ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ–ਉੱਤਰ (ਭਾਗ-ੳ) ਨਿਯਮ ਨੰ: 1

0
956

ਗੁਰਬਾਣੀ ਵਿਆਕਰਨ ਸੰਬੰਧੀ ਪ੍ਰਸ਼ਨ-ਉੱਤਰ

ਪ੍ਰੋ. ਮਨਿੰਦਰ ਪਾਲ ਸਿੰਘ (ਰੋਪੜ) 94175-86121

(ਭਾਗ-ੳ) ਨਿਯਮ ਨੰ: 1

ਪ੍ਰਸ਼ਨ : ਨਾਉਂ ਕਿਸ ਨੂੰ ਆਖਦੇ ਹਨ ?

ਉੱਤਰ : ਜੋ ਸ਼ਬਦ ਕਿਸੇ ਵਸਤੂ, ਵਿਅਕਤੀ, ਸਥਾਨ, ਗੁਣ ਅਤੇ ਹਾਲਤ ਨੂੰ ਪ੍ਰਗਟ ਕਰੇ, ਉਸ ਨੂੰ ਨਾਉਂ ਆਖਦੇ ਹਨ।

ਪ੍ਰਸ਼ਨ : ਹੇਠ ਲਿਖੇ ਇੱਕੋ ਜਿਹੇ ਦੋ ਸ਼ਬਦਾਂ ਵਿਚਲੇ ਅੰਤਰ ਵੱਲ ਧਿਆਨ ਦੇਵੋ, ਜੀ।

  1. ਰਾਹ ਅਤੇ ਰਾਹੁ
  2. ਪੰਡਿਤ ਅਤੇ ਪੰਡਿਤੁ
  3. ਨੇਹ ਅਤੇ ਨੇਹੁ
  4. ਜਨ ਅਤੇ ਜਨੁ
  5. ਵਾਰ ਅਤੇ ਵਾਰੁ।

ਕੀ ਕੋਈ ਫ਼ਰਕ ਹੈ ? ਹੈ, ਤਾਂ ਕਿਉਂ ? ਜਦ ਕਿ ਇਹ ਸਾਰੇ ਸ਼ਬਦ ਗੁਰਬਾਣੀ ਵਿੱਚੋਂ ਹੀ ਲਏ ਗਏ ਹਨ। ਆਪਾਂ ਇਨ੍ਹਾਂ ਦੀ ਵੀਚਾਰ ਕਰਨੀ ਹੈ। ਇਨ੍ਹਾਂ ਸ਼ਬਦਾਂ ’ਚ ਕ੍ਰਮਵਾਰ ਜੋ ਪਹਿਲਾਂ ਲਿਖੇ ਹੋਏ ਹਨ ਉਨ੍ਹਾਂ ਦਾ ਅਖੀਰਲਾ ਅੱਖਰ ਮੁਕਤਾ ਹੈ ਭਾਵ ਅਖੀਰਲੇ ਅੱਖਰ ਨਾਲ ਕੋਈ ਵੀ ਮਾਤ੍ਰਿਕ ਚਿੰਨ੍ਹ ਨਹੀਂ ਹੈ ਪਰ ਦੂਜੇ ਨੰਬਰ ’ਤੇ ਲਿਖੇ ਗਏ ਸਾਰੇ ਹੀ ਸ਼ਬਦਾਂ ਦੇ ਅਖੀਰਲੇ ਅੱਖਰ ਨੂੰ ਔਂਕੜ ( ੁ) ਆਈ ਹੈ; ਜਿਵੇਂ ਕਿ ਵਾਰ ਅਤੇ ਵਾਰੁ।

ਗੁਰਬਾਣੀ ਵਿੱਚ ਇਨ੍ਹਾਂ ਦੀ ਵਰਤੋਂ ਇਸ ਪ੍ਰਕਾਰ ਕੀਤੀ ਗਈ ਹੈ :

(1). ‘ਰਾਹ’ ਦੋਵੈ; ਖਸਮੁ ਏਕੋ ਜਾਣੁ ॥ (ਮ: ੧/੨੨੩) ਅਤੇ

ਸੁਣਿਐ; ਅੰਧੇ ਪਾਵਹਿ ‘ਰਾਹੁ’ ॥ (ਜਪੁ)

