ਪੰਜਾਬੀ ਜ਼ਬਾਨ ਲਈ ਚੁੱਕੇ ਜਾਣ ਵਾਲੇ ਠੋਸ ਕਦਮ

0
222

ਪੰਜਾਬੀ ਜ਼ਬਾਨ ਲਈ ਚੁੱਕੇ ਜਾਣ ਵਾਲੇ ਠੋਸ ਕਦਮ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਜਦੋਂ ਸਰਕਾਰੀ ਐਲਾਨ ਹੋਇਆ ਸੀ ਕਿ ਪੰਜਾਬ ਵਿੱਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਜ਼ਬਾਨ ਪੜ੍ਹਾਈ ਜਾਵੇਗੀ ਤਾਂ ਮੇਰੇ ਭਾਪਾ ਜੀ, ਪ੍ਰੋ. ਪ੍ਰੀਤਮ ਸਿੰਘ ਜੀ ਨੇ ਇਸ ਦਾ ਤਕੜਾ ਵਿਰੋਧ ਕੀਤਾ ਸੀ। ਨਤੀਜੇ ਵਜੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਐਲਾਨੀ ਡੀ. ਲਿਟ. ਦੀ ਡਿਗਰੀ ਦੇਣ ਤੋਂ ਸਰਕਾਰ ਇਨਕਾਰੀ ਹੋ ਗਈ ਸੀ। ਭਾਪਾ ਜੀ ਦੇ ਡਟੇ ਰਹਿਣ ਸਦਕਾ ਤੇ ਕੁੱਝ ਪੰਜਾਬੀ ਪ੍ਰੇਮੀਆਂ ਦੇ ਨਾਲ ਰਲ ਜਾਣ ਸਦਕਾ ਅਖ਼ੀਰ ਸਰਕਾਰ ਨੂੰ ਪੰਜਾਬੀ ਜ਼ਬਾਨ ਵਿਰੋਧੀ ਕਦਮ ਵਾਪਸ ਲੈਣਾ ਪਿਆ। ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਨੇ ਭਾਪਾ ਜੀ ਦੀਆਂ ਪੰਜਾਬੀ ਜ਼ਬਾਨ ਨੂੰ ਪ੍ਰਫੁਲਿਤ ਕਰਨ ਲਈ ਦਿੱਤੀਆਂ ਸੇਵਾਵਾਂ ਸਦਕਾ ਡੀ. ਲਿਟ. ਦੀ ਡਿਗਰੀ ਪ੍ਰਦਾਨ ਕੀਤੀ।

ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਸਰਕਾਰਾਂ ਪੰਜਾਬੀ ਜ਼ਬਾਨ ਦੀਆਂ ਦੋਖੀ ਹੋਈਆਂ ਹੋਣ। ਸਦੀਆਂ ਤੋਂ ਸਰਕਾਰੇ ਦਰਬਾਰੇ ਪੰਜਾਬੀ ਜ਼ਬਾਨ ਦੀ ਬੇਪਤੀ ਹੁੰਦੀ ਰਹੀ ਹੈ। ਸਰਕਾਰਾਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਅਤੇ ਜ਼ਬਾਨ ਪ੍ਰਤੀ ਨਿੱਠ ਕੇ ਕੰਮ ਕਰਨ ਵਾਲਿਆਂ ਨੂੰ ਚੁੱਪ ਕਰਾਉਣ ਲਈ ਸਰਕਾਰਾਂ ਕੋਲ ਤਿੰਨ ਹੀ ਢੰਗ ਹੁੰਦੇ ਹਨ :

