ਹੋਲੇ ਮਹੱਲੇ ਦੀ ਤਾਰੀਖ਼ ਚੇਤ ਸੁਦੀ 1 ਜਾਂ 1 ਚੇਤ

0
886

ਹੋਲੇ ਮਹੱਲੇ ਦੀ ਤਾਰੀਖ਼ ਚੇਤ ਸੁਦੀ 1 ਜਾਂ 1 ਚੇਤ

ਕਿਰਪਾਲ ਸਿੰਘ 88378-13661

ਬੰਦੀ ਛੋੜ ਦਿਵਸ ਦੀ ਸਹੀ ਤਾਰੀਖ਼ ਨਾ ਹੋਣ ਵਾਙ ਹੀ ਹੋਲੇ ਮਹੱਲੇ ਦੀ ਵੀ ਕੋਈ ਪ੍ਰਮਾਣਿਕ ਤਾਰੀਖ਼ ਸਾਡੇ ਪਾਸ ਨਹੀਂ ਹੈ; ਜਿਵੇਂ ਕਿ

  1. ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਰਚਿਤ ਮਹਾਨ ਕੋਸ਼ ਵਿੱਚ (ਹੋਲਗੜ੍ਹ ਸਿਰਲੇਖ ਹੇਠ) ਦਰਜ ਹੈ : ਅਨੰਦਪੁਰ ਦਾ ਇੱਕ ਕਿਲਾ ਇਸੇ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਲਾ ਕੇ ਸੰਮਤ 1757, ਚੇਤ ਬਦੀ 1 (ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂਸ਼ੁੱਕਰਵਾਰ, 17 ਚੇਤ ਸੰਮਤ 1757; 14 ਮਾਰਚ 1701 ਜੂਲੀਅਨ) ਨੂੰ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ

ਬਹੁਤੇ ਲੇਖਕ ਆਪਣੀਆਂ ਲਿਖਤਾਂ ਵਿੱਚ ਇਹੀ ਤਰੀਖ਼ਾਂ ਲਿਖਦੇ ਹਨ। (ਇਸ ਤਾਰੀਖ਼ ’ਤੇ ਸੰਦੇਹ ਕੀਤਾ ਜਾ ਸਕਦਾ ਹੈ ਕਿ ਕਿਲ੍ਹੇ ਦਾ ਨਾਮ ਹੋਲਗੜ੍ਹ ਰੱਖੇ ਜਾਣਾ ਹੀ ਇਸ ਗੱਲ ਦਾ ਪ੍ਰਤੀਕ ਹੈ ਕਿ ਉਸ ਸਥਾਨ ’ਤੇ ਹੋਲਾ ਮਹੱਲਾ ਪਹਿਲਾਂ ਹੀ ਖੇਡਿਆ ਜਾਂਦਾ ਸੀ।) ਮਹਾਨ ਕੋਸ਼ ਵਿੱਚ ਹੀ ਦਰਜ ਹੈ ਕਿ ਸੰਮਤ 1746 ਵਿੱਚ ਕਲਗੀਧਰ ਨੇ ਇਸ ਨਗਰ (ਅਨੰਦਪੁਰ) ਦੀ ਰੱਖਯਾ ਲਈ ਪੰਜ ਕਿਲ੍ਹੇ (ੳ) ਅਨੰਦਗੜ੍ਹ (ਅ) ਲੋਹਗੜ੍ਹ (ੲ) ਫ਼ਤਹਿਗੜ੍ਹ (ਸ) ਕੇਸਗੜ੍ਹ (ਹ) ਹੋਲਗੜ੍ਹ ਦੀ ਉਸਾਰੀ ਕੀਤੀ ਸੀ। ਇਸ ਦਾ ਭਾਵ ਹੈ ਕਿ ਹੋਲਾ ਮਹੱਲਾ ਖੇਡਣ ਦੀ ਰੀਤ ਸੰਮਤ 1746 ਤੋਂ ਪਹਿਲਾਂ ਸ਼ੁਰੂ ਹੋ ਚੁੱਕੀ ਸੀ।)

  1. ਭਾਈ ਕਾਨ੍ਹ ਸਿੰਘ ਨਾਭਾ ਰਚਿਤ ਮਹਾਨ ਕੋਸ਼ ’ਚ (ਮਹੱਲਾ ਸਿਰਲੇਖ ਹੇਠ) ਅਤੇ ਗੁਰਮਤਿ ਮਾਰਤੰਡ (ਭਾਗ ਪਹਿਲਾ ਪੰਨਾ 110 ਉੱਪਰ

ਸ਼ਸਤਰ ਵਿਦਿਆ ਸਿਰਲੇਖ ਦੇ ਫੁੱਟ ਨੋਟ) ਦੋਵਾਂ ਹੀ ਪੁਸਤਕਾਂ ਵਿੱਚ ਕੇਵਲ ਚੇਤ ਵਦੀ 1 ਨੂੰ ਹੋਲਾ ਮਹੱਲਾ ਹੁੰਦਾ ਹੈ, ਦਰਜ ਕਰਨ ਤੋਂ ਇਲਾਵਾ ਹੋਰ ਕੋਈ ਵੀ ਸੰਨ ਜਾਂ ਸੰਮਤ ਨਹੀਂ ਲਿਖਿਆ ।

  1. ਡਾ: ਵਣਜਾਰਾ ਬੇਦੀ ਅਨੁਸਾਰ ਹੋਲੇ ਮਹੱਲੇ ਦਾ ਤਿਉਹਾਰ ਚੇਤ ਵਦੀ 1, ਸੰਮਤ 1742/1 ਮਾਰਚ 1686 ਤੋਂ ਪਉਂਟਾ ਸਾਹਿਬ ਵਿਖੇ ਮਨਾਉਣਾ ਸ਼ੁਰੂ ਕਰ ਦਿੱਤਾ ਸੀ ।
  2. ਡਾ: ਹਰਜਿੰਦਰ ਸਿੰਘ ਦਿਲਗੀਰ ਸਿੱਖ ਤਵਾਰੀਖ਼ ਭਾਗ ਪਹਿਲਾ ਦੇ ਪੰਨਾਂ ਨੰ: 301 ’ਤੇ ਲਿਖਦੇ ਹਨ ‘3 ਮਾਰਚ 1683 ਦੇ ਦਿਨ ਗੁਰੂ

ਸਾਹਿਬ ਨੇ ਚੱਕ ਨਾਨਕੀ ਵਿੱਚ ਹੋਲਾ ਮਹੱਲਾ ਮਨਾਇਆ। ਇਸ ਮੌਕੇ ’ਤੇ ਘੋੜ-ਦੌੜ, ਕੁਸ਼ਤੀਆਂ, ਗਤਕਾ ਅਤੇ ਮਸਨੂਹੀ ਲੜਾਈਆਂ ਦੇ ਮੁਕਾਬਲੇ ਕਰਵਾਏ ਗਏ । ਇਸ ਰਸਮ ਨੂੰ ਹਿੰਦੂ ਤਿਉਹਾਰ ਹੋਲੀ ਦੇ ਦਿਨਾਂ ਵਿੱਚ ਸ਼ੁਰੂ ਕਰਨਾ ਇੱਕ ਪਾਸੇ ਤਾਂ ਲੋਕਾਂ ਨੂੰ ਹੋਲੀ ਵਿੱਚ ਰੰਗ ਪਾਉਣ ਦੀ ਬੇਹੂਦਾ ਤੇ ਬੇਮਾਅਨਾ ਰਸਮ ਤੋਂ ਹਟਉਣਾ ਹੈ ਅਤੇ ਦੂਜੇ ਪਾਸੇ ਸਿੱਖਾਂ ਨੂੰ ਜਿਸਮਾਨੀ ਤੇ ਫ਼ੌਜੀ ਪੱਖੋਂ ਤਕੜੇ ਕਰਨਾ ਵੀ ਸੀ ।’

ਨੋਟ : ਭਾਵੇਂ ਡਾ: ਦਿਲਗੀਰ ਨੇ ਕਿਸੇ ਸੋਮੇ ਦਾ ਹਵਾਲਾ ਨਹੀਂ ਦਿੱਤਾ ਪਰ ਗੁਰੂ ਕੀਆਂ ਸਾਖੀਆਂ ਸੰਪਾਦਨਾ ਪ੍ਰੋ: ਪਿਆਰਾ ਸਿੰਘ ਪਦਮ ਨੇ ਸਾਖੀ ਨੰ: 37 (ਪੰਨਾ ਨੰ: 92) ਵਿੱਚ ਕੇਵਲ ਚੇਤ ਵਦੀ 1 ਲਿਖਿਆ ਹੈ, ਕੋਈ ਸੰਮਤ ਨਹੀਂ ਲਿਖਿਆ। ਇਸ ਦੀਆਂ ਅਗਲੀਆਂ ਪਿਛਲੀਆਂ ਸਾਖੀਆਂ ਦੇ ਹਿਸਾਬ ਸੰਮਤ 1739 ਬਣਦਾ ਹੈ (ਜਿਸ ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ ਚੇਤ ਵਦੀ 1, ਚੇਤ 5 ਸੰਮਤ 1739; 3 ਮਾਰਚ 1683 ਬਣਦਾ ਹੈ।) ਇਸ ਸਾਖੀ ਵਿੱਚ ਲਿਖਿਆ ਹੈ ਹੋਲੀਆਂ ਤੋਂ ਅਗਲੇ ਦਿਨ ਚੇਤਰ ਵਦੀ ਏਕਮ ਕੇ ਦਿਹੁੰ ਪਿਛਲੇ ਪਹਰ ਸ਼ਸਤਰ ਵਿਦਿਆ ਦੇ ਕਰਤੱਵ ਅਤੇ ਘੋੜ-ਦੌੜ ਹੋਈ । ਸਿੱਖਾਂ ਕੇ ਪੂਛਨੇ ਸੇ ਇਸ ਦਿਹੁੰ ਕਾ ਨਾਮ ‘ਹੋਲਾ ਮਹੱਲਾ’ ਰੱਖਾ। ਇਹ ਦਿਹੁੰ ਹਰ ਸਾਲ ਚੱਕ ਨਾਨਕੀ ਮੇਂ ਮਨਾਇਆ ਜਾਨਾ ਲਾਗਾ । 37 ।

