ਕੈਪਟਨ ਅਮਰਿੰਦਰ ਵਿੱਚ ਪੁਰਖਿਆਂ ਦੇ ਗੱਦਾਰ ਖੂਨ ਦਾ ਉਬਾਲਾ

0
391

ਕੈਪਟਨ ਅਮਰਿੰਦਰ ਵਿੱਚ ਪੁਰਖਿਆਂ ਦੇ ਗੱਦਾਰ ਖੂਨ ਦਾ ਉਬਾਲਾ

Dr. Amarjit Singh washington D.C        

  ਇਤਿਹਾਸ ਦੇ ਵਿਦਿਆਰਥੀ ਭਲੀਭਾਂਤ ਜਾਣਦੇ ਹਨ ਕਿ ਵੱਡਾ ਘੱਲੂਘਾਰਾ ਵਰਤਾਉਣ ਵਾਲੇ ਅਤੇ ਦਰਬਾਰ ਸਾਹਿਬ ਨੂੰ ਢਹਿਢੇਰੀ ਕਰਨ ਵਾਲੇ ਅਹਿਮਦਸ਼ਾਹ ਅਬਦਾਲੀ ਤੋਂ 1764 ਈ. ਵਿੱਚ ‘ਰਾਜਾ’ ਦਾ ਖਿਤਾਬ ਹਾਸਲ ਕਰਨ ਵਾਲੇ ਅਮਰਿੰਦਰ ਦੇ ਵਡੇਰੇ ਆਲਾ ਸਿੰਘ ਤੋਂ ਸ਼ੁਰੂ ਹੋਇਆ, ਪਟਿਆਲਾ ਰਾਜ-ਘਰਾਣੇ ਦੀਆਂ ਗੱਦਾਰੀਆਂ ਦਾ ਸਫਰ, ਪਿਛਲੀਆਂ ਢਾਈ ਸਦੀਆਂ ਵਿੱਚ ਕਿਨ੍ਹਾਂ-ਕਿਨ੍ਹਾਂ ਹੋਰ ‘ਘੋਰ ਗੱਦਾਰੀਆਂ’ ਨੂੰ ਆਪਣੇ ਆਪ ਵਿੱਚ ਸਮੇਟੀ ਬੈਠਾ ਹੈ।  ਵੱਡੇ ਘੱਲੂਘਾਰੇ ਵੇਲੇ ਅਬਦਾਲੀ ਦੀ ਮੱਦਦ, 1808 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦਾ ਹਿੱਸਾ ਬਣਨ ਦੀ ਥਾਂ ਅੰਗਰੇਜ਼ਾਂ ਦੀ ਸ਼ਰਣ ‘ਚ ਜਾ ਪੈਣਾ, 1846 ਦੀ ਸਿੱਖ-ਅੰਗਰੇਜ਼ ਜੰਗ ਵਿੱਚ ਅੰਗਰੇਜ਼ਾਂ ਦਾ ਸਾਥ ਦੇਣਾ, 1857 ਦੇ ਗਦਰ ਵੇਲੇ ਆਪਣੀ ਫੌਜ ਅੰਗਰੇਜ਼ਾਂ ਦੇ ਹਵਾਲੇ ਕਰਨਾ, ਗੁਰਦੁਆਰਾ ਸੁਧਾਰ ਲਹਿਰ ਦਾ ਵਿਰੋਧ ਕਰਦਿਆਂ ਸ. ਸੇਵਾ ਸਿੰਘ ਠੀਕਰੀਵਾਲੇ ਨੂੰ ਤਸੀਹੇ ਦੇ ਕੇ ਸ਼ਹੀਦ ਕਰਨਾ, 1947 ਦੀ ਦੇਸ਼-ਵੰਡ ਵੇਲੇ ਨਹਿਰੂ-ਪਟੇਲ ਦੇ ਨਾਲ ਰਲ ਕੇ ਸਿੱਖ ਰਾਜ ਨਾ ਬਣਨ ਦੇਣਾ, 570 ਰਾਜਿਆਂ -ਮਹਾਂਰਾਜਿਆਂ ਦੇ ‘ਚੈਂਬਰ ਆਫ ਪ੍ਰਿੰਸਿਜ਼ ਦੇ ‘ਚਾਰਲਸ’ (ਪ੍ਰਮੁੱਖ) ਹੋਣ ਦੇ ਨਾਤੇ ਯਾਦਵਿੰਦਰ ਸਿੰਘ (ਅਮਰਿੰਦਰ ਦਾ ਪਿਓ) ਵਲੋਂ ਸਭ ਤੋਂ ਪਹਿਲਾਂ ਆਪਣੀ ਰਿਆਸਤ ਦੀ ਭਾਰਤ ਵਿੱਚ ਸ਼ਮੂਲੀਅਤ ਕੁਝ ਐਸੇ ਵਾਕਿਆ ਹਨ, ਜਿਨ੍ਹਾਂ ‘ਤੇ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ। ਇਖਲਾਕਹੀਣਤਾ ਦੀਆਂ ਹੱਦਾਂ ਜਿਵੇਂ ਇਨ੍ਹਾਂ ਪਟਿਆਲੇ ਦੇ ਰਜਵਾੜਿਆਂ ਨੇ ਉਲੰਘੀਆਂ, ਉਸ ਦੀ ਹੋਰ ਮਿਸਾਲ ਘੱਟ ਹੀ ਮਿਲਦੀ ਹੈ। ਇਨ੍ਹਾਂ ਦੀ ਇਖਲਾਕਹੀਣਤਾ ਨੇ ਪਟਿਆਲੇ ਦੀ ਪਛਾਣ ਹੀ ‘ਪੈੱਗ ਤੇ ਪਰਾਂਦਾ’ ਬਣਾ ਧਰੀ।

