ਭਗਤ ਕਬੀਰ ਜੀ ਅਤੇ ਤਤਕਾਲੀ ਸਮਾਂ

0
246

ਭਗਤ ਕਬੀਰ ਜੀ ਅਤੇ ਤਤਕਾਲੀ ਸਮਾਂ 

ਡਾ. ਗਿਆਨ ਚੰਦ ਜੈਨ

ਜਿਸ ਇਤਿਹਾਸਕ ਦੌਰ ਵਿਚ ਕਬੀਰ ਜੀ ਪੈਦਾ ਹੋਏ, ਉਸ ਵਕਤ ਭਾਰਤ ਦੇ ਵਸਨੀਕ ਸਰਬ-ਪੱਖੀ ਅਧੋਗਤੀ ਦਾ ਸ਼ਿਕਾਰ ਹੋ ਚੁੱਕੇ ਸਨ। ਸਮਾਜ ਦੇ ਹਰ ਖੇਤਰ ਵਿਚ ਅੰਧਕਾਰ ਅਤੇ ਆਰਾਜਕਤਾ ਫੈਲੀ ਹੋਈ ਸੀ। ਮੁਸਲਮਾਨ ਹਾਕਮ ਕੱਟੜ ਹੋ ਗਏ ਸਨ। ਇੱਥੋਂ ਤੱਕ ਕਿ ਸਿਕੰਦਰ ਲੋਧੀ ਵਰਗੇ ਇਨਸਾਫ਼ ਪਸੰਦ ਸੁਲਤਾਨ ਦੇ ਰਾਜ ਵਿਚ ਵੀ ਬੋਧਨ ਬ੍ਰਾਹਮਣ ਨੂੰ ਕਤਲ ਕੀਤਾ ਗਿਆ। ਬੋਧਨ; ਕਬੀਰ ਜੀ ਦਾ ਸ਼ਿਸ਼ ਸੀ, ਜਿਸ ਦਾ ਦੋਸ਼ ਕੇਵਲ ਇਤਨਾ ਸੀ ਕਿ ਉਸ ਨੇ ਇਹ ਆਖਣ ਦੀ ਜੁਰਅਤ ਕੀਤੀ ਕਿ ‘ਉਸ ਦਾ ਆਪਣਾ ਧਰਮ ਉਤਨਾ ਹੀ ਸੱਚਾ ਹੈ ਜਿਤਨਾ ਇਸਲਾਮ’। ਚਾਰ ਚੁਫੇਰੇ ਅਗਿਆਨ ਹੀ ਅਗਿਆਨ ਪਸਰਿਆ ਪਿਆ ਸੀ। ਲੋਕ ਜੀਵਨ ਦੀਆਂ ਸੁਚੱਜੀਆਂ ਅਤੇ ਬੁਨਿਆਦੀ ਕੀਮਤਾਂ ਨਾਲੋਂ ਆਪਣਾ ਰਿਸ਼ਤਾ ਤੋੜ ਚੁੱਕੇ ਸਨ। ਧਾਰਮਿਕ ਆਗੂ ਧਰਮ ਦੇ ਕਲਿਆਣਕਾਰੀ ਅਰਥਾਂ ਅਤੇ ਗਤੀਸ਼ੀਲ ਹਸਤੀ ਨੂੰ ਭੁੱਲ ਕੇ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਚੁੱਕੇ ਸਨ। ਧਰਮ ਆਂਤਰਿਕ ਸਚਿਆਰਤਾ ਅਤੇ ਨੈਤਿਕ ਉਚਾਈ ਪੈਦਾ ਕਰਨ ਦੀ ਥਾਂ ਬਾਹਰਲੇ ਭੇਖ ਅਤੇ ਝੂਠੇ ਕਰਮਕਾਂਡਾਂ ਹੇਠ ਦਬ ਕੇ ਰਹਿ ਗਿਆ ਸੀ। ਬ੍ਰਾਹਮਣਾਂ ਦੇ ਧਾਰਮਿਕ ਜੀਵਨ ਵਿੱਚੋਂ ਧਰਮ ਦੇ ਅਸਲ ਅਰਥ ਲੁਪਤ ਹੋ ਚੁੱਕੇ ਸਨ। ਉਹ ਮੜੀਆਂ ਮਸਾਣਾਂ ਨੂੰ ਪੂਜਣ, ਵੱਖ-ਵੱਖ ਤਰ੍ਹਾਂ ਦੇ ਟਿੱਕੇ ਲਾਉਣ, ਜਨੇਉ ਪਾਉਣ, ਤੀਰਥ ਯਾਤਰਾ ਕਰਨ ਵਰਗੇ ਕਰਮਕਾਂਡਾਂ ਨੂੰ ਹੀ ਧਰਮ ਬਣਾ ਬੈਠੇ ਸਨ।

ਭਾਰਤੀ ਹਿੰਦੂ ਸਮਾਜ ਮੁਸਲਮਾਨਾਂ ਦੀ ਧਾਰਮਿਕ ਕੱਟੜਤਾ ਕਾਰਨ ਅਤਿ ਸੰਕਟ ਵਿੱਚੋਂ ਦੀ ਗੁਜ਼ਰ ਰਿਹਾ ਸੀ। ਅਜਿਹੀ ਸਥਿਤੀ ਵਿਚ ਕਿਸੇ ਨੂੰ ਇਨਸਾਫ ਮਿਲਣ ਦੀ ਸੰਭਾਵਨਾ ਨਹੀਂ ਸੀ। ਭਾਰਤ ਦੀ ਇਸ ਸਥਿਤੀ ਨੇ ਮਾਨਵਵਾਦੀ ਕਬੀਰ ਜੀ ਨੂੰ ਮਾਨਵ-ਇਨਸਾਫ਼ ਦਾ ਰਾਹ ਲੱਭਣ ਲਈ ਤਿਆਰ ਕੀਤਾ। ਉਸ ਵੇਲੇ ਦੇ ਹਾਲਾਤਾਂ ਨੂੰ ਕਬੀਰ ਜੀ ਨੇ ਦੋ ਤੁਕਾਂ ਵਿਚ ਇਸ ਤਰ੍ਹਾਂ ਬਿਆਨ ਕੀਤਾ :

(ੳ). ਕਨਿਕ ਕਾਮਿਨੀ ਜੁਗ ਬਿਉਹਾਰ ॥ (ਭਗਤ ਕਬੀਰ/੩੪੩) ਯਾਨੀ ਲੋਕ; ਧਨ ਅਤੇ ਔਰਤ ਦੇ ਪਿਆਰ ’ਚ ਮਸਤ ਸਨ।

(ਅ). ਬਿਖਿਆ ਬਿਆਪਿਆ ਸਗਲ ਸੰਸਾਰੁ ॥ (ਭਗਤ ਕਬੀਰ/੩੨੮)

