ਬਾਣੀ ਬਿਉਰਾ ‘ਗੁਰੂ ਗ੍ਰੰਥ ਸਾਹਿਬ’
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ (ਦਿੱਲੀ)-98112-92808
ਸੰਸਾਰ ਤਲ ਦਾ ਇਕੋ ਇਕ ਗੁਰੂ ਅਤੇ ਸੰਪੂਰਨ ਮਾਨਵਵਾਦੀ ਗ੍ਰੰਥ- ‘ਸਾਹਿਬ ਸ੍ਰੀ ਗੁਰੂ ਗ੍ਰੰਥ ਜੀ’ ਅਜਿਹੇ ਗ੍ਰੰਥ ਹਨ ਜਿਨ੍ਹਾਂ ਅੰਦਰ 6 ਗੁਰੂ ਹਸਤੀਆਂ, 15 ਭਗਤਾਂ, 11 ਭੱਟਾਂ ਤੇ 3 ਸਿੱਖਾਂ ਭਾਵ ਕੁੱਲ 35 ਲਿਖਾਰੀਆਂ ਦੀਆਂ ਲਿਖਤਾਂ ਮੌਜੂਦ ਹਨ। ਫਿਰ ਇਤਨਾ ਹੀ ਨਹੀਂ 1430 ਪੰਨਿਆਂ ਦੇ ਇਤਨੇ ਵੱਡੇ ਆਕਾਰ ਦੇ ਬਾਵਜੂਦ, ਇੱਥੇ ਕਿੱਧਰੇ ਵੀ ‘ਵਿਚਾਰ ਵਿਰੋਧ ਤੇ ਸਿਧਾਂਤ ਅੰਤਰ ਨਹੀਂ।’ ਇਸ ਵਿੱਚਲੀ ਸਮੂਚੀ ਰਚਨਾ ਦਾ ਆਧਾਰ ‘‘ਇਕਾ ਬਾਣੀ ਇਕੁ ਗੁਰੁ, ਇਕੋ ਸਬਦੁਵੀਚਾਰਿ॥ ਸਚਾ ਸਉਦਾ, ਹਟੁ ਸਚੁ, ਰਤਨ ਭਰੇ ਭੰਡਾਰ॥’’ (ਪੰ: 646) ਹੀ ਹੈ। ਦਰਅਸਲ ਇਹ ਉਹ ਨਿਯਮ ਤੇ ਸਿਧਾਂਤ ਹੈ ਜਿਹੜਾ ਸੰਪੂਰਨ ਗੁਰਬਾਣੀ ’ਤੇ ਇੱਕੋ ਜਿਹਾ ਲਾਗੂ ਹੁੰਦਾ ਹੈ।
ਇੱਥੋਂ ਤੀਕ ਕਿ ਗੁਰਦੇਵ ਜੀ ਨੇ ਇਸ ਵਿੱਚਲੇ ਹੋਰ 29 ਲਿਖਾਰੀਆਂ ਨੂੰ ਨਾਲ ਲੈਣ ਸਮੇਂ ਉਨ੍ਹਾਂ ਦੀ ਜਨਮ-ਜਾਤ ਨੂੰ ਮੁੱਖ ਨਹੀਂ ਰਖਿਆ। ਗੁਰਦੇਵ ਜੀ ਨੇ ਇੱਥੇ ਬਿਨਾ ਵਿਤਕਰਾ ਅਖੌਤੀ ਸ਼ੂਦਰਾਂ, ਕਹੇ ਜਾਂਦੇ ਉੱਚ ਜਾਤੀ ਬ੍ਰਾਹਮਣਾਂ ਤੇ ਮੁਸਲਮਾਨਾਂ ’ਚੋਂ ਵੀ ਲਿਖਾਰੀ ਲਏ ਗਏ ਤੇ ਅਜਿਹਾ ਕਰਦੇ ਸਮੇਂ ਗੁਰਦੇਵ ਨੇ ਕੇਵਲ ‘‘ਪੰਚਾਕਾ ਗੁਰੁ ਏਕੁ ਧਿਆਨੁ॥’’ (ਜਪੁ) ਦੇ ਇਲਾਹੀ ਸਿਧਾਂਤ ਅਤੇ ਸਮੂਚੇ ਮਨੁੱਖ ਮਾਤ੍ਰ ਨੂੰ ਹੀ ਮੁੱਖ ਰਖਿਆ। ਹੋਰ ਤਾਂ ਹੋਰ ਸੰਸਾਰਕ ਤਲ ਦਾ ਇਹ ਇਕੋ ਇਕ ਅਜਿਹਾ ‘ਗੁਰੂ’, ‘ਗ੍ਰੰਥ’ ਤੇ ‘ਰਹਿਬਰ’ ਹੈ ਜਿਸ ’ਚ ਸਮੂਚੀ ਮਾਨਵਤਾ ਨਾਲ ਸੰਬੰਧਿਤ ਫ਼ੁਰਮਾਨ ਭਰੇ ਪਏ ਹਨ; ਜਿਵੇਂ:-
(1). ‘‘ਨੀਚਾ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ॥’’ (ਪੰ: 15)
(2). ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ, ਤੂ ਮੇਰਾ ਗੁਰ ਹਾਈ॥’’ (ਪੰ: 611)
(3). ‘‘ਨਾ ਕੋ ਮੇਰਾ ਦੁਸਮਨੁ ਰਹਿਆ, ਨ ਹਮ ਕਿਸ ਕੇ ਬੈਰਾਈ ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ, ਸਤਿਗੁਰ ਤੇ ਸੋਝੀ ਪਾਈ ॥ 2 ॥ ਸਭੁ ਕੋ ਮੀਤੁ, ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ ॥ ਦੂਰਿ ਪਰਾਇਓ ਮਨ ਕਾ ਬਿਰਹਾ, ਤਾ ਮੇਲੁ ਕੀਓ ਮੇਰੈ ਰਾਜਨ॥’’ (ਪੰ: 671)
(4). ‘‘ਪਰ ਧਨ, ਪਰ ਤਨ, ਪਰ ਕੀ ਨਿੰਦਾ, ਇਨ ਸਿਉ ਪ੍ਰੀਤਿ ਨ ਲਾਗੈ॥’’ (ਪੰ: 674) ਆਦਿ।
ਇਸ ਤਰ੍ਹਾਂ ਇਹ ਗ੍ਰੰਥ ਅਜਿਹੇ ਬੇਅੰਤ ਆਦੇਸ਼ਾਂ ਤੇ ਉਪਦੇਸ਼ਾਂ ਨਾਲ ਭਰਿਆ ਪਿਆ ਹੈ ਜਿਹੜੇ ਬਿਨਾ ਵਿਤਕਰਾ ਸਮੂਚੀ ਮਾਨਵਤਾ ਨੂੰ ਆਪਣੇ ਕਲਾਵੇ ਤੇ ਗਲਵਕੜੀ ’ਚ ਲੈ ਰਹੇ ਹਨ। ਫਿਰ ਇਤਨਾ ਹੀ ਨਹੀਂ ਇਸ ਵਿਚਾਰਧਾਰਾ ਦੇ ਪਾਂਧੀਆਂ ਨੂੰ ਵੀ, ਇਨ੍ਹਾਂ ਹੀ ਉੱਚਤਮ ਗੁਰ ਉਪਦੇਸ਼ਾਂ ਅਨੁਸਾਰ ਆਪਣਾ ਜੀਵਨ ਤਿਆਰ ਕਰਨ ਲਈ ਹਿਦਾਇਤਾਂ ਤੇ ਆਦੇਸ਼ ਵੀ ਦਿੱਤੇ ਹੋਏ ਹਨ।
