ਬਸੰਤ ਪੰਚਮੀ ਬਨਾਮ ‘ਸਰਸਵਤੀ ਦੇਵੀ’ ਦਿਵਸ

0
779

ਬਸੰਤ ਪੰਚਮੀ ਬਨਾਮ ਸਰਸਵਤੀ ਦੇਵੀ ਦਿਵਸ

ਗੁਰੂ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ- ਸੰਪਰਕ ਇੰਡੀਆ : 83600-19175

ਪ੍ਰਾਚੀਨ ਕਾਲ ਤੋਂ ਸੰਸਾਰ ਭਰ ਦੇ ਲੋਕ ਹਰੇਕ ਰੁੱਤ ਦੇ ਪਲਟੇ ਉੱਤੇ ਆਪਣੇ ਦਿਲੀ-ਭਾਵ ਤੇ ਹੁਲਾਸ ਪ੍ਰਗਟਾਉਣ ਲਈ ਕੋਈ-ਨ-ਕੋਈ ਤਿਉਹਾਰ ਮਨਾਉਂਦੇ ਆ ਰਹੇ ਹਨ ਕਿਉਂਕਿ ਕੁਦਰਤੀ ਨਿਯਮ ਅਧੀਨ ਮਨੁੱਖੀ ਤਨ ਤੇ ਮਨ ਰੁੱਤੀ ਪ੍ਰਭਾਵ ਕਬੂਲ ਕੇ ਦੁਖੀ ਤੇ ਸੁਖੀ ਹੁੰਦੇ ਹੋਏ ਢਲਦੇ ਤੇ ਬਦਲਦੇ ਰਹਿੰਦੇ ਹਨ। ਗੁਰੂ ਨਾਨਕ ਸਾਹਿਬ ਦਾ ਬਚਨ ਹੈ ‘‘ਜੇਹੀ ਰੁਤਿ ਕਾਇਆ ਸੁਖੁ ਤੇਹਾ; ਤੇਹੋ ਜੇਹੀ ਦੇਹੀ ’’ (ਮਹਲਾ /੧੨੫੪) ਪਰ, ਦੇਵੀ-ਦੇਵਤਿਆਂ ਦੇ ਉਪਾਸ਼ਕ ਤੇ ਸੰਪਰਦਾਈ ਲੋਕਾਂ ਨੇ ਆਪਣੇ ਆਪਣੇ ਇਸ਼ਟ ਨੂੰ ਲੋਕਾਂ ਦੇ ਦਿਲ-ਦਿਮਾਗ਼ ਵਿੱਚ ਬੈਠਾਉਣ ਅਤੇ ਪ੍ਰਸਿੱਧੀ ਲਈ ਸਰਬ-ਸਾਂਝੇ ਰੁੱਤੀ ਤਿਉਹਾਰਾਂ ਵਿੱਚ ਫ਼ਿਰਕਾਪ੍ਰਸਤੀ ਦਾ ਜ਼ਹਰ ਘੋਲ ਦਿੱਤਾ। ਸਿੱਟਾ ਇਹ ਨਿਕਲਿਆ ਕਿ ਜਿਹੜੇ ਤਿਉਹਾਰ ਸਦੀਆਂ ਤੋਂ ਮਨੁੱਖੀ ਭਾਈਚਾਰੇ ਦੀਆਂ ਸਾਂਝਾ ਪੱਕੀਆਂ ਕਰਨ ਦਾ ਸਾਧਨ ਬਣਦੇ ਆ ਰਹੇ ਸਨ, ਉਨ੍ਹਾਂ ਦੀ ਵਰਣ ਵੰਡ ਹੋ ਗਈ ਤੇ ਇਸ ਪ੍ਰਕਾਰ ਉਹ ਸਮਾਜਕ ਊਚ-ਨੀਚ ਤੇ ਨਸਲੀ ਵਿਤਕਰਿਆਂ ਦੀਆਂ ਵਿੱਥਾਂ ਮਿਟਾਉਣ ਦੀ ਥਾਂ ਹੌਲੀ ਹੌਲੀ ਦੀਵਾਰਾਂ ਵਾਂਗ ਖੜੇ ਦਿਸਣ ਲੱਗੇ ।