ਭਾਵ ਸਮੇਂ ਦਾ ਝੁਕਾਅ ਕਨਿਕ, ਕਾਮਿਨੀ (ਧਨ, ਔਰਤ) ਵੱਲ ਹੈ ਯਾਨੀ ਜੀਵ; ਮੌਤ ਨੂੰ ਭੁੱਲਾ ਕੇ ਧਨ ਅਤੇ ਇਸਤਰੀ ਦੇ ਰੁਝੇਵੇਂ ਵਿਚ ਮਸਤ ਹੈ । ਸਾਰਾ ਸੰਸਾਰ ਹੀ ਮਾਇਆ ਨਾਲ ਜੁੜਿਆ ਹੋਇਆ ਸੀ। ਮਾਇਆ ਸਾਰੇ ਕੁਟੰਬ ਨੂੰ ਡੋਬੀ ਬੈਠੀ ਹੈ।

ਕਬੀਰ ਜੀ ਸਮਾਜਿਕ ਸਾਰ ਨੂੰ ਸਮਝ ਕੇ ਕਹਿੰਦੇ ਹਨ ਕਿ ਇਕ ਅਜੀਬ ਤਮਾਸ਼ਾ ਹੋ ਰਿਹਾ ਹੈ ਕਿ ਜੀਵ ਦਹੀ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ, ਮੂਰਖ ਜੀਵ ਮਨ-ਭਾਉਂਦੇ ਵਿਚਾਰ ਮਾਣਦਾ, ਹੱਸਦਾ ਤੇ ਖੋਤੇ ਵਾਂਗ ਹੀਂਗਦਾ ਰਹਿੰਦਾ ਹੈ ‘‘ਐਸੋ ਅਚਰਜੁ ਦੇਖਿਓ ਕਬੀਰ ਦਧਿ ਕੈ ਭੋਲੈ ਬਿਰੋਲੈ ਨੀਰੁ ਰਹਾਉ ਹਰੀ ਅੰਗੂਰੀ ਗਦਹਾ ਚਰੈ ਨਿਤ ਉਠਿ ਹਾਸੈ ਹੀਗੈ ਮਰੈ ’’ (ਭਗਤ ਕਬੀਰ/੩੨੬)

ਬ੍ਰ੍ਰਾਹਮਣ ਭਾਵੇਂ ਕਿਤਨੇ ਵੀ ਅਨੈਤਿਕ ਕਾਰਜ ਕਰਦੇ, ਸ਼੍ਰੇਸ਼ਟ ਮੰਨੇ ਜਾਂਦੇ ਸਨ ਅਤੇ ਸ਼ੂਦਰ; ਭਾਵੇਂ ਚੰਗਾ ਕੰਮ ਵੀ ਕਰਦੇ ਉਹ ਨਿੰਦੇ ਹੀ ਜਾਂਦੇ। ਬ੍ਰਾਹਮਣ ਲੋਕ ਆਪਣੇ ਆਪ ਨੂੰ ਹੋਰਨਾਂ ਤੋਂ ਵੱਧ ਅਧਿਕਾਰਾਂ ਦੇ ਪਾਤਰ ਮੰਨਦੇ ਸਨ, ਪਰ ਕਬੀਰ ਜੀ ਉਨ੍ਹਾਂ ਨੂੰ ਦੱਸਦੇ ਹਨ ਕਿ ਇਹ ਸਾਰੇ ਜੀਵਾਂ ਦੀ ਉਤਪਤੀ ਪਰਮਾਤਮਾ ਤੋਂ ਹੋਈ ਹੈ। ਕਬੀਰ ਜੀ ਬ੍ਰ੍ਰਾਹਮਣਾਂ ਤੋਂ ਪੁੱਛਦੇ ਹਨ ਕਿ ਤੁਸੀਂ ਕਿਵੇਂ ਬ੍ਰ੍ਰਾਹਮਣ ਬਣ ਗਏ ਅਤੇ ਅਸੀਂ ਕਿਵੇਂ ਸ਼ੂਦਰ ਹੋ ਗਏ । ਧਰਮ ਦੇ ਠੇਕੇਦਾਰਾਂ ਨੂੰ ਚੁਣੌਤੀ ਦਿੰਦਿਆਂ ਕਹਿੰਦੇ ਹਨ ਕਿ ਸਾਡੀਆਂ (ਸ਼ੂਦਰਾਂ) ਦੀਆਂ ਨਾੜਾਂ ਵਿਚ ਲਹੂ ਗੇੜਾ ਖਾਂਦਾ ਹੈ ਤੇ ਤੇਰੀਆਂ (ਬ੍ਰ੍ਰਾਹਮਣਾਂ) ਵਿਚ ਦੁੱਧ ਕਿਵੇਂ ? ‘‘ਗਰਭ ਵਾਸ ਮਹਿ ਕੁਲੁ ਨਹੀ ਜਾਤੀ ਬ੍ਰਹਮ ਬਿੰਦੁ ਤੇ ਸਭ ਉਤਪਾਤੀ ਕਹੁ ਰੇ ਪੰਡਿਤ ! ਬਾਮਨ ਕਬ ਕੇ ਹੋਏ ਬਾਮਨ ਕਹਿ ਕਹਿ ਜਨਮੁ ਮਤ ਖੋਏ ਰਹਾਉ ਜੌ ਤੂੰ ਬ੍ਰ੍ਰਾਹਮਣੁ, ਬ੍ਰਹਮਣੀ ਜਾਇਆ ਤਉ ਆਨ ਬਾਟ, ਕਾਹੇ ਨਹੀ ਆਇਆ  ?’’ (ਭਗਤ ਕਬੀਰ/੩੨੪)

ਸਮੇਂ ਦੇ ਪੰਡਿਤ, ਜੋਗੀ ਤਪੱਸਵੀ ਅਤੇ ਅਨੇਕਾਂ ਕਿਸਮ ਦੇ ਹੋਰ ਸਾਧਕ ਆਪਣੇ ਆਪ ਵਿਚ ਮਸਤ ਸਨ। ਹਰ ਕੋਈ ਇਤਨਾ ਹੰਕਾਰਿਆ ਹੋਇਆ ਸੀ ਕਿ ਕੋਈ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ‘‘ਪੰਡਿਤ ਜਨ ਮਾਤੇ ਪੜਿ੍ ਪੁਰਾਨ ਜੋਗੀ ਮਾਤੇ ਜੋਗ ਧਿਆਨ ਸੰਨਿਆਸੀ ਮਾਤੇ ਅਹੰਮੇਵ ਤਪਸੀ ਮਾਤੇ ਤਪ ਕੈ ਭੇਵ ’’ (ਭਗਤ ਕਬੀਰ/੧੧੯੪)

