇਗਾ ਕਿ ਕੀ ਗਲਤ ਹੈ ਅਤੇ ਕੀ ਠੀਕ ਹੈ ? ਕੀ ਇਸ ਦਾ ਕੌਮ ਨੂੰ ਲਾਭ ਹੋਏਗਾ ਜਾਂ ਨੁਕਸਾਨ ? ਉਨ੍ਹਾਂ ਨੇ ਦੀਵਾਨ ਨਾ ਲਾਏ ਜਾਣ ਦਾ ਕਾਰਨ ਇਹ ਦੱਸਿਆ ਸੀ ਕਿ ਇੱਕ ਸਾਲ ਬਾਅਦ ਉਸ ਨੇ ਜੋ ਕੁਝ ਕਹਿਣਾ ਹੈ ਉਹ ਧੂਤਿਆਂ ਨੂੰ ਪਸੰਦ ਨਹੀਂ ਆਉਣਾ ਜਿਸ ਕਾਰਨ ਉਨ੍ਹਾਂ ਮੈਨੂੰ ਆਸਾਨੀ ਨਾਲ ਇਹ ਦੀਵਾਨ ਲਾਉਣ ਨਹੀਂ ਦੇਣੇ। ਉਨ੍ਹਾਂ ਇਹ ਪਸ਼ੀਨਗੋਈ ਵੀ ਕੀਤੀ ਸੀ ਕਿ ਉਸ ਸਮੇਂ ਇਹ ਪ੍ਰਮੇਸ਼ਰ ਦੁਆਰ ਵੀ ਉਜੜੇਗਾ। ਭਾਈ ਹਰਨੇਕ ਸਿੰਘ, ਭਾਈ ਢੱਡਰੀਆਂ ਵਾਲੇ ਦੇ ਇਸ ਬਿਆਨ ਦੀ ਖ਼ੂਬ ਪ੍ਰਸੰਸਾ ਕਰ ਰਿਹਾ ਹੈ ਅਤੇ ਭਾਈ ਪੰਥਪ੍ਰੀਤ ਸਿੰਘ ਤੇ ਪ੍ਰੋ: ਧੂੰਦਾ ਸਮੇਤ ਗੁਰਮਤਿ ਸੇਵਾ ਲਹਿਰ ਤੇ ਮਿਸ਼ਨਰੀ ਕਾਲਜ ਦੇ ਸਮੁੱਚੇ ਪ੍ਰਚਾਰਕਾਂ ਦੀ ਭਾਰੀ ਅਲੋਚਨਾ ਕਰਦਾ ਹੋਇਆ ਉਨ੍ਹਾਂ ਨੂੰ ਵਾਰ ਵਾਰ ਇਹ ਨਿਹੋਰਾ ਮਾਰ ਰਿਹਾ ਹੈ ਕਿ ਇਹ ਪ੍ਰਚਾਰਕ ਭਾਈ ਢੱਡਰੀਆਂ ਵਾਲੇ ਵਾਙ ਅੱਪਡੇਟ ਕਿਉਂ ਨਹੀਂ ਹੁੰਦੇ। ਹੁਣ ਮੈਂ ਭਾਈ ਹਰਨੇਕ ਸਿੰਘ ਨਿਊਜ਼ੀਲੈਂਡ ਵਾਲੇ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਜਿਸ ਸਮੇਂ ਪ੍ਰੋ: ਦਰਸ਼ਨ ਸਿੰਘ ਕਹਿ ਰਹੇ ਸਨ ਕਿ ਮੌਜੂਦ ਨਿਜ਼ਾਮ, ਅਕਾਲ ਤਖ਼ਤ ਦਾ ਨਾਮ ਵਰਤ ਕੇ ਇਸ ਦੇ ਪੁਜਾਰੀਆਂ ਨੂੰ ਜਾਗਰੂਕ ਪ੍ਰਚਾਰਕਾਂ ਦੇ ਰਾਹ ਵਿੱਚ ਕੰਡੇ ਖਿਲਾਰਨ ਲਈ ਵਰਤ ਰਿਹਾ ਹੈ ਇਸ ਲਈ ਪ੍ਰੋ: ਧੂੰਦਾ ਪੁਜਾਰੀਆਂ ਅੱਗੇ ਪੇਸ਼ ਹੋ ਕੇ ਉਸ ਨਿਜ਼ਾਮ ਤੇ ਪੁਜਾਰੀਆਂ ਨੂੰ ਤਾਕਤ ਪ੍ਰਦਾਨ ਨਾ ਕਰੇ ਤਾਂ ਉਸ ਸਮੇਂ ਤਾਂ ਤੁਸੀਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੇ ਪ੍ਰੋ: ਧੂੰਦੇ ਦੀਆਂ ਸਟੇਜਾਂ ਬਚਾਉਣ ਲਈ ਉਨ੍ਹਾਂ ਦੇ ਫੈਸਲੇ ਦੀ ਡਟ ਕੇ ਹਮਾਇਤ ਕੀਤੀ ਅਤੇ ਸਟੇਜਾਂ ਬਚਾਉਣ ਦੇ ਡਰ ਤੋਂ ਉਪਰ ਉੱਠ ਕੇ ਪੁਜਾਰੀਵਾਦ ਦੇ ਵਿਰੋਧ ਵਿੱਚ ਖੜ੍ਹਨ ਵਾਲੇ ਪ੍ਰੋ: ਦਰਸ਼ਨ ਸਿੰਘ ਦੀ ਅਤਿ ਘਟੀਆ ਸ਼ਬਦਾਵਲੀ ਵਿੱਚ ਭਾਰੀ ਅਲੋਚਨਾ ਕੀਤੀ ਸੀ, ਪਰ ਅੱਜ ਤੁਸੀਂ ਪ੍ਰਮੇਸ਼ਰਦੁਆਰ ਉਜਾੜਨ ਵਾਲੇ ਅਤੇ ਦੀਵਾਨ ਬੰਦ ਕਰਨ ਦਾ ਮਨ ਬਣਾ ਬੈਠੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਉਸਤਤਿ ਦੇ ਸੋਹਲੇ ਗਾ ਰਹੋ ਹੋ ਅਤੇ ਇਹ ਰਾਹ ਅਖਤਿਆਰ ਨਾ ਕਰਨ ਵਾਲੇ ਬਾਕੀ ਪ੍ਰਚਾਰਕਾਂ ਦੀ ਭਾਰੀ ਅਲੋਚਨਾ ਕਰ ਰਹੇ ਹੋ ਤਾਂ ਦੱਸੋ ਇਹ ਤੁਹਾਡੇ ਅਪਗਰੇਡ ਹੋਣ ਦੀ ਨਿਸ਼ਾਨੀ ਹੈ ਜਾਂ ਤੀਲੀ ਲਾ ਕੇ ਤਮਾਸ਼ਾ ਵੇਖਣ ਦਾ ਚਾਅ ਪੂਰਾ ਕਰ ਰਹੇ ਹੋ ?

ਦੂਸਰਾ ਸਵਾਲ ਭਾਈ ਢੱਡਰੀਆਂ ਵਾਲਿਆਂ ਨੂੰ ਹੈ ਕਿ ਜੇ ਤੁਸੀਂ ਮੰਨ ਰਹੇ ਹੋ ਕਿ ਇੱਕ ਸਾਲ ਬਾਅਦ ਜੋ ਤੁਸੀਂ ਗੱਲਾਂ ਕਰਨੀਆਂ ਹਨ ਉਨ੍ਹਾਂ ਦਾ ਅਸਰ ਇਹ ਹੋਵੇਗਾ ਕਿ ਧੂਤੇ ਤੁਹਾਨੂੰ ਖੁਲ੍ਹੇਆਮ ਬਿਚਰਨ ਨਹੀਂ ਦੇਣਗੇ ਤੇ ਇਹ ਪ੍ਰਮੇਸ਼ਰ ਦੁਆਰ ਉਜਾੜਨਾ ਪਏਗਾ ਤਾਂ ਕ੍ਰਿਪਾ ਕਰ ਕੇ ਇਹ ਵੀ ਦੱਸੋ ਕਿ ਜਿਹੜੇ ਗੁਰਸਿੱਖ ਤੁਹਾਡੇ ਵੱਲੋਂ ਪ੍ਰਗਟ ਕੀਤੇ ਨਜ਼ਰੀਏ ’ਤੇ ਅਮਲ ਕਰਨਗੇ, ਕੀ ਉਨ੍ਹਾਂ ਨੂੰ ਇਹ ਧੂਤੇ ਖੁਲ੍ਹੇਆਮ ਵਿਚਰਨ ਦੇਣਗੇ ਜਾਂ ਉਨ੍ਹਾਂ ਨੂੰ ਵੀ ਪ੍ਰਮੇਸ਼ਰਦੁਆਰ ਵਾਙ ਆਪਣੇ ਘਰਬਾਰ ਉਜਾੜਨੇ ਪੈਣਗੇ ? ਜੇ ਸਿੱਖਾਂ ਨੇ ਤੁਹਾਡੇ ਵੱਲੋਂ ਪੇਸ਼ ਕੀਤੇ ਨਜ਼ਰੀਏ ਨੂੰ ਨਜ਼ਰਅੰਦਾਜ਼ ਹੀ ਕਰਨਾ ਹੈ ਤਾਂ ਦੱਸੋ ਉਸ ਨਜ਼ਰੀਏ ਦੀ ਕੋਈ ਬੁਕਤ ਰਹੇਗੀ ?

