ਗੁਰਬਾਣੀ ਪਰਿਪੇਖ ਵਿੱਚ ਭੋਰਿਆਂ ਦਾ ਤਪ ਤੇ ਤਪੱਸਿਆ ਦਾ ਸੱਚ

0
340

ਗੁਰਬਾਣੀ ਪਰਿਪੇਖ ਵਿੱਚ ਭੋਰਿਆਂ ਦਾ ਤਪ ਤੇ ਤਪੱਸਿਆ ਦਾ ਸੱਚ

ਜਗਤਾਰ ਸਿੰਘ ਜਾਚਕ (ਨਿਊਯਾਰਕ)-516.323.9188

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ਤਪ’ ਲਫ਼ਜ਼ ਸਤੰਤਰ ਰੂਪ ਵਿੱਚ ਕੁੱਲ 56 ਵਾਰ ਅਤੇ ‘ਤਪਸਿਆ’ ਕੇਵਲ ਇੱਕ ਵਾਰ ਹੀ ਵਰਤੇ ਮਿਲਦੇ ਹਨ ਅਤੇ ਉਹ ਵੀ ਪੌਰਾਣਿਕ ਬ੍ਰਾਹਮਣੀ ਮਤ-ਮਤਾਂਤਰਾਂ ਦੀ ਜਾਣਕਾਰੀ ਦਿੰਦਿਆਂ ਨਕਾਰਤਮਕ ਅਰਥਾਂ ਵਿੱਚ। ਜਿਵੇਂ ‘‘ਓਛੇ ਤਪ ਕਰਿ ਬਾਹੁਰਿ ਐਬੋ ॥’’ (ਪੰ.੬੯੨) ਅਤੇ ‘‘ਅਨਿਕ ਤਪਸਿਆ, ਕਰੇ ਅਹੰਕਾਰ ॥’’ (ਪੰ.੨੭੮)

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਤ ‘ਗੁਰੂ ਗ੍ਰੰਥ ਵਿਸ਼ਵ ਕੋਸ਼’ ਅਨੁਸਾਰ ‘ਤਪ’ ਦਾ ਸ਼ਾਬਦਿਕ ਅਰਥ ਹੈ- ਤਾਪ, ਸਾੜ, ਗਰਮੀ । ਪਰ ਹੌਲੀ-ਹੌਲੀ ਇਸ ਦਾ ਇੱਕ ਰੂੜ੍ਹ ਅਰਥ ਹੋ ਗਿਆ ‘ਤਪੱਸਿਆ’। ਕਿਸੇ ਵਿਸ਼ੇਸ਼ ਉਦੇਸ਼ ਦੀ ਪ੍ਰਾਪਤੀ ਜਾਂ ਆਤਮਿਕ ਅਤੇ ਸਰੀਰਕ ਅਨੁਸ਼ਾਸਨ (ਜ਼ਬਤ) ਲਈ ਕੀਤੇ ਜਾਣ ਵਾਲੇ ਸਰੀਰਕ ਕਸ਼ਟ ਨੂੰ ‘ਤਪ’ ਅਥਵਾ ਤਪੱਸਿਆ ਕਿਹਾ ਜਾਂਦਾ ਹੈ। ਤਪ ਸਾਧਨਾ ਦਾ ਵਿਕਾਸ ਚਾਰ ਪੁਰਸ਼ਾਰਥਾਂ ਅਤੇ ਚਾਰ ਆਸ਼ਰਮਾਂ ਦੇ ਸਿਧਾਂਤਾਂ ਦੇ ਪ੍ਰਚਲਿਤ ਹੋਣ ਤੋਂ ਬਾਅਦ ਹੋਇਆ ਹੈ। ਇਹ ਮੋਕਵਸ਼ ਪ੍ਰਾਪਤੀ ਦੀ ਉਤਰ-ਵੈਦਿਕ ਕਾਲ ਦੀ ਜੁਗਤ ਹੈ।

ਪੁਰਾਣਾ ਵਿੱਚ ਉਦੇਸ਼ਾਂ ਦੀ ਭਿੰਨਤਾ ਨਾਲ ਕਈ ਪ੍ਰਕਾਰ ਦੇ ਤਪਾਂ ਦੀ ਕਲਪਨਾ ਕੀਤੀ ਜਾਣ ਲੱਗੀ । ਤਪ ਦੀ ਬਿਰਤੀ ਦਾ ਕੇਂਦਰ ਸਰੀਰਕ ਕਸ਼ਟ ਹੋ ਗਿਆ। ਤਪ ਦੇ ਜਿਤਨੇ ਵੀ ਰੂਪ ਵਧਦੇ ਗਏ, ਇਸ ਦੀ ਭਾਵਨਾ ਦਾ ਵਿਕਾਸ ਹੁੰਦਾ ਗਿਆ। ਤਪਸਵੀ ਲੋਕ ਆਮ ਤੌਰ ’ਤੇ ਅਲਪਾਹਾਰ ਕਰਦੇ ਹਨ, ਭੂਮੀ ਉੱਤੇ ਸੌਂਦੇ ਹਨ, ਬ੍ਰਿਛਾਂ ਦੀਆਂ ਛਿਲਾਂ ਦੇ ਬਸਤ੍ਰ ਧਾਰਣ ਕਰਦੇ ਹਨ, ਜਟਾਵਾਂ ਤੇ ਨਾਖੁਨਾਂ ਨੂੰ ਵਧਾਉਂਦੇ ਹਨ, ਆਦਿ । ਧਰਮ-ਗ੍ਰੰਥਾਂ ਦਾ ਉਚਾਰਨ ਅਤੇ ਦਯਾ-ਭਾਵ ਦਾ ਵਿਕਾਸ ਕਰਦੇ ਹਨ। ਪਰ ਬਹੁਤ ਕਠੋਰ ਤਪਸਵੀ ਗਰਮੀ ਵਿੱਚ ਪੰਚ ਅਗਨੀ- ਉਪਰੋਂ ਸੂਰਜ ਅਤੇ ਚੌਹਾਂ ਪਾਸੇ ਅੱਗ ਬਾਲਣਾ, ਮੀਂਹ ਵਿੱਚ ਖੜੋਣਾ, ਭਿੱਖ ਮੰਗ ਕੇ ਖਾਣਾ, ਬਸਤੀਆਂ ਤੋਂ ਦੂਰ ਰਹਿਣਾ, ਸਰੀਰ ਦੇ ਸਾਰੇ ਸੁਖਾਂ ਨੂੰ ਤਿਆਗਣਾ, ਆਦਿ ਇਹ ਤਪੱਸਿਆ ਦੇ ਆਮ ਲੱਛਣ ਹੁੰਦੇ ਹਨ।