  ਤਾਜ਼ਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਬਣਿਆ ਰਾਜਾ ਭੁਪਿੰਦਰ ਸਿੰਘ ਦਾ ਪੋਤਾ ਅਮਰਿੰਦਰ, ਗੱਦਾਰੀ ਤੇ ਇਖਲਾਕਹੀਣਤਾ ਦੇ ਪੱਖੋਂ ਆਪਣੇ ਪੁਰਖਿਆਂ ਦੇ ਨਕਸ਼ੇ-ਕਦਮਾਂ ‘ਤੇ ‘ਪੂਰੀ ਇਮਾਨਦਾਰੀ’ ਨਾਲ ਚੱਲ ਰਿਹਾ ਹੈ। ਸ਼ਾਲੀਨਤਾ ਦਾ ਧਿਆਨ ਰੱਖਦਿਆਂ, ਅਸੀਂ ਇਸ ਦੇ ਬਦ-ਇਖਲਾਕ ਵਰਤਾਰੇ ਬਾਰੇ ਲਿਖਣ ਤੋਂ ਸੰਕੋਚ ਕਰਦੇ ਹਾਂ ਪਰ ਇਸ ਨੇ ਹਾਲ ਹੀ ਵਿੱਚ ਆਪਣੇ ਇੱਕ ‘ਅਬਦਾਲੀ-ਸ਼ਾਹੀ ਫਰਮਾਨ’ ਨਾਲ ਸਾਨੂੰ ਮਜ਼ਬੂਰ ਕਰ ਦਿੱਤਾ ਹੈ ਕਿ ਅਸੀਂ ਇਸ ਦੇ ਪੁਰਖਿਆਂ ਸਮੇਤ ਇਸ ਦਾ ਕੱਚਾ-ਚਿੱਠਾ ਫਰੋਲੀਏ !  ਵੈਸੇ ਹਾਲ ਹੀ ਵਿੱਚ ਇਸ ਨੇ ਜੰਮੂ ਦੇ ਗੱਦਾਰ ਡੋਗਰਾ ਖਾਨਦਾਨ ਨਾਲ ‘ਕੁੜਮਚਾਰੀ’ ਕੀਤੀ ਹੈ ਅਤੇ ਪੰਜਾਬੀ ਹਿੰਦੂਆਂ ਨੇ ਵੀ ਇਸ ਨੂੰ ਗੱਜਵੱਜ ਕੇ ਵੋਟਾਂ ਪਾਈਆਂ ਹਨ- ਇਸ ਲਈ ਇਹ ਹੁਣ ਇਨ੍ਹਾਂ ਦਾ ਲੂਣ ‘ਹਲਾਲ’ ਕਰਨ ‘ਤੇ ਲੱਗਾ ਹੋਇਆ ਹੈ।

