ਵੱਡਾ ਘੱਲੂਘਾਰਾ (5 ਫ਼ਰਵਰੀ 1762)

0
736

ਵੱਡਾ ਘੱਲੂਘਾਰਾ (5 ਫ਼ਰਵਰੀ 1762)

ਗਿਆਨੀ ਅਵਤਾਰ ਸਿੰਘ

ਅਫ਼ਗਾਨਿਸਤਾਨ ਦੇ ਬਾਦਸ਼ਾਹ ਨਾਦਰ ਸ਼ਾਹ ਨੇ ਸੰਨ 1731 ’ਚ ਹੈਰਾਤ ਸ਼ਹਿਰ ਦੇ ਕਬੀਲੇ (ਅਬਦਾਲੀਆਂ) ਉੱਤੇ ਹਮਲਾ ਕਰ ਕੇ ਸਭ ਨੂੰ ਬੰਦੀ ਬਣਾ ਲਿਆ ਸੀ, ਜਿਨ੍ਹਾਂ ’ਚ ਅਹਿਮਦ ਸ਼ਾਹ ਅਬਦਾਲੀ ਵੀ ਸੀ, ਜੋ ਆਪਣੀ ਯੋਗਤਾ ਸਦਕਾ ਜਲਦੀ ਹੀ ਨਾਦਰ ਸ਼ਾਹ ਦਾ ਸੈਨਾਪਤਿ ਬਣ ਗਿਆ ਤੇ 59 ਸਾਲ ਦੇ ਨਾਦਰ ਸ਼ਾਹ ਦਾ 8-9 ਜੂਨ 1747 ਨੂੰ ਕਤਲ ਕਰ 25 ਸਾਲ ਦੀ ਉਮਰ ’ਚ ਆਪ ਅਫ਼ਗਾਨ ਦਾ ਬਾਦਸ਼ਾਹ ਬਣ ਗਿਆ, ਇਸ ਦਾ ਜਨਮ ਇੱਕ ਗ਼ਰੀਬ ਪਰਿਵਾਰ ਮੁਹੰਮਦ ਜ਼ਮਾਦ ਖ਼ਾਨ ਅਬਦਾਲੀ ਦੇ ਘਰ ਸੰਨ 1722 ਨੂੰ ਹੋਇਆ।  ਚੜ੍ਹਦੀ ਉਮਰ ਤੇ ਰਾਜ-ਸੱਤਾ ਦੇ ਨਸ਼ੇ ’ਚ ਆਪਣਾ ਰਾਜ ਹਰ ਪਾਸੇ ਵਧਾਉਣ ਬਾਰੇ ਸੋਚਣ ਲੱਗਾ। ਉਸ ਦੇ ਸੂਹੀਏ ਵਪਾਰ ਕਰਨ ਦੇ ਬਹਾਨੇ ਭਾਰਤ ’ਚ ਮੁਗ਼ਲ ਸ਼ਾਸਕ ਦੀ ਅਸਥਿਰਤਾ ਦਾ ਸਾਰਾ ਭੇਦ ਲੈ ਜਾਂਦੇ।  ਭਾਰਤੀਆਂ ਨੂੰ ਤੰਬਾਕੂ ਦੇ ਭੈੜੇ ਐਬ ’ਚ ਫਸਾਉਣਾ ਵੀ ਇਨ੍ਹਾਂ ਅਫ਼ਗਾਨੀ ਧਾੜਵੀਆਂ (ਵਪਾਰੀਆਂ) ਦੀ ਦੇਣ ਸੀ।

ਅਬਦਾਲੀ ਦੀ ਤੇਜ਼-ਤਰਾਰ ਅੱਖ ਬੇਲਗਾਮ ਹਿੰਦੁਸਤਾਨ ’ਤੇ ਪਈ। ਅਬਦਾਲੀ ਨੇ ਭਾਰਤ ’ਤੇ ਹੰਕਾਰੀ ਤੇ ਧਾੜਵੀ ਬਣ ਕੇ 10 ਵੱਡੇ ਹਮਲੇ (ਦਸੰਬਰ 1747 ਤੋਂ ਦਸੰਬਰ 1769 ਤੱਕ ਨਿਰੰਤਰ 22 ਸਾਲ) ਕੀਤੇ। ਇਨ੍ਹਾਂ ਤੋਂ ਬਾਅਦ ਵੀ ਦੋ ਹੋਰ ਹਮਲੇ (ਜੂਨ 1770 ਅਤੇ ਅਗਸਤ 1771) ਨੂੰ ਵੀ ਕੀਤੇ ਜੋ ਸਿੱਖਾਂ ਦੀ ਪੰਜਾਬ ’ਚ ਵਧਦੀ ਤਾਕਤ ਵੇਖ ਇੱਥੇ ਪੈਰ ਰੱਖਣ ਦੀ ਹਿਮਤ ਨਾ ਜੁਟਾ ਸਕਿਆ ਤੇ ਪਿਛਾਂਹ ਪਿਛਾਵਰ ਤੋਂ ਹੀ ਵਾਪਸ ਮੁੜਦਾ ਰਿਹਾ।  23 ਅਕਤੂਬਰ 1772 ਨੂੰ ਇਸ ਦੀ ਮੌਤ ਹੋ ਗਈ ਤਦ ਇਹ 49-50 ਸਾਲ ਦਾ ਸੀ, ਇਸ ਦੇ ਮਰਨ ਦੇ ਨਾਲ਼ ਹੀ ਅਫ਼ਗਾਨ ਧਾੜਵੀਆਂ ਦੀ ਦਹਿਸ਼ਤ ਵੀ ਸਦਾ ਲਈ ਖ਼ਤਮ ਹੋ ਗਈ। ਅਬਦਾਲੀ ਦੇ ਇਨ੍ਹਾਂ ਸਾਰੇ ਹਮਲਿਆਂ ਦਾ ਡਟ ਕੇ ਮੁਕਾਬਲਾ ਕਰਨ ਲਈ ਮਾਨਵਤਾ ਹਿਤੈਸ਼ੀ ਅਤੇ ਦੇਸ਼ ਹਿਤੂ ਕੇਵਲ ਸਿੱਖ ਕੌਮ ਹੀ ਅੱਗੇ ਆਉਂਦੀ ਰਹੀ। ਇਨ੍ਹਾਂ 22 ਸਾਲਾਂ ’ਚ ਸਿੱਖਾਂ ਨੂੰ ਲਗਭਗ 90 ਹਜ਼ਾਰ ਸ਼ਹੀਦੀਆਂ ਦੇਣੀਆਂ ਪਈਆਂ, ਜਿਨ੍ਹਾਂ ’ਚ ਬੱਚੇ ਤੇ ਔਰਤਾਂ ਵੀ ਸ਼ਾਮਲ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਅਬਦਾਲੀ ਦੇ ਭਾਰਤ ’ਤੇ ਛੇਵੇਂ ਹਮਲੇ ਦੌਰਾਨ 10 ਅਪਰੈਲ 1762 ਨੂੰ ਜਦ ਅਕਾਲ ਤਖ਼ਤ ਸਾਹਿਬ ਨੂੰ ਬਾਰੂਦ ਨਾਲ਼ ਉੱਡਾਇਆ ਜਾ ਰਿਹਾ ਸੀ ਤਾਂ ਇੱਕ ਇੱਟ ਆ ਕੇ ਅਹਿਮਦ ਸ਼ਾਹ ਦੇ ਨੱਕ ’ਤੇ ਵੱਜੀ, ਜੋ ਇਸ ਦੀ ਮੌਤ ਦਾ ਕਾਰਨ ਬਣੀ।  ਉਂਞ ਇਸ ਘਟਨਾ ਤੋਂ ਲਗਭਗ ਸਾਢੇ 9 ਸਾਲ ਬਾਅਦ ਇਸ ਦੀ ਮੌਤ (23 ਅਕਤੂਬਰ 1772 ਨੂੰ) ਹੁੰਦੀ ਹੈ, ਇਸ ਸਮੇਂ ’ਚ ਇਸ ਨੇ 4 ਹੋਰ ਵੱਡੇ ਹਮਲੇ ਵੀ ਭਾਰਤ ’ਤੇ ਕੀਤੇ ਸਨ ।

