ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਡਿੱਗਦਾ ਮਿਆਰ

0
554

ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਡਿੱਗਦਾ ਮਿਆਰ

ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ-95920-93472

ਕੌਮਾਂ; ਆਪਣੀ ਕੌਮੀਅਤ ਨੂੰ ਸੰਭਾਲਣ ਲਈ ਜਿੰਦ-ਜਾਨ ਦਾਅ ’ਤੇ ਲਾ ਕੇ ਸੰਘਰਸ਼ ਕਰਦੀਆਂ ਹਨ। ਉਨ੍ਹਾਂ ਸਾਹਮਣੇ ਕੌਮੀ ਹੋਂਦ ਦੀ ਸਲਾਮਤੀ ਕਾਇਮ ਕਰਨੀ ਅਤੇ ਉਸ ਦਾ ਮਾਨ ਸਨਮਾਨ ਬਹਾਲ ਰੱਖਣਾ; ਵੱਡਾ ਨਿਸ਼ਾਨਾ ਹੁੰਦਾ ਹੈ। ਕੌਮੀ ਜਥੇਬੰਦੀ ਲਈ ਇੱਕ ਮਜ਼ਬੂਤ ਪ੍ਰਬੰਧ ਦੀ ਵੀ ਵੱਡੀ ਲੋੜ ਮਹਿਸੂਸ ਹੁੰਦੀ ਹੈ। ਅਜਿਹਾ ਢਾਂਚਾ; ਬੌਧਿਕ ਸ਼ਕਤੀ ਅਤੇ ਵੱਡੀ ਮਸ਼ੱਕਤ ਨਾਲ ਤਿਆਰ ਹੁੰਦਾ ਹੈ। ਕੌਮ ਸਾਹਮਣੇ ਵੱਡਾ ਸੰਕਟ ਸੰਸਥਾਂਵਾਂ ਦੀ ਗਰਿਮਾ ਨੂੰ ਸੰਭਾਲ਼ ਕੇ ਰੱਖਣਾ ਹੁੰਦਾ ਹੈ, ਜਿਸ ਲਈ ਸੰਸਥਾ ਨੂੰ ਹੋਂਦ ਵਿੱਚ ਲਿਆਉਣ ’ਚ ਇਸ ਦੇ ਸੰਸਥਾਪਕਾਂ ਨੇ ਸਫਲਤਾ ਪਾਈ ਸੀ।

ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਥਾਪਿਤ ਕਰਨ ਲਈ ਵੀ ਇਸ ਦੇ ਪਿੱਛੇ ਸਿੱਖ ਕੌਮ ਦੇ ਸੂਝਵਾਨ ਸਿੱਖਾਂ ਦੀ ਗਹਿਰੀ ਸਿਆਣਪ ਰਹੀ ਹੈ। ਫਿਰ ਕਿਤੇ ਜਾ ਕੇ ਸਿੱਖ ਕੌਮ ਦੀ ਨੁਮਾਇੰਦਾ ਸੰਸਥਾ ਹੋਣ ਦਾ ਮਾਨ ਹਾਸਲ ਹੋਇਆ ਹੈ। ਹੁਣ ਇਹੀ (ਗਰਿਮਾ ਨੂੰ ਸੰਭਾਲ਼ ਕੇ ਰੱਖਣ ਵਾਲਾ) ਸੰਕਟ ਇਸ ਸੰਸਥਾ ਦੇ ਅਗਲੇ ਤੋਂ ਅਗਲੇ ਨਵੇਂ ਪ੍ਰਬੰਧਕਾਂ ਦੇ ਸਾਹਮਣੇ ਹੈ। ਸਿਆਣੇ ਅਤੇ ਦੂਰਅੰਦੇਸ਼ੀ ਵਾਲੇ ਨਵੇਂ ਸੱਜਣ ਕਈ ਵਾਰ ਜ਼ਿੰਮੇਵਾਰੀ ਲਈ ਆਪਣੇ ਅੰਦਰ ਦੀ ਯੋਗਤਾ ਚੰਗੀ ਤਰ੍ਹਾਂ ਪੜਚੋਲਦੇ ਹਨ। ਉਹ ਦੇਖਦੇ ਹਨ ਕਿ ਸਾਡੇ ਵਿੱਚ ਬਜ਼ੁਰਗਾਂ ਨਾਲੋਂ ਕੀ ਕੀ ਘਾਟ ਹੈ। ਐਸਾ ਦੇਖ ਕੇ ਉਹ ਆਪਣੀ ਘਾਟ ਪੂਰੀ ਕਰਨ ਦਾ ਨਿਸ਼ਾਨਾ ਤਹਿ ਕਰਦੇ ਹਨ। ਪ੍ਰਬੰਧਕ ਬਣਨਾ ਕੋਈ ਅਹੁਦਿਆਂ ਉੱਪਰ ਬੈਠ ਕੇ ਖ਼ਾਨਾਪੂਰਤੀ ਦੀ ਮਰਯਾਦਾ ਨਹੀਂ ਹੁੰਦੀ। ਪ੍ਰਬੰਧਕ ਬਣਨਾ ਤਾਂ ਆਪਣੀ ਨਰੋਈ ਯੋਗਤਾ ਦਾ ਬਿਹਤਰੀਨ ਪ੍ਰਭਾਵ ਆਪਣੇ ਸਮਾਜ ਉੱਤੇ ਪਾਉਣ ਦਾ ਮੌਕਾ ਹੁੰਦਾ ਹੈ ਤਾਂ ਕਿ ਕੌਮ ਮਾਣ ਕਰ ਸਕੇ ਕਿ ਸਾਡੀ ਕੌਮ ਵਿੱਚ ਵੇਖੋ ਕਿੰਨੇ ਯੋਗ ਪ੍ਰਬੰਧਕ ਹਨ, ਜਿਹੜੇ ਪਹਿਲਿਆਂ ਨਾਲੋਂ ਵੀ ਦੋ ਕਦਮ ਹੋਰ ਅੱਗੇ ਵਧ ਕੇ ਤਸੱਲੀ ਬਖ਼ਸ਼ ਸੇਵਾਵਾਂ ਨਿਭਾਅ ਰਹੇ ਹਨ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਿਆਰ ਅੱਜ ਤੋਂ ਨਹੀਂ, ਕਈ ਦਹਾਕੇ ਪਹਿਲਾਂ ਤੋਂ ਹੇਠਾਂ ਆਉਣਾ ਅਰੰਭ ਹੋ ਚੁੱਕਾ ਸੀ ਕਿਉਂਕਿ ਅਸੀਂ ਕੇਵਲ ਨੇੜੇ ਦੇ ਹਾਲਾਤਾਂ ਤੋਂ ਹੀ ਵਾਕਫ਼ ਹੁੰਦੇ ਹਾਂ। ਬੀਤ ਚੁੱਕੇ ਦੀ ਚੰਗਿਆਈ ਬੁਰਿਆਈ, ਨਫ਼ਾ-ਨੁਕਸਾਨ ਨਾਲ ਪੜ੍ਹ ਸੁਣ ਕੇ ਸੰਬੰਧ ਬਣਾਉਣ ਤੋਂ ਪਛੜ ਜਾਂਦੇ ਹਾਂ। ਪ੍ਰਬੰਧਕੀ ਮਿਆਰ ਦੇ ਡਿੱਗਣ ਪਿੱਛੇ ਕੁਝ ਬੁਨਿਆਦੀ ਇਹ ਕਾਰਨ ਰਹੇ ਹਨ :

ਪਹਿਲਾ ਕਾਰਨ ਗੁਰਬਾਣੀ ਅਤੇ ਰਹਿਤ ਮਰਯਾਦਾ ਅਨੁਸਾਰ ਨਿੱਜੀ ਜੀਵਨ ’ਚ ਅਮਲ ਨਾ ਹੋਣਾ ਹੈ, ਜਿਸ ਕਾਰਨ ਆਪਣੇ ਅੰਦਰ ਕੌਮ-ਪ੍ਰਸਤੀ ਲਈ ਮਜ਼ਬੂਤ ਸੋਚ ਨੂੰ ਪੈਦਾ ਨਾ ਕਰਨਾ ਹੈ। ਦੂਜਾ ਕਾਰਨ ਪਦਵੀ ਦੇ ਮਹੱਤਵ ਨੂੰ ਸਮਝੇ ਬਿਨਾਂ ਪਦਵੀ ਦੀ ਲਾਲਸਾ ਪਾਲ਼ ਲੈਣੀ ਤੇ ਉਹ ਪਦਵੀ ਅਯੋਗ ਢੰਗ ਨਾਲ ਹਾਸਲ ਵੀ ਕਰ ਲੈਣੀ ਹੈ। ਤੀਜਾ ਕਾਰਨ ਪ੍ਰਬੰਧਕੀ ਢਾਂਚੇ ਦੇ ਨਵੇਂ ਵਾਰਸਾਂ ਅੰਦਰ ਪਦਵੀ ਦੀ ਮਹੱਤਤਾ ਜਾਂ ਜਾਤੀ ਪ੍ਰਭੁਤਾ ਨੂੰ ਵੱਡਾ ਦਿਖਾਉਣ ਵਾਲੀ ਭੁੱਖ ਹੈ। ਚੌਥਾ ਕਾਰਨ ਪਦਵੀ ਦੇ ਅਸਰ ਰਸੂਖ ਦੀ ਦੁਰਵਰਤੋਂ ਕਰ ਆਪਣੇ ਜਾਤੀ ਹਿੱਤਾਂ ਦੀ ਪੂਰਤੀ ਲਈ ਸੋਚਦੇ ਰਹਿਣਾ ਹੈ। ਪੰਜਵਾਂ ਕਾਰਨ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਅੰਦਰ ਵੱਡੀ ਰਾਜਸੀ ਧਿਰ ਵੱਲ ਹੋਰ ਵੱਡੇ ਅਹੁਦੇਦਾਰੀਆਂ ਵਾਸਤੇ ਝਾਕਣਾ ਹੈ। ਛੇਵਾਂ ਕਾਰਨ ਭਾਈ-ਭਤੀਜਾਵਾਦ ਦੀ ਲਾਗ ਲੱਗਣੀ ਹੈ। ਸੱਤਵਾਂ ਕਾਰਨ ਮੁਲਾਜ਼ਮਾਂ ਦੀ ਭਰਤੀ ਲਈ ਯੋਗਤਾ ਦੀ ਥਾਂ ਮੂੰਹ ਮੁਲਾਹਜੇਦਾਰੀ ਨੂੰ ਸ੍ਰੇਸ਼ਟ ਮੰਨਣਾ ਹੈ ਆਦਿ। ਇਨ੍ਹਾਂ ਸਾਰੇ ਕਾਰਨਾਂ ਤੋਂ ਇਲਾਵਾ ਵੀ ਕਈ ਹੋਰ ਲੱਛਣ ਹੋ ਸਕਦੇ ਹਨ। ਅਜਿਹੇ ਲੱਛਣ ਜਿਵੇਂ ਜਿਵੇਂ ਸੰਸਥਾ ਦੇ ਨਵੇਂ ਬਣਨ ਵਾਲੇ ਪ੍ਰਬੰਧਕਾਂ ਵਿੱਚ ਵਧਦੇ ਜਾਣਗੇ ਤਿਵੇਂ ਤਿਵੇਂ ਹੀ ਪ੍ਰਬੰਧਕੀ ਮਿਆਰ ਉੱਚਾ ਉੱਠਣ ਦੀ ਥਾਂ ਰਸਾਤਲ ਵੱਲ ਹੋਰ ਵਧਦਾ ਰਹੇਗਾ।