  1. ਅੱਗੇ ਜਾ ਕੇ ਪੰਨਾ ਨੰ: 326 ’ਤੇ ਡਾ: ਦਿਲਗੀਰ ਲਿਖਦਾ ਹੈ : ‘ਗੁਰੂ ਸਾਹਿਬ ਨੇ 3 ਮਾਰਚ ਸੰਨ 1702 ਦੇ ਦਿਨ ਇੱਕ ਨਵਾਂ ਤਿਉਹਾਰ ‘ਹੋਲਾ ਮਹੱਲਾ’ ਮਨਾਇਆ’ ।

ਨੋਟ : 1. (3 ਮਾਰਚ 1702 ਨੂੰ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕੀਤਿਆਂ ਮੰਗਲਵਾਰ, ਫੱਗਣ ਸੁਦੀ ਪੂਰਨਮਾਸ਼ੀ, 5 ਚੇਤ 1758 ਫੱਗਣ ਦੀ ਪੂਰਨਮਾਸ਼ੀ ਨੂੰ ਹਿੰਦੂਆਂ ਦੀ ਹੋਲੀ ਦਾ ਤਿਉਹਾਰ ਹੁੰਦਾ ਹੈ ਇਸ ਤੋਂ ਅਗਲੇ ਦਿਨ 4 ਮਾਰਚ ਨੂੰ ਤਬਦੀਲ ਕੀਤਿਆਂ ਬੁੱਧਵਾਰ, ਚੇਤ ਵਦੀ 2, 6 ਚੇਤ 1758  ਭਾਵ ਉਸ ਸਾਲ ਚੇਤ ਵਦੀ 1 ਖ਼ੈ ਹੋ ਗਈ ਸੀ ਜਿਵੇਂ ਕਿ 2019 ਵਿੱਚ ਹੋਈ ਸੀ, ਜਿਸ ਕਾਰਨ ਨਿਹੰਗ ਸਿੰਘਾਂ ਨੇ ਹੋਲਾ ਮਹੱਲਾ 22 ਮਾਰਚ, ਚੇਤ ਵਦੀ 2 ਨੂੰ ਮਨਾਇਆ ਜਦੋਂ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਕੈਲੰਡਰ (ਬਿਕਰਮੀ ਕੈਲੰਡਰ) ਮੁਤਾਬਕ ਫੱਗਣ ਦੀ ਪੂਰਨਮਾਸ਼ੀ ਨੂੰ 21 ਮਾਰਚ ਵਾਲੇ ਦਿਨ ਮਨਾਇਆ ਹੁਣ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਪਹਿਲੀ ਵਾਰ 3 ਮਾਰਚ 1702 ਨੂੰ ਪੂਰਨਮਾਸ਼ੀ ਵਾਲੇ ਦਿਨ ਹੀ ਹੋਲਾ ਮਹੱਲਾ ਖੇਡਣ ਦੀ ਰੀਤ ਚਲਾਈ ਹੁੰਦੀ ਤਾਂ ਉਸ ਦਿਨ ਹਿੰਦੂਆਂ ਦੀ ਹੋਲੀ ਹੋਣ ਕਰਕੇ ਹੋਲੇ ਮਹੱਲੇ ਨੂੰ ਹੋਲੀ ਤੋਂ ਇੱਕ ਦਿਨ ਪਿੱਛੋਂ ਨਹੀਂ ਕਹਿ ਸਕਦੇ; ਫਿਰ ਤਾਂ ਇਹੀ ਕਹਿਣਾ ਪਵੇਗਾ ਕਿ ਹੋਲੀ ਵਾਲੇ ਦਿਨ ਸਿੱਖ ਹੋਲਾ ਮਹੱਲਾ ਮਨਾਉਂਦੇ ਹਨ, ਪਰ ਜੇ ਮੰਨ ਲਿਆ ਜਾਵੇ ਕਿ ਡਾ: ਦਿਲਗੀਰ ਤੋਂ ਤਾਰੀਖ਼ਾਂ ਦੀ ਤਬਦੀਲੀ ਕਰਦੇ ਸਮੇਂ ਗ਼ਲਤੀ ਨਾਲ 3 ਮਾਰਚ ਲਿਖਿਆ ਗਿਆ, ਜਿਸ ਨੂੰ ਅਸਲ ਵਿੱਚ ਉਹ 4 ਮਾਰਚ ਲਿਖਣਾ ਚਾਹੁੰਦੇ ਸਨ ਤਾਂ ਉਸ ਸਾਲ 4 ਮਾਰਚ ਨੂੰ ਚੇਤ ਵਦੀ 1 ਨਹੀਂ ਬਲਕਿ ਚੇਤ ਵਦੀ 2 ਸੀ ਇਸ ਲਈ ਇਹ ਕਹਿਣਾ ਅਤੇ ਲਿਖਣਾ ਗ਼ਲਤ ਹੋਵੇਗਾ ਕਿ ਹੋਲੀ ਤੋਂ ਇੱਕ ਦਿਨ ਬਾਅਦ ਚੇਤ ਵਦੀ 1 ਨੂੰ ਸਿੱਖਾਂ ਦਾ ਹੋਲਾ ਮਹੱਲਾ ਹੁੰਦਾ ਹੈ ਕਿਉਂਕਿ ਪਹਿਲੀ ਵਾਰ ਤਾਂ ਇਹ ਚੇਤ ਵਦੀ 2 ਨੂੰ ਮਨਾਇਆ ਗਿਆ ਸੀ, ਇਸ ਲਈ ਹੋਲਾ ਮਹੱਲੇ ਦੀ ਤਾਰੀਖ਼ ਚੇਤ ਵਦੀ 2 ਹੀ ਨਿਸ਼ਚਿਤ ਕਰਨੀ ਪਵੇਗੀ )

ਨੋਟ : ਨੰਬਰ 2. ਭਾਵੇਂ ਇੱਥੇ ਵੀ ਡਾ: ਦਿਲਗੀਰ ਨੇ ਕਿਸੇ ਸੋਮੇ ਦਾ ਹਵਾਲਾ ਨਹੀਂ ਦਿੱਤਾ ਪਰ ਗੁਰੂ ਕੀਆਂ ਸਾਖੀਆਂ ਦੀ ਪੁਸਤਕ ਦੇ ਪੰਨਾ ਨੰ: 143, ਸਾਖੀ ਨੰ: 93 ‘ਸਾਖੀ ਕਿਲਾ ਅਨੰਦਗੜ੍ਹ ਸੇ ਹੋਲਾ ਮਹੱਲਾ ਚਢਨੇ ਕੀ ਚਾਲੀ’ ਸਿਰਲੇਖ ਹੇਠ ਬਹੁਤ ਲੰਬਾ ਚੌੜਾ ਪ੍ਰਸੰਗ ਲਿਖਿਆ ਹੈ ਜਿਸ ਵਿੱਚੋਂ ਕੇਵਲ ਟੂਕ ਮਾਤਰ ਕੁਝ ਸਤਰਾਂ ਇਸ ਤਰ੍ਹਾਂ ਹਨ : ‘ਇਸੀ ਵਰਖ (ਭਾਵ ਇਸ ਸਾਖੀ ਤੋਂ ਪਹਿਲੀ ਸਾਖੀ ਨੰ: 92 ਵਿੱਚ ਸੰਮਤ ਸਤਰਾਂ ਸੈ ਅਠਾਵਨ ਲਿਖਿਆ ਹੈ ਇਸ ਲਈ ਇਸੀ ਵਰਖ ਦਾ ਭਾਵ ਸੰਮਤ 1758 ਹੈ।) ਪਿਛਲੇ ਸਾਲ ਕੀ ਤਰਹ ਹੋਲੀਆਂ ਕੇ ਦਿਹੁੰ ਮੇਂ ਕਿਲਾ ਹੋਲਗੜ੍ਹ ਕੇ ਨਜ਼ਦੀਕ ਬੜੀ ਚਹਿਲ ਪਹਿਲ ਹੋਈ । ਖ਼ਾਲਸਾ ਆਪਸ ਮੇਂ ਟੋਲੀਆਂ ਬਨਾਏ ਫਲਗੁਨ ਸੁਦੀ ਅਸ਼ਟਮੀ ਸੇ ਪੂਰਨਮਾ ਤੱਕ ਹੋਲੀ ਖੇਲਨੇ ਲਾਗਾ । ……. ਅਗਲੇ ਦਿਵਸ ਚੇਤ ਵਦੀ ਏਕਮ ਕੇ ਦਿਹੁੰ ਤੀਜੇ ਪਹਰ ਗੁਰੂ ਜੀ ਕਾ ਬਚਨ ਪਾਇ ਸਾਰੇ ਸਿੱਖ ਕਿਲਾ ਅਨੰਦਗੜ ਕੇ ਸਾਮ੍ਹੇ ਆਏ । (ਸੰਮਤ 1758 ਵਿੱਚ ਹੋਲੀ ਫੱਗਣ ਸੁਦੀ ਪੂਰਨਮਾਸ਼ੀ, 3 ਮਾਰਚ 1702 ਨੂੰ ਸੀ । ਜਿਸ ਤਰ੍ਹਾਂ ਉੱਪਰ ਦੱਸਿਆ ਗਿਆ ਹੈ ਸੰਮਤ 1758 ਵਿੱਚ ਚੇਤ ਵਦੀ 1 ਵੀ 3 ਮਾਰਚ 1702 ਨੂੰ ਹੀ ਸੀ । ਅਗਲੇ ਦਿਨ 4 ਮਾਰਚ ਨੂੰ ਚੇਤ ਵਦੀ 1 ਨਹੀਂ ਬਲਕਿ ਚੇਤ ਵਦੀ 2 ਸੀ, ਇਸ ਲਈ ਅਗਲਾ ਦਿਨ ਲਿਖਿਆ ਜਾਣਾ ਢੁੱਕਵਾਂ ਨਹੀਂ ਹੈ।) ਇਸ ਤੋਂ ਸਿੱਧ ਹੁੰਦਾ ਹੈ ਡਾ: ਦਿਲਗੀਰ ਨੇ ਭਾਵੇਂ ਹਵਾਲਾ ਨਹੀਂ ਦਿੱਤਾ ਪਰ ਉਨ੍ਹਾਂ ਨੇ ਹੋਲੇ ਮਹੱਲੇ ਦੀਆਂ ਦੋਵੇ ਤਾਰੀਖ਼ਾਂ 3 ਮਾਰਚ 1683 ਅਤੇ 3 ਮਾਰਚ 1702 ਗੁਰੂ ਕੀਆਂ ਸਾਖੀਆਂ ਪੁਸਤਕਾਂ ਵਿੱਚੋਂ ਹੀ ਲਈਆਂ ਹਨ। ਇੱਕੋ ਹੀ ਲੇਖਕ ਵੱਲੋਂ ਇੱਕ ਹੀ ਤਿਉਹਾਰ ਸ਼ੁਰੂ ਹੋਣ ਦੀਆਂ ਦੋ ਵੱਖ ਵੱਖ ਤਾਰੀਖ਼ਾਂ ਲਿਖੇ ਜਾਣਾ ਸਿੱਧ ਕਰਦਾ ਹੈ ਕਿ ਹੋਲਾ ਮਹੱਲਾ ਸ਼ੁਰੂ ਹੋਣ ਦੀਆਂ ਤਾਰੀਖ਼ਾਂ ਸੰਬੰਧੀ ਉਸ ਨੂੰ ਪੂਰਨ ਜਾਣਕਾਰੀ ਨਹੀਂ ਹੈ।