ਸੋ, ਮੇਰੀ ਸਾਰੀਆਂ ਧਿਰਾਂ ਨੂੰ ਬੇਨਤੀ ਹੈ ਕਿ ਜ਼ਮੀਨੀ ਹਾਲਤਾਂ ਨੂੰ ਸਮਝੋ ਕਿ ਕੌਮ ਦਾ ਭਲਾ ਇਸੇ ਵਿੱਚ ਹੈ ਕਿ ਪ੍ਰਚਾਰ ਰਾਹੀਂ ਕੌਮ ਨੂੰ ਜਾਗਰੂਕ ਕਰਨ ਦੀ ਹਾਲੀ ਬਹੁਤ ਲੋੜ ਹੈ ਤੇ ਇਹ ਜਿੰਮੇਵਾਰੀ ਨਿਭਾਉਣ ਦਾ ਹਰ ਗੁਰਸਿੱਖ ਦਾ ਮੁੱਢਲਾ ਫਰਜ਼ ਹੈ। ਇਸ ਸਮੇਂ ਸਾਰੇ ਜਾਗਰੂਕ ਪ੍ਰਚਾਰਕਾਂ ਦੀ ਦੀਰਘ ਸੋਚ ਵੀਚਾਰ ਉਪ੍ਰੰਤ ਬਣੀ ਸਾਂਝੀ ਰਾਇ ਅਨੁਸਾਰ ਹੀ ਚੱਲਣਾ ਚਾਹੀਦਾ ਹੈ। ਜੇ ਇਸ ਤਰ੍ਹਾਂ ਸੰਭਵ ਹੋ ਜਾਵੇ ਤਾਂ ਭਾਈ ਢੱਡਰੀਆਂ ਵਾਲੇ ਸਮੁੱਚੀ ਟੀਮ ਦੇ ਕਪਤਾਨ ਪ੍ਰਵਾਨੇ ਜਾ ਸਕਦੇ ਹਨ ਪਰ ਜੇ ਬਾਕੀ ਪ੍ਰਚਾਰਕ ਜਿਹੜੇ 60 ਜਾਂ 20 ਸਾਲਾਂ ਤੋਂ ਸਖਤ ਘਾਲਣਾ ਘਾਲ ਰਹੇ ਹਨ ਉਨ੍ਹਾਂ ਨੂੰ ਨੀਵਾਂ ਵਿਖਾਉਣ ਜਾਂ ਨਜ਼ਰ ਅੰਦਾਜ਼ ਕਰਨ ਦੀ ਪ੍ਰਵਿਰਤੀ ਭਾਰੂ ਰਹੀ ਤਾਂ ਮੈਨੂੰ ਨਹੀਂ ਉਮੀਦ ਕਿ ਕੋਈ ਉਨ੍ਹਾਂ ਦਾ ਸਾਥ ਦੇਣ ਲਈ ਤਿਆਰ ਹੋਵੇਗਾ ? ਇਸ ਸੂਰਤ ਵਿੱਚ ਨਜ਼ਰੀਏ ਕੇਵਲ ਨਜ਼ਰੀਏ ਬਣ ਕੇ ਹੀ ਰਹਿ ਜਾਣਗੇ। ਇਸ ਨਾਲ ਨੁਕਸਾਨ ਕੇਵਲ ਭਾਈ ਰਣਜੀਤ ਸਿੰਘ, ਭਾਈ ਪੰਥਪ੍ਰੀਤ ਸਿੰਘ, ਧੂੰਦੇ ਜਾਂ ਮਿਸ਼ਨਰੀ ਕਾਲਜਾਂ ਦਾ ਨਹੀਂ ਹੋਵੇਗਾ ਬਲਕਿ ਸਮੁੱਚੀ ਸਿੱਖ ਕੌਮ ਆਪਣੇ ਦੁਰਭਾਗਾਂ ਨੂੰ ਰੋਣ ਤੋਂ ਸਿਵਾਏ ਹੋਰ ਕੁਝ ਵੀ ਕਰਨ ਤੋਂ ਅਸਮਰਥ ਹੋ ਕੇ ਰਹਿ ਜਾਵੇਗੀ।

ਸੋ, ਜੇ ਸਾਰੇ ਪ੍ਰਚਾਰਕ ਇੱਕਮੱਤ ਹੋ ਕੇ ਚਲਦੇ ਹੋਏ ਕੌਮ ਲਈ ਕੋਈ ਪ੍ਰਾਪਤੀ ਕਰ ਲੈਂਦੇ  ਹਨ ਤਾਂ ਇਸ ਪ੍ਰਾਪਤੀ ਦਾ ਸਿਹਰਾ ਵੀ ਉਨ੍ਹਾਂ ਸਿਰ ਹੀ ਬੱਝੇਗਾ ਤੇ ਜੇ ਆਪਣੀ ਹਉਮੈ ਅਧੀਨ ਦੂਸਰੇ ਨੂੰ ਨੀਵਾਂ ਵਿਖਾਉਣ ਦੇ ਯਤਨਾਂ ਵਿੱਚ ਹੀ ਰੁੱਝੇ ਰਹੇ ਤਾਂ “ਸ਼ਾਹ ਮੁਹੰਮਦਾ ! ਇੱਕ ਸਰਕਾਰ ਬਾਝ੍ਹੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ” ਵਾਲਾ ਸ਼ੇਅਰ ਵੀ ਅੱਜ ਦੇ ਪ੍ਰਚਾਰਕਾਂ ਤੇ ਹਰਨੇਕ ਸਿੰਘ ਵਰਗਿਆਂ ’ਤੇ ਪੂਰਾ ਢੁਕੇਗਾ।

