ਖ਼ਾਲਸਾ ਰਾਜ ਦਾ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ

0
1138

ਖ਼ਾਲਸਾ ਰਾਜ ਦਾ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ

ਪ੍ਰੋ. ਰੀਨਾ ਕੌਰ ਢਿੱਲੋਂ-ਮੋਬਾਈਲ: 97800-22733

ਖ਼ਾਲਸਾ ਰਾਜ ਦੀ ਸਥਾਪਨਾ ਕਰਨ ਵਾਲੇ ਬਾਬਾ ਬੰਦਾ ਸਿੰਘ ਦਾ ਜਨਮ 27 ਅਕਤੂਬਰ 1670 ਨੂੰ ਜੰਮੂ ਤੋਂ 130 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਕਸਬੇ ਰਾਜੌਰੀ ਵਿਖੇ ਹੋਇਆ ਸੀ। ਆਪ ਜੀ ਦਾ ਬਚਪਨ ਦਾ ਨਾਂ ਲਛਮਣ ਦੇਵ ਸੀ। ਬਚਪਨ ਵਿੱਚ ਘੋੜਸਵਾਰੀ ਕਰਨਾ, ਸ਼ਿਕਾਰ ਖੇਡਣਾ ਅਤੇ ਹਥਿਆਰ ਚਲਾਉਣਾ ਲਛਮਣ ਦੇਵ ਦਾ ਸ਼ੌਕ ਸੀ। 15 ਸਾਲ ਦੀ ਉਮਰ ਵਿੱਚ ਇੱਕ ਗਰਭਵਤੀ ਹਿਰਨੀ ਨੂੰ ਤੀਰ ਵੱਜਣ ਕਾਰਨ ਉਸ ਦੀ ਅਤੇ ਉਸ ਦੇ ਪੇਟ ਵਿਚਲੇ ਬੱਚਿਆਂ ਦੀ ਮੌਤ ਨੂੰ ਅੱਖੀਂ ਮਰਦਿਆਂ ਵੇਖ ਕੇ ਆਪ ਜੀ ਦਾ ਦੁਨਿਆਂਦਾਰੀ ਤੋਂ ਮੋਹ ਭੰਗ ਹੋ ਗਿਆ ਤੇ ਆਪ ਵੈਰਾਗੀ ਧਾਰਨ ਕਰਕੇ ਨਾਂ ਮਾਧੋ ਦਾਸ ਰੱਖ ਲਿਆ। ਸਰਹਿੰਦ ਦੀ ਇੱਟ ਨਾਲ ਇੱਟ ਵਜਾਉਣ, ਵਜ਼ੀਰ ਖ਼ਾਨ ਨੂੰ ਮੌਤ ਦੇ ਘਾਟ ਉਤਾਰਨ, ਜ਼ਿੰਮੀਦਾਰੀ ਪ੍ਰਥਾ ਦੇ ਖ਼ਾਤਮੇ ਅਤੇ ਖ਼ਾਲਸਾ ਰਾਜ ਦੀ ਸਥਾਪਨਾ ਕਰਨ ਕਰਕੇ ਬੰਦਾ ਸਿੰਘ ਬਹਾਦਰ ਦਾ ਨਾਂ ਇਤਿਹਾਸ ਦੇ ਪੰਨ੍ਹਿਆਂ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ।

ਬੰਦਾ ਬਹਾਦਰ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਮੇਲ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਚਾਰ ਸਾਲਾਂ ਮਗਰੋਂ ਗੋਦਾਵਰੀ ਨਦੀ ਦੇ ਕੰਢੇ ਹੋਇਆ। ਗੁਰੂ ਜੀ ਨੇ ਜ਼ੁਲਮ ਦੇ ਖ਼ਾਤਮੇ ਲਈ ਅਤੇ ਸਿੱਖਾਂ ਦੀ ਤਾਕਤ ਨੂੰ ਇਕੱਠਾ ਕਰਨ ਲਈ ਬੰਦਾ ਬਹਾਦਰ ਨੂੰ ਪੰਜਾਬ ਭੇਜਿਆ। ਗੁਰੂ ਜੀ ਨੇ ਸਿੱਖਾਂ ਦੇ ਨਾਂ ਇੱਕ ਹੁਕਮਨਾਮਾ ਵੀ ਦਿੱਤਾ ਜਿਸ ਵਿੱਚ ਸਿੱਖਾਂ ਨੂੰ ਬੰਦਾ ਬਹਾਦਰ ਦੁਆਰਾ ਜ਼ੁਲਮ ਦੇ ਵਿਰੁੱਧ ਲੜੀ ਜਾ ਰਹੀ ਲੜਾਈ ’ਚ ਹਿੱਸਾ ਲੈਣ ਦਾ ਸੰਦੇਸ਼ ਸੀ। ਅਕਤੂਬਰ 1708 ਵਿੱਚ ਬੰਦਾ ਬਹਾਦਰ ਪੰਜਾਬ ਲਈ ਰਵਾਨਾ ਹੋਏ। ਦਿੱਲੀ ਪੁੱਜਣ ’ਤੇ ਹਜ਼ਾਰਾਂ ਸਿੱਖ ਉਨ੍ਹਾਂ ਦੇ ਇਸ਼ਾਰੇ ’ਤੇ ਇਕੱਠੇ ਹੋ ਗਏ। ਸੋਨੀਪਤ, ਸਮਾਣਾ, ਸ਼ਾਹਬਾਦ, ਮੁਸਤਫਾਬਾਦ, ਕਪੂਰੀ ਅਤੇ ਬਨੂੜ ’ਤੇ ਜਿੱਤ ਪ੍ਰਾਪਤ ਕਰਨ ਉਪਰੰਤ ਬਾਬਾ ਬੰਦਾ ਸਿੰਘ ਆਪਣੀ ਫ਼ੌਜ ਨਾਲ ਵਜ਼ੀਰ ਖ਼ਾਨ ਨਾਲ ਲੋਹਾ ਲੈਣ ਲਈ ਸਰਹਿੰਦ ਲਈ ਰਵਾਨਾ ਹੋਏ। ਦੋਵੇਂ ਫ਼ੌਜਾਂ ਦਰਮਿਆਨ 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਯੁੱਧ ਹੋਇਆ। ਦੋ ਦਿਨਾਂ ਦੀ ਇਸ ਲੜਾਈ ਦਾ ਅੰਤ ਸਿੰਘਾਂ ਦੀ ‘ਜਿੱਤ’ ਦੇ ਜੈਕਾਰਿਆਂ ਦੀ ਗੂੰਜ ਨਾਲ ਹੋਇਆ। ਬੰਦਾ ਸਿੰਘ ਨੇ 14 ਮਈ 1710 ਨੂੰ ਸਰਹਿੰਦ ਦੀ ਇੱਟ ਨਾਲ ਇੱਟ ਵਜਾਉਂਦਿਆਂ ਉਸ ’ਤੇ ਕਬਜ਼ਾ ਕਰ ਲਿਆ। ਇਸ ਜਿੱਤ ਤੋਂ ਪਿੱਛੋਂ ਪਟਿਆਲਾ ਪੰਜਾਬ ਵਿੱਚ ਸੁਤੰਤਰ ਸਿੱਖ ਰਾਜ ਦਾ ਪਹਿਲਾ ਕੇਂਦਰ ਬਣ ਗਿਆ। ਸਤਲੁਜ ਤੋਂ ਯਮੁਨਾ, ਸ਼ਿਵਾਲਿਕ ਪਹਾੜੀਆਂ ਤੋਂ ਕੁੰਜਪੁਰਾ, ਕਰਨਾਲ ਤੋਂ ਕੈਂਥਲ ਤਕ ਦਾ ਸਰਹਿੰਦ ਦਾ ਸਾਰਾ ਇਲਾਕਾ ਬੰਦਾ ਸਿੰਘ ਦੇ ਕਬਜ਼ੇ ਹੇਠ ਆ ਗਿਆ। 27 ਮਈ 1710 ਨੂੰ ਸਰਹਿੰਦ ਵਿਖੇ ਭਾਰੀ ਦੀਵਾਨ ਸਜਾਇਆ ਗਿਆ ਜਿਸ ਵਿੱਚ ਬੰਦਾ ਸਿੰਘ ਨੇ ਮੁਗ਼ਲ ਸ਼ਾਸਨ ਦੇ ਜ਼ੁਲਮ ਦੇ ਖ਼ਾਤਮੇ ਅਤੇ ਸਿੱਖਾਂ ਦੇ ਸ਼ਾਸਨ ਦੀ ਸਥਾਪਨਾ ਦਾ ਐਲਾਨ ਕੀਤਾ ਤੇ ਲੋਹਗੜ੍ਹ ਵਿਖੇ ਆਪਣੀ ਰਾਜਧਾਨੀ ਸਥਾਪਿਤ ਕੀਤੀ।