 ਜਦ ਅਹਿਮਦ ਸ਼ਾਹ ਅਬਦਾਲੀ; ਭਾਰਤ ’ਤੇ ਪਹਿਲਾ ਹਮਲਾ (ਦਸੰਬਰ 1747 ’ਚ) ਕਰਨ ਲਈ ਆਉਂਦਾ ਹੈ ਤਾਂ ਦਿੱਲੀ ਦਾ ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਸੀ, ਜੋ ਐਸ਼ਪ੍ਰਸਤ ਤੇ ਗ਼ੈਰ ਜ਼ਿੰਮੇਵਾਰ ਸ਼ਖ਼ਸ ਸੀ।  ਦਿੱਲੀ ਹਕੂਮਤ ਦੀ ਵਾਗ-ਡੋਰ ਉਸ ਦੇ ਵਜ਼ੀਰ (ਪਰਾਈਮ ਮਨਿਸਟਰ) ਕਮਰੁੱਦੀਨ ਪਾਸ ਹੀ ਸੀ, ਜਿਸ ਦਾ ਪੁੱਤਰ ਮੀਰਮੰਨੂ ਸੀ।  ਕਮਰੁੱਦੀਨ ਦੀ ਭੈਣ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੂੰ ਵਿਆਹੀ ਸੀ, ਜਿਸ ਨੇ ਭਾਈ ਤਾਰੂ ਸਿੰਘ ਜੀ ਦੀ ਖੋਪਰੀ (ਕੇਸਾਂ ਸਮੇਤ) ਉਤਾਰਨ ਦਾ ਹੁਕਮ ਸੁਣਾਇਆ ਤੇ ਭਾਈ ਸਾਹਿਬ ਜੀ ਦੀ ਸ਼ਹੀਦੀ (1 ਜੁਲਾਈ 1745) ਦੇ ਦਿਨ ਹੀ ਇਹ ਆਪ ਪਿਸ਼ਾਬ ਦਾ ਬੰਨ੍ਹ ਪੈਣ ਕਾਰਨ ਮਰ ਗਿਆ।  ਜ਼ਕਰੀਆ ਖ਼ਾਨ ਦੇ ਤਿੰਨ ਪੁੱਤਰ (ਯਾਹੀਆ ਖ਼ਾਨ, ਸ਼ਾਹ ਨਿਵਾਜ਼ ਤੇ ਮੀਰ ਬਾਕੀ) ਸਨ।  ਮੀਰ ਬਾਕੀ ਦੀਆਂ ਕੋਈ ਵੱਡੀਆਂ ਖ਼ਾਹਸ਼ਾਂ ਨਹੀਂ ਸਨ ਪਰ ਦੂਜੇ ਦੋਵੇਂ ਦੌਲਤ ਤੇ ਤਾਕਤ ਦੇ ਭੁੱਖੇ ਸਨ।  ਜ਼ਕਰੀਆ ਖ਼ਾਨ ਦੀ ਮੌਤ ਤੋਂ ਬਾਅਦ ਵੱਡੇ ਭਰਾ ਯਾਹੀਆ ਖ਼ਾਨ ਨੂੰ ਕੈਦ ’ਚ ਬੰਦ ਕਰ ਕੇ ਲਾਹੌਰ ਦਾ ਸੂਬੇਦਾਰ ਛੋਟਾ ਭਰਾ ਸ਼ਾਹ ਨਿਵਾਜ਼ ਬਣ ਗਿਆ ।  ਯਾਹੀਆ ਖ਼ਾਨ ਆਪਣੇ ਮਾਮਾ (ਕਮਰੁੱਦੀਨ) ਦਾ ਜਵਾਈ ਵੀ ਸੀ। ਕਿਸੀ ਤਰ੍ਹਾਂ ਇਹ ਲਾਹੌਰ ਕੈਦ ’ਚੋਂ ਭੱਜਣ ’ਚ ਸਫਲ ਹੋ ਗਿਆ ਤੇ ਬਾਅਦ ’ਚ ਡਰ ਦਾ ਮਾਰਾ ਇੱਕ ਦਰਵੇਸ਼ ਜ਼ਿੰਦਗੀ ਬਤੀਤ ਕਰਨ ਲੱਗ ਪਿਆ।  ਇਹ ਵੀ ਮੰਨਿਆ ਜਾਂਦਾ ਹੈ ਜਲੰਧਰ ਦੇ ਨਵਾਬ ਅਦੀਨਾ ਬੇਗ਼ (ਜੋ ਬਾਅਦ ’ਚ ਪੰਜਾਬ ਦਾ ਗਵਰਨਰ ਵੀ ਰਿਹਾ) ਦੇ ਕਹਿਣ ’ਤੇ ਸ਼ਾਹ ਨਿਵਾਜ਼ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਭਾਰਤ ’ਤੇ ਹਮਲਾ ਕਰਨ ਲਈ ਉਕਸਾਇਆ ਕਿਉਂਕਿ ਉਸ ਨੂੰ ਡਰ ਸੀ ਕਿ ਕਿਤੇ ਉਸ ਦਾ ਭਰਾ (ਯਾਹੀਆ ਖ਼ਾਨ) ਆਪਣੇ ਸਹੁਰੇ (ਕਮਰੁੱਦੀਨ) ਦੀ ਮਦਦ ਨਾਲ਼ ਉਸ ਨੂੰ ਲਾਹੌਰ ਦੀ ਸੂਬੇਦਾਰੀ ਤੋਂ ਨਾ ਹਟਾ ਦੇਵੇ।

