ਮਹਾਂ ਸ਼ਕਤੀ

0
442

ਮਹਾਂ ਸ਼ਕਤੀ

ਗਿਆਨੀ ਸੰਤ ਸਿੰਘ ਮਸਕੀਨ

ਪ੍ਰਮਾਤਮਾ ਇਕ ਸ਼ਕਤੀ ਹੈ-ਵਿਅਕਤੀ ਨਹੀਂ। ਉਸ ਅਗੰਮੀ ਸ਼ਕਤੀ ਦਾ ਬੋਧ ਤਾਂ ਪ੍ਰਾਚੀਨ ਸਮੇਂ ਤੋਂ ਰਿਹਾ ਹੈ, ਪਰ ਉਹ ਸ਼ਕਤੀ ਕੀ ਹੈ ? ਕਿੱਥੇ ਹੈ ? ਇਸ ਦਾ ਪੂਰਨ ਬੋਧ ਨਾ ਹੋਣ ਕਰ ਕੇ ਧਾਰਮਕ ਭਟਕਣਾ ਰਹੀ ਹੈ। ਵਗਦੇ ਦਰਿਆਵਾਂ ਦੇ ਵੇਗ ਵਿੱਚ ਸ਼ਕਤੀ ਦਾ ਪ੍ਰਵਾਹ ਵੇਖ, ਮਨੁੱਖ ਨੇ ਦਰਿਆਵਾਂ, ਨਦੀ ਨਾਲਿਆਂ ਦੀ ਪੂਜਾ ਕੀਤੀ । ਕੁਛ ਪਾਣੀ ਦਾ ਵਿਸ਼ੇਸ਼ ਗੁਣ-ਧਰਮ ਵੇਖ, ਝੀਲਾਂ ਤੇ ਸਾਗਰ ਵੀ ਪੂਜੇ ਗਏ । ਕਿਸੇ ਦਰਖ਼ਤ ਦੇ ਡਾਲ, ਪੱਤੇ ਜਾਂ ਜੜ੍ਹਾਂ; ਬੀਮਾਰੀਆਂ ਨੂੰ ਦੂਰ ਕਰਨ ਵਿੱਚ ਸਹਾਇਕ ਵੇਖ; ਦਰਖ਼ਤਾਂ ਦੀ ਵੀ ਪੂਜਾ ਚਲ ਪਈ। ਫ਼ਨੀਅਰ ਸੱਪ ਵਿੱਚ ਆਪਣੀ ਮੌਤ ਵੇਖ, ਭੈ-ਭੀਤ ਹੋ, ਨਾਗਾਂ ਨੂੰ ਪੂਜਣ ਲੱਗ ਪਿਆ । ਨਾਗ ਭਗਵਾਨ ਜਾਂ ਦੇਵਤਾ ਬਣ ਗਿਆ । ਗਊ, ਹਾਥੀ, ਹੰਸ, ਮੋਰ ਪੂਜੇ ਗਏ ਤੇ ਹੁਣ ਵੀ ਪੂਜਾ ਚੱਲ ਰਹੀ ਹੈ । ਚੰਦਰਮਾਂ, ਰਾਤ ਦੇ ਹਨੇਰੇ ਨੂੰ ਦੂਰ ਕਰ ਦੇਂਦਾ ਸੀ । ਦਿਨ, ਤਿਉਹਾਰ ਦੀ ਯਾਦ ਚੰਦਰਮਾਂ ਕਰ ਕੇ ਬਣੀ । ਪੂਰਨਮਾਸ਼ੀ ਭਾਵ ਪੂਰਨਮਾਸ਼ ਜਦ ਚੰਦਰਮਾਂ ਪੂਰਨ ਹੋ ਜਾਵੇ ਤਾਂ ਮਹੀਨਾ ਪੂਰਾ ਸਮਝਿਆ ਜਾਣ ਲੱਗ ਪਿਆ । ਸਹਿਜੇ ਸਹਿਜੇ ਪਤਾ ਚੱਲਿਆ, ਚੰਦਰਮਾਂ ਕੋਲ ਰੌਸ਼ਨੀ ਸੂਰਜ ਦੀ ਹੈ ਤਾਂ ਸੂਰਜ ਭਗਵਾਨ ਦੇਵਤਾ ਹੋ ਗਿਆ ਤੇ ਪੂਜਾ ਆਰੰਭ ਹੋ ਗਈ ।

