ਨੋਟ: ਰੱਬ ਬਾਰੇ, ਜਪੁ ਬਾਰੇ, ਵਿਵੇਕ ਬਾਰੇ, ਆਤਮਾ ਬਾਰੇ, ਅੰਮ੍ਰਿਤ ਵੇਲੇ ਬਾਰੇ, ਅਰਦਾਸ ਬਾਰੇ ਇਹ ਤਿੰਨੇ ਬੁਲਾਰੇ; ਗੁਰਬਾਣੀ ਨੂੰ ਇਉਂ ਲੈ ਰਹੇ ਹਨ; ਜਿਵੇਂ 12ਵੀਂ ਦੇ ਸਿਲੇਬਸ ਨੂੰ ਪੰਜਵੀਂ ਦਾ ਬੱਚਾ ਲੈ ਰਿਹਾ ਹੋਵੇ। ਇਨ੍ਹਾਂ ਵਿਸ਼ਿਆਂ ਨਾਲ ਸੰਬੰਧਿਤ ਗੁਰਬਾਣੀ ਦੀਆਂ ਤੁਕਾਂ ਸੰਖੇਪ ’ਚ ਇੱਥੇ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਸਮਝ ਕੇ ਫਿਰ ਇਨ੍ਹਾਂ ਤਿੰਨਾ ਦੀ ਯੋਗਤਾ; ਸਪਸ਼ਟ ਹੋ ਜਾਂਦੀ ਹੈ।
ਗਿਆਨੀ ਅਵਤਾਰ ਸਿੰਘ
ਕਿਆ ਹੰਸੁ (ਕੀ ਵਿਵੇਕੀ) ? ਕਿਆ ਬਗੁਲਾ (ਕੀ ਪਾਖੰਡੀ ? ਜਦੋਂ ਰੱਬ) ਜਾ ਕਉ ਨਦਰਿ ਕਰੇਇ ॥ (ਫਿਰ) ਜੋ ਤਿਸੁ (ਰੱਬ ਨੂੰ) ਭਾਵੈ ਨਾਨਕਾ ! ਕਾਗਹੁ (ਕਾਲ਼ੇ ਦਿਲ ਤੋਂ) ਹੰਸੁ ਕਰੇਇ ॥ (ਮਹਲਾ ੧/੯੧)
ਕਬੀਰ ! (ਰੱਬ ਦਾ ਨਾਮ ਜਪ ਕੇ ਜਦ) ਮਨੁ ਨਿਰਮਲੁ ਭਇਆ (ਹੋ ਗਿਆ); ਜੈਸਾ ਗੰਗਾ ਨੀਰੁ ॥ (ਫਿਰ) ਪਾਛੈ ਲਾਗੋ ਹਰਿ ਫਿਰੈ; ਕਹਤ ਕਬੀਰ ਕਬੀਰ (ਭਾਵ ਰੱਬ ਆਖਦਾ ਹੈ ਕਿ ਤੂੰ ਹੀ ਵੱਡਾ ਹੈਂ ਤੂੰ ਹੀ ਵੱਡਾ ਹੈਂ)॥ (ਭਗਤ ਕਬੀਰ/੧੩੬੭)
ਇਛਾ ਪੂਰਕੁ ਸਰਬ ਸੁਖਦਾਤਾ ਹਰਿ; ਜਾ ਕੈ ਵਸਿ (’ਚ) ਹੈ ਕਾਮਧੇਨਾ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ! ਤਾ ਸਰਬ ਸੁਖ ਪਾਵਹਿ, ਮੇਰੇ ਮਨਾ !॥੧॥ ਜਪਿ ਮਨ ! ਸਤਿ ਨਾਮੁ, ਸਦਾ ਸਤਿ ਨਾਮੁ ॥ (ਤਾਂ ਜੋ) ਹਲਤਿ ਪਲਤਿ (ਲੋਕ-ਪ੍ਰਲੋਕ ਚ) ਮੁਖ ਊਜਲ ਹੋਈ ਹੈ; (ਜਦ) ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ॥ ਰਹਾਉ ॥ ਜਹ (ਜਿਸ ਹਿਰਦੇ ਚੋਂ) ਹਰਿ ਸਿਮਰਨੁ ਭਇਆ (ਹੋਇਆ); ਤਹ ਉਪਾਧਿ ਗਤੁ ਕੀਨੀ (ਓਥੋਂ ਮੁਸੀਬਤ ਚਲੀ ਗਈ, ਪਰ); ਵਡਭਾਗੀ ਹਰਿ ਜਪਨਾ॥ ਜਨ ਨਾਨਕ ਕਉ ਗੁਰਿ (ਨੇ) ਇਹ ਮਤਿ ਦੀਨੀ (ਦਿੱਤੀ ਕਿ); ਜਪਿ (ਕੇ) ਹਰਿ (ਨੂੰ) ਭਵਜਲੁ ਤਰਨਾ॥੨॥ (ਮਹਲਾ ੪/੬੭੦)
ਨੋਟ : ਸਾਰੀਆਂ ਦਾਤਾਂ ਦਾ ਮਾਲਕ ਰੱਬ ਹੈ, ਉਹੀ ਸਭ ਨੂੰ ਦਾਤਾਂ ਬਖ਼ਸ਼ਦਾ ਹੈ। ਬੰਦੇ ਨੂੰ ਇੰਨੀ ਸਮਝ ਹੀ ਨਹੀਂ ਹੁੰਦੀ ਕਿ ਉਹ ਚੰਗੀ–ਮੰਦੀ ਦਾਤ ਦੀ ਪਰਖ ਕਰ ਪਸੰਦ ਕਰ ਸਕੇ।
ਬਿਨੁ ਸਤਿਗੁਰ ਸੇਵੇ; ਬਹੁਤਾ ਦੁਖੁ ਲਾਗਾ; ਜੁਗ ਚਾਰੇ ਭਰਮਾਈ ॥ ਹਮ ਦੀਨ, ਤੁਮ ਜੁਗੁ ਜੁਗੁ ਦਾਤੇ; ਸਬਦੇ ਦੇਹਿ (ਦੇਂਦਾ ਹੈਂ) ਬੁਝਾਈ ॥੧॥ ਹਰਿ ਜੀਉ ! ਕ੍ਰਿਪਾ ਕਰਹੁ ਤੁਮ ਪਿਆਰੇ ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ; ਹਰਿ ਨਾਮੁ ਦੇਵਹੁ ਆਧਾਰੇ (ਜੋ ਜੀਵਨ ਦਾ ਆਧਾਰ ਹੈ)॥ ਰਹਾਉ ॥ (ਗੁਰੂ ਰਾਹੀਂ) ਮਨਸਾ ਮਾਰਿ (ਕੇ) ਦੁਬਿਧਾ ਸਹਜਿ (’ਚ) ਸਮਾਣੀ; ਪਾਇਆ ਨਾਮੁ ਅਪਾਰਾ ॥ ਹਰਿ ਰਸੁ ਚਾਖਿ (ਕੇ) ਮਨੁ ਨਿਰਮਲੁ ਹੋਆ; ਕਿਲਬਿਖ ਕਾਟਣਹਾਰਾ ॥੨॥ ਸਬਦਿ (ਰਾਹੀਂ) ਮਰਹੁ, ਫਿਰਿ ਜੀਵਹੁ ਸਦ ਹੀ; ਤਾ ਫਿਰਿ (ਮੁੜ) ਮਰਣੁ ਨ ਹੋਈ ॥ ਅੰਮ੍ਰਿਤੁ ਨਾਮੁ ਸਦਾ ਮਨਿ (’ਚ) ਮੀਠਾ; (ਪਰ) ਸਬਦੇ (ਰਾਹੀਂ) ਪਾਵੈ ਕੋਈ ॥੩॥ ਦਾਤੈ (ਨੇ) ਦਾਤਿ ਰਖੀ ਹਥਿ+ਅਪਣੈ (’ਚ) ਜਿਸੁ ਭਾਵੈ, ਤਿਸੁ ਦੇਈ ॥ ਨਾਨਕ ! ਨਾਮਿ (’ਚ) ਰਤੇ ਸੁਖੁ ਪਾਇਆ; ਦਰਗਹ ਜਾਪਹਿ ਸੇਈ (ਕੇਵਲ ਉਹੀ ਦਰਗਾਹ ’ਚ ਮਾਣ ਪਾਉਂਦੇ ਹਨ)) ॥੪॥ (ਮਹਲਾ ੩/੬੦੪)
ਅੰਮ੍ਰਿਤ ਵੇਲੇ ਦੀ ਤਾਰੀਫ਼
ਸਬਾਹੀ (ਅੰਮ੍ਰਿਤ ਵੇਲੇ, ਰੱਬੀ ਸਿਫਤਿ-) ਸਾਲਾਹ; ਜਿਨੀ ਧਿਆਇਆ ਇਕ ਮਨਿ (ਹੋ ਕੇ)॥ ਸੇਈ ਪੂਰੇ ਸਾਹ; ਵਖਤੈ ਉਪਰਿ ਲੜਿ (ਕੇ) ਮੁਏ (ਵਿਕਾਰਾਂ ਵੱਲੋਂ ਮਰ ਗਏ)॥ ਦੂਜੈ (ਦੂਜੇ ਪਹਿਰ, ਮਨ ਪੈ ਜਾਂਦਾ ਹੈ) ਬਹੁਤੇ ਰਾਹ; ਮਨ ਕੀਆ ਮਤੀ ਖਿੰਡੀਆ ॥ ਬਹੁਤੁ ਪਏ ਅਸਗਾਹ; ਗੋਤੇ ਖਾਹਿ ਨ ਨਿਕਲਹਿ ॥ ਤੀਜੈ (ਤੀਜੇ ਪਹਿਰ) ਮੁਹੀ ਗਿਰਾਹ (ਮੂੰਹ ’ਚ ਰੋਟੀ); ਭੁਖ ਤਿਖਾ ਦੁਇ ਭਉਕੀਆ ॥ ਖਾਧਾ ਹੋਇ ਸੁਆਹ; ਭੀ ਖਾਣੇ ਸਿਉ ਦੋਸਤੀ ॥ ਚਉਥੈ ਆਈ ਊਂਘ; ਅਖੀ ਮੀਟਿ ਪਵਾਰਿ (ਡੂੰਘੀ ਨੀਂਦ ’ਚ) ਗਇਆ ॥ ਭੀ ਉਠਿ ਰਚਿਓਨੁ ਵਾਦੁ; ਸੈ ਵਰਿ੍ਆ ਕੀ ਪਿੜ ਬਧੀ ॥ (ਮਹਲਾ ੧/੧੪੬)
ਪਹਿਲੀ ਤੁਕ ’ਚ ਵੇਦਾਂ ਦੀ ਮਿਸਾਲ ਹੈ :
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ; ਵੇਦ ਕਹਨਿ ਇਕ ਵਾਤ ॥
ਭਾਵ ਵੇਦ ਆਚਾਰੀਆ ਆਖਦੇ ਹਨ ਕਿ ਲੱਖ ਪਾਤਾਲ ਅਤੇ ਲੱਖ ਆਕਾਸ਼ ਹਨ, ਇਨ੍ਹਾਂ ਦਾ ਅੰਤ ਰਿਸ਼ੀ-ਮੁਨੀ ਭਾਲਦੇ ਥੱਕ ਗਏ।