  ਕੈਨੇਡਾ ਦੇ ਰੱਖਿਆ ਮੰਤਰੀ ਸ. ਹਰਜੀਤ ਸਿੰਘ ਸੱਜਣ, ਅਪ੍ਰੈਲ ਦੇ ਅਖੀਰਲੇ ਦਿਨਾਂ ਵਿੱਚ ਭਾਰਤ ਦੇ ਦੌਰੇ ‘ਤੇ ਜਾ ਰਹੇ ਹਨ।  ਇਸ ਦੌਰਾਨ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੀ ਜਾਣਾ ਹੈ।

   ਪਿਛਲੇ ਦਿਨੀਂ ਅਮਰਿੰਦਰ ਨੇ ਐਨ. ਡੀ. ਟੀ. ਵੀ. ਦੇ ਪ੍ਰੋਗਰਾਮ ‘ਆਫ ਦੀ ਕੱਫ’ ਵਿੱਚ ਸ਼ੇਖਰ ਗੁਪਤਾ ਨਾਲ ਗੱਲਬਾਤ ਕਰਦਿਆਂ ਆਪਣੀ ਘਟੀਆ ਸੋਚ ਅਤੇ ਜ਼ਹਿਨੀਅਤ ਦਾ ਖੁੱਲ੍ਹ ਕੇ ਪ੍ਰਗਟਾਵਾ ਕੀਤਾ। ਅਮਰਿੰਦਰ ਸਿੰਘ ਨੇ ਕਿਹਾ, ‘ਕੈਨੇਡਾ ਦਾ ਡਿਫੈਂਸ ਮਨਿਸਟਰ ਸੱਜਣ ਇੱਕ ਖਾਲਿਸਤਾਨੀ ਹਮਦਰਦ ਹੈ।  ਇਸ ਦਾ ਪਿਓ ਵੀ ਖਾਲਿਸਤਾਨੀ ਹੈ !  ਜਸਟਿਨ ਟਰੂਡੋ ਦੇ ਮੰਤਰੀ ਮੰਡਲ ਵਿਚਲੇ ਪੰਜੇ ਵਜ਼ੀਰ ਖਾਲਿਸਤਾਨੀ ਹਨ ਅਤੇ ਮੈਂ ਇਨ੍ਹਾਂ ਵਿੱਚੋਂ ਕਿਸੇ ਨਾਲ ਵੀ ਕੋਈ ਵਾਸਤਾ ਨਹੀਂ ਰੱਖਾਂਗਾ।  ਮੈਂ ਹਰਜੀਤ ਸੱਜਣ ਨੂੰ ਬਿਲਕੁਲ ਨਹੀਂ ਮਿਲਾਂਗਾ।  ਇਨ੍ਹਾਂ ਖਾਲਿਸਤਾਨ ਦੇ ਹਮਦਰਦਾਂ ਨੇ ਮੇਰੇ ਕੈਨੇਡਾ ਜਾਣ ‘ਤੇ ਪਾਬੰਦੀ ਲਵਾਈ।’  ਕੈਨੇਡਾ ਦੇ ਹਾਈ ਕਮਿਸ਼ਨਰ ਨੇ ਇਸ ‘ਤੇ ਆਪਣੀ ਪ੍ਰਤੀਕ੍ਰਿਆ ਦੇਂਦਿਆਂ, ਅਮਰਿੰਦਰ ਦੀ ਟਿੱਪਣੀ ਨੂੰ ‘ਨਿਰਾਸ਼ਾਜਨਕ ਅਤੇ ਗਲਤ’ ਦੱਸਿਆ ਅਤੇ ਨਾਲ ਹੀ ਹਾਈ ਕਮਿਸ਼ਨ ਨੇ ਕਿਹਾ ਕਿ ‘ਸਾਨੂੰ ਅਫਸੋਸ ਹੈ ਕਿ ਮੁੱਖ ਮੰਤਰੀ, ਕੈਨੇਡਾ ਦੇ ਡਿਫੈਂਸ ਮਨਿਸਟਰ ਨੂੰ ਨਹੀਂ ਮਿਲ ਸਕਣਗੇ ! ਪਰ ਅਸੀਂ ਮੁੱਖ ਮੰਤਰੀ ਦੀ ਕੈਨੇਡਾ ਫੇਰੀ ਦਾ ਸਵਾਗਤ ਕਰਾਂਗੇ। ‘ਅਮਰਿੰਦਰ ਸਿੰਘ ਦੇ ਭੱਦੇਪਣ ਦੇ ਸਾਹਮਣੇ ਕੈਨੇਡਾ ਹਾਈ ਕਮਿਸ਼ਨ ਦੀ ਟਿੱਪਣੀ ਸੁੰਦਰ ਕੂਟਨੀਤੀ ਦੀ ਇੱਕ ਮਿਸਾਲ ਹੈ।

