ਗੁਰਬਾਣੀ ਵਿਚ ਦਰਜ ‘ਯੋਜਕ’ ਸ਼ਬਦ ਦੀ ਬਹੁ ਪੱਖੀ ਵੀਚਾਰ (ਭਾਗ ਪਹਿਲਾ)
ਪਿਛਲੇ ਲੇਖ ’ਚ ਵੀਚਾਰ ਕੀਤੀ ਗਈ ਸੀ ਕਿ ‘ਵਿਸਮਿਕ’ ਸ਼ਬਦ ਕੀ ਹੁੰਦਾ ਹੈ ਪਰ ਅੱਜ ਦਾ ਵਿਸ਼ਾ ਹੈ ਕਿ ‘ਯੋਜਕ’ ਕੀ ਹੁੰਦਾ ਹੈ ਅਤੇ ਗੁਰਬਾਣੀ ਲਿਖਤ ’ਚ ਇਸ ਦਾ ‘ਕਿੰਨਾ’ ਅਤੇ ‘ਕਿਸ ਤਰ੍ਹਾਂ’ ਨਾਲ ਪ੍ਰਯੋਗ ਕੀਤਾ ਹੋਇਆ ਮਿਲਦਾ ਹੈ।
‘ਯੋਜਕ’ ਸ਼ਬਦ ਦਾ ਅਰਥ ਹੁੰਦਾ ਹੈ ‘ਜੋੜਨ ਵਾਲਾ’। ਜਿਹੜਾ ਸ਼ਬਦ, ਦੋ ਸ਼ਬਦਾਂ (ਜਿਵੇਂ: ਰਾਮ ‘ਤੇ’ ਲਛਮਣ), ਦੋ ਵਾਕੰਸ਼ਾਂ (ਜਿਵੇਂ: ਅਯੋਧਿਆ ਦਾ ਰਾਜਾ ਰਾਮ ‘ਅਤੇ’ ਉਸ ਦਾ ਭਰਾ ਲਛਮਣ।) ਜਾਂ ਦੋ ਵਾਕਾਂ (ਜਿਵੇਂ: ਰਾਮ ਮਿਲਣ ਆਇਆ ‘ਪਰ’ ਲਛਮਣ ਘਰਨਹੀਂ ਸੀ।) ਨੂੰ ਜੋੜੇ, ਉਸ ਨੂੰ ਯੋਜਕ (Conjunction) ਕਿਹਾ ਜਾਂਦਾ ਹੈ। ਇਨ੍ਹਾਂ ਉਕਤ ਵਾਕਾਂ ਵਿੱਚ ‘ਤੇ, ਅਤੇ, ਪਰ’ ਯੋਜਕ ਸ਼ਬਦ ਹਨ। ਇਹ ਦੋ ਪ੍ਰਕਾਰ ਦੇ ਹੁੰਦੇ ਹਨ: (ੳ). ਸਮਾਨ ਯੋਜਕ (Co-ordinate Conjunctions) (ਅ). ਅਧੀਨ ਯੋਜਕ (Sub-ordinate Conjunctions)
(ੳ). ‘ਸਮਾਨ ਯੋਜਕ’ ਜੋ ਯੋਜਕ, ਦੋ ਸਮਾਨ (ਬਰਾਬਰ) ਸੁਤੰਤਰ ਸ਼ਬਦਾਂ, ਸੁਤੰਤਰ ਵਾਕੰਸ਼ਾਂ ਜਾਂ ਸੁਤੰਤਰ ਵਾਕਾਂ ਨੂੰ ਜੋੜਨ, ਉਨ੍ਹਾਂ ਨੂੰ‘ਸਮਾਨ ਯੋਜਕ’ ਕਿਹਾ ਜਾਂਦਾ ਹੈ; ਜਿਵੇਂ: ‘ਚੰਡੀਗੜ੍ਹ ਪੰਜਾਬ ‘ਅਤੇ’ ਹਰਿਆਣਾ ਦੀ ਰਾਜਧਾਨੀ ਹੈ।, ਵਾਕ ਵਿੱਚ ‘ਅਤੇ’ ਸ਼ਬਦ‘ਸਮਾਨ ਯੋਜਕ’ ਹੈ।
(ਅ). ‘ਅਧੀਨ ਯੋਜਕ’– ਜੋ ਸ਼ਬਦ, ਇੱਕ ਮਿਸ਼ਰਤ (mixed) ਵਾਕ ਵਿੱਚੋਂ ‘ਪ੍ਰਧਾਨ ਉਪ-ਵਾਕ’ ਅਤੇ ‘ਅਧੀਨ ਉਪ-ਵਾਕਾਂ’ ਨੂੰ ਆਪਸ ਵਿੱਚ ਜੋੜਨ, ਉਨ੍ਹਾਂ ਨੂੰ ‘ਅਧੀਨ ਯੋਜਕ’ ਕਿਹਾ ਜਾਂਦਾ ਹੈ। ਇਨ੍ਹਾਂ ਦੋਵੇਂ ਵਾਕਾਂ (‘ਪ੍ਰਧਾਨ ਉਪ-ਵਾਕ’ ਅਤੇ ‘ਅਧੀਨ ਉਪ-ਵਾਕਾਂ’) ਵਿੱਚੋਂ ਜ਼ਿਆਦਾਤਰ ‘ਅਧੀਨ ਉਪ-ਵਾਕ’ ਹੀ ‘ਪ੍ਰਧਾਨ ਉਪ-ਵਾਕਾਂ’ ਦੀ ਕਿਰਿਆ ਨੂੰ ਸਪਸ਼ਟ ਕਰਦੇ ਹਨ, ਇਸ ਲਈ ਇਨ੍ਹਾਂ ਯੋਜਕਾਂ ਦਾ ਨਾਮ ਹੀ ‘ਅਧੀਨ ਯੋਜਕ’ ਰੱਖਿਆ ਗਿਆ ਹੈ; ਜਿਵੇਂ: (1). ‘ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ‘ਕਿ’ ‘ਕਿਰਤ ਕਰੋ, ਨਾਮ ਜਪੋ ‘ਤੇ’ ਵੰਡ ਕੇ ਛਕੋ।’ ਇਸ ਮਿਸ਼ਰਤ ਵਾਕ ਵਿੱਚ ‘ਗੁਰੂ ਨਾਨਕ ਸਾਹਿਬ ਜੀ ਨੇ ਕਿਹਾ’ ‘ਪ੍ਰਧਾਨ ਉਪ-ਵਾਕ’ ਹੈ,ਜਿਸ ਦੀ ਕਿਰਿਆ ਨੂੰ ‘ਕਿਰਤ ਕਰੋ, ਨਾਮ ਜਪੋ ‘ਤੇ’ ਵੰਡ ਕੇ ਛਕੋ।’ (‘ਅਧੀਨ ਉਪ-ਵਾਕ’) ਸਪਸ਼ਟ ਕਰਦਾ ਹੈ। ਇਸ ਲਈ ਇਸ ਮਿਸ਼ਰਤ ਵਾਕ ਵਿੱਚ ‘ਕਿ’ ਸ਼ਬਦ ‘ਅਧੀਨ ਯੋਜਕ’ ਹੈ।
‘ਸਮਾਨ ਯੋਜਕਾਂ’ ਵਾਙ ਅਗਰ ‘ਅਧੀਨ ਯੋਜਕ’ (ਕਿ) ਨੂੰ ਹਟਾ ਦਿੱਤਾ ਜਾਵੇ ਤਾਂ ਇਸ ਮਿਸ਼ਰਤ ਵਾਕ (‘ਪ੍ਰਧਾਨ ਉਪ-ਵਾਕ’ ਤੇ‘ਅਧੀਨ ਉਪ-ਵਾਕ’ ਦੇ ਜੋੜ) ਰਾਹੀਂ ‘ਪ੍ਰਧਾਨ ਉਪ-ਵਾਕ’ (‘ਗੁਰੂ ਨਾਨਕ ਸਾਹਿਬ ਜੀ ਨੇ ਕਿਹਾ’) ਕੋਈ ਸਪਸ਼ਟ ਵਾਕ ਨਹੀਂ ਰਹਿ ਜਾਂਦਾ।
ਅਗਰ ਇਸ ਮਿਸ਼ਰਤ ਵਾਕ ਵਿੱਚੋਂ ‘ਗੁਰੂ ਨਾਨਕ ਸਾਹਿਬ ਜੀ ਨੇ ਕਿਹਾ’ (ਪ੍ਰਧਾਨ ਉਪ-ਵਾਕ) ਅਲੱਗ ਕਰ ਦਿੱਤਾ ਜਾਵੇ ਤਾਂ ‘ਕਿਰਤ ਕਰੋ, ਨਾਮ ਜਪੋ ‘ਤੇ’ ਵੰਡ ਕੇ ਛਕੋ।’ ਸੁਤੰਤਰ ਵਾਕ ਰਹਿ ਜਾਂਦਾ ਹੈ, ਜਿਸ ਵਿੱਚ ਦਰਜ ‘ਤੇ’ ਸ਼ਬਦ ‘ਸਮਾਨ ਯੋਜਕ’ ਹੈ, ਨਾ ਕਿ‘ਅਧੀਨ ਯੋਜਕ’ ਕਿਉਂਕਿ ‘ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ’ (ਤਿੰਨੇ) ਹੀ ਸੁਤੰਤਰ ਵਾਕ ਹਨ, ਜਿਨ੍ਹਾਂ ਨੂੰ ਮਿਸ਼ਰਤ ਵਾਕ (‘ਪ੍ਰਧਾਨ ਉਪ-ਵਾਕ’ ਤੇ ‘ਅਧੀਨ ਉਪ-ਵਾਕ’ ਦਾ ਸੁਮੇਲ) ਨਹੀਂ ਕਿਹਾ ਜਾ ਸਕਦਾ, ਤਾਂ ਜੋ ‘ਅਧੀਨ ਯੋਜਕ’ ਮੰਨ ਲਿਆ ਜਾਵੇ।
