ਯੋਜਕ ਸ਼ਬਦ (ਭਾਗ ਤੀਜਾ)
(5). ‘ਸ਼ਰਤ- ਵਾਚਕ (ਅਧੀਨ ਯੋਜਕ)’– ਜਦ ਕਿਸੇ ਮਿਸ਼ਰਤ ਵਾਕ ਵਿੱਚੋਂ ‘ਅਧੀਨ ਉਪ-ਵਾਕ’, ‘ਪ੍ਰਧਾਨ ਉਪ-ਵਾਕਾਂ’ ਦਾ ਕਾਰਨ, ਸ਼ਰਤ ਵਾਙ ਦੱਸੇ, ਤਾਂ ਉਸ ‘ਯੋਜਕ’ ਨੂੰ ‘ਸ਼ਰਤ ਵਾਚਕ (ਅਧੀਨ ਯੋਜਕ)’ ਕਿਹਾ ਜਾਂਦਾ ਹੈ; ਜਿਵੇਂ: ‘ਜੇਕਰ’ ਤੁਸੀਂ ਪਾਠ ਕਰਵਾਉਣਾ ਚਾਹੁੰਦੇ ਹੋ ‘ਤਾਂ’ ਮੇਰੇ ਘਰ ਲੜਕਾ ਦੇਵੋ ।, ‘ਜੇ’ ਰੋਗ ਮੁਕਤ ਹੋਣਾ ਹੈ ‘ਤਾਂ’ ਇਲਾਜ ਕਰਵਾਓ।, ਦਿਲ ਲਾ ਕੇ ਪਾਠ ਕਰੋ ‘ਕਦੇ ਤਾਂ’ ਫਲ ਮਿਲੇਗਾ।, ਮਿਹਨਤ ਕਰੋਂ ‘ਤਾਂ ਹੀ’ ਸਫਲਤਾ ਮਿਲੇਗਾ।’ ਆਦਿ, ਵਾਕਾਂ ਵਿੱਚ ‘ਜੇਕਰ…..ਤਾਂ’, ‘ਜੇ…..ਤਾਂ, ਕਦੇ ਤਾਂ’ ਅਤੇ ‘ਤਾਂ ਹੀ’ ਸ਼ਬਦ ‘ਸ਼ਰਤ ਵਾਚਕ’ (ਅਧੀਨ ਯੋਜਕ) ਹਨ।
(ੳ). ‘ਤਾ’- (ਭਾਵ ‘ਤਾਂ ਹੀ’) ਇਹ ਸ਼ਬਦ ਗੁਰਬਾਣੀ ਵਿੱਚ 1159 ਵਾਰ ਦਰਜ ਹੈ, ਜਿਸ ਦੀ ਵਰਤੋਂ ‘ਸ਼ਰਤ- ਵਾਚਕ (ਅਧੀਨ ਯੋਜਕ)’ ਅਧੀਨ ਵੀ ਕੀਤੀ ਗਈ ਹੈ; ਜਿਵੇਂ:
‘‘ਸਤਿਗੁਰੁ ਹੋਇ ਦਇਆਲੁ; ‘ਤਾ’ ਸਦ ਹੀ ਸੁਖੁ ਦੇਹਾ ॥’’ (ਮ: ੧/੧੪੯) (ਭਾਵ ਜੇ ਸਤਿਗੁਰੂ ਦਿਆਲ ਮਿਹਰ ਕਰੇ ਤਾਂ ਹੀ ਸਦੀਵੀ ਸੁਖ ਪ੍ਰਾਪਤ ਹੋਵੇਗਾ।)
‘‘ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ; ‘ਤਾ’ ਘਰ ਹੀ ਪਰਚਾ ਪਾਇ ॥’’ (ਮ: ੩/੮੭) (‘ਤਾ’ ਭਾਵ ‘ਤਾਂ ਹੀ’)
‘ਜੇ’ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ, ‘ਤਾਂ’ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ ॥’’ (ਮ: ੪/੩੦੫)
‘‘ਅਗੋ ਦੇ ਜੇ ਚੇਤੀਐ, ‘ਤਾਂ’ ਕਾਇਤੁ ਮਿਲੈ ਸਜਾਇ ॥’’ (ਮ: ੧/੪੧੭) (‘ਤਾਂ’ ਭਾਵ ‘ਤਾਂ ਹੀ’)
‘‘ਜੇ ਵਡ ਭਾਗੁ ਹੋਇ ਅਤਿ ਨੀਕਾ, ‘ਤਾਂ’ ਗੁਰਮਤਿ ਨਾਮੁ ਦ੍ਰਿੜੀਜੈ ॥’’ (ਮ: ੪/੧੩੨੬) (‘ਤਾਂ’ ਭਾਵ ‘ਤਾਂ ਹੀ’)
‘‘ਜੇ ਜਾਣਾ ਸਹੁ ਨੰਢੜਾ, ‘ਤਾਂ’ ਥੋੜਾ ਮਾਣੁ ਕਰੀ ॥’’ (ਭਗਤ ਫਰੀਦ/੧੩੭੮) (‘ਤਾਂ’ ਭਾਵ ‘ਤਾਂ ਹੀ’)
‘‘ਹਰਖ ਸੋਗ ਤੇ ਰਹਹਿ ਨਿਰਾਰਾ, ‘ਤਾਂ’ ਤੂ ਪਾਵਹਿ ਪ੍ਰਾਨਪਤੇ ॥’’ (ਮ: ੫/੧੩੩੭) (‘ਤਾਂ’ ਭਾਵ ‘ਤਾਂ ਹੀ’)
(ਅ). ‘ਜੇ’- (ਭਾਵ ‘ਅਗਰ, ਜੇਕਰ’) ਇਹ ਸ਼ਬਦ ਗੁਰਬਾਣੀ ਵਿੱਚ 597 ਵਾਰ ਦਰਜ ਹੈ, ਜਿਸ ਦੀ ਵਰਤੋਂ ‘ਸ਼ਰਤ- ਵਾਚਕ (ਅਧੀਨ ਯੋਜਕ)’ ਅਧੀਨ ਵੀ ਕੀਤੀ ਗਈ ਹੈ; ਜਿਵੇਂ:
‘‘ਮਨੁ ਬਸਿ ਆਵੈ ਨਾਨਕਾ! ‘ਜੇ’ ਪੂਰਨ ਕਿਰਪਾ ਹੋਇ ॥’’ (ਮ: ੫/੨੯੮) (‘ਜੇ’ ਭਾਵ ‘ਅਗਰ, ਜੇਕਰ’)