  ਅਮਰਿੰਦਰ ਦੀ ਘਟੀਆ ਬਿਆਨਬਾਜ਼ੀ ਦੀ ਪੰਥਕ ਧਿਰਾਂ, ਬਾਦਲ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਸਾਧਾਰਣ ਸਿੱਖਾਂ ਵਲੋਂ ਨਿਖੇਧੀ ਕੀਤੀ ਗਈ। ਬਜਾਏ ਇਸ ਦੇ ਕਿ ਅਮਰਿੰਦਰ ਆਪਣੇ ਸਟੈਂਡ ਦੀ ਦਰੁਸਤੀ ਕਰਦਾ, ਉਸ ਨੇ ਇਸ ਵਿਸ਼ੇ ‘ਤੇ ਹੋਰ ਵੀ ਜ਼ਹਿਰ ਉਗਲ਼ਿਆ।  ਮੀਡੀਏ ਵਿੱਚ ਛਪੇ ਉਸ ਦੇ ਤਾਜ਼ਾ ਬਿਆਨ ਅਨੁਸਾਰ ਉਸ ਨੇ ਕਿਹਾ, ”ਹਰਜੀਤ ਸੱਜਣ ਅਤੇ ਕੈਨੇਡਾ ਦੇ ਦੂਸਰੇ ਹੋਰ ਮੰਤਰੀ ਅਤੇ ਉੱਚ ਲੀਡਰ, ਭਾਰਤ ਵਿਰੋਧੀ ਕਾਰਵਾਈਆਂ ਕਰਨ ਵਾਲਿਆਂ ਨਾਲ ਹਮਦਰਦੀ ਰੱਖਦੇ ਹਨ।  ਮੈਂ ਕਿਸੇ ਖਾਲਿਸਤਾਨੀ ਸਮਰਥਕ ਨੂੰ ਨਹੀਂ ਮਿਲਾਂਗਾ।  ਮੇਰੇ ਕੋਲ ਹਰਜੀਤ ਸੱਜਣ ਦੇ ਖਾਲਿਸਤਾਨੀ ਹੋਣ ਦੇ ਬੜੇ ਪੁਖਤਾ ਸਬੂਤ ਹਨ ।  ਇਸ ਦਾ ਪਿਤਾ ਕੁੰਦਨ ਸਿੰਘ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦਾ ਬੋਰਡ ਮੈਂਬਰ ਸੀ। ਸਿਰਫ ਸੱਜਣ ਹੀ ਨਹੀਂ ਬਲਕਿ ਦੂਸਰੇ ਮਨਿਸਟਰ ਅਤੇ ਐਮ. ਪੀ. ਵੀ ਖਾਲਿਸਤਨ ਸਮਰਥਕ ਹਨ ਜਿਵੇਂ – ਨਵਦੀਪ ਬੈਂਸ, ਅਮਰਜੀਤ ਸੋਹੀ, ਸੁੱਖ ਧਾਲੀਵਾਲ, ਦਰਸ਼ਨ ਕੰਗ, ਰਾਜ ਗਰੇਵਾਲ, ਹਰਿੰਦਰ ਮੱਲ੍ਹੀ, ਰੂਬੀ ਸਹੋਤਾ, ਜਗਮੀਤ ਸਿੰਘ, ਰਣਦੀਪ ਸਰਾਏ।  ਮੈਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕਿ ਸੱਜਣ ਸਮੇਤ ਬਾਕੀ ਕੈਨੇਡੀਅਨ ਮੇਰੇ ਸਟੈਂਡ ਬਾਰੇ ਕੀ ਸੋਚਦੇ ਹਨ ਪਰ ਮੈਂ ਤਾਂ ਪੰਜਾਬ ਦੇ ਭਵਿੱਖ ਬਾਰੇ ਚਿੰਤਤ ਹਾਂ ।  ਪੰਜਾਬ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਹੱਥਾਂ ਵਿੱਚ ਪਹਿਲਾਂ ਹੀ ਬੜਾ ਖਵਾਰ ਹੋਇਆ ਹੈ। ਪੰਜਾਬ ਵਿੱਚ 35 ਹਜ਼ਾਰ ਬੇਗੁਨਾਹ ਜਾਨਾਂ ਹਿੰਸਾ ਦੀ ਭੇਟ ਚੜ੍ਹੀਆਂ।  ਸੱਜਣ ਵਰਗੇ ਲੋਕ ਨਾ-ਸਿਰਫ ਪੰਜਾਬ ਤੋਂ ਦੌੜ ਕੇ ਬਾਹਰ ਸੈਟਲ ਹੋਏ ਬਲਕਿ ਇਹ ਅਤਿਵਾਦ ਦੀ ਫਿਲਾਸਫੀ ਦੀ ਹਮਾਇਤ ਕਰਕੇ ਉਨ੍ਹਾਂ ਦੀ ਹੌਂਸਲਾ-ਅਫਜ਼ਾਈ ਕਰ ਰਹੇ ਹਨ ……” (ਕੈਪਟਨ ਅਮਰਿੰਦਰ ਸਿੰਘ)