– ਸਰਕਾਰੀ ਅਹੁਦਿਆਂ ਦੀ ਰਿਸ਼ਵਤ ਦੇ ਦਿੱਤੀ ਜਾਵੇ।

– ਵੱਡੇ ਇਨਾਮ ਸਨਮਾਨ ਦੇ ਕੇ ਮੂੰਹ ਬੰਦ ਕਰ ਦਿੱਤਾ ਜਾਵੇ।

– ਝੂਠੇ ਇਲਜ਼ਾਮ ਲਾ ਕੇ ਉਲਝਾ ਦਿੱਤਾ ਜਾਵੇ।

ਇਸ ਸਭ ਦੇ ਬਾਵਜੂਦ ਜ਼ਮੀਨੀ ਪੱਧਰ ਉੱਤੇ ਮਾਂ ਬੋਲੀ ਦੇ ਹੋਣਹਾਰ ਸਪੁੱਤਰਾਂ ਨੇ ਆਪਣੀ ਬੋਲੀ ਦੇ ਹੱਕ ਵਿੱਚ ਕਦੇ ਜੰਗ ਵਿੱਢਣੀ ਛੱਡੀ ਨਹੀਂ। ਇਹੀ ਕਾਰਨ ਸੀ ਕਿ ਨਾ ਮਾਂ ਦੀਆਂ ਲੋਰੀਆਂ ਖ਼ਤਮ ਕੀਤੀਆਂ ਜਾ ਸਕੀਆਂ, ਨਾ ਜੰਗਾਂ ਵਿਚਲੇ ਜੈਕਾਰੇ ਤੇ ਨਾ ਹੀ ਪਿੰਡਾਂ ਦੀਆਂ ਸੱਥਾਂ ਵਿੱਚੋਂ ਇਹ ਜ਼ਬਾਨ ਮੁਕਾਈ ਜਾ ਸਕੀ। ਦਾਦੀਆਂ ਨਾਨੀਆਂ ਦੀਆਂ ਕਹਾਣੀਆਂ ਨੇ ਵੀ ਇਸ ਜ਼ਬਾਨ ਵਿੱਚ ਰੂਹ ਫੂਕਣੀ ਜਾਰੀ ਰੱਖੀ।

ਮੌਜੂਦਾ ਹਾਲਾਤ :

ਹਰ ਸਦੀ ਵਿੱਚ ਜ਼ਬਾਨ ਨੂੰ ਵੱਖ ਕਿਸਮ ਦੇ ਹੱਲੇ ਝੱਲਣੇ ਪਏ ਹਨ। ਅਲੱਗ ਅਲੱਗ ਜ਼ਬਾਨਾਂ ਨੂੰ ਲਾਗੂ ਕਰ ਕੇ ਹੁਕਮਰਾਨ ਆਪਣੇ ਆਪ ਨੂੰ ਆਮ ਜਨਤਾ ਤੋਂ ਵੱਖ ਤੇ ਉੱਚਾ ਸਾਬਤ ਕਰਨ ਦੇ ਚੱਕਰ ਵਿੱਚ ਸਰਕਾਰੇ ਦਰਬਾਰੇ ਇਸ ਦੀ ਵਰਤੋਂ ਦਰਕਿਨਾਰ ਕਰਦੇ ਰਹੇ ਹਨ।

ਹੁਣ ਦੇ ਖ਼ਤਰੇ ਜੋ ਸਾਹਮਣੇ ਦਿਸ ਰਹੇ ਹਨ, ਉਹ ਹਨ :