  1. ਸੂਰਜ ਪ੍ਰਕਾਸ਼ ਦੀ ਰੁੱਤ 3 ਅਸੂ 2 ਵਿੱਚ ਹੋਲੇ ਮਹੱਲੇ ਦਾ ਜ਼ਿਕਰ ਇੰਝ ਕੀਤਾ ਹੈ: ‘ਆਯੋ ਫਾਗੁਣ ਮਾਸ ਸੁਹਾਵਤਿ । ਗਾਵਤਿ ਰਿਦੈ ਪ੍ਰਮੋਦ ਬਧਾਵਤਿ । ਸਭ ਮਹਿਂ ਕਰਿ ਬਸੰਤ ਪਰਧਾਨ । ਅਪਰ ਰਾਗ ਸਭਿ ਗਾਇਂ ਸੁਜਾਨ ॥ 2 ॥ ਪੁਰਿ ਅਨੰਦ ਆਨੰਦ ਬਿਲੰਦ੍ਯੋ । ਜਹਿਂ ਕਹਿਂ ਗਾਵਹਿਂ ਗੁਰ ਪਦ ਬੰਦ੍ਯੋ । ਚਲਿ ਆਯਹੁ ਹੋਲੇ ਕਾ ਮੇਲਾ ਚਹੁਂ ਦਿਸ਼ਿ ਤੇ ਨਰ ਭਏ ਸਕੇਲਾ ॥ 3 ॥’

ਨੋਟ : ‘ਚਲਿ ਆਯਹੁ ਹੋਲੇ ਕਾ ਮੇਲਾ (ਇਸ ਤੁਕ ਦਾ ਭਾਵ ਹੈ ਕਿ ਹੋਲੇ ਦਾ ਮੇਲਾ ਪਹਿਲਾਂ ਹੀ ਪ੍ਰਚਲਿਤ ਸੀ, ਜਿਸ ਮੇਲੇ ’ਤੇ ਸਿੱਖ ਚਹੁੰ ਦਿਸ਼ਾਵਾਂ ਤੋਂ ਆ ਕੇ ਇਕੱਠੇ ਹੋਏ । ਭਾਵੇਂ ਇੱਥੇ ਸੰਮਤ ਦਾ ਜ਼ਿਕਰ ਨਹੀਂ ਕੀਤਾ ਪਰ ਇਸ ਤੋਂ ਪਿਛਲੀ ਰੁੱਤ 2, ਦਾ (ਆਖਰੀ) ਅੰਸੂ 50 ਵਿੱਚ ਸਭ ਤੋਂ ਛੋਟੇ ਸਾਹਿਬਜ਼ਾਦੇ ਦਾ ਜਨਮ ਸੰਮਤ 1755 ਲਿਖਿਆ ਹੈ । ਅੰਮ੍ਰਿਤ ਛਕਾਉਣ ਦਾ ਜ਼ਿਕਰ ਇਸ ਤੋਂ ਪਿੱਛੋਂ ਰੁੱਤ 3, ਅਸੂ 19 ਵਿੱਚ ਦਰਜ ਹੈ, ਇਸ ਲਈ ਇਨ੍ਹਾਂ ਦੋਵਾਂ ਤਾਰੀਖ਼ਾਂ ਦੇ ਵਿਚਕਾਰ ਚੇਤ ਵਦੀ 1, ਸੰਮਤ 1755 ਦੀ ਹੀ ਹੋ ਸਕਦੀ ਹੈ। ਇਸ ਨੂੰ ਜੂਲੀਅਨ ਤਾਰੀਖ਼ਾਂ ਵਿੱਚ ਬਦਲਣ ’ਤੇ ਇਹ 6 ਮਾਰਚ 1699 ਬਣਦਾ ਹੈ । ਜਿਸ ਦਾ ਸਾਫ਼ ਭਾਵ ਹੈ ਕਿ ਹੋਲਾ ਮਹੱਲਾ ਸੰਨ 1699 ਦੀ ਵੈਸਾਖੀ ਤੋਂ ਪਹਿਲਾਂ ਸ਼ੁਰੂ ਹੋ ਚੁੱਕਾ ਸੀ।)

  1. ‘ਜੀਵਨ- ਬ੍ਰਿਤਾਂਤ ਸ੍ਰੀ ਗੁਰੂ ਗੋਬਿੰਦ ਸਿੰਘ’ ’ਚ ਸਭ ਤੋਂ ਪਹਿਲਾਂ ਹੋਲਾ ਮਹੱਲਾ ਮਨਾਏ ਜਾਣ ਦਾ ਭਾਵੇਂ ਪ੍ਰੋ: ਸਾਹਿਬ ਸਿੰਘ ਜੀ ਨੇ ਵੀ ਕੋਈ ਸੰਮਤ ਨਹੀਂ ਲਿਖਿਆ ਪਰ ਚੱਲ ਰਹੇ ਪ੍ਰਸੰਗਾਂ ਦੀ ਲੜੀ ਵਿੱਚ ਉਨ੍ਹਾਂ ਨੇ ਵੀ ਹੋਲੇ ਦਾ ਪ੍ਰਸੰਗ 1699 ਦੀ ਵੈਸਾਖੀ ਤੋਂ ਪਹਿਲਾਂ ਹੀ ਦਰਜ ਕੀਤਾ ਹੈ ।

ਨੋਟ : ਦੂਸਰਾ ਨੁਕਤਾ ਇਹ ਹੈ ਕਿ ਉਨ੍ਹਾਂ ਮੁਤਾਬਕ ਅਨੰਦਪੁਰ ਦੀ ਪਹਿਲੀ ਲੜਾਈ 1701 ਦੇ ਸ਼ੁਰੂ ਵਿੱਚ ਅਤੇ ਦੂਸਰੀ ਲੜਾਈ ਨਵੰਬਰ 1701 ਵਿੱਚ ਹੋਈ । ਸੰਨ 1704 ਤੱਕ ਤਿੰਨ ਹੋਰ ਵੱਡੀਆਂ ਲੜਾਈਆਂ ਹੋਣ ਤੋਂ ਇਲਾਵਾ ਇਸ ਸਮੇਂ ਦੌਰਾਨ ਹੋਰ ਛੋਟੀਆਂ ਮੋਟੀਆਂ ਝੜਪਾਂ ਵੀ ਹੁੰਦੀਆਂ ਰਹੀਆਂ । ਲੜਾਈਆਂ ਦਾ ਇਹ ਸਮਾਂ ਸਿੱਧ ਕਰਦਾ ਹੈ ਕਿ ਜਦੋਂ ਇਸ ਸਮੇਂ ਦੌਰਾਨ ਤਾਂ ਅਸਲੀ ਲੜਾਈਆਂ ਹੀ ਚੱਲ ਰਹੀਆਂ ਸਨ ਤਾਂ ਉਸ ਸਮੇਂ ਦੌਰਾਨ ਮਨਸੂਹੀ ਲੜਾਈਆਂ ਦੇ ਅਭਿਆਸ ਲਈ ਕਿਸੇ ਵੱਡੇ ਮੇਲੇ ਦਾ ਆਜੋਯਨ ਕਰਨਾ ਫਬਦਾ ਨਹੀਂ। ਸੋ ਲਾਜ਼ਮੀ ਤੌਰ ’ਤੇ ਮਨਸੂਈ ਯੁੱਧਾਂ ਦੇ ਅਭਿਆਸ ਲਈ ਹੋਲੇ ਮਹੱਲੇ ਦਾ ਤਿਉਹਾਰ 1699 ਦੀ ਵੈਸਾਖੀ ਤੋਂ ਪਹਿਲਾਂ ਹੀ ਸ਼ੁਰੂ ਕੀਤਾ ਹੋਵੇਗਾ, ਜੋ ਪ੍ਰਵਿਸ਼ਟਾ 1 ਚੇਤ, ਚੇਤ ਵਦੀ 1 ਸੰਮਤ 1753; 26 ਫ਼ਰਵਰੀ 1697 ਵੀ ਹੋ ਸਕਦਾ ਹੈ।