(2). ‘ਰਾਮ ਸਕੂਲ ਨਹੀਂ ਆਇਆ ‘ਕਿਉਂਕਿ’ ਉਹ ਬਿਮਾਰ ਹੈ।’, ਇਸ ਮਿਸ਼ਰਤ ਵਾਕ ਵਿੱਚ ‘ਕਿਉਂਕਿ’ ਸ਼ਬਦ ‘ਅਧੀਨ ਯੋਜਕ’ਹੈ, ਨਾ ਕਿ ‘ਸਮਾਨ ਯੋਜਕ’।
(ਭਾਗ-1)
‘ਸਮਾਨ ਯੋਜਕ’ (ਦੋ ਸੁਤੰਤਰ ਸਮਾਨ ਵਾਕਾਂ ਜਾਂ ਸਮਾਨ ਉਪਵਾਕਾਂ ਨੂੰ ਜੋੜਨ ਵਾਲੇ ਯੋਜਕ) ਚਾਰ ਪ੍ਰਕਾਰ ਦੇ ਹੁੰਦੇ ਹਨ:
(1). ‘ਸਮੁੱਚੀ ਸਮਾਨ ਯੋਜਕ’:– ਜੋ ‘ਸਮਾਨ ਯੋਜਕ’, ਦੋ ਸਮਾਨ ਸ਼ਬਦਾਂ ਜਾਂ ਵਾਕਾਂ ਨੂੰ ਸਧਾਰਨ ਤੌਰ ’ਤੇ ਜੋੜ ਕੇ ‘ਸਮੁੱਚਾ, (ਇਕੱਠਾ, ਸਮੂਹਕ) ਭਾਵ’ ਪ੍ਰਗਟ ਕਰਨ, ਉਨ੍ਹਾਂ ਨੂੰ ‘ਸਮੁੱਚੀ ਸਮਾਨ ਯੋਜਕ’ ਕਿਹਾ ਜਾਂਦਾ ਹੈ; ਜਿਵੇਂ: ਰਾਮ ‘ਅਤੇ’ ਸ਼ਾਮ ਪੜ੍ਹਦੇ ਹਨ।, ਉਹ ‘ਨਾ-ਕੇਵਲ’ ਗਾਉਂਦਾ ਹੈ ‘ਸਗੋਂ’ ਲੇਖਕ ਵੀ ਹੈ।’ ਇਨ੍ਹਾਂ ਵਾਕਾਂ ਵਿੱਚ ‘ਅਤੇ, ਨਾ-ਕੇਵਲ, ਸਗੋਂ ’ (ਕੁਲ 3) ਸ਼ਬਦ‘ਸਮੁੱਚੀ ਸਮਾਨ ਯੋਜਕ’ ਹਨ।
(ਨੋਟ: ਤਮਾਮ ਯੋਜਕ ਸ਼ਬਦਾਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਵਿਸਰਾਮ ਚਿੰਨ੍ਹਾਂ ਦਾ ਪ੍ਰਯੋਗ ਕਰਨਾ ਅਣਉਚਿਤ ਹੈ; ਜਿਵੇਂ: ‘ਰਾਮ, ਤੇ ਸਾਮ ਪੜ੍ਹਦੇ ਹਨ ਜਾਂ ਉਹ ਆਏ, ਤੇ ਚਲੇ ਗਏ।’)
ਗੁਰਬਾਣੀ ਵਿੱਚ ‘ਸਮੁੱਚੀ ਸਮਾਨ ਯੋਜਕ’ ਸ਼ਬਦ ਹਨ ‘ਅਤੈ, ਤੈ, ਅਉ, ਅਰੁ, ਅਵਰ, ਅਵਰੁ’ ਆਦਿ, ਜਿਨ੍ਹਾਂ ਦਾ ਅਰਥ ਹੈ ‘ਤੇ’ਜਾਂ ‘ਅਤੇ’; ਜਿਵੇਂ:
(ੳ). ‘ਅਤੈ’ (ਭਾਵ ‘ਅਤੇ’) ਗੁਰਬਾਣੀ ਵਿੱਚ ਇਹ (ਯੋਜਕ) ਸ਼ਬਦ 6 ਵਾਰ ਦਰਜ ਹਨ; ਜਿਵੇਂ:
‘‘ਨਦੀਆ ‘ਅਤੈ’ ਵਾਹ (ਨਾਲੇ); ਪਵਹਿ ਸਮੁੰਦਿ ਨ ਜਾਣੀਅਹਿ ॥’’ (ਜਪੁ/ਮ:੧)
‘‘ਪੜਿਆ ‘ਅਤੈ’ ਓਮੀਆ (ਅਣਪੜ੍ਹ); ਵੀਚਾਰੁ ਅਗੈ ਵੀਚਾਰੀਐ ॥’’ (ਮ: ੧/੪੬੯)
‘‘ਗੋਹੇ ‘ਅਤੈ’ ਲਕੜੀ; ਅੰਦਰਿ ਕੀੜਾ ਹੋਇ॥’’ (ਮ:੧/੪੭੨)
‘‘ਨਾਨਕ! ਮੇਲੁ ਨ ਚੁਕਈ; ਰਾਤੀ ‘ਅਤੈ’ ਡੇਹ (ਦਿਨ)॥’’ (ਮ:੩/੬੪੪)
‘‘ਸਿਖੀ ‘ਅਤੈ’ ਸੰਗਤੀ; ਪਾਰਬ੍ਰਹਮੁ ਕਰਿ ਨਮਸਕਾਰਿਆ ॥’’ (ਬਲਵੰਡ ਸਤਾ/੯੬੮)
‘‘ਰਾਤੀ ‘ਅਤੈ’ ਡੇਹੁ; ਨਾਨਕ ! ਪ੍ਰੇਮਿ ਸਮਾਇਆ ॥’’ (ਮ: ੪/੧੪੨੨)
(ਅ). ‘ਤੈ’ (ਭਾਵ ‘ਤੇ’) ਗੁਰਬਾਣੀ ਵਿੱਚ ਇਹ (ਯੋਜਕ) ਸ਼ਬਦ 33 ਵਾਰ ਦਰਜ ਹਨ; ਜਿਵੇਂ:
‘‘ਆਖਹਿ ਗੋਪੀ ‘ਤੈ’ ਗੋਵਿੰਦ ॥’’ (ਜਪੁ /ਮ: ੧/੬)
‘‘ਜੇਤਾ ਊਡਹਿ ਦੁਖ ਘਣੇ; ਨਿਤ ਦਾਝਹਿ ‘ਤੈ’ ਬਿਲਲਾਹਿ ॥’’ (ਮ: ੩/੬੬)
‘‘ਕਟੀਅਹਿ ‘ਤੈ’ ਨਿਤ ਜਾਲੀਅਹਿ; (ਕਿਉਂਕਿ) ਓਨਾ (ਦੀ ਮਦਦ ਲਈ) ਸਬਦੁ ਨ ਨਾਉ ॥’’ (ਮ: ੩/੬੬)
‘‘ਆਪਿ ਸੁਣੈ ‘ਤੈ’ ਆਪੇ ਵੇਖੈ ॥’’ (ਮ: ੩/੧੧੦)
‘‘ਆਪਿ ਕਰੇ ‘ਤੈ’ ਆਪਿ ਕਰਾਏ ॥’’ (ਮ: ੩/੧੧੧)
‘‘ਹਰਿ! ਤੁਧੈ ਸੇਵੀ ‘ਤੈ’ ਤੁਧੁ ਸਾਲਾਹੀ ॥’’ (ਮ: ੩/੧੧੨)
‘‘ਕੂੜੁ ਲਿਖਹਿ ‘ਤੈ’ ਕੂੜੁ ਕਮਾਵਹਿ; ਜਲਿ ਜਾਵਹਿ, ਕੂੜਿ ਚਿਤੁ ਲਾਵਣਿਆ ॥’’ (ਮ: ੩/੧੨੩)
‘‘ਹਉ ਹਉ ਕਰੇ ‘ਤੈ’ ਆਪੁ ਜਣਾਏ ॥’’ (ਮ: ੩/੧੨੭) (ਭਾਵ ਹੰਕਾਰ ਕਰਦਾ ਹੈ ਤੇ ਆਪਣੇ ਆਪ ਨੂੰ ਵੱਡਾ ਸਮਝਦਾ ਹੈ।)
‘‘ਆਪਿ ਉਪਾਏ ‘ਤੈ’ ਆਪੇ ਵੇਖੈ ॥’’ (ਮ: ੩/੧੨੯)
‘‘ਵੇਖੁ ਜਿ ਮਿਠਾ (ਗੰਨਾ) ਕਟਿਆ; ਕਟਿ ਕੁਟਿ ਬਧਾ ਪਾਇ ॥ ਖੁੰਢਾ ਅੰਦਰਿ (ਗੰਨਾ ਵੇਲਣੇ ਦੀਆਂ ਲੱਠਾਂ ’ਚ) ਰਖਿ ਕੈ, ਦੇਨਿ ਸੁ ਮਲ (ਗੰਨੇ ਨੂੰ ਦਬਾ ਕੇ ਰਸ ਕੱਢਣ ਵਾਲੇ) ਸਜਾਇ ॥ ਰਸੁ ਕਸੁ (ਰਹੁ, ਰਸ) ਟਟਰਿ (ਕੜਾਹੇ ਵਿੱਚ) ਪਾਈਐ; ਤਪੈ ‘ਤੈ’ ਵਿਲਲਾਇ ॥’’ (ਮ: ੧/੧੪੩)
‘‘ਭਗਤਾ ‘ਤੈ’ ਸੈਸਾਰੀਆ; ਜੋੜੁ ਕਦੇ ਨ ਆਇਆ ॥’’ (ਮ: ੧/੧੪੫)
‘‘ਜੀਆ ਮਾਰਿ ਜੀਵਾਲੇ ਸੋਈ; ਅਵਰੁ ਨ ਕੋਈ ਰਖੈ ॥ (ਪਰ ਸ੍ਰੇਵੜੇ) ਦਾਨਹੁ ‘ਤੈ’ ਇਸਨਾਨਹੁ ਵੰਜੇ (ਖੁੰਝੇ); ਭਸੁ ਪਈ ਸਿਰਿ ਖੁਥੈ ॥’’ (ਮ: ੧/੧੫੦) (ਭਾਵ ਜੀਵਾਂ ਨੂੰ ਮਾਰਨ ਤੇ ਜੀਉਂਦੇ ਰੱਖਣ ਵਾਲਾ ਉਹੀ (ਰੱਬ) ਹੈ ਪਰ ਸ੍ਰੇਵੜੇ ਪਾਣੀ ਦੇ ਪ੍ਰਯੋਗ ਨਾਲ ਤੇ ਕਿਰਤ ਰਾਹੀਂ ਹੋਣ ਵਾਲੀ ਜੀਵ-ਹੱਤਿਆ ਦੇ ਡਰ ਕਾਰਨ ਨਹਾਉਂਦੇ ਨਹੀਂ ਤੇ (ਕਮਾਈ ਨਾ ਕਰਨ ਕਾਰਨ) ਦਾਨ (ਕਿਸੇ ਦੀ ਮਦਦ) ਵੀ ਨਹੀਂ ਕਰ ਸਕਦੇ ਤੇ ਸਿਰ ’ਤੇ ਸੁਆਹ ਪਈ ਹੋਣ ਕਾਰਨ ਕੇਵਲ ਖੁਜਲੀ ਕਰਦੇ ਰਹਿੰਦੇ ਹਨ।)
‘‘ਕਥਨੀ ਕਰੇ ‘ਤੈ’ ਮਾਇਆ ਨਾਲਿ ਲੂਝੈ ॥’’ (ਮ: ੩/੧੬੦)
‘‘ਆਪਿ ਕਰੇ ‘ਤੈ’ ਆਪਿ ਕਰਾਏ ॥’’ (ਮ: ੩/੪੨੪)
‘‘ਚੋਰਾ ਜਾਰਾ ‘ਤੈ’ ਕੂੜਿਆਰਾ; ਖਾਰਾਬਾ, (ਭੈੜ) ਵੇਕਾਰ ॥’’ (ਮ: ੧/੪੬੬)
‘‘ਧੋਤੀ ਟਿਕਾ ‘ਤੈ’ ਜਪਮਾਲੀ; ਧਾਨੁ ਮਲੇਛਾਂ ਖਾਈ ॥’’ (ਮ: ੧/੪੭੧)
‘‘ਅਵਰੁ ਦੂਜਾ ਕਿਉ ਸੇਵੀਐ; ਜੰਮੈ ‘ਤੈ’ ਮਰਿ ਜਾਇ ॥’’ (ਮ: ੩/੫੦੯)
‘‘ਵੇਦ ਪੜਹਿ ‘ਤੈ’ ਵਾਦ ਵਖਾਣਹਿ; ਬਿਨੁ ਹਰਿ ਪਤਿ ਗਵਾਈ ॥’’ (ਮ: ੩/੬੩੮)
‘‘ਫਿਰਿ ਫਿਰਿ ਮਿਲਣੁ ਨ ਪਾਇਨੀ; ਜੰਮਹਿ ‘ਤੈ’ ਮਰਿ ਜਾਹਿ ॥’’ (ਮ: ੩/੬੪੫)
‘‘ਸੁਇਨਾ ਰੁਪਾ ਰੰਗੁਲਾ (ਸੋਹਣਾ); ਮੋਤੀ ‘ਤੈ’ ਮਾਣਿਕੁ ਜੀਉ ॥’’ (ਮ: ੧/੭੬੨)
‘‘ਪੰਦ੍ਰਹ ਥਿਤਂੀ ‘ਤੈ’ ਸਤ ਵਾਰ ॥’’ (ਮ: ੩/੮੪੨)
‘‘ਰਤਨਾ ਕੇਰੀ (ਦੀ) ਗੁਥਲੀ, ਰਤਨੀ ਖੋਲੀ ਆਇ ॥ ਵਖਰ (ਨਾਮ-ਵਸਤੂ) ‘ਤੈ’ ਵਣਜਾਰਿਆ (ਭਾਵ ਸਿੱਖਾਂ) , ਦੁਹਾ ਰਹੀ ਸਮਾਇ ॥’’ (ਮ: ੨/੯੫੪)
‘‘ਉਗਵਣਹੁ (ਸੁਭ੍ਹਾ, ਸਵੇਰ) ‘ਤੈ’ ਆਥਵਣਹੁ (ਸ਼ਾਮ, ਆਥਣ), ਚਹੁ ਚਕੀ ਕੀਅਨੁ ਲੋਆ (ਪ੍ਰਕਾਸ਼)॥’’ (ਬਲਵੰਡ ਸਤਾ/੯੬੮)
‘‘ਮਾਮੇ ‘ਤੈ’ ਮਾਮਾਣੀਆ; ਭਾਇਰ (ਭਾਈ), ਬਾਪ ਨ ਮਾਉ (ਮਾਂ)॥’’ (ਮ: ੧/੧੦੧੫)
‘‘ਕਿਸੁ ਸੇਵੀ ‘ਤੈ’ ਕਿਸੁ ਸਾਲਾਹੀ ? ॥’’ (ਮ: ੩/੧੦੪੮)
‘‘ਨਾਮੁ ਜਪੀ ‘ਤੈ’ ਨਾਮੁ ਧਿਆਈ; ਮਹਲੁ ਪਾਇ, ਗੁਣ ਗਾਹਾ ਹੇ ॥’’ (ਮ: ੩/੧੦੫੪)
‘‘ਆਪਿ ਕਰੇ ‘ਤੈ’ ਆਪਿ ਕਰਾਏ ॥ ਗੁਰ ਪਰਸਾਦੀ; ਕਿਸੈ ਬੁਝਾਏ ॥’’ (ਮ: ੩/੧੦੬੨)
‘‘ਗੁਰ ਕੀ ਬਾਣੀ; ਸਭ ਮਾਹਿ ਸਮਾਣੀ ॥ ਆਪਿ ਸੁਣੀ ‘ਤੈ’ ਆਪਿ ਵਖਾਣੀ ॥’’ (ਮ: ੫/੧੦੭੫)
‘‘ਤੇਰੀ ਗਤਿ ਮਿਤਿ; ਤੂਹੈ ਜਾਣਹਿ ॥ ਤੂ ਆਪੇ ਕਥਹਿ ‘ਤੈ’ ਆਪਿ ਵਖਾਣਹਿ ॥’’ (ਮ: ੫/੧੦੮੩)
‘‘ਬਚਨੁ ਕਰੇ ‘ਤੈ’ ਖਿਸਕਿ ਜਾਇ; ਬੋਲੇ ਸਭੁ ਕਚਾ ॥’’ (ਮ: ੫/੧੦੯੯)
‘‘ਹਰਣਾਂ ਬਾਜਾਂ ‘ਤੈ’ ਸਿਕਦਾਰਾਂ; ਏਨ੍ਾ ਪੜਿ੍ਆ ਨਾਉ ॥’’ (ਮ: ੧/੧੨੮੮)
‘‘ਜੋ ਹਰਿ ਛੋਡਿ, ਦੂਜੈ ਭਾਇ ਲਾਗੈ; ਓਹੁ ਜੰਮੈ ‘ਤੈ’ ਮਰਿ ਜਾਇ ॥’’ (ਮ: ੩/੧੩੩੪)
(ੲ). ‘ਅਉ’ (‘ਔ’ (ਰ) ਭਾਵ ‘ਅਤੇ’) ਗੁਰਬਾਣੀ ਵਿੱਚ ਇਹ (ਯੋਜਕ) ਸ਼ਬਦ ਕੇਵਲ 1 ਵਾਰ ਦਰਜ ਹਨ; ਜਿਵੇਂ:
‘‘ਲੋਭ ਮੋਹ ਮਾਇਆ ਮਮਤਾ ਫੁਨਿ ‘ਅਉ’ ਬਿਖਿਅਨ ਕੀ ਸੇਵਾ॥’’ (ਮ:੯/੨੨੦)
(ਸ). ‘ਅਰੁ’ (ਭਾਵ ‘ਅਤੇ’) ਗੁਰਬਾਣੀ ਵਿੱਚ ਇਹ (ਯੋਜਕ) ਸ਼ਬਦ 162 ਵਾਰ ਦਰਜ ਹਨ; ਜਿਵੇਂ:
‘‘ਮੇਰਾ ਤਨੁ ‘ਅਰੁ’ ਧਨੁ ਮੇਰਾ; ਰਾਜ ਰੂਪ ਮੈ ਦੇਸੁ॥’’ (ਮ:੫/੪੭)
‘‘ਜਾਣੈ ਨਾਹੀ ਜੀਤ ‘ਅਰੁ’ ਹਾਰ॥’’ (ਮ:੫/੧੮੦)
‘‘ਤੀਰਥਿ ਨਾਇ ‘ਅਰੁ’ ਧਰਨੀ ਭ੍ਰਮਤਾ; ਆਗੈ ਠਉਰ ਨ ਪਾਵੈ॥’’ (ਮ:੫/੨੧੬)
‘‘ਭ੍ਰਿੰਗ ਪਤੰਗੁ ਕੁੰਚਰੁ ‘ਅਰੁ’ ਮੀਨਾ॥’’ (ਮ:੧/੨੨੫)
‘‘ਗੁਰੁ ਸੇਵਹੁ ‘ਅਰੁ’ ਨਾਮੁ ਧਿਆਵਹੁ; ਤਿਆਗਹੁ ਮਨਹੁ ਗੁਮਾਨੀ ॥’’ (ਮ: ੫/੨੧੬)