ਉਪ੍ਰੋਕਤ ਵਰਣਨ ਕੀਤੀਆਂ ਚਾਰ ਧਿਰਾਂ ਤੋਂ ਇਲਾਵਾ ਇੱਕ ਪੰਜਵੀ ਧਿਰ ਵੀ ਹੈ ਜਿਸ ਨੂੰ ਸਿੱਖ ਕੌਮ ਦੇ ਸਾਰੇ ਦੁੱਖਾਂ ਦੀ ਦਾਰੂ ਖਾਲਸਤਾਨ ਹੀ ਜਾਪਦੀ ਹੈ। ਜਿਸ ਤਰ੍ਹਾਂ ਭਾਰਤ ਵਿੱਚ ਹਿੰਦੂਤਵਾ ਦਾ ਦੈਂਤ ਘੱਟ ਗਿਣਤੀਆਂ ਨੂੰ ਨਿਗਲਣ ਲਈ ਆਪਣਾ ਵੱਡਾ ਮੂੰਹ ਖੋਲ ਕੇ ਫੁਕਾਰੇ ਮਾਰ ਰਿਹਾ ਹੈ ਇਸ ਨੂੰ ਵੇਖ ਕੇ ਆਪਣੀ ਨਿਆਰੀ ਹੋਂਦ ਬਚਾਈ ਰੱਖਣ ਦਾ ਚਾਹਵਾਨ ਹਰ ਗੁਰਸਿੱਖ ਖਾਲਸਤਾਨ ਦਾ ਹਾਮੀ ਹੋ ਸਕਦਾ ਹੈ ਪਰ ਹਰ ਸੂਝਵਾਨ ਦੇ ਮਨ ਵਿੱਚ ਇਹ ਸਵਾਲ ਉਪਜ ਰਿਹਾ ਹੈ ਕਿ ਜੇ ਖ਼ਾਲਸਤਾਨ ਵਿੱਚ ਰਾਜ ਪ੍ਰਬੰਧ ਦੀ ਵਾਗਡੋਰ ਧੁੰਮਾ ਸੋਚ ਵਾਲਿਆਂ ਦੇ ਅਧੀਨ ਹੀ ਆ ਗਈ ਤਾਂ ਕੀ ਉਹ ਵਿਰੋਧੀ ਸੋਚ ਵਾਲੇ ਸਿੱਖਾਂ ਨੂੰ ।ਖ਼ਾਲਸਤਾਨ ਵਿੱਚ ਜੀਣ ਦਾ ਹੱਕ ਦੇਣਗੇ ? ਜਾਂ ਮੰਨ ਲਓ ਕਿ ਰਾਜ ਪ੍ਰਬੰਧ ਮਿਸ਼ਨਰੀ ਸੋਚ ਵਾਲਿਆਂ ਜਾਂ ਕਹਿ ਲਵੋ ਕਿ ਭਾਈ ਢੱਡਰੀਆਂ ਵਾਲਿਆਂ ਦੇ ਹੱਥ ਆ ਜਾਵੇ ਤਾਂ ਕੀ ਧੁੰਮਾ ਸੋਚ ਉਨ੍ਹਾਂ ਨੂੰ ਅਸਾਨੀ ਨਾਲ ਰਾਜ ਪ੍ਰਬੰਧ ਚਲਾਉਣ ਦੀ ਆਗਿਆ ਦੇਵੇਗੀ ਜਾਂ ਅਫਗਾਨਸਤਾਨ ਦੇ ਤਲਿਬਾਨਾਂ ਵਾਲਾ ਹਾਲ ਹੀ ਰਹੇਗਾ ? ਖ਼ਾਲਸਤਾਨ ਤੋਂ ਬਾਹਰ ਬਾਕੀ ਦੇ ਭਾਰਤ ਵਿੱਚ ਰਹਿ ਗਏ ਸਿੱਖਾਂ ਦੀ ਹੋਣੀ ਦਾ ਵੀ ਧਿਆਨ ਰੱਖਣਾ ਪਏਗਾ। ਅਜੇਹੀਆਂ ਹਾਲਤਾਂ ਨੂੰ ਕੰਟਰੋਲ ਕਰਨ ਦੀ ਜਿੰਮੇਵਾਰੀ ਕੋਈ ਵੀ ਨਹੀਂ ਦੇ ਸਕਦਾ। ਮੇਰਾ ਮੰਨਣਾ ਹੈ ਕਿ ਪਹਿਲੀ ਗੱਲ ਤਾਂ ਜਿਸ ਤਰ੍ਹਾਂ ਸਿੱਖਾਂ ਦੀ ਸੋਚ ਵਿੱਚ ਇੱਕ ਨਹੀਂ, ਸੈਂਕੜੇ ਗੰਭੀਰ ਮੱਤਭੇਦ ਹੋਣ ਕਰ ਕੇ ਸਾਡੀ ਕੌਮੀ ਏਕਤਾ ਲੀਰੋ ਲੀਰ ਹੋਈ ਪਈ ਹੈ; ਇਸ ਸਥਿਤੀ ਵਿੱਚ ਰੀਫੈਂਡਰਮ-2020 ਰਾਹੀਂ ਖਾਲਸਤਾਨ ਬਣਾਉਣ ਦੇ ਸੁਪਨੇ; ਸਿਰਫ ਸੁਪਨੇ ਬਣ ਕੇ ਹੀ ਰਹਿ ਜਾਣੇ ਹਨ, ਪਰ ਜੇ ਬਣ ਵੀ ਗਿਆ ਤਾਂ ਕੀ ਤੁਸੀਂ ਸਮਝਦੇ ਹੋ ਕਿ ਸਿੱਖ ਕੌਮ ਨੂੰ ਨਿਗਲਣ ਦੀਆ ਲੰਬੀਆਂ ਨੀਤੀਆਂ ਘੜਨ ਦੀ ਮਾਹਰ ਬਿੱਪਰ ਸੋਚ ਜਿਸ ਨੇ ਖ਼ਾਲਸਤਾਨ ਬਣਨ ਉਪ੍ਰੰਤ ਟਰਾਂਸਫਰ ਆਫ ਪਾਵਰ ਕਰਨੀ ਹੈ ਉਹ ਪਾਵਰ ਕਿਸੇ ਸਿੱਖੀ ਸੋਚ ਵਾਲੀ ਜਥੇਬੰਦੀ ਨੂੰ ਸੌਂਪੇਗੀ ? ਕਦਾਚਿਤ ਨਹੀਂ। ਯਕੀਨਨ ਤੌਰ ’ਤੇ ਧੁੰਮਾ ਸੋਚ ਜਿਹੜੀ ਕਿ ਪਹਿਲਾਂ ਹੀ ਆਪਣੇ ਗੁਰਦੁਆਰਿਆਂ ਵਿੱਚ ਹਨੂੰਮਾਨ ਦੇ ਚਾਲੀਸੇ ਕੱਟ ਰਹੇ ਹਨ, ਜਗਨਨਾਥਪੁਰੀ ਦੇ ਮੰਦਰ ਦੀ ਤਰਜ ’ਤੇ ਗੁਰਦੁਆਰਿਆਂ ਵਿੱਚ ਆਰਤੀਆਂ ਕਰ ਰਹੇ ਹਨ, ਮੱਥਿਆਂ ’ਤੇ ਤਿਲਕ ਲਗਾ ਰਹੇ ਹਨ, ਪੁਰਾਤਨ ਰਿਸ਼ੀਆਂ ਵੱਲੋਂ ਕੀਤੇ ਜਾਂਦੇ ਯੱਗਾਂ ਵਾਙ ਗੁਰਦੁਆਰਿਆਂ ਵਿਚ ਬੱਕਰਿਆਂ ਦੀਆਂ ਬਲੀਆਂ ਦੇ ਰਹੇ ਹਨ ਅਤੇ ਅਨੇਕਾਂ ਹੋਰ ਹਿੰਦੂ ਰਹੁਰੀਤਾਂ ਗੁਰਦੁਆਰਿਆਂ ਵਿੱਚ ਪ੍ਰਚਲਿਤ ਕਰੀ ਬੈਠੇ ਹਨ; ਉਨ੍ਹਾਂ ਦੇ ਹੱਥ ਦੇਵੇਗੀ ? ਅਜੇਹੀ ਸੋਚ ਯਕੀਨਨ ਤੌਰ ’ਤੇ ਖ਼ਾਲਸਤਾਨ ਵਿੱਚ ਬਿਲਕੁਲ ਭਾਜਪਾ ਦੀ ਤਰਜ ’ਤੇ ਇੱਕਸਾਰ ‘ਕੋਡ ਆਫ ਕਨਡਕਟ’ ਲਾਗੂ ਕਰਨ ਦੇ ਨਾਮ ’ਤੇ ਗੁਰਮਤਿ ਅਨੁਸਾਰੀ ਮਰਯਾਦਾ ਦਾ ਪੂਰੀ ਤਰ੍ਹਾਂ ਸਫਾਇਆ ਕਰ ਦੇਵੇਗੀ।

ਅਜੇਹੀ ਹਾਲਤ ਪੈਦਾ ਹੋਣ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਕਿ ਸਾਰੇ ਸਿੱਖ ਇੱਕ ਰਹਿਤ ਮਰਯਾਦਾ ਨੂੰ ਅਧਾਰ ਮੰਨ ਕੇ ਸਿਧਾਂਤਕ ਤੌਰ ’ਤੇ ਦਿਲੋਂ ਏਕਤਾ ਕਰਨ, ਤਾਂ ਜੋ ਖ਼ਾਲਸਤਾਨ ਵੀ ਸਹਿਜੇ ਹੀ ਲਿਆ ਜਾ ਸਕੇ ਅਤੇ ਖ਼ਾਲਸਤਾਨ ਮਿਲਣ ਉਪ੍ਰੰਤ ਉਸ ਦਾ ਰਾਜ ਪ੍ਰਬੰਧ ਵੀ ਸੁਚੱਜੇ ਢੰਗ ਨਾਲ ਚਲਾਇਆ ਜਾ ਸਕੇ ਜਿਸ ਵਿੱਚ ਹਰ ਸਿੱਖ ਅਜਾਦੀ ਦਾ ਸੁੱਖ ਮਾਣ ਸਕਦਾ ਹੋਵੇ। ਜਿਨ੍ਹਾਂ ਵੀਰਾਂ ਨੂੰ ਸਿੱਖਾਂ ਦੇ ਸਾਰੇ ਦੁੱਖਾਂ ਦੀ ਬੀਮਾਰੀ ਦਾ ਹੱਲ ਕੇਵਲ ਰਾਜ ਪ੍ਰਬੰਧ ਹਾਸਲ ਕਰਨ ਵਿੱਚ ਹੀ ਦਿੱਸ ਰਿਹਾ ਹੈ ਉਹ ਮੇਰੀ ਦਲੀਲ ਨੂੰ ਕੇਵਲ ਇਹ ਕਹਿ ਕੇ ਰੱਦ ਕਰ ਦਿੰਦੇ ਹਨ ਕਿ ਵੀਰ ਜੀ ਇਹ ਆਪਣੇ ਘਰੇਲੂ ਮਸਲੇ ਹਨ ਜਦੋਂ ਖ਼ਾਲਸਤਾਨ ਮਿਲ ਗਿਆ ਉਸ ਸਮੇਂ ਬਹਿ ਕੇ ਹੱਲ ਕਰ ਲਵਾਂਗੇ, ਪਰ ਵੀਰ ਜੀ ਐਸਾ ਨਹੀਂ ਹੋਵੇਗਾ ਕਿਉਂਕਿ ਹੁਣ ਤਾਂ ਹਿੰਦੂਤਵ ਤੇ ਕੇਂਦਰ ਸਰਕਾਰ ਦਾ ਡਰ ਵਿਖਾ ਕੇ ਸਿੱਖਾਂ ਨੂੰ ਕਦੇ ਇਕੱਠੇ ਬਿਠਾਉਣ ਦੀ ਸੱਧਰ ਪੂਰੀ ਹੋ ਹੀ ਸਕਦੀ ਹੈ ਪਰ ਜਦੋਂ ਖ਼ਾਲਸਤਾਨ ਬਣ ਗਿਆ ਉਸ ਸਮੇਂ ਤਾਂ ਸਾਨੂੰ ਆਪਸ ਵਿੱਚ ਲੜਨ ਤੋਂ ਇਲਾਵਾ ਹੋਰ ਦੂਜੀ ਗੱਲ ਹੀ ਨਹੀਂ ਸੁੱਝਣੀ। ਜੇ ਆਪਸ ਵਿੱਚ ਲੜ ਕੇ ਹੀ ਮਰਨਾ ਹੈ ਜਾਂ ਧੁੰਮਾ ਸੋਚ ਅਧੀਨ ਗੁਰਦੁਆਰਿਆਂ ਵਿੱਚ ਸਾਰੀਆਂ ਹਿੰਦੂ ਰੀਤਾਂ ਹੀ ਅਪਨਾਉਣੀਆਂ ਹਨ ਤਾਂ ਇਹ ਤਾਂ ਹੁਣ ਹਿੰਦੁਸਤਾਨ ਵਿੱਚ ਰਹਿ ਕੇ ਵੀ ਕਰ ਕੇ ਅਨੰਦ ਮਾਣ ਸਕਦੇ ਹਾਂ। ਫਿਰ ਰੌਲ਼ਾ ਕਿਸ ਗੱਲ ਦਾ ਹੈ ? ਕੇਵਲ ਰਾਜ ਪ੍ਰਬੰਧ ਦਾਹੜੀ ਕੇਸ ਤੇ ਪੱਗ ਵਾਲੇ ਦੇ ਹੱਥ ਦੇਣ ਦਾ ? ਇਸ ਤਰ੍ਹਾਂ ਵੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਤੋਂ ਚੰਗਾ ਰਾਜਾ ਖ਼ਾਲਸਤਾਨ ਨੂੰ ਨਹੀਂ ਦੇ ਸਕਦੇ। ਜੇ ਮਿਲ ਵੀ ਜਾਏ ਤਾਂ ਦੱਸੋ ਮਹਾਰਾਜ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਸਿਧਾਂਤਕ ਤੌਰ ’ਤੇ ਕੀ ਸਿੱਖੀ ਦਾ ਨੁਕਸਾਨ ਨਹੀਂ ਹੋਇਆ ? ਤੇ ਹੁਣ ਤੁਹਾਨੂੰ ਕੀ ਯਕੀਨ ਹੈ ਕਿ ਖਾਲਸਤਾਨ ਵਿੱਚ ਨਹੀਂ ਹੋਣ ਦਿਆਂਗੇ ?