ਉਪਰੋਕਤ ਸਾਰਿਆਂ ਨੂੰ ਵਾਚ ਕੇ ਸਾਡੇ ਪਾਸ ਜੋ ਸੰਨ ਅਤੇ ਸੰਮਤ ਮਿਲਦੇ ਹਨ ਉਹ ਇਸ ਤਰ੍ਹਾਂ ਹਨ (ੳ) ਸੰਮਤ 1739 ਬਿਕਰਮੀ/ ਸੰਨ 1683 ਜੂਲੀਅਨ (ਅ) ਸੰਮਤ 1742 ਬਿਕਰਮੀ/ ਸੰਨ 1686 (ੲ) ਸੰਮਤ 1756/ ਸੰਨ 1699 ਦੀ ਵੈਸਾਖੀ ਤੋਂ ਤਕਰੀਬਨ ਇੱਕ ਮਹੀਨਾ ਪਹਿਲਾਂ (ਸ) ਸੰਮਤ 1757 ਬਿਕਰਮੀ/ ਸੰਨ 1701 ਜੂਲੀਅਨ (ਹ) ਸੰਮਤ 1758 ਬਿਕਰਮੀ/ ਸੰਨ 1702 ਜੂਲੀਅਨ । (ਭਾਵੇਂ ਡਾ: ਦਿਲਗੀਰ ਨੇ ਹੋਲਾ ਮਹੱਲਾ ਦੀਆਂ ਆਪਣੇ ਵੱਲੋਂ ਦਰਜ ਕੀਤੀਆਂ ਦੋਵੇਂ ਹੀ ਤਾਰੀਖ਼ਾਂ ਦੇ ਸਮਰਥਨ ਵਿੱਚ ਕੋਈ ਸੋਮਾ ਨਹੀਂ ਦਿੱਤਾ ਪਰ ਉਨ੍ਹਾਂ ਦੇ ਇਤਿਹਾਸ ਦਾ ਮੂਲ ਸੋਮਾ ਹੀ ਭੱਟ ਵਹੀਆਂ ਹਨ । ਜੇਕਰ ਉਨ੍ਹਾਂ ਇਹ ਤਾਰੀਖ਼ਾਂ ਭੱਟ ਵਹੀਆਂ ਵਿੱਚੋਂ ਹੀ ਲਿਖੀਆਂ ਹਨ ਤਾਂ ਇਸ ਦਾ ਭਾਵ ਹੈ ਕਿ ਭੱਟ ਵਹੀਆਂ ਕਈ ਪ੍ਰਕਾਰ ਦੀਆਂ ਹਨ, ਜਿਨ੍ਹਾਂ ਵਿੱਚ ਇੱਕ ਹੀ ਘਟਨਾ ਦੀਆਂ ਵੱਖ ਵੱਖ ਤਾਰੀਖ਼ਾਂ ਲਿਖੀਆਂ ਹਨ । ਜੇ ਐਸਾ ਹੈ ਤਾਂ ਕਿਸ ਵਹੀ ਨੂੰ ਸਹੀ ਮੰਨਿਆ ਜਾਵੇ ਇਹ ਇੱਕ ਵੱਡੀ ਸਮੱਸਿਆ ਹੈ।)

ਉਪਰੋਕਤ ਸਾਰੀਆਂ ਤਾਰੀਖ਼ਾਂ ਵਿੱਚੋਂ ਕਿਹੜੀ ਠੀਕ ਹੈ ਅਤੇ ਕਿਹੜੀ ਗ਼ਲਤ, ਇਸ ਦਾ ਨਿਤਾਰਾ ਕਿਵੇਂ ਕੀਤੇ ਜਾਵੇ?, ਇਸ ਲਈ ਠੀਕ ਗ਼ਲਤ ਦੇ ਚੱਕਰ ਵਿੱਚ ਨਾ ਪੈਂਦੇ ਹੋਏ ਆਓ ਇਹ ਵੀਚਾਰ ਕਰੀਏ ਕਿ ਭਾਰਤੀ ਸਭਿਆਚਾਰ ਵਿੱਚ ਕਿਹੜੇ ਕਿਹੜੇ ਤਿਉਹਾਰ ਕਿਹੜੀਆਂ ਕਿਹੜੀਆਂ ਰੁੱਤਾਂ ਵਿੱਚ ਮਨਾਏ ਜਾਂਦੇ ਹਨ; ਉਸ ਹਿਸਾਬ ਨਾਲ ਹੋਲੀ ਹਿਮਕਰ (ਬਰਫ਼ਾਨੀ) ਰੁੱਤ ਦੀ ਸਮਾਪਤੀ ਅਤੇ ਬਸੰਤ ਰੁੱਤ ਦੀ ਆਮਦ ਦਾ ਸੁਨੇਹਾ ਦੇਣ ਵਾਲਾ ਤਿਉਹਾਰ ਹੈ। ਦੂਸਰਾ ਇਹ ਬਿਕਰਮੀ ਚੰਦਰ ਸਾਲ ਦੇ ਅਖੀਰਲੇ ਦਿਨ ਮਨਾਈ ਜਾਂਦੀ ਹੈ। (ਪੁਰਾਤਨ ਭਾਰਤ ਵਿੱਚ ਸੂਰਜੀ/ਚੰਦਰ ਕੈਲੰਡਰ (Lunisolar calendar) ਲਾਗੂ ਸੀ । ਸੂਰਜੀ ਕੈਲੰਡਰ ਦੇ 12 ਮਹੀਨੇ ਹੁੰਦੇ ਹਨ ਅਤੇ ਪਹਿਲਾ ਵੈਸਾਖ ਅਤੇ ਅਖੀਰਲਾ ਮਹੀਨਾ ਚੇਤ ਹੁੰਦਾ ਹੈ ਜਦੋਂ ਕਿ ਚੰਦਰ ਕੈਲੰਡਰ ਵਿੱਚ ਉਨ੍ਹਾਂ ਹੀ ਨਾਵਾਂ ਵਾਲੇ 12 ਮਹੀਨੇ ਹੁੰਦੇ ਹਨ ਜਿਸ ਦਾ ਪਹਿਲਾ ਮਹੀਨਾ ਚੇਤ ਅਤੇ ਅਖੀਰਲਾ ਫੱਗਣ ਹੁੰਦਾ ਹੈ । ਚੰਦਰ ਸਾਲ ਦੇ ਹਰ ਮਹੀਨੇ ਵਿੱਚ 2 ਪੱਖ – ਸੁਦੀ ਪੱਖ ਅਤੇ ਵਦੀ ਪੱਖ ਹੁੰਦੇ ਹਨ । ਅਮਾਵਸ ਤੋਂ ਬਾਅਦ ਸੁਦੀ ਪੱਖ ਸ਼ੁਰੂ ਹੁੰਦਾ ਹੈ ਜਿਸ ਨੂੰ ਚਾਨਣਾ ਪੱਖ ਕਿਹਾ ਜਾਂਦਾ ਹੈ; ਇਸ ਪੱਖ ਵਿੱਚ ਚੰਦਰਮਾ ਥੋੜ੍ਹਾ ਥੋੜ੍ਹਾ ਕਰਕੇ ਵਧਦਾ ਜਾਂਦਾ ਹੈ ਅਤੇ ਪੂਰਨਮਾਸ਼ੀ (ਪੂਰਾ ਚੰਦ) ਹੋਣ ਤੱਕ 14/15 ਦਿਨ ਲੱਗ ਜਾਂਦੇ ਹਨ। ਪੂਰਨਮਾਸ਼ੀ ਤੋਂ ਬਾਅਦ ਵਦੀ ਪੱਖ ਆਰੰਭ ਹੁੰਦਾ ਹੈ, ਜਿਸ ਨੂੰ ਹਨ੍ਹੇਰਾ ਪੱਖ ਕਹਿੰਦੇ ਹਨ। ਇਸ ਪੱਖ ਵਿੱਚ ਚੰਦਰਮਾ ਥੋੜ੍ਹਾ ਥੋੜ੍ਹਾ ਕਰਕੇ ਘਟਦਾ ਜਾਂਦਾ ਹੈ ਜੋ 14/15 ਦਿਨ ਪਿੱਛੋਂ ਅਮਾਵਸ (ਨਵਾਂ ਚੰਦਰਮਾ) ਤੱਕ ਪਹੁੰਚ ਜਾਂਦਾ ਹੈ। ਚੰਦਰ ਕੈਲੰਡਰ ਦੇ ਮਹੀਨੇ ਦੋ ਕਿਸਮਾਂ ਦੇ ਹੁੰਦੇ ਹਨ, ਅਮੰਤਾ ਅਤੇ ਪੂਰਨਮੰਤਾ । ਅਮੰਤਾ ਮਹੀਨੇ (ਜਿਸ ਦਾ ਅਰਥ ਹੈ ਅਮਾਵਸ-ਅੰਤ) ਅਮਾਵਸ (ਨਵਾਂ ਚੰਦ) ਤੋਂ ਅਮਾਵਸ ਤੱਕ, ਜਦੋਂ ਕਿ ਪੂਰਨਮੰਤਾ (ਜਿਸ ਦਾ ਅਰਥ ਪੂਰਨਮਾਸ਼ੀ-ਅੰਤ) ਮਹੀਨੇ ਪੂਰਨਮਾਸ਼ੀ ਤੋਂ ਪੂਰਨਮਾਸ਼ੀ (ਪੂਰੇ ਚੰਦਰਮਾ) ਤੱਕ ਹੁੰਦੇ ਹਨ।

ਪੰਜਾਬ ਸਮੇਤ ਬਹੁਤੇ ਉੱਤਰੀ ਭਾਰਤ ਵਿੱਚ ਪੂਰਨਮੰਤਾ ਪ੍ਰਣਾਲੀ ਵਰਤੀ ਜਾ ਰਹੀ ਹੈ, ਜਦੋਂ ਕਿ ਦੱਖਣੀ ਭਾਰਤ ਵਿੱਚ ਅਮੰਤਾ ਸਿਸਟਮ ਵਰਤਿਆ ਗਿਆ ਹੈ। ਪੰਜਾਬ ਦੇ ਨਿਯਮਾਂ ਅਨੁਸਾਰ ਚੇਤ ਦਾ ਮਹੀਨਾ ਵੰਡਿਆ ਜਾਂਦਾ ਹੈ ਭਾਵ ਪਹਿਲਾ ਅੱਧਾ ਭਾਗ (ਵਦੀ ਪੱਖ) ਪਿਛਲੇ ਸਾਲ ਵਿੱਚ ਰਹਿ ਜਾਂਦਾ ਹੈ ਅਤੇ ਦੂਸਰਾ ਅੱਧਾ ਭਾਗ (ਸੁਦੀ ਪੱਖ) ਨਵੇਂ ਸਾਲ ਵਿੱਚ ਕਿਉਂਕਿ ਨਵਾਂ ਸਾਲ ਚੇਤ ਸੁਦੀ 1 ਤੋਂ ਸ਼ੁਰੂ ਹੁੰਦਾ ਹੈ। ਚੇਤ ਦੀ ਪੂਰਨਮਾਸ਼ੀ ’ਤੇ ਚੇਤ ਦਾ ਮਹੀਨਾ ਪੂਰਾ ਹੋਣ ਤੋਂ ਬਾਅਦ ਵੈਸਾਖ ਦਾ ਮਹੀਨਾ ਵਦੀ 1 ਤੋਂ ਸ਼ੁਰੂ ਹੋ ਜਾਂਦਾ ਹੈ, ਪਰ ਦੱਖਣੀ ਭਾਰਤ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ।