ਉਕਤ ਵੇਰਵਿਆਂ ਤੋਂ ਸਪਸ਼ਟ ਹੈ ਕਿ ਦਿੱਲੀ ਤੋਂ ਅਫ਼ਗਾਨਿਸਤਾਨ ਤੱਕ ਧਾੜਵੀਆਂ ਨਾਲ਼ ਮਿਲ ਕੇ ਭਾਰਤੀਆਂ ਦਾ ਖ਼ੂਨ ਚੂਸਣ ਵਾਲ਼ੇ ਬਾਹਰੀ ਲੁਟੇਰਿਆਂ ਦਾ ਮੁਕਾਬਲਾ ਕਰਨ ਲਈ ਕੇਵਲ ਗੁਰੂ ਗੋਬਿੰਦ ਸਿੰਘ ਦੇ ਲਾਡਲੇ ਸਿੰਘ ਹੀ ਸਨ, ਜੋ ਮਾਨਵ ਹਿਤਕਾਰੀ ਇਸ ਸੇਵਾ ਲਈ ਸਦਾ ਤਤਪਰ ਰਹਿੰਦੇ। ਦੂਸਰੇ ਪਾਸੇ ਇਨ੍ਹਾਂ ਮੁਗ਼ਲਾਂ ਤੇ ਅਬਦਾਲੀਆਂ ਨੇ ਨਿਯੁਕਤ ਕੀਤੇ ਆਪਣੇ ਵਜ਼ੀਰਾਂ ਦੇ ਦੀਬਾਨ ਹਿੰਦੂ ਧਰਮ ਦੇ ਰਖਵਾਲੇ ਖੱਤਰੀ (ਦੀਵਾਨ ਕੌੜਾ ਮੱਲ, ਲੱਛਮੀ ਰਾਮ, ਲਖਪਤ ਰਾਏ, ਜਸਪਤ ਰਾਏ (ਲਖਪਤ ਦਾ ਭਰਾ), ਆਦਿ) ਲਗਾ ਰੱਖੇ ਸਨ, ਜਿਨ੍ਹਾਂ ਨੇ ਅਗਾਂਹ ਸਿੱਖਾਂ ਦੀ ਮੁਖ਼ਬਰੀ ਕਰਨ ਲਈ ਆਪਣੇ ਅਹਿਲਕਾਰ (ਨੂਰਪੁਰ ਦਾ ਗੁਰਦਿਤ ਮੱਲ, ਕਾਂਗੜੇ ਦਾ ਰਾਜਾ ਘੁਮੰਡ ਚੰਦ, ਜੰਡਿਆਲੇ ਦੇ ਹੰਦਾਲੀਏ ਆਕਲ ਦਾਸ (ਹਰਭਜਨ) ਨਿਰੰਜਨੀਆ ਵਗ਼ੈਰਾ) ਰੱਖੇ ਹੋਏ ਸਨ।

ਆਕਲ ਦਾਸ ਨਿਰੰਜਨੀਏ ਨੂੰ ਸੋਧਨ ਦਾ ਗੁਰਮਤਿ ਤੇ ਦੁੱਰਾਨੀ ਦਾ ਛੇਵਾਂ ਹਮਲਾ :

ਇਨ੍ਹਾਂ ਹਾਲਾਤਾਂ ਵਿੱਚ 27 ਅਕਤੂਬਰ 1761 ਦੇ ਦਿਨ ਸਰਬੱਤ ਖ਼ਾਲਸਾ ਦਾ ਇੱਕ ਇਕੱਠ ਅਕਾਲ ਤਖ਼ਤ ਸਾਹਿਬ ’ਤੇ ਹੋਇਆ।  ਇਸ ਇਕੱਠ ਵਿੱਚ ਗੁਰਮਤਾ ਕੀਤਾ ਗਿਆ ਕਿ ਜੰਡਿਆਲੇ ਦੇ ਹੰਦਾਲੀਏ ਆਕਲ ਦਾਸ (ਹਰਭਗਤ) ਨਿਰੰਜਨੀਆ (ਜੋ ਮੁਗ਼ਲ ਅਤੇ ਅਫ਼ਗਾਨਾਂ ਦਾ ਸਭ ਤੋਂ ਵੱਡਾ ਏਜੰਟ ਸੀ), ਕਸੂਰ ਦੇ ਖੇਸ਼ਗੀ, ਦੋਵੇਂ ਮਲੇਰਕੋਟਲੀਆਂ (ਸਿੱਖ ਦੁਸ਼ਮਣ ਪਠਾਣ) ਰਿਆਸਤਾਂ, ਸਾਹਰਿੰਦ (ਸਰਹਿੰਦ) ਦੇ ਜ਼ੈਨ ਖ਼ਾਨ (ਅਹਿਮਦ ਸ਼ਾਹ ਅਬਦਾਲੀ ਦਾ ਸੂਬੇਦਾਰ) ਤੇ ਹੋਰ ਸਿੱਖ ਦੁਸ਼ਮਣਾਂ ਨੂੰ ਸੋਧਿਆ ਜਾਵੇ।