  1. ਪਿੰਡਾਂ ਵਿੱਚ ਖੁੱਲ੍ਹ ਰਹੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਬਹੁਤੇ ਕੇਰਲ ਤੋਂ ਹਨ, ਜੋ ਸਿਰਫ਼ ਹਿੰਦੀ ਜਾਂ ਅੰਗਰੇਜ਼ੀ ਹੀ ਬੋਲ ਰਹੇ ਹਨ।
  2. ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਦੇ ਅਧਿਆਪਿਕਾਂ ਨੂੰ ਬਾਕੀਆਂ ਨਾਲੋਂ ਘੱਟ ਤਨਖਾਹ ਦਿੱਤੀ ਜਾ ਰਹੀ ਹੈ।
  3. ਸਰਕਾਰੀ ਸਕੂਲਾਂ ਵਿੱਚ ਬਹੁਤੀ ਥਾਈਂ ਪੰਜਾਬੀ ਪੜ੍ਹਾਉਣ ਲਈ ਹਿੰਦੀ ਜਾਂ ਹੋਰ ਵਿਸ਼ੇ ਦੇ ਅਧਿਆਪਕ ਪੜ੍ਹਾ ਰਹੇ ਹਨ।
  4. ਪੰਜਾਬੀ ਜ਼ਬਾਨ ਹੁਣ ਰੁਜ਼ਗਾਰ ਦਾ ਸਾਧਨ ਨਹੀਂ ਰਹੀ। ਬੈਂਕ, ਕਚਿਹਰੀ, ਇਸ਼ਤਿਹਾਰੀ ਫੋਨ, ਕਾਲ ਸੈਂਟਰ ਆਦਿ ਵਿੱਚ ਪੰਜਾਬੀ ਜ਼ਬਾਨ ਨਹੀਂ ਦਿਸ ਰਹੀ। ਬਹੁਤੇ ਸਕੱਤਰਾਂ ਨਾਲ ਹੇਠਲਾ ਸਟਾਫ ਹਿੰਦੀ ਬੋਲਣ ਲਈ ਮਜਬੂਰ ਹੋਇਆ ਪਿਆ ਹੈ।
  5. ਅਖ਼ਬਾਰਾਂ ਤੇ ਕਿਤਾਬਾਂ ਪੜ੍ਹਨ ਦਾ ਘਟਦਾ ਰੁਝਾਨ।
  6. ਪੰਜਾਬੀ ਜ਼ਬਾਨ ਨੂੰ ਇੰਟਰਨੈੱਟ ਦੀ ਹਾਣੀ ਬਣਾਉਣ ਦੀ ਲੋੜ ਹੈ।
  7. ਹਾਲੇ ਤੱਕ ਕਈ ਸਕੂਲਾਂ ਵਿੱਚ ਪੰਜਾਬੀ ਜ਼ਬਾਨ ਬੋਲਣ ਉੱਤੇ ਫਾਈਨ ਜਾਰੀ ਹੈ।
  8. ਪੰਜਾਬ ਦੇ ਮੰਤਰੀਆਂ ਤੇ ਐਮ. ਐਲ. ਏ. ਦੇ ਸਹੁੰ ਚੁੱਕ ਸਮਾਗਮ ਵਿੱਚ ਹਿੰਦੀ ਜਾਂ ਅੰਗਰੇਜ਼ੀ ਦੀ ਵਰਤੋਂ ਜਾਰੀ ਹੈ।
  9. ਸਾਡੇ ਭਾਸ਼ਾ ਨਾਲ ਸੰਬੰਧਿਤ ਇਨਾਮ ਰੱਜੇ ਪੁੱਜਿਆਂ ਨੂੰ ਰਜਾਉਣ ਦਾ ਕੰਮ ਕਰ ਰਹੇ ਹਨ ਜਾਂ ਇਕ ਦੂਜੇ ਦੀ ਪਿੱਠ ਠੋਕ ਰਹੇ ਹਨ।
  10. ਕਈ ਖੋਜਾਂ ਅਧੀਨ ਵੇਖਣ ਵਿੱਚ ਆਇਆ ਹੈ ਕਿ ਅੰਗਰੇਜ਼ੀ ਮਾਧਿਅਮ ਸਕੂਲਾਂ ਵਿੱਚ ਲਾਇਬੇ੍ਰਰੀ ਤੋਂ ਬੱਚਿਆਂ ਵੱਲੋਂ ਇਸ਼ੂ ਕਰਵਾਈਆਂ ਜਾ ਰਹੀਆਂ ਪੰਜਾਬੀ ਦੀਆਂ ਕਿਤਾਬਾਂ ਬਾਰੇ ਪੁੱਛਿਆ ਗਿਆ ਤਾਂ ਜਵਾਬ ਲਗਭਗ ਨਾ ਸੀ। ਕੋਈ ਵਿਰਲਾ ਟਾਂਵਾਂ ਭਾਸ਼ਣ ਜਾਂ ਕਵਿਤਾ ਮੁਕਾਬਲੇ ਲਈ ਕਿਤਾਬਾਂ ਸਾਲ ਵਿੱਚ ਇਕ ਵਾਰ ਲੈ ਰਿਹਾ ਸੀ।
  11. ਯੂਨੀਵਰਸਿਟੀ; 10ਵੀਂ ਤੋਂ 12ਵੀਂ ਜਮਾਤ ਤੇ ਕਾਲਜ ਦੇ ਵਿਦਿਆਰਥੀਆਂ ਤੋਂ ਇੱਕ ਟੀ. ਵੀ. ਚੈਨਲ ਨੇ ਇੰਟਰਵਿਊ ਲੈਂਦਿਆਂ ਜਦੋਂ 35 ਅੱਖਰੀ ਬੋਲਣ ਲਈ ਕਿਹਾ ਤਾਂ ਇੱਕ ਵੀ ਬੱਚਾ ਪੂਰੀ 35 ਅੱਖਰੀ ਨਹੀਂ ਬੋਲ ਸਕਿਆ।
  12. ਬਹੁਤੀਆਂ ਸਾਹਿਤ ਸਭਾਵਾਂ ਤੇ ਹਰ ਸਾਲ ਢੇਰਾਂ ਦੇ ਢੇਰ ਪੰਜਾਬੀ ਜ਼ਬਾਨ ਨਾਲ ਸੰਬੰਧਿਤ ਸੈਮੀਨਾਰਾਂ, ਅੰਤਰਰਾਸ਼ਟਰੀ ਕਾਨਫਰੰਸਾਂ ਵਿਚਿ ਆਪਣਿਆਂ ਦੀ ਪਿੱਠ ਥਾਪੜ ਕੇ ਜਾਂ ਖ਼ਬਰਾਂ ਨਸ਼ਰ ਕਰ ਕੇ ਕੰਮ ਸਾਰ ਲਿਆ ਜਾਂਦਾ ਹੈ ਪਰ ਠੋਸ ਕਦਮ ਨਹੀਂ ਪੁੱਟੇ ਜਾਂਦੇ।
  13. ਸੱਤ ਸਮੁੰਦਰੋਂ ਪਾਰ ਵੀਰਾਂ, ਭੈਣਾਂ ਨੇ ਜ਼ਬਾਨ ਨੂੰ ਸੰਭਾਲਣ ਤੇ ਵੱਖ ਪਛਾਣ ਦੁਆਉਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ।