ਕਿਸੇ ਮਨੁੱਖ ਅੰਦਰ ਦੈਵੀ ਗੁਣਾਂ ਦੀ ਸੰਪਦਾ ਵੇਖ, ਮਨੁੱਖ ਨੂੰ ਪੂਜਿਆ ਗਿਆ। ਜਦ ਉਹ ਨਾਂ ਰਿਹਾ-ਮਰ ਗਿਆ ਤਾਂ ਉਸ ਦੀ ਮੜੀ ਜਾਂ ਕਬਰ ਪੂਜੀ ਗਈ ਜਾਂ ਫਿਰ ਉਸ ਦੀ ਮੂਰਤੀ (ਤਸਵੀਰ) ਬਣਾ ਕੇ ਪੂਜਣਾ ਆਰੰਭ ਹੋਇਆ। ਬੋਧ ਅੰਦਰ ਇਹ ਤਾਂ ਸੀ ਕਿ ਕੋਈ ਕਰਤਾ ਹੈ ਇਸ ਕ੍ਰਿਤ ਮੰਡਲ ਦਾ, ਪਰ ਉਹ ਕਰਤਾ ਕੀ ਹੈ  ? ਕਿੱਥੇ ਹੈ  ? ਬੋਧ ਨ ਹੋਣ ਕਰ ਕੇ ਕ੍ਰਿਤ ਪੂਜੀ ਗਈ ਤੇ ਕ੍ਰਿਤ ਨੂੰ ਹੀ ਕਰਤਾ ਸਮਝਿਆ ਗਿਆ ।

ਸਮਾਜਿਕ, ਆਰਥਿਕ ਤੇ ਜਿਸਮਾਨੀ ਵਿਕਾਸ ਦੇ ਨਾਲ ਨਾਲ ਧਾਰਮਿਕ ਵਿਕਾਸ ਵੀ ਆਰੰਭ ਹੋਇਆ ਤੇ ਆਖ਼ਿਰ ਮਨੁੱਖ ਇੱਥੇ ਟਿਕਿਆ ਕਿ ਘੱਟ ਤੋਂ ਘੱਟ ਮੈਂ ਆਪਣੇ ਤੋਂ ਥੱਲੇ ਦੀ ਪੂਜਾ ਨਹੀਂ ਕਰਨੀ ਤਾਂ ਮਨੁੱਖੀ ਪੂਜਾ ’ਤੇ ਹੀ ਸਾਰੀ ਮਨੁੱਖਤਾ ਰੁਕ ਗਈ । ਜੋ ਗੁਣਾਂ ਕਰ ਕੇ ਭਾਵੇਂ ਘੱਟ ਹੈ ਜਾਂ ਵੱਧ ਹੈ, ਪਰ ਕਮ-ਸੇ-ਕਮ ਮੇਰੇ ਵਰਗਾ ਤਾਂ ਹੈ । ਸੋ ਪ੍ਰਮਾਤਮਾ ਦਾ ਸਰੂਪ ਵਿਅਕਤੀ ਹੋ ਗਿਆ ਤੇ ਵਿਅਕਤੀ ਦੀ ਪੂਜਾ ਕਿਸੇ ਨ ਕਿਸੇ ਰੂਪ ਵਿੱਚ ਟਿਕ ਕੇ ਰਹਿ ਗਈ। ਇਸ ਤੋਂ ਮਨੁੱਖ ਅਜੇ ਤੱਕ ਵੀ ਪੂਰਨ ਤੌਰ ’ਤੇ ਉੱਚਾ ਨਹੀਂ ਉੱਠ ਸਕਿਆ।