ਸਿੱਖਾਂ ਨੇ ਸਭ ਤੋਂ ਪਹਿਲਾਂ ਆਕਲ ਦਾਸ ਨੂੰ ਸੋਧਣ ਦਾ ਫ਼ੈਸਲਾ ਕੀਤਾ।  ਜੰਡਿਆਲਾ ਅੰਮ੍ਰਿਤਸਰ ਤੋਂ ਸਿਰਫ਼ 20 ਕਿਲੋਮੀਟਰ ਦੂਰ ਸੀ। ਆਕਲ ਦਾਸ ਨੂੰ ਵੀ ਸਿੱਖਾਂ ਦੇ ਫ਼ੈਸਲੇ ਦੀ ਖ਼ਬਰ ਮਿਲ ਗਈ। ਇਸ ਵਿਚਕਾਰ ਉਹ ਆਪਣਾ ਇੱਕ ਸਾਥੀ ਅਹਿਮਦ ਸ਼ਾਹ ਦੁੱਰਾਨੀ ਵੱਲ ਭੇਜਣ ਵਿੱਚ ਕਾਮਯਾਬ ਹੋ ਗਿਆ। ਸਿੱਖਾਂ ਨੇ ਜੰਡਿਆਲੇ ਨੂੰ ਘੇਰਾ ਪਾ ਲਿਆ। ਸਿੱਖਾਂ ਦੀ ਗਿਣਤੀ ਚੋਖੀ ਵੇਖ ਕੇ ਆਕਲ ਦਾਸ ਨੇ ਆਪਣੇ ਆਪ ਨੂੰ ਕਿਲ੍ਹੇ ਅੰਦਰ ਹੀ ਬੰਦ ਕਰ ਲਿਆ। ਜੱਸਾ ਸਿੰਘ ਆਹਲੂਵਾਲੀਆ ਤੇ ਜੱਸਾ ਸਿੰਘ ਰਾਮਗੜ੍ਹੀਆ ਨੇ ਆਕਲ ਦਾਸ ਨੂੰ ਹਥਿਆਰ ਸੁੱਟਣ ਵਾਸਤੇ ਕਿਹਾ ਪਰ ਉਸ ਨੇ ਮਨ੍ਹਾ ਕਰ ਦਿੱਤਾ।  ਸਿੱਖਾਂ ਨੇ ਕਈ ਦਿਨ ਜੰਡਿਆਲੇ ਦਾ ਘੇਰਾ ਪਾਈ ਰੱਖਿਆ, ਪਰ ਉਹ ਕਿਲ੍ਹੇ ਵਿੱਚ ਦਾਖ਼ਲ ਹੋਣ ’ਚ ਕਾਮਯਾਬ ਨਾ ਹੋ ਸਕੇ।

ਉਧਰ ਆਕਲ ਦਾਸ ਦੇ ਵਕੀਲ ਅਹਿਮਦ ਸ਼ਾਹ ਨੂੰ ਜਾ ਮਿਲੇ। ਉਹ ਇਸ ਵੇਲੇ ਛੇਵਾਂ ਹਮਲਾ ਕਰਨ ਲਈ ਪੰਜਾਬ ਵੱਲ ਆ ਰਿਹਾ ਸੀ ਤੇ ਰੋਹਤਾਸ ਕੋਲ ਪੁੱਜ ਗਿਆ ਸੀ। ਅਹਿਮਦ ਸ਼ਾਹ ਨੂੰ ਸਿੱਖਾਂ ’ਤੇ ਪਹਿਲਾਂ ਹੀ ਬੜਾ ਗੁੱਸਾ ਸੀ ਕਿਉਂਕਿ ਸਿੱਖਾਂ ਨੇ ਉਸ ਦੇ ਕਈ ਜਰਨੈਲ ਮਾਰ ਦਿੱਤੇ ਸਨ ਤੇ ਅੱਧੇ ਪੰਜਾਬ ’ਤੇ ਕਾਬਜ਼ ਵੀ ਹੋ ਗਏ ਸਨ, ਇਸ ਕਰ ਕੇ ਆਪਣੇ ਚੁਣੇ ਹੋਏ ਜਰਨੈਲਾਂ ਨੂੰ ਨਾਲ਼ ਲੈ ਕੇ ਉਹ ਸਿੱਧਾ ਜੰਡਿਆਲੇ ਨੂੰ ਚੱਲ ਪਿਆ।  ਅਹਿਮਦ ਸ਼ਾਹ ਦੇ ਆਉਣ ਦੀ ਖ਼ਬਰ ਸਿੱਖਾਂ ਨੂੰ ਵੀ ਮਿਲ ਗਈ। ਉਨ੍ਹਾਂ ਫ਼ੈਸਲਾ ਕੀਤਾ ਕਿ ਅਹਿਮਦ ਸ਼ਾਹ ਨਾਲ ਟੱਕਰ ਲੈਣ ਵਾਸਤੇ ਜੰਡਿਆਲਾ ਸਹੀ ਥਾਂ ਨਹੀਂ, ਇਸ ਕਰ ਕੇ ਉਨ੍ਹਾਂ ਨੇ ਜੰਡਿਆਲੇ ਦਾ ਘੇਰਾ ਚੁੱਕ ਲਿਆ ਤੇ ਦਰਿਆ ਸਤਲੁਜ ਪਾਰ ਕਰ ਗਏ।