– ਪੰਜਾਬੀ ਕੀ-ਬੋਰਡ ਬਣਾ ਲਿਆ ਹੋਇਆ ਹੈ।

– ਬੀਬੀਸੀ ਚੈਨਲ ਵਿੱਚ ਪੰਜਾਬੀ ਸ਼ੁਰੂ ਕਰਵਾ ਦਿੱਤੀ ਹੈ।

– ਗੁਰਦੁਆਰਿਆਂ ਵਿੱਚ ਪੰਜਾਬੀ ਸਕੂਲ ਚੱਲ ਰਹੇ ਹਨ।

ਕਮੀ ਸਿਰਫ਼ ਇਹ ਹੈ ਕਿ ਅਗਲੀ ਪਨੀਰੀ ਵਿੱਚ ਪੰਜਾਬੀ ਸਾਹਿਤ ਪੜ੍ਹਨ ਤੇ ਨਵਾਂ ਸਾਹਿਤ ਰਚਨ ਵੱਲ ਰੁਝਾਨ ਨਹੀਂ ਹੈ। ਇਹ ਜ਼ਬਾਨ ਲਈ ਅਗਾਊਂ ਖ਼ਤਰਾ ਸਾਬਤ ਹੋ ਸਕਦਾ ਹੈ।

  1. ਤਕਨੀਕੀ ਸਿੱਖਿਆ ਪੰਜਾਬੀ ਜ਼ਬਾਨ ਵਿੱਚ ਨਹੀਂ ਹੈ।

ਭਾਰਤ ਵਿੱਚੋਂ ਸੁਸ਼ਿਰਿਤਾ ਵਰਗੇ ਗ੍ਰੰਥਾਂ ਤੋਂ ਅਰਬ ਹਮਲਾਵਰ ਬਾਹਰ ਲਿਜਾ ਕੇ ਅੱਗੋਂ ਤਰਜਮਾ ਕਰ ਕੇ ਉਸ ਤੋਂ ਲਾਹਾ ਲੈਂਦੇ ਰਹੇ ਤੇ ਅਖ਼ੀਰ ਅੰਗਰੇਜ਼ੀ ਵਿੱਚ ਤਰਜਮਾ ਕਰਵਾ ਕੇ ਵਾਪਸ ਭਾਰਤ ਵਿੱਚ ਹੀ ਮੈਡੀਕਲ ਸਿੱਖਿਆ ਪੜ੍ਹਨ ਲਈ ਮਜਬੂਰ ਕੀਤਾ ਜਾ ਰਿਹਾ ਹੈ।