ਦੱਖਣੀ ਭਾਰਤ ਵਿੱਚ ਪ੍ਰਕਾਸ਼ਤ ਜੰਤਰੀਆਂ ਵਿੱਚ ਫੱਗਣ ਦੀ ਮੱਸਿਆ ਨੂੰ ਸਾਲ ਸਮਾਪਤ ਹੋ ਜਾਂਦਾ ਤੇ ਨਵਾਂ ਸਾਲ ਚੇਤ ਸੁਦੀ 1 ਤੋਂ ਸ਼ੁਰੂ ਹੁੰਦਾ ਹੈ । ਚੇਤਰ ਮਹੀਨੇ ਦੀ ਪੂਰਨਮਾਸ਼ੀ ਤੋਂ ਬਾਅਦ ਚੇਤ ਵਦੀ ਮੱਸਿਆ ’ਤੇ ਮਹੀਨਾ ਖ਼ਤਮ ਹੋ ਕੇ ਫਿਰ ਵੈਸਾਖ ਸੁਦੀ ਪੱਖ ਸ਼ੁਰੂ ਹੁੰਦਾ ਹੈ। ਨਤੀਜਾ ਇਹ ਨਿਕਲਿਆ ਕਿ ਸੁਦੀ ਪੱਖ ਤਾਂ ਦੱਖਣੀ ਭਾਰਤ ਅਤੇ ਉੱਤਰੀ ਭਾਰਤ ਵਿੱਚ ਬਰਾਬਰ ਬਰਾਬਰ ਚੱਲਦੇ ਹਨ, ਪਰ ਵਦੀ ਪੱਖ ਵਿੱਚ ਇੱਕ ਮਹੀਨੇ ਦਾ ਫ਼ਰਕ ਹੁੰਦਾ ਹੈ ਭਾਵ ਉੱਤਰੀ ਭਾਰਤ ਦੇ ਵੈਸਾਖ ਵਦੀ ਪੱਖ ਦੇ ਬਰਾਬਰ ਦੱਖਣੀ ਭਾਰਤ ਦਾ ਚੇਤ ਵਦੀ ਪੱਖ; ਉੱਤਰੀ ਭਾਰਤ ਦੇ ਜੇਠ ਵਦੀ ਪੱਖ ਦੇ ਬਰਾਬਰ ਦੱਖਣੀ ਭਾਰਤ ਦਾ ਵੈਸਾਖ ਵਦੀ ਪੱਖ, ਇਸੇ ਤਰ੍ਹਾਂ ਚਲਦਾ ਚਲਦਾ ਸਾਲ ਦਾ ਆਖਰੀ ਮਹੀਨਾ ਉੱਤਰੀ ਭਾਰਤ ਦੇ ਚੇਤ ਵਦੀ ਪੱਖ ਦੇ ਬਰਾਬਰ ਦੱਖਣੀ ਭਾਰਤ ਦਾ ਫੱਗਣ ਵਦੀ ਪੱਖ; ਜਿਵੇਂ ਕਿ ਹੇਠਾਂ ਬਣਾਈ ਸਾਰਣੀ ਤੋਂ ਸਪਸ਼ਟ ਹੈ :

ਇਹ ਹਮੇਸ਼ਾਂ ਅਜਿਹਾ ਨਹੀਂ ਸੀ ਹੁੰਦਾ। ਉੱਤਰੀ ਭਾਰਤ ਵਿੱਚ, ਹਾਲਾਂਕਿ ਮਹੀਨੇ ਪੂਰਨਮੰਤੇ ਸਨ ਪਰ ਚੇਤ ਦਾ ਮਹੀਨਾ ਵੰਡਿਆ ਨਹੀਂ ਸੀ ਜਾਂਦਾ ਅਤੇ ਸਾਲ ਫੱਗਣ ਸੁਦੀ 15 ਯਾਨੀ ਪੂਰਨਮਾਸ਼ੀ ਨੂੰ ਖ਼ਤਮ ਹੋਇਆ ਕਰਦਾ ਸੀ। ਇਸ ਹਿਸਾਬ ਨਾਲ ਹੋਲੀ ਦਾ ਤਿਉਹਾਰ ਸਾਲ ਦੇ ਆਖਰੀ ਦਿਨ ਫੱਗਣ ਸੁਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਸੀ। ਅਗਲੇ ਦਿਨ ਚੇਤ ਵਦੀ 1 ਤੋਂ ਨਵਾਂ ਸਾਲ ਸ਼ੁਰੂ ਹੋ ਜਾਵੇਗਾ।

ਕੈਲੰਡਰ ਸੁਧਾਰ ਕਮੇਟੀ ਦੀ ਰਿਪੋਰਟ, ਭਾਰਤ ਸਰਕਾਰ, 1955, ਪੰ: 161 ਵਿੱਚ ਵੀ ਇਹੋ ਤੱਥ ਇਸ ਤਰ੍ਹਾਂ ਸਪਸ਼ਟ ਕੀਤਾ ਗਿਆ ਹੈ : ‘ਹਿੰਦੀ ਕੈਲੰਡਰ ਵਿੱਚ ਨਾਗਰਿਕ ਮਨੋਰਥਾਂ ਲਈ ਪੁੰਨਿਆਂ ਨੂੰ ਖ਼ਤਮ ਹੋਣ ਵਾਲੇ ਮਹੀਨੇ ਵਰਤੇ ਜਾਂਦੇ ਹਨ – ਕਿਉਂਕਿ ਇਹ ਮਹੀਨੇ ਗੌਣਮਾਨ ਹਨ, ਇਸ ਲਈ ਮਹੀਨੇ ਦਾ ‘ਵਦੀ’ ਵਾਲਾ ਅੱਧਾ ਭਾਗ ਪਹਿਲੋਂ ਆਉਂਦਾ ਹੈ ਇਸ ਪਿੱਛੋਂ ਸੁਦੀ ਵਾਲਾ ਅੱਧ ਆਉਂਦਾ ਹੈ ਤਾਹੀਓਂ ਸਾਲ ਦਾ ਅਖ਼ੀਰੀ ਦਿਨ ਪੁੰਨਿਆਂ ਦਾ ਹੁੰਦਾ ਹੈ ਅਤੇ ਪ੍ਰਾਚੀਨ ਭਾਰਤੀ ਰਵਾਇਤ ਅਨੁਸਾਰ ਇਹ ਫਾਲਗੁਨੀ ਪੂਰਣਿਮਾਂ (ਜਾਂ ਹੋਲੀ) ਹੁੰਦੀ ਹੈ। ਤੁਜ਼ਕ-ਏ ਜਹਾਂਗੀਰੀ ਵਿੱਚ ਅੰਕਿਤ ਹੈ ਕਿ ਸਾਲ ਦੇ ਆਖ਼ਰੀ ਦਿਨ ਹੋਲੀ ਹੁੰਦੀ ਹੈ : “Thursday is the Holi, which in their belief is the last day of the year.” – Tuuzk-I-Jahangiri or Memoirs of Jahangir, Translated by Alexander Rogers and Henry Beveridge, first published 1909-1914, reprint 1989 Low Price Publications, Delhi.

ਹੋਲੇ ਮਹੱਲੇ ਦੀ ਤਾਰੀਖ਼ ਸੰਬੰਧੀ ਅਨਿਸ਼ਚਿਤਾ ਹੋਣ ਦੀ ਸੂਰਤ ਵਿੱਚ ਨਾਨਕਸ਼ਾਹੀ ਕੈਲੰਡਰ ਵਿੱਚ ਹੋਲਾ ਮਹੱਲਾ ਚੇਤ ਵਦੀ 1 ਦੀ ਥਾਂ ਪ੍ਰਵਿਸ਼ਟਾ 1 ਚੇਤ/14 ਮਾਰਚ ਨਿਸ਼ਚਿਤ ਕੀਤੇ ਜਾਣ ਦੇ ਪਿੱਛੇ ਹੇਠ ਲਿਖੇ ਕੁਝ ਕਾਰਨ ਹਨ :

(1). ਚੰਦਰ ਸਾਲ ਦੇ ਅਖੀਰਲੇ ਦਿਨ ਫੱਗਣ ਸੁਦੀ ਪੁੰਨਿਆਂ ਨੂੰ ਹਿੰਦੂ ਹੋਲੀ ਮਨਾਉਂਦੇ ਹਨ। ਹੋਲਾ ਮਹੱਲਾ ਕਿਉਂਕਿ ਹੋਲੀ ਤੋਂ ਇਕ ਦਿਨ ਬਾਅਦ ਵਿੱਚ ਮਨਾਇਆ ਜਾਂਦਾ ਹੈ, ਇਸ ਲਈ ਕੁਦਰਤੀ ਹੈ ਕਿ ਹੋਲਾ ਮਹੱਲਾ ਚੇਤ ਦੇ ਪਹਿਲੇ ਦਿਨ ਚੇਤ ਵਦੀ 1 ਭਾਵ ਨਵੇਂ ਚੰਦਰ ਸਾਲ ਦੇ ਸ਼ੁਰੂ ਵਿੱਚ ਮਨਾਇਆ ਜਾਂਦਾ ਸੀ ਕਿਉਂਕਿ ਨਾਨਕਸ਼ਾਹੀ ਕੈਲੰਡਰ ਦਾ ਨਵਾਂ ਸਾਲ 1 ਚੇਤ ਤੋਂ ਸ਼ੁਰੂ ਹੁੰਦਾ ਹੈ ਤਾਹੀਓਂ ਹੋਲਾ ਮਹੱਲਾ ਨਵੇਂ ਸਾਲ ਦੇ ਆਰੰਭਤਾ ਵਾਲੇ ਦਿਨ 1 ਚੇਤ/14 ਮਾਰਚ ਨੂੰ ਹੀ ਮਨਾਇਆ ਜਾਣਾ ਢੁੱਕਵਾਂ ਹੈ।

(2). ਦਿਲਚਸਪ ਇਤਫ਼ਾਕ ਹੈ ਕਿ 1697 ਜੂਲੀਅਨ ਵਿੱਚ ਚੇਤ ਵਦੀ 1 ਅਤੇ ਪ੍ਰਵਿਸ਼ਟਾ ਚੇਤ 1, ਸੰਮਤ 1753 ਬਿਕਰਮੀ; ਦੋਵੇਂ ਹੀ 26 ਫ਼ਰਵਰੀ ਨੂੰ ਆਏ ਸਨ ਅਤੇ 1998 ਈਸਵੀ ਵਿੱਚ, ਜਿਸ ਸਾਲ ਬਿਕਰਮੀ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਹੋਣ ਉਪਰੰਤ ਪਹਿਲੀ ਵਾਰ 1999 ਦੀ ਵੈਸਾਖੀ ਤੋਂ ਲਾਗੂ ਕਰਨ ਲਈ ਨਾਨਕਸ਼ਾਹੀ ਕੈਲੰਡਰ ਪ੍ਰਕਾਸ਼ਤ ਕੀਤਾ ਗਿਆ ਸੀ, ਉਸ ਸਾਲ ਵੀ ਹੋਲਾ ਮਹੱਲਾ ਚੇਤ ਵਦੀ 1 ਅਤੇ ਚੇਤ 1 ਸੰਮਤ 2055 ਨੂੰ ਇੱਕੋ ਹੀ ਦਿਨ 14 ਮਾਰਚ ਨੂੰ ਆਏ ਸਨ।