ਜਦੋਂ ਅਹਿਮਦ ਸ਼ਾਹ ਜੰਡਿਆਲੇ ਪੁੱਜਾ ਤਾਂ ਉਸ ਨੂੰ ਹਰਭਜਨ ਨਿਰੰਜਨੀਏ ਨੇ ਦੱਸਿਆ ਕਿ ਸਿੱਖ ਉੱਥੋਂ ਨਿਕਲ ਕੇ ਮਾਲਵੇ ਵੱਲ ਗਏ ਹਨ। ਅਹਿਮਦ ਸ਼ਾਹ ਸਿੱਖਾਂ ’ਤੇ ਭਰਪੂਰ ਵਾਰ ਕਰਨਾ ਚਾਹੁੰਦਾ ਸੀ, ਪਰ ਉਸ ਨੂੰ ਸਿੱਖਾਂ ਦੇ ਟਿਕਾਣੇ ਦਾ ਪੂਰਾ ਪਤਾ ਨਹੀਂ ਸੀ, ਇਸ ਕਰ ਕੇ ਉਹ ਲਾਹੌਰ ਆ ਗਿਆ ਤੇ ਸਾਰੇ ਪਾਸੇ ਸਿੱਖਾਂ ਦਾ ਪਤਾ ਲੈਣ ਲਈ ਸੂਹੀਏ ਭੇਜ ਦਿੱਤੇ।

3 ਫ਼ਰਵਰੀ 1762 ਨੂੰ ਅਹਿਮਦ ਸ਼ਾਹ ਨੂੰ ਇੱਕ ਸੋਮੇ ਤੋਂ ਖ਼ਬਰ ਮਿਲੀ ਕਿ ਸਿੱਖ ਮਲੇਰਕੋਟਲੇ ਤੋਂ 15-16 ਕਿਲੋਮੀਟਰ ਦੂਰ ਪਿੰਡ ਰਾਏਪੁਰ ਗੁੱਜਰਵਾਲ ਕੋਲ ਪੁੱਜ ਚੁੱਕੇ ਹਨ। ਇਹ ਖ਼ਬਰ ਮਿਲਦਿਆਂ ਹੀ ਅਹਿਮਦ ਸ਼ਾਹ ਇਕਦਮ ਮਲੇਰਕੋਟਲੇ ਵੱਲ ਚੱਲ ਪਿਆ। ਇਸ ਵੇਲੇ ਉਸ ਕੋਲ ਇੱਕ ਲੱਖ ਤੋਂ ਵੱਧ ਫ਼ੌਜ, ਕਈ ਤੋਪਾਂ ਅਤੇ ਬੇਸ਼ੁਮਾਰ ਅਸਲਾ ਸੀ। ਅਜੇ ਸਿਰਫ਼ ਇੱਕ ਸਾਲ ਪਹਿਲਾਂ ਹੀ ਜਨਵਰੀ 1761 ਵਿੱਚ ਉਹ ਏਸ਼ੀਆ ਦੀ ਦੂਜੀ ਵੱਡੀ ਤਾਕਤ ਮਰਹੱਟਿਆਂ ਨੂੰ ਬੁਰੀ ਤਰ੍ਹਾਂ ਹਰਾ ਚੁੱਕਾ ਸੀ। ਉਸ ਦੇ ਅੰਦਰ ਉਸ ਵੇਲੇ ‘ਹਾਕਮ-ਇ-ਜ਼ਮਾਨਾ’ ਦੀ ਸੋਚ ਕਾਇਮ ਸੀ। ਅਹਿਮਦ ਸ਼ਾਹ ਨੇ ਲਾਹੌਰ ਤੋਂ ਮਲੇਰਕੋਟਲੇ ਤੱਕ ਤਕਰੀਬਨ 225 ਕਿਲੋਮੀਟਰ ਦਾ ਸਫ਼ਰ ਮਾਤਰ ਡੇਢ ਦਿਨ ਵਿੱਚ ਮੁਕਾਇਆ। ਇਸ ਦਾ ਮਤਲਬ ਇਹ ਸੀ ਕਿ ਉਹ 36 ਘੰਟੇ ਲਗਾਤਾਰ ਚਲਦਾ ਰਿਹਾ। ਉਸ ਨੇ ਦੋ ਦਰਿਆ (ਬਿਆਸ ਤੇ ਸਤਲੁਜ) ਵੀ ਪਾਰ ਕੀਤੇ ਸਨ। ਉਹ 5 ਫ਼ਰਵਰੀ ਨੂੰ ਸਵੇਰ ਵੇਲੇ ਮਲੇਰਕੋਟਲੇ ਦੇ ਨੇੜੇ ਪੁੱਜ ਗਿਆ। ਇੱਥੋਂ ਉਸ ਨੂੰ ਪਤਾ ਲੱਗਾ ਕਿ ਸਿੱਖ ਮਲੇਰਕੋਟਲੇ ਤੋਂ 10 ਕਿਲੋਮੀਟਰ ਦੂਰ (ਮੌਜੂਦਾ ਲੁਧਿਆਣਾ-ਧੂਰੀ ਰੋਡ ’ਤੇ), ਕੁੱਪ ਤੇ ਰਹੀੜਾ ਪਿੰਡਾਂ ਦੇ ਵਿਚਕਾਰਲੇ ਜੰਗਲ਼ ਵਿੱਚ ਬੈਠੇ ਹਨ। ਉਸ ਨੇ ਆਪਣੀ ਫ਼ੌਜ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਅਤੇ ਬੇਖ਼ਬਰ ਬੈਠੇ ਸਿੱਖਾਂ ਨੂੰ ਸਾਰੇ ਪਾਸਿਆਂ ਤੋਂ ਘੇਰ ਲਿਆ।