  1. ਪੰਜਾਬੀ ਜ਼ਬਾਨ ਨੂੰ ਧਰਮ ਦੇ ਆਧਾਰ ਉੱਤੇ ਵੰਡ ਲਿਆ ਗਿਆ ਹੈ।
  2. ਪੰਜਾਬੀ ਜ਼ਬਾਨ ਬੋਲਣ ਵਾਲੇ ਨੂੰ ਅਨਪੜ੍ਹ ਕਿਹਾ ਜਾਣ ਲੱਗ ਪਿਆ ਹੈ।
  3. ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜ੍ਹਾਉਣ ਲਈ ਸਰਕਾਰ ਪੂਰਾ ਜ਼ੋਰ ਲਾ ਰਹੀ ਹੈ।

ਸਮੇਂ ਦੀ ਲੋੜ ਕੀ ਹੈ ?

  1. ਮਰਜੀਵੜਿਆਂ ਨੂੰ ਪੰਜਾਬੀ ਜ਼ਬਾਨ ਲਈ ਸਿਰ ਧੜ ਦੀ ਬਾਜ਼ੀ ਲਾਉਣੀ ਪੈਣੀ ਹੈ।
  2. ਪਹਿਲੀ ਜਮਾਤ ਤੋਂ ਅੰਗਰੇਜ਼ੀ ਦੀ ਹਰ ਹਾਲ ਵਿੱਚ ਰੋਕ ਲਾਉਣ ਦੀ ਲੋੜ ਹੈ। ਚਾਰ ਜਮਾਤਾਂ ਬਾਅਦ ਜਿੰਨੀਆਂ ਮਰਜ਼ੀ ਜ਼ਬਾਨਾਂ ਸਿਖਾ ਦਿੱਤੀਆਂ ਜਾਣ, ਕੋਈ ਹਰਜ਼ ਨਹੀਂ।
  3. ਗੁਜਰਾਤ ਦੇ ਸ਼ਹਿਰਾਂ ਤੇ ਪਿੰਡਾਂ ਵਿਚਿ ਇਸ਼ਤਿਹਾਰ, ਸਾਈਨ ਬੋਰਡ (ਹਾਈਵੇ ਜਾਂ ਮੀਲ ਪੱਥਰ, ਬੈਂਕ, ਏਅਰ ਪੋਰਟ, ਪੈਟਰੋਲ ਪੰਪ) ਹਰ ਥਾਂ ਜਾਂ ਤਾਂ ਨਿਰੀ ਗੁਜਰਾਤੀ ਜਾਂ ਪਹਿਲੇ ਨੰਬਰ ਉੱਤੇ ਗੁਜਰਾਤੀ ਤੇ ਦੂਜੇ ਉੱਤੇ ਕਿਤੇ-ਕਿਤੇ ਅੰਗਰੇਜ਼ੀ ਦਿੱਸਦੀ ਹੈ, ਪਰ ਹਿੰਦੀ ਨਾ ਬਰਾਬਰ। ਮਾਣਯੋਗ ਪ੍ਰਧਾਨ ਮੰਤਰੀ ਦੇ ਸੰਦੇਸ਼ ਵੀ ਸ਼ਹਿਰਾਂ ਵਿੱਚ ਬੋਰਡਾਂ ਉੱਤੇ ਸਿਰਫ਼ ਗੁਜਰਾਤੀ ਵਿੱਚ ਹੀ ਹਨ ਫੇਰ ਪੰਜਾਬ ਵਿੱ ਪੰਜਾਬੀ ਕਿਉਂ ਨਹੀਂ ?
  4. ਪੰਜਾਬੀ ਦੇ ਅਧਿਆਪਿਕਾਂ ਦੀ ਤਨਖ਼ਾਹ ਦੁੱਗਣੀ ਚਾਹੀਦੀ ਹੈ।
  5. ਪੰਜਾਬ ਵਿਚਲੇ ਹਰ ਸਕੂਲ ਦੇ ਪ੍ਰਿੰਸੀਪਲ ਦਾ ਪੰਜਾਬੀ ਬੋਲਣਾ, ਪੜ੍ਹਨਾ ਤੇ ਲਿਖਣਾ ਆਉਣਾ ਲਾਜ਼ਮੀ ਕੀਤਾ ਜਾਵੇ।
  6. ਇਨਾਮ ਸਨਮਾਨ :-ਜਿਨ੍ਹਾਂ ਨੂੰ ਇਕ ਵਾਰ ਮਿਲ ਗਿਆ, ਦੂਜੀ ਵਾਰ ਦੇਣ ਦੀ ਲੋੜ ਨਹੀਂ। ਨੌਜਵਾਨ ਪੀੜ੍ਹੀ ਨੂੰ ਪ੍ਰੋਤਸਾਹਿਤ ਕੀਤਾ ਜਾਵੇ। ਸਾਹਿਤ ਰਚਣ ਲਈ ਹਰ ਸਾਲ ਮੁਕਾਬਲੇ ਕਰਵਾਏ ਜਾਣ ਤੇ ਵੱਡੇ ਇਨਾਮ ਦਿੱਤੇ ਜਾਣ/ਮੀਡੀਆ ਵਿੱਚ ਉਜਾਗਰ ਕਰਨ ਦੀ ਵੀ ਲੋੜ ਹੈ।