‘‘ਸਾਧੂ ਸਤਗੁਰੁ ‘ਜੇ’ ਮਿਲੈ; ਤਾ ਪਾਈਐ ਗੁਣੀ ਨਿਧਾਨੁ ॥’’ (ਮ: ੧/੨੧) (‘ਜੇ’ ਭਾਵ ‘ਅਗਰ, ਜੇਕਰ’)
‘‘ਨਾਨਕ! ‘ਜੇ’ ਸਿਰਖੁਥੇ ਨਾਵਨਿ ਨਾਹੀ; ਤਾ ਸਤ ਚਟੇ ਸਿਰਿ ਛਾਈ ॥’’ (ਮ: ੧/੧੫੦) (‘ਜੇ’ ਭਾਵ ‘ਅਗਰ, ਜੇਕਰ’)
‘‘ਆਪਣ ਲੀਆ ‘ਜੇ’ ਮਿਲੈ; ਤਾ ਸਭੁ ਕੋ ਭਾਗਠੁ ਹੋਇ ॥’’ (ਮ: ੧/੧੫੬) (‘ਜੇ’ ਭਾਵ ‘ਅਗਰ, ਜੇਕਰ’)
(ੲ). ‘ਜਉ ਪੈ’ (ਭਾਵ ‘ਜੇਕਰ, ਅਗਰ’) ਇਹ (‘ਸ਼ਰਤ- ਵਾਚਕ (ਅਧੀਨ ਯੋਜਕ)’ ਸ਼ਬਦ ਗੁਰਬਾਣੀ ਵਿੱਚ 3 ਵਾਰ ਦਰਜ ਹੈ; ਜਿਵੇਂ:
‘‘ਜਉ ਪੈ’’ ਹਮ ਨ ਪਾਪ ਕਰੰਤਾ; ਅਹੇ (ਹੇ) ਅਨੰਤਾ ॥ ਪਤਿਤ ਪਾਵਨ ਨਾਮੁ; ਕੈਸੇ ਹੁੰਤਾ ? ॥’’ (ਭਗਤ ਰਵਿਦਾਸ/੯੩) (‘ਜਉ ਪੈ’ ਭਾਵ ‘ਜੇਕਰ, ਅਗਰ’)
‘‘ਜਉ ਪੈ’’ ; ਰਾਮ ਰਾਮ ਰਤਿ (ਪ੍ਰੇਮ) ਨਾਹੀ ॥ ਤੇ (ਉਹ) ਸਭਿ; ਧਰਮ ਰਾਇ ਕੈ ਜਾਹੀ ॥’’ (ਭਗਤ ਕਬੀਰ/੩੨੪) (‘ਜਉ ਪੈ’ਭਾਵ ‘ਅਗਰ’)
‘‘ਜਉ ਪੈ’’; ਰਸਨਾ ਰਾਮੁ ਨ ਕਹਿਬੋ ॥ ਉਪਜਤ, ਬਿਨਸਤ, ਰੋਵਤ ਰਹਿਬੋ ॥’’ (ਭਗਤ ਕਬੀਰ/੩੨੫) (‘ਜਉ ਪੈ’ ਭਾਵ‘ਅਗਰ’)
(6). ‘ਵਿਰੋਧ – ਵਾਚਕ (ਅਧੀਨ ਯੋਜਕ)’– ਜਦ ਕਿਸੇ ਮਿਸ਼ਰਤ ਵਾਕ ਵਿੱਚੋਂ ‘ਅਧੀਨ ਉਪ-ਵਾਕ’ ਦਾ ‘ਪ੍ਰਧਾਨ ਉਪ-ਵਾਕ’ ਨਾਲ ਵਿਰੋਧ (ਅਸਹਿਮਤੀ) ਪ੍ਰਗਟ ਹੁੰਦਾ ਹੋਵੇ, ਤਾਂ ਉਸ ‘ਯੋਜਕ’ ਨੂੰ ‘ਵਿਰੋਧ ਵਾਚਕ (ਅਧੀਨ ਯੋਜਕ)’ ਕਿਹਾ ਜਾਂਦਾ ਹੈ; ਜਿਵੇਂ:‘ਬੇਸ਼ੱਕ’ ਨੇਤਾ ਅਮੀਰ ਹੈ ‘ਪਰ’ ਬਹੁਤ ਕੰਜੂਸ ਹੈ। , ‘ਹਾਲਾਂਕਿ’ ਕਿਸਾਨ ਗ਼ਰੀਬ ਹੈ ‘ਤਾਂ ਵੀ’ ਦਿਆਲੂ ਹੈ।, ‘ਚਾਹੇ’ ਉਹ ਪੜ੍ਹਿਆ ਨਹੀਂ ‘ਫਿਰ ਵੀ’ ਸਿਆਣਾ ਹੈ।, ‘ਭਾਵੇਂ’ ਅਕਾਲੀ ਸਿੱਖਾਂ ਦੇ ਨੇਤਾ ਹਨ ‘ਪਰ’ ਗੁਰਮਤਿ ਦਾ ਨਾਸ਼ ਕਰ ਰਹੇ ਹਨ।’ ਆਦਿ, ਵਾਕਾਂ ਵਿੱਚ ‘ਬੇਸ਼ੱਕ….ਪਰ’, ਹਾਲਾਂਕਿ…. ਤਾਂ ਵੀ’, ‘ਚਾਹੇ….ਫਿਰ ਵੀ , ਭਾਵੇਂ….ਪਰ’ ਸ਼ਬਦ ‘ਵਿਰੋਧ ਵਾਚਕ’ (ਅਧੀਨ ਯੋਜਕ)ਹਨ।
(ੳ). ‘ਤਉ ਭੀ’- (ਭਾਵ ‘ਤਾਂ ਵੀ, ਫਿਰ ਵੀ’) ਇਹ ਸ਼ਬਦ ਗੁਰਬਾਣੀ ’ਚ 3 ਵਾਰ ਦਰਜ ਹੈ, ਜਿਸ ਦੀ ਵਰਤੋਂ ‘ਵਿਰੋਧ – ਵਾਚਕ (ਅਧੀਨ ਯੋਜਕ)’ ਅਧੀਨ ਵੀ ਕੀਤੀ ਗਈ ਹੈ; ਜਿਵੇਂ:
‘‘ਨਿਮਖ ਨਿਮਖ ਕਰਿ ਸਰੀਰੁ ਕਟਾਵੈ ॥ ‘ਤਉ ਭੀ’ ਹਉਮੈ ਮੈਲੁ ਨ ਜਾਵੈ ॥’’ (ਮ: ੫/੨੬੫) (‘ਤਉ ਭੀ’ ਭਾਵ ‘ਫਿਰ ਵੀ’)
‘‘ਕਹਾ ਬਿਸਨਪਦ ਗਾਵੈ ਗੁੰਗ ॥ ਜਤਨ ਕਰੈ ‘ਤਉ ਭੀ’ ਸੁਰ ਭੰਗ ॥’’ (ਮ: ੫/੨੬੭)
‘‘ਜਉ ਮੈ ਕੀਓ ਸਗਲ ਸੀਗਾਰਾ ॥ ‘ਤਉ ਭੀ’ ਮੇਰਾ ਮਨੁ ਨ ਪਤੀਆਰਾ ॥’’ (ਮ: ੫/੩੭੩)