ਰੀਫੈਂਡਰਮ-2020 ਦੀ ਮੁਹਿੰਮ ਚਲਾ ਰਹੇ ਵੀਰੋ ਖ਼ਾਲਸਤਾਨ ਤਾਂ ਹੀ ਸਾਨੂੰ ਮਿਲ ਸਕਦਾ ਹੈ; ਤਾਂ ਹੀ ਇਸ ਦਾ ਸਿੱਖ ਕੌਮ ਨੂੰ ਕੋਈ ਲਾਭ ਹੋ ਸਕਦਾ ਹੈ ਜੇ ਅਸੀਂ ਸਿਧਾਂਤਕ ਤੌਰ ’ਤੇ ਪਹਿਲਾਂ ਏਕਤਾ ਦੀ ਲੜੀ ਵਿੱਚ ਪ੍ਰੋਏ ਜਾ ਸਕੇ ਅਤੇ ਇਹ ਵੀ ਤਾਂ ਹੀ ਸੰਭਵ ਹੈ ਜੇ ਅਸੀਂ ਸਾਰੇ ਆਪਣੀ ਹਉਮੈ ਦਾ ਤਿਆਗ ਕਰ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਆਪਣੇ ਆਪਣੇ ਵੱਲੋਂ ਮੰਨੀ ਬੈਠੇ ਮਹਾਂਪੁਰਖਾਂ ਤੇ ਜਥੇਬੰਦੀਆਂ ਦੀ ਸੋਚ ਨਾਲੋਂ ਸਰਬਉਚ ਮੰਨਣ ਲਈ ਤਿਆਰ ਹੋ ਕੇ, ਸਿੱਖ ਰਹਿਤ ਮਰਯਾਦਾ ਜਿਹੜੀ ਹੋਰਨਾਂ ਡੇਰਿਆਂ ਤੇ ਜਥੇਬੰਦੀਆਂ ਦੀ ਮਰਯਾਦਾ ਨਾਲੋਂ ਘੱਟ ਨੁਕਸਦਾਰ ਕਹੀ ਜਾ ਸਕਦੀ ਹੈ, ਇਸ ਨੂੰ ਅਧਾਰ ਮੰਨ ਕੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਨ ਵਾਲੇ ਆਪਣੀ ਜ਼ਿਦ ਛੱਡਣ। ਇਸ ਉਪ੍ਰੰਤ ਜਿਹੜੇ ਸਿੱਖ ਰਹਿਤ ਮਰਯਾਦਾ ਨੂੰ ਰੱਦ ਕਰ ਕੇ ਆਪਣੀ ਵੱਖਰੀ ਮਰਯਾਦਾ ਬਣਾ ਬੈਠੇ ਹਨ ਉਨ੍ਹਾਂ ਨੂੰ ਵਾਪਸ ਸਿੱਖ ਰਹਿਤ ਮਰਯਾਦਾ ਅਪਨਾਉਣ ਲਈ ਮੰਨਾਈਏ। ਇਸ ਸਮੇਂ ਧੁੰਮਾ ਸੋਚ ਵੀ ਸਿੱਖ ਰਹਿਤ ਮਰਯਾਦਾ ਵਿੱਚ ਆਪਣੇ ਹਿਸਾਬ ਨਾਲ ਤਬਦੀਲੀ ਕਰਨਾ ਚਾਹ ਰਹੀ ਹੈ ਤੇ ਦੂਸਰੇ ਪਾਸੇ ਸਿੱਖ ਰਹਿਤ ਮਰਯਾਦਾ ਨੂੰ ਰੱਦ ਕਰਨ ਵਾਲੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਅਧਾਰਿਤ ਆਪਣੇ ਹਿਸਾਬ ਨਾਲ ਤਬਦੀਲੀ ਕਰਨੀ ਚਾਹੁੰਦੇ ਹਨ। ਅਸੀਂ ਸਭ ਜਾਣਦੇ ਹਾਂ ਕਿ ਇਸ ਤਰ੍ਹਾਂ ਦੋਵੇਂ ਧਿਰਾਂ ਦੀਆਂ ਦੂਰੀਆਂ ਤਾਂ ਹੋਰ ਵਧਣਗੀਆਂ ਹੀ ਬਲਕਿ ਪੰਥ ਦੋ ਧੜਿਆਂ ਵਿੱਚ ਵੰਡਣ ਤੋਂ ਅੱਗੇ ਵੱਧ ਕੇ ਘੱਟ ਤੋਂ ਘੱਟ ਤਿੰਨ ਧੜਿਆਂ ਵਿੱਚ ਵੰਡਿਆ ਜਾਵੇਗਾ; ਤਾਂ ਵੇਖੋ ਸਾਡੀ ਹੋਣੀ ਕੀ ਹੋਵੇਗੀ ?

ਸੋ, ਜੇ ਕਿਸੇ ਨੂੰ ਕੌਮ ਦਾ ਦਿਲੋਂ ਦਰਦ ਹੈ ਤਾਂ ਸਿੱਖ ਰਹਿਤ ਮਰਯਾਦਾ, ਨਾਨਕਸ਼ਾਹੀ ਕੈਲੰਡਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਨੂੰ ਪ੍ਰਮੁਖ ਮੰਨ ਕੇ ਪੰਥਕ ਏਕਤਾ ਕਾਇਮ ਕਰਨ ਦਾ ਆਧਾਰ ਤਿਆਰ ਕਰਨ ਵੱਲ ਕੰਮ ਕਰੇ ਤੇ ਇਸ ਏਕਤਾ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਸੱਤਾ ਦੇ ਭੁੱਖੇ ਸਿਧਾਂਤਹੀਣ ਸਿਆਸੀ ਆਗੂਆਂ ਤੇ ਪੰਥ ਵਿਰੋਧੀ ਏਜੰਸੀਆਂ ਤੋਂ ਮੁਕਤ ਕਰਵਾਉਣ ਲਈ ਅੱਗੇ ਵਧੇ। ਬਾਕੀ ਖਿਆਲ ਆਪੋ ਆਪਣੇ ਹਨ, ਕਰਨੀ ਵੀ ਸਭ ਨੇ ਆਪਣੀ ਮਰਜੀ ਹੀ ਹੈ ਅਸੀਂ ਵੀ “ਫਰੀਦਾ ! ਦੁਨੀ ਵਜਾਈ ਵਜਦੀ ;  ਤੂੰ ਭੀ ਵਜਹਿ ਨਾਲਿ  ਪੜ੍ਹ ਕੇ ਸਬਰ ਦਾ ਘੁੱਟ ਭਰ ਲਿਆ ਕਰਾਂਗੇ।

4 COMMENTS

  1. […] ਸਿੱਖਣ” ਸਿਰਲੇਖ ਹੇਠ ਲਿਖਿਆ ਜੋ 22 ਅਗਸਤ ਨੂੰ http://gurparsad.com/gursikhs-who-understand-the-sikh-nations-anguish-should-learn-from-history/  ’ਤੇ ਪੜ੍ਹਿਆ ਜਾ ਸਕਦਾ ਹੈ। ਇਸ ਲੇਖ ’ਤੋਂ […]

  2. […] ਸਿੱਖਣ” ਸਿਰਲੇਖ ਹੇਠ ਲਿਖਿਆ ਜੋ 22 ਅਗਸਤ ਨੂੰ http://gurparsad.com/gursikhs-who-understand-the-sikh-nations-anguish-should-learn-from-history/ ’ਤੇ ਪੜ੍ਹਿਆ ਜਾ ਸਕਦਾ ਹੈ। ਇਸ ਲੇਖ ’ਤੋਂ ਚਿੜ […]

Comments are closed.