ਕੁੱਪ-ਰਹੀੜ ਦੇ ਜੰਗਲ਼ ਵਿੱਚ ਸਿੱਖਾਂ ਨਾਲ ਉਨ੍ਹਾਂ ਦੇ ਟੱਬਰ ਵੀ ਸਨ।   5 ਹਜ਼ਾਰ ਦੇ ਕਰੀਬ ਬੀਬੀਆਂ ਤੇ ਬੱਚਿਆਂ ਸਣੇ ਸਿੱਖਾਂ ਦੀ ਕੁੱਲ ਗਿਣਤੀ 40-50 ਹਜ਼ਾਰ ਦੇ ਕਰੀਬ ਸੀ।  5 ਫ਼ਰਵਰੀ 1762 ਤੜਕੇ ਵੇਲ਼ੇ ਸਿੱਖਾਂ ਨੂੰ ਵੀ ਅਹਿਮਦ ਸ਼ਾਹ ਦੇ ਮਲੇਰਕੋਟਲੇ ਪੁੱਜਣ ਦਾ ਪਤਾ ਲੱਗ ਗਿਆ ਸੀ। ਉਨ੍ਹਾਂ ਵਿੱਚੋਂ ਕੁਝ ਸਾਥੀ ਨਿਕਲ ਕੇ ਪਿੰਡ ਗਰਮਾ (6 ਕਿਲੋਮੀਟਰ ਦੂਰ) ਵੱਲ ਦੌੜ ਗਏ ਤਾਂ ਜੋ ਉੱਥੇ ਬੈਠੇ ਪਰਿਵਾਰਾਂ ਨੂੰ ਬਚਾਇਆ ਜਾ ਸਕੇ, ਪਰ ਇਸ ਦਾ ਪਤਾ ਅਫ਼ਗਾਨ ਫ਼ੌਜਾਂ ਨੂੰ ਵੀ ਲੱਗ ਗਿਆ।  ਜ਼ੈਨ ਖ਼ਾਨ ਤੇ ਕਾਸਿਮ ਖ਼ਾਨ ਦੀਆਂ ਫ਼ੌਜਾਂ ਨੇ ਸਿੱਖਾਂ ਦਾ ਪਿੱਛਾ ਕੀਤਾ। ਹੁਣ ਸਿੱਖ ਟੱਬਰਾਂ ਨੂੰ ਬਚਾਉਣਾ ਅਤੇ ਲੜਨਾ ਦੋਵੇਂ ਕਾਰਵਾਈਆਂ ਕਰਨੀਆਂ ਪਈਆਂ, ਪਰ ਇਸ ਲੜਾਈ ਵਿੱਚ ਕਾਸਿਮ ਖ਼ਾਨ ਦਾ ਕਾਫ਼ੀ ਨੁਕਸਾਨ ਹੋਇਆ। ਉਹ ਹਾਰ ਖਾ ਕੇ ਡਰ ਕੇ ਮਲੇਰਕੋਟਲੇ ਨੂੰ ਭੱਜ ਗਿਆ।

ਦਿਨ ਚੜ੍ਹਦਿਆਂ ਹੀ ਅਹਿਮਦ ਸ਼ਾਹ ਦੁੱਰਾਨੀ ਨੇ ਸਿੱਖਾਂ ਨੂੰ ਤਿੰਨਾਂ ਪਾਸਿਆਂ ਤੋਂ ਘੇਰਾ ਪਾ ਲਿਆ। ਅਹਿਮਦ ਸ਼ਾਹ ਨੇ ਆਪਣੇ ਫ਼ੌਜੀਆਂ ਨੂੰ ਹੁਕਮ ਦਿੱਤਾ ਕਿ ਪੰਜਾਬੀ ਚਿਹਰੇ ਵਾਲ਼ੇ ਕਿਸੇ ਵੀ ਬੰਦੇ ਨੂੰ ਜਿਊਂਦਾ ਨਹੀਂ ਛੱਡਣਾ। ਉਸ ਨੇ ਜ਼ੈਨ ਖ਼ਾਨ ਨੂੰ ਹਦਾਇਤ ਕੀਤੀ ਕਿ ਉਹ ਪੰਜਾਬੀ ਮੁਸਲਮਾਨ ਫ਼ੌਜੀਆਂ ਨੂੰ ਦੱਸ ਦੇਵੇ ਕਿ ਉਹ ਸਿਰਾਂ ’ਤੇ ਦਰਖ਼ਤਾਂ ਦੇ ਹਰੇ ਪੱਤੇ ਬੰਨ੍ਹ ਲੈਣ ਤਾਂ ਜੋ ਉਹ ਸਿੱਖ ਸਮਝ ਕੇ ਮਾਰੇ ਨਾ ਜਾਣ। ਅਫ਼ਗਾਨ ਫ਼ੌਜਾਂ ਦੀ ਕਮਾਨ ਸ਼ਾਹ ਵਲੀ ਖ਼ਾਨ, ਜਹਾਨ ਖ਼ਾਨ, ਭੀਖਮ ਖ਼ਾਨ, ਮੁਰਤਜ਼ਾ ਖ਼ਾਨ ਵੜੈਚ, ਦੀਵਾਨ ਲੱਛਮੀ ਰਾਮ ਤੇ ਅਹਿਮਦ ਸ਼ਾਹ ਦੇ ਆਪਣੇ ਕੋਲ ਸੀ। ਇਹ ਫ਼ੌਜਾਂ ਤਿੰਨ ਪਾਸਿਆਂ ਤੋਂ ਅੱਗੇ ਵਧਣ ਲੱਗ ਪਈਆਂ। ਇਸ ਹਾਲਤ ਵਿੱਚ ਸਿਖਾਂ ਕੋਲ ਕੋਈ ਚਾਰਾ ਨਹੀਂ ਸੀ ਕਿ ਉਹ ਘੇਰਾ ਤੋੜ ਤੇ ਨਿਕਲਣ ਦੀ ਕੋਸ਼ਸ਼ ਕਰਦੇ। ਇਸ ਕਰ ਕੇ ਸਿੱਖਾਂ ਨੇ ਇੱਕ ਵਹੀਰ ਦੀ ਸ਼ਕਲ ਵਿੱਚ ਬਰਨਾਲੇ ਵੱਲ ਵਧਣਾ ਸ਼ੁਰੂ ਕਰ ਦਿੱਤਾ। ਵਹੀਰ ਦੇ ਅੱਗੇ ਪਿੱਛੇ ਅਤੇ ਦੋਹੀਂ ਪਾਸੀਂ ਤਕੜੇ ਜਵਾਨ ਸਨ ਤੇ ਵਿਚਕਾਰ ਟੱਬਰ। ਸਿੱਖ ਹੌਲ਼ੀ ਹੌਲ਼ੀ ਅੱਗੇ ਵੀ ਵਧਦੇ ਗਏ ਤੇ ਨਾਲ ਨਾਲ ਲੜਦੇ ਵੀ ਗਏ। ਅਫ਼ਗਾਨ ਫ਼ੌਜਾਂ ਸਿੱਖਾਂ ਦਾ 40 ਕਿਲੋਮੀਟਰ ਤੱਕ ਘਾਣ ਕਰਦੀਆਂ ਗਈਆਂ। ਰਸਤੇ ਵਿੱਚ ਸਿੱਖਾਂ ਨੇ ਕੁਤਬਾ ਤੇ ਬਾਹਮਣੀ ਪਿੰਡਾਂ ਵਿੱਚ ਆਸਰਾ ਲੈ ਕੇ ਅਫ਼ਗਾਨ ਫ਼ੌਜਾਂ ਨਾਲ਼ ਲੜਨਾ ਚਾਹਿਆ, ਪਰ ਇਨ੍ਹਾਂ ਪਿੰਡਾਂ ਵਿੱਚ ਮੁਸਲਮਾਨ ਲੋਕਾਂ ਨੇ ਸਿੱਖਾਂ ਨੂੰ ਪਿੰਡ ਵਿੱਚ ਨਾ ਵੜਨ ਦਿੱਤਾ, ਜਿਸ ਕਰ ਕੇ ਸਿੱਖਾਂ ਕੋਲ ਢਾਈ ਫੱਟ ਦੀ ਲੜਾਈ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਇਸ ਵੇਲ਼ੇ ਸਿੱਖ ਫ਼ੌਜਾਂ ਦੀ ਕਮਾਨ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸੁਕਰਚੱਕੀਆ ਤੇ ਹੋਰ ਜਰਨੈਲ ਕਰ ਰਹੇ ਸਨ।