(ਅ). ‘ਤਊ’- (ਭਾਵ ‘ਫਿਰ ਵੀ’ ਜਾਂ ‘ਤਾਂ ਵੀ’) ਇਹ (‘ਵਿਰੋਧ – ਵਾਚਕ (ਅਧੀਨ ਯੋਜਕ)’ ਸ਼ਬਦ ਵੀ ਗੁਰਬਾਣੀ ਵਿੱਚ ਦਰਜ ਹੈ; ਜਿਵੇਂ:
‘‘ਤੰਤ ਮੰਤ੍ਰ ਸਭ ਅਉਖਧ ਜਾਨਹਿ; ਅੰਤਿ ‘ਤਊ’ ਮਰਨਾ ॥’’ (ਭਗਤ ਕਬੀਰ/੪੭੭)
‘‘ਪਾਨ ਕਪੂਰ ਸੁਬਾਸਕ (ਸੋਹਣੀ ਸੁਗੰਧੀ ਦੇਣ ਵਾਲਾ ਚੰਦਨ) ਚੰਦਨ; ਅੰਤਿ ‘ਤਊ’ ਮਰਨਾ ॥’’ (ਭਗਤ ਕਬੀਰ/੪੭੭)
(ੲ). ‘ਤਾ ਭੀ’ (ਭਾਵ ‘ਫਿਰ ਵੀ’) ਗੁਰਬਾਣੀ ਵਿੱਚ ਇਹ ਸ਼ਬਦ 3 ਵਾਰ ਦਰਜ ਹੈ, ਜਿਸ ਵਿੱਚੋਂ 2 ਵਾਰ ‘ਵਿਰੋਧ – ਵਾਚਕ (ਅਧੀਨ ਯੋਜਕ)’ ਤੇ ਇੱਕ ਵਾਰ ‘ਪੜਨਾਂਵ’ ਹੈ; ਜਿਵੇਂ:
‘‘ਜੇ ਅਤਿ ਕ੍ਰੋਪ ਕਰੇ ਕਰਿ ਧਾਇਆ ॥ ‘ਤਾ ਭੀ’; ਚੀਤਿ ਨ ਰਾਖਸਿ ਮਾਇਆ ॥’’ (ਭਗਤ ਕਬੀਰ/੪੭੮) (‘ਤਾਂ ਭੀ’ ਭਾਵ ‘ਫਿਰ ਵੀ’ (ਯੋਜਕ)
‘‘ਦਸ ਅਸਟੀ ਮਿਲਿ; ਏਕੋ ਕਹਿਆ ॥ ‘ਤਾ ਭੀ’; ਜੋਗੀ ਭੇਦੁ ਨ ਲਹਿਆ ॥’’ (ਮ: ੫/੮੮੬) (‘ਤਾਂ ਭੀ’ ਭਾਵ ‘ਫਿਰ ਵੀ’(ਯੋਜਕ)
‘‘ਤੁਮਹਿ ਪਠਾਏ (ਭੇਜੇ); ਤਾ ਜਗ ਮਹਿ ਆਏ ॥ ਜੋ ਤੁਧੁ ਭਾਣਾ; ਸੇ ਕਰਮ ਕਮਾਏ ॥ ਤੁਝ ਤੇ ਬਾਹਰਿ ਕਿਛੂ ਨ ਹੋਆ; ‘ਤਾ ਭੀ’(ਤੈਨੂੰ) ਨਾਹੀ ਕਿਛੁ ਕਾੜਾ (ਚਿੰਤਾ)॥’’ (ਮ: ੫/੧੦੮੧) (‘ਤਾਂ ਭੀ’ ਭਾਵ ‘ਮੈਨੂੰ’ (ਪੜਨਾਂਵ)
(ਸ). ‘ਤਊ’ (ਭਾਵ ‘ਤਾਂ ਵੀ, ਫਿਰ ਵੀ’) ਗੁਰਬਾਣੀ ਵਿੱਚ ‘ਤਊ’ ਸ਼ਬਦ 16 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ 8 ਵਾਰ ‘ਵਿਰੋਧ ਵਾਚਕ (ਅਧੀਨ ਯੋਜਕ)’ ਹੈ; ਜਿਵੇਂ:
‘‘ਲੁੰਜਿਤ (ਸਿਰ ਦੇ ਵਾਲ ਪੁੱਟਣ ਵਾਲੇ ਸ੍ਰੇਵੜੇ) ਮੁੰਜਿਤ (ਬੈਰਾਗੀ, ਮੁੰਜ ਦੀ ਤੜਾਗੀ ਪਾਣ ਵਾਲੇ) ਮੋਨਿ ਜਟਾਧਰ; ਅੰਤਿ ‘ਤਊ’ ਮਰਨਾ ॥ (ਭਗਤ ਕਬੀਰ/੪੭੬) (‘ਤਊ’ ਭਾਵ ‘ਤਾਂ ਵੀ’)
‘‘ਲਉਕੀ; ਅਠਸਠਿ ਤੀਰਥ ਨ੍ਾਈ ॥ ਕਉਰਾਪਨੁ ‘ਤਊ’ ਨ ਜਾਈ ॥’’ (ਭਗਤ ਕਬੀਰ/੬੫੬) (‘ਤਊ’ ਭਾਵ ‘ਤਾਂ ਵੀ’)
ਮੀਨੁ ਪਕਰਿ ਫਾਂਕਿਓ ਅਰੁ ਕਾਟਿਓ; ਰਾਂਧਿ ਕੀਓ ਬਹੁ ਬਾਨੀ (ਕਈ ਤਰ੍ਹਾਂ ਨਾਲ)॥ ਖੰਡ ਖੰਡ ਕਰਿ ਭੋਜਨੁ ਕੀਨੋ; ‘ਤਊ’ ਨ ਬਿਸਰਿਓ ਪਾਨੀ ॥ (ਭਗਤ ਰਵਿਦਾਸ/੬੫੮) (‘ਤਊ’ ਭਾਵ ‘ਤਾਂ ਵੀ’)
‘‘ਅਸੁਮੇਧ ਜਗੁ ਕੀਜੈ, ਸੋਨਾ ਗਰਭ (ਫਲ ’ਚ ਛੁਪਾ ਕੇ) ਦਾਨੁ ਦੀਜੈ; ਰਾਮ ਨਾਮ ਸਰਿ ‘ਤਊ’ ਨ ਪੂਜੈ ॥’’ (ਭਗਤ ਨਾਮਦੇਵ/੯੭੩) (‘ਤਊ’ ਭਾਵ ‘ਤਾਂ ਵੀ’)
‘‘ਕੋਟਿ ਜਉ ਤੀਰਥ ਕਰੈ, ਤਨੁ ਜਉ ਹਿਵਾਲੇ ਗਾਰੈ; ਰਾਮ ਨਾਮ ਸਰਿ ‘ਤਊ’ ਨ ਪੂਜੈ ॥’’ (ਭਗਤ ਨਾਮਦੇਵ/੯੭੩) (‘ਤਊ’ ਭਾਵ‘ਤਾਂ ਵੀ’)