ਵਿਅੰਗ ਅਤੇ ਤਰਕਸ਼ੀਲ ਲਹਿਜੇ ’ਚ ਕਹਿੰਦੇ ਹਨ ਕਿ ਜੇ ਸੁੰਨਤ ਕਰਕੇ ਮੁਸਲਮਾਨ ਹੋਈਦਾ ਹੈ ਤਾਂ ਤੀਵੀਂ ਦਾ ਕੀ ਕਰੀਏ ? ਅਰਧ-ਅੰਗੀ ਇਸਤਰੀ ਦਾ ਸਾਥ ਤਾਂ ਸੁੱਟਣਾ ਨਹੀਂ। ਇਸ ਤਰ੍ਹਾਂ ਮੋਮਨ ਵੀ ਅੱਧਾ ਹਿੰਦੂ ਰਹਿੰਦਾ ਹੈ। ਇਸ ਤੋਂ ਤਾਂ ਚੰਗਾ ਹੈ ਕਿ ਹਿੰਦੂ ਹੀ ਰਹੀਏ ‘‘ਹਿੰਦੂ ਤੁਰਕ ਕਹਾ ਤੇ ਆਏ ? ਕਿਨਿ ਏਹ ਰਾਹ ਚਲਾਈ ਦਿਲ ਮਹਿ ਸੋਚਿ ਬਿਚਾਰਿ ਕਵਾਦੇ, ਭਿਸਤ ਦੋਜਕ ਕਿਨਿ ਪਾਈ ਸੁੰਨਤਿ ਕੀਏ ਤੁਰਕੁ ਜੇ ਹੋਇਗਾ, ਅਉਰਤ ਕਾ ਕਿਆ ਕਰੀਐ  ? ਅਰਧ ਸਰੀਰੀ ਨਾਰਿ ਛੋਡੈ, ਤਾ ਤੇ ਹਿੰਦੂ ਹੀ ਰਹੀਐ ’’ (ਭਗਤ ਕਬੀਰ/੪੭੭)

ਧਰਮ ਦਾ ਵਾਸਤਵਿਕ ਸਰੂਪ ਅਲੋਪ ਹੋ ਚੁੱਕਾ ਸੀ, ਜਿਸ ਦਾ ਭਰਪੂਰ ਚਿਤਰਣ ਕਬੀਰ-ਬਾਣੀ ਵਿਚ ਹੋਇਆ ਹੈ; ਜਿਵੇਂ ਉਪਰ ਜ਼ਿਕਰ ਕੀਤਾ ਹੈ ਕਿ ਭਾਰਤ ਵਿਚ ਸਮੁੱਚੀਆਂ ਸਮਾਜਿਕ ਕਦਰਾਂ ਨੂੰ ਧਾਰਮਿਕ ਆਧਾਰ ਪ੍ਰਾਪਤ ਸੀ। ਵਾਸਤਵ ਵਿਚ ਇੱਥੇ ਵਿਅਕਤੀ; ਧਰਮ ਅਤੇ ਸਮਾਜ; ਦੋਹਾਂ ਦਾ ਮਿਲਨ ਬਿੰਦੂ ਰਿਹਾ ਹੈ । ਇਸੇ ਲਈ ਧਰਮ ਦੇ ਦੂਸ਼ਿਤ ਹੋ ਜਾਣ ਨਾਲ ਸਮਾਜਿਕ ਸਥਿਤੀ ਵੀ ਦੂਸ਼ਿਤ ਹੋ ਚੁੱਕੀ ਸੀ।

ਕਬੀਰ ਜੀ ਨੇ ਭਿੰਨ ਭਿੰਨ ਪ੍ਰਕਾਰ ਦੀਆਂ ਸਾਧਨਾਵਾਂ ਦੀ ਜਟਿਲਤਾ, ਹਿੰਦੂ ਅਤੇ ਇਸਲਾਮ ਧਰਮ ਦੇ ਬਾਹਰੀ ਅਡੰਬਰਾਂ, ਪਖੰਡਾਂ, ਅੰਧ-ਵਿਸ਼ਵਾਸਾਂ ਦਾ ਬੜੀ ਭਰਪੂਰਤਾ ਨਾਲ ਵਿਸ਼ਲੇਸ਼ਣ ਕੀਤਾ। ਉਨ੍ਹਾਂ ਨੇ ਪੋਥੀਧਾਰਾਂ ਪਾਂਡੇ, ਪੁਰਾਣ-ਪਾਠੀ, ਪੰਡਿਤ, ਮਾਲਾ ਪਹਿਣੇ ਬ੍ਰ੍ਰਾਹਮਣ, ਤਿਲਕਧਾਰੀ ਬ੍ਰਾਹਮਣ, ਵੇਦ-ਪਾਠੀ ਵਿਦਵਾਨ, ਭਸਮ ਲਗਾਏ ਜੋਗੀ, ਸਨਿਆਸੀ, ਨੰਗੇ ਸਾਧੂ, ਧੋਖੇਬਾਜ਼ ਕ੍ਰਿਕ, ਕਪਟੀ ਪੁਜਾਰੀ, ਬਾਂਗਾਂ ਦਿੰਦੇ ਮੁੱਲਾਂ, ਕੁਰਾਨ ਦੀਆਂ ਆਇਤਾਂ ਪੜ੍ਹਦੇ ਮੌਲਵੀ, ਮੁਰਗੀ ਮਾਰਦੇ ਕਾਜ਼ੀ, ਹੱਜ ਤੋਂ ਵਾਪਸ ਆ ਕੇ ਪਾਪ ਕਰਦੇ ਹਾਜੀ ਆਦਿ ਸਭ ਦੇ ਨੈਤਿਕ ਔਗੁਣਾਂ ਨੂੰ ਬੜੀ ਦਲੇਰੀ ਨਾਲ ਉਜਾਗਰ ਕੀਤਾ ਅਤੇ ਓਂ, ਉਪਹਾਸ, ਰੋਜ਼ਾ, ਸ਼ਰਧਾ, ਬਲੀ ਆਦਿ ਦਾ ਵਿਰੋਧ ਕੀਤਾ ਅਤੇ ਮਨੁੱਖ ਨੂੰ ਆਂਤਿਰਕ ਦ੍ਰਿਸ਼ਟੀ ਅਤੇ ਸਦਾਚਾਰੀ ਹੋਣ ਦਾ ਸੰਦੇਸ਼ ਦਿੱਤਾ। ਸੁਆਹ ਮਲ ਕੇ ਫਿਰਦੇ ਸਾਧੂਆਂ ਦੀ, ਤਿਲਕ, ਕੰਠਮਾਲਾ, ਡੰਡਾ, ਮੁਦਾ, ਗੀ ਸਭ ਬਾਹਰੀ ਭੇਖਾਂ ਦਾ ਆਪ ਨੇ ਖੰਡਨ ਕੀਤਾ ਕਿਉਂਕਿ ਇਹ ਲੋਕ ਘਰ ਛੱਡ ਕੇ ਜੰਗਲਾਂ ਵਿਚ ਜਾਂਦੇ ਸਨ, ਪਰ ਮਨ ਦੀ ਮਲੀਨਤਾ ਨੂੰ ਦੂਰ ਨਾ ਕਰਦੇ :

(ੳ). ਗ੍ਰਿਹੁ ਤਜਿ ਬਨ ਖੰਡ ਜਾਈਐ, ਚੁਨਿ ਖਾਈਐ ਕੰਦਾ ॥ ਅਜਹੁ ਬਿਕਾਰ ਨ ਛੋਡਈ, ਪਾਪੀ ਮਨੁ ਮੰਦਾ ॥ (ਭਗਤ ਕਬੀਰ/੮੫੫)