‘ਗੁਰੂ ਗ੍ਰੰਥ ਵਿਸ਼ਵਕੋਸ਼’ ਦੀ ਉਪਰੋਕਤ ਲਿਖਤ ਉਪਰੰਤ ਗੁਰਮਤ ਦਾ ਨਿਰਣੈਜਨਕ ਦ੍ਰਿਸ਼ਟੀਕੋਨ ਦਿੰਦਿਆ ਲਿਖਿਆ ਹੈ – ‘ਗੁਰਬਾਣੀ ਵਿੱਚ ਕਿਸੇ ਪ੍ਰਕਾਰ ਦੇ ਪਰੰਪਰਕ ਜਾਂ ਦਿਖਾਵੇ ਦੇ ਤਪ ਦਾ ਕੋਈ ਮਹਤਵ ਨਹੀਂ ਹੈ।’ ਗੁਰੂ ਅਰਜਨ ਦੇਵ ਦੀ ਸਥਾਪਨਾ ਹੈ ਕਿ ਹਉਮੈ ਯੁਕਤ ਅਨੇਕ ਪ੍ਰਕਾਰ ਦੀ ਕੀਤੀ ਤਪਸਿਆ ਆਵਾਗਵਣ ਅਤੇ ਨਰਕ ਸੁਰਗ ਦੇ ਕੁਚੱਕਰ ਹੀ ਪਾਈ ਰੱਖਦੀ ਹੈ- ‘‘ਅਨਿਕ ਤਪਸਿਆ ਕਰੇ ਅਹੰਕਾਰ ॥ ਨਰਕ ਸੁਰਗ ਫਿਰਿ ਫਿਰਿ ਅਵਤਾਰ ॥’ (ਗੁ.ਗ੍ਰੰ.੨੭੮) ਹਾਂ, ਸਾਰਿਆਂ ਤਪਾਂ ਵਿੱਚੋਂ ਜੇ ਕੋਈ ਸ੍ਰੇਸ਼ਟ ਤਪ ਹੈ ਤਾਂ ਉਹ ਹੈ ‘ਗੁਰੂ-ਸੇਵਾ’। ਭਾਵ, ਗੁਰਮਤਿ ਅਨੁਸਾਰ ਜੀਊਣਾ । ਜਿਸ ਦੀ ਬਦੌਲਤ ਸਾਰੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਮਨ ਵਿਚ ਆ ਵੱਸਦਾ ਹੈ ਅਤੇ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ’ਤੇ ਸੁਰਖ਼ਰੂ (ਸਚਿਆਰ) ਦਿੱਸਦਾ ਹੈ :

‘‘ਗੁਰ ਸੇਵਾ, ਤਪਾਂ ਸਿਰਿ ਤਪੁ ਸਾਰੁ ॥ ਹਰਿ ਜੀਉ ਮਨਿ ਵਸੈ, ਸਭ ਦੂਖ ਵਿਸਾਰਣਹਾਰੁ ॥ ਦਰਿ ਸਾਚੈ ਦੀਸੈ ਸਚਿਆਰੁ ॥’’ (ਪੰ.੪੨੩)

ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ‘ਗੁਰਮਤ ਮਾਰਤੰਡ’ ਵਿੱਚ ਨਿਰਣਾ ਦਿੱਤਾ ਹੈ ਕਿ ‘ਗੁਰਮਤ ਵਿੱਚ ਨਿਰਾਰਥਕ ਸ਼ਰੀਰ ਤਪਾਉਣਾ ਉੱਤਮ ਤਪ ਨਹੀਂ, ਮਨ ਅਤੇ ਇੰਦ੍ਰੀਆਂ ਨੂੰ ਵਿਕਾਰਾਂ ਤੋਂ ਵਰਜਣਾ, ਪਰੋਪਕਾਰ ਲਈ ਕਸ਼ਟ ਉੱਠਾਉਣਾ ਮਹਾਨ ਤਪ ਹੈ।’ ਜਦੋਂ ਕਿਸੇ ਨੇ ਉਨ੍ਹਾਂ ਨੂੰ ਪੁੱਛਿਆ ਕਿ ਸਾਰਥਕ-ਤਪ ਤੇ ਨਿਰਾਰਥਕ-ਤਪ ਵਿੱਚ ਕੀ ਫ਼ਰਕ ਹੈ ਤਾਂ ਭਾਈ ਸਾਹਿਬ ਨੇ ਉੱਤਰ ਵਿੱਚ ਲਿਖਿਆ ਸੀ -‘ਪੰਚਾਗਨੀ ਤਪਣ ਵਾਲੇ ਨਾਲ ਜੇਠ ਹਾੜ ਵਿੱਚ ਕਿਸਾਨ ਹਲਵਾਹ ਦਾ, ਜਲਧਾਰਾ ਲੈਣ ਵਾਲੇ ਤਪੀਏ ਨਾਲ ਪੋਹ ਮਾਘ ਵਿੱਚ ਨਹਿਰ ਦਾ ਪਾਣੀ ਲਾਣ ਵਾਲੇ ਜ਼ਿੰਮੀਦਾਰ ਦਾ ਮੁਕਾਬਲਾ ਕਰੋ, ਫੇਰ ਪਤਾ ਲੱਗੇ ਕਿ ਨਿਰਾਰਥਕ ਤਪ ਕਿਹੜਾ ਹੈ ਅਤੇ ਸਾਰਥਕ ਕੇਹੜਾ ?