(3). ਇਹ ਇਕ ਹੋਰ ਇਤਫ਼ਾਕ ਹੈ ਕਿ ਪ੍ਰਚਲਿਤ ਧਾਰਨਾਵਾਂ ਅਨੁਸਾਰ ਪਹਿਲਾ ਹੋਲਾ ਮਹੱਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਮਨਾਇਆ ਗਿਆ ਉਸ ਦਿਨ ਚੇਤ ਵਦੀ 1, 1757 ਬਿਕਰਮੀ ਵਾਲੇ ਦਿਨ 14 ਮਾਰਚ, 1701 ਜੂਲੀਅਨ ਹੀ ਸੀ।

(4). ਜਿਸ ਤਰ੍ਹਾਂ ਉੱਪਰ ਲਿਖਿਆ ਜਾ ਚੁੱਕਾ ਹੈ ਕਿ ਹੋਲੀ ਇੱਕ ਮੌਸਮੀ ਤਿਉਹਾਰ ਹੈ, ਜੋ ਹਿਮਕਰ ਰੁੱਤ ਦੀ ਸਮਾਪਤੀ ਅਤੇ ਬਸੰਤ ਰੁੱਤ ਦੀ ਸ਼ੁਰੂਆਤ ਦਾ ਇੱਕ ਸੁਨੇਹਾ ਹੈ। ਗੁਰਬਾਣੀ ਵਿੱਚ ਦਰਜ ਰੁੱਤੀ ਸਲੋਕ ਅਨੁਸਾਰ ਵੀ ਚੇਤ ਅਤੇ ਵੈਸਾਖ ਦੋ ਮਹੀਨੇ ਬਸੰਤ ਰੁੱਤ ਦੇ ਹੁੰਦੇ ਹਨ : ‘‘ਰੁਤਿ ਸਰਸ ਬਸੰਤ ਮਾਹ; ਚੇਤੁ ਵੈਸਾਖ ਸੁਖ ਮਾਸੁ ਜੀਉ (ਰਾਮਕਲੀ ਰੁਤੀ/ਮਹਲਾ /੯੨੭), ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ’’ (ਤੁਖਾਰੀ ਬਾਰਹਮਾਹਾ/ਮਹਲਾ /੧੧੦੭) ਨਾਨਕਸ਼ਾਹੀ ਕੈਲੰਡਰ ਵਿੱਚ ਹੋਲਾ ਮਹੱਲਾ 1 ਚੇਤ ਨੂੰ ਮਨਾਏ ਜਾਣ ਦਾ ਭਾਵ ਹੈ ਕਿ ਇਹ ਹਮੇਸ਼ਾਂ ਹੀ ਬਸੰਤ ਰੁੱਤ ਦੀ ਆਰੰਭਤਾ ਵਾਲੇ ਦਿਨ ਮਨਾਇਆ ਜਾਇਆ ਕਰੇਗਾ।

(5). ਬੀਤੇ ਸਮੇਂ ਦੇ ਰਿਸ਼ੀ ਅਤੇ ਪੁਰਾਤਨ ਵਿਦਵਾਨ, ਜਿਨ੍ਹਾਂ ਨੇ ਬਿਕਰਮੀ ਕੈਲੰਡਰ ਵਿੱਚ ਦਰਜ ਰੁੱਤਾਂ ਮੁਤਾਬਕ ਤਿਉਹਾਰ ਨਿਸ਼ਚਿਤ ਕੀਤੇ ਸਨ, ਉਨ੍ਹਾਂ ਅਨੁਸਾਰ ਇਨ੍ਹਾਂ ਤਿਉਹਾਰਾਂ ਦਾ ਕਦੇ ਵੀ ਦੂਜੀਆਂ ਰੁੱਤਾਂ ਵਿੱਚ ਜਾਣ ਦਾ ਅਰਥ ਨਹੀਂ ਸੀ; ਜਿਵੇਂ ਕਿ ਲੋਹੜੀ ਇੱਕ ਅਜਿਹਾ ਤਿਉਹਾਰ ਹੈ ਜੋ ਮਾਘੀ – ਮਕਰ ਸੰਕਰਾਂਤੀ ਤੋਂ ਇਕ ਦਿਨ ਪਹਿਲਾਂ ਮਾਘੀ ਦੀ ਪੂਰਵ ਸੰਧਿਆ ’ਤੇ ਮਨਾਈ ਜਾਂਦੀ ਹੈ। ਵਿਦਵਾਨਾਂ ਨੇ ਮਕਰ ਸੰਕ੍ਰਾਂਤੀ ਨੂੰ ਉਸ ਦਿਨ ਹੋਣ ਲਈ ਨਿਸ਼ਚਿਤ ਕੀਤਾ ਜਦੋਂ ਸੂਰਜ ਆਪਣੀ (ਉੱਤਰਾਯਣ) ਉੱਤਰ-ਪੂਰਬ ਯਾਤਰਾ ਆਰੰਭ ਕਰਦਾ ਹੈ, ਜਿਸ ਤੋਂ ਬਾਅਦ ਦਿਨ ਵੱਡੇ ਹੋਣੇ ਸ਼ੁਰੂ ਹੋਣੇ ਹਨ। ਇਹ ਦਿਨ ਪੂਰੀ ਦੁਨੀਆ ਦੇ ਭਾਈਚਾਰਿਆਂ ਵਿੱਚ ਮਨਾਇਆ ਜਾਂਦਾ ਹੈ। ਲੋਕ ਸੂਰਜ ਦੀ ਦੱਖਣ ਵੱਲ ਯਾਤਰਾ ਤੋਂ ਵਾਪਸੀ ਦੀ ਆਰੰਭਤਾ ਦਾ ਜਸ਼ਨ ਮਨਾਉਣ ਲਈ ਅੱਗ ਦੇ ਨੇੜੇ ਬੈਠ ਜਾਂਦੇ ਸਨ।  532 ਈ: ਜੂਲੀਅਨ ਵਿੱਚ ਜਦੋਂ 18 ਦਸੰਬਰ ਨੂੰ ਲੋਹੜੀ ਅਤੇ 19 ਦਸੰਬਰ ਨੂੰ ਮਾਘੀ ਸੀ ਉਸ ਸਮੇਂ ‘ਉਤਰਾਇਣ’ ਵੀ 19 ਦਸੰਬਰ ਨੂੰ ਸ਼ੁਰੂ ਹੋਇਆ ਸੀ। ਬਿਕਰਮੀ ਕੈਲੰਡਰ ਦਾ ਰੁੱਤੀ ਸਾਲ ਨਾਲੋਂ ਅੰਤਰ ਹੋਣ ਕਰਕੇ, ਅੱਜ ਕੱਲ੍ਹ ਲੋਹੜੀ 12 ਜਾਂ 13 ਜਨਵਰੀ ਅਤੇ ਮਾਘੀ 13/14 ਜਨਵਰੀ ਨੂੰ ਆ ਰਹੀ ਹੈ ਜਦੋਂ ਕਿ ‘ਉੱਤਰਾਇਣ’ ਅਜੇ ਵੀ 21/22 ਦਸੰਬਰ ਦੇ ਆਸ ਪਾਸ ਸ਼ੁਰੂ ਹੁੰਦਾ ਹੈ ਭਾਵ ਲਗਭਗ 24-25 ਦਿਨਾਂ ਦਾ ਅੰਤਰ ਪੈ ਗਿਆ ਹੈ। ਸੰਨ 3000 ਈ: ਵਿੱਚ ਲੋਹੜੀ 27 ਜਨਵਰੀ ਅਤੇ ਮਾਘੀ 28 ਜਨਵਰੀ ਨੂੰ ਆਵੇਗੀ। ਇਸ ਹਿਸਾਬ ਜਦੋਂ ਭਵਿੱਖ ਵਿੱਚ ਲੋਹੜੀ ਮਈ ਵਿੱਚ ਹੋਣ ਲੱਗ ਪਏਗੀ ਤਾਂ ਕੀ ਸੋਚਿਆ ਜਾਏਗਾ ? ਕੀ ਉਸ ਸਮੇਂ ਲੋਹੜੀ ਮਨਾਉਣ ਲਈ ਅੱਗ ਦੇ ਨੇੜੇ ਇਕੱਠ ਕੀਤਾ ਜਾਏਗਾ ਜਾਂ ਏਅਰ-ਕੰਡੀਸ਼ਨਡ ਛੱਤਾਂ ਦੇ ਹੇਠਾਂ ਲੋਹੜੀ ਮਨਾਉਣੀ ਪਵੇਗੀ?