(ਅ). ਨਗਨ ਫਿਰਤ ਜੌ ਪਾਈਐ ਜੋਗੁ ॥ ਬਨ ਕਾ ਮਿਰਗੁ. ਮੁਕਤਿ ਸਭੁ ਹੋਗੁ ॥੧॥ ਕਿਆ ਨਾਗੇ  ? ਕਿਆ ਬਾਧੇ ਚਾਮ  ?॥ ਜਬ ਨਹੀ ਚੀਨਸਿ ਆਤਮ ਰਾਮ ॥੧॥ ਰਹਾਉ ॥ (ਭਗਤ ਕਬੀਰ/੩੨੪)

ਕਬੀਰ ਜੀ ਨੇ ਸਿਰਫ਼ ਹਿੰਦੂਆਂ ਦੇ ਕਰਮਕਾਂਡਾਂ ਦੇ ਵਿਰੁੱਧ ਆਵਾਜ਼ ਹੀ ਨਹੀਂ ਉਠਾਈ ਸਗੋਂ ਉਨ੍ਹਾਂ ਨੇ ਮੁਸਲਮਾਨਾਂ ਦੇ ਬਾਹਰੀ ਆਚਾਰਾਂ ਦੀ ਵੀ ਆਲੋਚਨਾ ਕੀਤੀ ਕਿਉਂਕਿ ਉਨ੍ਹਾਂ ਦਾ ਸੰਦੇਸ਼ ਕਿਸੇ ਮਤ-ਵਿਸ਼ੇਸ਼ ਜਾਂ ਸੰਪ੍ਰਦਾਇ-ਵਿਸ਼ੇਸ਼ ਜਾਂ ਜ਼ਾਤੀ-ਵਿਸ਼ੇਸ਼ ਦੀਆਂ ਸੀਮਾਵਾਂ ਵਿਚ ਬੱਧਾ ਨਹੀਂ ਸੀ ਸਗੋਂ ਮਾਨਵ-ਮਾਤਰ ਲਈ ਦਿਬ-ਸੰਦੇਸ਼ ਸੀ। ਬਾਂਗ ਦੇਣ ਵਾਲੇ ਮੁਲਾਂ ਨੂੰ ਕਿਹਾ ਕਿ ਤੇਰਾ ਖੁਦਾ ਬੋਲਾ ਨਹੀਂ ਤੇ ਨਾ ਹੀ ਦੂਰ ਹੈ ‘‘ਕਬੀਰ ਮੁਲਾਂ ਮੁਨਾਰੇ ਕਿਆ ਚਢਹਿ  ? ਸਾਂਈ ਬਹਰਾ ਹੋਇ ਜਾ ਕਾਰਨਿ ਤੂੰ ਬਾਂਗ ਦੇਹਿ, ਦਿਲ ਹੀ ਭੀਤਰਿ ਜੋਇ ੧੮੪’’ (ਭਗਤ ਕਬੀਰ/੧੩੭੪) ਬਾਂਗ ਸੁਣ ਕੇ, ਵਜੂ ਕਰਕੇ ਤੂੰ ਆਪਣੇ ਆਪ ਨੂੰ ਪਵਿੱਤਰ ਸਮਝਦਾ ਹੈ, ਪਰ ਦਿਲ ਤੇਰੇ ਵਿਚ ਕਪਟ ਹੈ ‘‘ਕਹਾ ਉਡੀਸੇ ਮਜਨੁ ਕੀਆ ? ਕਿਆ ਮਸੀਤਿ ਸਿਰੁ ਨਾਂਏਂ  ? ਦਿਲ ਮਹਿ ਕਪਟੁ ਨਿਵਾਜ ਗੁਜਾਰੈ, ਕਿਆ ਹਜ ਕਾਬੈ ਜਾਂਏਂ  ?’’ (ਭਗਤ ਕਬੀਰ/੧੩੪੯)

ਕਬੀਰ ਜੀ ਇਹੋ ਜਿਹੇ ਲੋਕਾਂ ਨੂੰ ਪਸੰਦ ਨਹੀਂ ਕਰਦੇ ਸਨ, ਜੋ ਧਾਰਮਿਕ ਕ੍ਰਿਆਵਾਂ ਕਰਦੇ ਹਨ ਪਰ ਨਾਲ ਹੀ ਜੀਵ ਹੱਤਿਆ ਵੀ ਕਰਦੇ । ਆਪਣੇ ਅਸਤਿੱਤਵ ਨੂੰ ਹੀ ਜਾਣਦੇ ਹਨ, ਦੂਜਿਆਂ ਦੀ ਹੋਂਦ ਨੂੰ ਨਹੀਂ ਸਵੀਕਾਰਦੇ ‘‘ਰੋਜਾ ਧਰੈ ਮਨਾਵੈ ਅਲਹੁ, ਸੁਆਦਤਿ ਜੀਅ ਸੰਘਾਰੈ ਆਪਾ ਦੇਖਿ ਅਵਰ ਨਹੀ ਦੇਖੈ, ਕਾਹੇ ਕਉ ਝਖ ਮਾਰੈ  ?’’ (ਭਗਤ ਕਬੀਰ/੪੮੩)

ਉਪਰੋਕਤ ਵਿਚਾਰ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਭਾਰਤ ਦੀਆਂ ਆਗੂ ਸ਼੍ਰੇਣੀਆਂ; ਧਰਮ ਨੂੰ ਓਟ ਬਣਾ ਕੇ ਆਪਣੇ ਸਵਾਰਥ ਦੀ ਪੂਰਤੀ ਕਰਨ ਦੇ ਮਾਰਗ ’ਤੇ ਚੱਲ ਰਹੀਆਂ ਸਨ। ਸਾਧਾਰਨ ਲੋਕਾਂ ਵਿਚ ਵਾਸਤਵਿਕ ਧਰਮ ਦਾ ਪ੍ਰਚਾਰ ਕਰਨ ਅਤੇ ਉਨ੍ਹਾਂ ਦੀ ਅਧਿਆਤਮਕ ਉੱਨਤੀ ਕਰਨ ਦੀ ਬਜਾਏ ਇਹ ਆਡੰਬਰ ਯੁਕਤ ਕਿਰਿਆਵਾਂ ਦਾ, ਪ੍ਰਚਾਰ ਕਰ ਰਹੀਆਂ ਸਨ। ਅਜਿਹੀ ਚੇਤਨਾ ਨਾਲ ਹੀ ਕਬੀਰ ਜੀ ਨੇ ਹਿੰਦੂਆਂ ਅਤੇ ਮੁਸਲਮਾਨਾਂ ਦੀ ਸਖ਼ਤ ਆਲੋਚਨਾ ਕੀਤੀ, ਜੋ ਬਾਹਰੀ ਦਿਖਾਵੇ ਦੀ ਪੂਜਾ ਬੰਦਗੀ ਕਰਦੇ ਸਨ ਅਤੇ ਈਸ਼ਵਰ ਦੇ ਗਿਆਨ ਦੀ ਪ੍ਰਾਪਤੀ ਤੋਂ ਦੂਰ ਹੀ ਰਹਿੰਦੇ ਸਨ ‘‘ਬੁਤ ਪੂਜਿ ਪੂਜਿ ਹਿੰਦੂ ਮੂਏ, ਤੁਰਕ ਮੂਏ ਸਿਰੁ ਨਾਈ ਓਇ ਲੇ ਜਾਰੇ, ਓਇ ਲੇ ਗਾਡੇ, ਤੇਰੀ ਗਤਿ ਦੁਹੂ ਪਾਈ ’’ (ਭਗਤ ਕਬੀਰ/੬੫੪)