ਬਾਬਾ ਬੰਦਾ ਸਿੰਘ ਦੀ ਇਸ ਚੜਤ ਨੂੰ ਵੇਖਦਿਆਂ ਦਿੱਲੀ ਦੇ ਮੁਗ਼ਲ ਸ਼ਾਸਕ ਬਹਾਦਰ ਸ਼ਾਹ ਦੇ ਦਿਲ ਵਿੱਚ ਡਰ ਬੈਠ ਗਿਆ। ਦਸੰਬਰ 1710 ਵਿੱਚ ਮੁਗ਼ਲ ਸ਼ਾਸਕਾਂ ਨੇ ਲੋਹਗੜ੍ਹ ਕਿਲ੍ਹੇ ਨੂੰ ਘੇਰਾ ਪਾ ਲਿਆ ਪਰ ਬਾਬਾ ਬੰਦਾ ਸਿੰਘ ਰਾਤ ਦੇ ਹਨੇਰੇ ਵਿੱਚ ਉੱਥੋਂ ਨਿਕਲਣ ਵਿੱਚ ਕਾਮਯਾਬ ਹੋ ਗਏ ਪਰ ਬਹਾਦਰ ਸ਼ਾਹ ਦੀਆਂ ਬੰਦਾ ਸਿੰਘ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ। 1712 ਵਿੱਚ ਬਹਾਦਰ ਸ਼ਾਹ ਦੀ ਬਿਮਾਰੀ ਕਾਰਨ ਮੌਤ ਹੋ ਗਈ। ਸਾਲ ਭਰ ਬਹਾਦਰ ਸ਼ਾਹ ਦੇ ਵਾਰਸਾਂ ਵਿੱਚ ਦਿੱਲੀ ਦੇ ਤਖ਼ਤ ’ਤੇ ਕਬਜ਼ਾ ਕਰਨ ਲਈ ਜੰਗ ਚਲਦੀ ਰਹੀ। ਇਸੇ ਦੌਰਾਨ ਬਾਬਾ ਬੰਦਾ ਸਿੰਘ ਨੇ ਕਈ ਹੋਰ ਇਲਾਕਿਆਂ ’ਤੇ ਕਬਜ਼ਾ ਕਰ ਲਿਆ। ਫਰਵਰੀ 1713 ਵਿੱਚ ਫਾਰੂਖ਼ ਸਾਯਰ ਹਿੰਦੁਸਤਾਨ ਦਾ ਰਾਜਾ ਬਣਿਆ ਅਤੇ ਉਸ ਨੇ ਉੱਤਰੀ ਭਾਰਤ ਦੇ ਸਾਰੇ ਗਵਰਨਰਾਂ ਨੂੰ ਬਾਬਾ ਬੰਦਾ ਸਿੰਘ ਨੂੰ ਮਾਰਨ ਜਾਂ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕੀਤੇ। ਗੁਰਦਾਸਪੁਰ ਦੀ ਗੜ੍ਹੀ ਵਿੱਚ ਬਾਬਾ ਬੰਦਾ ਬਹਾਦਰ ਨੂੰ ਮੁਗ਼ਲਾਂ ਨੇ ਘੇਰਾ ਪਾ ਲਿਆ। ਬੰਦਾ ਸਿੰਘ ਕੋਲ ਸੀਮਤ ਮਾਤਰਾ ਵਿੱਚਹਥਿਆਰ ਅਤੇ ਭੋਜਨ ਸੀ। ਮੁਗ਼ਲਾਂ ਨੇ ਭੋਜਨ ਦੀ ਪਹੁੰਚ ’ਤੇ ਰੋਕ ਲਗਾ ਦਿੱਤੀ। ਗੜ੍ਹੀ ਦੀ ਅੰਦਰਲੀ ਸਥਿਤੀ ਦਿਨ-ਬ-ਦਿਨ ਖ਼ਰਾਬ ਹੋ ਰਹੀ ਸੀ। ਅੱਠ ਮਹੀਨਿਆਂ ਦੇ ਘਿਰਾਉ ਤੋਂ ਬਾਅਦ ਮੁਗ਼ਲਾਂ ਨੇ ਗੜ੍ਹੀ ’ਤੇ ਹਮਲਾ ਬੋਲ ਦਿੱਤਾ ਅਤੇ ਬੰਦਾ ਸਿੰਘ ਅਤੇ ਉਸ ਦੀ ਫ਼ੌਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਆਖ਼ਿਰ 9 ਜੂਨ 1716 ਨੂੰ ਦਿੱਲੀ ਵਿਖੇ ਅਣਮਨੁੱਖੀ ਤਸੀਹੇ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾਂ ਨੂੰ ਸਮਰਪਿਤ ਯਾਦਗਾਰ ਚੱਪੜਚਿੜੀ ਵਿਖੇ ਸਥਿੱਤ ਹੈ।