ਸ਼ਾਮ ਪੈਣ ਤੱਕ ਇਹ ਲੜਾਈ ਤੇ ਕਤਲੇਆਮ ਜਾਰੀ ਰਿਹਾ। ਹੁਣ ਅਫ਼ਗਾਨ ਫ਼ੌਜਾਂ ਵੀ ਥੱਕ ਚੁੱਕੀਆਂ ਸਨ। ਉਹ ਲਗਾਤਾਰ ਡੇਢ ਦਿਨ ਚੱਲਦੇ ਰਹੇ ਸਨ ਤੇ ਘੋੜਿਆਂ ਦੀਆਂ ਕਾਠੀਆਂ ’ਤੇ ਸਵਾਰ ਵੀ ਰਹੇ। ਇਸ ਦੇ ਬਾਵਜੂਦ 15 ਘੰਟੇ ਲੜਦੇ ਵੀ ਰਹੇ ਸਨ। ਹੁਣ ਉਹ ਪਿਆਸੇ, ਭੁੱਖੇ ਤੇ ਥੱਕੇ ਹੋਏ ਸਨ। ਉਨ੍ਹਾਂ ਨੂੰ ਕੁਤਬਾ ਪਿੰਡ ਤੋਂ ਕੁਝ ਅੱਗੇ ਪਾਣੀ ਦੀ ਢਾਬ ਨਜ਼ਰ ਆਈ। ਬਹੁਤੇ ਫ਼ੌਜੀ ਪਾਣੀ ਪੀਣ ਵਾਸਤੇ ਇੱਕ ਦੂਜੇ ਨੂੰ ਪਿੱਛੇ ਧੱਕਣ ਲੱਗ ਪਏ। ਦੂਜੇ ਪਾਸੇ ਸਿੱਖ ਅੱਗੇ ਬੀਕਾਨੇਰ ਵੱਲ ਨਿਕਲ ਗਏ।

ਇਸ ਜੱਦੋ-ਜਹਿਦ ਵਿੱਚ ਤਕਰੀਬਨ 25-30 ਹਜ਼ਾਰ ਸਿੱਖ ਸ਼ਹੀਦ ਹੋ ਗਏ। ਸਿੱਖ ਤਵਾਰੀਖ਼ ਵਿੱਚ ਇਸ ਨੂੰ (ਪਹਿਲੀ ਮਈ 1746 ਦੇ ਘੱਲੂਘਾਰੇ ਦੇ ਮੁਕਾਬਲੇ) ਵੱਡਾ ਘੱਲੂਘਾਰਾ ਆਖ ਕੇ ਚੇਤੇ ਕੀਤਾ ਜਾਂਦਾ ਹੈ। ਇਸ ਘੱਲੂਘਾਰੇ ਵਿੱਚ ਜੱਸਾ ਸਿੰਘ ਆਹਲੂਵਾਲੀਆ ਤੇ ਚੜ੍ਹਤ ਸਿੰਘ ਸੁਕਰਚੱਕੀਆ ਨੇ ਬਹੁਤ ਕਮਾਲ ਦਾ ਰੋਲ ਅਦਾ ਕੀਤਾ। ਇਨ੍ਹਾਂ ਦੋਹਾਂ ਜਰਨੈਲਾਂ ਨੂੰ ਤੀਰਾਂ, ਬਰਛਿਆਂ ਤੇ ਤਲਵਾਰਾਂ ਦੇ 20-20 ਤੋਂ ਵੱਧ ਜ਼ਖ਼ਮ ਆਏ ਸਨ ਤੇ ਦੂਜੇ ਸਿੱਖਾਂ ਨੂੰ ਵੀ 5 -7 ਜ਼ਖ਼ਮ ਹਰ ਇੱਕ ਨੂੰ ਜ਼ਰੂਰ ਆਏ ਸਨ।