ਕਬੀਰ ਜੀ ਨੇ ਸਮਕਾਲੀਨ ਸਮਾਜਿਕ ਸਥਿਤੀ ਨੂੰ ਹੇਠਲੀ ਇਕ ਤੁਕ ਵਿਚ ਹੀ ਬਿਆਨ ਕਰ ਦਿੱਤਾ ਹੈ ‘‘ਕਹੁ ਕਬੀਰ ਪਰਗਟੁ ਭਈ ਖੇਡ ਲੇਲੇ ਕਉ ਚੂਘੈ ਨਿਤ ਭੇਡ ’’ (ਭਗਤ ਕਬੀਰ/੩੨੬) ਅਰਥਾਤ ਮੈਨੂੰ ਸੰਪੂਰਨ ਗਿਆਨ ਹੋ ਗਿਆ ਹੈ ਕਿ ਮੇਰੀ ਦੁਨੀਆਂ ਵਿਚ ਸਭ ਕੁਝ ਉਲਟ ਹੋ ਰਿਹਾ ਹੈ, ਜੀਵਨ ਵਿਚ ਮਨੁੱਖੀ ਕਦਰਾਂ ਦੀ ਬਜਾਏ ਅਣ-ਮਨੁੱਖੀ ਕਦਰਾਂ ਦਾ ਸੰਚਾਰ ਹੋ ਰਿਹਾ ਹੈ। ਮੁੱਲਾਂ (Values) ਦਾ ਸਥਾਨਾਂਤਰਣ ਹੋ ਗਿਆ ਹੈ। ਲੋਕਾਂ ਦੀ ਅਨੁਕਿਰਿਆ (Response) ਸੱਚ ਦੀ ਬਜਾਏ ਕੂੜ ਵੱਲ ਹੋ ਰਹੀ ਹੈ। ਇਸੇ ਕਰਕੇ ਸਾਰਾ ਸੰਸਾਰ ਮੈਲਾ ਹੋ ਗਿਆ ਹੈ।

ਹਿੰਦੂ ਧਰਮ ਦੀ ਗਤੀਸ਼ੀਲਤਾ ਅਤੇ ਜੀਵਨ ਨਾਲ ਇਸ ਦਾ ਸੰਬੰਧ ਜੋੜਨ ਹਿਤ ਕਬੀਰ ਜੀ ਦੀ ਇਹ ਦੇਣ ਮੌਲਿਕ ਅਤੇ ਮਹਾਨ ਹੈ। ਕਬੀਰ ਜੀ ਨੇ ਬਾਹਰੀ ਦਿਖਾਵੇ ਦੇ ਥਾਂ ਆਪਾ-ਚਾਨਣ ਜਾਂ ਆਤਮ-ਸ਼ੁੱਧੀ ’ਤੇ ਵਧੇਰੇ ਜ਼ੋਰ ਦਿੱਤਾ। ਇਉਂ ਕਬੀਰ ਜੀ ਨੇ ਮੱਧ-ਯੁੱਗ ਦੇ ਧਰਮ ਅਤੇ ਸਮਾਜ ਨੂੰ ਨਾਸ਼ ਹੋਣ ਤੋਂ ਬਚਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਧਰਮ ਨੂੰ ਉੱਚੀਆਂ ਨੈਤਿਕ ਕੀਮਤਾਂ ਅਤੇ ਆਤਮਿਕ ਪੰਧ ਦੇ ਸਹੀ ਰਾਹਾਂ ’ਤੇ ਪਾਉਣ ਦਾ ਪਰਉਪਕਾਰ ਕੀਤਾ।

ਕਬੀਰ ਜੀ ਤੋਂ ਪੂਰਵਲੇ ਧਾਰਮਿਕ ਦ੍ਰਿਸ਼ਟੀਕੋਣ ਵਿਚ ਸੰਸਾਰ ਦੀ ਕੋਈ ਮਹੱਤਾ ਨਹੀਂ ਸੀ। ਹਿੰਦੂਆਂ ਦੇ ਜੀਵਨ ਦੇ ਚਾਰ ਆਸ਼ਰਮਾਂ ਵਿੱਚੋਂ ਸੰਨਿਆਸ ਵੀ ਇਕ ਆਮ ਸੀ। ਇਸੇ ਤਰ੍ਹਾਂ ਨਾਥ ਅਤੇ ਜੋਗੀ ਮਤਿ ਵੀ ਗ੍ਰਹਿਸਤ ਜੀਵਨ ਨੂੰ ਤਿਆਗ ਕੇ ਜੰਗਲਾਂ ਵਿਚ ਸੰਨਿਆਸੀਆਂ ਵਾਂਗ ਵਿਚਰਨ ਨੂੰ ਹੀ ਧਰਮ ਸਮਝੀ ਬੈਠੇ ਸਨ। ਕਬੀਰ ਜੀ ਨੇ ਧਰਮ ਸੰਬੰਧੀ ਇਸ ਧਾਰਨਾ ਦਾ ਵੀ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕੀਤਾ। ਉਨ੍ਹਾਂ ਗ੍ਰਹਿਸਤੀ ਜੀਵਨ ਦੀ ਸਾਰਥਕਤਾ ਨੂੰ ਸਥਾਪਿਤ ਕੀਤਾ । ਕਬੀਰ ਜੀ ਅਨੁਸਾਰ ਵਿਅਕਤੀ ਦੇ ਪਰਮ-ਲਕਸ਼ ਕੇਵਲ ਆਪ-ਮੁਕਤ ਹੋਣਾ ਹੀ ਨਹੀਂ ਸਗੋਂ ਦੂਸਰਿਆਂ ਨੂੰ ਵੀ ਉਸ ਮਾਰਗ ’ਤੇ ਚਲਾ ਕੇ ਮੁਕਤ ਕਰਵਾਉਣ ਵਾਲਾ ਹੋਣਾ ਚਾਹੀਦਾ ਹੈ। ਕਬੀਰ ਜੀ ਨੇ ਸੰਸਾਰ ਦਾ ਤਿਆਗ ਕਰਨ ਦੀ ਥਾਂ, ਜੀਵਨ ਸੰਘਰਸ਼ ’ਚ ਕੇਵਲ ਆਪਾ ਬਚਾ ਕੇ ਦੌੜਨ ਦੀ ਥਾਂ, ਸਭ ਨੂੰ ਕਾਮ, ਕ੍ਰੋਧ, ਲੋਭ, ਮੋਹ, ਮਾਇਆ ਅਤੇ ਹਉਮੈਂ ਆਦਿ (ਔਗੁਣਾਂ) ਦਾ ਤਿਆਗ ਕਰ ਸਭ ਨਾਲ ਮਿਲ ਕੇ ਚੱਲਣ ਨੂੰ ਪਹਿਲ ਦਿੱਤੀ ਇਉਂ ਆਤਮਿਕ ਖੇਤਰ ਨੂੰ ਆਕਾਸ਼ ਦੀ ਵਸਤੂ ਨਾ ਬਣਾ ਕੇ ਸਦਾ ਲਈ ਸਮਾਜਿਕ ਜੀਵਨ ਨਾਲ ਜੋੜ ਦਿੱਤਾ। ਉਨ੍ਹਾਂ ਨੇ ਆਪ ਗ੍ਰਹਿਸਤ ਜੀਵਨ ਪ੍ਰਵਾਣ ਕਰ ਗ੍ਰਹਿਸਤ-ਮਾਰਗ ਨੂੰ ਪਰਮ-ਲਕਸ਼ ਦੀ ਪ੍ਰਾਪਤੀ ਲਈ ‘ਗਾਡੀਰਾਹ ਵਜੋਂ ਸਥਾਪਿਤ ਕੀਤਾ। ਉਨਾਂ ਦੀ ਇਹ ਵਿਚਾਰਧਾਰਾ ਧਾਰਮਿਕਤਾ ਅਤੇ ਸਮਾਜਿਕਤਾ ਦਾ ਸੁੰਦਰ ਸੁਮੇਲ ਕਹੀ ਜਾ ਸਕਦੀ ਹੈ।