‘‘ਆਤਮ ਜਉ ਨਿਰਮਾਇਲੁ (ਦੇਵਤਿਆਂ ਦੀ ਭੇਟਾ) ਕੀਜੈ, ਆਪ ਬਰਾਬਰਿ ਕੰਚਨੁ ਦੀਜੈ; ਰਾਮ ਨਾਮ ਸਰਿ ‘ਤਊ’ ਨ ਪੂਜੈ ॥ (ਭਗਤ ਨਾਮਦੇਵ/ ੯੭੩) (‘ਤਊ’ ਭਾਵ ‘ਫਿਰ ਵੀ’)
‘‘ਕੋਟਿ ਜਗ; ਜਾ ਕੈ ਦਰਬਾਰ ॥ ਗੰਧ੍ਰਬ (ਰਾਗੀ) ਕੋਟਿ; ਕਰਹਿ ਜੈਕਾਰ ॥ ਬਿਦਿਆ ਕੋਟਿ; ਸਭੈ ਗੁਨ ਕਹੈ ॥ ‘ਤਊ’, ਪਾਰਬ੍ਰਹਮ ਕਾ ਅੰਤੁ ਨ ਲਹੈ ॥’’ (ਭਗਤ ਕਬੀਰ/੧੧੬੩) (‘ਤਊ’ ਭਾਵ ‘ਤਾਂ ਵੀ’)
‘‘ਸਿਰੁ ਕੰਪਿਓ ਪਗ ਡਗਮਗੇ; ਨੈਨ ਜੋਤਿ ਤੇ ਹੀਨ ॥ ਕਹੁ ਨਾਨਕ! ਇਹ ਬਿਧਿ ਭਈ; ‘ਤਊ’ ਨ ਹਰਿ ਰਸਿ ਲੀਨ ॥ (ਮ: ੯/੧੪੨੮) (‘ਤਊ’ ਭਾਵ ‘ਫਿਰ ਵੀ’)
(ਨੋਟ: ‘ਤਊ’ ਸ਼ਬਦ ਜਦ ‘ਯੋਜਕ’ ਨਹੀਂ ਹੁੰਦਾ ਤਾਂ ਇਸ ਦਾ ਅਰਥ ‘ਤਦ ਤਕ’ (ਕਿਰਿਆ ਵਿਸ਼ੇਸ਼ਣ) ਜਾਂ ‘ਤੈਨੂੰ, ਤੇਰੇ’ (ਪੜਨਾਂਵ) ਹੁੰਦਾ ਹੈ; ਜਿਵੇਂ
‘‘ਡੀਗਨ ਡੋਲਾ ਤਊ ਲਉ, ਜਉ ਮਨ ਕੇ ਭਰਮਾ ॥’’ (ਮ: ੫/੪੦੦) (‘ਤਊ’ ਭਾਵ ‘ਤਦ ਤਕ, ਉਸ ਸਮੇਂ ਤਕ (ਕਿਰਿਆ ਵਿਸ਼ੇਸ਼ਣ)
‘‘ਸੂਕਰ ਕੂਕਰ ਜੋਨਿ ਭ੍ਰਮੇ; ‘ਤਊ’ ਲਾਜ ਨ ਆਈ ॥’’ (ਭਗਤ ਕਬੀਰ/੬੯੨) (‘ਤਊ’ ਭਾਵ ‘ਤੈਨੂੰ’ (ਪੜਨਾਂਵ)
‘‘ਨੀਹੁ (ਪਿਆਰ) ਮਹਿੰਜਾ (ਮੇਰਾ) ਤਊ (ਤੇਰੇ) ਨਾਲਿ, ਬਿਆ (ਹੋਰ) ਨੇਹ ਕੂੜਾਵੇ ਡੇਖੁ ॥’’ (ਮ: ੫/੧੦੯੪) (‘ਤਊ’ ਭਾਵ ‘ਤੇਰੇ’(ਪੜਨਾਂਵ)
‘‘ਤਊ ਪਾਰਬ੍ਰਹਮ ਕਾ ਅੰਤੁ ਨ ਲਹੈ ॥’’ (ਭਗਤ ਕਬੀਰ/੧੧੬੩) (‘ਤਊ’ ਭਾਵ ‘ਤੇਰੇ’ (ਪੜਨਾਂਵ) ਆਦਿ।)
(ਹ). ‘ਜੇ’ (ਭਾਵ ‘ਭਾਵੇਂ, ਬੇਸ਼ੱਕ ਜਾਂ ਅਗਰ’) ਗੁਰਬਾਣੀ ਵਿੱਚ ‘ਜੇ’ ਸ਼ਬਦ 597 ਵਾਰ ਦਰਜ ਹੈ, ਜਿਸ ਦੇ 2 ਅਰਥ ਬਣਦੇ ਹਨ (1). ‘ਅਗਰ’ (ਜਦ ਇਹ ‘ਤਾ’ ਸ਼ਬਦ ਦੇ ਮੁਕਾਬਲੇ ਦਰਜ ਹੋਵੇ) ਅਤੇ (2). ‘ਭਾਵੇਂ ’ ਜਾਂ ‘ਬੇਸ਼ੱਕ’ (ਜਦ ਇਹ ‘ਤਾ’ ਸ਼ਬਦ ਦੇ ਮੁਕਾਬਲੇ ਦਰਜ ਨਾ ਹੋਵੇ। ਦੋਵੇਂ ਹੀ ਅਰਥ ‘ਵਿਰੋਧ ਵਾਚਕ (ਅਧੀਨ ਯੋਜਕ)’ ਹਨ; ਜਿਵੇਂ:
‘‘ਸੋਚੈ ਸੋਚਿ ਨ ਹੋਵਈ ‘ਜੇ’ ਸੋਚੀ ਲਖ ਵਾਰ ॥’’ (ਜਪੁ /ਮ: ੧) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘‘ਚੁਪੈ ਚੁਪ ਨ ਹੋਵਈ ‘ਜੇ’ ਲਾਇ ਰਹਾ ਲਿਵ ਤਾਰ ॥’’ (ਜਪੁ /ਮ: ੧) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘‘ਭੁਖਿਆ ਭੁਖ ਨ ਉਤਰੀ ‘ਜੇ’ ਬੰਨਾ ਪੁਰੀਆ ਭਾਰ ॥’’ (ਜਪੁ /ਮ: ੧) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘‘ਭਰਮੇ ਭਾਹਿ ਨ ਵਿਝਵੈ ‘ਜੇ’ ਭਵੈ ਦਿਸੰਤਰ ਦੇਸੁ ॥’’ (ਮ: ੧/੨੨) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘‘ਬਿਨੁ ਗੁਰ, ਭਗਤਿ ਨ ਪਾਈਐ; ਜੇ ਲੋਚੈ ਸਭੁ ਕੋਇ ॥’’ (ਮ: ੩/੩੧) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘‘ਅਧਿਆਤਮ ਕਰਮ ‘ਜੇ’ ਕਰੇ, ਨਾਮੁ ਨ ਕਬ ਹੀ ਪਾਇ ॥’’ (ਮ: ੩/੩੩) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘‘ਮਲੁ ਹਉਮੈ ਧੋਤੀ ਕਿਵੈ ਨ ਉਤਰੈ, ‘ਜੇ’ ਸਉ ਤੀਰਥ ਨਾਇ ॥’’ (ਮ: ੩/੩੯) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘‘ਹਰਿ ਨਾਮੈ ਤੁਲਿ ਨ ਪੁਜਈ, ਜੇ ਲਖ ਕੋਟੀ ਕਰਮ ਕਮਾਇ ॥’’ (ਮ: ੧/੬੨) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘‘ਧੋਤੀ ਮੂਲਿ ਨ ਉਤਰੈ, ਜੇ ਅਠਸਠਿ ਤੀਰਥ ਨਾਇ ॥’’ (ਮ: ੩/੮੭) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘‘ਬੋਲਾ ‘ਜੇ’ ਸਮਝਾਈਐ, ਪੜੀਅਹਿ ਸਿੰਮ੍ਰਿਤਿ ਪਾਠ ॥’’ (ਮ: ੧/੧੪੩) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘ਜੇ’ ਲਖ ਕਰਮ ਕਮਾਵਹੀ, ਬਿਨੁ ਗੁਰ ਅੰਧਿਆਰਾ ॥’ (ਮ: ੧/੨੨੯) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘ਜੇ’ ਮੇਲਣ ਨੋ ਬਹੁਤੇਰਾ ਲੋਚੀਐ, ਨ ਦੇਈ ਮਿਲਣ ਕਰਤਾਰੇ ॥’ (ਮ: ੪/੩੦੭) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘ਜੇ’ ਬਹੁਤਾ ਸਮਝਾਈਐ ਭੋਲਾ, ਭੀ ਸੋ ਅੰਧੋ ਅੰਧਾ ॥’ (ਮ: ੧/੩੫੮) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘ਜੇ’ ਕੋ ਨਾਉ ਧਰਾਏ ਵਡਾ, ਸਾਦ ਕਰੇ ਮਨਿ ਭਾਣੇ ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥’’ (ਮ: ੧/੩੬੦)
‘ਜੇ’ ਲਖ ਕਰਮ ਕਮਾਈਅਹਿ, ਕਿਛੁ ਪਵੈ ਨ ਬੰਧਾ ॥’ (ਮ: ੫/੩੯੬) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘‘ਮਨਮੁਖੁ ‘ਜੇ’ ਸਮਝਾਈਐ, ਭੀ ਉਝੜਿ ਜਾਏ ॥’’ (ਮ: ੧/੪੨੦) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘ਜੇ’ ਧਰਤੀ ਸਭ ਕੰਚਨੁ ਕਰਿ ਦੀਜੈ, ਬਿਨੁ ਨਾਵੈ ਅਵਰੁ ਨ ਭਾਇਆ ਰਾਮ ॥’’ (ਮ: ੪/੪੪੪) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘ਜੇ’ ਬਾਹਰਹੁ ਭੁਲਿ ਚੁਕਿ ਬੋਲਦੇ, ਭੀ ਖਰੇ ਹਰਿ ਭਾਣੇ ॥’’ (ਮ: ੪/੪੫੦) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘‘ਅੰਤਰਿ ਮੈਲੁ ‘ਜੇ’ ਤੀਰਥ ਨਾਵੈ, ਤਿਸੁ ਬੈਕੁੰਠ ਨ ਜਾਨਾਂ ॥’’ (ਭਗਤ ਕਬੀਰ/੪੮੪) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘ਜੇ’ ਧਾਵਹਿ ਬ੍ਰਹਮੰਡ ਖੰਡ ਕਉ, ਕਰਤਾ ਕਰੈ ਸੁ ਹੋਈ ॥’ (ਭਗਤ ਧੰਨਾ/੪੮੮) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘‘ਬਿਨੁ ਭਾਗਾ ਐਸਾ ਸਤਿਗੁਰੁ ਨ ਪਾਈਐ, ‘ਜੇ’ ਲੋਚੈ ਸਭੁ ਕੋਇ ॥’’ (ਮ: ੩/੪੯੦) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘ਜੇ’ ਬਹੁਤੇਰਾ ਲੋਚੀਐ, ਵਿਣੁ ਕਰਮੈ ਨ ਪਾਇਆ ਜਾਇ ॥’ (ਮ: ੩/੫੧੬) (‘ਜੇ’ ਭਾਵ ‘ਭਾਵੇਂ, ਬੇਸ਼ੱਕ)
‘ਜੇ’ ਸਉ ਖੇਲ ਖੇਲਾਈਐ ਬਾਲਕੁ, ਰਹਿ ਨ ਸਕੈ ਬਿਨੁ ਖੀਰੇ ॥’ (ਮ: ੫/੫੬੪), ਆਦਿ।
(ਨੋਟ: ਉਕਤ ਤਮਾਮ ਪੰਕਤੀਆਂ ਵਿੱਚ ‘ਜੇ’ ਦੇ ਮੁਕਾਬਲੇ ‘ਤਾ’ ਸ਼ਬਦ ਦਰਜ ਨਹੀਂ ਹੈ, ਪਰ ਹੇਠਾਂ ਦਿੱਤੀਆਂ ਪੰਕਤੀਆਂ ’ਚ ‘ਤਾਂ’ ਦੇ ਮੁਕਾਬਲੇ ‘ਜੇ’ ਦਰਜ ਹੈ, ਜਿਸ ਦਾ ਅਰਥ ਹੈ ‘ਅਗਰ’ ; ਜਿਵੇਂ:)
‘ਜੇ’ ਸੁਇਨੇ ਨੋ ਓਹੁ ਹਥੁ ਪਾਏ, ਤਾ ਖੇਹੂ ਸੇਤੀ ਰਲਿ ਗਇਆ ॥’ (ਮ: ੪/੩੦੭) (‘ਜੇ’ ਭਾਵ ‘ਅਗਰ, ਜੇਕਰ’)
‘‘ਅਨੇਕ ਤੀਰਥ ‘ਜੇ’ ਜਤਨ ਕਰੈ, ਤਾ ਅੰਤਰ ਕੀ ਹਉਮੈ ਕਦੇ ਨ ਜਾਇ ॥’’ (ਮ: ੩/੪੯੧) (‘ਜੇ’ ਭਾਵ ‘ਅਗਰ, ਜੇਕਰ’), ਆਦਿ।)
(7). ‘ਤੁਲਨਾ ਵਾਚਕ (ਅਧੀਨ ਯੋਜਕ)’– ਜਦ ਕਿਸੇ ਮਿਸ਼ਰਤ ਵਾਕ ਵਿੱਚ ‘ਅਧੀਨ ਉਪ-ਵਾਕ’ ਅਤੇ ‘ਪ੍ਰਧਾਨ ਉਪ-ਵਾਕ’ ਦੋ ਚੀਜ਼ਾਂ (ਵਸਤੂਆਂ) ਦੇ ਗੁਣ-ਔਗੁਣਾਂ ਦਾ ਟਾਕਰਾ (ਤੁਲਨਾ) ਪ੍ਰਗਟ ਕਰਨ, ਤਾਂ ਉਨ੍ਹਾਂ ਉਪਵਾਕਾਂ ਨੂੰ ਜੋੜਨ ਵਾਲੇ ‘ਯੋਜਕ’ ਨੂੰ‘ਤੁਲਨਾ ਵਾਚਕ (ਅਧੀਨ ਯੋਜਕ)’ ਕਿਹਾ ਜਾਂਦਾ ਹੈ; ਜਿਵੇਂ: ਉਹ ਇੰਨਾ ਕਮਜ਼ੋਰ ਹੈ ‘ਮਾਨੋ’ ਪਾਸ ਹੋਣਾ ਮੁਸ਼ਕਲ ਹੈ।, ਮੋਦੀ ਏਨਾ ਹਾਜ਼ਰ-ਜਵਾਬ ਹੈ ‘ਜਿਵੇਂ ਕਿ’ ਬੀਰਬਲ ਹੋਵੇ।, ਗੁਰਮੁਖ ਸਿੰਘ ਇਤਨਾ ਹੁਸ਼ਿਆਰ ਹੈ ‘ਕਿ’ ਮੁਕਾਬਲਾ ਨਹੀਂ।’ ਆਦਿ, ਵਾਕਾਂ ਵਿੱਚ‘ਮਾਨੋ, ਜਿਵੇਂ ਕਿ’ ਅਤੇ ‘ਕਿ’ ਸ਼ਬਦ ‘ਤੁਲਨਾ ਵਾਚਕ’ (ਅਧੀਨ ਯੋਜਕ) ਹਨ।