‘‘ਜੋ ਤਨੁ ਤੈ ਅਪਨੋ ਕਰਿ ਮਾਨਿਓ ‘ਅਰੁ’ ਸੁੰਦਰ ਗ੍ਰਿਹ ਨਾਰੀ ॥’’ (ਮ: ੯/੨੨੦)
‘‘ਗਿਰਿ, ਤਰ, ਧਰਣਿ, ਗਗਨ ‘ਅਰੁ’ ਤਾਰੇ ॥’’ (ਮ: ੫/੨੩੭)
‘‘ਦਿਨਸੁ, ਰੈਣਿ, ਬਰਤ ‘ਅਰੁ’ ਭੇਦਾ ॥’’ (ਮ: ੫/੨੩੭)
‘‘ਜਾਤਿ, ਵਰਨ, ਤੁਰਕ ‘ਅਰੁ’ ਹਿੰਦੂ ॥’’ (ਮ: ੫/੨੩੭)
‘‘ਸੋਚ ਕਰੈ; ਦਿਨਸੁ ‘ਅਰੁ’ ਰਾਤਿ ॥’’ (ਮ: ੫/੨੬੫)
‘‘ਕਈ ਕੋਟਿ; ਬੇਦ, ਪੁਰਾਨ, ਸਿਮ੍ਰਿਤਿ ‘ਅਰੁ’ ਸਾਸਤ ॥’’ (ਮ: ੫/੨੭੬)
‘‘ਕਈ ਕੋਟਿ; ਖਾਣੀ ‘ਅਰੁ’ ਖੰਡ ॥’’ (ਮ: ੫/੨੭੬)
‘‘ਸੰਤ ਕਾ ਨਿੰਦਕੁ; ਦੁਖੀਆ ‘ਅਰੁ’ ਦੀਨੁ ॥’’ (ਮ: ੫/੨੮੦)
‘‘ਸੁਤ, ਮੀਤ, ਕੁਟੰਬ ‘ਅਰੁ’ ਬਨਿਤਾ ॥’’ (ਮ: ੫/੨੮੮)
‘‘ਪਰਹਰੁ; ਲੋਭੁ ‘ਅਰੁ’ ਲੋਕਾਚਾਰੁ ॥’’ (ਭਗਤ ਕਬੀਰ/ ੩੨੪), ਆਦਿ।
(ਹ). ‘ਅਉਰ’ (‘ਔਰ’ ਭਾਵ ‘ਅਤੇ’) ਗੁਰਬਾਣੀ ਵਿੱਚ ਇਹ ਸ਼ਬਦ 23 ਵਾਰ ਦਰਜ ਹੈ, ਜਿਸ ਦਾ ਜ਼ਿਆਦਾਤਰ ਅਰਥ ਹੁੰਦਾ ਹੈ‘ਹੋਰ’ (ਪੜਨਾਂਵ); ਜਿਵੇਂ:
‘‘ਨਾਨਕ! ਦਾਤਾ ਏਕੁ ਹੈ; ਦੂਜਾ ਅਉਰੁ (ਹੋਰ) ਨ ਕੋਇ ॥’’ (ਮ: ੩/੬੫)
‘‘ਓਹੁ ਹਮਾਰੈ ਮਾਥੈ ਕਾਇਮੁ; ਅਉਰੁ (ਹੋਰ) ਹਮਰੈ ਨਿਕਟਿ ਨ ਆਵੈ ॥’’ (ਭਗਤ ਕਬੀਰ/੪੭੬)
‘‘ਹਉ, ਹਰਿ ਬਿਨੁ; ਅਉਰੁ (ਹੋਰ) ਨ ਦੇਖਾ ॥’’ (ਭਗਤ ਕਬੀਰ/੬੫੫)
‘‘ਏਕੋ ਵੇਖੈ ਅਉਰੁ (ਹੋਰ) ਨ ਕੋਇ ॥’’ (ਮ: ੩/੧੧੭੩), ਆਦਿ।
ਪਰ ਜਦ ‘ਅਉਰ’ ਸ਼ਬਦ, ਦੋ ਨਾਂਵ ਸ਼ਬਦਾਂ ਦੇ ਵਿਚਕਾਰ ਦਰਜ ਹੋਵੇ ਤਾਂ ਇਹ ‘ਪੜਨਾਂਵ’ ਨਹੀਂ ਬਲਕਿ ‘ਯੋਜਕ’ ਹੁੰਦਾ ਹੈ, ਜਿਸ ਦਾ ਅਰਥ ਹੁੰਦਾ ਹੈ ‘ਅਤੇ’ (ਯੋਜਕ), ਨਾ ਕਿ ‘ਹੋਰ’ (ਪੜਨਾਂਵ); ਜਿਵੇਂ ਕੇਵਲ 2 ਵਾਰ ਦਰਜ ਹੈ:
‘‘ਪੀਰ, ਪੈਕਾਮਰ, ਸਾਲਕ, ਸਾਦਕ; ਸੁਹਦੇ ‘ਅਉਰੁ’ ਸਹੀਦ ॥’’ (ਮ: ੧/੫੩) (‘ਅਉਰ’ ਭਾਵ ‘ਅਤੇ’)
‘‘ਇੜਾ, ਪਿੰਗੁਲਾ ਅਉਰੁ ਸੁਖਮਨਾ; ਪਉਨੈ ਬੰਧਿ ਰਹਾਉਗੋ ॥’’ (ਭਗਤ ਨਾਮਦੇਵ/੯੭੩) (‘ਅਉਰ’ ਭਾਵ ‘ਅਤੇ’)
(ਕ). ‘ਅਵਰ’ (ਭਾਵ ‘ਅਤੇ’) ‘ਅਵਰ’ ਸ਼ਬਦ ਗੁਰਬਾਣੀ ਵਿੱਚ 112 ਵਾਰ ਦਰਜ ਹੈ, ਜਿਸ ਦਾ ਜ਼ਿਆਦਾਤਰ ਅਰਥ ਹੁੰਦਾ ਹੈ‘ਹੋਰ’ (ਪੜਨਾਂਵ); ਜਿਵੇਂ:
‘‘ਏਕੋ ਸਬਦੁ ਵੀਚਾਰੀਐ, ‘ਅਵਰ’ ਤਿਆਗੈ ਆਸ ॥’’ (ਮ: ੧/੧੮)
‘‘ਹਰਿ ਬਿਨੁ, ‘ਅਵਰ’ ਕ੍ਰਿਆ ਬਿਰਥੇ ॥’’ (ਮ: ੫/੨੧੬)
‘‘ਰਹਤ ‘ਅਵਰ’, ਕਛੁ ਅਵਰ ਕਮਾਵਤ ॥’’ (ਮ: ੫/੨੬੯)
‘‘ਅਵਰ’’ ਉਪਦੇਸੈ, ਆਪਿ ਨ ਕਰੈ ॥’’ (ਮ: ੫/੨੬੯), ਆਦਿ।
ਪਰ ਜਦ ‘ਅਵਰ’ ਸ਼ਬਦ, ਦੋ ਨਾਂਵ ਸ਼ਬਦਾਂ ਦੇ ਵਿਚਕਾਰ ਦਰਜ ਹੋਵੇ ਤਾਂ ਇਹ ‘ਪੜਨਾਂਵ’ ਨਹੀਂ ਬਲਕਿ ‘ਯੋਜਕ’ ਹੁੰਦਾ ਹੈ, ਜਿਸ ਦਾ ਅਰਥ ਹੁੰਦਾ ਹੈ ‘ਅਤੇ’ (ਯੋਜਕ), ਨਾ ਕਿ ‘ਹੋਰ’ (ਪੜਨਾਂਵ); ਜਿਵੇਂ 6 ਵਾਰ ਦਰਜ ਹੈ:
‘‘ਇਕ ਹਿੰਦਵਾਣੀ ‘ਅਵਰ’ ਤੁਰਕਾਣੀ, ਭਟਿਆਣੀ, ਠਕੁਰਾਣੀ॥’’ (ਮ:੧/੪੧੮) (‘ਅਵਰ’ ਭਾਵ ‘ਅਤੇ’)
‘‘ਮਤਾ ਮਸੂਰਤਿ ‘ਅਵਰ’ ਸਿਆਨਪ; ਜਨ ਕਉ ਕਛੂ ਨ ਆਇਓ॥’’ (ਮ:੫/੪੯੮) (‘ਅਵਰ’ ਭਾਵ ‘ਅਤੇ’)
‘‘ਖਾਟ ਮਾਂਗਉ ਚਉਪਾਈ ॥ ਸਿਰਹਾਨਾ ‘ਅਵਰ’ ਤੁਲਾਈ॥’’ (ਭਗਤ ਕਬੀਰ/੬੫੬) (‘ਅਵਰ’ ਭਾਵ ‘ਅਤੇ’)
‘‘ਚਾਕਰੀਆ, ਚੰਗਿਆਈਆ ‘ਅਵਰ’ ਸਿਆਣਪ, ਕਿਤੁ॥’’ (ਮ:੧/੭੨੯) (‘ਅਵਰ’ ਭਾਵ ‘ਅਤੇ’)
‘‘ਸਿਮਰਹਿ, ਨਖੵਤ੍ਰ ‘ਅਵਰ’ ਧ੍ਰੂ ਮੰਡਲ; ਨਾਰਦਾਦਿ, ਪ੍ਰਹਲਾਦਿ ਵਰਾ (ਸ੍ਰੇਸ਼ਟ)॥’’ (ਭਟ ਕਲੵ /੧੩੯੩) (‘ਅਵਰ’ ਭਾਵ ‘ਅਤੇ’)
‘‘ਜਿਸਹਿ ਧਾਰ੍ਯਿਉ ਧਰਤਿ ‘ਅਰੁ’ ਵਿਉਮੁ (ਆਕਾਸ਼) ‘ਅਰੁ’ ਪਵਣੁ, ਤੇ (ਉਹ) ਨੀਰ ਸਰ ‘ਅਵਰ’ ਅਨਲ (ਅੱਗ) ਅਨਾਦਿ (ਅੰਨ ਆਦਿ) ਕੀਅਉ (ਪੈਦਾ ਕੀਤਾ ਹੈ)॥’’ (ਭਟ ਨਲੵ /੧੩੯੯) (‘ਅਵਰ’ ਭਾਵ ‘ਅਤੇ’)