ਕਬੀਰ ਜੀ ਪਹਿਲੇ ਅਧਿਆਤਮਿਕ ਆਗੂ ਸਨ, ਜਿਨ੍ਹਾਂ ਸਮਾਜਿਕ ਜੀਵਨ ਵਿਚ ਸਾਰੇ ਮਨੁੱਖਾਂ ਦੀ ਬਰਾਬਰੀ ਦਾ ਸਿਧਾਂਤ ਸਵੀਕਾਰ ਕੀਤਾ। ਉਨ੍ਹਾਂ ਅਨੁਸਾਰ ਮਨੁੱਖ ਆਪਣੇ ਕਰਮਾਂ ਕਾਰਨ ਵੱਡਾ ਜਾਂ ਛੋਟਾ ਬਣਦਾ ਹੈ। ਉਨ੍ਹਾਂ ਨੇ ਦਬੇ ਅਤੇ ਲਿਤਾੜੇ ਲੋਕਾਂ ਨੂੰ ਪਹਿਲੀ ਵਾਰ ਅਹਿਸਾਸ ਕਰਵਾਇਆ ਕਿ ਸਾਰੇ ਮਨੁੱਖ ਪ੍ਰਮਾਤਮਾ ਤੋਂ ਪੈਦਾ ਹੋਏ ਹਨ। ਸਾਰਿਆਂ ਵਿਚ ਹੀ ਉਸ ਪਰਮਾਤਮਾ ਦੀ ਜੋਤ ਜਗ ਰਹੀ ਹੈ ‘‘ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ  ?’’ (ਭਗਤ ਕਬੀਰ/੧੩੪੯) ਇਸ ਕਾਰਨ ਕੋਈ ਵੀ ਵੱਡਾ ਜਾਂ ਛੋਟਾ ਨਹੀਂ। ਇਉਂ ਹਿੰਦੂ ਧਰਮ ਦੇ ਵਰਨ-ਅਵਰਨ ਨੂੰ ਕਬੀਰ ਜੀ ਨੇ ਸਿਧਾਂਤਕ ਰੂਪ ਵਿਚ ਅਸਵੀਕਾਰ ਕੀਤਾ। ਉਨ੍ਹਾਂ ਉੱਚ-ਜਾਤ ਦੇ ਅਭਿਮਾਨ ਦੀ ਸਪਸ਼ਟ ਭਾਂਤ ਨਿੰਦਾ ਕੀਤੀ ਅਤੇ ਇਹ ਸਪਸ਼ਟ ਕੀਤਾ ਕਿ ਪਰਮਾਤਮਾ ਦੇ ਦਰਬਾਰ ਵਿਚ ਨਿਬੇੜਾ ਨੇਕ-ਕਰਮਾਂ ਅਤੇ ਸੱਚ ਉੱਤੇ ਆਧਾਰਿਤ ਹੋਵੇਗਾ। ਉੱਥੇ ਕਿਸੇ ਦੀ ਜਾਤ ਨੂੰ ਕਿਸੇ ਪ੍ਰਕਾਰ ਦੀ ਕੋਈ ਮਹੱਤਾ ਨਹੀਂ ਮਿਲੇਗੀ। ਇਸ ਤੋਂ ਵੀ ਵੱਧ ਉਨ੍ਹਾਂ ਦੀ ਇਸ ਸਿੱਖਿਆ ਕਾਰਨ ਮਨੁੱਖ ਮਨੁੱਖ ਵਿਚਕਾਰ ਸਦਭਾਵਨਾ ਵਧੀ ਅਤੇ ਸਮਾਜਿਕ ਜੀਵਨ ਵਿਚ ਮਨੁੱਖਵਾਦੀ ਦਿਸ਼ਟੀਕੋਣ ਦਾ ਵਿਕਾਸ ਹੋਇਆ। ਕਬੀਰ ਜੀ ਨੇ ਆਪਣੇ ਆਪ ਨੂੰ ਕੁਚਲੇ ਅਤੇ ਲਿਤਾੜੇ ਜਾ ਰਹੇ ਲੋਕਾਂ ਦਾ ਸਾਥੀ ਆਖ ਕੇ ਧਰਮ ਦੀ ਸਮਾਜਿਕ ਉਪਯੋਗਤਾ ਨੂੰ ਭਲੀ ਭਾਂਤ ਦਿੜ੍ਹ ਕਰਵਾਇਆ।