ਗੁਰਬਾਣੀ ਵਿੱਚ ‘ਗੁਰੂ, ਰੱਬ, ਰੱਬੀ ਨਾਮ (ਦਾਤ), ਸੰਗਤ, ਗੁਰਮੁਖ’ ਆਦਿ ਸ਼ਬਦਾਂ ਦੀ ਤੁਲਨਾ, ਦੁਨਿਆਵੀ ਮਨੁੱਖਾਂ (ਸ਼ਖਸੀਅਤਾਂ), ਵਸਤੂਆਂ (ਪਦਾਰਥਾਂ) ਆਦਿ ਨਾਲ ਕੀਤੀ ਹੋਈ ਬਹੁਤ ਮਿਲਦੀ ਹੈ, ਇਸ ਲਈ ਇਸ ‘ਯੋਜਕ’ ਦੀ ਗੁਰਬਾਣੀ ਵਿੱਚ ਵਧੇਰੇ ਵਰਤੋਂ ਕੀਤੀ ਹੋਈ ਮਿਲਦੀ ਹੈ; ਜਿਵੇਂ:
(ੳ). ‘ਜਣੁ, ਜਨੁ’ (ਭਾਵ ‘ਮਾਨੋ, ਜਾਣੋ’) ਗੁਰਬਾਣੀ ਵਿੱਚ ਇਹ ਸ਼ਬਦ ਵੀ ‘ਤੁਲਨਾ ਵਾਚਕ (ਅਧੀਨ ਯੋਜਕ)’ ਅਧੀਨ ਦਰਜ ਹਨ; ਜਿਵੇਂ:
‘‘ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ; ਤਿਸੁ ਲਾਖ ਬੇਦਨ ‘ਜਣੁ’ (ਮਾਨੋ) ਆਈ ॥’’ (ਮ: ੫/੬੧੨) (ਭਾਵ ਜਿਸ ਨੂੰ ਮੇਰਾ ਪਿਆਰਾ ਰਾਮ-ਪ੍ਰਭੂ ਭੁੱਲ ਜਾਂਦਾ ਹੈ ਉਸ ਨੂੰ (ਅਜਿਹਾ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ)) ਮਾਨੋ ਲੱਖਾਂ ਹੀ ਤਕਲੀਫ਼ਾਂ ਆ ਗਈਆਂ।)
‘‘ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ, ਜਨੁ (ਜਾਣੋ) ਬਿਚਰੈ ਅਨਰਾਧਾ (ਅਮੋੜ)॥’’ (ਭਗਤ ਬੇਣੀ/੯੩) (ਭਾਵ ਹੇ ਮੂਰਖ! ਤੂੰ ਮਾਲਕ ਨੂੰ ਯਾਦ ਕਰ, ਨਹੀਂ ਤਾਂ ਜਮਾ ਦੀ ਨਗਰੀ ਵਿੱਚ ਧੱਕਿਆ ਜਾਵੇਂਗਾ (ਫਿਰ ਤੈਨੂੰ ਅਜਿਹਾ ਮਹਿਸੂਸ ਹੋਵੇਗਾ ਕਿ) ਮਾਨੋ ਕੋਈ ਅਮੋੜ ਬੰਦਾ ਫਿਰਦਾ ਹੋਵੇ।)
(ਅ). ‘ਜਨਕ’ (ਭਾਵ ‘ਜਾਣੋ, ਮਾਨੋ’) ਇਹ ਸ਼ਬਦ ਗੁਰਬਾਣੀ ਵਿੱਚ 8 ਵਾਰ ਦਰਜ ਹੈ, ਪਰ ‘ਤੁਲਨਾ ਵਾਚਕ (ਅਧੀਨ ਯੋਜਕ)’ਕੇਵਲ 2 ਵਾਰ ਹੈ; ਜਿਵੇਂ:
‘‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ‘ਜਨਕ’ (ਮਾਨੋ) ਮੋਤੀ ॥’’ (ਮ: ੧/੧੩)
‘‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ ‘ਜਨਕ’ (ਜਾਣੋ) ਮੋਤੀ ॥ (ਮ: ੧/੬੬੩)
(ਨੋਟ: ‘ਜਨਕ’ ਸ਼ਬਦ ਜਦ ‘ਯੋਜਕ’ ਨਹੀਂ ਹੁੰਦਾ ਤਾਂ ‘ਰਾਜਾ ਜਨਕ’ ਲਈ 6 ਵਾਰ ਦਰਜ ਹੈ; ਜਿਵੇਂ:
‘‘ਜਾਤ ਨਜਾਤਿ ਦੇਖਿ ਮਤ ਭਰਮਹੁ, ਸੁਕ ‘ਜਨਕ’ ਪਗੀਂ ਲਗਿ ਧਿਆਵੈਗੋ ॥’’ (ਮ: ੪/੧੩੦੯)
‘‘ਇਹੁ ‘ਜਨਕ’ ਰਾਜੁ ਗੁਰ ਰਾਮਦਾਸ ਤੁਝ ਹੀ ਬਣਿ ਆਵੈ ॥’’ (ਭਟ ਕਲੵ /੧੩੯੮) ਆਦਿ। )
(ੲ). ‘ਜੁ’ (ਭਾਵ ‘ਜਿਵੇਂ’) ਇਹ ਸ਼ਬਦ ਗੁਰਬਾਣੀ ਵਿੱਚ 76 ਵਾਰ ਦਰਜ ਹੈ, ਪਰ ‘ਤੁਲਨਾ ਵਾਚਕ (ਅਧੀਨ ਯੋਜਕ)’ ਕੇਵਲ 1 ਵਾਰ ਦਰਜ ਹੈ; ਜਿਵੇਂ:
‘‘ਕਬੀਰ ! ਮਾਰੀ ਮਰਉ ਕੁਸੰਗ ਕੀ; ਕੇਲੇ ਨਿਕਟਿ ‘ਜੁ’ (ਜਿਵੇਂ) ਬੇਰਿ ॥’’ (ਭਗਤ ਕਬੀਰ/੧੩੬੯)