ਇਹ ਵੀ ਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਜੀ’ ਦੇ ਅਰੰਭਕ ਸਰੂਪ ‘ਆਦਿ ਬੀੜ’ ਦੀ ਸੰਪਾਦਨਾ ਤੇ ਉਸ ਵਿੱਚਲੀ ਬਾਣੀ ਨੂੰ ਸੰਪੂਰਨ ਤਰਤੀਬ ਵੀ ਪੰਜਵੇਂ ਪਾਤਸ਼ਾਹ ਦੇ ਕਰ ਕਮਲਾਂ ਤੋਂ ਹੀ ਪ੍ਰਾਪਤ ਹੋਈ ਹੈ।
‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਪ੍ਰਕਾਸ਼-ਦਰਸ਼ਨ: -‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਬਾਣੀ ਦਾ ਆਰੰਭ ਕਰਤੇ ਪ੍ਰਭੂ ਦੇ ਉਸਤਤ ਸਰੂਪ ‘ਮੰਗਲਾਚਰਣ’ ਨਾਲ ਹੁੰਦਾ ਹੈ ਤਾਂ ਤੇ ਉਸ ‘ਮੰਗਲਾਚਰਣ’ ਦਾ ਸੰਪੂਰਨ ਸਰੂਪ ਹੈ ‘‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ-ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥’’ ਜਦਕਿ ਆਪਣੇ ਉਪਰੋਕਤ ਸੰਪੂਰਨ ਸਰੂਪ ’ਚ ਇਹ ਮੰਗਲਾਚਰਣ ਸੰਪੂਰਨ ਬੀੜ ’ਚ 33 ਵਾਰ ਦਰਜ ਹੋਇਆ ਹੈ। ਉਪਰੰਤ ਇਸੇਮੰਗਲਾਚਰਣ ਦੇ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਅੰਦਰ ਤਿੰਨ ਹੋਰ ਸੰਖੇਪ ਸਰੂਪ ਵੀ ਆਏ ਹਨ ਜਿਹੜੇ ਇਸ ਤਰ੍ਹਾਂ ਹਨ:-
‘‘ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ॥’’ 9 ਵਾਰ
‘‘ੴ ਸਤਿਨਾਮੁ ਗੁਰ ਪ੍ਰਸਾਦਿ॥’’ 2 ਵਾਰ
‘‘ੴ ਸਤਿ ਗੁਰ ਪ੍ਰਸਾਦਿ॥’’ 524 ਵਾਰ, ਜੋ ਕਿ ਕੁਲ 568 ਵਾਰ ਬਣ ਜਾਂਦਾ ਹੈ।
‘ਮੰਗਲਾਚਰਣ ਅਥਵਾ ਮੂਲਮੰਤ੍ਰ’:- ਚੇਤੇ ਰਹੇ, ਗੁਰਬਾਣੀ ਵਿੱਚਲੇ ਇਸੇ ਸੰਪੂਰਨ ‘ਮੰਗਲਾਚਰਣ’ ਨੂੰ ਸੰਨ 1945 ਵਾਲੀ ‘ਸਿੱਖ ਰਹਿਤ ਮਰਯਾਦਾ’ ’ਚ ‘ਮੂਲ ਮੰਤ੍ਰ’ ਦਾ ਨਾਮ ਵੀ ਦਿੱਤਾ ਹੋਇਆ ਹੈ। ਇਹੀ ਕਾਰਨ ਹੈ ਕਿ ਅੱਜ ਪੂਰੇ ਪੰਥ ’ਚ ਇਸ ‘ਮੰਗਲਾਚਰਣ’ ਨੂੰ ਬਹੁਤਾ ਕਰ ਕੇ ‘ਮੂਲ ਮੰਤ੍ਰ’ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ ਜਦਕਿ ਗੁਰਬਾਣੀ ਸਿਧਾਂਤ ਅਨੁਸਾਰ ਇਹ ਗੁਰਬਾਣੀ ਦਾ ਆਰੰਭ ਅਤੇ ਮੰਗਲਾਚਰਣ ਹੀ ਹੈ।
ਇਹ ਧਿਆਨ ਦੇਣ ਦੀ ਵੀ ਲੋੜ ਹੈ ਕਿ ਗੁਰਬਾਣੀ ਵਿੱਚਲਾ ਇਹ ਮੰਗਲਾਚਰਣ ‘ੴ ’ ਤੋਂ ਆਰੰਭ ਹੋ ਕੇ ਆਪਣੇ ਚੌਹਾਂ ਸਰੂਪਾਂ ’ਚ ਹੀ ‘ਗੁਰ ਪ੍ਰਸਾਦਿ’ ’ਤੇ ਸਮਾਪਤ ਹੁੰਦਾ ਹੈ ਤੇ ਇਸ ਵਿੱਚਲੇ ‘ਸਤਿਨਾਮੁ ਕਰਤਾ ਪੁਰਖ’ ਆਦਿ ਵਿਸ਼ੇਸ਼ਣ ਹਨ। ਸਪਸ਼ਟ ਹੈ ‘ਮੰਗਲਾਚਰਣ’ ਦਾ ਸੰਪੂਰਨ ਸਰੂਪ ਪ੍ਰਗਟ ਕਰਨ ਤੋਂ ਬਾਅਦ ਇਸ ਦੇ ਤਿੰਨ ਸੰਖੇਪ ਰੂਪ ਆਉਣ ’ਤੇ ਵੀ ਇਸ ਦੀ ਆਰੰਭਤਾ ਤੇ ਸਮਾਪਤੀ ’ਚ ਕੋਈ ਅੰਤਰ ਨਹੀਂ ਆਉਂਦਾ।