20ਵੀਂ ਸਦੀ ਦੀ ਕ੍ਰਿਤ ‘ਮਹਾਨਕੋਸ਼’ ਅਤੇ ‘ਪੰਜਾਬੀ ਸ਼ਬਦ-ਜੋੜ ਕੋਸ਼’ ਵਿੱਚ ‘ਭੋਰਾ’ ਲਫ਼ਜ਼ ਪੰਜਾਬੀ ਦਾ ਮੰਨਿਆ ਗਿਆ ਹੈ ਅਤੇ ਅਰਥ ਹੈ -ਭੂਮਿਗ੍ਰਹਿ, ਤਹਖ਼ਾਨਾ, ਗੁਫ਼ਾ ਤੇ ਕੰਦਰਾ । ਗੁਰਬਾਣੀ ਵਿੱਚ ਭੋਰੇ ਦੇ ਸਮਾਨਾਰਥਕ ਪਦ ਹਨ ‘ਗੁਫ਼ਾ’ ਤੇ ‘ਕੰਦਰਾ’। ਕਿਉਂਕਿ, ਗੁਰਬਾਣੀ ਵਿੱਚ ਭੋਰਾ ਲਫ਼ਜ਼ ਉਪਰੋਕਤ ਅਰਥਾਂ ਵਿੱਚ ਕਿਧਰੇ ਵੀ ਵਰਤਿਆ ਨਹੀਂ ਮਿਲਦਾ। ਇਸ ਲਈ ਜਿੱਥੋਂ ਤੱਕ ਪਹਾੜਾਂ ਦੀਆਂ ਗੁਫ਼ਾਵਾਂ, ਕੰਦਰਾਂ ਤੇ ਜ਼ਮੀਨ-ਦੋਜ਼ ਭੋਰਿਆਂ ਵਿੱਚ ਛਿਪ ਕੇ ਤਪ ਕਰਨ ਦਾ ਸੁਆਲ ਹੈ, ਉਸ ਦਾ ਵੀ ਗੁਰਬਾਣੀ ਵਿੱਚ ਜ਼ੋਰਦਾਰ ਖੰਡਨ ਕੀਤਾ ਗਿਆ ਹੈ । ਬਿਲਕੁਲ ਸਪਸ਼ਟ ਕੀਤਾ ਹੈ ਇਸ ਤਰੀਕੇ ਦੀ ਤਪੱਸਿਆ ਸਾਧਕ ਦੀ ਹਉਮੈ ਨੂੰ ਮਿਟਾ ਕੇ ਮਨ ਨੂੰ ਜਿੱਤਣ ਦੀ ਪਰਮਉੱਚ ਅਧਿਆਤਮਕ ਅਵਸਥਾ ਤੱਕ ਪਹੁੰਚਾਣ ਤੋਂ ਅਸਮਰਥ ਰਹਿ ਜਾਂਦੀ ਹੈ । ਗੁਰ ਸ਼ਬਦ ਵੀਚਾਰ ਦੀ ਰੌਸ਼ਨੀ ਵਿੱਚ ਜੀਵਨ ਗੁਜ਼ਾਰਿਆਂ ਹੀ ਹਉਮੈ ਤੋਂ ਬਚ ਕੇ ਮਨ ਨੂੰ ਜਿੱਤਿਆ ਜਾ ਸਕਦਾ ਹੈ । ਗੁਰਵਾਕ ਹਨ :

ਸੁਇਨੇ ਕੈ ਪਰਬਤਿ ਗੁਫਾ ਕਰੀ, ਕੈ ਪਾਣੀ ਪਇਆਲਿ ॥ ਕੈ ਵਿਚਿ ਧਰਤੀ, ਕੈ ਆਕਾਸੀ; ਉਰਧਿ ਰਹਾ ਸਿਰਿ ਭਾਰਿ ॥

ਨਾ ਹਉ, ਨਾ ਮੈ, ਨਾ ਹਉ ਹੋਵਾ; ਨਾਨਕ ਸਬਦੁ ਵੀਚਾਰਿ ॥ (ਗੁਰੂ ਗ੍ਰੰਥ.੧੩੯)

ਜਟਾ ਭਸਮ ਲੇਪਨ ਕੀਆ; ਕਹਾ ਗੁਫਾ ਮਹਿ ਬਾਸੁ ॥ ਮਨੁ ਜੀਤੇ, ਜਗੁ ਜੀਤਿਆ; ਜਾਂ ਤੇ ਬਿਖਿਆ ਤੇ ਹੋਇ ਉਦਾਸੁ ॥ (ਗੁਰੂ ਗ੍ਰੰਥ. ੧੧੦੩), ਆਦਿ।

ਇਸ ਲਈ ਬਚਨਾਂ ਦੇ ਸੂਰੇ ਸਤਿਗੁਰਾਂ ਵੱਲੋਂ ਅਜਿਹਾ ਤਾਂ ਹੋ ਨਹੀਂ ਸਕਦਾ ਕਿ ਉਹ ਜੋਗੀਆਂ ਵਰਗੇ ਸਾਧਕਾਂ ਤੇ ਤਪੀਆਂ ਨੂੰ ਕਹਿਣ ਕਿ ਕੀ ਹੋ ਗਿਆ ਜੇ ਤੁਸੀਂ ਜਟਾਧਾਰੀ ਹੋ ਕੇ ਸੁਆਹ ਮਲ ਲਈ ਜਾਂ ਕਿਸੇ ਗੁਫ਼ਾ ਵਿੱਚ ਡੇਰਾ ਲਾ ਲਿਆ ? ਕਿਉਂਕਿ ਇਸ ਤਰ੍ਹਾਂ ਹਉਮੈ ਤੇ ਮਾਇਆ ਮੋਹ ਤੋਂ ਖ਼ਲਾਸੀ ਹਾਸਲ ਨਹੀਂ ਹੋ ਸਕਦੀ; ਪਰ ਆਪ ਉਹ ਭੋਰੇ ਬਣਾ ਬਣਾ ਕੇ ਤਪਸਿਆ ਕਰਨ। ਜਿਵੇਂ ਕਿ ਕੁਝ ਸੰਪਰਦਾਈ ਲੇਖਕਾਂ ਤੇ ਪ੍ਰਚਾਰਕਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਪ੍ਰਚਾਰਿਆ ਹੈ ਕਿ ਉਹ 26 ਸਾਲ 9 ਮਹੀਨੇ ਤੇ 13 ਦਿਨ ਬਾਬੇ ਬਕਾਲੇ ਵਿਖੇ ਭੋਰੇ ਵਿੱਚ ਤਪ ਕਰਦੇ ਰਹੇ। ਇਸ ਦਾ ਅਰਥ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ 3 ਮਾਰਚ 1644 ਨੂੰ ਜੋਤੀ-ਜੋਤਿ ਸਮਾਉਣ ਤੋਂ 6 ਸਾਲ ਪਹਿਲਾਂ 1937 ਵਿਖੇ ਹੀ ਭੋਰੇ ਵਿੱਚ ਸਮਾਧੀ ਲਾ ਕੇ ਬੈਠ ਗਏ ਸਨ। ਕਿਉਂਕਿ, ਨੌਵੇਂ ਪਾਤਸ਼ਾਹ ਦੇ ਗੁਰਿਆਈ ਜ਼ਿਮੇਂਵਾਰੀ ਸੰਭਾਲਣ ਦਾ ਸਾਲ ਸੰਨ 1664 ਹੈ। ਹੁਣ ਸੁਆਲ ਖੜ੍ਹਾ ਹੁੰਦਾ ਹੈ ਕਿ ਕੀ ਸਮੇਂ ਦੀ ਹਕੂਮਤ ਨਾਲ ਟੱਕਰ ਲੈਣ ਵਾਲੇ ਮਹਾਬਲੀ ਜੋਧੇ ਛੇਵੇਂ ਸਤਿਗੁਰੂ ਜੀ ਨੇ ਆਪਣੇ ਬੇਟੇ ਨੂੰ ਅਜਿਹੀ ਬਿਪਰੀ ਤੇ ਕਾਇਰਾਂ ਵਾਲੀ ਅਧਿਆਤਮਕ ਸਾਧਨਾ ਕਰਨ ਦੀ ਆਗਿਆ ਦਿੱਤੀ ਹੋਵੇਗੀ  ?