(ਸ). ‘ਜਿਉ’ (ਭਾਵ ‘ਜਿਵੇਂ’) ਇਹ ਸ਼ਬਦ ਗੁਰਬਾਣੀ ਵਿੱਚ 585 ਵਾਰ ਦਰਜ ਹੈ। ਜਦ ਇਹ ਸ਼ਬਦ ‘ਕਿਰਿਆ ਵਾਚੀ’ ਸ਼ਬਦ ਨਾਲ ਸੰਬੰਧਤ ਹੋਵੇ ਤਾਂ ‘ਕਿਰਿਆ ਵਿਸ਼ੇਸ਼ਣ’ ਹੁੰਦਾ ਹੈ; ਜਿਵੇਂ:
‘‘ਦੇਹੁ ਸਜਣ ਅਸੀਸੜੀਆ, ‘ਜਿਉ ਹੋਵੈ’ ਸਾਹਿਬ ਸਿਉ ਮੇਲੁ ॥’’ (ਮ: ੧/੧੨) (‘ਜਿਉ ਹੋਵੈ’ ਕਿਰਿਆ ਵਿਸ਼ੇਸ਼ਣ)
‘‘ਜਿਉ ਜਿਉ ਚਲਹਿ’’, ਚੁਭੈ, ਦੁਖੁ ਪਾਵਹਿ; ਜਮਕਾਲੁ ਸਹਹਿ ਸਿਰਿ ਡੰਡਾ ਹੇ ॥’’ (ਮ: ੪/੧੩) (‘ਜਿਉ ਚਲਹਿ’ ਕਿਰਿਆ ਵਿਸ਼ੇਸ਼ਣ)
‘‘ਜਿਉ ਭਾਵੈ’’ ਤਿਉ ਰਾਖੁ ਤੂ, ਮੈ ਅਵਰੁ ਨ ਦੂਜਾ ਕੋਇ ॥’’ (ਮ: ੧/੨੦) (‘ਜਿਉ ਭਾਵੈ’ ਕਿਰਿਆ ਵਿਸ਼ੇਸ਼ਣ), ਆਦਿ।
ਪਰ ਜਦ ਇਹ (ਜਿਉ) ਸ਼ਬਦ ਕਿਸੇ ਨਾਂਵ ਸ਼ਬਦ ਨਾਲ ਸੰਬੰਧਤ ਆਵੇ ਤਾਂ ‘ਤੁਲਨਾ ਵਾਚਕ (ਅਧੀਨ ਯੋਜਕ)’ ਹੁੰਦਾ ਹੈ; ਜਿਵੇਂ:
‘‘ਜਿਉਂ’’ ਜਲ ਤੰਤੁ ਪਸਾਰਿਓ ਬਧਕਿ, ਗ੍ਰਸਿ ਮੀਨਾ ਵਸਗਤਿ ਖਰਿਆ ॥’’ (ਮ: ੪/੧੨੯੪) (ਭਾਵ ਜਿਵੇਂ ਸ਼ਿਕਾਰੀ ਨੇ ਜਾਲ (ਰਾਹੀਂ) ਮੱਛੀ ਨੂੰ ਫੜ ਕੇ ਕਾਬੂ ਕਰ ਲਿਆ।) (‘ਜਿਉ’ ਯੋਜਕ)
‘‘ਬਹੁ ਜੋਨੀ ਭਉਦਾ ਫਿਰੈ; ‘ਜਿਉ’ ਸੁੰਞੈਂ ਘਰਿ ਕਾਉ ॥’’ (ਮ: ੩/੩੦) (‘ਜਿਉ’ ਯੋਜਕ)
‘‘ਮਨਮੁਖਿ ਨਾਮੁ ਵਿਸਾਰਿਆ; ‘ਜਿਉ’ ਡਵਿ ਦਧਾ ਕਾਨੁ ॥’’ (ਮ: ੧/੬੩) (ਭਾਵ ਮਨਮੁਖ ਰੱਬੀ ਯਾਦ ਭੁਲਾ ਕੇ ਇਉਂ ਸੜ ਗਿਆ ਜਿਵੇਂ ਜੰਗਲ ਦੀ ਅੱਗ ਨਾਲ ਕਾਨਾ ਸੜਿਆ ਹੁੰਦਾ ਹੈ।)
‘‘ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ! ‘ਜਿਉ’ ਜਸੁਦਾ ਘਰਿ ਕਾਨੁ (ਕ੍ਰਿਸ਼ਨ)॥’’ (ਮ: ੧/੭੫) (‘ਜਿਉ’ ਯੋਜਕ)
‘‘ਤਹ ਭਇਆ ਪ੍ਰਗਾਸੁ, ਮਿਟਿਆ ਅੰਧਿਆਰਾ; ‘ਜਿਉ’ ਸੂਰਜ ਰੈਣਿ ਕਿਰਾਖੀ ॥’’ (ਮ: ੪/੮੭) (ਜਿਵੇਂ ਸੂਰਜ (ਰੌਸ਼ਨੀ) ਨੇ ਰਾਤ (ਹਨੇਰਾ) ਖਿੱਚ ਲਈ।)
‘‘ਗੁਰਿ ਡੀਠੈ, ਗੁਰ ਕਾ ਸਿਖੁ ਬਿਗਸੈ; ‘ਜਿਉ’ ਬਾਰਿਕੁ (ਬੱਚੇ ਨੂੰ) ਦੇਖਿ ਮਹਤਾਰੀ (ਮਾਂ) ॥’’ (ਮ: ੪/੧੨੬੩) (‘ਜਿਉ’ ਯੋਜਕ),ਆਦਿ।
(ਹ). ‘ਨਾਤਰੁ’ (ਭਾਵ ‘ਨਹੀਂ ਤਾਂ’) ਇਹ (ਯੋਜਕ) ਸ਼ਬਦ ‘ਤੁਲਨਾ ਵਾਚਕ (ਅਧੀਨ ਯੋਜਕ)’ ਅਧੀਨ ਵੀ ਦਰਜ ਹੈ; ਜਿਵੇਂ:
‘‘ਗੁਰ ਪਰਸਾਦਿ ਅਕਲਿ ਭਈ ਅਵਰੈ; ‘ਨਾਤਰੁ’, ਥਾ ਬੇਗਾਨਾ ॥’’ (ਭਗਤ ਕਬੀਰ/੩੩੩) (‘ਨਾਤਰੁ’ ਭਾਵ ‘ਨਹੀਂ ਤਾਂ’)
(ਕ). ‘ਨਾਹੀ ਤ’ (ਭਾਵ ‘ਨਹੀਂ ਤਾਂ’) ਇਹ (ਯੋਜਕ) ਸ਼ਬਦ ‘ਤੁਲਨਾ ਵਾਚਕ (ਅਧੀਨ ਯੋਜਕ)’ ਅਧੀਨ ਵੀ ਦਰਜ ਹੈ; ਜਿਵੇਂ:
‘‘ਦੂਧੁ ਪੀਉ, ਮੇਰੋ ਮਨੁ ਪਤੀਆਇ ॥ ‘ਨਾਹੀ ਤ’, ਘਰ ਕੋ ਬਾਪੁ ਰਿਸਾਇ ॥’’ (ਭਗਤ ਨਾਮਦੇਵ/੧੧੬੩) ਆਦਿ।