‘‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’’ ਜੀ ਦੀ ਆਰੰਭਕ ਬਾਣੀ ?:– ਚੇਤੇ ਰਹੇ ਕਿ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਅੰਦਰ ਪਹਿਲੇ 8 ਪੰਨਿਆਂ ਤੀਕ ਸਭ ਤੋਂ ਪਹਿਲੀ ਰਚਨਾ (ਬਾਣੀ) ‘ਜਪੁ’ ਹੈ। ਇਸ ਤਰ੍ਹਾਂ ਬਾਣੀ ‘ਜਪੁ’ ਦੇ ਆਰੰਭ ਤੋਂ ਪਹਿਲਾਂ ਕੇਵਲ ਉਪਰੋਕਤ ਸੰਪੂਰਨ ਮੰਗਲਾਚਰਣ ਹੀ ਆਇਆ ਹੈ। ਇਹ ਵੀ ਧਿਆਨ ਦੇਣਾ ਹੈ ਕਿ ਬਾਣੀ ‘ਜਪੁ’ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਣ ਕੀਤੀ ਹੋਈ ਬਾਣੀ ਹੈ।
ਇਸ ਤਰ੍ਹਾਂ ਬਾਣੀ ‘ਜਪੁ’ ਤੋਂ ਪਹਿਲਾਂ ਸੰਪੂਰਨ ਮੰਗਲਾਚਰਣ ਹੈ, ਫਿਰ ਇਕ ਸਲੋਕ ਹੈ ‘‘ਆਦਿ ਸਚੁ, ਜੁਗਾਦਿ ਸਚੁ॥’’ ਹੈ। ਉਸ ਤੋਂ ਬਾਅਦ ਬਾਣੀ ‘ਜਪੁ’ ਦੀਆਂ 38 ਪਉੜੀਆਂ ਹਨ ਤੇ ਸਮਾਪਤੀ ’ਤੇ ਫਿਰ ਇੱਕ ‘ਸਲੋਕ’ ‘‘ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ..॥’’ ਆਇਆ ਹੋਇਆ ਹੈ ਤੇ ਗੁਰਦੇਵ ਰਾਹੀਂ ਸੰਗਤਾਂ ਨੂੰ ਰੋਜ਼ ਸਵੇਰੇ ਇਸ ਬਾਣੀ ਦਾ ਪਾਠ ਕਰਨ ਦੀ ਹਿਦਾਇਤ ਵੀ ਹੈ।
‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਅਨੁਸਾਰ ਨਿਤਨੇਮ:- ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਸਮੂਚੀ ਬਾਣੀ ਰਾਗਾਂ ’ਚ ਹੈ। ਕੁੱਲ 1430 ਪੰਨਿਆਂ ਵਾਲੀ ਬੀੜ ’ਚ ਪਹਿਲੇ 13 ਪੰਨਿਆਂ ’ਚ ‘ਜਪੁ’ ਰਾਗ-ਮੁਕਤ ਹੈ ਤੇ ਬਾਕੀ ‘ਸੋ ਦਰੁ’, ‘ਸੋ ਪੁਰਖੁ’ ਤੇ ‘ਸੋਹਿਲਾ’; ਜੋ ਕਿ ਗੁਰਬਾਣੀ ਵਿੱਚ ਸੰਬੰਧਿਤ ਰਾਗਾਂ ’ਚ ਵੀ ਦਰਜ ਹਨ, ਨੂੰ ਰਾਗ ਆਧਾਰਿਤ ਕੀਤਾ ਗਿਆ ਹੈ, ਜਿਸ ਵਿੱਚ ਪਹਿਲਾਂ ‘ਜਪੁ’ ਫਿਰ ‘ਸੋ ਦਰੁ’ (5 ਸ਼ਬਦ), ਉਸ ਤੋਂ ਬਾਅਦ ‘ਸੋ ਪੁਰਖੁ’ (4 ਸ਼ਬਦ) ਅਤੇ ਅੰਤ ’ਚ ਬਾਣੀ‘ਸੋਹਿਲਾ’ (5 ਸ਼ਬਦ) ਹਨ ਭਾਵ ‘ਜਪੁ’ ਤੋਂ ਇਲਾਵਾ ਬਾਕੀ 5+4+5 ਕੁੱਲ 14 ਸ਼ਬਦ; ਜਿਨ੍ਹਾਂ ਵਿੱਚ ‘ਸੋ ਦਰੁ’, ‘ਸੋ ਪੁਰਖੁ’ ਤੇ ‘ਸੋਹਿਲਾ’ ਵਾਲੇ ਇਹ 14 ਸ਼ਬਦਅੱਗੇ ਸੰਬੰਧਿਤ ਰਾਗਾਂ ’ਚ (ਲਿਖਤ ਤਰਤੀਬ ਅਨੁਸਾਰ) ਫਿਰ ਤੋਂ ਵੀ ਦਰਜ ਕੀਤੇ ਹੋਏ ਹਨ।
ਇਸ ਤੋਂ ਅੱਗੇ 31 ਰਾਗ ਹਨ, ਜਿਨ੍ਹਾਂ ’ਚ ਸੰਪੂਰਨ ਬਾਣੀ ਦਰਜ ਹੋਈ ਹੈ ਤੇ ਉਨ੍ਹਾਂ ਦੀ ਤਰਤੀਬ ਇਸ ਤਰ੍ਹਾਂ ਹੈ-‘ਸਿਰੀਰਾਗੁ, ਮਾਝੁ, ਗਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ ਨਾਰਾਇਣ, ਮਾਲੀ ਗਉੜਾ, ਮਾਰੂ, ਤੁਖਾਰੀ, ਕੇਦਾਰਾ, ਭੈਰਉ, ਬਸੰਤ, ਸਾਰੰਗ, ਮਲਾਰ, ਕਾਨੜਾ, ਕਲਿਆਣ, ਪ੍ਰਭਾਤੀ ਤੇ ਜੈਜਾਵੰਤੀ।’
ਉਪਰੋਕਤ 31 ਰਾਗਾਂ ਦੀ ਸਮਾਪਤੀ ਉਪਰੰਤ ਕ੍ਰਮਵਾਰ ਹੇਠ ਲਿਖੀਆਂ ਬਾਣੀਆਂ ਦਰਜ ਹਨ-
ਸਲੋਕ ਸਹਸਕ੍ਰਿਤੀ ਮਹਲਾ 1 (4 ਸਲੋਕ) ਪੰਨਾ 1353
ਸਲੋਕ ਸਹਸਕ੍ਰਿਤੀ ਮਹਲਾ 5 (67 ਸਲੋਕ) ਪੰਨਾ 1353
ਗਾਥਾ ਮਹਲਾ 5 ਪੰਨਾ 1360
ਫੁਨਹੇ ਮਹਲਾ 5 ਪੰਨਾ 1361
ਚਉਬੋਲੇ ਮਹਲਾ 5 ਪੰਨਾ 1363
ਸਲੋਕ ਭਗਤ ਕਬੀਰ ਜੀ 243 ਸਲੋਕ, ਪੰਨਾ 1364
ਸਲੋਕ ਸ਼ੇਖ਼ ਫਰੀਦ ਕੇ 130 ਸਲੋਕ, ਪੰਨਾ 1377
ਸਵਯੇ ਸ੍ਰੀ ਮੁਖ ਬਾਕ੍ਹ ਮ: 5 (20 ਸਵਯੇ, ਪੰਨਾ 1385)
ਸਵਯੇ ਭੱਟਾਂ ਦੇ (123 ਸਵਯੇ, ਪੰਨਾ 1389 ਤੋਂ 1409)
ਸਲੋਕ ਵਾਰਾਂ ਤੇ ਵਧੀਕ (ਕੁੱਲ 152, ਪੰਨਾ 1410 ਤੋਂ 1425)
‘ਸਲੋਕ ਵਾਰਾਂ ਤੇ ਵਧੀਕ’ ’ਚ ਮ: 1 (33), ਮ: 3 (67), (ਮ: 4 (30), ਮ: 5 (22) ਭਾਵ ਕੁਲ 152 ਸਲੋਕ)
ਸਲੋਕ ਮਹਲਾ 9 (57 ਸਲੋਕ) ਪੰਨਾ 1426 ਤੋਂ 1429)
‘ਮੁੰਦਾਵਣੀ ਮ: 5’ ਅਤੇ ‘ਸਲੋਕ ਮ: 5’ (ਸਮਾਪਤੀ ਸੂਚਕ ਦੋ ਸਲੋਕ, ਪੰਨਾ 1429)
ਉਪਰੰਤ ਰਾਗਮਾਲਾ, ਰਾਗਮਾਲਾ ਗੁਰਬਾਣੀ ਹੈ ਵੀ ਜਾਂ ਨਹੀਂ, ਇਸ ਬਾਰੇ ਪੰਥ ਅਜੇ ਇਕ ਮੱਤ ਨਹੀਂ। ਇਸੇ ਲਈ ਉਚੇਚੇ ਰਾਗਮਾਲਾ ਬਾਰੇ ‘ਸਿੱਖ ਰਹਿਤ ਮਰਯਾਦਾ-1945’ ’ਚ ਵੀ ਰਾਗਮਾਲਾ ਬਾਰੇ ਅਜਿਹੀ ਸੇਧ ਦਿੱਤੀ ਹੋਈ ਹੈ:- ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉੱਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ (ਇਸ ਗੱਲ ਬਾਰੇ ਪੰਥ ਵਿੱਚ ਅਜੇ ਤੱਕ ਮੱਤਭੇਦ ਹਨ, ਇਸ ਲਈ ਰਾਗਮਾਲਾ ਤੋਂ ਬਿਨਾ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ।’) (ਉਂਝ ਬਹੁਤੇ ਵਿਦਵਾਨਾਂ ਅਨੁਸਾਰ ‘ਰਾਗਮਾਲਾ’ ਗੁਰਬਾਣੀ ਦਾ ਅੰਗ ਨਹੀਂ।)
ਰਾਗਾਂ ’ਚ ਗੁਰਬਾਣੀ ਦੀ ਤਰਤੀਬ:- ਹਰੇਕ ਰਾਗ ’ਚ ਗੁਰਬਾਣੀ ਦੀ ਤਰਤੀਬ ਦਾ ਵੇਰਵਾ ਆਮ ਤੌਰ ’ਤੇ ਇਉਂ ਹੈ-
ਸ਼ਬਦ, ਅਸ਼ਟਪਦੀਆਂ, ਛੰਤ ਤੇ ਫਿਰ ਭਗਤਾਂ ਦੇ ਸ਼ਬਦ।
ਜਦਕਿ ਇਹ ਸ਼ਬਦ, ਅਸ਼ਟਪਦੀਆਂ, ਛੰਤ ਆਦਿ ਵੀ ਖ਼ਾਸ ਕ੍ਰਮਵਾਰ ਹਨ; ਜਿਵੇਂ:-
ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੀਆਂ ਰਚਨਾਵਾਂ ਹਨ, ਫਿਰ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਦੀਆਂ ਰਚਨਾਵਾਂ।
ਇਹ ਵੀ ਕਿ ਸ੍ਰੀ ਗੁਰੂ ਅੰਗਦ ਸਾਹਿਬ ਦੁਆਰਾ ਗੁਰਬਾਣੀ ਦੀ ਰਚਨਾ ’ਚ ਕੇਵਲ 63 ‘ਸਲੋਕ’ ਹੀ ਹਨ, ਜੋ ਕਿ ਭਿੰਨ ਭਿੰਨ ‘ਵਾਰਾਂ’ ਦੀਆਂ ਪਉੜੀਆਂ ਨਾਲ ਦਰਜ ਕੀਤੇ ਹੋਏ ਹਨ।
ਨੌਵੇਂ ਪਾਤਸ਼ਾਹ ਨੇ ਜਿਸ-ਜਿਸ ‘ਰਾਗ’ ’ਚ ਸ਼ਬਦ ਤੇ ਛੰਦ ਰਚੇ ਹਨ, ਬਾਅਦ ’ਚ ਦਸਮੇਸ਼ ਜੀ ਨੇ ਉਨ੍ਹਾਂ ਨੂੰ ਅਜੋਕੀਆਂ ਬੀੜਾਂ ’ਚ ਪੰਜਵੇਂ ਪਾਤਸ਼ਾਹ ਰਾਹੀਂ ਕਾਇਮ ਕੀਤੇ ਹੋਏ ਕ੍ਰਮ ਅਨੁਸਾਰ ਹੀ, ਗੁਰੂ ਅਰਜਨ ਸਾਹਿਬ ਦੇ ਸ਼ਬਦਾਂ ਤੇ ਛੰਦਾ ਤੋਂ ਬਾਅਦ ਦਰਜ ਕਰ ਦਿੱਤਾ ਗਿਆ। ਉਂਝ ‘ਸ਼ਬਦਾਂ’ ਤੇ ਛੰਦਾਂ ਤੋਂ ਪਹਿਲਾਂ ਗੁਰਬਾਣੀ ਲਿਖਤ ਤਰਤੀਬ ਅਨੁਸਾਰ ਅਸ਼ਟਪਦੀਆਂ ਹਨ ਪਰ ਨੌਂਵੇਂ ਪਾਤਸ਼ਾਹ ਜੀ ਦੀ ਕੋਈ ਅਸ਼ਟਪਦੀ ਨਹੀਂ ਹੈ।