ਇਸ ਤੋਂ ਇਲਾਵਾ ਸਮਕਾਲੀ ਭੱਟ-ਵਹੀਆਂ ਅਤੇ ਹੋਰ ਇਤਿਹਾਸਕ ਸੋਮੇ ਸਿੱਧ ਕਰਦੇ ਹਨ ਉਹ ਪੰਜਾਬ ਤੋਂ ਇਲਾਵਾ ਬੰਗਾਲ, ਬਿਹਾਰ ਤੇ ਦਿੱਲੀ ਤੱਕ ਵੱਖ ਵੱਖ ਥਾਈਂ ਪ੍ਰਚਾਰ ਦੌਰੇ ਕਰਦੇ ਰਹੇ। 9 ਜੂਨ 1656 ਦੇ ਦਿਨ ਗੁਰੂ ਜੀ ਕੀਰਤਪੁਰ ਸਾਹਿਬ ਤੋਂ ਅਸਾਮ ਵੱਲ ਅੱਠ ਸਾਲ ਦੇ ਲੰਬੇ ਪ੍ਰਚਾਰ ਦੌਰੇ ਲਈ ਤੁਰੇ। 29 ਮਾਰਚ 1657 ਨੂੰ ਵੈਸਾਖੀ ਵਾਲੇ ਦਿਨ ਉਹ ਹਰਿਦੁਆਰ ਅਤੇ 21 ਜੂਨ 1661 ਨੂੰ ਕਾਂਸ਼ੀ ਪਹੁੰਚੇ । 19 ਦਸੰਬਰ 1662 ਨੂੰ ਆਪ ਅਲਾਹਾਬਾਦ ਸਨ। ਵਾਪਸੀ ’ਤੇ 22 ਮਾਰਚ 1664 ਨੂੰ ਗੁਰਦੁਆਰਾ ਬੰਗਲਾ ਸਾਹਿਬ ਦੇ ਸਥਾਨ ’ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਮਿਲੇ ਤੇ ਫਿਰ ਕੀਰਤਪੁਰ ਹੁੰਦੇ ਹੋਏ ਬਾਬੇ ਬਕਾਲੇ ਪਹੁੰਚੇ। 30 ਮਾਰਚ ਨੂੰ ਅਠਵੇਂ ਪਾਤਸ਼ਾਹ ਗੁਰਿਆਈ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲਈ ‘ਬਾਬਾ ਬਕਾਲੇ’ ਦਾ ਸੰਕੇਤਕ ਐਲਾਨ ਕਰਕੇ ਜੋਤੀ-ਜੋਤ ਸਮਾਅ ਗਏ। ਸਤਿਗੁਰੂ ਜੀ ਦੇ ਮਾਤਾ ਸੁਲੱਖਣੀ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਪੜਪੋਤੇ ਦੀਵਾਨ ਦਰਗਾਹ ਤੇ ਹੋਰ ਗੁਰਸਿੱਖਾਂ ਸਮੇਤ ਦਿੱਲੀ ਤੋਂ 11 ਅਗਸਤ 1664 ਨੂੰ ਬਕਾਲੇ ਪਹੁੰਚੇ ਅਤੇ ਗੁਰਿਆਈ ਦੀ ਬਕਾਇਦਾ ਰਸਮ ਅਦਾ ਹੋਈ । ਸ਼ੁਕਰ ਹੈ ਕਿ ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਅਤੇ ਹੋਰ ਇਤਿਹਾਸਕਾਰ ਵੀ ਗੁਰੂ ਜੀ ਦੇ ਇਨ੍ਹਾਂ ਪ੍ਰਚਾਰਕ ਦੌਰਿਆਂ ਦੀ ਪ੍ਰੋੜਤਾ ਕਰਦੇ ਹਨ।

ਪਾਠਕਾਂ ਦੇ ਨੋਟ ਕਰਨ ਵਾਲਾ ਨੁਕਤਾ ਹੈ ਕਿ ਗੁਰ ਇਤਿਹਾਸ ਵਿੱਚ ‘ਭੋਰਾ ਸਾਹਿਬ’ ਨਾਂ ਦੇ ਗੁਰ ਸਥਾਨ ਹੁਣ ਤਾਂ ਭਾਵੇਂ ਬਹੁਤ ਹਨ। ਕਿਉਂਕਿ ਕੀਰਤਪੁਰ ਸਾਹਿਬ ਦੇ ਹਰਿਮੰਦਰ ਸਾਹਿਬ ਵਾਂਗ ਨੀਵੇਂ ਥਾਵਾਂ ’ਤੇ ਬਣੇ ਹੋਏ ਪੁਰਾਤਨ ਗੁਰ ਅਸਥਾਨਾਂ ਨੂੰ ਜਦੋਂ ਕਾਰ-ਸੇਵਾ ਵਾਲੇ ਬਾਬਿਆਂ ਨੇ ਨਵੀਨੀਕਰਨ ਵੇਲੇ ਉੱਚਾ ਚੁੱਕਿਆ ਤਾਂ ਮਿੱਟੀ ਦੀ ਭਰਤ ਵਿਚ ਦੱਬੇ ਹੋਏ ਅਨੇਕਾਂ ਗੁਰ ਸਥਾਨ ‘ਭੋਰਾ ਸਾਹਿਬ’ ਬਣ ਗਏ ਹਨ। ਜਿਵੇਂ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਰਾਕਾਬਗੰਜ ਦਿੱਲੀ। ਪਰ ਮੁੱਢਲੇ ਤੌਰ ’ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜੁੜੇ ਭੋਰਾ ਸਾਹਿਬ ਬਾਬਾ ਬਕਾਲਾ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਦੋ ਹੀ ਸਥਾਨ ਸਨ। ਉਹ ਵੀ ਗੁਰੂ ਕੀਆਂ ਧਰਮਸ਼ਲਾਵਾਂ ਨਹੀਂ, ਗੁਰੂ ਜੀ ਦੇ ਘਰੋਗੀ ਨਿਵਾਸ ਸਥਾਨ ਸਨ। ਬਾਬਾ ਬਕਾਲਾ ਵਿਖੇ ਗੁਰੂ ਸਾਹਿਬ ਦੀ ਮਾਤਾ ਨਾਨਕੀ ਦੇ ਪੇਕਿਆਂ ਦਾ ਘਰ ਅਤੇ ਸ੍ਰੀ ਅਨੰਦਪੁਰ ਵਿਖੇ ਗੁਰਦੇਵ ਜੀ ਦਾ ਆਪਣੀ ਰਿਹਾਇਸ਼ ਲਈ ਬਣਾਇਆ ਘਰ, ਜਿਸ ਨੂੰ ਸਤਿਕਾਰ ਹੁਣ ਗੁਰੂ ਕੇ ਮਹਿਲ ਵੀ ਆਖਿਆ ਜਾਂਦਾ ਹੈ ।