(ਖ). ‘ਅਵਰੁ’ (ਭਾਵ ‘ਅਤੇ’) ‘ਅਵਰੁ’ ਸ਼ਬਦ ਗੁਰਬਾਣੀ ਵਿੱਚ 347 ਵਾਰ ਦਰਜ ਹੈ, ਜਿਸ ਦਾ ਜ਼ਿਆਦਾਤਰ ਅਰਥ ਹੈ ‘ਹੋਰ’(ਪੜਨਾਂਵ); ਜਿਵੇਂ:
‘‘ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥’’ (ਮ: ੪/੧੨)
‘‘ਮੇਰੇ ਰਾਮ! ਮੈ ਹਰਿ ਬਿਨੁ, ਅਵਰੁ ਨ ਕੋਇ ॥’’ (ਮ: ੩/੨੭)
‘‘ਮੇਰੇ ਮਨ! ਗੁਰ ਜੇਵਡੁ, ਅਵਰੁ ਨ ਕੋਇ ॥’’ (ਮ: ੫/੪੯), ਆਦਿ।
ਪਰ ਜਦ ‘ਅਵਰੁ’ ਸ਼ਬਦ, ਦੋ ਨਾਂਵ ਸ਼ਬਦਾਂ ਦੇ ਵਿਚਕਾਰ ਦਰਜ ਹੋਵੇ ਤਾਂ ਇਹ ‘ਯੋਜਕ’ ਹੁੰਦਾ ਹੈ, ਜਿਸ ਦਾ ਅਰਥ ਹੁੰਦਾ ਹੈ ‘ਅਤੇ’; ਜਿਵੇਂ ਕੇਵਲ 1 ਵਾਰ ਦਰਜ ਹੈ:
‘‘ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ‘ਅਵਰੁ’ ਕਬੀਰੁ ਭਣੰ ॥’’ (ਭਟ ਬਲੵ /੧੪੦੫) (‘ਅਵਰੁ’ ਭਾਵ ‘ਅਤੇ’)
(2). ‘ਵਿਕੱਲਪੀ ਸਮਾਨ ਯੋਜਕ’:– ਜੋ ‘ਸਮਾਨ ਯੋਜਕ’ ਸ਼ਬਦ, ਦੋ ਸੁਤੰਤਰ ਵਾਕਾਂ ਨੂੰ ਜੋੜਦਿਆਂ, ਆਪਸੀ ਵਟਾਂਦਰੇ ਦਾ ਭਾਵ ਪ੍ਰਗਟ ਕਰਨ, ਉਨ੍ਹਾਂ ਨੂੰ ‘ਵਿਕੱਲਪੀ ਸਮਾਨ ਯੋਜਕ’ ਕਿਹਾ ਜਾਂਦਾ ਹੈ; ਜਿਵੇਂ: ‘ਬੇਸ਼ੱਕ’ ਤੂੰ ਆ ਜਾਵੀਂ ‘ਜਾਂ’ ਹੋਰ ਨੂੰ ਭੇਜ ਦੇਣਾ।,ਬਿਲ ‘ਚਾਹੇ’ ਉਹ ਭਰੇ ‘ਜਾਂ’ ਤੂੰ ਭਰ।, ਉਹ ਇੱਥੇ ਆਵੇ ‘ਭਾਵੇਂ’ ਮੈਂ ਜਾਵਾਂ।, ਤੂੰ ਉੱਥੇ ਜਾਹ ‘ਬੇਸ਼ੱਕ’ ਉਹ ਜਾਵੇ।, ਤੂੰ ਲੇਟ ਜਾਹ ‘ਨਹੀਂ ਤਾਂ’ ਖੜ੍ਹਾ ਹੋ ਜਾਹ।’, ਇਨ੍ਹਾਂ ਵਾਕਾਂ ਵਿੱਚ ‘ਬੇਸ਼ੱਕ, ਜਾਂ, ਚਾਹੇ, ਭਾਵੇਂ, ਨਹੀਂ ਤਾਂ’ ਸ਼ਬਦ ‘ਵਿਕੱਲਪੀ ਸਮਾਨ ਯੋਜਕ’ ਹਨ।
ਗੁਰਬਾਣੀ ਵਿੱਚ ‘ਵਿਕੱਲਪੀ ਸਮਾਨ ਯੋਜਕ’ ਸ਼ਬਦ ਹਨ ‘ਕੈ, ਭਾਵੈ, ਅਕੈ, ਕਿ, ਨਾਤਰੁ, ਨਾਹੀ ਤ’ ਆਦਿ, ਜਿਨ੍ਹਾਂ ਦਾ ਅਰਥ ਹੈ‘ਜਾਂ, ਭਾਵੇਂ, ਚਾਹੇ, ਬੇਸ਼ੱਕ’ ਆਦਿ।
(ਨੋਟ: ਅਗਰ ਵਾਕ ਵਿੱਚ ‘ਵਿਕੱਲਪੀ ਸਮਾਨ ਯੋਜਕ’ ਸ਼ਬਦ ਕੇਵਲ ਇੱਕ ਹੀ ਦਰਜ ਹੋਵੇ ਤਾਂ ਇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਵਿਸਰਾਮ ਦੇਣਾ, ਬਹੁਤ ਹੀ ਸੰਕੋਚ ਮੰਗਦਾ ਹੈ ਪਰ ਮੈਂ ਆਮ ਗੁਰਸਿੱਖ ਦੀ ਸਮਝ ਲਈ ਕੁਝ ਕੁ ਵਿਸਰਾਮ (ਵਾਧੂ) ਦੇ ਰਿਹਾ ਹਾਂ; ਜਿਵੇਂ:
(ੳ). ‘ਕੈ’ (ਭਾਵ ‘ਜਾਂ, ਭਾਵੇਂ, ਚਾਹੇ, ਬੇਸ਼ੱਕ’) ਗੁਰਬਾਣੀ ਵਿੱਚ ‘ਕੈ’ ਸ਼ਬਦ 1794 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ ਕੇਵਲ 13 ਵਾਰ‘ਵਿਕੱਲਪੀ ਸਮਾਨ ਯੋਜਕ’ ਹੈ; ਜਿਵੇਂ :
(ਧਿਆਨ ਰਹੇ ਕਿ ਕੇਵਲ ਪੁੱਠੇ ਕਾਮਿਆਂ ’ਚ ਬੰਦ ‘ਕੈ’ ਸ਼ਬਦ ਹੀ ‘ਵਿਕੱਲਪੀ ਸਮਾਨ ਯੋਜਕ’ ਸ਼ਬਦ ਹੈ।)
‘‘ਸੁਇਨੇ ਕੈ ਪਰਬਤਿ ਗੁਫਾ ਕਰੀ ‘ਕੈ’ ਪਾਣੀ ਪਇਆਲਿ ॥’’ (ਮ: ੧/੧੩੯) (ਭਾਵ ਸੋਨੇ ਦੇ ਪਰਬਤ ਵਿੱਚ ਗੁਫ਼ਾ ਕਰਾਂ ਜਾਂ ਹੇਠਾਂ ਪਾਤਾਲ ਵਿੱਚ।)
‘‘ਕੈ’ ਵਿਚਿ ਧਰਤੀ, ‘ਕੈ’ ਆਕਾਸੀ; ਉਰਧਿ ਰਹਾ ਸਿਰਿ ਭਾਰਿ ॥’’ (ਮ: ੧/੧੩੯) (ਭਾਵ ਜਾਂ ਧਰਤੀ ਵਿੱਚ ਜਾਂ ਆਕਾਸ਼ ਵਿੱਚ ਜਾਂ ਪੁੱਠਾ ਸਿਰ ਭਾਰ ਰਹਾਂ।)
‘‘ਰਾਤਿ ਦਿਹੈ ‘ਕੈ’, ਵਾਰ; ਧੁਰਹੁ ਫੁਰਮਾਇਆ ॥’’ (ਮ: ੧/੧੫੦) (‘ਰਾਤਿ ਕੈ ਦਿਹੈ’ ਭਾਵ ਰਾਤ ਹੋਵੇ ਭਾਵੇਂ ਦਿਨ, (ਰੱਬੀ) ‘ਵਾਰ’(ਜਸ ਜਾਂ ਸਿਫ਼ਤ ਕਰਨੀ) ਗਾਉਣੀ ਧੁਰੋਂ ਹੁਕਮ ਹੈ।)
‘‘ਕੈ’ ਬੰਧੈ, ‘ਕੈ’ ਡਾਨਿ ਲੇਇ; ‘ਕੈ’ ਨਰਪਤਿ ਮਰਿ ਜਾਇਆ ॥’’ (ਮ: ੪/੧੬੬) (ਰਾਜਾ, ਆਪਣੇ ਨੌਕਰ ਨੂੰ ਭਾਵੇਂ ਬੰਨ ਲਵੇ ਜਾਂ ਸਜਾ ਦੇਵੇ ਬੇਸ਼ੱਕ ਰਾਜਾ ਹੀ ਮਰ ਜਾਵੇ (ਭਾਵ ਨੌਕਰੀ ਜਾਣ ਕਾਰਨ ਨੌਕਰ ਹੀ ਨਿਆਸਰਾ ਹੋਵੇਗਾ, ਦੁੱਖੀ ਹਮੇਸ਼ਾ ਨੌਕਰ ਹੀ ਰਹੇਗਾ।)