ਦੂਜੀ ਤੁਕ ’ਚ ਇਸਲਾਮ ਮੱਤ ਦੀ ਮਿਸਾਲ ਹੈ :
ਸਹਸ ਅਠਾਰਹ ਕਹਨਿ ਕਤੇਬਾ; ਅਸੁਲੂ ਇਕੁ ਧਾਤੁ ॥
ਭਾਵ 18 ਹਜ਼ਾਰ ਆਲਮ (ਪੈਗ਼ੰਬਰ) ਇਸਲਾਮ ਮੱਤ ਦੀਆਂ ਕਤੇਬਾਂ ਆਖਦੀਆਂ ਹਨ, ਜਿਨ੍ਹਾਂ ਦਾ ਮੁੱਢ ਇੱਕ ਅੱਲ੍ਹਾ ਹੈ।
ਤੀਜੀ ਤੁਕ ’ਚ ਗੁਰਮਤਿ ਦਾ ਤੱਤ–ਸਾਰ ਹੈ :
ਲੇਖਾ ਹੋਇ ਤ ਲਿਖੀਐ; ਲੇਖੈ ਹੋਇ ਵਿਣਾਸੁ ॥ ਨਾਨਕ ! ਵਡਾ ਆਖੀਐ; ਆਪੇ ਜਾਣੈ ਆਪੁ ॥੨੨॥ (ਜਪੁ/ਮਹਲਾ ੧/੫)
ਦਰਅਸਲ, ਸੱਚ ਇਹ ਹੈ ਕਿ ਕਰਤਾਰ ਦੀ ਸ਼ਕਤੀ ਨੂੰ 18 ਹਜ਼ਾਰ ਜਾਂ ਲੱਖ ਅੰਕਾਂ ਨਾਲ ਤਾਂ ਨਾਪੀਏ ਜੇ ਇਉਂ ਨਾਪਿਆ ਜਾ ਸਕਦਾ ਹੋਵੇ। ਉਹ ਤਾਂ ਬਹੁਤ ਵਿਸ਼ਾਲ ਹੈ (ਪਰ ਕਿੰਨਾ ਵਿਸ਼ਾਲ ? ਜਵਾਬ : ) ਉਹ ਆਪ ਹੀ ਜਾਣਦਾ ਹੈ।
ਨੋਟ : ਆਤਮਾ ਨੂੰ ਰੱਬ ਵਾਙ ਅਮਰ ਮੰਨਿਆ ਗਿਆ ਹੈ ਜੋ ਆਵਾਮਗਨ ਜਾਂ ਰੱਬ ਵਿੱਚ ਹੀ ਲੀਨ ਹੋ ਸਕਦਾ ਹੈ, ਨਾ ਕਿ ਸਰੀਰਕ ਮੌਤ ਨਾਲ ਆਤਮਾ ਦੀ ਮੌਤ ਹੁੰਦੀ ਹੈ।
ਗੋਂਡ ॥ ਨਾ ਇਹੁ (ਆਤਮਾ) ਮਾਨਸੁ; ਨਾ ਇਹੁ ਦੇਉ (ਦੇਵਤਾ)॥ ਨਾ ਇਹੁ ਜਤੀ ਕਹਾਵੈ ਸੇਉ (ਸ਼ਿਵ ਭਗਤ)॥ ਨਾ ਇਹੁ ਜੋਗੀ; ਨਾ ਅਵਧੂਤਾ (ਤਿਆਗੀ)॥ ਨਾ ਇਸੁ (ਦੀ) ਮਾਇ (ਮਾਂ); ਨ ਕਾਹੂ ਪੂਤਾ (ਨਾ ਕਿਸੇ ਦਾ ਪੁੱਤ) ॥੧॥ ਇਆ ਮੰਦਰ (ਇਸ ਸਰੀਰ) ਮਹਿ; ਕੌਨ ਬਸਾਈ (ਕਿਹੜਾ ਆਤਮਾ ਦਾ ਸਰੋਤ ਵੱਸਦਾ ਹੈ) ?॥ ਤਾ ਕਾ ਅੰਤੁ; ਨ ਕੋਊ ਪਾਈ ॥੧॥ ਰਹਾਉ ॥ ਨਾ ਇਹੁ ਗਿਰਹੀ (ਗ੍ਰਹਿਸਤੀ); ਨਾ ਓਦਾਸੀ ॥ ਨਾ ਇਹੁ ਰਾਜ; ਨ ਭੀਖ ਮੰਗਾਸੀ (ਭਾਵ ਆਤਮ ਨੂੰ ਰਾਜ ਕਰਨ ਜਾਂ ਭੀਖ ਮੰਗਣ ਦੀ ਲੋੜ ਨਹੀਂ, ਇਹ ਝੰਬੇਲੇ ਤਾਂ ਸਰੀਰ ਦੀ ਲੋੜ ਹਨ) ॥ ਨਾ ਇਸੁ (ਦਾ) ਪਿੰਡੁ (ਸਰੀਰ); ਨ ਰਕਤੂ ਰਾਤੀ (ਨਾ ਇਸ ’ਚ ਰੱਤਾ ਭਰ ਵੀ ਲਹੂ ਹੈ) ॥ ਨਾ ਇਹੁ ਬ੍ਰਹਮਨੁ; ਨਾ ਇਹੁ ਖਾਤੀ (ਖੱਤਰੀ) ॥੨॥ ਨਾ ਇਹੁ ਤਪਾ ਕਹਾਵੈ ਸੇਖੁ ॥ ਨਾ ਇਹੁ ਜੀਵੈ (ਜੰਮਦਾ ਹੈ); ਨ ਮਰਤਾ ਦੇਖੁ (ਨਾ ਮਰਦਾ ਹੈ ਭਾਵ ਅਮਰ ਹੈ, ਆਵਾਗਮਨ ’ਚ ਜਾਏਗਾ ਹੀ ਜਾਂ ਰੱਬ ’ਚ ਲੀਨ)॥ ਇਸੁ ਮਰਤੇ ਕਉ; ਜੇ ਕੋਊ ਰੋਵੈ ॥ ਜੋ ਰੋਵੈ; ਸੋਈ ਪਤਿ ਖੋਵੈ ॥੩॥ ਗੁਰ ਪ੍ਰਸਾਦਿ (ਨਾਲ) ਮੈ ਡਗਰੋ (ਸਹੀ ਰਾਹ) ਪਾਇਆ ॥ ਜੀਵਨ ਮਰਨੁ; ਦੋਊ ਮਿਟਵਾਇਆ ॥ ਕਹੁ ਕਬੀਰ ! ਇਹੁ (ਆਤਮਾ) ਰਾਮ ਕੀ ਅੰਸੁ (ਇਸ ਲਈ ਰੱਬ ਵਾਙ ਅਮਰ ਹੈ)॥ ਜਸ (ਜਿਵੇਂ) ਕਾਗਦ ਪਰ (ਕਾਗਜ਼ ’ਤੇ) ਮਿਟੈ ਨ ਮੰਸੁ (ਸਿਆਹੀ)॥੪॥ (ਭਗਤ ਕਬੀਰ/੮੭੧)
ਨੋਟ: ਗੁਰੂ ਅੱਗੇ ਸਦਾ ਅਰਦਾਸ ਕਰਨ ਨੂੰ ਜ਼ਰੂਰੀ ਮੰਨਿਆ ਗਿਆ ਹੈ। ਗੁਰੂ ; ਕੇਵਲ ਗਿਆਨ ਹੀ ਨਹੀਂ ਤਾਂ ਕਿ ਉਹ ਲੈ ਕੇ ਪਾਸਾ ਵੱਟ ਲਈਏ।