ਭਾਰਤੀ ਰਾਜਿਆਂ ਦੇ ਮਹੱਲਾਂ ਅਤੇ ਕਿਲਿਆਂ ਵਿੱਚ ਸੁਰੱਖਿਆ, ਖਜ਼ਾਨੇ ਦੀ ਸੰਭਾਲ ਅਤੇ ਸ਼ਰਦੀ ਗਰਮੀ ਤੋਂ ਬਚਣ ਲਈ ਤਹਿਖ਼ਾਨੇ ਤੇ ਸ਼ਰਦਘਰ (ਭੋਰੇ) ਬਨਾਉਣ ਦੀ ਕਲਾ ਤਾਂ ਬੜੀ ਪ੍ਰਾਚੀਨ ਹੈ। ਪਰ ਇਹ ਤਕਨੀਕ ਬਹੁਤ ਮਹਿੰਗੀ ਹੋਣ ਕਰਕੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੀ ਬਣੀ ਰਹੀ । ਬਾਬਾ ਬਕਾਲੇ ਵਿੱਚਲਾ ਗੁਰੂ ਕੇ ਨਾਨਕਿਆਂ ਦੇ ਘਰ ਦਾ ਭੋਰਾ ਇਸ ਹਕੀਕਤ ਦਾ ਗਵਾਹ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੱਕ ਘਰਾਂ ਵਿੱਚ ਭੋਰੇ ਬਨਾਉਣ ਦੀ ਤਕਨੀਕ ਅਮੀਰ ਘਰਾਣਿਆਂ ਤੱਕ ਪਹੁੰਚੀ, ਜੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਤਨੀ ਭਾਈ ਕਿ ਜਦੋਂ ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਆਪਣੇ ਰਹਿਣ ਲਈ ਘਰ ਬਣਾਇਆ ਤਾਂ 10 ਪਉੜੀਆਂ ਵਾਲਾ ਅੱਠ ਫੁੱਟ ਡੂੰਘਾ ਭੋਰਾ ਵੀ ਬਣਾ ਲਿਆ। ਮਹਾਨਕੋਸ਼ ’ਚ ਵੀ ਬਾਬਾ ਬਕਾਲਾ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਭੋਰਿਆਂ ਦਾ ਹਵਾਲਾ ਮਿਲਦਾ ਹੈ। ਕਿਉਂਕਿ, ਪੜ੍ਹਣ ਲਿਖਣ, ਚਿੰਤਨ ਕਰਨ ਅਤੇ ਅਰਾਮ ਕਰਨ ਲਈ ਇਹ ਬਹੁਤ ਸੁਖਦਾਈ ਹੈ। ਸਿੱਖ ਮਿਸ਼ਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਪਿ੍ਰੰਸੀਪਲ ਸੁਰਿੰਦਰ ਸਿੰਘ ਜੀ ਹੁਰਾਂ ਦੱਸਿਆ ਹੈ ਕਿ ਗੁਰੂ ਕੇ ਮਹਿਲਾਂ ਵਿੱਚ ਛੋਟੀ ਇੱਟ ਦਾ ਬਣਿਆ ਭੋਰਾ ਪ੍ਰਾਚੀਨ ਸੀ; ਕਿਉਂਕਿ, ਉਹ ਬਚਪਨ ਦੇ ਵੇਲੇ ਤੋਂ ਵੇਖਦੇ ਆ ਰਹੇ ਹਨ । ਪਰ, 1975 ਵਿੱਚ ਕਾਰ-ਸੇਵਾ ਵਾਲੇ ਬਾਬੇ ਸੇਵਾ ਸਿੰਘ ਹੁਰਾਂ ਨੇ ਹੇਠਲੇ ਥੜੇ ਤੋਂ ਇਲਾਵਾ ਬਾਕੀ ਨੂੰ ਤੋੜ ਕੇ ਉਸ ਦੀਆਂ ਪਉੜੀਆਂ ਤੇ ਵਿਹੜੇ ਨੂੰ ਕੁਝ ਖੁੱਲ੍ਹਾ ਕੀਤਾ ਹੈ।