(6). ਨਾਨਕਸ਼ਾਹੀ ਕੈਲੰਡਰ ਵਿੱਚ ਲੋਹੜੀ ਹਮੇਸ਼ਾਂ ਲਈ 30 ਪੋਹ/12 ਜਨਵਰੀ ਅਤੇ ਮਾਘੀ (1 ਮਾਘ) 13 ਜਨਵਰੀ ਨੂੰ ਪੱਕੇ ਤੌਰ ’ਤੇ ਨਿਰਧਾਰਿਤ ਕੀਤੀ ਹੈ।

ਪੋਪ ਗ੍ਰੈਗਰੀ ਅਨੁਸਾਰ ਰੁੱਤਾਂ ਅਨੁਸਾਰ ਮਨਾਏ ਜਾਣ ਵਾਲੇ ਤਿਉਹਾਰਾਂ ਨੂੰ ਹੋਰ ਬਦਲਣਾ ਨਹੀਂ ਚਾਹੀਦਾ ਅਤੇ ਰੁੱਤਾਂ ਦੇ ਨਾਲ ਉਨ੍ਹਾਂ ਦੇ ਮੌਜੂਦਾ ਸੰਗਠਨਾਂ ਵਿੱਚ ਰਿਹਾ ਜਾਣਾ ਚਾਹੀਦਾ ਹੈ। ਇਸੇ ਕਾਰਨ ਉਨ੍ਹਾਂ ਨੇ 1582 ਵਿੱਚ ਜੂਲੀਅਨ ਕੈਲੰਡਰ ਵਿੱਚ ਸੋਧ ਕਰਕੇ 5 ਅਕਤੂਬਰ ਤੋਂ 14 ਅਕਤੂਬਰ ਤੱਕ ਦੀਆਂ 10 ਤਾਰੀਖ਼ਾਂ ਖਤਮ ਕਰਕੇ 4 ਅਕਤੂਬਰ ਦਿਨ ਵੀਰਵਾਰ ਤੋਂ ਅਗਲੇ ਦਿਨ ਸ਼ੁੱਕਰਵਾਰ ਨੂੰ ਸਿੱਧਾ ਹੀ 15 ਅਕਤੂਬਰ ਕਰ ਦਿੱਤਾ । ਅੱਗੇ ਤੋਂ ਕੈਲੰਡਰ ਦਾ ਰੁੱਤਾਂ ਨਾਲ ਸੰਬੰਧ ਬਣਾਈ ਰੱਖਣ ਲਈ ਲੀਪ ਸਾਲ ਦੇ ਨਿਯਮਾਂ ਵਿੱਚ ਇਸ ਤਰ੍ਹਾਂ ਤਬਦੀਲੀ ਕੀਤੀ ਕਿ ਹੁਣ 400 ਸਾਲਾਂ ਵਿੱਚ 100 ਲੀਪ ਦੇ ਸਾਲ ਆਉਣ ਦੀ ਬਜਾਇ 97 ਲੀਪ ਦੇ ਸਾਲ ਹੀ ਆਇਆ ਕਰਨਗੇ। ਨਵੇਂ ਲੀਪ ਨਿਯਮ ਅਨੁਸਾਰ ਜਿਹੜੀ ਸਦੀ 400 ’ਤੇ ਪੂਰੀ ਨਾ ਵੰਡੀ ਜਾ ਸਕੇ ਉਹ ਭਾਵੇਂ 4 ’ਤੇ ਪੂਰੀ ਪੂਰੀ ਵੰਡੀ ਜਾਂਦੀ ਹੈ ਤਾਂ ਵੀ ਉਹ ਲੀਪ ਦਾ ਸਾਲ ਨਹੀਂ ਹੋਣਗੇ। ਇਸ ਹਿਸਾਬ ਨਾਲ 1700, 1800, 1900, 2100, 2200 ……… ਆਦਿ ਲੀਪ ਦੇ ਸਾਲ ਨਹੀਂ ਹੁੰਦੇ ਪਰ 1600, 2000, 2400, 2800 ਆਦਿ ਜਿਹੜੇ 400 ’ਤੇ ਪੂਰੇ ਪੂਰੇ ਵੰਡੇ ਜਾਂਦੇ ਹਨ ਉਹ ਸਾਲ ਲੀਪ ਦੇ ਸਾਲ ਹੁੰਦੇ ਹਨ। ਇਸ ਸੋਧ ਮਗਰੋਂ ਇਸ ਨੂੰ ਗ੍ਰੈਗੋਰੀਅਨ ਕੈਲੰਡਰ ਦਾ ਨਾਮ ਦੇ ਕੇ ਲਾਗੂ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਸੋਧ ਨੂੰ ਕੈਥੋਲਿਕ ਚਰਚ ਅਧੀਨ ਆਉਂਦੇ ਸਾਰੇ ਦੇਸ਼ਾਂ ਨੇ ਪ੍ਰਵਾਨ ਕਰ ਲਿਆ ਸੀ ਭਾਵੇਂ ਕਿ ਪ੍ਰੋਟੈਸਟੈਂਟ ਚਰਚ ਨੇ ਇਸ ਨੂੰ 170 ਸਾਲ ਬਾਅਦ 1752 ਵਿੱਚ 11 ਦਿਨਾਂ ਦੀ ਸੋਧ ਨਾਲ ਲਾਗੂ ਕੀਤਾ। ਅੱਜ ਕੱਲ੍ਹ ਤਕਰੀਬਨ ਸਾਰੀ ਦੁਨੀਆਂ ਵਿੱਚ ਗ੍ਰੈਗੋਰੀਅਨ ਕੈਲੰਡਰ ਹੀ ਨਾਗਰਿਕ ਅਤੇ ਪ੍ਰਸਾਸ਼ਨਿਕ ਕੰਮਾਂ ਲਈ ਵਰਤਿਆ ਜਾਂਦਾ ਹੈ।