  7. ਖੋਜ ਕਾਰਜ ਪੰਜਾਬੀ ਜ਼ਬਾਨ ਵਿੱਚ ਉਤਸਾਹਿਤ ਕੀਤੇ ਜਾਣ। ਜਿਹੜਾ ਜਣਾ ਇਹ ਕਰੇ, ਉਸ ਨੂੰ ਮਾਇਕ ਸਹਾਇਤਾ ਵੱਧ ਹੋਵੇ।
  8. ਤਕਨੀਕੀ ਸਿੱਖਿਆ ਦੀਆਂ ਕਿਤਾਬਾਂ ਲਿਖਣ ਲਈ ਪਹਿਲਾਂ ਡਿਕਸ਼ਨਰੀ ਤਿਆਰ ਕਰਨ ਦੀ ਲੋੜ ਹੈ।
  9. ਹਰ ਸਾਈਨ ਬੋਰਡ, ਬੈਂਕ, ਪੈਟਰੋਲ ਪੰਪ, ਘਰ ਦੇ ਬਾਹਰ ਦੀਆਂ ਨੇਮ ਪਲੇਟਾਂ ਪੰਜਾਬੀ ਵਿੱਚ ਹੋਣੀਆਂ ਚਾਹੀਦੀਆਂ ਹਨ।
  10. ਬੈਂਕ, ਕਚਹਿਰੀ ਦਾ ਕੰਮ-ਕਾਰ ਤੇ ਇਸ਼ਤਿਹਾਰੀ ਫ਼ੋਨ ਪੰਜਾਬੀ ਵਿੱਚ ਕੀਤੇ ਜਾਣ।
  11. ਮੋਬਾਈਲ/ਇੰਟਰਨੈੱਟ ’ਤੇ ਬੱਚਿਆਂ ਦੀਆਂ ਕਵਿਤਾਵਾਂ ਤੇ ਖੇਡਾਂ ਪੰਜਾਬੀ ਵਿੱਚ ਹੋਣੀਆਂ ਚਾਹੀਦੀਆਂ ਹਨ।
  12. ਪੰਜਾਬੀ ਬੱਚੇ ਆਈ. ਏ. ਐਸ./ਆਈ. ਪੀ. ਐਸ./ਆਈ. ਐਫ. ਐਸ. ਬਣਾਉਣੇ ਜ਼ਰੂਰੀ।
  13. ਪੰਜਾਬੀ ਕੀ-ਬੋਰਡ ਦਫਤਰਾਂ ਵਿੱਚ ਪ੍ਰੋਤਸਾਹਿਤ ਕੀਤੇ ਜਾਣ।
  14. ਫਾਈਨ ਲਾਉਣ ਵਾਲੇ ਸਕੂਲਾਂ ਦੀ ਸਰਕਾਰੀ ਸਹੂਲਤ ਤੇ ਮਾਇਕ ਸਹਾਇਤਾ ਪੂਰਨ ਰੂਪ ਵਿੱਚ ਬੰਦ ਹੋਣੀ ਚਾਹੀਦੀ ਹੈ।
  15. ਪੰਜਾਬੀ ਜ਼ਬਾਨ ਨਾਲ ਜੁੜਿਆ ਅਨਪੜ੍ਹ ਸ਼ਬਦ ਹਟਾਉਣ ਦੀ ਲੋੜ।
  16. ਮਾਵਾਂ ਨੂੰ ਤੇ ਪ੍ਰਾਈਮਰੀ ਸਕੂਲਾਂ ਵਿੱਚ ਅੰਗਰੇਜ਼ੀ/ਫਰਾਂਸੀਸੀ ਰੱਟਣ ਉੱਤੇ ਜ਼ੋਰ ਲਾਉਣ ਉੱਤੇ ਰੋਕ।
  17. ਸਾਂਝੇ ਟੱਬਰ ਨਾ ਹੋਣ ਸਦਕਾ ਦਾਦੀਆਂ-ਨਾਨੀਆਂ ਦੀਆਂ ਕਹਾਣੀਆਂ ਗੁੰਮ ਗਈਆਂ ਨੇ। ਸਕੂਲਾਂ ਵਿੱਚ ਛੁੱਟੀਆਂ ’ਚ ਘਰ ਦਾ ਕੰਮ ਦਾਦਕੇ ਨਾਨਕੇ ਜਾ ਕੇ ਕਹਾਣੀਆਂ ਸੁਣ ਕੇ ਪ੍ਰੋਜੈਕਟ ਲਿਖਣ ਦਾ ਕਰ ਦੇਣਾ ਚਾਹੀਦਾ ਹੈ।