‘‘ਰਾਮੁ ਬਡਾ ‘ਕੈ’ ਰਾਮਹਿ ਜਾਨਿਆ ॥’’ (ਭਗਤ ਕਬੀਰ/੩੩੧) (ਭਾਵ ਰਾਮ (ਪ੍ਰਭੂ) ਵੱਡਾ (ਆਦਰਯੋਗ) ਹੈ ਜਾਂ ਜਿਸ ਨੇ ਰਾਮ ਨੂੰ ਜਾਣ ਲਿਆ।)
‘‘ਭਾਵੈ ਜੀਵਉ ‘ਕੈ’ ਮਰਉ; ਦੂਰਹੁ ਹੀ ਭਜਿ ਜਾਹਿ ॥’’ (ਮ: ੩/੭੮੭) (ਜਾਂ ਮਰਾਂ ਬੇਸ਼ੱਕ ਜੀਵਾਂ)
‘‘ਕਰਤੇ ਕੀ ਮਿਤਿ ਕਰਤਾ ਜਾਣੈ ‘ਕੈ’ ਜਾਣੈ ਗੁਰੁ ਸੂਰਾ ॥’’ (ਮ: ੧/੯੩੦) (ਭਾਵ ਕਰਤਾਰ ਦਾ ਵਡੱਪਣ, ਕਰਤਾਰ ਆਪ ਜਾਣਦਾ ਹੈ ਜਾਂ ਗੁਰੂ ਸੂਰਮਾ।)
‘‘ਕਹਤ ਕਬੀਰੁ, ਜੀਤਿ ‘ਕੈ’ ਹਾਰਿ ॥’’ (ਭਗਤ ਕਬੀਰ/੧੧੫੯) (ਭਾਵ ਜੀਤ ਚਾਹੇ ਹਾਰ)
‘‘ਜਿਨਿ ਏਹ ਪ੍ਰੀਤਿ ਲਾਈ, ਸੋ ਜਾਨੈ; ‘ਕੈ’ ਜਾਨੈ ਜਿਸੁ ਮਨਿ ਧਰੈ ॥’’ (ਮ: ੪/੧੨੬੩) (ਭਾਵ ਜਿਸ ਨੇ ਪ੍ਰੀਤ ਪਾਈ (ਅਸਲ ਭੇਦ, ਗੁਪਤ ਗੱਲ) ਉਹ ਜਾਣਦਾ ਹੈ ਜਾਂ ਜੋ ਸ਼ਰਧਾ ਧਰੇ।)
‘‘ਜੋ ਉਪਜਿਓ ਸੋ ਬਿਨਸਿ ਹੈ, ਪਰੋ ਆਜੁ ‘ਕੈ’ ਕਾਲਿ ॥’’ (ਮ: ੯/੧੪੨੯) (ਭਾਵ ਅੱਜ ਭਾਵੇਂ ਕੱਲ ਮਰਨਾ ਸਭ ਨੇ ਹੈ।)
‘‘ਕੈ’ ਜਾਨੈ ਆਪਨ ਧਨੀ; ‘ਕੈ’ ਦਾਸੁ ਦੀਵਾਨੀ ਹੋਇ ॥’’ (ਭਗਤ ਕਬੀਰ/੧੩੭੩) (ਭਾਵ ਰੱਬੀ ਭੇਤ ਨੂੰ ਜਾਂ ਖੁਦ ਰੱਬ ਜਾਣਦਾ ਹੈ ਜਾਂ ਉਸ ਦਾ ਦਰਬਾਰੀ ਸੇਵਕ (ਉਸ ਦੀ ਹਜ਼ੂਰੀ ਵਿੱਚ ਰਹਿਣ ਵਾਲਾ)
‘‘ਕੈ’ ਸੰਗਤਿ ਕਰਿ ਸਾਧ ਕੀ; ‘ਕੈ’ ਹਰਿ ਕੇ ਗੁਨ ਗਾਇ ॥’’ (ਭਗਤ ਕਬੀਰ/੧੩੬੫) (ਭਾਵੈਂ ਗੁਰੂ ਦੀ ਸੰਗਤ ਕਰ ਬੇਸ਼ੱਕ ਰੱਬੀ ਗੁਣ ਗਾ।)
‘‘ਮਨ ਕੀ ਬਿਰਥਾ, ਮਨੁ ਹੀ ਜਾਨੈ; ‘ਕੈ’ ਬੂਝਲ ਆਗੈ ਕਹੀਐ ॥’’ (ਭਗਤ ਨਾਮਦੇਵ/੧੩੫੦) (ਮਨ ਦੀ ਅਸਲ ਪੀੜਾ, ਮਨ ਆਪ ਜਾਣਦਾ ਹੈ ਜਾਂ ਮਨ ਦੀ ਪੀੜਾ ਨੂੰ ਬੁਝਣ (ਸਮਝਣ) ਵਾਲੇ ਗੁਰੂ ਅੱਗੇ ਬਿਆਨ ਕਰਨਾ ਚਾਹੀਦਾ ਹੈ।)
(ਅ). ‘ਅਕੈ’ (ਭਾਵ ‘ਜਾਂ’) ਇਹ (ਯੋਜਕ) ਸ਼ਬਦ ਗੁਰਬਾਣੀ ਵਿੱਚ ਕੇਵਲ 1 ਵਾਰ ਦਰਜ ਹੈ; ਜਿਵੇਂ:
‘‘ਜੇ ਕਿਸੈ ਕਿਹੁ (ਕੁਝ) ਦਿਸਿ ਆਵੈ, ਤਾ ਕੋਈ ਕਿਹੁ (ਕੁਝ) ਮੰਗਿ ਲਏ? ‘ਅਕੈ’ (ਜਾਂ) ਕੋਈ ਕਿਹੁ (ਕੁਝ ਧੱਕੇ ਨਾਲ) ਦੇਵਾਏ, (ਪਰ) ਏਹੁ ਹਰਿ ਧਨੁ ਜੋਰਿ ਕੀਤੈ, ਕਿਸੈ ਨਾਲਿ, ਨ ਜਾਇ ਵੰਡਾਇਆ॥’’ (ਮ:੪/੮੫੩) (ਭਾਵ ਜੇ ਦੁਨਿਆਵੀ ਪਦਾਰਥ ਕਿਸੇ ਕੋਲ ਕੁਝ ਦਿਸ ਪਏ ਤਾਂ ਉਸ ਤੋਂ ਕੋਈ ਕੁਝ ਮੰਗ ਲਵੇ ਜਾਂ ਕੋਈ (ਧੱਕੇ ਨਾਲ) ਕੁਝ ਦਿਵਾ ਦੇਵੇ (ਤਾਂ ਉਹ ਵਸਤੂ ਵੰਡੀ ਜਾ ਸਕਦੀ ਹੈ, ਗੁੰਮ ਹੋ ਸਕਦੀ ਹੈ ਪਰ) ਇਹ ਹਰੀ ਦਾ ਨਾਮ-ਧਨ ਕਿਸੇ ਨਾਲ ਜ਼ੋਰ ਕੀਤਿਆਂ ਵੰਡਿਆ (ਖੋਹਿਆ) ਨਹੀਂ ਜਾ ਸਕਦਾ ਭਾਵ ‘ਨਾਮ-ਧਨ ਦਾ ਵਿਕਾਸ (ਲਾਭ) ਪਿਆਰ ਨਾਲ ਹੁੰਦਾ ਹੈ ਜਦਕਿ ਦੁਨਿਆਵੀ ਵਸਤੂਆਂ ਦਾ ਵਿਕਾਸ ਧੱਕੇ ਨਾਲ ਹੁੰਦਾ ਹੈ।
(ੲ). ‘ਭਾਵੈ’ (ਭਾਵ ‘ਬੇਸ਼ੱਕ, ਚਾਹੇ’) ਗੁਰਬਾਣੀ ਵਿੱਚ ‘ਭਾਵੈ’ ਸ਼ਬਦ 487 ਵਾਰ ਦਰਜ ਹੈ, ਜਿਸ ਦਾ ਅਰਥ ਜ਼ਿਆਦਾਤਰ (ਗੁਰੂ ਨੂੰ) ‘ਪਸੰਦ ਹੋਵੇ’ ਜਾਂ (ਮਾਲਕ) ‘ਚਾਹੇ’ (ਕਿਰਿਆ ਵਾਚੀ) ਹੁੰਦਾ ਹੈ; ਜਿਵੇਂ 473 ਵਾਰ ਦਰਜ ਹੈ:
‘‘ਜਿਉ ਭਾਵੈ, ਤਿਉ ਰਾਖੁ ਤੂ; ਮੈ ਅਵਰੁ ਨ ਦੂਜਾ ਕੋਇ ॥’’ (ਮ: ੧/੨੦)
‘‘ਜੋ ਤਿਸੁ ਭਾਵੈ ਨਾਨਕਾ! ਕਾਗਹੁ ਹੰਸੁ ਕਰੇਇ ॥’’ (ਮ: ੧/੯੧)
‘‘ਸੋ ਜਨੁ ਹਮਰੈ; ਮਨਿ ਚਿਤਿ ਭਾਵੈ ॥’’ (ਮ: ੪/੧੬੪)
‘‘ਤੁਧੁ ਭਾਵੈ; ਤਾ ਗਾਵਾ ਬਾਣੀ ॥’’ (ਮ: ੫/੧੮੦)
‘‘ਪ੍ਰਭ ਭਾਵੈ; ਤਾ ਪਾਥਰ ਤਰਾਵੈ ॥’’ (ਮ: ੫/੨੭੭)
‘‘ਨਾਨਕ! ਸੰਤ ਭਾਵੈ; ਤਾ ਓਇ ਭੀ ਗਤਿ ਪਾਹਿ ॥’’ (ਮ: ੫/੨੮੦)