ਅਕਾਲ ਪੁਰਖ ਇੱਕ ਵਿਅਕਤੀ ਨਹੀਂ ਬਲਕਿ ਸ਼ਕਤੀ ਹੈ । ਅਗਰ ਵਿਅਕਤੀ ਮੰਨ ਲਈਏ ਤਾਂ ਉਸ ਦੀ ਸੀਮਾ ਮੰਨਣੀ ਪਵੇਗੀ ਤੇ ਪ੍ਰਮਾਤਮਾ ਅਸੀਮ ਹੈ ‘‘ਕੋਇ ਜਾਣੈ; ਤੇਰਾ ਕੇਤਾ ਕੇਵਡੁ ਚੀਰਾ ’’ (ਸੋ ਦਰੁ, ਮਹਲਾ , ਪੰਨਾ ), ਅਨੰਤ ਹੈਂ ਮਹੰਤ ਹੈਂ (ਜਾਪੁ ਸਾਹਿਬ) ਉਹ ਕਿੱਥੋਂ ਸ਼ੁਰੂ ਹੁੰਦਾ ਹੈ ? ਕਿੱਥੇ ਜਾ ਕੇ ਖ਼ਤਮ ਹੁੰਦਾ ਹੈ  ? ਇਹ ਬੋਧ ਕਿਸੇ ਨੂੰ ਨਹੀਂ । ਅਗਰ ਵਿਅਕਤੀ ਮੰਨੀਏ ਤਾਂ ਪ੍ਰਮਾਤਮਾ ਦਾ ਜਨਮ ਵੀ ਮੰਨਣਾ ਪਵੇਗਾ ਔਰ ਜਿਸ ਦਾ ਜਨਮ ਹੈ, ਉਸ ਦਾ ਮਰਨ ਵੀ ਹੈ। ਜਗਤ ਵਿੱਚ ਦੁੱਤ ਹੈ । ਦੋ-ਤਰਫੀ ਘਟਨਾ ਘਟਦੀ ਹੈ। ਹੱਸਣਾ ਹੈ ਤਾਂ ਰੋਣਾ ਵੀ ਹੈ। ਤੰਦਰੁਸਤੀ ਹੈ-ਬਿਮਾਰੀ ਵੀ ਹੈ। ਨਫ਼ਾ ਹੈ-ਨੁਕਸਾਨ ਵੀ ਹੈ। ਇਸ ਤਰ੍ਹਾਂ ਜਨਮ; ਮਰਨ ਦੇ ਨਾਲ ਜੁੜਿਆ ਹੋਇਆ ਹੈ। ਪ੍ਰਮਾਤਮਾ; ਜਨਮ ਮਰਨ ਤੋਂ ਰਹਿਤ ਹੈ  ‘‘ਅਜਨਮ ਹੈਂ ਅਬਰਨ ਹੈਂ ’’ (ਜਾਪੁ ਸਾਹਿਬ)

ਵਿਅਕਤੀ ਨੂੰ ਮੰਨਣ ਨਾਲ ਉਸ ਦੇ ਮਾਂ ਬਾਪ ਵੀ ਮੰਨਣੇ ਪੈਣਗੇ ਤੇ ਫਿਰ ਜਾਤ-ਪਾਤ ਦਾ ਵੀ ਸਵਾਲ ਖੜ੍ਹਾ ਹੋਵੇਗਾ ਜਦਕਿ ਅਕਾਲ ਪੁਰਖ ‘‘ ਤਾਤ ਹੈਂ ਮਾਤ ਹੈਂ ਜਾਤ ਹੈਂ ਪਾਤ ਹੈਂ ’’ (ਅਕਾਲ ਉਸਤਤ) ਵਿਅਕਤੀ ਸਰਬ ਠੌਰ ਨਹੀਂ ਹੈ । ਸਰਬ ਕਾਲ ਵੀ ਨਹੀਂ ਹੈ। ਅਸੀਂ ਇੱਕ ਥਾਂ ’ਤੇ ਹਾਂ, ਪਰ ਦੂਜੀ ਥਾਂ ’ਤੇ ਨਹੀਂ। ਅੱਜ ਹਾਂ, ਕੱਲ੍ਹ ਨਹੀਂ ਹੋਵਾਂਗੇ । ਅੱਜ ਹਾਂ, ਅੱਜ ਤੋਂ ਕੁੱਛ ਸਮਾਂ ਪਹਿਲੇ ਨਹੀਂ ਸੀ ਤੇ ਵਿਅਕਤੀ ਦੇ ਸਾਰੇ ਦੂਸ਼ਨ; ਪ੍ਰਮਾਤਮਾ ਵਿੱਚ ਹੀ ਨਿਰੂਪਣ ਕਰਨੇ ਪੈਣਗੇ ।