ਇਸ ਡਿਗਦੇ ਮਿਆਰ ਦਾ ਅਹਿਸਾਸ; ਕੌਮ ਦਾ ਚੇਤੰਨ ਵਰਗ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਹੈ ਮਗਰ ਫਿਰ ਵੀ ਇਸ ਨੂੰ ਡਿੱਗਣ ਤੋਂ ਰੋਕਣ ਲਈ ਜੋ ਕੁਝ ਸਮੇਂ ਰਹਿੰਦਿਆਂ ਕਰਨਾ ਬਣਦਾ ਸੀ, ਉਹ ਨਾ ਹੋ ਸਕਿਆ ਕਿਉਂਕਿ ਚੇਤੰਨ ਵਰਗ ਅੰਦਰ ਵੀ ਇਸ ਪੱਖੋਂ ਨਿਰੰਤਰ ਢਿੱਲ ਪੈਂਦੀ ਆ ਰਹੀ ਹੈ। ਨਵੇਂ ਚੁਣੇ ਅਤੇ ਮੌਜੂਦਾ ਪ੍ਰਬੰਧ ਸੰਭਾਲੀ ਬੈਠੇ ਸੱਜਣ ਵੀ ਜਦੋਂ ਅਤੀਤ ਦੇ ਸੰਸਥਾਪਕਾਂ ਦੁਆਰਾ ਸੰਸਥਾ ਲਈ ਭਰੇ ਹੀਰੇ ਮੋਤੀ (ਕੌਮੀ ਹਿੱਤ ’ਚ ਲਏ ਨਿੱਗਰ ਫ਼ੈਸਲੇ) ਦੇਖਦੇ ਹਨ ਤਾਂ ਇੱਕ ਵਾਰ ਜ਼ਰੂਰ ਉਨ੍ਹਾਂ ਦੀ ਕਰਨੀ ਵਾਲਾ ਵਿਸਮਾਦ; ਇਨ੍ਹਾਂ ਅੰਤਰ ਥਰਥਰਾਹਟ ਛੇੜ ਕੇ ਜਾਗਣ ਦੀ ਪ੍ਰੇਰਨਾ ਕਰਦਾ ਹੋਵੇਗਾ। ਉਸ ਰੁਤਬੇ ਨੂੰ ਸਾਂਭਣ ਅਤੇ ਕਰਨੀ ਨੂੰ ਮਾਨਣ ਦੀ ਹਿੰਮਤ ਸਤਿਗੁਰੂ ਜੀ ਦੇ ਦਰੋਂ-ਘਰੋਂ; ਝੋਲ਼ੀ ਅੱਡ ਕੇ ਮੰਗਣੀ ਪਵੇਗੀ। ਇਹ ਮੰਗਣ ਦਾ ਸੁਭਾਗ ਹਰ ਇੱਕ ਦੇ ਭਾਗਾਂ ਵਿੱਚ ਨਹੀਂ ਹੁੰਦਾ। ਬਹੁਤੇ ਆਪਣੀ ਮੈਂ ਤੇ ਟੈਂ ਦੀ ਟੀਸੀ ਤੋਂ ਥੱਲੇ ਝਾਕ ਸਕਣ ਵਾਲੀ ਗੁਰ ਬਖ਼ਸ਼ਿਸ਼ ਨੂੰ ਜਾਣਦੇ ਹੀ ਨਹੀਂ ਹਨ। ਹੁਣ ਦਿਖਾਈ ਦੇ ਰਿਹਾ ਪ੍ਰਬੰਧਕਾਂ ਦੇ ਡਿੱਗੇ ਮਿਆਰ ਦਾ ਆਖਰੀ ਸਿਰਾ ਮਹਿਸੂਸ ਹੋ ਰਿਹਾ ਹੈ। ਇਨ੍ਹਾਂ ਪ੍ਰਬੰਧਕਾਂ ਦੀ ਕਾਰਜਵਿਧੀ ਵਿੱਚ ਕੌਮੀ ਸਿਧਾਂਤਾਂ ਅਤੇ ਸਵੈਮਾਨ ਪੱਖੋਂ ਆਈ ਹੋਈ ਗਿਰਾਵਟ ਦੀ ਤੋਬਾ ਹੀ ਹੋ ਗਈ।

ਇੱਕ ਸਵਾਲ ਬਹੁਤ ਰੜਕਦਾ ਹੈ ਕਿ ਡਿੱਗੇ ਹੋਏ ਮਿਆਰ ਨੂੰ ਦੁਬਾਰਾ ਉੱਚਾ ਕਿਵੇਂ ਚੁੱਕਿਆ ਜਾ ਸਕਦਾ ਹੈ ? ਪਿਛਲੇ ਦੋ ਤਿੰਨ ਦਹਾਕਿਆਂ ਤੋਂ ਵਧੇਰੇ ਡਿੱਗਣਾ ਅਰੰਭ ਹੋਇਆ ਇਹ ਮਿਆਰ; ਅੱਜ ਬੱਚੇ, ਬੁੱਢੇ ਤੇ ਜਵਾਨ ਲਈ ਵੱਡੀ ਬੇਚੈਨੀ ਬਣ ਗਿਆ ਹੈ। ਵੇਖਣ ਨੂੰ ਤਾਂ ਦੋ ਜਾਂ ਤਿੰਨ ਦਹਾਕਿਆਂ ਤੋਂ ਚੋਣ ਪ੍ਰਬੰਧ ਵਿੱਚ ਬਰਾਬਰ ਅਤੇ ਭਾਈਵਾਲ ਬਣਨ ਲਈ ਕੁਝ ਕੁ ਧਿਰਾਂ ਪ੍ਰਬੰਧਕ ਮਿਆਰ ਦੀ ਗੱਲ ਅੱਗੇ ਰੱਖ ਕੇ ਪ੍ਰਬੰਧ ਤੱਕ ਪਹੁੰਚਣ ਲਈ ਕਾਫ਼ੀ ਯਤਨਸ਼ੀਲ ਹਨ, ਪਰ ਉਨ੍ਹਾਂ ਦੇ ਕੰਮ ਕਰਨ ਦਾ ਢੰਗ ਸਿੱਖ ਕੌਮ ਦੀ ਮਾਨਸਿਕਤਾ ਨੂੰ ਪ੍ਰਭਾਵਤ ਨਹੀਂ ਕਰਦਾ। ਉਹ ਕੇਵਲ ਆਪਣੀ ਜਥੇਬੰਦਕ ਹੋਂਦ ਬਚਾਉਣ ਤੱਕ ਹੀ ਰੁਝੇ ਹੋਏ ਹਨ।  