‘‘ਦਾਤੈ, ਦਾਤਿ ਰਖੀ ਹਥਿ ਅਪਣੈ; ਜਿਸੁ ਭਾਵੈ ਤਿਸੁ ਦੇਈ ॥’’ (ਮ: ੩/੬੦੪)
‘‘ਮੇਰੇ ਠਾਕੁਰ ਹਾਥਿ ਵਡਾਈਆ ਭਾਈ! ਜੈ ਭਾਵੈ ਤੈ ਦੇਇ ॥’’ (ਮ: ੧/੬੩੭)
‘‘ਜੋ ਤਿਸੁ ਭਾਵੈ; ਸੁ ਆਰਤੀ ਹੋਇ ॥’’ (ਮ: ੧/੬੬੩)
‘‘ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ! ਕਿਉ ਧਨ ਸੇਜੈ ਜਾਏ ॥’’ (ਮ: ੧/੭੨੨)
‘‘ਸਰਵਰ ਹੰਸੁ ਦੂਰਿ ਨ ਹੋਈ; ਕਰਤੇ ਏਵੈ ਭਾਵੈ ॥’’ (ਮ: ੫/੯੬੦)
‘‘ਹਰਿ ਸੋ ਕਿਛੁ ਕਰੇ; ਜਿ ਹਰਿ ਕਿਆ ਸੰਤਾ ਭਾਵੈ ॥’’ (ਮ: ੫/੧੦੭੬)
‘‘ਐਸੋ ਭਾਉ ਬਿਦਰ ਕੋ ਦੇਖਿਓ; ਓਹੁ ਗਰੀਬੁ ਮੋਹਿ ਭਾਵੈ ॥’’ (ਭਗਤ ਕਬੀਰ/੧੧੦੫)
‘‘ਕਬਹੂ, ਖੀਰਿ ਖਾਡ ਘੀਉ ਨ ਭਾਵੈ ॥’’ (ਭਗਤ ਨਾਮਦੇਵ/੧੧੬੪)
‘‘ਜੋ ਤਿਸੁ ਭਾਵੈ ਨਾਨਕਾ! ਸਾਈ ਭਲੀ ਕਾਰ ॥’’ (ਮ: ੨/੧੨੩੯)
‘‘ਖਸਮੈ ਭਾਵੈ ਓਹਾ ਚੰਗੀ; ਜਿ ਕਰੇ ਖੁਦਾਇ ਖੁਦਾਇ ॥’’ (ਮ: ੧/੧੨੮੬)
‘‘ਇਹ ਤਉ ਬਸਤੁ ਗੁਪਾਲ ਕੀ; ਜਬ ਭਾਵੈ ਲੇਇ ਖਸਿ ॥’’ (ਭਗਤ ਕਬੀਰ/੧੩੬੮)
‘‘ਏਹੁ ਪਿਰਮੁ ਪਿਆਲਾ ਖਸਮ ਕਾ; ਜੈ ਭਾਵੈ ਤੈ ਦੇਇ ॥’’ (ਮ: ੩/੧੩੭੮)
‘‘ਕਹੁ ਨਾਨਕ, ਸੁਨਿ ਰੇ ਮਨਾ! ਹਰਿ ਭਾਵੈ ਸੋ ਹੋਇ ॥’’ (ਮ: ੯/੧੪੨੮), ਆਦਿ।
ਪਰ ਗੁਰਬਾਣੀ ਵਿੱਚ 12 ਵਾਰ ‘ਭਾਵੈ’ ਸ਼ਬਦ ‘ਵਿਕੱਲਪੀ ਸਮਾਨ ਯੋਜਕ’ ਹੈ, ਜਿਸ ਦਾ ਅਰਥ ਹੁੰਦਾ ਹੈ ‘ਬੇਸ਼ੱਕ, ਚਾਹੇ’; ਜਿਵੇਂ:
‘ਭਾਵੈ’ ਦੇਇ ਨ ਦੇਈ ਸੋਇ ॥ ਕੀਤੇ ਕੈ ਕਹਿਐ; ਕਿਆ ਹੋਇ ? ॥ (ਮ: ੧/੨੫) (ਭਾਵ ਉਹ ਮਾਲਕ ਦੇਵੇ ਚਾਹੇ ਨਾ ਦੇਵੇ, ਪੈਦਾ ਕੀਤੇ ਗਏ ਜੀਵਾਂ ਦੇ ਕਹਿਣ ਨਾਲ ਕੀ ਹੋ ਸਕਦਾ ਹੈ?))
ਕਹਿ ਕਬੀਰ, ਗੁਲਾਮੁ ਘਰ ਕਾ; ਜੀਆਇ ‘ਭਾਵੈ’ ਮਾਰਿ ॥ (ਭਗਤ ਕਬੀਰ/੩੩੮) (ਜੀਉਂਦਾ ਰੱਖ ਬੇਸ਼ੱਕ ਮਾਰ)
‘ਭਾਵੈ’ ਧੀਰਕ ‘ਭਾਵੈ’ ਧਕੇ; ਏਕ ਵਡਾਈ ਦੇਇ ॥ (ਮ: ੧/੩੪੯) (ਚਾਹੇ ਧੀਰਜ ਦੇਵੇ ਬੇਸ਼ੱਕ ਧੱਕੇ)
ਜਬ ਹਮ ਸਰਣਿ ਪ੍ਰਭੂ ਕੀ ਆਈ; ਰਾਖੁ ਪ੍ਰਭੂ ‘ਭਾਵੈ’ ਮਾਰਿ ॥ (ਮ: ੪/੫੨੭)
ਕੋਈ ਭਲਾ ਕਹਉ ‘ਭਾਵੈ’ ਬੁਰਾ ਕਹਉ; ਹਮ ਤਨੁ ਦੀਓ ਹੈ ਢਾਰਿ ॥ (ਮ: ੪/੫੨੮)
‘ਭਾਵੈ’ ਜੀਵਉ ‘ਕੈ’ ਮਰਉ; ਦੂਰਹੁ ਹੀ ਭਜਿ ਜਾਹਿ ॥ (ਮ: ੩/੭੮੭) (ਪਤੀ ਸੁਖੀ ਹੋਵੇ ਬੇਸ਼ੱਕ ਦੁਖੀ, ਔਖੇ ਵੇਲੇ ਕੋਈ ਨੇੜੇ ਨਹੀਂ ਖੜਦਾ।)
ਅਬ ਤੂ ਸੀਝੁ (ਸਫਲ ਹੋ); ‘ਭਾਵੈ’ ਨਹੀ ਸੀਝੈ ॥ (ਮ: ੫/੯੧੩)
ਇਸਤਰੀ ਪੁਰਖੈ ਖਟਿਐ ਭਾਉ ॥ ‘ਭਾਵੈ’ ਆਵਉ ‘ਭਾਵੈ’ ਜਾਉ ॥ (ਮ: ੧/੯੫੧) (ਪਤੀ ਦੀ ਕਮਾਈ ਨਾਲ ਪਤਨੀ ਦਾ ਪਿਆਰ ਹੈ, ਨਹੀਂ ਤਾਂ ਪਤੀ ਬੇਸ਼ੱਕ ਘਰ ਆਵੇ ਚਾਹੇ ਨਾ ਆਵੇ।)
ਮੋ ਕਉ ਘਾਲਿ ਜਾਰਿ; ‘ਭਾਵੈ’ ਮਾਰਿ ਡਾਰਿ ॥ (ਭਗਤ ਕਬੀਰ/੧੧੯੪) (ਮੈਨੂੰ ਸਾੜ ਦੇਹ ‘ਚਾਹੇ’ ਮਾਰ ਦੇਹ।)
ਤੇਰੀ ਭਗਤਿ ਨ ਛੋਡਉ; ‘ਭਾਵੈ’ ਲੋਗੁ ਹਸੈ ॥ (ਭਗਤ ਨਾਮਦੇਵ/੧੧੯੫)
ਭਾਵੈ ਲਾਂਬੇ ਕੇਸ ਕਰੁ; ‘ਭਾਵੈ’ ਘਰਰਿ ਮੁਡਾਇ ॥ (ਭਗਤ ਕਬੀਰ/੧੩੬੫)
ਭਗਤਿ ਨ ਛਾਡਉ ਰਾਮ ਕੀ; ‘ਭਾਵੈ’ ਨਿੰਦਉ ਲੋਗੁ ॥ (ਭਗਤ ਕਬੀਰ/੧੩੬੬)
(ਸ). ‘ਕਿ’ (ਭਾਵ ‘ਜਾਂ, ਭਾਵੇਂ’) ਗੁਰਬਾਣੀ ਵਿੱਚ ‘ਕਿ’ ਸ਼ਬਦ 101 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ 24 ਵਾਰ ‘ਵਿਕੱਲਪੀ ਸਮਾਨ ਯੋਜਕ’ ਹੈ; ਜਿਵੇਂ:
‘‘ਘੜੀ ‘ਕਿ’ ਮੁਹਤਿ ‘ਕਿ’ ਚਲਣਾ; ਖੇਲਣੁ ਅਜੁ ‘ਕਿ’ ਕਲਿ ॥’’ (ਮ: ੧/੬੦) (‘ਕਿ’ ਭਾਵ ਜਾਂ)
‘‘ਮਹਰ ਮਲੂਕ ਕਹਾਈਐ; ਰਾਜਾ ਰਾਉ ‘ਕਿ’ ਖਾਨੁ ॥’’ (ਮ: ੧/੬੩) (‘ਕਿ’ ਭਾਵ ਜਾਂ)