  18. ਬੱਚਿਆਂ ਵਿੱਚ ਪੰਜਾਬੀ ਜ਼ਬਾਨ ਪੜ੍ਹਨ ਦਾ ਰੁਝਾਨ ਵਧਾਉਣ ਦੀ ਲੋੜ। ਲਾਇਬ੍ਰੇਰੀ ਵਿੱਚੋਂ ਹਰ ਹਾਲ ਮਹੀਨੇ ਵਿੱਚ ਇਕ ਵਾਰ ਪੰਜਾਬੀ ਦੀ ਕਿਤਾਬ ਜਾਰੀ ਕਰਵਾਉਣ।
  19. ਸਰਕਾਰੀ ਇਸ਼ਤਿਹਾਰ ਸਿਰਫ਼ ਪੰਜਾਬੀ ਵਿੱਚ ਹੋਣ।
  20. ਧਿਆਨ ਰਹੇ ਕਿ ਜਪਾਨ, ਜਰਮਨੀ, ਫਰਾਂਸ ਆਪਣੀ ਭਾਸ਼ਾ ਨਾਲ ਤਰੱਕੀ ਕਰ ਰਹੇ ਹਨ, ਨਾ ਕਿ ਅੰਗਰੇਜ਼ੀ ਨਾਲ।
  21. ਭਾਸ਼ਾ ਦੇ ਵਿਕਾਸ ਲਈ ਕੀਤੇ ਕੰਮਾਂ ਜਿਵੇਂ ਸਾਹਿਤ ਸਭਾਵਾਂ, ਯੂਨੀਵਰਸਿਟੀਆਂ, ਲੇਖਕ ਸੰਸਥਾਵਾਂ, ਕਲਾ ਪ੍ਰੀਸ਼ਦ ਆਦਿ ਵੱਲੋਂ ਸਾਲਾਨਾ ਪੇਪਰ ਜਾਰੀ ਕਰ ਕੇ ਆਮ ਲੋਕਾਂ ਨਾਲ ਗੋਸ਼ਠੀ ਕਰਨੀ ਚਾਹੀਦੀ ਹੈ ਕਿ ਕਿੱਥੇ ਕਮੀ ਰਹਿ ਗਈ ਤੇ ਉਹ ਕਿਵੇਂ ਦੂਰ ਕੀਤੀ ਜਾਵੇ।
  22. ਪ੍ਰਾਈਵੇਟ ਸਕੂਲਾਂ ਦੇ ਸਿਲੇਬਸ ਵਿੱਚ ਇੱਕੋ ਜਿਹੀਆਂ ਕਿਤਾਬਾਂ ਨਿਸ਼ਚਿਤ ਕੀਤੀਆਂ ਜਾਣ। ਡੀ. ਈ. ਓ. ਦੀ ਵੀ ਚੈਕਿੰਗ ਕੀਤੀ ਜਾਵੇ ਕਿ ਉਹ ਭਾਸ਼ਾ ਦੀਆਂ ਊਣਤਾਈਆਂ ਜਾਂ ਉਸ ਉੱਤੇ ਲਾਈ ਰੋਕ ਲਈ ਕੀ ਕਦਮ ਪੁੱਟ ਰਹੇ ਹਨ ਤੇ ਉਨ੍ਹਾਂ ਦੇ ਯਤਨਾਂ ਨੂੰ ਕੋਈ ਪੂਰ ਪੈ ਰਿਹਾ ਹੈ ਜਾਂ ਨਹੀਂ ?
  23. ਬੱਚਿਆਂ ਵੱਲੋਂ ਲਿਖੇ ਸਾਹਿਤ ਨੂੰ ਅਖ਼ਬਾਰਾਂ ਵਿੱਚ ਥਾਂ ਮਿਲੇ।
  24. ਜੇ ਅੰਗਰੇਜ਼ੀ ਲਈ ਸਰਕਾਰ ਐਨੀ ਵਚਨਬੱਧ ਹੈ ਤਾਂ ਫਿਰ ਪੰਜਾਬੀ ਬੱਚੇ ਗਲੀ ਗਲੀ ਖੁੱਲ੍ਹੀਆਂ ਦੁਕਾਨਾਂ ਵਿੱਚ ਕਿਉਂ ਆਈਲੈਟਸ ਪੜ੍ਹਨ ਲਈ ਮਜਬੂਰ ਹੋ ਚੁੱਕੇ ਹਨ ?
  25. ਹਰ ਮੰਤਰੀ, ਸਕੱਤਰ, ਸਰਕਾਰੀ ਅਫਸਰਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜ੍ਹਨਾ ਲਾਜ਼ਮੀ ਕੀਤਾ ਜਾਵੇ ਤਾਂ ਜੋ ਇਨ੍ਹਾਂ ਸਕੂਲਾਂ ਦਾ ਮਿਆਰ ਉੱਚਾ ਚੁੱਕਿਆ ਜਾ ਸਕੇ।