ਸੰਨ 2015 ਤੋਂ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜ ਕਾਲ ਸਿੱਖ ਕੌਮ ਦੇ ਵਿਹੜੇ ’ਚ ਸਭ ਤੋਂ ਵੱਡੀ ਨਿਰਾਸ਼ਾ ਪੈਦਾ ਕਰਦਾ ਆ ਰਿਹਾ ਹੈ। ਇਸ ਸੰਸਥਾ ਦੀਆਂ ਨਵੀਆਂ ਚੋਣਾਂ ਨੂੰ ਲੈ ਕੇ ਕੌਮੀ ਝੋਲ਼ੀ ਅੰਦਰ ਕੇਵਲ ਕਿਆਸ-ਅਰਾਈਆਂ ਹਨ ਜਾਂ ਗ਼ਲਤਫ਼ਹਿਮੀ ਵਿੱਚੋਂ ਬੁਣੇ ਸੁਪਨੇ ਹਨ। ਇਸ ਘੋਰ ਰਸਾਤਲ ਵਿੱਚ ਡਿੱਗ ਚੁੱਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਿਆਰ ਤੋਂ ਬਾਅਦ ਜਾਪਦਾ ਹੈ ਕਿ ਹੁਣ ਸਿੱਖ ਹੋਰ ਬਰਦਾਸ਼ਤ ਨਹੀਂ ਕਰਨਾ ਚਾਹੇਗੇ। ਕੌਮੀ ਸੱਥਾਂ ਵਿੱਚੋਂ ਇਸ ਦੇ ਪੱਕੇ ਸੁਧਾਰ ਲਈ ਕੌਮੀ ਸਿਧਾਂਤਾਂ ਅਤੇ ਸਵੈਮਾਨ ਦੇ ਉਸ ਰੁਤਬੇ ਨੂੰ ਮੁੜ ਹਾਸਲ ਕਰਨ ਵਾਸਤੇ ਛੇਤੀ ਹੀ ਵਿਉਂਤਬੰਦੀ ਨਾਲ ਕਦਮ ਪੁੱਟਣ ਦੀ ਮਜ਼ਬੂਤ ਪਹਿਲ ਕਦਮੀ ਹੋਵੇਗੀ।

ਦਾਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰੂਨੀ ਅਤੇ ਬਹਿਰੂਨੀ ਸਾਰੇ ਪ੍ਰਬੰਧ ਨਾਲ ਸੰਨ 1975 ਤੋਂ ਸਿੱਧਾ ਸੰਬੰਧ ਰਿਹਾ ਹੈ। 18 ਕੁ ਵਰ੍ਹਿਆਂ ਤੋਂ ਸ਼੍ਰੋਮਣੀ ਕਮੇਟੀ ਤੋਂ ਬਾਹਰ ਵੀ ਪੰਥਕ ਅਤੇ ਸਮਾਜਕ ਗਤੀਵਿਧੀਆਂ ਨਾਲ ਸੰਬੰਧ ਰਿਹਾ, ਪਰ ਫਿਰ ਵੀ ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਹਾਲਾਤਾਂ ਨਾਲ ਲਗਾਅ ਬਣਿਆ ਰਿਹਾ ਹੈ। ਸੱਚ ਤਾਂ ਇਹ ਹੈ ਕਿ ਜੇਕਰ ਸ: ਗੁਰਚਰਨ ਸਿੰਘ ਟੌਹੜਾ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਵਿਚਕਾਰ ਜੋ ਭਾਰਤੀ ਖ਼ੁਫ਼ੀਆ ਤੰਤਰ ਨੇ ਭਾਈ ਰਣਜੀਤ ਸਿੰਘ ਜੀ ਦੀ ਕਾਰਗੁਜ਼ਾਰੀ ਨਾਲ ਖੇਲ ਖੇਡਿਆ ਹੈ ਕਾਸ਼ ਉਸ ਨੂੰ ਸਮੇਂ ਸਿਰ ਸਮਝ ਲਿਆ ਜਾਂਦਾ ਤਾਂ ਅਜੋਕੀ ਉਦਾਸੀ ਤੇ ਨਿਰਾਸ਼ਾ ਤੋਂ ਬਚਾਅ ਹੋ ਜਾਣਾ ਸੀ। ਸੰਨ 1998 ਤੋਂ ਸ: ਬਾਦਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰੇ ਪ੍ਰਬੰਧ ’ਤੇ ਮਨ ਚਾਹਿਆ ਦਬ ਦਬਾਅ ਹੈ। ਪ੍ਰਧਾਨ ਉਨ੍ਹਾਂ ਦੀ ਜੀਅ ਹਜ਼ੂਰੀ ਤੋਂ ਬਗੈਰ ਨਾ ਛਿੱਕ ਮਾਰਦੇ ਹਨ, ਨਾ ਕਦਮ ਪੁੱਟਦੇ ਹਨ ਅਤੇ ਨਾ ਹੀ ਕਾਗਜ਼ ’ਤੇ ਕੋਈ ਅੱਖਰ ਲਿਖਣ ਦੀ ਹਿੰਮਤ ਰੱਖਦੇ ਹਨ। ਸ: ਬਾਦਲ ਤੇ ਉਸ ਦੀ ਪਾਰਟੀ ਦੇ ਕੁਝ ਮੋਹਤਬਰ ਲਗਾਤਾਰ ਉੱਚੀ-ਉੱਚੀ ਕਹਿੰਦੇ ਰਹਿੰਦੇ ਹਨ ਕਿ ਸਾਡਾ ਕੋਈ ਦਖ਼ਲ ਨਹੀਂ, ਪਰ ਸੱਚ ਇਹ ਹੈ ਕਿ ਉਨ੍ਹਾਂ ਦੀ ਮਰਜ਼ੀ ਬਿਨਾਂ ਸ੍ਰੋਮਣੀ ਕਮੇਟੀ ’ਚ ਪੱਤਾ ਵੀ ਨਹੀਂ ਹਿਲਦਾ।

ਮੂਲ ਨਾਨਕਸ਼ਾਹੀ ਕੈਲੰਡਰ ਦੇ ਕਤਲ ਕਰਨ ਤੋਂ ਸਾਹਮਣੇ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗ਼ੁਲਾਮ ਅਹੁਦੇਦਾਰੀ ਦਾ ਨੰਗਾ ਨਾਚ ਨਿਰੰਤਰ ਜਾਰੀ ਹੈ। ਕੰਮ ਧੰਦਿਆਂ ਦੀ ਨੀਂਦ ਵਿੱਚ ਸੁੱਤੇ ਪਏ ਸਿੱਖ; ਮਾਇਆ ਮਮਤਾ ਦੇ ਨਿੱਜੀ ਸੁਪਨੇ ਦੇਖਦੇ ਘਰਾੜੇ ਮਾਰਦੇ ਪਏ ਹਨ। ਜਦ ਵੱਡਾ ਝਟਕਾ ਲੱਗਦਾ ਹੈ ਤਾਂ ਅੱਬੜ ਵਾਹੇ ਉੱਠ ਕੇ ਬਾਵਰਾ ਦੌੜ, ਦੌੜਨ ਲੱਗਦੇ ਹਨ। ਕੌਮ ਦਾ ਵੱਡਾ ਹਿੱਸਾ ਸਿਆਸੀ ਗ਼ਰਜ਼ਾਂ ਨੇ ਗੁਮਰਾਹ ਕਰ ਪਿੱਛੇ ਲਗਾ ਲਿਆ ਹੈ। ਅਣਦਿਸਦੀ ਆਰ. ਐਸ. ਐਸ. ਦੀ ਦਖ਼ਲ ਅੰਦਾਜ਼ੀ; ਸਿੱਖ ਸਰੂਪ ’ਚ ਖ਼ਾਲਸਈ ਸਿਧਾਂਤਾਂ ਅਤੇ ਮਾਨ ਮਰਯਾਦਾ ਦੀਆਂ ਜੜ੍ਹਾਂ ਵਿੱਚਰ ਲਗਾਤਾਰ ਤੇਲ ਪਾ ਕੇ ਭਾਂਬੜ ਬਾਲ਼ ਰਹੀ ਹੈ। ਸਿੱਖ ਕੌਮ ਦੇ ਥੋੜ੍ਹੇ ਜਿਹੇ ਸਿਧਾਂਤਵਾਦੀ ਜੋ ਅਸਲ ’ਚ ਖ਼ਾਲਸਾ ਪੰਥ ਦੇ ਸੱਚੇ ਸੇਵਕ ਹਨ, ਉਨ੍ਹਾਂ ਨੂੰ ਪੰਥਕ ਗਦਾਰ ਸਾਬਤ ਕਰਨ ਲਈ ਬ੍ਰਾਹਮਣਵਾਦੀ ਸੰਪਰਦਾ ਦਾ ਸਿਰਮੌਰ ਸਿੱਖ ਸੰਸਥਾਂਵਾਂ ਅੰਦਰ ਪ੍ਰਵੇਸ਼ ਕਰਵਾ ਦਿੱਤਾ ਗਿਆ ਹੈ। ਗੁਰੂ ਦੁਆਰਾ ਬਖ਼ਸ਼ੀ ਕੌਮ ਪ੍ਰਤੀ ਵਫ਼ਾਦਾਰੀ ਹੋਣ ਕਾਰਨ ਬਹੁਤ ਹੀ ਗੰਭੀਰਤਾ ਨਾਲ ਜੋ ਦਾਸ ਨੇ ਮਹਿਸੂਸ ਕੀਤਾ, ਉਹੀ ਖ਼ਾਲਸਾ ਪੰਥ ਦੀ ਕਚਹਿਰੀ ਵਿੱਚ ਬਿਆਨ ਕਰ ਰਿਹਾ ਹਾਂ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿੰਮੇਵਾਰਾਂ ਅਹੁਦੇਦਾਰਾਂ ਵੱਲੋਂ ਹਰਿਆਣੇ ਦੇ ਸਿੱਖਾਂ ਦਾ ਵਿਸ਼ਵਾਸ ਨਾ ਜਿੱਤ ਸਕਣ ਕਾਰਨ ਹੀ ਆਪਣੇ ਵੱਡੇ ਹੋਣ ਦਾ ਰੁਤਬਾ ਕਮਜ਼ੋਰ ਕਰ ਲਿਆ ਹੈ। ਇੱਥੋਂ ਤੱਕ ਕਿ ਉੱਥੋਂ ਦੇ ਸਤਿਕਾਰਤ ਨੁਮਾਇੰਦਿਆਂ ਨਾਲ ਵੀ ਕੌਮੀ ਮਾਨਤਾਵਾਂ ਵਾਲਾ ਵਿਵਹਾਰ ਨਾ ਕਰਨਾ ਤੇ ਨਾ ਕਰਵਾਉਣਾ; ਅਜੋਕੀ ਗਿਰਾਵਟ ਵੱਲ ਡਿੱਗਣ ਦਾ ਧੱਕਾ ਲੱਗਿਆ ਹੈ। ਸੰਨ 2015 ਵਿੱਚ ਜਥੇਦਾਰ ਗਿ: ਗੁਰਬਚਨ ਸਿੰਘ ਜੀ ਅਤੇ ਹੋਰ ਸਹਿਯੋਗੀਆਂ ਰਾਹੀਂ ਸੌਦਾ ਸਾਧ ਨੂੰ ਮਾਫ਼ ਕਰਵਾਉਣ ਵਾਲਾ ਕੋਝਾ ਕੰਮ ਕਰਵਾਉਣ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਨੇ ਸੰਸਥਾਂਵਾਂ ਦਾ ਮਿਆਰ ਡੇਗਣ ਤੋਂ ਇਲਾਵਾ ਕੌਮੀ ਚਿਹਰੇ ਉੱਤੇ ਕਲੰਕ ਦੀ ਕਾਲ਼ੀ ਕਾਲ਼ਖ ਐਸੀ ਮਲ਼ੀ, ਜੋ ਧੋਤਿਆਂ ਵੀ ਨਹੀਂ ਉਤਰਨੀ। ਇਸ ਸਾਰੀ ਖੇਡ ਦਾ ਕਪਤਾਨ ਬਾਦਲ ਪਰਿਵਾਰ ਹੈ।  ਗੁਰੂ ਦੀ ਗੋਲਕ ’ਚੋਂ 94 ਲੱਖ ਰੁਪਏ ਤੋਂ ਵੱਧ; ਇਸ (ਸੌਦਾ ਸਾਧ) ਕੁਫ਼ਰ ਨੂੰ ਸਹੀ ਸਿੱਧ ਕਰਨ ਲਈ ਅਖ਼ਬਾਰੀ ਇਸ਼ਤਿਹਾਰੀ ’ਤੇ ਖ਼ਰਚ ਕਰ ਦਿੱਤਾ ਗਿਆ। ਕੌਮ ਕਲਪਦੀ ਰਹੀ ਕਿ ਪਾਪ ਹੈ, ਪਾਪ ਹੈ। ਕੌਮ ਨਾਲ ਧੋਖਾ ਹੈ, ਧੋਖਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਬੇਬਾਕੀ ਨਾਲ ਸਾਰੇ ਝਾਕੇ ਲਾਹ ਕੇ ਜਥੇਦਾਰਾਂ ਦੇ ਪਹਿਲਾਂ ਲਏ ਫ਼ੈਸਲੇ ਨੂੰ ਰੱਦ ਕੀਤਾ ਗਿਆ। ਸਭ ਨੇ ਇਹ ਮਹਿਸੂਸ ਕੀਤਾ ਕਿ ਇੱਕ ਧੜੇ ਦੇ ਸਮੱਰਥਕ ਇਨ੍ਹਾਂ ਜਥੇਦਾਰਾਂ ਨੇ ਜੋ ਕੁਝ ਵੀ ਕਰਨਾ ਹੈ, ਕਰ ਲੈਣ ਸਾਨੂੰ ਇਨ੍ਹਾਂ ਦੀ ਹੁਣ ਕੋਈ ਪਰਵਾਹ ਨਹੀਂ। ਜ਼ਿਆਦਾਤਰ ਸਿੱਖ; ਜਥੇਦਾਰਾਂ ਦੇ ਫ਼ੈਸਲਿਆਂ ਤੋਂ ਹੀ ਬਾਗੀ ਹੋ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਿਗਦੇ ਜਾ ਰਹੇ ਮਿਆਰ ਦਾ ਇਹ ਸਭ ਤੋਂ ਹੇਠਲਾ ਡੰਡਾ ਸੀ। ਕੁਫ਼ਰ ਨੂੰ ਸੱਚ ਕਹਿਣ ਲਈ ਦਿੱਲੀ ਤੋਂ ਬਾਦਲਕਿਆਂ ਦੇ ਝੋਲ਼ੀ ਚੁੱਕ ਬੱਸਾਂ ਭਰ-ਭਰ ਕੇ ਆਏ, ਪਰ ਫਿਰ ਵੀ ਕੌਮ ਨੇ ਇਨ੍ਹਾਂ ਨੂੰ ਬਰਦਾਸ਼ਤ ਨਾ ਕੀਤਾ।

ਸਤੰਬਰ 2015 ’ਚ ਜਥੇਦਾਰ; ਸੌਦਾ ਸਾਧ ਨੂੰ ਮਾਫ਼ ਕਰ ਕੌਮ ਨੂੰ ਨਿਰਾਸ਼ਾ ਦੇ ਖੂਹ ’ਚ ਸੁੱਟਣ ਦਾ ਕਾਲ਼ਾ ਕਾਰਾ ਕਰਦੇ ਹਨ।  