ਨੌਵੇਂ ਪਾਤਸ਼ਾਹ ਜੀ ਨੇ ਸਲੋਕ ਵੀ ਰਚੇ ਹਨ, ਜੋ ਦਸਮੇਸ਼ ਜੀ ਨੇ ਉਨ੍ਹਾਂ ਨੂੰ ਬਾਣੀ ਦੀ ਸੰਪੂਰਨਤਾ ਸੂਚਕ ਪੰਜਵੇਂ ਪਾਤਸ਼ਾਹ ਜੀ ਦੇ ਦੋਨਾਂ ਸਲੋਕਾਂ: ਮੁੰਦਾਵਣੀ ਮਹਲਾ 5 ‘‘ਥਾਲ ਵਿਚਿ ਤਿੰਨਿ ਵਸਤੂ ਪਈਓ.॥’ ਅਤੇ ਸਲੋਕ ਮਹਲਾ 5 ॥ ‘‘ਤੇਰਾ ਕੀਤਾ ਜਾਤੋ ਨਾਹੀ..॥’’ (ਪੰ: 1429) ਤੋਂ ਪਹਿਲਾਂ ‘‘ੴ ਸਤਿਗੁਰ ਪ੍ਰਸਾਦਿ ॥ ਸਲੋਕ ਮਹਲਾ 9॥’’ ਦੇ ਸਿਰਲੇਖ ਹੇਠ ਦਰਜ ਕਰ ਦਿੱਤਾ।
ਉਕਤ ਵੀਚਾਰ ਅਨੁਸਾਰ ਤਦ ਸੰਗਤਾਂ ’ਚ ਇਕ ਨਹੀਂ ਦੋ ਤਰ੍ਹਾਂ ਦੀਆਂ ਭਿੰਨ ਭਿੰਨ ਬੀੜਾਂ (ਹੱਥ ਲਿਖਤਾਂ ਦੇ ਕਈ ਉਤਾਰੇ ਹੋਣ ਕਾਰਨ) ਪ੍ਰਚਲਿਤ ਹੋ ਚੁੱਕੀਆਂ ਸਨ।ਇਕ ਤਾਂ ‘ਆਦਿ ਬੀੜ’ ਸੀ, ਜਿਹੜੀ ਪੰਚਮ ਪਿਤਾ ਨੇ ਰਚੀ ਸੀ ਅਤੇ ਇਸ ਦੇ ਉਤਾਰੇ ਉਦੋਂ ਤੋਂ ਹੀ ਹੁੰਦੇ ਆ ਰਹੇ ਸਨ ਤੇ ਦੂਜੀ ਜਿਸ ਨੂੰ ਦਸਮੇਸ਼ ਜੀ ਨੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸਮੇਤ ਸੰਪੂਰਨ ਕੀਤਾ ਹੈ।
ਗੁਰਬਾਣੀ ’ਚ ਅੰਕਾਂ ਦੀ ਤਰਤੀਬ- ਜੇ ਕਰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ’ਚੋਂ ਦਰਸ਼ਨ ਕਰੀਏ ਤਾਂ ਥਾਂ ਥਾਂ ’ਤੇ ਅੰਕ ਨੰਬਰ ਵੀ ਦਰਜ ਮਿਲਦੇ ਹਨ, ਇਨ੍ਹਾਂ ਅੰਕਾਂ ਦੀ ਖ਼ਾਸ ਮਹੱਤਤਾ ਹੈ।
ਹਰੇਕ ਸ਼ਬਦ, ਅਸ਼ਟਪਦੀ ਤੇ ਛੰਤ ਆਦਿ ਨੂੰ ‘ਬੰਦਾਂ’ ’ਚ ਵੰਡਿਆ ਹੋਇਆ ਹੈ ਤੇ ਇਨ੍ਹਾਂ ‘ਬੰਦਾਂ’ ਲਈ ਲਫ਼ਜ਼ ‘ਪਦੇ’ ਵੀ ਆਇਆ ਹੈ; ਜਿਵੇਂ ਇਕ ਪਦਾ, ਦੁਪਦੇ, ਤਿਪਦੇ, ਚਉਪਦੇ, ਅਸ਼ਟਪਦੀ ਆਦਿ।
ਇਨ੍ਹਾਂ ‘ਬੰਦਾਂ’ ’ਚ ਦੋ-ਦੋ, ਤਿੰਨ-ਤਿੰਨ, ਚਾਰ-ਚਾਰ ਤੇ ਕਿਤੇ ਵੱਧ ਤੁੱਕਾਂ ਅਥਵਾ ਪੰਕਤੀਆਂ ਵਾਲੇ ‘ਬੰਦ’ ਵੀ ਆਏ ਹਨ। ਦਰਅਸਲ, ਇਹ ਉਹ ‘ਅੰਕ’ ਹਨ ਜਿਹੜੇ ਇੱਕ ਰਾਗ ਨਾਲ ਸੰਬੰਧਿਤ ਨਿਰੰਤਰ ਦਰਜ ਕੀਤੇ ਜਾ ਰਹੇ ਸ਼ਬਦਾਂ-ਅਸ਼ਟਪਦੀਆਂ ਆਦਿ ਦੇ ਰੂਪ ’ਚ ‘ਬੰਦਾਂ’ ਦੀ ਗਿਣਤੀ, ਕੁੱਲ ਗਿਣਤੀ ਆਦਿ ਨੂੰ ਸਪਸ਼ਟ ਕਰਨ ਲਈ ਦਿੱਤੇ ਹੋਏ ਹਨ; ਜਿਵੇਂ:-
‘‘ਆਸਾ ਮਹਲਾ 5 ॥ ਜਾ ਤੂੰ ਸਾਹਿਬੁ ਤਾ ਭਉ ਕੇਹਾ ? ਹਉ ਤੁਧੁ ਬਿਨੁ, ਕਿਸੁ ਸਾਲਾਹੀ ? ॥ ਏਕ ਤੂੰ, ਤਾ ਸਭ ਕਿਛੁ ਹੈ, ਮੈ ਤੁਧੁ ਬਿਨੁ, ਦੂਜਾ ਨਾਹੀ ॥ 1 ॥ ਬਾਬਾ ! ਬਿਖੁ ਦੇਖਿਆ ਸੰਸਾਰੁ ॥ ਰਖਿਆ ਕਰਹੁ ਗੁਸਾਈ ਮੇਰੇ ! ਮੈ ਨਾਮੁ ਤੇਰਾ ਆਧਾਰੁ ॥ 1 ॥ ਰਹਾਉ ॥ ਜਾਣਹਿ ਬਿਰਥਾ ਸਭਾ ਮਨ ਕੀ, ਹੋਰ ਕਿਸੁ ਪਹਿ ਆਖਿਸੁਣਾਈਐ ? ॥ ਵਿਣੁ ਨਾਵੈ, ਸਭੁ ਜਗੁ ਬਉਰਾਇਆ, ਨਾਮੁ ਮਿਲੈ ਸੁਖੁ ਪਾਈਐ ॥ 2 ॥ ਕਿਆ ਕਰੀਐ, ਕਿਸੁ ਆਖਿ ਸੁਣਾਈਐ ? ਜਿ ਕਹਣਾ ਸੁ ਪ੍ਰਭ ਜੀ ਪਾਸਿ ॥ ਸਭੁ ਕਿਛੁ ਕੀਤਾ ਤੇਰਾ ਵਰਤੈ, ਸਦਾ ਸਦਾ ਤੇਰੀ ਆਸ ॥ 3 ॥ ਜੇ ਦੇਹਿ ਵਡਿਆਈ, ਤਾ ਤੇਰੀ ਵਡਿਆਈ; ਇਤੁ ਉਤੁ ਤੁਝਹਿ ਧਿਆਉ ॥ ਨਾਨਕ ਕੇ ਪ੍ਰਭ ! ਸਦਾ ਸੁਖ ਦਾਤੇ, ਮੈ ਤਾਣੁ ਤੇਰਾ ਇਕੁ ਨਾਉ ॥4॥7॥46॥’’ (ਪੰ: 382)
