ਆਦਰਸ਼ਕ ਗੁਰਦੁਆਰਾ – ਗੁਰਦੁਆਰਾ ਮਾਇਆ ਨਗਰ ਲੁਧਿਆਣਾ
ਸਿੱਖ ਧਰਮ ਵਿੱਚ ਗੁਰਦੁਆਰੇ ਬਹੁਤ ਮਹਾਨਤਾ ਰੱਖਦੇ ਹਨ। ਇਹ ਗੁਰ ਉਪਦੇਸ਼ ਦੇ ਸੋਮੇ, ਪਾਠ ਪੂਜਾ ਦੇ ਅਸਥਾਨ, ਧਰਮੀ ਜੀਵਨ ਜੀਊਣ ਦੇ ਕੇਂਦਰ ਅਤੇ ਸਮਾਜ ਸੇਵਾ ਦੇ ਸਿਖਲਾਈ ਸੈਂਟਰ ਹਨ। ਭਾਈ ਕਾਨ੍ਹ ਸਿੰਘ ਜੀ ਨਾਭਾ ਕਰਤਾ ਮਹਾਨ ਕੋਸ਼ ਅਨੁਸਾਰ – ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਰਯ, ਰੋਗੀਆਂ ਲਈ ਸ਼ਿਫ਼ਾਖ਼ਾਨਾ (ਹਸਪਤਾਲ), ਭੁੱਖਿਆਂ ਲਈ ਅੰਨਪੂਰਨਾ, ਇਸਤ੍ਰੀ ਜਾਤਿ ਦੀ ਪੱਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫ਼ਰਾਂ ਲਈ ਵਿਸ਼ਰਾਮ ਦਾ ਅਸਥਾਨ ਹੈ।
ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ (ਰਜਿ:) ਮਾਇਆ ਨਗਰ ਸਿਵਲ ਲਾਈਨਜ਼ ਲੁਧਿਆਣਾ ਇੱਕ ਅਜਿਹਾ ਗੁਰਦੁਆਰਾ ਹੈ, ਜੋ ਉਪਰੋਕਤ ਤੱਥਾਂ ਦੀ ਪੁਸ਼ਟੀ ਕਰਦਾ ਹੈ। ਇਸ ਗੁਰਦੁਆਰਾ ਸਾਹਿਬ ਦਾ ਮੁੱਖ ਮੰਤਵ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਪ੍ਰਚਾਰਣਾ, ਵਿੱਦਿਆ ਦਾ ਪਸਾਰ ਕਰਨਾ ਅਤੇ ਸਰਬੱਤ ਦੇ ਭਲੇ ਲਈ ਕਾਰਜ ਕਰਨੇ। ਗੁਰਮਤਿ ਦੇ ਪ੍ਰਚਾਰ ਲਈ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦੀ ਇਨ ਬਿਨ ਪਾਲਣਾ ਕੀਤੀ ਜਾਂਦੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 12 ਅਗਸਤ 2004 ਦੀ ਮੀਟਿੰਗ ਦੇ ਮਤਾ ਨੰਬਰ 1 (ii) ਰਾਹੀਂ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੋਇਆ ਹੈ ਕਿ ਇੱਕ ਸਮੇਂ ਇੱਕੋ ਹੀ ਅਖੰਡ ਪਾਠ ਰੱਖਿਆ ਜਾਵੇਗਾ। ਅਖੰਡ ਪਾਠ ਦੇ ਨਾਲ ਕੋਈ ਹੋਰ ਪਾਠ ਨਹੀਂ ਹੋਵੇਗਾ ਅਤੇ ਜਿਸ ਪਰਿਵਾਰ ਨੇ ਪਾਠ ਰਖਵਾਉਣਾ ਹੈ, ਉਹਨਾਂ ਦਾ ਘੱਟੋ ਘੱਟ ਇੱਕ ਮੈਂਬਰ ਪਾਠ ਸਮੇਂ ਹਾਜ਼ਰ ਹੋਵੇਗਾ। ਪਾਠ ਸਮੇਂ ਕੁੰਭ, ਨਾਰੀਅਲ ਆਦਿ ਨਹੀਂ ਰੱਖਿਆ ਜਾਵੇਗਾ।
ਗ੍ਰੰਥੀ ਸਾਹਿਬ ਤੇ ਸੇਵਾਦਾਰਾਂ ਨੂੰ ਸਾਰੇ ਕਾਰਜ ਗੁਰਮਤਿ ਅਨੁਸਾਰ ਕਰਣ ਲਈ ਹਦਾਇਤ ਕੀਤੀ ਜਾਂਦੀ ਹੈ। ਗੁਰਮਤਿ ਦੇ ਪ੍ਰਚਾਰ ਲਈ ਗੁਰਦੁਆਰਾ ਸਾਹਿਬ ਵਿਖੇ ਹਰ ਐਤਵਾਰ ਸਵੇਰੇ ਦੋ ਘੰਟੇ ਲਈ ਬੱਚਿਆਂ ਨੂੰ ਗੁਰਬਾਣੀ, ਸਿੱਖ ਇਤਿਹਾਸ ਤੇ ਸਿੱਖ ਫ਼ਿਲਾਸਫ਼ੀ ਨਾਲ ਜੋੜਨ ਲਈ ਗੁਰਮਤਿ ਕਲਾਸ ਲਗਾਈ ਜਾਂਦੀ ਹੈ। ਬੱਚਿਆਂ ਨੂੰ ਰੀਫਰੈਸ਼ਮੈਂਟ ਵੀ ਦਿੱਤੀ ਜਾਂਦੀ ਹੈ। ਇੱਥੋਂ ਤਿਆਰ ਹੋਏ ਬੱਚੇ ਗੁਰਮਤਿ ਮੁਕਾਬਲਿਆਂ ਵਿੱਚ ਅਤੇ ਧਾਰਮਿਕ ਪ੍ਰੀਖਿਆ ਵਿੱਚ ਭਾਗ ਲੈਂਦੇ ਹਨ। ਹਰ ਗੁਰ ਪੁਰਬ ਤੇ ਹੋਰ ਸਮਾਗਮ ਵਿੱਚ ਬੱਚਿਆਂ ਨੂੰ ਸਟੇਜ ’ਤੇ ਬੋਲਣ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੇ ਧਾਰਮਿਕ ਪ੍ਰਸ਼ਨੋਤਰੀ (ਕੁਇਜ਼) ਮੁਕਾਬਲੇ ਵੀ ਕਰਵਾਏ ਜਾਂਦੇ ਹਨ।
ਪ੍ਰਚਾਰਕ ਤਿਆਰ ਕਰਨ ਦੇ ਮਨੋਰਥ ਨਾਲ ਹਫ਼ਤੇ ਵਿੱਚ ਦੋ ਦਿਨ ਵੀਰਾਂ ਤੇ ਭੈਣਾਂ ਦੀ ਦੋ ਘੰਟੇ ਲਈ ਗੁਰਮਤਿ ਕਲਾਸ ਲਗਾਈ ਜਾਂਦੀ ਹੈ। ਇੱਥੋਂ ਤਿਆਰ ਹੋਈ ਮਿਸ਼ਨਰੀ ਭੈਣ ਤੇ ਵੀਰ ਵੱਖ-ਵੱਖ ਗੁਰਮਤਿ ਸਮਾਗਮਾਂ ਵਿੱਚ ਪ੍ਰਚਾਰ ਦੀ ਸੇਵਾ ਨਿਭਾਉਂਦੇ ਹਨ। ਸੰਗਤ ਨੂੰ ਸਮੁੱਚੇ ਤੌਰ ’ਤੇ ਗੁਰਮਤਿ ਨਾਲ ਜੋੜਨ ਲਈ ਤੇ ਸੁਚੇਤ ਰੱਖਣ ਲਈ ਲੈਕਚਰ ਜਾਂ ਕਥਾ ਤੋਂ ਬਾਅਦ ਪ੍ਰਸ਼ਨ ਵੀ ਪੁੱਛੇ ਜਾਂਦੇ ਹਨ। ਇੱਕ ਵਿਸ਼ੇਸ਼ ਸਮਾਗਮ ਹਰ ਸਾਲ ਬੀਬੀਆਂ ਲਈ ਕੀਤਾ ਜਾਂਦਾ ਹੈ। ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਇਹ ਸਮਾਗਮ ‘ਸਿੱਖ ਧਰਮ ਦੀਆਂ ਸੂਰਬੀਰ ਔਰਤਾਂ’ ਨੂੰ ਸਮਰਪਿਤ ਹੁੰਦਾ ਹੈ। ਇਸ ਸਮਾਗਮ ਵਿੱਚ ਕੀਰਤਨ, ਕਥਾ ਤੇ ਲੈਕਚਰ ਦਾ ਸਾਰਾ ਪ੍ਰਬੰਧ ਬੀਬੀਆਂ ਆਪ ਕਰਦੀਆਂ ਹਨ।
ਵਿੱਦਿਆ ਦੇ ਪਸਾਰ ਲਈ ਗੁਰਦੁਆਰਾ ਸਾਹਿਬ ਦੀ ਕੁੱਲ ਆਮਦਨ ਦਾ ਪੰਜ ਪ੍ਰਤੀਸ਼ਤ ਵਿੱਦਿਆ ’ਤੇ ਖ਼ਰਚ ਕੀਤਾ ਜਾਂਦਾ ਹੈ। ਇਸ ਸਬੰਧੀ ਅਕਾਲ ਤਖ਼ਤ ਸਾਹਿਬ ਦੇ ਪੱਤਰ ਨੰਬਰ ਅ-3/10/3157 ਮਿਤੀ 14.05.2010 ਦੀਆਂ ਹਦਾਇਤਾਂ ਅਨੁਸਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤਾ ਨੰਬਰ 4 ਮਿਤੀ 30 ਮਈ 2010 ਅਨੁਸਾਰ ਬੈਂਕ ਵਿੱਚ ਗਰੀਬ ਸਿੱਖ ਵਿਦਿਆਰਥੀ ਫੰਡ ਇੱਕ ਵੱਖਰਾ ਅਕਾਊਂਟ ਖੁਲ੍ਹਵਾਇਆ ਗਿਆ ਹੈ। ਇਸ ਫੰਡ ਵਿੱਚ ਗੁਰਦੁਆਰਾ ਸਾਹਿਬ ਦੇ ਇਲਾਕੇ ਨਾਲ ਸੰਬੰਧਿਤ ਆਰਥਕ ਪੱਖੋਂ ਕਮਜੋਰ ਤੇ ਪੜ੍ਹਾਈ ਵਿੱਚੋਂ ਚੰਗੇ ਅੰਕ ਲੈਣ ਵਾਲਿਆਂ ਦੀ ਆਰਥਕ ਸਹਾਇਤਾ ਕੀਤੀ ਜਾਂਦੀ ਹੈ। ਜਿਹੜੇ ਵਿਦਿਆਰਥੀ ਬੋਰਡ/ਯੂਨੀਵਰਸਿਟੀ ਦੀ ਕਲਾਸ ਵਿੱਚੋਂ 80% ਤੋਂ ਵੱਧ ਅੰਕ ਪ੍ਰਾਪਤ ਕਰਦੇ ਹਨ ਜਾਂ ਵਿੱਦਿਅਕ ਤੇ ਹੋਰ ਖੇਤਰ ਵਿੱਚ ਚੰਗਾ ਨਾਮ ਖੱਟਦੇ ਹਨ ਉਹਨਾਂ ਦਾ ਸਨਮਾਨ ਵੀ ਇਸ ਵਿੱਦਿਅਕ ਫੰਡ ਵਿੱਚੋਂ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵੱਲੋਂ ਸਿਕਲੀਗਰ, ਵਣਜਾਰੇ, ਸਤਨਾਮੀਏ ਜੋ ਗਰੀਬੀ ਰੇਖਾ ਤੋਂ ਥੱਲੇ ਦਾ ਜੀਵਨ ਬਸਰ ਕਰ ਰਹੇ ਹਨ ਉਹਨਾਂ ਦੀ ਆਰਥਕ ਸਹਾਇਤਾ ਵੀ ਕੀਤੀ ਜਾਂਦੀ ਹੈ। ਭਾਈ ਬਾਜ ਸਿੰਘ ਪਬਲਿਕ ਸਕੂਲ ਤਾਜਪੁਰ ਰੋਡ ਲੁਧਿਆਣਾ ਵਿਖੇ ਪੜ੍ਹ ਰਹੇ ਅਜਿਹੇ ਵਿਦਿਆਰਥੀਆਂ ਦੀ ਸਹਾਇਤਾ ਲਈ ਸਕੂਲ ਨੂੰ ਆਰਥਕ ਮੱਦਦ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸੰਗਤਾਂ ਵੱਲੋਂ ਕੱਪੜੇ ਤੇ ਹੋਰ ਵਰਤੋਂ ਯੋਗ ਸਮਾਨ ਇਕੱਠਾ ਕਰਕੇ ਇਹਨਾਂ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ।
ਇਲਾਕੇ ਦੀ ਸੰਗਤ ਦੀ ਸਹੂਲਤ ਲਈ ਬਿਸਤਰੇ ਤੇ ਬਰਤਨਾਂ ਦਾ ਗੁਰਦੁਆਰਾ ਸਾਹਿਬ ਵਿੱਚ ਪ੍ਰਬੰਧ ਹੈ। ਸੰਗਤਾਂ ਘਰੇਲੂ ਸਮਾਗਮਾਂ ਸਮੇਂ ਇਸ ਦੀ ਵਰਤੋਂ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਡਿਸਪੈਂਸਰੀ ਤੇ ਲਾਇਬ੍ਰੇਰੀ ਦਾ ਪ੍ਰਬੰਧ ਵੀ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਜਾ ਰਿਹਾ ਹੈ।
ਗੁਰ ਪੁਰਬਾਂ ਦੇ ਮੌਕੇ ਬੇਲੋੜੇ ਲੰਬੇ ਸਮਾਗਮਾਂ ਤੋਂ ਪ੍ਰਹੇਜ਼ ਕੀਤਾ ਜਾਂਦਾ ਹੈ। ਕੇਵਲ ਸਾਰਥਕ ਪ੍ਰੋਗਰਾਮ ਹੀ ਉਲੀਕੇ ਜਾਂਦੇ ਹਨ। ਇਸ਼ਤਿਹਾਰਾਂ ਜਾਂ ਬੈਨਰਾਂ ਆਦਿ ਤੇ ਫ਼ਜ਼ੂਲ ਖ਼ਰਚ ਨਹੀਂ ਕੀਤਾ ਜਾਂਦਾ। ਗੁਰਦੁਆਰਾ ਸਾਹਿਬ ਵਿੱਚ ਲੱਗ ਰਹੀਆਂ ਕਲਾਸਾਂ ਵਿੱਚ ਤਿਆਰ ਹੋਏ ਬੱਚੇ ਤੇ ਪ੍ਰਚਾਰਕ ਹੀ ਕੀਰਤਨ, ਕਥਾ, ਲੈਕਚਰ ਦੀ ਸੇਵਾ ਨਿਭਾਉਂਦੇ ਹਨ। ਮਿਸ਼ਨਰੀ ਕਾਲਜਾਂ ਵਿੱਚੋਂ ਨਿਸ਼ਕਾਮ ਪ੍ਰਚਾਰਕਾਂ ਦੀ ਸੇਵਾ ਹੀ ਗੁਰ ਪੁਰਬਾਂ ’ਤੇ ਲਈ ਜਾਂਦੀ ਹੈ। ਕੁਇਜ਼ ਮੁਕਾਬਲਾ ਹਰ ਗੁਰ ਪੁਰਬ ’ਤੇ ਹੁੰਦਾ ਹੈ। ਸਮਾਜ ਵਿੱਚ ਚੰਗਾ ਨਾਮ ਕਮਾਉਣ ਵਾਲੇ ਜਾਂ ਸਿੱਖੀ ਦੇ ਪ੍ਰਚਾਰ ਤੇ ਪਸਾਰ ਵਿੱਚ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।