(7). ਸਿੱਖ ਇਤਿਹਾਸ ਵਿੱਚ ਗੁਰੂ ਸਾਹਿਬਾਨ ਜੀ ਦੇ ਜੋਤੀ ਜੋਤ ਸਮਾਉਣ ਅਤੇ ਖ਼ਾਲਸਾ ਸਾਜਨਾ ਦਿਵਸ ਵੈਸਾਖੀ ਦੀਆਂ ਹੀ ਪ੍ਰਮਾਣਿਕ ਤਾਰੀਖ਼ਾਂ ਹਨ, ਜਿਨ੍ਹਾਂ ਸੰਬੰਧੀ ਤਕਰੀਬਨ ਸਾਰੇ ਇਤਿਹਾਸਕਾਰ ਇੱਕ ਮੱਤ ਹਨ। ਬਾਕੀ ਦੀਆਂ ਤਾਰੀਖ਼ਾਂ ਇਨ੍ਹਾਂ ਪ੍ਰਮਾਣਿਕ ਤਾਰੀਖ਼ਾਂ ਤੋਂ ਅੱਗੇ ਪਿੱਛੇ ਦੇ ਸਮੇਂ ਦਾ ਹਿਸਾਬ ਕਿਤਾਬ ਕਰਕੇ ਹੀ ਲੱਭੀਆਂ ਗਈਆਂ ਹਨ। ਪਿੰਡਾਂ ਵਿੱਚ ਰਹਿਣ ਵਾਲਿਆਂ ਨੂੰ ਪਤਾ ਹੈ ਕਿ ਪੁਰਾਤਨ ਬਜ਼ੁਰਗ; ਕਿਸੇ ਵੱਡੀ ਘਟਨਾ ਤੋਂ ਕਿੰਨੇ ਸਾਲ ਪਹਿਲਾਂ ਜਾਂ ਪਿੱਛੋਂ ਦੇ ਹਿਸਾਬ ਨਾਲ ਹੀ ਤਾਰੀਖ਼ਾਂ ਦੱਸਦੇ ਹਨ, ਜਿਵੇਂ ਕਿ ਰੌਲ਼ਿਆਂ ਗੌਲਿਆਂ (1947 ਦੀ ਵੰਡ) ਜਾਂ ਪਲੇਗ ਦੀ ਬੀਮਾਰੀ ਵੇਲੇ ਇਹ ਮੁੰਡਾ 1 ਸਾਲ ਦਾ ਸੀ ਜਾਂ ਐਨੇ ਸਾਲ ਪਹਿਲਾਂ ਜਾਂ ਪਿਛੋਂ ਇਸ ਦਾ ਜਨਮ ਹੋਇਆ ਸੀ । ਅਜਿਹਾ ਗਣਿਤ ਕਰਦੇ ਸਮੇਂ ਗ਼ਲਤੀਆਂ ਹੋਣ ਦੀ ਕਾਫ਼ੀ ਸੰਭਾਵਨਾ ਬਣੀ ਰਹਿੰਦੀ ਹੈ; ਜਿਵੇਂ ਕਿ ਸ: ਕਰਮ ਸਿੰਘ ਹਿਸਟੋਰੀਅਨ, ਕਵੀ ਸੰਤੋਖ ਸਿੰਘ ਦਾ ਹਵਾਲਾ ‘ਦਵਾਦਸ ਬਰਖ ਟਿਕੇ ਗੁਰਗਾਦੀ ਖਸਟ ਮਾਸ ਨੌ ਦਿਨ ਐਹਲਾਦੀ ਦੇ ਕੇ ਗੁਰੂ ਅੰਗਦ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਦੀ ਤਿੱਥ ਚੇਤ ਸੁਦੀ 6, 1609 ’ਚੋਂ ਕੁਲ ਗੁਰਿਆਈ ਦਾ ਸਮਾਂ 12 ਸਾਲ 6 ਮਹੀਨੇ 9 ਦਿਨ ਘਟਾਉਣ ਦੀ ਬਜਾਏ ਗ਼ਲਤੀ ਨਾਲ 12 ਸਾਲ 9 ਮਹੀਨੇ 6 ਦਿਨ ਘਟਾ ਕੇ ਅੱਸੂ ਦੀ ਥਾਂ ਹਾੜ ਮਹੀਨੇ ਦੀ ਗ਼ਲਤ ਤਾਰੀਖ਼ ਲਿਖ ਬੈਠੇ। ਇਸ ਤੋਂ ਵੇਖ ਕੇ ਬਾਕੀ ਵਿਦਵਾਨਾਂ ਨੇ ਵੀ ਇਸੇ ਤਰ੍ਹਾਂ ਗ਼ਲਤ ਲਿਖਣ ਕਾਰਨ ਗ਼ਲਤ ਤਾਰੀਖ਼ ਪਰਚਾਰੀ ਜਾ ਰਹੀ ਹੈ, ਜੋ ਕਿ ਮੰਨਣਯੋਗ ਨਹੀਂ ਕਿਉਂਕਿ ਇਹ ਤਾਰੀਖ਼ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ਼ ਤੋਂ ਤਕਰੀਬਨ 3 ਮਹੀਨੇ ਪਹਿਲਾਂ ਦੀ ਬਣਦੀ ਹੈ ਜਦੋਂ ਕਿ ਸਾਰੇ ਮੰਨਦੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ 5 ਤਿੱਥਾਂ ਪਹਿਲਾਂ ਬਾਬਾ ਲਹਿਣਾ ਜੀ ਨੂੰ ਗੁਰਗੱਦੀ ’ਤੇ ਸਥਾਪਿਤ ਕਰ ਗੁਰੂ ਅੰਗਦ ਦਾ ਨਾਮ ਦਿੱਤਾ। ਇਹ ਉਦਾਹਰਨ ਦੇਣ ਤੋਂ ਮੇਰਾ ਭਾਵ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਖ਼ਾਲਸਾ ਸਾਜਣਾ ਦਿਵਸ ਦੇ ਸੰਨ 1699 ’ਚੋਂ 2 ਸਾਲ ਘਟਾਉਣ ਦੀ ਬਜਾਏ ਕਿਸੇ ਵਿਦਵਾਨ ਨੇ ਗ਼ਲਤੀ ਨਾਲ ਦੋ ਸਾਲ ਜੋੜ ਕੇ ਹੋਲੇ ਮਹੱਲੇ ਦਾ ਸੰਨ 1697 ਦੀ ਬਜਾਏ 1701 ਲਿਖ ਦਿੱਤਾ ਹੋਵੇ ਅਤੇ ਭਾਈ ਕਾਨ੍ਹ ਸਿੰਘ ਨਾਭਾ ਸਮੇਤ ਬਾਕੀ ਵਿਦਵਾਨਾਂ ਨੇ ਇੱਕ ਦੂਜੇ ਤੋਂ ਵੇਖ ਕੇ ਸੰਨ 1701/ਸੰਮਤ 1757 ਲਿਖ ਅਤੇ ਪ੍ਰਚਲਿਤ ਕਰ ਦਿੱਤਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਅਸਲੀ ਸੰਨ 1697 ਹੀ ਹੋਵੇ। ਇਹ ਚੇਤੇ ਰੱਖਣਯੋਗ ਹੈ ਕਿ 1697 ਜੂਲੀਅਨ ਵਿੱਚ ਚੇਤ ਵਦੀ 1 ਅਤੇ ਪ੍ਰਵਿਸ਼ਟਾ ਚੇਤ 1, ਸੰਮਤ 1753 ਬਿਕਰਮੀ ਨੂੰ ਦੋਵੇਂ ਇੱਕ ਹੀ ਤਾਰੀਖ਼ 26 ਫ਼ਰਵਰੀ ਨੂੰ ਆਏ ਸਨ। ਗੁਰੂ ਸਾਹਿਬ ਜੀ ਦਾ ਰੁਝਾਨ ਸੂਰਜੀ ਪ੍ਰਵਿਸ਼ਟਿਆਂ ਦੀਆਂ ਤਾਰੀਖ਼ਾਂ ਵੱਲ ਵਧ ਗਿਆ ਸੀ, ਇਸੇ ਕਾਰਨ ਗੁਰੂ ਅਮਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਦਿਨ ਗੋਇੰਦਵਾਲ ਵਿਖੇ 1 ਵੈਸਾਖ ਨੂੰ ਵੈਸਾਖੀ ਜੋੜ ਮੇਲੇ ਦੇ ਤੌਰ ’ਤੇ ਮਨਾਉਣਾ ਸ਼ੁਰੂ ਕਰਨਾ, ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਕੀਰਤਪੁਰ ਵਸਾਉਣ ਲਈ ਆਪਣੇ ਪਿਤਾ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਪ੍ਰਵਿਸ਼ਟੇ 2 ਹਾੜ ਦੀ ਚੋਣ ਕਰਨੀ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲੋਂ ਅਨੰਦਪੁਰ ਸਾਹਿਬ ਦਾ ਮੁੱਢਲਾ ਨਾਮ ਚੱਕ ਨਾਨਕੀ ਆਪਣੀ ਮਾਤਾ ਜੀ ਦੇ ਨਾਮ ’ਤੇ ਰੱਖਣਾ ਤੇ ਇਸ ਦੀ ਮੋੜ੍ਹੀ ਗੱਡਣ ਲਈ ਆਪਣੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦਾ ਪ੍ਰਵਿਸ਼ਟਾ 21 ਹਾੜ ਚੁਣਨਾ ਅਤੇ ਗੁਰੂ ਗੋਬਿੰਦ ਸਾਹਿਬ ਜੀ ਵੱਲੋਂ ਖ਼ਾਲਸਾ ਸਾਜਣ ਲਈ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜੇ 1 ਵੈਸਾਖ ਦੀ ਚੋਣ ਕਰਨੀ ਆਦਿ ਇਸ ਦੀਆਂ ਪ੍ਰਮੁੱਖ ਉਦਾਹਰਨਾਂ ਹਨ। ਇਸ ਹਿਸਾਬ ਨਾਲ ਭਾਵੇਂ ਯੁੱਧ ਵਿਦਿਆ/ਸਰੀਰਕ ਅਭਿਆਸ ਤਾਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਨਿਰੰਤਰ ਜਾਰੀ ਸੀ। (ਗੁਰੂ) ਹਰਿਗੋਬਿੰਦ ਸਾਹਿਬ ਜੀ ਨੂੰ ਸ਼ਸਤਰਾਂ ਦਾ ਅਭਿਆਸ ਕਰਾਉਣ ਲਈ ਗੁਰੂ ਅਰਜਨ ਸਾਹਿਬ ਜੀ ਵੱਲੋਂ ਬਾਬਾ ਬੁੱਢਾ ਜੀ ਦੀ ਡਿਊਟੀ ਲਾਉਣਾ ਵੀ ਸਿੱਧ ਕਰਦਾ ਹੈ ਕਿ ਬਾਬਾ ਬੁੱਢਾ ਜੀ ਨੇ ਸ਼ਸਤਰਾਂ ਦਾ ਅਭਿਆਸ ਬੁਢੇਪੇ ਵਿੱਚ ਤਾਂ ਸਿੱਖਿਆ ਨਹੀਂ ਹੋਣਾ, ਜ਼ਰੂਰ ਹੀ ਇਹ ਉਨ੍ਹਾਂ ਦੇ ਜੁਆਨੀ ਦੇ ਸਮੇਂ; ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਦੇਖ ਰੇਖ ਵਿੱਚ ਗੁਜਰਿਆ, ਉਸ ਸਮੇਂ ਤੋਂ ਹੀ ਅਭਿਆਸ ਜਾਰੀ ਹੋਣਗੇ। ਇਸ ਲਈ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜੰਗੀ ਅਭਿਆਸ ਤਾਂ ਪਹਿਲਾਂ ਤੋਂ ਹੀ ਜਾਰੀ ਸਨ ਭਾਵੇਂ ਉਹ ਪਾਉਂਟਾ ਸਾਹਿਬ ਹੋਣ ਤੇ ਭਾਵੇਂ ਅਨੰਦਪੁਰ ਸਾਹਿਬ, ਪਰ ਉਸ ਨੂੰ ਪਰੰਪਰਾਗਤ/ਸੰਸਥਾਗਤ ਤੌਰ ’ਤੇ ਹਰ ਸਾਲ ਮਨਾਉਣ ਦਾ ਆਦੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਿੰਦੂਆਂ ਦੀ ਹੋਲੀ ਤੋਂ ਇੱਕ ਦਿਨ ਪਿੱਛੋਂ 1 ਚੇਤ ਸੰਮਤ 1753/26 ਫ਼ਰਵਰੀ 1697 ਤੋਂ ਹੀ ਕੀਤਾ ਹੋਵੇਗਾ । ਇਹ ਗੁਰੂ ਮਹਾਰਾਜ ਦੀ ਦੀਰਘ ਸੋਚ ਦਾ ਹਿੱਸਾ ਹੋ ਸਕਦਾ ਹੈ ਕਿ 1699 ਦੀ ਵੈਸਾਖੀ ਵਾਲੇ ਦਿਨ ਵੱਡਾ ਇਕੱਠ ਕਰਨ ਲਈ ਅਪਣਾਈ ਨੀਤੀ ਦੇ ਹਿੱਸੇ ਵਜੋਂ ਦੋ ਸਾਲ ਪਹਿਲਾਂ ਉੱਥੇ ਹੋਲੇ ਮਹੱਲੇ ਦਾ ਵੱਡਾ ਤਿਉਹਾਰ ਮਨਾਉਣਾ ਸ਼ੁਰੂ ਕਰ ਦਿੱਤਾ ਹੋਵੇ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਸੁਨੇਹੇ ਪਹੁੰਚਾਉਣ ਦੇ ਹੋਰ ਕੋਈ ਸਾਧਨ ਤਾਂ ਹੈ ਨਹੀਂ ਸਨ। ਹੋਲੇ ਮਹੱਲੇ ’ਤੇ ਆਈ ਹੋਈ ਸੰਗਤ ਰਾਹੀਂ ਅੱਗੇ ਤੋਂ ਅੱਗੇ ਇਹ ਸੁਨੇਹੇ ਪਹੁੰਚਾਏ ਜਾਣੇ ਸਨ ।

ਸੋ ਨਾਨਕਸ਼ਾਹੀ ਕੈਲੰਡਰ ਬਣਾਉਣ ਸਮੇਂ ਇਹ ਧਿਆਨ ਰੱਖਿਆ ਗਿਆ ਹੈ ਕਿ ਮੌਸਮੀ ਤਿਉਹਾਰ ਉਨ੍ਹਾਂ ਹੀ ਰੁੱਤਾਂ ਆਉਣ ਜਿਨ੍ਹਾਂ ਲਈ ਉਹ ਨਿਸ਼ਚਿਤ ਕੀਤੇ ਗਏ ਸਨ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਰੁੱਤਾਂ ਨਾਲੋਂ ਬਿਕਰਮੀ ਕੈਲੰਡਰ ਦੀਆਂ ਰੁੱਤਾਂ ਦੀ ਗ਼ਲਤੀ ਲਗਭਗ 16 ਦਿਨ ਸੀ, ਜੋ ਅੱਜ ਵਧ ਕੇ 24 ਦਿਨਾਂ ਦੀ ਹੋ ਗਈ, ਇਸ ਨੂੰ ਹੋਰ ਵਧਣ ਤੋਂ ਰੋਕਿਆ ਜਾਵੇ ਇਸ ਦੇ ਪਿੱਛੇ ਕੈਲੰਡਰ ਦਾ ਇਤਿਹਾਸ, ਖਗੋਲਵਿਗਿਆਨ ਦਾ ਬੋਧ ਅਤੇ ਸਭ ਤੋਂ ਵੱਧ ਗੁਰਬਾਣੀ ਮਹੀਨਿਆਂ ਅਨੁਸਾਰ ਦਰਸਾਈਆਂ ਗਈਆਂ ਰੁੱਤਾਂ ਤੋਂ ਨਿਰਦੇਸ਼ ਲੈਣ ਦਾ ਯਤਨ ਕੀਤਾ ਹੈ