12 ਅਕਤੂਬਰ 2015 ਨੂੰ ਬਾਦਲਕਿਆਂ ਦੀ ਸਿਆਸੀ ਵੋਟ ਬੈਂਕ ਦਾ ਆਕਾ, ਸੌਦਾ ਸਾਧ ਆਪਣੇ ਚੇਲਿਆਂ ਰਾਹੀਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਘੋਰ ਨਿਰਾਦਰ, ਐਲਾਨੀਆ ਰੂਪ ਵਿੱਚ ਕਰਵਾ ਕੇ ਕੌਮ ਦੀ ਸਾਹ ਰਗ ਨੂੰ ਹੱਥ ਪਾ ਲੈਂਦਾ ਹੈ। ਇਹ ਗੁਰੂ ਸਾਹਿਬ ਦਾ ਸ਼ੁਕਰ ਹੈ ਕਿ ਇਸ ਦੁੱਖਦਾਈ ਮੌਕੇ ਸਿੱਖ ਕੌਮ ਨਿਰਭੈ ਹੋ ਕੇ ਸੜਕਾਂ ’ਤੇ ਆਣ ਖਲੋਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਸਾਰੇ ਪੰਜਾਬ ਭਰ ਵਿੱਚੋਂ ਹਨ ਇਨ੍ਹਾਂ ਨੂੰ ਅੱਜ ਤੱਕ ਸਮਝ ਨਾ ਆਈ; ਜਿਵੇਂ ਸੱਪ ਸੁੰਘ ਗਿਆ ਹੋਵੇ। ਇਸ ਦੇ ਵਿਰੋਧ ’ਚ ਇੱਕ ਬੋਲ ਨਾ ਬੋਲ ਸਕੇ। ਬਹੁਤ ਥੋੜ੍ਹੇ ਜਿਹੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੇ ਦੁੱਖ ਵਜੋਂ ਅਸਤੀਫ਼ੇ ਦਿੱਤੇ। ਸਿੱਖ ਸੰਗਤ ਦੇ ਮਨਾਂ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ; ਹੋਰ ਵੀ ਹੇਠਾਂ ਡਿੱਗ ਪਈ।

ਸੰਨ 2016 ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ (ਗੁਰਦੁਆਰਾ ਰਾਮਸਰ) ਵਿਖੇ ਬਿਜਲੀ ਦੇ ਕਰੰਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਦਾ ਨੁਕਸਾਨ ਹੋਇਆ। ਅੱਗ ਬੁਝਾਉਣ ਲਈ ਗੱਡੀਆ ਪੁੱਜਦੀਆਂ ਹਨ। ਮੌਕੇ ਦੀ ਕਾਰਜ ਕਾਰਨੀ ਅਤੇ ਮੁੱਖ ਅਧਿਕਾਰੀ ਤੇ ਮੁਲਾਜ਼ਮ ਉੱਥੇ ਪੁੱਜਦੇ ਹਨ, ਪਰ ਸਾਰੇ ਘਟਨਾਕ੍ਰਮ ’ਤੇ ਇੰਝ ਪਰਦਾ ਪਾਇਆ ਗਿਆ ਜਿਵੇਂ ਕਿ ਕੁਝ ਹੋਇਆ ਹੀ ਨਹੀਂ। ਨੁਕਸਾਨ-ਗ੍ਰਸਤ ਪਾਵਨ ਬੀੜਾਂ ਅਤੇ ਅੰਗੀਠੇ ਪੁੱਜੀਆਂ ਬੀੜਾਂ ਦਾ ਕੋਈ ਲਿਖਤੀ ਹਿਸਾਬ ਕਿਸੇ ਖਾਤੇ ਨਾ ਪਾਇਆ ਗਿਆ। ਕੌਮੀ ਤੌਰ ’ਤੇ ਜਾਂ ਗੁਪਤ ਤਰੀਕੇ ਨਾਲ ਵੀ ਕੋਈ ਪਾਠ ਜਾਂ ਪਛਤਾਵਾ ਤੱਕ ਵੀ ਨਹੀਂ ਕੀਤਾ ਗਿਆ ਕਿਉਂਕਿ ਅਗਲੇ ਸਾਲ ਸੰਨ 2017 ਦੀਆਂ ਚੋਣਾਂ ’ਤੇ ਅਸਰ ਪੈ ਜਾਣਾ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਵਿਸ਼ੇਸ਼ ਬੱਸ ’ਚ ਰੱਖ ਕੇ ਕੈਨੇਡਾ ਭੇਜੀਆਂ ਗਈਆਂ, ਜਿਨ੍ਹਾਂ ਨੂੰ ਵਿਸ਼ੇਸ਼ ਪ੍ਰੋਗਰਾਮ ਸਜਾ ਕੇ ਸਿਆਸੀ ਲਾਹਾ ਲੈਂਦਿਆਂ ਨਗਰ ਕੀਰਤਨ ਦੇ ਰੂਪ ’ਚ ਕੈਨੇਡਾ-ਅਮਰੀਕਾ ਦੇ ਭਿੰਨ-ਭਿੰਨ ਗੁਰਦੁਆਰਿਆਂ ’ਚ ਸਥਾਪਿਤ ਕਰਨਾ ਸੀ, ਪਰ ਕੋਰੋਨਾ ਬੀਮਾਰੀ ਕਾਰਨ ਪੰਜਾਬ ਤੋਂ ਸਿਆਸੀ ਲੋਕਾਂ ਦੇ ਓਥੇ ਸਮੇਂ ’ਤੇ ਨਾ ਪਹੁੰਚ ਸਕਣ ਕਾਰਨ ਹੋਈ ਦੇਰੀ ਕਰਕੇ ਸਾਰੇ ਹੀ ਪਾਵਨ ਸਰੂਪ ਬੱਸ ’ਚ ਪਏ ਪਏ ਖ਼ਰਾਬ ਹੋ ਗਏ। ਜਿਸ ਤਰ੍ਹਾਂ ਕੁਝ ਲੋਕਾਂ ਦੀ ਖੁਸ਼ਾਮਦ ਨੂੰ ਮੁੱਖ ਰੱਖ ਕੇ ਭੇਜੀਆਂ ਗਈਆਂ ਇਹ ਬੀੜਾਂ; ਬੇਅਦਬ ਹੋਈਆਂ ਇਹ ਵੀ ਪ੍ਰਬੰਧ ਦਾ ਗੂੜਾ ਕਾਲ਼ਾ ਪੰਨਾ ਹੈ। ਬੀੜਾਂ ਲੈ ਜਾਣ ਵਾਲੀ ਗੁਰੂ ਦੀ ਗੋਲਕ ’ਚੋਂ ਖ਼ਰੀਦੀ ਬਹੁ ਕੀਮਤੀ ਬੱਸ ਉੱਥੇ ਹੀ ਕੌਡੀਆਂ ਦੇ ਭਾਅ ਵੇਚ ਦਿੱਤੀ ਗਈ। ਇੱਥੇ ਬੱਸ ਦੇ ਰਿਕਾਰਡ ’ਤੇ ਅਜੇ ਵੀ ਸਵਾਲ ਉੱਠ ਰਹੇ ਹਨ।

ਸੰਨ 2016 ਤੋਂ ਲਗਾਤਾਰ ਗ਼ੈਰ-ਸਤਿਕਾਰਤ ਤਰੀਕੇ ਨਾਲ ਪਾਵਨ ਬੀੜਾਂ ਚਹੇਤਿਆਂ ਨੂੰ ਦਿੱਤੀਆਂ ਅਤੇ ਦਿਵਾਈਆਂ ਗਈਆਂ।  267 ਬੀੜਾਂ ਦੀ ਜਾਂਚ ’ਚ ਖ਼ੁਲਾਸਾ ਹੋ ਗਿਆ ਕਿ 328 ਬੀੜਾਂ ਗ਼ਾਇਬ ਹਨ। ਇਸ ਮਾਮਲੇ ’ਚ 27 ਅਗਸਤ 2020 ਨੂੰ ਅੰਤ੍ਰਿਗ ਕਮੇਟੀ; ਮੁਲਾਜ਼ਮ ਦੋਸ਼ੀਆਂ ’ਤੇ ਪਰਚੇ ਦਰਜ ਕਰਾਉਣ ਦਾ ਐਲਾਨ ਕਰਦੀ ਹੈ, ਪਰ 5 ਸਤੰਬਰ ਨੂੰ ਕੂਹਣੀ ਮੋੜ ਕੱਟ ਲਿਆ ਜਾਂਦਾ ਹੈ। ਪੰਥ ਦੀ ਸੰਤੁਸ਼ਟੀ ਕਰਵਾਉਣ ਦੀ ਜਾਂ ਸਹਿਮਤੀ ਲੈਣ ਦੀ ਕੋਈ ਪਰਵਾਹ ਨਹੀਂ ਕੀਤੀ ਗਈ।

ਹੁਣ ਅਗਲਾ ਸਵਾਲ ਸਿੱਖ ਸੰਗਤ ਦੇ ਸਾਹਮਣੇ ਹੈ ਕਿ ਆਪਣੀ ਇਸ ਸਿਰਮੌਰ ਕਹੀ ਜਾਂਦੀ ਸੰਸਥਾ ਨੂੰ ਸੰਭਾਲਣਾ ਹੈ ਜਾਂ ਨਹੀਂ। ਜੇਕਰ ਕੌਮ ਨੇ ਇਸ ਹੋਈ ਦੁਰਗਤੀ ਨੂੰ ਸੁਧਾਰ ਕੇ ਮੁੜ ਇਸ ਕੌਮੀ ਘਾਟ ਨੂੰ ਅਤੇ ਇਸ ਦੇ ਮਿਆਰ ਨੂੰ ਮਾਨ ਕਰਨਯੋਗ ਬਣਾਉਣਾ ਹੈ ਤਾਂ ਜਾਤੀ-ਜਮਾਤੀ ਸੁੱਖ ਵਾਰਨ ਲਈ ਤਿਆਰ ਹੋਣਾ ਪਵੇਗਾ। ਇਕੱਲੀਆਂ ਊਣਤਾਈਆਂ ’ਤੇ ਟਿੱਪਣੀਆਂ ਕਰਨ ਨਾਲ, ਨਾ ਕਦੇ ਸੁਧਾਰ ਹੋਇਆ ਹੈ ਤੇ ਨਾ ਹੀ ਅਗਾਂਹ ਹੋਣਾ ਹੈ। ਪੰਥ-ਦਰਦੀਆਂ ਦੀ ਅਜੇ ਵੀ ਕੋਈ ਕਮੀ ਨਹੀਂ। ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਮਰਜ਼ੀ ਦਾ ਪ੍ਰਬੰਧ ਸਿਰਜਣ ਲਈ ਲਾਮਬੰਦ ਹੋਣਾ ਪਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਜਾਰੀ ਸਿੱਖ ਰਹਿਤ ਮਰਯਾਦਾ ’ਤੇ ਪਹਿਰਾ ਦਿੰਦਿਆਂ ਪੰਥਕ ਏਕਤਾ ਨਾਲ ਕੌਮੀ ਆਨ-ਸ਼ਾਨ ਲਈ ਸਮਰਪਿਤ ਹੋਣਾ ਪਵੇਗਾ।