ਉਨ੍ਹਾਂ ਰਾਜਨੀਤਕ ਅਵਸਥਾ ਦਾ ਨਾ ਕੇਵਲ ਵਰਣਨ ਹੀ ਕੀਤਾ ਸਗੋਂ ਰਾਜਨੀਤੀ ਵਿਚ ਪਸਰੇ ਭ੍ਰਿਸ਼ਟਾਚਾਰ ਅਤੇ ਆਚਾਰਹੀਣਤਾ ਦੀ ਬੇਖੌਫ਼ ਆਲੋਚਨਾ ਕੀਤੀ। ਰਾਜੇ ਆਪਣੇ ਧਰਮ ਭੁਲਾ ਕੇ ਜਨਤਾ ਦਾ ਖ਼ੂਨ ਪੀਣ ਲੱਗ ਪਏ ਸਨ। ਪੰਜਾਂ ਵਿਕਾਰਾਂ ਕਾਰਨ ਅੰਨ੍ਹੇ ਹੋ ਚੁੱਕੇ ਸਨ। ਕਾਜ਼ੀ ਤੇ ਬ੍ਰ੍ਰਾਹਮਣ ਧਰਮ ਕਰਮ ਦੀ ਥਾਂ ਲੋਕਾਂ ਤੋਂ ਰਿਸ਼ਵਤਾਂ ਲੈ ਕੇ ਆਪਣੇ ਧਰਮ ਨੂੰ ਇਕ ਪੇਸ਼ੇ ਵਜੋਂ ਚਲਾ ਰਹੇ ਸਨ। ਰਾਜਾ ਸ਼ੇਣੀ ਅਤੇ ਉਨ੍ਹਾਂ ਦੇ ਅਹਿਲਕਾਰ ਲੋਕਾਂ ਦੀ ਬੇਕਿਰਕ ਲੁੱਟ-ਖਸੁੱਟ ਕਰ ਰਹੇ ਸਨ ਅਤੇ ਦਿਨ-ਬ-ਦਿਨ ਅਤਿਆਚਾਰੀ ਹੋ ਰਹੇ ਸਨ। ਇਹ ਸਭ ਕੁਝ ਨਿਰੋਲ ਸੰਸਾਰਕਤਾ (Worldliness) ਕਰਕੇ ਸੀ ਅਤੇ ਕਬੀਰ ਜੀ ਦਾ ਆਦਰਸ਼ ਅਧਿਆਤਮਕਤਾ ਵੱਲ ਤੋਰਨਾ ਸੀ। ਉਨ੍ਹਾਂ ਦਾ ਇਹ ਆਦਰਸ਼ ਮਨੁੱਖਾਂ ਨੂੰ ਅੰਦਰੂਨੀ ਤੌਰ ’ਤੇ ਇਕ ਸੂਤਰ ਵਿਚ ਬੈਠਾਉਂਦਾ ਸੀ। ਉਨ੍ਹਾਂ ਦੀ ਇਹ ਬੁਨਿਆਦੀ ਧਾਰਨਾ ਸਮੇਂ ਦੇ ਯਥਾਰਥ ਵਿੱਚੋਂ ਉਪਜੀ ਸੀ। ਡਾ. ਰਾਧਾ ਕ੍ਰਿਸ਼ਨਨ ਦੇ ਸ਼ਬਦਾਂ ਵਿਚ ‘ਹਰ ਮੌਲਿਕ ਧਰਮ-ਸੰਸਥਾਪਕ ਆਪਣੀਆਂ ਵਿਅਕਤੀਗਤ, ਸਮਾਜਿਕ ਅਤੇ ਇਤਿਹਾਸਕ ਪਰਿਸਥਿਤੀਆਂ ਦੇ ਅਨੁਰੂਪ ਹੀ ਆਪਣੇ ਧਰਮ-ਸੰਦੇਸ਼ ਦਿੰਦਾ ਹੈ। ਕਬੀਰ ਜੀ ਨੇ ਆਪਣੇ ਭਰਪੂਰ ਜੀਵਨ ਅਨੁਭਵ ਨਾਲ ਇਸ ਲੋੜ ਨੂੰ ਪੂਰਾ ਕੀਤਾ ਅਤੇ ਫੇਰ ਆਪਣੀ ਪ੍ਰਤਿਭਾਸ਼ਾਲੀ ਅੰਤਰ ਦ੍ਰਿਸ਼ਟੀ ਨਾਲ ਸਮਾਜਿਕ ਨੈਤਿਕਤਾ ਦੇ ਠੋਸ ਮਿਆਰ ਸਥਾਪਿਤ ਕਰਨ ਦਾ ਯਤਨ ਕੀਤਾ।’

ਧਾਰਮਿਕ ਸੰਕੀਰਣਤਾ ਅਤੇ ਨਾ-ਬਰਾਬਰੀ ਵਾਲੇ ਸਮਾਜਿਕ ਪ੍ਰਬੰਧ ਦੇ ਦਮਨਕਾਰੀ ਪ੍ਰਭਾਵ ਤੋਂ ਮਨੁੱਖ ਨੂੰ ਸੁਤੰਤਰ ਕਰਵਾਉਣ ਲਈ ਕਬੀਰ ਜੀ ਨੇ ਏਕਤਾ, ਪ੍ਰੇਮ, ਸੱਚ ਅਤੇ ਇਨਸਾਫ਼ ਦਾ ਸੰਦੇਸ਼ ਦਿੱਤਾ। ਮਨੁੱਖ-ਮਾਤਰ ਵਿਚ ਵਿਤਕਰਾ ਪਾਉਣ ਵਾਲੇ ਸਾਰੇ ਪਰਦਿਆਂ ਨੂੰ ਉਨ੍ਹਾਂ ਨੇ ਸਮਾਪਤ ਕਰ ਦਿੱਤਾ। ਇਸ ਸਾਰੀ ਵਿਚਾਰ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਕਬੀਰ ਜੀ ਨੇ ਆਪਣੇ ਸਮੇਂ ਦੀਆਂ ਸਾਰੀਆਂ ਸਥਿਤੀਆਂ ਨੂੰ ਆਪਣੇ ਧਿਆਨ ਵਿਚ ਰੱਖਦਿਆਂ ਧਾਰਮਿਕ ਚਿੰਤਨ ਦਾ ਵਿਕਾਸ ਕੀਤਾ। ਕਬੀਰ ਜੀ ਤੋਂ ਪਹਿਲਾਂ ਧਰਮ ਅਤੇ ਦਰਸ਼ਨ ਕੁਝ ਉੱਚ-ਕੁਲੀਨ ਸਮਾਜਿਕ, ਵਿਅਕਤੀਆਂ ਅਤੇ ਬ੍ਰਾਹਮਣਾਂ ਤੱਕ ਹੀ ਸੀਮਿਤ ਹੋ ਗਿਆ ਸੀ। ਕਬੀਰ ਜੀ ਨੇ ਪਹਿਲੀ ਵਾਰ ਧਰਮ ਨੂੰ ਵਾਲ ਦੀ ਖੱਲ ਲਾਹੁਣ ਅਤੇ ਚੁੰਝ-ਚਰਚਾ ਵਿਚ ਪ੍ਰਵੀਨ ਵਿਅਕਤੀਆਂ ਦੇ ਤੰਗ-ਘੇਰੇ ਵਿੱਚੋਂ ਕੱਢ ਕੇ ਆਮ ਲੋਕਾਂ ਦੇ ਵਿਸ਼ਾਲ ਸਮੁੰਦਰ ਵਿਚ ਰਚਾਉਣ ਦਾ ਯਤਨ ਕੀਤਾ। ਉਨ੍ਹਾਂ ਨੇ ਪੁਰਾਤਨ ਭਾਰਤੀ ਵਿਚਾਰਧਾਰਾ ਨੂੰ ਇਸ ਢੰਗ ਨਾਲ ਵਿਕਸਿਤ ਕੀਤਾ ਕਿ ਉਸ ਵਿੱਚੋਂ ਸਜੀਵ ਤੱਤਾਂ ਨੂੰ ਗ੍ਰਹਿਣ ਕਰਕੇ ਮੁਰਦਾ ਅਤੇ ਫੋਕਟ ਤੱਤਾਂ ਦਾ ਤਿਆਗ ਕਰ ਇਕ ਨਵੇਂ ਸਜੀਵ ਅਤੇ ਸਮਾਜਿਕ ਕੀਮਤਾਂ ਦੇ ਧਾਰਨੀ ਦਰਸ਼ਨ ਦਾ ਪ੍ਰਤਿਪਾਦਨ ਹੋ ਸਕੇ। ਆਪਣੇ ਮੂਲ ਭਾਰਤੀ ਸੋਮੇ ਨੂੰ ਆਧਾਰ ਬਣਾ ਕੇ ਉਨ੍ਹਾਂ ਨੇ ਨਵੇਂ ਢੰਗ ਨਾਲ ਧਰਮ, ਜੀਵਨ ਅਤੇ ਦਰਸ਼ਨ ਦੀ ਵਿਆਖਿਆ ਕੀਤੀ। ਡਾ. ਅਨਿਲ ਚੰਦਰ ਬੈਨਰਜੀ ਦੇ ਵਿਚਾਰ ਇਸ ਸੰਬੰਧੀ ਵਰਣਨ ਯੋਗ ਹਨ। ਉਹ ਕਹਿੰਦੇ ਹਨ ਕਿ ‘ਧਾਰਮਿਕ ਇਤਿਹਾਸ ਦੇ ਵਿਦਿਆਰਥੀ ਇਸ ਗੱਲ ਤੋਂ ਭਲੀ ਪ੍ਰਕਾਰ ਜਾਣੂ ਹਨ ਕਿ ਕੋਈ ਵੀ ਧਰਮ ਖਿਲਾਅ ਵਿੱਚੋਂ ਪੈਦਾ ਨਹੀਂ ਹੁੰਦਾ। ਸੂਰਜ ਚੜ੍ਹਨ ਤੋਂ ਪਹਿਲਾਂ ਹਮੇਸ਼ਾ ਹੀ ਪਹੁ ਫੁਟਾਲਾ ਹੁੰਦਾ ਹੈ। ਧਰਮਾਂ ਦੇ ਹਰ ਸੰਸਥਾਪਕ ਦਾ ਕੋਈ ਨਾ ਕੋਈ ਪੁਰਵ ਅਧਿਕਾਰਾਂ ਜਾਂ ਘੱਟੋ ਘੱਟ ਵਿਚਾਰਾਂ ਦਾ ਵਿਰਸਾ ਹੁੰਦਾ ਹੈ’।