‘‘ਘੜੀ ਮੁਹਤਿ ‘ਕਿ’ ਚਲਣਾ; ਦਿਲ! ਸਮਝੁ ਤੂੰ ਭਿ ਪਹੂਚੁ ॥’’ (ਮ: ੧/੬੪) (‘ਘੜੀ ਕਿ ਮੁਹਤਿ’ ਇੱਕ ਘੜੀ ਜਾਂ ਦੋ ਘੜੀ ’ਚ ਇੱਥੋਂ ਚਲਣਾ।)
‘‘ਆਪਿ ਭੁਲਾ ‘ਕਿ’ ਪ੍ਰਭਿ ਆਪਿ ਭੁਲਾਇਆ ॥’’ (ਮ: ੩/੧੬੧) (‘ਕਿ’ ਭਾਵ ਜਾਂ)
‘‘ਇਹੁ ਮਨੁ ਬਡਾ ‘ਕਿ’ ਜਾ ਸਉ ਮਨੁ ਮਾਨਿਆ ॥’’ (ਭਗਤ ਕਬੀਰ/੩੩੧) (‘ਕਿ’ ਭਾਵ ਜਾਂ)
‘‘ਬ੍ਰਹਮਾ ਬਡਾ ‘ਕਿ’ ਜਾਸੁ ਉਪਾਇਆ ॥’’ (ਭਗਤ ਕਬੀਰ/੩੩੧) (‘ਕਿ’ ਭਾਵ ਜਾਂ)
‘‘ਬੇਦੁ ਬਡਾ ‘ਕਿ’ ਜਹਾਂ ਤੇ ਆਇਆ ॥’’ (ਭਗਤ ਕਬੀਰ/੩੩੧) (‘ਕਿ’ ਭਾਵ ਜਾਂ)
‘‘ਤੀਰਥੁ ਬਡਾ ‘ਕਿ’ ਹਰਿ ਕਾ ਦਾਸੁ ॥’’ (ਭਗਤ ਕਬੀਰ/੩੩੧) (‘ਕਿ’ ਭਾਵ ਜਾਂ)
‘‘ਸਾਧੁ (ਗੁਰੂ) ਮਿਲੈ ਸਿਧਿ (ਸਫਲਤਾ) ਪਾਈਐ; ਕਿ (ਕੀ ਹਨ? ) ਏਹੁ ਜੋਗੁ ‘ਕਿ’ (ਜਾਂ) ਭੋਗੁ ? ॥’’ (ਭਗਤ ਕਬੀਰ/੩੩੫)
‘‘ਸਾਹਿਬੁ ਰੋਸੁ ਧਰਉ ‘ਕਿ’ ਪਿਆਰੁ ॥’’ (ਭਗਤ ਕਬੀਰ/੩੩੮) (‘ਕਿ’ ਭਾਵ ਜਾਂ)
‘‘ਆਗੈ ਸਹ (ਪਤੀ ਵਾਸਤੇ) ਭਾਵਾ ‘ਕਿ’ ਨ ਭਾਵਾ ॥’’ (ਮ: ੧/੩੫੭) (‘ਕਿ’ ਭਾਵ ਜਾਂ)
‘‘ਚਲਣੁ ਅਜੁ ‘ਕਿ’ ਕਲਿ੍; ਧੁਰਹੁ ਫੁਰਮਾਇਆ ॥’’ (ਮ: ੪/੩੬੯) (‘ਕਿ’ ਭਾਵ ਜਾਂ)
‘‘ਚਿਤਵਉ ਚਿਤਵਿ ਸਰਬ ਸੁਖ ਪਾਵਉ; ਆਗੈ ਭਾਵਉ ‘ਕਿ’ ਨ ਭਾਵਉ ॥’’ (ਮ: ੫/੪੦੧) (‘ਕਿ’ ਭਾਵ ਜਾਂ)
‘‘ਟਟੈ; ਟੰਚੁ ਕਰਹੁ ਕਿਆ ਪ੍ਰਾਣੀ! ਘੜੀ ‘ਕਿ’ ਮੁਹਤਿ ‘ਕਿ’ ਉਠਿ ਚਲਣਾ ॥’’ (ਮ: ੧/੪੩੩) (ਭਾਵ ਜਾਂ ਇੱਕ ਘੜੀ ਵਿੱਚ ਜਾਂ ਦੋ ਘੜੀਆਂ ਵਿੱਚ ਉੱਠ ਕੇ ਚਲਣਾ ਹੀ ਹੈ, ਮਰ ਜਾਣਾ ਹੈ।)
‘‘ਹਰਿ ਜਪਦਿਆ ਖਿਨੁ ਢਿਲ ਨ ਕੀਜਈ, ਮੇਰੀ ਜਿੰਦੁੜੀਏ! ਮਤੁ ਕਿ (ਕੀ? ) ਜਾਪੈ ਸਾਹੁ ਆਵੈ ‘ਕਿ’ (ਜਾਂ) ਨ ਆਵੈ ਰਾਮ ? ॥’’ (ਮ: ੪/੫੪੦)
‘‘ਹੁਣਿ ਉਠਿ ਚਲਣਾ; ਮੁਹਤਿ ‘ਕਿ’ ਤਾਲਿ (ਘੜੀ ਜਾਂ ਇੱਕ ਤਾੜੀ ਮਾਰਨ ਦੇ ਸਮੇਂ ਵਿੱਚ)॥’’ (ਮ: ੧/੬੬੧) (‘ਕਿ’ ਭਾਵ ਜਾਂ)
‘‘ਸਤਗੁਰੁ ਸੇਵਿ ਖਰਚੁ ਹਰਿ ਬਾਧਹੁ; ਮਤ ਜਾਣਹੁ ਆਜੁ ‘ਕਿ’ ਕਾਲ੍ਹੀ ॥’’ (ਮ: ੪/੬੬੭) (‘ਕਿ’ ਭਾਵ ਜਾਂ)
‘‘ਖਤ੍ਰੀ ਬ੍ਰਾਹਮਣੁ ਸੂਦੁ ‘ਕਿ’ ਵੈਸੁ ॥’’ (ਮ: ੧/੮੭੮) (‘ਕਿ’ ਭਾਵ ‘ਭਾਵੇਂ, ਬੇਸ਼ੱਕ, ਚਾਹੇ’)
‘‘ਇਹੁ ਮਨੁ ਗਿਰਹੀ ‘ਕਿ’ ਇਹੁ ਮਨੁ ਉਦਾਸੀ ॥’’ (ਮ: ੩/੧੨੬੧) (‘ਕਿ’ ਭਾਵ ਜਾਂ)
‘ਕਿ’ ਇਹੁ ਮਨੁ ਅਵਰਨੁ ਸਦਾ ਅਵਿਨਾਸੀ ॥’ (ਮ: ੩/੧੨੬੧) (ਜਾਂ ਇਹ ਮਨ ਚਾਰੋਂ ਵਰਨ ਵਿਤਕਰਿਆਂ ਤੋਂ ਰਹਿਤ ਹੈ ਜਾਂ ਸਦਾ ਨਾਸ਼ ਰਹਿਤ।
‘‘ਕਿ’’ (ਜਾਂ) ਇਹੁ ਮਨੁ ਚੰਚਲੁ ‘ਕਿ’ (ਜਾਂ) ਇਹੁ ਮਨੁ ਬੈਰਾਗੀ ॥’’ (ਮ: ੩/੧੨੬੧) (‘ਕਿ’ ਭਾਵ ਜਾਂ)
‘‘ਸੁਨੁ ਸਖੀ! ਪੀਅ ਮਹਿ ਜੀਉ ਬਸੈ; ਜੀਅ ਮਹਿ ਬਸੈ ‘ਕਿ’ ਪੀਉ ? ॥’’ (ਭਗਤ ਕਬੀਰ/੧੩੭੭) (‘ਕਿ’ ਭਾਵ ਜਾਂ)
‘‘ਜੀਉ ਪੀਉ ਬੂਝਉ ਨਹੀ; ਘਟ ਮਹਿ ਜੀਉ ‘ਕਿ’ ਪੀਉ ॥’’ (ਭਗਤ ਕਬੀਰ/੧੩੭੭) (‘ਕਿ’ ਭਾਵ ਜਾਂ)
‘‘ਆਖੀਂ ਸੇਖਾ ਬੰਦਗੀ; ਚਲਣੁ ਅਜੁ ‘ਕਿ’ ਕਲਿ ॥’’ (ਭਗਤ ਫਰੀਦ/੧੩੮੩) (‘ਕਿ’ ਭਾਵ ਜਾਂ)
(ਹ). ‘ਨਾਤਰੁ’ (ਭਾਵ ‘ਨਹੀਂ ਤਾਂ’) ਇਹ ਸ਼ਬਦ ਗੁਰਬਾਣੀ ਵਿੱਚ 1 ਵਾਰ ‘ਵਿਕੱਲਪੀ ਸਮਾਨ ਯੋਜਕ’ ਹੈ; ਜਿਵੇਂ:
‘‘ਬਿਸਮਿਲਿ ਗਊ; ਦੇਹੁ ਜੀਵਾਇ ॥ ‘ਨਾਤਰੁ’; ਗਰਦਨਿ ਮਾਰਉ ਠਾਂਇ ॥’’ (ਭਗਤ ਨਾਮਦੇਵ/੧੧੬੫) (‘ਨਾਤਰੁ’ ਭਾਵ ‘ਨਹੀਂ ਤਾਂ’)
(ਕ). ‘ਨਾਹੀ ਤ’ (ਭਾਵ ‘ਨਹੀਂ ਤਾਂ’) ਇਹ ਸ਼ਬਦ ਵੀ ਗੁਰਬਾਣੀ ਵਿੱਚ 1 ਵਾਰ ‘ਵਿਕੱਲਪੀ ਸਮਾਨ ਯੋਜਕ’ ਹੈ; ਜਿਵੇਂ:
‘‘ਕਬੀਰ! ਜਉ ਗ੍ਰਿਹੁ ਕਰਹਿ, ਤ ਧਰਮੁ ਕਰੁ; ‘ਨਾਹੀ ਤ’, ਕਰੁ ਬੈਰਾਗੁ ॥’’ (ਭਗਤ ਕਬੀਰ/੧੩੭੭)