(2). ਨਾਨਕ  ! ਉਠੀ ਚਲਿਆ, ਸਭਿ ਕੂੜੇ ਤੁਟੇ ‘ਨੇਹ’ ॥ (ਮ: ੧/੧੬) ਅਤੇ

ਜਿਸੁ ਪਿਆਰੇ ਸਿਉ ‘ਨੇਹੁ’, ਤਿਸੁ ਆਗੈ ਮਰਿ ਚਲੀਐ ॥ (ਮ: ੨/੮੩)

(3). ਗਾਵਨਿ ‘ਪੰਡਿਤ’ ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇ ॥ (ਜਪੁ) ਅਤੇ

ਸੋ ‘ਪੰਡਿਤੁ’; ਜੋ ਮਨੁ ਪਰਬੋਧੈ ॥ (ਸੁਖਮਨੀ /ਮ: ੫/੨੭੪)

(4). ਪ੍ਰਭ ਕਉ ਸਿਮਰਹਿ; ਸੇ ‘ਜਨ’ ਪਰਵਾਨ ॥ (ਸੁਖਮਨੀ /ਮ: ੫/੨੬੩) ਅਤੇ

‘ਜਨੁ’ ਰਾਤਾ; ਹਰਿ ਨਾਮ ਕੀ ਸੇਵਾ ॥ (ਸੁਖਮਨੀ /ਮ: ੫/੨੬੫)

(5). ਰਾਤੀ, ਰੁਤੀ, ਥਿਤੀ, ‘ਵਾਰ’  ॥ (ਜਪੁ) ਅਤੇ

ਕਵਣੁ ਸੁ ਵੇਲਾ  ? ਵਖਤੁ ਕਵਣੁ  ? ਕਵਣ ਥਿਤਿ  ? ਕਵਣੁ ‘ਵਾਰੁ’  ?  ॥ (ਜਪੁ), ਆਦਿ।

ਹੁਣ ਸਵਾਲ ਉੱਠਦਾ ਹੈ ਕਿ ਗੁਰਬਾਣੀ ਵਿੱਚ ਇਹ ਸ਼ਾਬਦਿਕ ਅੰਤਰ ਕਿਉਂ ਰੱਖਿਆ ਗਿਆ ਹੈ ? ਕਿੱਧਰੇ ਔਂਕੜ ਆ ਗਈ ਤੇ ਕਿੱਧਰੇ ਨਾ ਆਈ।

ਇਸ ਦਾ ਉੱਤਰ ਵੀ ਗੁਰਬਾਣੀ ਵਿੱਚੋਂ ਹੀ ਲੱਭਣਾ ਪਏਗਾ। ਪਹਿਲਾਂ ਸ਼ਬਦਾਂ ਦੇ ਅਰਥ ਵੀਚਾਰਨੇ ਪੈਣਗੇ। ਆਓ, ਦੁਬਾਰਾ ਫਿਰ ਉੱਪਰ ਲਿਖੀਆਂ ਪੰਕਤੀਆਂ ਨੂੰ ਗਹੁ ਨਾਲ ਪੜ੍ਹੀਏ ਤੇ ਕੁਝ ਪ੍ਰਸ਼ਨਾਂ ਦੇ ਉੱਤਰ ਲੱਭੀਏ ।

(1). ‘ਰਾਹ’ ਦੋਵੈ, ਖਸਮੁ ਏਕੋ ਜਾਣੁ ॥

ਪ੍ਰਸ਼ਨ : ਕਿੰਨੇ ‘ਰਾਹ’ ਹਨ ?