ਮਾਘ ਸੁਦੀ ਪੰਚਮੀ ਦੀ ਥਿੱਤ, ਜਿਸ ਨੂੰ ਬਸੰਤ ਪੰਚਮੀ ਪ੍ਰਚਾਰਿਆ ਜਾਂਦਾ ਹੈ, ਇਹ ਵੀ ਤਾਂ ਅਸਲ ਵਿੱਚ ਸਰਸਵਤੀ ਦੇਵੀ ਦਾ ਪ੍ਰਗਟ ਦਿਵਸ ਹੈ, ਜਿਸ ਨੂੰ ਲੋਕਾਂ ਵਿੱਚ ਪ੍ਰਚਲਿਤ ਕਰਨ ਲਈ ਦੇਵੀ ਉਪਾਸ਼ਕਾਂ ਨੇ ਚਲਾਕੀ ਦੁਆਰਾ ਬਸੰਤ ਦੇ ਤਿਉਹਾਰ ਨਾਲ ਜੋੜ ਦਿੱਤਾ ਹੈ ਕਿਉਂਕਿ ਇੱਕ ਤਾਂ ਪੁਰਾਣਿਕ ਕਥਾਵਾਂ ਮੁਤਾਬਕ ਇਹ ਓਹੀ ਦਿਨ ਹੈ, ਜਦੋਂ ਸ੍ਰਿਸ਼ਟੀ ਰਚਨਾ ਕਰਨ ਉਪਰੰਤ ਬ੍ਰਹਮਾ ਜੀ ਨੇ ਵੇਖਿਆ ਕਿ ਸਾਰੇ ਪਾਸੇ ਸੁੰਨਸਾਨ ਹੈ । ਸਭ ਜੀਵ-ਜੰਤੂ ਚੁੱਪ-ਚਾਪ ਤੇ ਉਦਾਸ ਹਨ । ਕੋਈ ਸੰਗੀਤਕ ਖੇੜਾ ਨਹੀਂ ਹੈ । ਐਸਾ ਵੇਖ ਕੇ ਉਨ੍ਹਾਂ ਨੇ ਆਪਣੇ ਕਰਮੰਡਲ ਦਾ ਜਲ ਚਿੱਟੇ ਕਮਲ ਫੁੱਲ ’ਤੇ ਛਿੜਕਿਆ, ਜਿਸ ’ਤੇ ਫੁੱਲ ਵਿਚੋਂ ਇੱਕ ਅਤਿ ਸੁੰਦਰ ਦੇਵੀ ਪ੍ਰਗਟ ਹੋਈ, ਜਿਸ ਨੇ ਚਿੱਟੇ ਕੱਪੜੇ ਪਹਿਨੇ ਹੋਏ ਸਨ । ਇਸ ਦੇ ਚਾਰ ਹੱਥਾਂ ਵਿੱਚੋਂ ਇੱਕ ਹੱਥ ਵਿੱਚ ਕਿਤਾਬ ਤੇ ਇੱਕ ਵਿੱਚ ਮਾਲਾ ਸੀ ਅਤੇ ਦੋ ਹੱਥਾਂ ਨਾਲ ਵੀਣਾ ਵਜਾ ਰਹੀ ਸੀ । ਇਸੇ ਲਈ ਸਰਸਵਤੀ ਦੇਵੀ ਨੂੰ ਵੀਣਾ-ਵਾਦਿਨੀ, ਬਾਣੀ ਤੇ ਸ਼ਾਰਦਾ ਵੀ ਆਖਿਆ ਜਾਂਦਾ ਹੈ, ਜਿਸ ਨੇ ਸੰਸਾਰ ਨੂੰ ਵਿਦਿਆ ਤੇ ਬਾਣੀ (ਕਾਵਿਕ ਬੋਲਾਂ) ਦੀ ਬਖਸ਼ਸ਼ ਕੀਤੀ ।

ਜੇ ਹਿੰਦੂ ਪ੍ਰਚਾਰਕਾਂ ਨੂੰ ਪੁੱਛੋ ਕਿ ਬਸੰਤ ਪੰਚਮੀ ਦੀ ਥਿੱਤ, ਬਸੰਤ ਰੁੱਤ ਤੋਂ 40 ਦਿਨ ਪਹਿਲਾਂ ਮਾਘ ਮਹੀਨੇ ਵਿੱਚ ਕਿਵੇਂ ਆ ਗਈ  ? ਭਾਰਤ ਦੇ ਸੰਸਕ੍ਰਿਤ ਸਾਹਿਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ‘‘ਰੁਤਿ ਸਰਸ ਬਸੰਤ ਮਾਹ; ਚੇਤੁ ਵੈਸਾਖ ਸੁਖ ਮਾਸੁ ਜੀਉ ’’  (ਮਹਲਾ /੯੨੭) ਗੁਰਵਾਕ ਮੁਤਾਬਕ ‘ਚੇਤ ਤੇ ਵੈਸਾਖ’ ਹੀ ਬਸੰਤ ਰੁੱਤ ਦੇ ਮਹੀਨੇ ਮੰਨੇ ਗਏ ਹਨ । ‘ਮਾਘ’ ਮਹੀਨੇ ਨੂੰ ਤਾਂ ‘ਹਿਮਕਰ’ (ਬਰਫ਼ਾਨੀ) ਨਾਂ ਦੇ ਕੇ ਸ਼ਰਦੀ ਦੀ ਪਤਝੜੀ, ਠੰਡੀ ਰੁੱਤ ਹੀ ਮੰਨਿਆ ਹੈ; ਜਿਵੇਂ ਕਿ ਗੁਰਵਾਕ ਹੈ ‘‘ਹਿਮਕਰ ਰੁਤਿ ਮਨਿ ਭਾਵਤੀ; ਮਾਘੁ ਫਗਣੁ ਗੁਣਵੰਤ ਜੀਉ ’’ (ਮਹਲਾ /੯੨੯) ਵੈਸੇ ਵੀ ‘ਭਾਰਤੀ ਪਰੰਪਰਾ ਵਿੱਚ ਬਸੰਤ ਰੁੱਤ ਦੀ ਆਮਦ ਦਾ ਤਿਉਹਾਰ ਚੰਦਰ ਸਾਲ ਅਤੇ ਫੱਗਣ ਮਹੀਨੇ ਦਾ ਆਖ਼ਰੀ ਦਿਨ ‘ਹੋਲੀ’ ਹੈ ਅਤੇ ਖ਼ਾਲਸਈ ਪਰੰਪਰਾ ਵਿੱਚ ‘ਹੋਲਾ ਮਹੱਲਾ’ ਕਿਉਂਕਿ ਗੁਰਬਾਣੀ ਪੁਕਾਰ ਰਹੀ ਹੈ ‘‘ਚੇਤੁ ਬਸੰਤੁ ਭਲਾ; ਭਵਰ ਸੁਹਾਵੜੇ ’’ (ਮਹਲਾ /੧੧੦੭) ਤਾਂ ਫਿਰ ਵੀ ਪੁਰਾਣਿਕ ਕਥਾ ਦੱਸ ਕੇ ਮਨਘੜਤ ਉੱਤਰ ਮਿਲਦਾ ਹੈ ਕਿ ਬਾਕੀ ਦੀਆਂ ਪੰਜ ਰੁੱਤਾਂ ਨੇ ਬਸੰਤ ਨੂੰ ਆਪਣੀ ਰਾਣੀ ਮੰਨ ਕੇ 8-8 ਦਿਨ ਭੇਟ ਕਰ ਦਿੱਤੇ, ਜਿਸ ਕਰ ਕੇ ਇਸ ਦੀ ਉਮਰ ਦੂਜੀਆਂ ਰੁੱਤਾਂ ਨਾਲੋਂ 40 ਦਿਨ ਵਧੇਰੇ ਹੋ ਗਈ, ਜਿਵੇਂ ਕਿ ਉਪਰੋਕਤ ਦੋਵੇਂ ਕਥਾਵਾਂ ਦਾ ਹਵਾਲਾ ਦਿੱਤਾ ਹੈ। (ਸ੍ਰੀ ਸੱਤ ਪ੍ਰਕਾਸ ਸਿੰਗਲਾ ਨੇ 1 ਫਰਵਰੀ 2017 ਦੀ ਜਗਬਾਨੀ (ਜਲੰਧਰ) ਦੀ ਪੰਜਾਬੀ ਐਡੀਸ਼ਨ ਵਿੱਚ।)

ਪ੍ਰੰਤੂ ਦੁਖਦਾਈ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਅਤੇ ਸ੍ਰੀ ਛੇਹਰਟਾ ਸਾਹਿਬ (ਅੰਮ੍ਰਿਤਸਰ) ਵਰਗੇ ਇਤਿਹਾਸਕ ਗੁਰਦੁਆਰਿਆਂ ਵਿਖੇ ਬਸੰਤ-ਪੰਚਮੀ ਦੇ ਮੇਲੇ ਮਨਾਏ ਜਾਂਦੇ ਹਨ । ਕਈ ਗੁਰਦੁਆਰਾ ਸਾਹਿਬਾਨ ਵਿਖੇ ਇਸ ਦਿਹਾੜੇ ਬਸੰਤ ਰਾਗ ’ਤੇ ਆਧਾਰਿਤ ਵਿਸ਼ੇਸ਼ ਕੀਰਤਨ ਦਰਬਾਰ ਹੁੰਦੇ ਹਨ । ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਤਾਂ ਮਾਘੀ ਤੋਂ ਹੀ ਬਸੰਤ ਰਾਗ ਦਾ ਗਾਇਨ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਦ ਕਿ ਗੁਰਬਾਣੀ ਦੇ ਉਪਰੋਕਤ ਗੁਰਵਾਕਾਂ ਦੀ ਰੌਸ਼ਨੀ ਵਿੱਚ ਮਾਘ ਫਗਣ (ਹਿਮਕਰ) ਰੁੱਤ ਦੇ ਮਹੀਨੇ ਹਨ, ਬਸੰਤ ਰੁੱਤ ਦੇ ਨਹੀਂ । ਬਸੰਤ ਸ਼ੁਰੂ ਹੁੰਦੀ ਹੈ ਪਹਿਲੀ ਚੇਤ੍ਰ ਤੋਂ । ਇਹੀ ਕਾਰਨ ਸੀ ਕਿ ਸ੍ਰ. ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਵਿੱਚ ਹੋਲੇ ਮਹੱਲੇ ਦਾ ਦਿਹਾੜਾ ਪਹਿਲੀ ਚੇਤ੍ਰ ਹੀ ਨਿਸ਼ਚਿਤ ਕੀਤਾ, ਜੋ ਕਿ ‘‘ਸੂਰਜੁ ਏਕੋ ਰੁਤਿ ਅਨੇਕ ’’ (ਮਹਲਾ /੧੨) ਗੁਰਵਾਕ ਤੋਂ ਇਲਾਵਾ ਵਿਗਿਆਨਕ ਦ੍ਰਿਸ਼ਟੀਕੋਨ ਤੋਂ ਵੀ ਸਹੀ ਹੈ ਕਿਉਂਕਿ ਸਾਰੇ ਸੰਸਾਰ ਦੇ ਖਗੋਲ ਵਿਗਿਆਨੀ ਮੰਨਦੇ ਹਨ ਕਿ ਰੁੱਤਾਂ ਦਾ ਸੰਬੰਧ ਸੂਰਜ ਨਾਲ ਹੈ, ਚੰਦ੍ਰਮਾ ਨਾਲ ਨਹੀਂ ।

ਗੁਰਸਿੱਖਾਂ ਲਈ ਹੋਰ ਚਿੰਤਾਜਨਕ ਸਥਿਤੀ ਇਹ ਹੈ ਕਿ 1 ਫਰਵਰੀ 2017 ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲ਼ਡ ਯੂਨੀਵਰਸਿਟੀ’ ਵਿੱਚ ਵੀ ‘ਸਰਸਵਤੀ ਉਤਸ਼ਵ’ ਦੀ ਮਾਘ ਸੁਦੀ ਪੰਚਮੀ (ਬਸੰਤ ਪੰਚਮੀ) ਨੂੰ ਬਸੰਤ ਰੁੱਤ ਦਾ ਤਿਉਹਾਰ ਦੱਸ ਕੇ ਵਿਦਿਆਰਥੀਆਂ ਪਾਸੋਂ ਪਤੰਗਬਾਜ਼ੀ ਕਰਵਾਈ ਗਈ ਸੀ। ਇਹ ਖ਼ਬਰ ਪੜ੍ਹ ਕੇ ਤਾਂ ਮੈਨੂੰ ਸੁਭਾਵਕ ਹੀ ਮੌਲਾਨਾ ਇਕਬਾਲ ਦੀ ਉਹ ਸ਼ਿਕਾਇਤ ਭਰੀ ਫ਼ਰਿਆਦ ਯਾਦ ਆ ਗਈ, ਜਿਸ ਵਿੱਚ ਉਹ ਆਖਦਾ ਹੈ ‘ਸ਼ਿਕਾਇਤ ਹੈ ਮੁਝੇ ਯਾ ਰੱਬ  ! ਖ਼ੁਦਾਵੰਦਾਨਿ ਮਕਤਬ ਸੇ; ਕਿ ਸਬਕ ਸ਼ਾਹੀਂ (ਬਾਜ਼ਾਂ) ਕੇ ਬੱਚੋਂ ਕੋ ਦੇ ਰਹੇ ਹੈਂ ਖ਼ਾਕਬਾਜ਼ੀ ਕਾ ।’ ਕਿਉਂਕਿ ਇਹ ਯੂਨੀਵਰਸਿਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦਾ ਉਹ ਪ੍ਰਮੁੱਖ ਵਿਦਿਅਕ ਅਦਾਰਾ ਹੈ, ਜਿਸ ਦਾ ਮੁੱਖ ਮਨੋਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖੋਜ-ਕਾਰਜਾਂ ਤੋਂ ਇਲਾਵਾ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀ ਵਿਦਿਆ ਦਿੰਦਿਆਂ ਗੁਰਬਾਣੀ ਦੇ ਸਰਬੋਤਮ ਫ਼ਲਸਫ਼ੇ ਤੋਂ ਜਾਣੂ ਕਰਾਉਣਾ ਹੁੰਦਾ ਹੈ ।

ਇਸ ਲਈ ਚਾਹੀਦਾ ਤਾਂ ਇਹ ਸੀ ਕਿ ਅਧਿਆਪਕ; ਵਿਦਿਆਰਥੀਆਂ ਨੂੰ ਸਮਝਾਉਂਦੇ ਕਿ ਖੁਸ਼ੀਆਂ ਖੇੜੇ ਜਾਂ ਮਨੋਰੰਜਨ ਲਈ ਸਿੱਖ ਕਿਸੇ ਬਸੰਤ ਪੰਚਮੀ ਵਰਗੇ ਦਿਹਾੜੇ ਜਾਂ ਰੁੱਤ ਦਾ ਮੁਥਾਜ ਨਹੀਂ ਕਿਉਂਕਿ ਸਿੱਖੀ ਵਿੱਚ ਸਦਾ-ਬਸੰਤ ਦਾ ਸੰਕਲਪ ਹੈ ‘‘ਸਦਾ ਬਸੰਤੁ ਗੁਰ ਸਬਦੁ ਵੀਚਾਰੇ   ਰਾਮ ਨਾਮੁ; ਰਾਖੈ ਉਰ ਧਾਰੇ (ਮਹਲਾ /੧੧੭੬) ਇਸ ਲਈ ਉਹ ਗੁਰ ਸ਼ਬਦ ਵੀਚਾਰ ਦੀ ਰੌਸ਼ਨੀ ਵਿੱਚ ਆਪਣੀ ਹਿਰਦੇ ਰੂਪ ਧਰਤੀ ਅੰਦਰ ਰੱਬੀ-ਨਾਮ ਦਾ ਅਜਿਹਾ ਬੀਜ ਬੋ ਲੈਂਦਾ ਹੈ, ਜਿਹੜਾ ਉੱਗ ਕੇ ਬਾਰ੍ਹਾਂ ਮਹੀਨੇ ਹੀ ਫਲ਼ਿਆ ਫੁੱਲਿਆ ਰਹਿੰਦਾ ਹੈ । ਉਸ ਦੀ ਠੰਡੀ ਛਾਂ ਤੇ ਵੈਰਾਗਮਈ ਗਹਿਰ-ਗੰਭੀਰੇ ਫਲ਼ ਮਾਨਵੀ ਗਿਆਨ ਇੰਦ੍ਰਿਆਂ ਲਈ ਸਦਾ ਦੀ ਬਸੰਤ ਬਣਾਈ ਰੱਖਦੇ ਹਨ; ਜਿਵੇਂ ਕਿ ਬਚਨ ਹਨ ‘‘ਕਬੀਰ  ! ਐਸਾ ਬੀਜੁ ਬੋਇ; ਬਾਰਹ ਮਾਸ ਫਲੰਤ   ਸੀਤਲ ਛਾਇਆ ਗਹਿਰ ਫਲ; ਪੰਖੀ ਕੇਲ ਕਰੰਤ ’’ (ਭਗਤ ਕਬੀਰ/੧੩੭੬) ਕਿਉਂਕਿ ਬਸੰਤ ਰੁੱਤ ਤਾਂ ਉਨ੍ਹਾਂ ਦੇ ਹੀ ਭਾਅ ਦੀ ਹੈ, ਜਿਨ੍ਹਾਂ ਜੀਵ ਰੂਪ ਇਸਤ੍ਰੀਆਂ ਦੇ ਹਿਰਦੇ ਰੂਪੀ ਘਰਾਂ ਵਿੱਚ ਪ੍ਰਭੂ-ਕੰਤ ਜੀ ਵੱਸਦੇ ਹਨ । ਬਾਕੀ ਵਿਜੋਗਣਾਂ ਤਾਂ ਦਿਨ ਰਾਤ ਸੜਦੀਆਂ ਹੀ ਰਹਿੰਦੀਆਂ ਹਨ, ਬਾਹਰ ਭਾਵੇਂ ਕਿਨ੍ਹਾਂ ਵੀ ਸੁਹਾਵਣਾ ਮੌਸਮ ਹੋਵੇ  ‘‘ਨਾਨਕ  ! ਤਿਨਾ ਬਸੰਤੁ ਹੈ; ਜਿਨ੍ ਘਰਿ ਵਸਿਆ ਕੰਤੁ   ਜਿਨ ਕੇ ਕੰਤ ਦਿਸਾਪੁਰੀ; ਸੇ ਅਹਿਨਿਸਿ ਫਿਰਹਿ ਜਲੰਤ ’’ (ਮਹਲਾ /੭੯੧)

ਇਹ ਵੀ ਜਾਣਨਾ ਬਣਦਾ ਹੈ ਕਿ ਸਿਧਾਂਤਕ ਦ੍ਰਿਸ਼ਟੀ ਤੋਂ ਗੁਰਬਾਣੀ ਦੇਵੀ ਦੇਵਤਿਆਂ ਦੀ ਹੋਂਦ ਨੂੰ ਪ੍ਰਵਾਨ ਹੀ ਨਹੀਂ ਕਰਦੀ । ਹਾਂ, ਜੇ ਕਿਧਰੇ ਰੱਬੀ ਵਡਿਆਈ ਦਰਸਾਉਣ ਲਈ ਇਨ੍ਹਾਂ ਦਾ ਹਵਾਲਾ ਦਿੱਤਾ ਹੈ ਤਾਂ ਦਾਸ ਦਾਸੀਆਂ ਦੇ ਰੂਪ ਵਿੱਚ, ਮਾਲਕ ਕਰਤੇ ਅਤੇ ਦਾਤੇ ਦੇ ਤੌਰ ’ਤੇ ਬਿਲਕੁਲ ਨਹੀਂ; ਜਿਵੇਂ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਂਦੇ ਹਨ ਕਿ ਹੇ ਪ੍ਰਭੂ  ! ਇਸ ਤ੍ਰਿਭਵਣੀ ਸੰਸਾਰ ਵਿੱਚ ਨਾਰਦ ਆਦਿਕ ਵੱਡੇ ਵੱਡੇ ਰਿਸ਼ੀ ਤੇ ਸ਼ਾਰਦਾ (ਸਰਸਵਤੀ ਵਰਗੀਆਂ ਬੇਅੰਤ ਦੇਵੀਆਂ) ਸਭ ਤੇਰੇ ਹੀ ਦਰ ਦੇ ਸੇਵਕ ਹਨ । ਇਹ ਸਾਰੀ ਰਚਨਾ ਤੇਰੀ ਹੀ ਰਚੀ ਹੋਈ ਹੈ, ਇਹ ਸਾਰਾ ਸੰਸਾਰ ਤੇਰਾ ਹੀ ਬਣਾਇਆ ਹੋਇਆ ਹੈ । ਹਰੇਕ ਜੀਵ ਦੇ ਸਿਰ ਉੱਤੇ ਰਾਜ਼ਕ ਕੇਵਲ ਤੂੰ ਹੀ ਹੈਂ  ‘‘ਨਾਰਦ ਸਾਰਦ ਸੇਵਕ ਤੇਰੇ   ਤ੍ਰਿਭਵਣਿ ਸੇਵਕ ਵਡਹੁ ਵਡੇਰੇ   ਸਭ ਤੇਰੀ ਕੁਦਰਤਿ, ਤੂ ਸਿਰਿ ਸਿਰਿ ਦਾਤਾ; ਸਭੁ ਤੇਰੋ ਕਾਰਣੁ ਕੀਨਾ ਹੇ ’’ (ਮਹਲਾ /੧੦੨੮) ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ ਕਿ ਜਿਹੜਾ ਪ੍ਰਭੂ ਮੇਰੇ ਹਿਰਦੇ ਤੀਰਥ ’ਤੇ ਵੱਸਦਾ ਹੈ, ਨਾਰਦੁ ਮੁਨੀ ਤੇ ਸਰਸਵਤੀ (ਸ਼ਾਰਦਾ) ਦੇਵੀ ਉਸ ਦੀ ਸੇਵਾ ਕਰਦੇ ਹਨ ਅਤੇ ਲੱਛਮੀ ਉਸ ਦੇ ਕੋਲ ਟਹਿਲਣ ਬਣ ਕੇ ਬੈਠੀ ਹੋਈ ਹੁੰਦੀ ਹੈ ‘‘ਨਾਰਦ ਸਾਰਦ ਕਰਹਿ ਖਵਾਸੀ   ਪਾਸਿ ਬੈਠੀ ਬੀਬੀ ਕਵਲਾ ਦਾਸੀ ’’ (ਭਗਤ ਕਬੀਰ/੪੭੯) ਪ੍ਰੰਤੂ ਬਾਣੀਕਾਰ ਗੁਰੂ ਸਾਹਿਬਾਨ ਤੇ ਭਗਤ-ਜਨ ਇੰਨੇ ਚੇਤੰਨ ਹਨ ਕਿ ਕਾਵਿਕ ਅਲੰਕਾਰ ਵਜੋਂ ਅਜਿਹੇ ਪੌਰਾਣਿਕ ਹਵਾਲੇ ਦੇ ਕੇ ਨਾਲ ਹੀ ਤਨਜ਼ ਸਹਿਤ ਸੁਚੇਤ ਵੀ ਕਰਦੇ ਹਨ ਕਿ ਜਿਹੜੇ ਲੋਕ ਮਾਲਕ ਪ੍ਰਭੂ ਨੂੰ ਛੱਡ ਕੇ ਦਾਸ ਦਾਸੀਆਂ ਨੂੰ ਪੂਜਦੇ ਹਨ, ਉਹ ਮਨਮੁਖ ਤੇ ਅੰਧ-ਅਗਿਆਨੀ ਹਨ ‘‘ਠਾਕੁਰੁ ਛੋਡਿ, ਦਾਸੀ ਕਉ ਸਿਮਰਹਿ; ਮਨਮੁਖ ਅੰਧ ਅਗਿਆਨਾ ’’ (ਮਹਲਾ /੧੧੩੮) ਿਉਂਕਿ ਇਨ੍ਹਾਂ ਕੋਲ਼ ਦੇਣ ਲਈ ਕੁੱਝ ਨਹੀਂ ਹੁੰਦਾ । ਜਿਹੜੇ ਲੋਕ ਮੂਰਤੀਆਂ ਦੇ ਰੂਪ ਵਿੱਚ ਦੇਵੀ ਦੇਵਤਿਆਂ ਨੂੰ ਪੂਜਦੇ ਹਨ, ਉਨ੍ਹਾਂ ਨੂੰ ਸੋਚਣਾ ਬਣਦਾ ਹੈ ਕਿ ਜਿਹੜੇ ਪੱਥਰ (ਮੂਰਤੀਆਂ) ਪਾਣੀ ਨਾਲ ਨਿੱਤ ਧੋਂਦਿਆਂ ਵੀ ਪਾਣੀ ਵਿੱਚ ਡੁੱਬ ਜਾਂਦੇ ਹਨ, ਉਹ ਆਪਣੇ ਪੁਜਾਰੀਆਂ ਨੂੰ ਸੰਸਾਰ-ਸਮੁੰਦਰ ਤੋਂ ਕਿਵੇਂ ਤਾਰ ਸਕਦੇ ਹਨ ‘‘ਦੇਵੀ ਦੇਵਾ ਪੂਜੀਐ ਭਾਈ ! ਕਿਆ ਮਾਗਉ ਕਿਆ ਦੇਹਿ  ?  ਪਾਹਣੁ ਨੀਰਿ ਪਖਾਲੀਐ ਭਾਈ ! ਜਲ ਮਹਿ ਬੂਡਹਿ ਤੇਹਿ ’’ (ਮਹਲਾ /੬੩੭)

ਮੇਰਾ ਨਿਸ਼ਚਾ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਇਤਿਹਾਸਕ ਗੁਰਦੁਆਰਿਆਂ ਵਿੱਚ ਮਾਘ ਸੁਦੀ ਪੰਚਮੀ ਦਾ ਸਰਸਵਤੀ ਦਿਵਸ ਬਸੰਤ-ਪੰਚਮੀ ਦੇ ਨਾਂ ਹੇਠ ਮਨਾਉਣਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ-ਕਾਲ ਵੇਲੇ ਸ਼ੁਰੂ ਹੋਇਆ ਹੈ ਕਿਉਂਕਿ ਉਸ ਵੇਲੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਪੁਜਾਰੀ ਸਨ ‘ਗਿਆਨੀ ਸੰਤ ਸਿੰਘ ਨਿਰਮਲੇ’, ਜੋ ਬਿਪਰਵਾਦੀ ਵਿਚਾਰਧਾਰਾ ਤੋਂ ਇੰਨੇ ਪ੍ਰਭਾਵਤ ਸਨ ਕਿ ਉਨ੍ਹਾਂ ਨੇ ਆਪਣੇ ਘਰ ਦੇ ਮੁਖ ਦਰਵਾਜ਼ੇ ਉੱਤੇ ਗਣੇਸ਼ ਦੀ ਮੂਰਤੀ ਲਗਾ ਰੱਖੀ ਸੀ । ਗਿਆਨੀ ਜੀ ਦੇ ਸਰਸਵਤੀ ਉਪਾਸ਼ਕ ਹੋਣ ਦਾ ਹੋਰ ਪੱਕਾ ਸਬੂਤ ਇਹ ਹੈ ਕਿ ਉਨ੍ਹਾਂ ਦਾ ਸ਼ਗਿਰਦ ਭਾਈ ਸੰਤੋਖ ਸਿੰਘ, ਜਿਸ ਨੇ 19ਵੀਂ ਸਦੀ ਦੇ ਅੰਤ ਵਿੱਚ ਗੁਰ ਪ੍ਰਤਾਪ ਸੂਰਜ (ਸੂਰਜ ਪ੍ਰਕਾਸ਼) ਲਿਖਿਆ, ਉਹ ਇਸ ਇਤਿਹਾਸਕ ਗ੍ਰੰਥ ਦੇ ਹਰੇਕ ਅਧਿਆਇ ਦਾ ਆਰੰਭ ਸਰਸਵਤੀ ਦੇ ਮੰਗਲ ਨਾਲ ਕਰਦਾ ਹੈ ਕਿਉਂਕਿ ਬ੍ਰਾਹਮਣੀ ਵਿਸ਼ਵਾਸ ਮੁਤਾਬਕ ਗਣੇਸ਼ ਨੂੰ ਬੁੱਧੀ ਦਾਤਾ, ਵਿਘਨ ਵਿਨਾਸ਼ਕ ਤੇ ਸਭ ਤੋਂ ਤੇਜ਼ ਲਿਖਾਰੀ ਮੰਨਿਆ ਜਾਂਦਾ ਹੈ ਅਤੇ ਸਰਸਵਤੀ ਦੇਵੀ ਨੂੰ ਵਿਦਿਆ ਅਤੇ ਬਾਣੀ ਦੀ ਦਾਤੀ ਤੇ ਸਭ ਤੋਂ ਵਧੀਆ ਵਕਤਾ । ਇਸ ਲਈ ਆਸ ਹੈ ਕਿ ਸ਼੍ਰੋਮਣੀ ਕਮੇਟੀ, ਇਸ ਬਿਪਰਵਾਦੀ ਦਿਹਾੜੇ ਬਾਰੇ ਗੰਭੀਰਤਾ ਸਹਿਤ ਵਿਚਾਰੇਗੀ ਕਿਉਂਕਿ ਅਜਿਹਾ ਵਰਤਾਰਾ ਗੁਰਮਤਿ ਸਿਧਾਂਤਾਂ ਦੇ ਵਿਪਰੀਤ ਹੈ। ਹਾਂ  ! ਅੱਛਾ ਹੋਵੇ ਜੇ ਇਸ ਦਿਨ ਨੂੰ ਗੁਰਦੁਆਰਿਆਂ ਵਿੱਚ ਭਾਈ ਹਕੀਕਤ ਰਾਇ ਸਿਆਲਕੋਟੀ ਦੀ ਸ਼ਹਾਦਤ ਵਜੋਂ ਮਨਾਇਆ ਜਾਏ, ਕਿਉਂਕਿ ਨਵਾਬ ਜ਼ਕਰੀਆ ਖ਼ਾਨ ਦੇ ਹੁਕਮ ਨਾਲ ਇਸ ਨੌਜਵਾਨ ਗੁਰਸਿੱਖ ਨੂੰ ਸਿੱਖੀ ਵਿਚ ਅਡੋਲ ਰਹਿਣ ਕਾਰਨ ਸੰਨ 1841 ਵਿਖੇ ਬਸੰਤ ਪੰਚਮੀ ਵਾਲੇ ਦਿਨ ਹੀ ਲਹੌਰ ਵਿੱਚ ਸ਼ਹੀਦ ਕੀਤਾ ਸੀ ।