ਵਿਅਕਤੀ ਦੇ ਦੋ ਰੂਪ ਹਨ-ਇਸਤਰੀ ਤੇ ਪੁਰਸ਼, ਤਾਂ ਫਿਰ ਇਹ ਵੀ ਮੰਨਣਾ ਪਵੇਗਾ ਕਿ ਪ੍ਰਮਾਤਮਾ ਪੁਰਸ਼ ਹੈ ਜਾਂ ਨਾਰੀ ਹੈ ਜਦਕਿ ਉਹ ਤਾਂ ‘‘ ਨਰ ਹੈਂ ਨਾਰ ਹੈਂ (ਅਕਾਲ ਉਸਤਤ), ਸੁੰਨ ਮੰਡਲ ਇਕੁ ਜੋਗੀ ਬੈਸੇ   ਨਾਰਿ ਪੁਰਖੁ; ਕਹਹੁ ਕੋਊ ਕੈਸੇ  ?’’ (ਮਹਲਾ , ਪੰਨਾ ੬੮੫)  ਸੁੰਨ-ਸਮਾਧ ਨਿਰਵਿਚਾਰ ਅਵਸਥਾ ਵੀ ਜਦ ਜ਼ਰਰੇ ਜ਼ਰਰੇ ਨਾਲ ਜੁੜਿਆ ਹੋਇਆ ਪ੍ਰਮਾਤਮਾ ਦਿਖਾਈ ਦੇਂਦਾ ਹੈ ਤਾਂ ਪਤਾ ਚੱਲਦਾ ਹੈ ਕਿ ਉਹ ਨਾਰ ਤੇ ਪੁਰਖ ਨਹੀਂ ਹੈ ਤਾਂ ਫਿਰ ਉਹ ਕੀ ਹੈ ‘‘ਤ੍ਰਿਭਵਣ ਜੋਤਿ ਰਹੇ ਲਿਵ ਲਾਈ   ਸੁਰਿ ਨਰ ਨਾਥ ਸਚੇ ਸਰਣਾਈ ’’ (ਮਹਲਾ , ਪੰਨਾ ੬੮੫) ਪ੍ਰਮਾਤਮਾ ਇੱਕ ਪ੍ਰਕਾਸ਼ ਦੀ ਤਰ੍ਹਾਂ ਵਿਖਾਈ ਦੇਂਦਾ ਹੈ । ਉਹ ਇੱਕ ਮਹਾਂ ਚਾਨਣ ਹੈ । ਅਗਰ ਪ੍ਰਮਾਤਮਾ ਪ੍ਰਕਾਸ਼ ਹੈ ਤਾਂ ਫਿਰ ਉਹ ਇਕ ਸ਼ਕਤੀ ਹੈ-ਵਿਅਕਤੀ ਨਹੀਂ।

