ਮਿੰਨੀ ਕਹਾਣੀ
ਢੁੱਕਵਾਂ ਜਵਾਬ
-ਰਮੇਸ਼ ਬੱਗਾ ਚੋਹਲਾ, #1348/17/1, ਗਲੀ ਨੰ: 8, ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)-94631-32719
‘ਮੈਡਮ ਜੀ ! ਅਰਪਿਤਾ ਕਾ ਸਕੂਲ ਬਦਲਨੇ ਕਾ ਸਰਟੀਫਿਕੇਟ ਚਾਹੀਏ।’ ਹੱਥ ਵਿਚ ਅਰਜ਼ੀ ਫੜੀ ਭਈਏ ਦੀਨ ਦੀਆਲ ਨੇ ਜਮਾਤ ਦੀ ਇੰਚਾਰਜ਼ ਮੈਡਮ ਗੁਲਾਟੀ ਨੂੰ ਕਿਹਾ।
‘ਕਿਉਂ ? ਕੀ ਗੱਲ ਹੋ ਗਈ ? ਅਰਪਿਤਾ ਕਾ ਸਕੂਲ ਕਿਉਂ ਬਦਲਨਾ ਹੈ ?’ ਇਚਾਰਜ ਮੈਡਮ ਨੇ ਹੈਰਾਨ ਹੁੰਦਿਆਂ ਸਵਾਲਾਂ ਦੀ ਝੜੀ ਲਗਾ ਦਿੱਤੀ।
‘ਬੱਸ ਮੈਡਮ ਜੀ ! ਇਸ ਕਾ ਭਾਈ ਪ੍ਰਾਈਵੇਟ ਸਕੂਲ ਮੇਂ ਪੜ੍ਹ ਰਿਹਾ ਹੈ। ਸੋਚਤਾ ਹੂੰ ਦੋਨੋਂ ਕੋ ਏਕ ਸਾਥ ਹੀ ਭੇਜ ਦਿਆ ਕਰਾਂਗਾ, ਨਾਲੇ ਵਹਾਂ ਕੀ ਪੜ੍ਹਾਈ ਭੀ ਕੁੱਝ ਅੱਛੀ ਹੈ।’
ਭਈਏ ਦੀ ਪੜ੍ਹਾਈ ਵਾਲੀ ਗੱਲ ਸੁਣ ਕੇ ਮੈਡਮ ਗੁਲਾਟੀ ਨੂੰ ਥੋੜ੍ਹਾ ਧੱਕਾ ਜਿਹਾ ਲੱਗਾ ਅਤੇ ਉਹ ਤੈਸ਼ ਵਿੱਚ ਆ ਕੇ ਬੋਲੀ- ‘ਸਵਾਹ ਅੱਛੀ ਹੈ, ਬਾਰ੍ਹਾਂ-ਬਾਰ੍ਹਾਂ ਜਮਾਤਾਂ ਪੜ੍ਹੀਆਂ ਕੁੜੀਆਂ ਰੱਖੀਆਂ ਹੁੰਦੀਆਂ ਹੈ। ਉਨ੍ਹਾਂ ਨੇ ਭਲਾ ਕਿੰਨਾ ਕੁ ਅੱਛਾ ਪੜ੍ਹਾ ਲੈਣਾ ਹੈ। ਸਰਕਾਰੀ ਸਕੂਲ ਵਿਚਲਾ ਸਾਰਾ ਸਟਾਫ਼ ਵੈੱਲ-ਕਵਾਲੀਫ਼ਾਈਡ ਹੁੰਦਾ ਹੈ। ਨਾਲੇ ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਹੁਣ ਤਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।’
ਗੁਲਾਟੀ ਮੈਡਮ ਸਰਕਾਰੀ ਸਕੂਲਾਂ ਦੇ ਹੱਕ ਵਿੱਚ ਦਲੀਲਾਂ ਦੇ ਕੇ ਆਪਣਾ ਪੱਲ੍ਹੜਾ ਭਾਰੀ ਕਰ ਰਹੀ ਸੀ।
‘ਏਕ ਬਾਤ ਪੂਛੇ ਮੈਡਮ ਜੀ !’
‘ਹਾਂ ਪੂਛ…ਪੂਛ..।’
‘ਆਪ ਕੇ ਕਿਤਨੇ ਬੱਚੇ ਹੈਂ ?’
‘ਦੋ।’
ਕਹਾਂ ਪੜ੍ਹਤੇ ਹੈਂ ?
‘ਡੀ. ਏ. ਵੀ. ਪਬਲਿਕ ਸਕੂਲ਼ ਮੇਂ।’
‘ਯਹ ਸਰਕਾਰੀ ਹੈ ਕਿਆ ?’
‘ਨਹੀਂ। ਪਰ ਤੁਮ ਕਿਉਂ ਪੂਛ ਰਹੇ ਹੋ ?’
‘ਅਭੀ ਤੋ ਆਪ ਬੋਲ ਰਹੇ ਥੇ ਸਰਕਾਰੀ ਸਕੂਲੋਂ ਕੀ ਪੜ੍ਹਾਈ ਬਹੁਤ ਅੱਛੀ ਹੈ।’
‘ਹਾਂ ਬੋਲਾ ਥਾ।’
‘ਅਗਰ ਇਤਨੀ ਹੀ ਅੱਛੀ ਹੈ ਤੋ ਫਿਰ ਆਪ ਕੇ ਬੱਚੇ ਸਰਕਾਰੀ ਸਕੂਲ ਮੇਂ ਕਿਉਂ ਨਹੀਂ ਪੜ੍ਹ ਰਹੇ ?’
ਭਈਏ ਦੀਨ ਦਿਆਲ ਦੇ ਇਸ ਪ੍ਰਸ਼ਨ ਦਾ ਮੈਡਮ ਗੁਲਾਟੀ ਕੋਲ ਹੁਣ ਕੋਈ ਢੁੱਕਵਾਂ ਜਵਾਬ ਨਹੀਂ ਸੀ।
—-0—