ਕਬੀਰ ਜੀ ਨੇ ਪਰਮ-ਲਕਸ਼ ਦੀ ਪ੍ਰਾਪਤੀ ਲਈ ਭਾਰਤੀ ਮਾਰਗ ਦੇ ਨਾਲ ਸਦ-ਕਰਮਾਂ ਦਾ ਸਮਨਵੈਕਾਰੀ ਵਿਚਾਰ ਪੇਸ਼ ਕੀਤਾ। ਕਬੀਰ ਜੀ ਨੇ ਪਹਿਲੀ ਵਾਰ ਹਮ-ਪ੍ਰਾਪਤੀ ਲਈ ਇਕ ਐਸੇ ਸੁਗਮ ਮਾਰਗ ਨੂੰ ਨਿਰਧਾਰਿਤ ਕੀਤਾ, ਜਿਸ ਅਨੁਸਾਰ ਵਿਅਕਤੀ ਗ੍ਰਹਿਸਤ ਮਾਰਗ ਵਿਚ ਰਹਿੰਦਿਆਂ ਆਪਣੇ ਅਧਿਆਤਮਿਕ ਕਰਮਾਂ ਦਾ ਭਲੀ ਪ੍ਰਕਾਰ ਪਾਲਣ ਕਰ ਸਕੇ। ਕਬੀਰ ਜੀ ਨੇ ਨਾ ਕੇਵਲ ਆਪਣੀ ਬਾਣੀ ਰਾਹੀਂ ਸਗੋਂ ਆਪਣੇ ਕ੍ਰਿਆਤਮਕ ਜੀਵਨ ਰਾਹੀਂ, ਆਉਣ ਵਾਲੀਆਂ ਨਸਲਾਂ ਲਈ ਇਕ ਮਿਸਾਲ ਪੇਸ਼ ਕੀਤੀ। ਧਰਮ ਦੇ ਇਸ ਸਰੂਪ ਬਾਰੇ ਡਾ. ਰਾਧਾ ਕ੍ਰਿਸ਼ਨਨ ਦਾ ਵਿਚਾਰ ਹੈ ‘ਅਸੀਂ ਧਰਮ ਤੇ ਸਮਾਜਿਕ ਜੀਵਨ ਨੂੰ ਅੱਡ ਅੱਡ ਨਹੀਂ ਕਰ ਸਕਦੇ ਕਿਉਂਕਿ ਸਮਾਜਿਕ ਢਾਂਚੇ ਦੀ ਨੀਂਹ ਉਨ੍ਹਾਂ ਮਨੁੱਖਾਂ ਦੇ ਵਿਚਾਰਾਂ ਨਾਲ ਉਸਰੀ ਹੋਈ ਹੈ ਜਿਨ੍ਹਾਂ ਆਪਣਾ ਜੀਵਨ ਜੀਉ ਕੇ ਦਿਖਾਇਆ ਅਤੇ ਆਉਣ ਵਾਲੀ ਨਸਲ ਨੂੰ ਅਜਿਹਾ ਜੀਵਨ ਜੀਉਣ ਦੀ ਪ੍ਰੇਰਨਾ ਦਿੱਤੀ। ਭਾਰਤ-ਵਰਸ਼ ਦੀ ਇਸ ਸਮੁੱਚੀ ਗਿਰਾਵਟ ਅਤੇ ਗਿਆਨੀ ਵਾਲੀ ਅਵਸਥਾ ਵਿਚ ਦਿੱਬ-ਵਿਭੂਤੀ ਦਾ ਪ੍ਰਕਾਸ਼ ਕਿਸੇ ਵਿਰਾਟ-ਗਿਆਨ ਪ੍ਰਕਾਸ਼ ਤੋਂ ਘੱਟ ਨਹੀਂ ਸੀ। ਕਬੀਰ ਜੀ ਦੇ ਸਮੇਂ ਦੀ ਧਾਰਮਿਕ, ਰਾਜਨੀਤਕ, ਸਮਾਜਿਕ, ਸਭਿਆਚਾਰਕ ਅਤੇ ਨੈਤਿਕ ਹਾਲਤ ਬੁਰੀ ਤਰ੍ਹਾਂ ਪਤਨ ਗ੍ਰਸਤ ਹੋ ਚੁੱਕੀ ਸੀ। ਕਬੀਰ ਜੀ ਦਾ ਧਰਮ ਪਹਿਲੀਆਂ ਸਾਰੀਆਂ ਧਾਰਮਿਕ ਲਹਿਰਾਂ ਨਾਲੋਂ ਆਪਣੀ ਵਿਲੱਖਣਤਾ ਨੂੰ ਮੂਰਤੀਮਾਨ ਕਰਦਾ ਹੈ। ਕਬੀਰ ਜੀ ਨੇ ਪਹਿਲੀ ਵਾਰ ਕੌਮੀ ਚੇਤਨਤਾ ਦੇ ਬੀਜ ਬੋਅ ਕੇ ਦੇਸ਼ ਵਾਸੀਆਂ ਨੂੰ ਮਨੁੱਖੀ-ਬਰਾਬਰੀ, ਭ੍ਰਾਤਰੀਭਾਵ ਅਤੇ ਵਿਸ਼ਵ ਭਾਈਚਾਰੇ ਦਾ ਸੰਦੇਸ਼ ਦਿੱਤਾ’।