ਯੋਰਪ, ਅਸਟ੍ਰੇਲੀਆ, ਅਮਰੀਕਾ ਤੇ ਕੈਨੇਡਾ ਵਿੱਚ 1950 ਤੋਂ ਪਹਿਲਾਂ ਤਾਂ ਅਜਿਹੇ ਭੋਰੇ ਬਣਦੇ ਸਨ ਕੇਵਲ ਬੀਅਰ ਤੇ ਵਿਸਕੀ ਆਦਿਕ ਸ਼ਰਾਬ ਨੂੰ ਸੰਭਾਲਣ ਤੇ ਠੰਡਾ ਰੱਖਣ ਲਈ, ਪਰ ਉਸ ਤੋਂ ਪਿੱਛੋਂ ਤਾਂ ਅਜਿਹੇ ਭੋਰੇ ਘਰਾਂ ਵਿੱਚ ਆਮ ਹੀ ਬਣ ਰਹੇ ਹਨ, ਜਿਸ ਨੂੰ ‘ਬੇਸਮੈਂਟ’ ਆਖਿਆ ਜਾਂਦਾ ਹੈ। ਭਾਵੇਂ ਕਿ ਭਾਰਤ ਵਿੱਚ ਅਜੇ ਵੀ ਬੇਸਮੈਂਟ ਬਨਾਉਣੀ ਆਮ ਲੋਕਾਂ ਦੀ ਪਹੁੰਚ ਤੋਂ ਪਰੇ ਹੈ। ਕਿਉਂਕਿ, ਜੇ ਵਾਟਰਪਰੂਫ਼ ਨਾ ਕੀਤਾ ਜਾਵੇ ਤਾਂ ਬਰਸਾਤਾਂ ਵੇਲੇ ਸਲ੍ਹਾਬ ਤੋਂ ਇਲਾਵਾ ਪਾਣੀ ਵੀ ਰਿਸਣ ਲੱਗਦਾ ਹੈ। ਮੇਰਾ ਖ਼ਿਆਲ ਹੈ ਕਿ ਲੁਧਿਆਣੇ ਵਰਗੇ ਅਮੀਰਾਂ ਦੇ ਸ਼ਹਿਰ ਵਿੱਚ ਵੀ ਭਾਈ ਰਣਧੀਰ ਸਿੰਘ ਨਗਰ ਵਿਖੇ ‘ਗੁਰਮੁਖ ਸਿੰਘ ਐਂਡ ਸਨਜ਼’ ਦੀਆਂ ਕੋਠੀਆਂ ਤੋਂ ਇਲਾਵਾ ਸ਼ਾਇਦ ਹੀ ਕਿਸੇ ਹੋਰ ਘਰ ਵਿੱਚ ‘ਬੇਸਮੈਂਟ’ ਹੋਵੇ। ਨਿਊਯਾਰਕ ਦੇ ਜਿਸ ਘਰ ਵਿੱਚ ਦਾਸ (ਜਾਚਕ) ਰਹਿੰਦਾ ਹੈ, ਉਸ ਵਿੱਚ ਬੱਚਿਆਂ ਨੇ ਮੇਰੇ ਪੜ੍ਹਣ ਲਿਖਣ ਅਤੇ ਰੀਕਾਰਡਿੰਗ ਤੇ ਕੀਰਤਨ ਆਦਿ ਲਈ ਬੇਸਮੈਂਟ ਵਿੱਚ ਸਾਊਂਡਪਰੂਫ਼ ਕਮਰਾ ਬਣਵਾਇਆ ਹੋਇਆ ਹੈ। ਜੋ ਕਿ ਇੱਕ ਤਰ੍ਹਾਂ ਦਾ ਅਧੁਨਿਕ ਕਿਸਮ ਦਾ ਭੋਰਾ ਹੀ ਮੰਨਿਆ ਜਾ ਸਕਦਾ ਹੈ।

ਇਸ ਲਈ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਵੇਲੇ ਘਰੋਗੀ ਭੋਰੇ ਬਣਾਏ ਗਏ ਵੀ ਮੰਨ ਲਏ ਜਾਣ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਨੇ ਕੇਵਲ ਤਪਸਿਆ ਕਰਨ ਲਈ ਹੀ ਬਣਾਏ ਸੀ।

ਉਪਰੋਕਤ ਵਿਚਾਰ ਤੋਂ ਇਹ ਵੀ ਨਿਰਣੈ ਹੁੰਦਾ ਹੈ ਤਪ-ਸਾਧਨਾ ਗੁਰਮਤੀ ਪਧਤੀ ਨਹੀਂ, ਵੈਦਿਕ ਵਿਚਾਰਧਾਰਾ ਦੀ ਉਪਜ ਹੈ, ਜਿਸ ਨੂੰ ਗੁਰਮਤ ਨੇ ਮੁੱਢੋਂ ਹੀ ਰੱਦ ਕੀਤਾ ਹੈ। ਕਿਉਂਕਿ, ਗੁਰੂ ਨਾਨਕ ਸਾਹਿਬ ਜੀ ਦੇ ‘ਕਿਵ ਕੂੜੇ ਤੁਟੈ ਪਾਲਿ ?’ ਦੇ ਸੁਆਲ ਨੂੰ ਧਿਆਨ ਵਿੱਚ ਰੱਖ ਕੇ ਹੱਠ-ਕਰਮੀ ਤਪੱਸਿਆ ਦੀ ਕੂੜੀ-ਦੀਵਾਰ ਨੂੰ ਢਾਹੁੰਦਿਆਂ ਗੁਰੂ ਅਰਜਨ ਸਾਹਿਬ ਜੀ ਨੇ ਅਤਿ ਸੰਖੇਪ ਤੇ ਸੂਤ੍ਰਬਧ ਨਿਰਣਾ ਦਿੱਤਾ ਹੈ ਕਿ ਨਾਨਕ-ਦ੍ਰਿਸ਼ਟੀ ਵਿੱਚ ਉਹੀ ਤਪਸਵੀ ਹੈ, ਜੋ ਨੇਮ-ਨਾਲ ਗੁਰੂ ਦੀ ਸੰਗਤ ਕਰਦਾ ਹੈ। ਭਾਵ, ਗੁਰੂ ਦੀ ਬਾਣੀ ਨੂੰ ਗਾਉਂਦਾ, ਸੁਣਦਾ ਤੇ ਵਿਚਾਰ ਕੇ ਅਮਲ ਵਿੱਚ ਲਿਆਉਣ ਲਈ ਯਤਨਸ਼ੀਲ ਰਹਿੰਦਾ ਹੈ। ਉਸ ਮਨੁੱਖ ਨੂੰ ਸਦਾ ਸਮਾਧੀ ਸਥਿਤ ਜਾਣੋ, ਜੋ ਵਾਹਿਗੁਰੂ ਦੇ ਪਿਆਰ ਵਿੱਚ ਜੀਊਂਦਾ ਹੈ :

‘‘ਸੋ ਤਪਸੀ, ਜਿਸੁ ਸਾਧਸੰਗੁ ॥ ਸਦ ਧਿਆਨੀ, ਜਿਸੁ ਗੁਰਹਿ ਰੰਗੁ ॥’’ (ਗੁਰੂ ਗ੍ਰੰਥ. ੧੧੮੦)