ਇਸ ਘੱਲੂਘਾਰੇ ਵਿੱਚ ਸ਼ਹੀਦ ਹੋਣ ਵਾਲ਼ੇ ਸਿੱਖਾਂ ਦੀ ਗਿਣਤੀ ਵੱਖ-ਵੱਖ ਸੋਮੇ ਵੱਖ-ਵੱਖ ਦੱਸਦੇ ਹਨ;  ਜਿਵੇਂ ਕਿ ਮਿਸਕੀਨ 25 ਹਜ਼ਾਰ, ਖ਼ਜ਼ਾਨਾ-ਇ-ਅਮੀਰਾ ਦਾ ਲੇਖਕ 25 ਹਜ਼ਾਰ, ਫ਼ਾਰਸਟਰ 25 ਹਜ਼ਾਰ, ਸਿਆਰੁਲ ਮੁਤਾਖ਼ਰੀਨ ਦਾ ਲੇਖਕ 20 ਹਜ਼ਾਰ, ਤਾਰੀਖ਼ੇ ਮੁਜ਼ੱਫ਼ਰੀ ਦਾ ਲੇਖਕ 22 ਹਜ਼ਾਰ, ਤਾਰੀਖ਼ੇ ਹੁਸੈਨ ਸ਼ਾਹੀ ਦਾ ਲੇਖਕ 30 ਹਜ਼ਾਰ, ਤਾਰੀਖ਼ੇ ਅਹਿਮਦ ਸ਼ਾਹੀ ਦਾ ਲੇਖਕ 30 ਹਜ਼ਾਰ, ਗਣੇਸ਼ ਦਾਸ ਵਢੇਰਾ 30 ਹਜ਼ਾਰ, ਅਲੀ-ਉਦ-ਦੀਨ 30 ਹਜ਼ਾਰ, ਮਾਲਕਮ 20 ਹਜ਼ਾਰ ਤੋਂ ਵੱਧ, ਹਿਊਗਲ 20 ਤੋਂ 30 ਹਜ਼ਾਰ, ਰਤਨ ਸਿੰਘ ਭੰਗੂ 50 ਹਜ਼ਾਰ, ਕਰਮ ਸਿੰਘ ਹਿਸਟੋਰੀਅਨ 15 ਤੋਂ 20 ਹਜ਼ਾਰ, ਗਿਆਨੀ ਗਿਆਨ ਸਿੰਘ 13 ਹਜ਼ਾਰ ਦੱਸਦਾ ਹੈ। ਅਜਿਹਾ ਜਾਪਦਾ ਹੈ ਕਿ 20 ਤੋਂ 30 ਹਜ਼ਾਰ ਸਿੱਖ ਜ਼ਰੂਰ ਸ਼ਹੀਦ ਹੋਏ ਹੋਣਗੇ। (ਮਿਸਕੀਨ ਸਫ਼ੇ 241-42,  ਤਾਰੀਖ਼-ਇ-ਅਹਿਮਦ-ਸ਼ਾਹੀ, ਸਫ਼ਾ 16, ਅਲਾ-ਉਦ-ਦੀਨ ਸਫ਼ਾ 124 ਏ, ਅਹਿਮਦ ਸ਼ਾਹ ਬਟਾਲੀਆ, ਸਫ਼ਾ 885) (ਇਹ ਵੇਰਵੇ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਲਗੀਰ ਦੀ ਬੁੱਕ ’ਚੋਂ ਲਏ ਗਏ ਹਨ)

ਇਸ ਘੱਲੂਘਾਰੇ ਤੋਂ ਬਾਅਦ 9 ਅਪਰੈਲ 1762 ਨੂੰ ਖਿਦਰਾਣੇ ਦੀ ਢਾਬ (ਮੁਕਤਸਰ) ਵਿੱਚ ਸਰਬੱਤ ਖ਼ਾਲਸੇ ਦਾ ਇਕੱਠ ਹੋਇਆ ਜਿੱਥੇ ਇਸ ਹਮਲੇ ’ਚ ਸ਼ਹੀਦ ਹੋਏ ਸਿੰਘਾਂ ਨੂੰ ਅਕੀਦਤ ਪੇਸ਼ ਕਰਨ ਵਜੋਂ ਇੱਕ ਗੁਰਮਤਾ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ‘ਸ਼ਹੀਦੀਆਂ ਨਾਲ਼ ਸਾਡਾ (ਮਨਾਂ ਦਾ) ਖੋਟ ਝੜ ਗਿਆ ਹੈ ਅਤੇ ਅਸੀਂ ਕੁੰਦਨ ਹੋ ਗਏ ਹਾਂ ਤੇ ਹੁਣ ਅਸੀਂ ਅਹਿਮਦ ਸ਼ਾਹ ਦਾ ਆਹਮੋ-ਸਾਹਮਣੇ ਟਾਕਰਾ ਕਰਾਂਗੇ। ਇਹ ਖ਼ਾਲਸੇ ਦੀ ਲਾਸਾਨੀ ਚੜ੍ਹਦੀ ਕਲਾ ਸੀ ਕਿ ਉਹ ਅੱਧੀ ਕੌਮ ਸ਼ਹੀਦ ਹੋਣ ਮਗਰੋਂ ਵੀ ਇਹੋ ਜਿਹਾ ਗੁਰਮਤਾ ਕਰ ਸਕਦੇ ਹਨ। ਪੰਥ ਪ੍ਰਕਾਸ਼ ਵਿੱਚ ਇਹ ਸ਼ਬਦ ਇਉਂ ਦਰਜ ਹਨ, ‘‘ਇੱਕ ਨਿਹੰਗ ਬੁਕ ਤਹਿ ਕਹਯੋ, ਊਚੋ ਬਚਨ ਸੁਨਾਇ ॥  ਤਤ ਖਾਲਸਾ ਸੋ ਰਹਯੋ, ਗਯੋ ਸੁ ਖੋਟ ਗਵਾਇ ॥’’ (ਪੰਥ ਪ੍ਰਕਾਸ ੪੬੨)