ਸ਼ਮਸ-ਤਬਰੇਜ਼ ਨੇ ਬੁਲੰਦ ਬਾਂਗ ਇਹ ਆਖਿਆ ਕਿ ਮੈਂ ਮੁਸਲਮਾਨ, ਈਸਾਈ, ਪਾਰਸੀ, ਯਹੂਦੀ ਨਹੀਂ ਹਾਂ । ਈਰਾਨੀ ਤੇ ਈਰਾਕੀ ਵੀ ਨਹੀਂ ਹਾਂ । ਮੈਂ ਤਨ ਵਿੱਚ ਸੁਆਸ ਤੇ ਅੱਗ, ਪਾਣੀ, ਪਵਨ, ਧਰਤੀ, ਆਕਾਸ਼ ਭੀ ਨਹੀਂ ਹਾਂ। ਮੈਂ ਤਾਂ ਉਸ ਦੇ ਵਿੱਚ ਹਾਂ, ਜੋ ਚੱਕ੍ਰ ਚਿਹਨ ਤੋਂ ਨਿਆਰਾ, ਦੇਸ਼-ਕਾਲ ਵਸਤੂ ਤੋਂ ਪਰੇ ਤੇ ਵਿਆਪਕ ਸੱਤਾ ਹੈ। ਮੈਂ ਉਸ ਵਿੱਚ ਹਾਂ। ਹੁਣ ਤਾਂ ਬੱਸ ਉਹੀ ਹੈ-ਮੈਂ ਨਹੀਂ ਹਾਂ ਚਿ ਤਦਬੀਰੇ ਦੇ ਮੁਸਲਮਾਨਮ ਕਿ ਮਨ ਖ਼ੁਦ ਰਾ ਨਮੇ ਦਾਨਮ ਤਰਸਾਓ ਯਹੂਦੀਅਮ ਗਿਬਰਮ ਮੁਸਲਮਾਨਮ ਸ਼ਰਦੀਅਮ ਗ਼ਰਬੀਅਮ ਬੁਹੇਰੀਅਮ ਤਰੀਅਮ ਅਜ਼ ਮੁਲਕੇ ਇਰਾਕੀ ਨੇ ਅਜ਼ ਖ਼ਾਕੇ ਖੁਰਾਸਾਨਮ ਅਜ਼ ਆਬਮ ਅਜ਼ ਖ਼ਾਕਮ, ਅਜ਼ ਆਤਿਸ਼ੇ ਅਜ਼ ਹਵਾ ਤਨ ਬਾਸ਼ਦ, ਜਾਂ ਬਾਸ਼ਦ, ਬਾਸ਼ਦ ਇਸ਼ਕੇ ਜਾਨਾਨਮ   ਮੈਂ ਇਹ ਸਭ ਕੁਛ ਨਹੀਂ ਹਾਂ । ਫਿਰ ਕੀ ਹੈ  ? ਤਾਂ ਜੋ ਜਵਾਬ ਹੈ, ਉਹ ਪ੍ਰਮਾਤਮਾ ਦੀ ਸਹੀ ਰੂਪ-ਰੇਖਾ ਸਾਮ੍ਹਣੇ ਰੱਖਦਾ ਹੈ ਮਕਾਂ ਰਾ ਲਾ ਮਕਾਂ ਬਾਸ਼ਦ ਨਿਸ਼ਾਨਮ ਬੇ ਨਿਸ਼ਾਂ ਬਾਸ਼ਦ ਦੂਈ ਰਾ ਚੂੰ ਬਦਰ ਕਰਦਮ ਦੋ ਆਲਮ ਰਾ ਯਕੇ ਦੀਦਮ ’ (ਸ਼ਮਸ ਤਬਰੇਜ਼)

 ਜਿਸ ਦਾ ਕੋਈ ਚੱਕ੍ਰ-ਚਿਹਨ ਨਹੀਂ, ਰੰਗ ਰੂਪ ਨਹੀਂ, ਕੋਈ ਵਿਸ਼ੇਸ਼ ਥਾਂ ਨਹੀਂ, ਮੈਂ ਉਸ ਵਿੱਚ ਵਾਸ ਕਰਦਾ ਹਾਂ । ਜਿਸ ਦਿਨ ਦੀ ਦੁਬਿਧਾ ਮਿਟੀ, ਹੁਣ ਉਸ ਇੱਕ ਤੋਂ ਬਿਨਾਂ ਹੋਰ ਕੋਈ ਦਿਖਾਈ ਨਹੀਂ ਦੇਂਦਾ।

ਕਲਗੀਧਰ ਪਾਤਿਸ਼ਾਹ ਤਾਂ ਫ਼ੁਰਮਾਨ ਕਰਦੇ ਹਨ ਕਿ ਉਸ ਦਾ ਕੋਈ ਵਿਸ਼ੇਸ਼ ਨਾਮ ਨਹੀਂ ਤੇ ਥਾਉਂ ਨਹੀਂ ‘‘ਅਨਾਮ ਹੈ ਅਠਾਮ ਹੈਂ ’’ (ਜਾਪੁ ਸਾਹਿਬ) ਆਰਥਿਕ, ਬੌਧਿਕ, ਸਮਾਜਿਕ ਤੇ ਨੈਤਿਕ ਵਿਕਾਸ ਤਾਂ ਹਰ ਪੱਖੋਂ ਹੋਇਆ ਹੈ, ਪਰ ਧਾਰਮਕ ਵਿਕਾਸ ਅਜੇ ਵੀ ਪੂਰਨ ਤੌਰ ’ਤੇ ਨਹੀਂ ਹੋ ਸਕਿਆ । ਸਦੀਆਂ ਪੁਰਾਣੀਆਂ ਧਾਰਨਾਵਾਂ ਅੱਜ ਵੀ ਧਾਰਮਕ ਦੁਨੀਆਂ ਨਾਲ ਸੰਬੰਧਿਤ ਹਨ । ਤੇਤੀਸ ਕਰੋੜ ਦੇਵਤਿਆਂ ਦੀ ਧਾਰਨਾ ਤੋਂ ਬਾਅਦ ਨਵੇਂ ਦੇਵੀ ਦੇਵਤੇ ਬਣਾਏ ਜਾ ਰਹੇ ਹਨ।

ਅਗਰ ਇੱਕ ਪੁਰਸ਼, ਪ੍ਰਮਾਤਮਾ ਨੂੰ ਨਾਰੀ ਜਾਣ ਕੇ ਉਸ ਦੀ ਪੂਜਾ ਕਰੇ ਤਾਂ ਉਸ ਦੇ ਸੰਸਕਾਰ ਨਾਰੀ ਦੇ ਬਣਨਗੇ ਔਰ ਸੰਸਕਾਰ ਹੀ ਅਗਲੇ ਜਨਮ ਦਾ ਬੀਜ ਹਨ। ਸੋ ਉਸ ਦਾ ਅਗਲਾ ਜਨਮ ਨਾਰੀ ਦਾ ਹੋਵੇਗਾ ‘‘ਮਹਾ ਮਾਈ ਕੀ ਪੂਜਾ ਕਰੈ ॥  ਨਰ ਸੈ ਨਾਰਿ ਹੋਇ ਅਉਤਰੈ ॥’’ (ਭਗਤ ਨਾਮਦੇਵ ਜੀ, ਪੰਨਾ ੮੭੪) ਅਗਰ ਪੁਰਸ਼, ਨਾਰੀ ਦਾ ਚਿੰਤਨ ਕਰੇ ਤਾਂ ਅਗਲੇ ਜਨਮ ਵਿੱਚ ਨਾਰੀ ਬਣਦਾ ਹੈ ਜਾਂ ਇਸ ਤੋਂ ਉਲਟ ਵੀ ਹੋ ਸਕਦਾ ਹੈ । ਅਗਰ ਕੋਈ ਨਾਰੀ, ਪ੍ਰਮਾਤਮਾ ਨੂੰ ਪੁਰਸ਼ ਮੰਨ ਲਵੇ ਤਾਂ ਉਸ ਦਾ ਅਗਲਾ ਜਨਮ ਪੁਰਸ਼ ਦਾ ਹੋਵੇਗਾ ਤਾਂ ਇਸ ਤਰ੍ਹਾਂ ਜਨਮ ਮਰਨ ਦਾ ਗੇੜ, ਜੋ ਸੰਸਾਰ ਦੇ ਦੁੱਖਾਂ ਦਾ ਗੇੜ ਹੈ, ਉਹ ਨਾ ਮੁੱਕਿਆ । ਜੇ ਗੇੜ ਹੀ ਨਹੀਂ ਮੁੱਕਿਆ ਤਾਂ ਮੁਕਤੀ ਕਿੱਥੇ ? ਔਰ ਮੁਕਤ ਹੋਏ ਬਿਨਾਂ ਸੁੱਖ ਕਿੱਥੇ ? ਪ੍ਰਮਾਤਮਾ ਇਕ ਪਰਮ ਸ਼ਕਤੀ ਹੈ । ਉਹ ਸ਼ਕਤੀ ਨਿਰਗੁਣ ਤੇ ਸਰਗੁਣ ਰੂਪ ਵਿੱਚ ਵਿਆਪਕ ਹੈ । ਉਹ ਸਰਗੁਣ ਕਰ ਕੇ ਫੁੱਲ ਹੈ, ਪਰ ਨਿਰਗੁਣ ਕਰ ਕੇ ਸੁਗੰਧੀ ਹੈ। ਸੁਗੰਧ ਤੇ ਫੁੱਲ ਵੱਖ ਵੱਖ ਨਹੀਂ ਹਨ । ਨਿਰਗੁਣ ਤੇ ਸਰਗੁਣ ਵੀ ਵੱਖ ਵੱਖ ਨਹੀਂ ਹਨ, ਪਰ ਸਰਗੁਣ ਬੱਝਿਆ ਹੋਇਆ ਹੈ, ਇੱਕ ਥਾਂ ’ਤੇ ਹੈ । ਸੁਗੰਧ ਆਜ਼ਾਦ ਹੈ-ਫੁੱਲ ਦੇ ਵਿੱਚ ਵੀ ਰਹਿ ਸਕਦੀ ਹੈ ਤੇ ਫੁੱਲਾਂ ਤੋਂ ਬਾਹਰ ਵੀ ਵਿਚਰ ਸਕਦੀ ਹੈ । ਇਸ ਵਾਸਤੇ ਸਤਿਗੁਰੂ ਜੀ ਨੇ ਨਿਰਗੁਣ ਬ੍ਰਹਮ ਦੀ ਪੂਜਾ ਦੱਸੀ ਹੈ ‘‘ਬਿਨੁ ਕਰਤਾਰ ਨ ਕਿਰਤਮ ਮਾਨੋ ॥