ਗੁਰੂ ਕੇ ਸਮਕਾਲੀ ਭਾਈ ਗੁਰਦਾਸ ਜੀ ਹੁਰਾਂ ਨੇ ਗਵਾਹੀ ਭਰੀ ਹੈ ਕਿ ਗੁਰੂ ਦੇ ਸਿੱਖ ਸਾਧਸੰਗਤ ਰੂਪੀ ਗੁਫ਼ਾ ਵਿੱਚ ਬੈਠ ਕੇ ਸਹਜਿ-ਸਮਾਧਿ ਦੇ ਡੂੰਘੇ ਨਿਵਾਸੀ ਹੋ ਰਹੇ ਹਨ। ਹਉਮੈ ਦੇ ਰੋਗ ਤੋਂ ਵੀ ਛੁੱਟ ਗਏ ਹਨ ਅਤੇ ਸੰਜੋਗ ਵਿਜੋਗ ਨੇ ਕੁਦਰਤੀ ਨੀਯਮ ਅਧੀਨ ਹੋਣ ਵਾਲੀ ਖੁਸ਼ੀ ਗਮੀ ਤੋਂ ਵੀ ਮੁਕਤੀ ਹਾਸਲ ਕਰ ਲਈ ਹੈ। ਭਾਵ, ਰੱਬੀ ਰਜ਼ਾ ਵਿੱਚ ਦੁਖ ਹੋਵੇ ਜਾਂ ਸੁਖ, ਖੁਸ਼ੀ ਹੋਵੇ ਜਾਂ ਗਮੀ, ਉਨ੍ਹਾਂ ਦੀ ਅਵਸਥਾ ਇਕ ਸਮਾਨ ਰਹਿੰਦੀ ਹੈ। ਸਾਰੰਸ਼ ਇਹ ਹੈ ਕਿ ਗੁਰੂ ਦੀ ਸੰਗਤ ਵਿੱਚ ਬੈਠ ਕੇ ਗੁਰਮਤ ਗ੍ਰਹਿਣ ਕੀਤਿਆਂ ਹੀ ਰੱਬੀ ਸ਼ਾਬਾਸ਼ੀ ਮਿਲਦੀ ਹੈ :

‘‘ਸਾਧਸੰਗਤਿ ਗੁਰ ਗੁਫੈ ਬਹਿ, ਸਹਜਿ ਸਮਾਧਿ ਅਗਾਧਿ ਨਿਵਾਸੀ।

ਹਉਮੈ ਰੋਗ ਅਰੋਗ ਹੋਇ, ਕਰਿ ਸੰਜੋਗ ਵਿਜੋਗ ਖਲਾਸੀ।

ਸਾਧਸੰਗਤਿ ਗੁਰਮਤਿ ਸਾਬਾਸੀ ॥’’ (ਵਾਰ ੨੯ ਪਉੜੀ ੧੫)

ਭਾਈ ਸਾਹਿਬ ਜੀ ਨੇ ਤਾਂ ਇਹ ਵੀ ਲਿਖਿਆ ਹੈ ਕਿ ਜਿਹੜੇ ਲੋਕ ਐਸਾ ਮੰਨਦੇ ਹੈਂ ਕਿ ਗੁਰੂ ਦਾ ਸਤਿਸੰਗ ਛੱਡ ਕੇ ਪੁੱਠੇ ਲਟਕਿਆਂ, ਮੜੀਆਂ ਮਸਾਣਾਂ ਵਿੱਚ ਬੈਠ ਕੇ ਤਪ ਕੀਤਿਆਂ ਅਤੇ ਭੋਰਿਆਂ ਵਿੱਚ ਬੈਠਿਆਂ ਰੱਬ ਮਿਲ ਜਾਊ ਜਾਂ ਮੁਕਤੀ ਮਿਲ ਜਾਊ, ਉਨ੍ਹਾਂ ਨੂੰ ਰੁਖਾਂ ਨਾਲ ਪੁੱਠੇ ਲਟਕੇ ਚਮਗਿਦੜਾਂ ਤੇ ਭੋਰਿਆਂ ਵਾਂਗ ਖੁਡਾਂ ਵਿੱਚ ਵੜ ਕੇ ਬੈਠੇ ਚੂਹਿਆਂ ਬਾਰੇ ਵਿਚਾਰਨਾ ਚਾਹੀਦਾ ਹੈ ਕਿ ਕੀ ਉਹ ਮੁਕਤ ਹੋ ਗਏ ਹਨ ? ਕੀ ਉਨ੍ਹਾਂ ਨੇ ਰੱਬ ਪਾ ਲਿਆ ਹੈ ? :

‘‘ਸਿਰ ਤਲਵਾਇਆਂ ਪਾਈਐ, ਚਮਗਿਦੜ ਜੂਹੇ । ਮੜੀ ਮਸਾਣੀ ਜੇ ਮਿਲੈ, ਵਿਚ ਖੁਡਾਂ ਚੂਹੇ।’’ (ਵਾਰ ੩੬ ਪਉੜੀ ੧੩)

ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਕਿ ‘ਕਾਹੇ ਰੇ ਬਨ ਖੋਜਨ ਜਾਈ’ ਅਤੇ ‘ਘਟ ਘਟ ਮੈ ਹਰਿ ਜੂ ਬਸੈ’ ਦਾ ਹੋਕਾ ਦੇਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ 26 ਸਾਲ ਭੋਰੇ ਵਿੱਚ ਵੜ ਕੇ ਕੋਈ ਹੱਠ-ਕਰਮੀ ਤਪ ਨਹੀਂ ਕਰਦੇ ਰਹੇ, ਬਲਕਿ ਗੁਰਮਤ ਪ੍ਰਚਾਰ ਦੀ ਮਹਾਨ ਸੇਵਾ ਨਿਭਾਉਂਦੇ ਰਹੇ। ਇਸ ਦਾ ਸਭ ਤੋਂ ਵੱਡਾ ਪ੍ਰਮਾਣ ਹੈ ਕਿ ਹਕੂਮਤ ਨੇ ਉਨ੍ਹਾਂ ਨੂੰ ਤਿੰਨ ਵਾਰ ਗਿ੍ਰਫ਼ਤਾਰ ਕੀਤਾ ਅਤੇ ਤੀਸਰੀ ਵਾਰ ਸ਼ਹੀਦ ਵੀ ਕੀਤਾ। ਭੋਰਿਆਂ ਵਿੱਚ ਬੈਠਣ ਵਾਲਿਆਂ ਨੂੰ ਕੋਈ ਵੀ ਕੁਛ ਨਹੀਂ ਕਹਿੰਦਾ। ਜਿਹੜੇ ਸੰਪਰਦਾਈ ਵੀਰ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ ਕਿ ਉਪਰੋਕਤ ਪ੍ਰਚਾਰ ਕਰਨ ਵਾਲੇ ਸੱਜਣ ਸਿੱਖ ਸੰਗਤ ਨੂੰ ਗੁੰਹਰਾਹ ਕਰ ਰਹੇ ਹਨ। ਅਸਲ ਵਿੱਚ ਉਨ੍ਹਾਂ ਨੂੰ ਖ਼ਤਰਾ ਹੈ ਕਿ ਜੇ ਉਪਰੋਕਤ ਸੱਚ ਨੂੰ ਮੰਨ ਲਿਆ ਗਿਆ ਤਾਂ ਉਨ੍ਹਾਂ ਦੇ ਬ੍ਰਹਮਗਿਆਨੀ ਤੇ ਵਿਦਿਆ ਮਾਰਤੰਡ ਪ੍ਰਚਾਰੇ ਬਾਬਿਆਂ ਦੀਆਂ ਲਿਖਤਾਂ ਅਤੇ ਕਥਿਤ ਦਸਮ ਗ੍ਰੰਥ ਵਿਚਲੇ ‘ਹੇਮਕੁੰਟ ਪ੍ਰਬਤ ਹੈ ਜਹਾਂ.. ਤਹਾ ਹਮ ਅਨਿਕ ਤਪਸਿਆ ਸਾਧੀ ਵਾਲਾ ਬਚਿਤ੍ਰਨਾਟਕ ਝੂਠਾ ਸਿੱਧ ਹੋ ਜਾਏਗਾ। ਜਦ ਕਿ ‘ਕਾਲ ਜੂ ਕੀ ਉਸਤਤਿ’ ਕਰਦਾ ਹੋਇਆ ਓਹੀ ਕਵੀ ਸ਼ਿਵ ਜੀ ਦੇ ਉਪਾਸ਼ਕਾਂ ਵਾਂਗ ਕ੍ਰਿਸ਼ਨ, ਬਿਸ਼ਨ, ਰਾਮ ਰਹੀਮ ਤੇ ਬ੍ਰਹਮਾ ਦੇ ਧਿਆਉਣ ਵਾਲਿਆਂ ਨੂੰ ਕਾਲ ਦੀ ਪੂਜਾ ਲਈ ਪ੍ਰੇਰਦਾ ਹੋਇਆ ਕਹਿੰਦਾ ਹੈ ਕਿ ਇਨ੍ਹਾਂ ਝੂਠਿਆਂ ਦੀ ਤਪਸਿਆ ਕਾਹਦੇ ਲਈ ਕਰਦੇ ਹੋ ? ਇਨ੍ਹਾਂ ’ਚੋਂ ਤੁਹਾਡਾ ਕੋਈ ਇੱਕ ਕੌਡੀ ਦਾ ਕੰਮ ਵੀ ਨਹੀਂ ਕੱਢੇਗਾ :