ਅੰਤ ਵਿੱਚ ਇਹੀ ਅਰਦਾਸ ਕਰਨਾ ਚਾਹੁੰਦੀ ਹਾਂ ਕਿ ਕਾਸ਼ ਅੱਜ ਕੋਈ ਊਧਮ ਸਿੰਘ ਵਰਗਾ ਵੀਰ ਜਾਗੇ ਤੇ ਆਪਣੀ ਮਾਂ ਬੋਲੀ ਦੇ ਪ੍ਰੇਮ ਦੀ ਗੋਲੀ ਹਰ ਪੰਜਾਬੀ ਦੇ ਸੀਨੇ ਵਿੱਚ ਦਾਗ਼ ਦੇਵੇ। ਕੋਈ ਤਾਂ ਨਿਤਰੇ ਜਿਹੜਾ ਪੰਜਾਬੀ ਬੱਚਿਆਂ ਨੂੰ ਪੰਜਾਬ ਵਿੱਚ ਪੈਂਤੀ ਅੱਖਰੀ ਰਟਾ ਦੇਵੇ।

ਸੋ ਸਾਡੀ ਜਾਤ ਏ ਪੰਜਾਬੀ, ਸਾਡੀ ਪਾਤ ਏ ਪੰਜਾਬੀ, ਸਾਡਾ ਦੀਨ ਈਮਾਨ ਤੇ ਔਕਾਤ ਏ ਪੰਜਾਬੀ, ਕਿਤੇ ਭੁੱਲ ਨਾ ਜਾਇਓ ਪੰਜਾਬੀਓ ! ਗੁਰੂਆਂ ਤੇ ਪੀਰਾਂ ਵੱਲੋਂ ਮਿਲੀ ਸੌਗ਼ਾਤ ਏ ਪੰਜਾਬੀ।