ਆਦਿ ਅਜੋਨਿ ਅਜੈ ਅਬਿਨਾਸੀ ਤਿਹ ਪਰਮੇਸੁਰ ਜਾਨੋ ॥੧॥ ਰਹਾਉ ॥’’ (ਸ਼ਬਦ ਹਜ਼ਾਰੇ, ਪਾਤਿਸ਼ਾਹੀ ੧੦) ਸਾਗਰ ਦੇ ਉਛਾਲ ਵਿੱਚ ਉਹੀ ਹੈ, ਬੱਦਲਾਂ ਦੀ ਗਰਜਨਾ ਤੇ ਸੂਰਜ ਦੀ ਚਮਕ ਵਿੱਚ ਉਹੀ ਹੈ। ਉਸ ਦੇ ਚਾਨਣ ਨਾਲ ਹੀ ਸਭ ਵਿੱਚ ਚਾਨਣਾ ਹੁੰਦਾ ਹੈ ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ॥  ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥  (ਸੋਹਿਲਾ, ਮਹਲਾ ੧, ਪੰਨਾ ੧੩)

ਬਾਹਰ ਜੋ ਸ਼ਕਤੀ ਕੰਮ ਕਰ ਰਹੀ ਹੈ, ਉਹ ਸੂਰਜ ਦੀ ਹੈ । ਅਗਰ ਸੂਰਜ ਠੰਡਾ ਪੈ ਜਾਵੇ ਤਾਂ ਸਭ ਕੁਛ ਠੰਡਾ ਹੋ ਜਾਵੇਗਾ, ਪਰ ਸੂਰਜ ਵੀ ਕਿਸੇ ਮਹਾਂ ਸੂਰਜ ਦੀ ਰੌਸ਼ਨੀ ਨਾਲ ਰੌਸ਼ਨ ਹੈ । ਉਹ ਮਹਾਂ ਚਾਨਣ ਪ੍ਰਮਾਤਮਾ ਹੈ। ਉਹ ਮਹਾਂ ਸ਼ਕਤੀ ਅਕਾਲ ਪੁਰਖ ਹੈ।