‘ਕਾਹੇ ਕੋ ਕੂਰ ਕਰੈ ਤਪਸਾ ਇਨ ਕੀ, ਕੋਊ ਕੌਡੀ ਕੇ ਕਾਮ ਨਾ ਐਹੈ ॥੯੮॥’

ਇੱਥੇ ਹੀ ਬਸ ਨਹੀਂ ਅੱਗੇ ਉਹ 33 ਸਵਈਆਂ ਵਿਖੇ ‘ਘੁਘੂ ਮਟਬਾਸੀ, ਲਗੇ ਡੋਲਤ ਉਦਾਸੀ ਮ੍ਰਿਗ; ਤਰਵਰ ਸਦੀਵ ਮੋਨ ਸਾਧੇ ਈ ਮਰਤ ਹੈ ॥’ ਵਾਕ ਵਿੱਚ ਭੋਰੇ-ਨੁਮਾ ਮੱਠਾਂ ਵਿਚ ਸਮਾਧੀਆਂ ਲਾਉਣ ਵਾਲਿਆਂ ਦੀ ਉੱਲੂਆਂ ਨਾਲ, ਜੰਗਲਾਂ ਵਿੱਚ ਭਟਕਣ ਵਾਲੇ ਉਦਾਸੀਆਂ ਦੀ ਹਿਰਣਾਂ ਨਾਲ ਤੇ ਮੋਨੀਆਂ ਦੀ ਰੁਖਾਂ ਨਾਲ ਤੁੱਲਨਾ ਕਰਦਾ ਹੈ। ਬਚਿਤ੍ਰਨਾਟਕ ਦੇ ਦੁਬਿਧਾ-ਜਨਕ ਉਪਰੋਕਤ ਦੋਵੇਂ ਪੱਖਾਂ ਵਿੱਚੋਂ ਸੱਚ ਕਹਿੜਾ ਹੈ ? ਇਹ ਤਾਂ ਉਸ ਦੇ ਉਪਾਸ਼ਕ ਜਾਨਣ, ਪਰ ਦਾਸ ਦੀ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਉਹ ਬਚਿਤ੍ਰਨਾਟਕੀ ਰਚਨਾਵਾਂ ਨੂੰ ਗੁਰਬਾਣੀ ਮੰਨਦੇ ਹਨ ਤਾਂ ਘੱਟੋ-ਘਟ ‘ਕਾਹੇ ਕੋ ਕੂਰ ਕਰੈ ਤਪਸਾ..’ ਤੇ ‘ਘੁਘੂ ਮਟਬਾਸੀ’ ਦੇ ਸੱਚ ਨੂੰ ਪ੍ਰਵਾਨ ਕਰ ਲੈਣ। ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰ ਇਤਿਹਾਸ ਦੇ ਸੱਚ ਦੀ ਰੌਸ਼ਨੀ ਵਿੱਚ ਕੀਤੇ ਜਾ ਰਹੇ ਗੁਰਮਤੀ ਪ੍ਰਚਾਰ ਨਾਲ ਟਕਰਾਉ ਦੀ ਸਥਿਤੀ ਤੋਂ ਬਚ ਕੇ ਉਨ੍ਹਾਂ ਸਾਕਤਾਂ ਵਿੱਚ ਸ਼ਾਮਲ ਹੋਣੋ ਵੀ ਬਚਿਆ ਜਾਵੇ, ਜਿਹੜੇ ਸੱਚ ਦੀ ਅੰਮ੍ਰਿਤ ਕਥਾ ਸੁਣਨੀ ਪਸੰਦ ਨਹੀਂ ਕਰਦੇ ਅਤੇ ਝੂਠੀਆਂ ਕਥਾ ਕਹਾਣੀਆਂ ਪਿੱਛੇ ਫਜ਼ੂਲ ਦੇ ਝਗੜੇ ਕਰਦੇ ਰਹਿੰਦੇ ਹਨ। ਜਿਵੇਂ ਕਿ ਗੁਰਵਾਕ ਹੈ :

‘‘ਸੁਨੀ ਨ ਜਾਈ, ਸਚੁ ਅੰਮ੍ਰਿਤ ਕਾਥਾ ॥ ਰਾਰਿ ਕਰਤ ਝੂਠੀ ਲਗਿ ਗਾਥਾ ॥’’ (ਗੁਰੂ ਗ੍ਰੰਥ. ੩੭੬)

ਸ੍ਰੀ ਗੁਰੂ ਗ੍ਰੰਥ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