ਉਕਤ ਸ਼ਬਦ ’ਚ ਕੁੱਲ 4 ‘ਬੰਦ’ ਹਨ, ਜਿਨ੍ਹਾਂ ਦੀ ਗਿਣਤੀ ਨੂੰ ਅੰਕ ਸੰਖਿਆ 1, 2, 3 ਤੇ 4 ਕਰਕੇ ਦਰਸਾਇਆ ਗਿਆ ਹੈ, ਜਿਸ ਵਿੱਚ ‘ਰਹਾਉ’ ਬੰਦ ਨੂੰ ਅਲੱਗ 1 ਅੰਕ ਦਿੱਤਾ ਗਿਆ ਹੈ ਅਤੇ ਸ਼ਬਦ ਦੀ ਸਮਾਪਤੀ ’ਤੇ ਦਰਜ ਅੰਕ 4, ਉਕਤ ਸ਼ਬਦ ਦੀ ਸਮਾਪਤੀ ਦਾ ਸੂਚਕ ਹੈ, ਅੰਕ 7 ਪੰਜਵੇਂ ਪਾਤਿਸ਼ਾਹ ਜੀ ਦੇ ਘਰ 6 ਵੇਂ ’ਚ ਪਿੱਛੇ ਦਰਜ ਕੁੱਲ ਸ਼ਬਦਾਂ ਦਾ ਲਖਾਇਕ ਹੈ ਅਤੇ ਅੰਕ 46, ਪੰਜਵੇਂ ਪਾਤਿਸ਼ਾਹ ਜੀ ਦੇ ਘਰ 2 ਤੋਂ ਘਰ 5 ਤੱਕ ਦਰਜ ਕੁੱਲ ਸ਼ਬਦਾਂ ਦੀ ਗਿਣਤੀ ਨੂੰ ਬਿਆਨ ਕਰਦਾ ਹੈ, ਜਿਨ੍ਹਾਂ ਦੀ ਆਰੰਭਤਾ ਪੰਨਾ 370 ਤੋਂ ਹੁੰਦੀ ਹੈ, ਜਿਸ ਅਨੁਸਾਰ ਘਰ 2 ’ਚ ਦਰਜ ਕੁੱਲ 37 ਸ਼ਬਦਾਂ ਦੀ ਸਮਾਪਤੀ ਪੰਨਾ 370 ਤੋਂ 379 ਤੱਕ ਹੈ, ਘਰ 3 ’ਚ ਦਰਜ ਇੱਕ ਸ਼ਬਦ ਨੰ. 38, ਪੰਨਾ 379-380 ’ਤੇ ਦਰਜ ਹੈ, ਘਰ 5 ’ਚ ਦਰਜ 39 ਨੰਬਰ ਇੱਕ ਸ਼ਬਦ ਪੰਨਾ 380 ’ਤੇ ਦਰਜ ਹੈ, ਇਸ ਉਪਰੰਤ ਘਰ 6 ਸ਼ੁਰੂ ਹੋ ਜਾਂਦਾ ਹੈ, ਜਿਸ ਦੀ ਸਮਾਪਤੀ ਪੰਨਾ 384 ’ਤੇ ਕੁੱਲ ਅੰਕ 51 ਨਾਲ ਹੁੰਦੀ ਹੈ। ਵਿਚਾਰ ਅਧੀਨ ਸ਼ਬਦ ਇਸ ਸੰਖਿਆ ’ਚ ਨੰਬਰ 46 ਵਾਂ ਅਤੇ ਪੰਨਾ ਨੰਬਰ 382 ’ਤੇ ਦਰਜ ਹੈ।
ਘਰ 2 ਤੋਂ ਘਰ 6 ਤੱਕ ਕੁੱਲ ਜੋੜ ਕੀਤਿਆਂ: ਘਰ 2 ਦੇ 37+ ਘਰ 3 ਦਾ 1+ ਘਰ 5 ਦਾ 1+ ਘਰ 6 ਦੇ 7 ਸ਼ਬਦ (ਜੋ ਉਕਤ ਸ਼ਬਦ ਸਮਾਪਤੀ ’ਤੇ ਦਰਜ ਅੰਕ 7 ਰਾਹੀਂ ਬਿਆਨਿਆ ਗਿਆ ਹੈ) ਨੂੰ ਮਿਲਾ ਕੇ ਕੁੱਲ ਸੰਖਿਆ 37+1+1+7=46 ਬਣਦੀ ਹੈ, ਜੋ ਉਕਤ ਸ਼ਬਦ ਦੀ ਸਮਾਪਤੀ ’ਤੇ ਦਰਜ ਹੈ। ਇਨ੍ਹਾਂ ਅੰਕਾਂ ਦਾ ਭਾਵ ਹੈ ਕਿ ‘ਆਸਾ ਰਾਗ’ ’ਚ ਗੁਰੂ ਅਰਜਨ ਸਾਹਿਬ ਜੀ ਦੇ ਕੁੱਲ 46 ਸ਼ਬਦ ਆ ਚੁੱਕੇ ਹਨ।
ਇਸੇ ਤਰ੍ਹਾਂ ਗੁਰਬਾਣੀ ’ਚ ਸ਼ਬਦ ਵੱਖ ਵੱਖ ‘ਘਰਾਂ’ ਦੇ ਸਿਰਲੇਖਾਂ ਹੇਠ ਆਏ ਹੋਏ ਹਨ। ਇਸ ਲਈ ਘਰਾਂ ਵਜੋਂ ਉਨ੍ਹਾਂ ਦੇ ਸਿਰਲੇਖ ਵੀ ਵੱਖਰੇ ਵੱਖਰੇ ਤੇ ਆਪਣੇ ਆਪਣੇ ਹਨ; ਜਿਵੇਂ ‘ਆਸਾ ਮਹਲਾ 5 ਘਰੁ 2’ (ਪੰਨਾ 370), ‘ਆਸਾ ਮਹਲਾ 5 ਘਰੁ 3’ (ਪੰਨਾ 379), ‘ਆਸਾ ਮਹਲਾ 5 ਘਰੁ 5’ (ਪੰਨਾ 380) ਤੇ ਇਸੇ ਲੜੀ ’ਚ ਉਪਰੋਕਤ ਸ਼ਬਦ ‘ਆਸਾ ਮਹਲਾ 5 ਘਰੁ 6’ ਵੀ (ਪੰਨਾ 380) ਤੋਂ ਆਰੰਭ ਹੁੰਦਾ ਹੈ।
ਗੁਰਬਾਣੀ ’ਚ ਦਰਜ ‘ਘਰ’ ਦਾ ਸੰਬੰਧ ਸਾਜ਼ਾਂ ਰਾਹੀਂ ਗਾਉਣ ਸਮੇਂ ਤਬਲੇ ਨਾਲ ਹੁੰਦਾ ਹੈ, ਕਿ ਕਿਸ ਸ਼ਬਦ ਨੂੰ ਦੋ, ਤਿੰਨ, ਚਾਰ’ ਆਦਿ ‘ਘਰ’ ਭਾਵ ‘ਤਾਲ’ ’ਚ ਗਾਉਣਾ ਹੈ ਤੇ ਇਨ੍ਹਾਂ ‘ਘਰਾਂ’ ਦੀ ਗਿਣਤੀ ਗੁਰਬਾਣੀ ’ਚ ਵੱਧ ਤੋਂ ਵੱਧ 17 ਤੀਕ ਹੈ।
ਗੁਰਬਾਣੀ ਅੰਕ ਜੋੜਾਂ ਦਾ ਇਕ ਹੋਰ ਰੂਪ:-ਉਕਤ ਵਿਚਾਰ ਕੀਤਾ ਗਈ ਤੋਂ ਇਲਾਵਾ ਗੁਰਬਾਣੀ ’ਚ ਹਰੇਕ ਗੁਰੂ ਵਿਅਕਤੀ ਦੇ ਸ਼ਬਦ, ਅਸ਼ਟਪਦੀਆਂ ਆਦਿ ਦੀ ਗਿਣਤੀ ਨੂੰ ਅੰਕ ਸੰਖਿਆ ਰਾਹੀਂ ਵੀ ਵੱਖ ਵੱਖ ਦਰਸਾਇਆ ਗਿਆ ਹੈ ਅਤੇ ਸਾਰੇ ਗੁਰੂ ਜਾਮਿਆਂ ਦੇ ਸ਼ਬਦਾਂ ਨੂੰ ਮਿਲਾ ਕੇ ਭਾਵ ਇਕੱਠਾ ਜੋੜ ਵਾਲਾ ਨਿਯਮ ਵੀ ਵਰਤਿਆ ਹੋਇਆ, ਮਿਲਦਾ ਹੈ।
ਮਿਸਾਲ ਵਜੋਂ ਕ੍ਰਮਵਾਰ ‘ਸੋਰਠਿ ਮਹਲਾ 1 ਦੇ 12 ਸ਼ਬਦ’ (ਪੰਨਾ 595 ਤੋਂ 599 ਤੱਕ), ‘ਸੋਰਠਿ ਮਹਲਾ 3 ਦੇ 12 ਸ਼ਬਦ’ (ਪੰਨਾ 595 ਤੋਂ 604 ਤੱਕ), ‘ਸੋਰਠਿ ਮਹਲਾ 4 ਦੇ 9 ਸ਼ਬਦ’ (ਪੰਨਾ 604 ਤੋਂ 608 ਤੱਕ), ‘ਸੋਰਠਿ ਮਹਲਾ 5 ਦੇ 94 ਸ਼ਬਦ’ (ਪੰਨਾ 608 ਤੋਂ 631 ਤੱਕ) ਅਤੇ ‘ਸੋਰਠਿ ਮਹਲਾ ਦੇ 9 ਦੇ 12 ਸ਼ਬਦਾਂ’ (ਪੰਨਾ 631 ਤੋਂ 634 ਤੱਕ) ਦੀ ਸਮਾਪਤੀ ’ਤੇ ਕੁਲ ਜੋੜ 12+12+9+94+12=139, ਜੋ ਕਿ ਪੰਨਾ 595 ਤੋਂ 634 ਤੱਕ ਦੀ ਗਿਣਤੀ ਨੂੰ ਬਿਆਨ ਕਰਦਾ ਹੈ।
ਇਨ੍ਹਾਂ ਤਮਾਮ ਅੰਕ ਨੰਬਰਾਂ ’ਚ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਕਿਤੇ ਕਿਤੇ ਸੰਖੇਤ ਮਾਤ੍ਰ ਪੰਚਮ ਪਾਤਸ਼ਾਹ ਜੀ ਨੇ ਆਪ ਹੀ ਇਨ੍ਹਾਂ ‘ਅੰਕਾਂ’ ਦਾ ਮਤਲਬ ਵੀ ਸਪਸ਼ਟ ਕੀਤਾ ਹੈ ਤਾਂ ਕਿ ਦੂਸਰੇ ‘ਅੰਕ’ ਬਾਰੇ ਸਮਝ ਹੋ ਸਕੇ; ਜਿਵੇਂ:
(1). ਪੰਨਾਂ 64 ’ਤੇ ‘ਮਹਲੇ ਪਹਿਲੇ ਦੀਆਂ 17 ਅਸ਼ਟਪਦੀਆਂ’ ਦੀ ਸਮਾਪਤੀ ’ਤੇ ਅੰਕ 17 ਦੇਣ ਦੇ ਬਾਵਜੂਦ: ‘ਮਹਲੇ ਪਹਿਲੇ ਦੀਆ ਸਤਾਰਹ ਅਸ਼ਟਪਦੀਆਂ’ ਵੀ ਦਰਜ ਹੈ।
(2). ਪੰਨਾ 96, ਰਾਗ ਮਾਝ, ਚਉਪਦੇ ਮ: 4 ਦੀ ਸਮਾਪਤੀ ’ਤੇ ਅੰਕ 7 ਦੇ ਕੇ ‘ਸਤ ਚਉਪਦੇ ਮਹਲੇ ਚਉਥੇ ਕੇ’ ਵੀ ਲਿਖਿਆ ਹੋਇਆ ਹੈ।
(3). ‘ਪੰਨਾ 228 ਰਾਗ ਗਉੜੀ’ 16 ਅਸ਼ਟਪਦੀਆਂ ਦੇ ਅਖ਼ੀਰ ’ਤੇ ਅੰਕ 16 ਸਮੇਤ ‘ਸੋਲਹ ਅਸ਼ਟਪਦੀਆਂ ਗੁਆਰੇਰੀ ਗਉੜੀ ਕੀਆਂ’ ਵੀ ਦਰਜ ਹੈ।
(4) ‘ਪੰਨਾ 330 ਰਾਗ ਗਉੜੀ’ ਕਬੀਰ ਜੀ ਦੇ ਸ਼ਬਦਾਂ ਦੇ ਅਖ਼ੀਰ ’ਤੇ ਅੰਕ 35 ਸਮੇਤ ‘ਗਉੜੀ ਗੁਆਰੇਰੀ ਕੇ ਪਦੇ ਪੈਤੀਸ’ ਵੀ ਦਰਜ ਹੈ, ਆਦਿ।
ਉਕਤ ਅੰਕ ਤਰਤੀਬ ਦੇਣ ਦੇ ਪਿੱਛੇ ਕੱਚੀ ਬਾਣੀ ਤੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਨੂੰ ਅਛੋਹ ਰੱਖਣਾ ਹੈ।
ਜਿਨ੍ਹਾਂ ਨੇ ਹੱਥ ਲਿਖਤ ਬੀੜਾਂ ’ਚ ਕੋਈ ਵਾਧਾ ਕੀਤਾ ਵੀ ਸੀ, ਉਹ ਵੀ ਅੰਤਮ ਸ਼ਬਦ ‘ਮੁੰਦਾਵਣੀ ਮਹਲਾ 5’ ਅਤੇ ‘ਸਲੋਕ ਮਹਲਾ 5’ (ਪੰਨਾ 1429) ਤੋਂ ਬਾਅਦ ਦਰਜ ਕੀਤੇ ਗਏ, ਜੋ ਅਸਾਨੀ ਨਾਲ ਪਹਿਚਾਣ ਕੇ ਅਲੱਗ ਕੀਤੇ ਗਏ ਤੇ ਰਾਗਮਾਲ (ਪੰਨਾ 1430) ਬਾਰੇ ਨਿਰਣਾ ਅਜੇ ਅਧੂਰਾ ਹੈ।
ਰਾਗਾਂ ਅਧੀਨ ਬਾਣੀਆਂ- ਆਮ ਤੌਰ ’ਤੇ ਹਰੇਕ ਰਾਗ ’ਚ ਸ਼ਬਦ, ਅਸ਼ਟਪਦੀਆਂ ਤੇ ਛੰਤ ਹੀ ਹਨ, ਪਰ ਇਨ੍ਹਾਂ ਤੋਂ ਇਲਾਵਾ ਹੇਠ ਲਿਖੇ ਅਨੁਸਾਰ ਭਿੰਨ ਭਿੰਨ ਰਾਗਾਂ ਵਿਚਕਾਰ ਵੀ ਕੁਝ ਲੰਬੀਆਂ ਰਚਨਾਵਾਂ ਦਰਜ ਹਨ; ਜਿਵੇਂ:-
(ੳ). ਸਿਰੀ ਰਾਗ ’ਚ:–
(1) ਪਹਰੇ-(ਪੰ: 74-78) ਇਨ੍ਹਾਂ ਦੀ ਗਿਣਤੀ ਮ: 1 ਦੇ 2, ਮ: 4 ਦਾ 1 , ਮ: 5 ਦਾ 1, ਕੁਲ ਜੋੜ-4 ਭਾਵ ਇਹ ਬਾਣੀ ਚਾਰ ਭਾਗਾਂ ’ਚ ਹੈ।
ਹਰੇਕ ਭਾਗ ’ਚ ਅੱਗੋਂ ਫਿਰ ਚਾਰ-ਚਾਰ ਬੰਦ ਹਨ ਜਦਕਿ ਪਹਿਲੇ ਤੇ ਪੰਜਵੇਂ ਮਹਲੇ ਦੇ ਪਹਿਰਿਆਂ ’ਚ ਦੋ ਵਾਰੀ ਇਹ ਪੰਜ-ਪੰਜ ‘ਬੰਦ’ ਵੀ ਆਏ ਹਨ, ਇਸ ਉਪਰੰਤ ਇਸੇ ਰਾਗ ’ਚ ਦੂਜੀ ਵਿਸ਼ੇਸ਼ ਬਾਣੀ ਹੈ ‘ਵਣਜਾਰਾ’ ਮ: 4 (ਪੰ: 81) ਆਦਿ।
(ਅ). ਰਾਗ ਮਾਝ ’ਚ:-
(1) ਬਾਰਹ ਮਾਹ ਮ: 5 (ਪੰ: 133)
(2) ਦਿਨ ਰੈਣਿ ਮ: 5 (ਪੰ: 136) ਆਦਿ।
(ੲ). ਗਉੜੀ ਰਾਗ ’ਚ:-
(1) ਕਰਹਲੇ ਮ: 4 (ਪੰ: 234)
(ਨੋਟ–ਧਿਆਨ ਰਹੇ ਕਿ ਇੱਥੇ ਗਿਣਤੀ ਸਬੰਧੀ ਅੰਕ ਨੰਬਰ ਦੇਣ ਸਮੇਂ ‘ਕਰਹਲੇ’ ਵੀ ਅਸ਼ਟਪਦੀਆਂ ’ਚ ਹੀ ਗਿਣੇ ਹੋਏ ਹਨ)।
(2) ਬਾਵਨ ਅਖਰੀ ਮ: 5 (ਪੰ: 250) (ਇਸ ਬਾਣੀ ’ਚ 55 ਪਉੜੀਆਂ ਅਤੇ 57 ਸਲੋਕ ਹਨ।)
(3) ਸੁਖਮਨੀ ਮ: ੫5 (ਪੰ: 262)-( ਇਸ ਬਾਣੀ ’ਚ 24 ਸਲੋਕ ਤੇ 24 ਹੀ ਅਸ਼ਟਪਦੀਆਂ ਹਨ।)
(4) ਥਿਤੀ ਮ: 5 (ਪੰ: 296) ਆਦਿ।
(ਸ). ਆਸਾ ਰਾਗ ’ਚ:–
(1). ਬਿਰਹੜੇ ਮ: 5 (ਪੰ: 431)
(ਨੋਟ-‘ਬਿਰਹੜੇ’ ਤਿੰਨ ਭਾਗਾਂ ’ਚ ਹਨ ਜੋ ਅਸ਼ਟਪਦੀਆਂ ਦੀ ਗਿਣਤੀ ’ਚ ਦਰਜ ਹਨ ਪਰ ਇਨ੍ਹਾਂ ਦੀ ਚਾਲ ‘ਛੰਤਾਂ’ ਵਾਲੀ ਹੈ।
(2). ਪਟੀ ਲਿਖੀ ਮਹਲਾ 1 (ਪੰ: 432)-35 ਪਉੜੀਆਂ
(3). ਪਟੀ ਮਹਲਾ 3 (ਪੰ: 434)-18 ਪਉੜੀਆਂ, ਆਦਿ।
(ਹ). ਵਡਹੰਸ ਰਾਗ ’ਚ:-
(1). ਘੋੜੀਆਂ ਮ: 4 (ਪੰ: 575)
(ਨੋਟ–ਬਾਣੀ ਘੋੜੀਆਂ ਦੀ ਗਿਣਤੀ ਵੀ ‘ਛੰਤਾਂ’ ’ਚ ਹੀ ਕੀਤੀ ਹੋਈ ਹੈ।)
(2). ਅਲਾਹਣੀਆਂ ਮ: 1 (ਪੰ: 578)
(3). ਅਲਾਹਣੀਆਂ ਮ:3 (ਪੰ: 582), ਆਦਿ।
(ਕ). ਧਨਾਸਰੀ ਰਾਗ ’ਚ:
(1). ਆਰਤੀ ਮ: 1 (ਕੇਵਲ ਇਕ ਸ਼ਬਦ) (ਪੰ: 663)
(ਨੋਟ–ਇਹ ਬਾਣੀ ਪਹਿਲੇ ਮਹਲੇ ਦੇ ‘ਸ਼ਬਦਾਂ’ ਦੀ ਗਿਣਤੀ ’ਚ ਸ਼ਾਮਲ ਹੈ।)
(ਖ). ਸੂਹੀ ਰਾਗ ’ਚ:-
(1) ਕੁਚਜੀ ਮ: 1 (ਪੰ: 762)
(2) ਸੁਚਜੀ ਮ: 1 (ਪੰ: 762)
(3) ਗੁਣਵੰਤੀ ਮ: 5 (ਪੰ: 763)
(ਨੋਟ–ਇਹ ਤਿੰਨੇ ਬਾਣੀਆਂ ਅਸ਼ਟਪਦੀਆਂ ਤੇ ਛੰਤਾਂ ’ਚ ਦਰਜ ਹਨ।)
(ਗ). ਬਿਲਾਵਲ ਰਾਗ ’ਚ:-
(1) ਥਿਤੀ ਮ: 1 (ਪੰ: 838)
(2) ਵਾਰ ਸਤ ਮ: 3 (ਪੰ: 841), ਆਦਿ ਅਸ਼ਟਪਦੀਆਂ ਤੋਂ ਬਾਅਦ ਦਰਜ ਹਨ।
(ਘ). ਰਾਮਕਲੀ ਰਾਗ ’ਚ:–
(1) ਅਨੰਦ ਮ: 3 (ਪੰ: 917) 40 ਪਉੜੀਆਂ
(2) ‘ਸਦੁ’ ਬਾਬਾ ਸੁੰਦਰ ਜੀ (ਪੰ: 923) (ਕੁਲ 6 ਬੰਦ)
(3) ਓਅੰਕਾਰੁ ਮ: 1 (ਪੰ: 929) ਕੁਲ 54 ਪਉੜੀਆਂ।
(4) ਸਿਧ ਗੋਸਟਿ ਮ: 1 (ਪੰ: 938) 73 ਪਉੜੀਆਂ, ਆਦਿ।
(ਙ). ਰਾਗ ਮਾਰੂ ’ਚ:-
(1) ਅੰਜੁਲੀਆ ਮ: 5 (ਪੰ: 1019)
(2) ਸੋਲਹੇ ਮ: 1 (ਪੰ: 1020) (22)
(3) ਸੋਲਹੇ ਮ: 3 (ਪੰ: 1043) (24)
(4) ਸੋਲਹੇ ਮ: 4 (ਪੰ: 1069) (2)
(5) ਸੋਲਹੇ ਮ: 5 (ਪੰ: 1071), ਆਦਿ।
(ਚ). ਤੁਖਾਰੀ ਰਾਗ ’ਚ:-
(1). ਬਾਰਹ ਮਾਹ ਮ: 1 (ਪੰ: 1107)
(ਨੋਟ–ਇਸ ਬਾਣੀ ਦੀ ਗਿਣਤੀ ‘ਛੰਤਾਂ’ ’ਚ ਹੀ ਕੀਤੀ ਹੋਈ ਹੈ।