ਉੱਤਰ : ਦੋ ਰਾਹ (ਭਾਵ ਇਕ ਤੋਂ ਜ਼ਿਆਦਾ, ਜੋ ਪੁਰਸ਼ ਸ਼੍ਰੇਣੀ ਨਾਲ ਸੰਬੰਧਿਤ ਹਨ, ਜਿਸ ਨੂੰ ਬਹੁ ਵਚਨ ਪੁਲਿੰਗ ਨਾਉਂ ਕਿਹਾ ਜਾਂਦਾ ਹੈ।)

(2). ਨਾਨਕ  ! ਉਠੀ ਚਲਿਆ; ਸਭਿ ਕੂੜੇ ਤੁਟੇ ‘ਨੇਹ’ ॥

ਪ੍ਰਸ਼ਨ : ਕਿੰਨੇ ‘ਨੇਹ’ (ਲਗਾਅ, ਮੋਹ) ਟੁੱਟ ਗਏ।

ਉੱਤਰ : ਸਾਰੇ (ਭਾਵ ਇਕ ਤੋਂ ਜ਼ਿਆਦਾ, ‘ਨੇਹ’ ਸ਼ਬਦ ਵੀ ਪੁਲਿੰਗ ਸ਼੍ਰੇਣੀ ਨਾਲ ਸੰਬੰਧਿਤ ਬਹੁ ਵਚਨ ਹੈ।)

(3). ਗਾਵਨਿ ‘ਪੰਡਿਤ’ ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇ ॥

ਪ੍ਰਸ਼ਨ : ਕੌਣ ਗਾਉਂਦੇ ਹਨ ?

ਉੱਤਰ : ‘ਪੰਡਿਤ’ (ਇਕ ਤੋਂ ਜ਼ਿਆਦਾ ‘ਕਈ ਪੰਡਿਤ’, ਬਹੁ ਵਚਨ ਪੁਲਿੰਗ)

(4). ਪ੍ਰਭ ਕਉ ਸਿਮਰਹਿ; ਸੇ ‘ਜਨ’ ਪਰਵਾਨ ॥

ਪ੍ਰਸ਼ਨ : ਕੌਣ ਪਰਵਾਨ ਹੁੰਦੇ ਹਨ ?

ਉੱਤਰ : ‘ਜਨ’ (ਇਕ ਤੋਂ ਜ਼ਿਆਦਾ ਕਈ ਜਨ, ਇੱਥੇ ਜਨ ਬਹੁ ਵਚਨ ਪੁਲਿੰਗ ਨਾਉਂ ਹੈ)।

(5). ਰਾਤੀ, ਰੁਤੀ, ਥਿਤੀ, ‘ਵਾਰ’  ॥ (ਜਪੁ)

ਪ੍ਰਸ਼ਨ : ਕਿੰਨੇ (ਸੋਮ, ਮੰਗਲ, ਬੁੱਧ, ਵੀਰ, ਆਦਿ) ਵਾਰ ਹਨ ?

ਉੱਤਰ : ‘ਕਈ ਵਾਰ’ (ਭਾਵ ਇਕ ਤੋਂ ਜ਼ਿਆਦਾ ਕਈ ਵਾਰ, ਇੱਥੇ ਵਾਰ ਬਹੁ ਵਚਨ ਪੁਲਿੰਗ ਨਾਉਂ ਹੈ)।

(ਨੋਟ : ਸੇ ਬਹੁਤਿਆਂ ਲਈ ਅਤੇ ‘ਸੋ’ ਇਕ ਲਈ ਆਉਂਦਾ ਹੈ, ਇਸ ਲਈ ਨੰਬਰ 4 ’ਚ ਆਏ ‘ਸੇ ਜਨ’ ਦਾ ਮਤਲਬ ਜ਼ਿਆਦਾ ਸੇਵਕ ਹਨ।)

ਹੁਣ ਉਹਨਾਂ ਸ਼ਬਦਾਂ ਦੀ ਵੀਚਾਰ ਕਰਦੇ ਹਾਂ ਜਿਨ੍ਹਾਂ ਦੇ ਅਖੀਰ ’ਚ ਔਂਕੜ ਆਈ ਹੈ।

(1). ਸੁਣਿਐ, ਅੰਧੇ ਪਾਵਹਿ ‘ਰਾਹੁ’ ॥

ਪ੍ਰਸ਼ਨ : ਅੰਨ੍ਹੇ (ਅਗਿਆਨੀ) ਮਨੁੱਖ ਕੀ ਪਾ ਲੈਂਦੇ ਹਨ ?

ਉੱਤਰ : ਰਸਤਾ (ਜੀਵਨ ਜਾਚ ਭਾਵ ਇਕ ਮਾਰਗ ਜਾਂ ਸਿਧਾਂਤ, ਇੱਥੇ ‘ਰਾਹੁ’ ਇੱਕ ਵਚਨ ਪੁਲਿੰਗ ਨਾਉਂ ਹੈ)।

(2). ਜਿਸੁ ਪਿਆਰੇ ਸਿਉ ‘ਨੇਹੁ’; ਤਿਸੁ ਆਗੈ ਮਰਿ ਚਲੀਐ ॥

ਪ੍ਰਸ਼ਨ : ਪਿਆਰੇ ਨਾਲ ਕੀ ਹੈ ?

ਉੱਤਰ : ਨੇਹ, ਪਿਆਰ, ਮੁਹੱਬਤ (ਨੇਹੁ, ਜੋ ਇੱਕ ਵਚਨ ਪੁਲਿੰਗ ਹੈ ਕਿਉਂਕਿ ਜਦ ਪਿਆਰਾ (ਰੱਬ) ਹੀ ਇੱਕ ਹੈ ਤਾਂ ਪਿਆਰ ਬਹੁਤੇ ਨਹੀਂ ਹੋ ਸਕਦੇ।)

(3). ਸੋ ‘ਪੰਡਿਤੁ’; ਜੋ ਮਨੁ ਪਰਬੋਧੈ ॥

ਪ੍ਰਸ਼ਨ : ਮਨ ਨੂੰ ਪਰਬੋਧ (ਕਾਬੂ ਕਰਨ ਵਾਲਾ) ਕੌਣ ਹੈ ?

ਉੱਤਰ : ‘ਪੰਡਿਤ’ (ਉਕਤ ਕੀਤੀ ਗਈ ਵਿਚਾਰ ਕਿ ‘ਸੇ’ ਬਹੁ ਵਚਨ ਹੁੰਦਾ ਹੈ ਤੇ ‘ਸੋ’ ਇੱਕ ਵਚਨ, ਇਸ ਲਈ ‘ਸੋ ਪੰਡਿਤੁ’ ਇਕ ਵਚਨ ਦਾ ਪ੍ਰਤੀਕ ਹੈ।)

(4). ‘ਜਨੁ’ ਰਾਤਾ; ਹਰਿ ਨਾਮ ਕੀ ਸੇਵਾ ॥

ਪ੍ਰਸ਼ਨ : ‘ਹਰਿ ਨਾਮ ਦੀ ਸੇਵਾ’ ’ਚ ਕੌਣ ਰੱਤਿਆ ਹੋਇਆ ਹੈ ?

ਉੱਤਰ : ‘ਜਨ’ (ਭਾਵ ਸੇਵਕ, ਇਕ ਵਚਨ ਕਿਉਂਕਿ ਰਾਤਾ ਵੀ ਇੱਕ ਵਚਨ ਕਿਰਿਆ ਹੈ, ਨਹੀਂ ਤਾਂ ਰਾਤੇ ਹੁੰਦਾ; ਜਿਵੇਂ ਕਿ ‘‘ਜੋ ਸਚਿ ‘ਰਾਤੇ’; ਤਿਨ ਸਚੀ ਲਿਵ ਲਾਗੀ  ॥’’ (ਮ: ੩/੧੨੦)

(5). ਕਵਣੁ ਸੁ ਵੇਲਾ  ? ਵਖਤੁ ਕਵਣੁ  ? ਕਵਣ ਥਿਤਿ  ? ਕਵਣੁ ‘ਵਾਰੁ’  ?  ॥ (ਜਪੁ)

ਪ੍ਰਸ਼ਨ : ਉਹ ਕਿਹੜਾ ਦਿਨ (ਸੋਮਵਾਰ ਜਾਂ ਬੁੱਧਵਾਰ ਜਾਂ ਸ਼ੁਕਰਵਾਰ) ਸੀ ? ਭਾਵ ਕਿੰਨੇ ਦਿਨਾਂ ਵੱਲ ਸੰਕੇਤ ਹੈ ?

ਉੱਤਰ : ਇੱਕ ਦਿਨ ਵੱਲ (ਜਦ ਸਿ੍ਰਸ਼ਟੀ ਬਣੀ, ਉਸ ਸਮੇਂ ਨੂੰ ਕਿਹੜੇ-ਕਿਹੜੇ ਦਿਨ ਸਨ, ਨਹੀਂ ਕਿਹਾ ਜਾ ਸਕਦਾ। ਸੋ, ਇੱਥੇ ਵਾਰੁ ਇੱਕ ਵਚਨ ਪੁਲਿੰਗ ਨਾਉਂ ਹੈ)।

ਉਕਤ ਕੀਤੀ ਗਈ ਵਿਚਾਰ ਉਪਰੰਤ ਸਾਹਮਣੇ ਆਇਆ ਹੈ ਕਿ ਜਿੱਥੇ ਇੱਕ ਵਚਨ ਪੁਲਿੰਗ ਨਾਉਂ (ਕਿਸੇ ਇਕ ਵਸਤੂ, ਇਕ ਵਿਅਕਤੀ, ਇਕ ਸਥਾਨ) ਦਾ ਜ਼ਿਕਰ ਹੈ, ਉੱਥੇ ਸ਼ਬਦ ਦੇ ਅੰਤ ’ਚ ਔਂਕੜ ਲੱਗੀ ਹੋਈ ਹੈ, ਪਰ ਜਿੱਥੇ ਬਹੁ ਵਚਨ (ਇਕ ਤੋਂ ਜ਼ਿਆਦਾ ਵਸਤੂਆਂ, ਇੱਕ ਤੋਂ ਵੱਧ ਵਿਅਕਤੀਆਂ, ਕਈ ਸਥਾਨਾਂ) ਦੀ ਗੱਲ ਹੈ, ਉੱਥੇ ਸ਼ਬਦਾਂ ਦੇ ਅਖੀਰਲੇ ਅੱਖਰ ਨੂੰ ਔਂਕੜ ਨਹੀਂ ਹੈ।

ਸੋ ਇੱਕ ਨਿਯਮ ਪ੍ਰਗਟ ਹੋ ਗਿਆ ਕਿ

(1). ਇਕ ਵਚਨ ਨਾਉਂ (ਵਸਤੂ, ਵਿਅਕਤੀ, ਸਥਾਨ) ਵਾਲੇ ਸ਼ਬਦ ਦੇ ਅਖੀਰਲੇ ਅੱਖਰ ਨੂੰ ਔਂਕੜ ਆਵੇਗੀ; ਜਿਵੇਂ ਕਿ ਅਜੋਕੀ ਪੰਜਾਬੀ ਸ਼ਬਦਾਂ ਦੀ ਗੁਰਬਾਣੀ ਲਿਖਤ ‘ਮੋਰੁ, ਮੇਜੁ, ਪੈੱਨੁ, ਪਰਸੁ, ਗਿਲਾਸੁ, ਆਦਿ ਬਣੇਗੀ, ਜਿਸ ਦਾ ਮਤਲਬ ਹੈ: ‘ਇਕ ਮੋਰ, ਇੱਕ ਮੇਜ, ਇਕ ਪੈੱਨ, ਇਕ ਪਰਸ, ਇਕ ਗਿਲਾਸ’, ਆਦਿ।

(2). ਬਹੁ ਵਚਨ ਨਾਉਂ ਵਾਲੇ ਸ਼ਬਦ ਦਾ ਅਖੀਰਲਾ ਅੱਖਰ ਮੁਕਤਾ ਅੰਤ ਆਉਂਦਾ ਹੈ ਭਾਵ ਉਸ ਨਾਲ ਕੋਈ ਵੀ ਮਾਤ੍ਰਿਕ ਚਿੰਨ੍ਹ ਦਰਜ ਨਹੀਂ ਹੁੰਦਾ; ਜਿਵੇਂ ਕਿ ‘ਮੋਰ, ਮੇਜ, ਪੈੱਨ, ਪਰਸ, ਗਿਲਾਸ’, ਆਦਿ ਦਾ ਮਤਲਬ ਹੈ: ‘ਇਕ ਤੋਂ ਜ਼ਿਆਦਾ ਮੋਰ, ਇਕ ਤੋਂ ਜ਼ਿਆਦਾ ਮੇਜ, ਇਕ ਤੋਂ ਜ਼ਿਆਦਾ ਪੈੱਨ’, ਆਦਿ।