    ਪਾਠਕ ਜਨ ! ਇਹ ਅਮਰਿੰਦਰ ਐਨ. ਡੀ. ਟੀ. ਵੀ. ਦੇ ਆਪਣੇ ਇੰਟਰਵਿਊ ਵਿੱਚ ਮੰਨਦਾ ਹੈ, ‘ਮੇਰੀ ਜਿੱਤ ਪੰਜਾਬੀ ਹਿੰਦੂਆਂ ਵਲੋਂ ਖੁੱਲ੍ਹ ਕੇ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਕਰਕੇ ਹੋਈ।  ਸਿੱਖਾਂ ਦੀ ਵੋਟ ਕਈ ਥਾਈਂ ਵੰਡੀ ਗਈ, ਜਦੋਂ ਕਿ ਹਿੰਦੂਆਂ ਦੀ ਸਾਰੀ ਵੋਟ ਕਾਂਗਰਸ ਨੂੰ ਮਿਲੀ।’ ਹਿੰਦੂ ਵੋਟਰ ਦਾ ਕਰਜ਼ ਉਤਾਰਨ ਲਈ ਅਮਰਿੰਦਰ ਉਚੇਚੇ ਤੌਰ ‘ਤੇ ਫੁੱਲਾਂ ਦਾ ਗੁਲਦਸਤਾ ਲੈ ਕੇ ਦਿੱਲੀ ਜਾ ਕੇ  ਕੇ. ਪੀ. ਗਿੱਲ ਨੂੰ ਮਿਲਿਆ।  ਅਮਰਿੰਦਰ ਨੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲਨਾਥ ਦੀ ਤਰਫ਼ਦਾਰੀ ਕਰਦਿਆਂ ਉਨ੍ਹਾਂ ਨੂੰ ਹਮੇਸ਼ਾਂ ਬੇ-ਗੁਨਾਹ ਦੱਸਿਆ ਹੈ।  1982 ਵਿੱਚ ਪਟਿਆਲੇ ਤੋਂ ਐਮ. ਪੀ. ਹੁੰਦਿਆਂ ਅਮਰਿੰਦਰ ਨੇ, ਇੰਦਰਾ ਗਾਂਧੀ ਦੇ ਨਾਲ ਕਪੂਰੀ (ਜ਼ਿਲ੍ਹਾ ਪਟਿਆਲਾ) ਵਿੱਚ ਸਤਿਲੁਜ-ਯਮੁਨਾ ਲਿੰਕ ਨਹਿਰ ਬਣਾਉਣ ਦਾ ਟੱਕ ਲਾਇਆ ਸੀ। ਅਮਰਿੰਦਰ ਹੁਣ ਤੱਕ ਪੰਜਾਬੀ ਜ਼ੁਬਾਨ ਦੇ ਆਧਾਰ ‘ਤੇ ਸੂਬਾ ਬਣਾਉਣ ਦਾ ਵਿਰੋਧ ਕਰਦਾ ਆਇਆ ਹੈ।  ਹੁਣ ਅਮਰਿੰਦਰ ਖੁੱਲ੍ਹ ਕੇ ‘ਹਿੰਦੂਤਵੀ ਕਾਰਡ’ ਖੇਡ ਰਿਹਾ ਹੈ।

 ਭਾਰਤੀ ਏਜੰਸੀਆਂ ਨੂੰ ਅਮਰਿੰਦਰ ਦਾ ਸਟੈਂਡ ਬਹੁਤ ਫਿੱਟ ਬੈਠਦਾ ਹੈ। ਕੈਨੇਡਾ ਵਿੱਚ ਰਾਜਸੀ ਸੱਤਾ ਦੇ ਗਲਿਆਰਿਆਂ ਵਿੱਚ ਸਿੱਖਾਂ ਦੀ ਚੜ੍ਹਤ ਭਾਰਤੀ ਏਜੰਸੀਆਂ ਲਈ ਫਿਕਰ ਦਾ ਕਾਰਨ ਹੈ। ਉਂਟਾਰੀਓ ਸੂਬੇ ਦੀ ਵਿਧਾਨ ਸਭਾ ਵਲੋਂ 1984 ਨੂੰ ਸਿੱਖ ਨਸਲਕੁਸ਼ੀ ਐਲਾਨਣ ਦਾ ਮਤਾ ਪਾਸ ਕਰਨਾ, ਖਾਲਿਸਤਾਨ ਦੇ ਸੰਘਰਸ਼ ਦਾ ਇੱਕ ਮੀਲ-ਪੱਥਰ ਸਾਬਤ ਹੋ ਸਕਦਾ ਹੈ, ਇਸ ਨੂੰ ਭਾਰਤੀ ਖੁਫੀਆਤੰਤਰ ਚੰਗੀ ਤਰ੍ਹਾਂ ਸਮਝਦਾ ਹੈ। ਇਹ ਅਮਰਿੰਦਰ ਖੁਦ ਨਹੀਂ ਬੋਲ ਰਿਹਾ, ਇਹ ਉਸ ਦੇ ਆਕਾ ਦੀ ਬੋਲੀ ਹੈ। ਕੇਂਦਰ ਸਰਕਾਰ, ਅਮਰਿੰਦਰ (ਇੱਕ ਪਗੜੀਧਾਰੀ ਟਾਊਟ) ਰਾਹੀਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੁਨੇਹਾ ਦੇ ਰਹੀ ਹੈ ਕਿ ਸਿੱਖਾਂ ਤੋਂ ਵਿੱਥ ਰੱਖੋ, ਨਹੀਂ ਤਾਂ ਅਸੀਂ ਤੁਹਾਡੇ ਵਜ਼ੀਰਾਂ ਨੂੰ ਅਪਮਾਨਿਤ ਕਰਕੇ, ਤੁਹਾਥੋਂ ਬਦਲਾ ਲਵਾਂਗੇ।  ਅਮਰਿੰਦਰ ਬਰਾਂਡ ਭਾਰਤੀ ਦੁੱਮਛੱਲਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਆਪਣੇ ਇਸ ਅਸੰਗਤ ਅਤੇ ਜ਼ਾਹਰਾਨਾ ਵਤੀਰੇ ਨਾਲ ਉਹ ਆਪਣੀ ਔਕਾਤ ਵੀ ਵਿਖਾ ਰਹੇ ਹਨ ਅਤੇ ਆਪਣਾ ਨੁਕਸਾਨ ਵੀ ਕਰ ਰਹੇ ਹਨ।

 ਵੈਸੇ 30 ਮਿਲੀਅਨ ਸਿੱਖ ਕੌਮ ਲਈ ਇਹ ਬੜੇ ਫਖ਼ਰ ਅਤੇ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੀ ਆਜ਼ਾਦ ਫਿਜ਼ਾ ਵਿੱਚ ਪ੍ਰਵਾਨ ਚੜ੍ਹੇ ਸਿੱਖ ਸਿਆਸੀ, ਪਾਰਲੀਮਾਨੀ ਆਗੂਆਂ ਨੇ ਭਾਰਤੀ ਹਾਕਮਾਂ ਅਤੇ ਉਨ੍ਹਾਂ ਦੀਆਂ ਏਜੰਸੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਜਿਸ ਘਟੀਆ ਸ਼ੈਲੀ ਵਿੱਚ ਅਮਰਿੰਦਰ ਨੇ ਕੈਨੇਡਾ ਦੇ ਸਿੱਖ ਵਜ਼ੀਰਾਂ ਅਤੇ ਐਮ. ਪੀਆਂ ‘ਤੇ ਇਲਜ਼ਾਮ-ਤਰਾਸ਼ੀ ਕੀਤੀ, ਉਸ ਨੇ ਇਨ੍ਹਾਂ ਸਿੱਖ ਆਗੂਆਂ ਦੇ ਰੁਤਬੇ ਵਿੱਚ ਹੋਰ ਵੀ ਵਾਧਾ ਕੀਤਾ ਹੈ। ਇਉਂ ਜਾਪਦਾ ਹੈ ਕਿ ਭਾਰਤੀ ਏਜੰਸੀਆਂ ਦੀ ਸਿੱਖ ਕੌਮ ਪ੍ਰਤੀ ਨਫਰਤ ਨੀਤੀ ਪੂਰੀ ਤਰ੍ਹਾਂ ਖੁੱਲ੍ਹ ਕੇ ਬਾਹਰ ਆ ਗਈ ਹੈ। ਅਮਰਿੰਦਰ ਸਿੰਘ ਤਾਂ ਆਪਣੇ ਗੱਦਾਰ-ਪੁਰਖਿਆਂ ਦੇ ਪਾਏ ਪੂਰਨਿਆਂ ‘ਤੇ ਹੀ ਚੱਲ ਰਿਹਾ ਹੈ। ਪਹਿਲੀ ਸਿੰਘਾਂ-ਫਿਰੰਗੀਆਂ ਦੀ ਜੰਗ ਵੇਲੇ, ਇਨ੍ਹਾਂ ਦੇ ਹੀ ਇੱਕ ਵਡੇਰੇ ਫਰੀਦਕੋਟੀਏ ਰਾਜੇ ਪਹਾੜਾ ਸਿੰਘ ਨੇ, ਸਿੰਘਾਂ ਦੇ ਭੇਤ ਦੀ ਗੱਲ ਦੱਸ ਕੇ ਭੱਜੀ ਜਾਂਦੀ ਅੰਗਰੇਜ਼ਾਂ ਦੀ ਫੌਜ ਨੂੰ ਵਾਪਸ ਜੰਗ ਦੇ ਮੈਦਾਨ ਵਿੱਚ ਲਿਆ ਖੜ੍ਹਾ ਕੀਤਾ ਸੀ। ‘ਜੰਗ ਹਿੰਦ-ਪੰਜਾਬ’ ਦੇ ਜੰਗਨਾਮੇ ਦਾ ਕਰਤਾ ਸ਼ਾਹ ਮੁਹੰਮਦ ਇਸ ਨੂੰ ਇਉਂ ਬਿਆਨਦਾ ਹੈ –

‘ਪਹਾੜਾ ਸਿੰਘ ਸੀ ਯਾਰ ਫਿਰੰਗੀਆਂ ਦਾ, ਸਿੰਘਾਂ ਨਾਲ ਸੀ ਉਸ ਦੀ ਗੈਰਸਾਲੀ (ਦੁਸ਼ਮਣੀ)।

ਪਿੱਛੋਂ ਭੱਜ ਕੇ ਲਾਟ ਨੂੰ ਜਾਇ ਮਿਲਿਆ, ਗੱਲ ਜਾਇ ਦੱਸੀ ਸਾਰੀ ਭੇਤ ਵਾਲੀ।

ਉਥੋਂ ਹੋ ਗਿਆ ਹਰਨ ਹੈ ਖਾਲਸਾ ਜੀ, ਚੌਦਾਂ ਹੱਥਾਂ ਦੀ ਮਾਰ ਕੇ ਜਾਣ ਛਾਲੀ।

ਸ਼ਾਹ ਮੁਹੰਮਦਾ ਸਾਂਭ ਲੈ ਸਿਲੇਖਾਨੇ (ਅਸਲਾ-ਖਾਨਾ), ਛੱਡ ਗਏ ਨੀ ਸਿੰਘ ਮੈਦਾਨ ਖਾਲੀ।

          ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਨਾਂ ਸਿੱਖ ਇਤਿਹਾਸ ਵਿੱਚ ਪਹਾੜਾ ਸਿੰਘ ਦੇ ਨਾਂ ਨਾਲ ਨੱਥੀ ਕਰਵਾ ਲਿਆ ਹੈ।