ਜੀਅ ਕੀ ਬਿਰਥਾ (ਦਿਲ ਦੀ ਕੋਈ ਉਮੰਗ) ਹੋਇ; ਸੁ ਗੁਰ ਪਹਿ (ਅੱਗੇ) ਅਰਦਾਸਿ ਕਰਿ ॥ ਛੋਡਿ (ਕੇ) ਸਿਆਣਪ ਸਗਲ; ਮਨੁ ਤਨੁ ਅਰਪਿ ਧਰਿ ॥ ਪੂਜਹੁ ਗੁਰ ਕੇ ਪੈਰ; (ਤਾਂ ਜੋ) ਦੁਰਮਤਿ ਜਾਇ ਜਰਿ (ਸੜ, ਮਰ) ॥ ਸਾਧ ਜਨਾ ਕੈ ਸੰਗਿ; ਭਵਜਲੁ ਬਿਖਮੁ ਤਰਿ ॥ ਸੇਵਹੁ ਸਤਿਗੁਰ ਦੇਵ (ਨੂੰ, ਤਾਂ ਕਿ); ਅਗੈ ਨ ਮਰਹੁ ਡਰਿ (ਡਰ ਨਾਲ) ॥ (ਗੁਰੂ) ਖਿਨ ਮਹਿ ਕਰੇ ਨਿਹਾਲੁ; ਊਣੇ ਸੁਭਰ ਭਰਿ (ਖ਼ਾਲੀ ਨੂੰ ਗੁਣਾਂ ਨਾਲ ਭਰ ਦਿੰਦਾ ਹੈ) ॥ ਮਨ ਕਉ ਹੋਇ ਸੰਤੋਖੁ; (ਜੇ) ਧਿਆਈਐ ਸਦਾ ਹਰਿ (ਨੂੰ) ॥ (ਪਰ ਅਸਲ ’ਚ) ਸੋ (ਓਹੀ) ਲਗਾ ਸਤਿਗੁਰ ਸੇਵ (’ਚ); ਜਾ ਕਉ ਕਰਮੁ (ਭਾਗ) ਧੁਰਿ (ਤੋਂ) ॥ (ਮਹਲਾ ੫/੫੧੯)
ਨਾ ਤੂ ਆਵਹਿ ਵਸਿ (’ਚ) ਬਹੁਤੁ ਘਿਣਾਵਣੇ (ਵਿਖਾਵੇ ਕੀਤਿਆਂ) ॥ ਨਾ ਤੂ ਆਵਹਿ ਵਸਿ (’ਚ) ਬੇਦ ਪੜਾਵਣੇ ॥ ਨਾ ਤੂ ਆਵਹਿ ਵਸਿ; ਤੀਰਥਿ (’ਤੇ) ਨਾਈਐ ॥ ਨਾ ਤੂ ਆਵਹਿ ਵਸਿ; ਧਰਤੀ ਧਾਈਐ (ਬਹੁਤੀ ਯਾਤ੍ਰਾ ਕੀਤਿਆਂ)॥ ਨਾ ਤੂ ਆਵਹਿ ਵਸਿ; ਕਿਤੈ ਸਿਆਣਪੈ (ਨਾਲ)॥ ਨਾ ਤੂ ਆਵਹਿ ਵਸਿ; ਬਹੁਤਾ ਦਾਨੁ ਦੇ (ਦੇਣ ਨਾਲ)॥ ਸਭੁ ਕੋ (ਕੋਈ) ਤੇਰੈ ਵਸਿ (’ਚ); ਅਗਮ ਅਗੋਚਰਾ ! ॥ (ਪਰ) ਤੂ ਭਗਤਾ ਕੈ ਵਸਿ (’ਚ ਕਿਉਂਕਿ); ਭਗਤਾ ਤਾਣੁ ਤੇਰਾ ॥ (ਮਹਲਾ ੫/੯੬੨)
ਸਿਆਣਿਆ ਦਾ ਕਥਨ ਹੈ ਕਿ ਮੂਰਖ ਨਾਲ ਇਸ ਲਈ ਨਹੀਂ ਖੜ ਜਾਈਦਾ ਕਿ ਉਹ ਮੇਰੇ ਦੁਸ਼ਮਣ ਵਿਰੁਧ ਬੋਲਦਾ ਪਿਐ। ਡਾਕਟਰ 98% ਠੀਕ ਤਾਂ ਵੀ ਚੱਲੇਗਾ ਪਰ ਧਰਮੀ ਲੋਕ ਜੇ 98% ਬਲਾਤਕਾਰੀ ਨਹੀਂ ਤਾਂ ਵੀ ਮਾੜੇ । ਹੈ ਨਾ ਕਮਾਲ!!