ਗੁਰਦੁਆਰਾ ਸਾਹਿਬ ਵਿੱਚ ਕਿਸੇ ਵੀ ਗੁਰ ਪੁਰਬ ਦੇ ਮੌਕੇ ’ਤੇ ਅਖੰਡ ਪਾਠ ਨਹੀਂ ਰੱਖਿਆ ਜਾਂਦਾ ਸਗੋਂ ਸਾਰੀ ਸੰਗਤ ਮਿਲ ਕੇ ਸਹਿਜ ਪਾਠ ਕਰਦੀ ਹੈ। ਗੁਰ ਪੁਰਬ ਵਾਲੇ ਦਿਨ ਸਹਿਜ ਪਾਠ ਦਾ ਭੋਗ ਪਾਇਆ ਜਾਂਦਾ ਹੈ। ਇਸ ਸੰਬੰਧੀ ਗੁਰਦੁਆਰਾ ਕਮੇਟੀ ਨੇ ਮਤਾ ਨੰਬਰ 6 ਰਾਹੀਂ ਸਰਬਸੰਮਤੀ ਨਾਲ ਮਿਤੀ 28.03.2013 ਦੀ ਮੀਟਿੰਗ ਵਿੱਚ ਪਾਸ ਕੀਤਾ ਹੋਇਆ ਹੈ। ਸਹਿਜ ਪਾਠ ਕਰਨ ਵਾਲੇ ਸਾਰੇ ਵੀਰਾਂ ਭੈਣਾਂ ਦਾ ਸਨਮਾਨ ਕੀਤਾ ਜਾਂਦਾ ਹੈ।
ਗੁਰ ਪੁਰਬ ਦੇ ਮੌਕੇ ਪ੍ਰਭਾਤ ਫੇਰੀ ਨਹੀਂ ਕੱਢੀ ਜਾਂਦੀ ਸਗੋਂ ਇੱਕ ਮਹੀਨਾ ਪਹਿਲਾਂ ਵੱਖ-ਵੱਖ ਘਰਾਂ ਵਿੱਚ ਅੰਮ੍ਰਿਤ ਵੇਲੇ ਗੁਰਮਤਿ ਸਮਾਗਮ ਕੀਤੇ ਜਾਂਦੇ ਹਨ। ਵਾਤਾਵਰਣ ਨੂੰ ਸਾਫ਼ ਰੱਖਣ ਲਈ ਦੀਵਾਲੀ ਜਾਂ ਗੁਰ ਪੁਰਬ ਦੇ ਮੌਕੇ ਕੋਈ ਆਤਸ਼ਬਾਜੀ ਨਹੀਂ ਚਲਾਈ ਜਾਂਦੀ ਸਗੋਂ ਸੰਗਤ ਨੂੰ ਇਹ ਕਹਿ ਕੇ ਪ੍ਰੇਰਿਆ ਜਾਂਦਾ ਹੈ ਕਿ ਵਾਤਾਵਰਣ ਨੂੰ ਸਾਫ਼ ਰੱਖਣਾ ਵੀ ਧਰਮ ਦਾ ਅੰਗ ਹੈ। ਸੰਗਤ ਨੂੰ ਰੁਮਾਲਾ ਸਾਹਿਬ ਚੜ੍ਹਾਉਣ ਤੋਂ ਸੰਕੋਚ ਕਰਨ ਲਈ ਕਿਹਾ ਜਾਂਦਾ ਹੈ ਕਿਉਂਕਿ ਰੁਮਾਲਿਆਂ ਦੀ ਗਿਣਤੀ ਪਹਿਲਾਂ ਹੀ ਕਾਫ਼ੀ ਹੈ। ਨਿਸ਼ਾਨ ਸਾਹਿਬ ਦੇ ਬਾਰੇ ਸੰਗਤ ਸੁਚੇਤ ਹੈ ਕਿ ਨਿਸ਼ਾਨ ਸਾਹਿਬ, ਗੁਰਦੁਆਰਾ ਸਾਹਿਬ ਦੀ ਹੋਂਦ ਦੀ ਨਿਸ਼ਾਨੀ ਹੈ, ਮੱਥਾ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ ਹੈ। ਸੰਗਤ ਵੀ ਏਨੀ ਸੁਚੇਤ ਹੈ ਕਿ ਜੇਕਰ ਕੋਈ ਪ੍ਰਚਾਰਕ ਗੁਰਮਤਿ ਵਿਰੋਧੀ ਕੋਈ ਗੱਲ ਸਟੇਜ ’ਤੇ ਬੋਲ ਜਾਵੇ ਤਾਂ ਉਸ ਕੋਲੋਂ ਸਪਸ਼ਟੀਕਰਨ ਮੰਗ ਲੈਂਦੀ ਹੈ। ਜੋ ਵੀ ਸੁਸਾਇਟੀਆਂ ਜਾਂ ਮਿਸ਼ਨਰੀ ਕਾਲਜ ਗੁਰਮਤਿ ਦਾ ਠੀਕ ਪ੍ਰਚਾਰ ਕਰਦੇ ਹਨ ਉਹਨਾਂ ਨੂੰ ਗੁਰਮਤਿ ਸਮਾਗਮ ਕਰਨ ਲਈ ਗੁਰਦੁਆਰਾ ਸਾਹਿਬ ਵਿੱਚ ਸੱਦਾ ਦਿੱਤਾ ਜਾਂਦਾ ਹੈ।
ਇਸ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਪੰਜ ਪਿਆਰਿਆਂ ਨੇ ਆਪਣੇ ਕਰ ਕਮਲਾਂ ਨਾਲ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਉਤਸਵ ਮੌਕੇ 1969 ਵਿੱਚ ਰੱਖਿਆ ਸੀ। 20 ਨਵੰਬਰ 1979 ਨੂੰ ਗੁਰਦੁਆਰਾ ਸਾਹਿਬ ਨੂੰ ਰਜਿਸਟਰਡ ਕਰਵਾਇਆ ਗਿਆ ਅਤੇ ਉਸੇ ਦਿਨ ਤੋਂ ਗੁਰਦੁਆਰਾ ਸਾਹਿਬ ਦਾ ਵਿਧਾਨ ਹੋਂਦ ਵਿੱਚ ਆਇਆ। ਇਸ ਵਿਧਾਨ ਦੇ ਮੁਤਾਬਕ ਪ੍ਰਧਾਨ ਦੀ ਚੋਣ ਦੋ ਸਾਲ ਵਾਸਤੇ ਹੁੰਦੀ ਹੈ। ਕੋਈ ਪ੍ਰਧਾਨ ਲਗਾਤਾਰ ਦੋ ਟਰਮਾਂ ਤੋਂ ਵੱਧ ਨਹੀਂ (ਭਾਵ ਚਾਰ ਸਾਲ) ਰਹਿ ਸਕਦਾ। ਵਿਧਾਨ ਤਿਆਰ ਹੋਣ ਤੋਂ ਬਾਅਦ ਪ੍ਰਧਾਨ ਦੀ ਚੋਣ ਸਰਬ ਸੰਮਤੀ ਨਾਲ ਹੀ ਹੁੰਦੀ ਆ ਰਹੀ ਹੈ। ਗੁਰਦੁਆਰੇ ਦੇ ਸਾਰੇ ਫ਼ੈਸਲੇ ਆਮ ਕਰਕੇ ਸਰਬਸੰਮਤੀ ਨਾਲ ਹੁੰਦੇ ਹਨ। ਕਮੇਟੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਧੜੇਬੰਦੀ ਨਹੀਂ। ਸਾਰੇ ਮੈਂਬਰ ਆਪਸ ਵਿੱਚ ਪਿਆਰ ਨਾਲ ਰਹਿੰਦੇ ਹਨ ਤੇ ਦੁੱਖ ਸੁੱਖ ਵਿੱਚ ਸਹਾਈ ਹੁੰਦੇ ਹਨ। ਗੁਰਦੁਆਰਾ ਕਮੇਟੀ ਵਿੱਚ ਬੀਬੀਆਂ ਨੂੰ ਯੋਗ ਤੇ ਸਤਿਕਾਰਤ ਥਾਂ ਦਿੱਤੀ ਜਾਂਦੀ ਹੈ ਅਤੇ ਕਮੇਟੀ ਵਿੱਚ ਬੀਬੀਆਂ ਵੀ ਅਹੁਦੇਦਾਰ ਹਨ। ਵਿਧਾਨ ਅਨੁਸਾਰ ਗੁਰਦੁਆਰੇ ਦੇ ਖੇਤਰ ਨਾਲ ਸੰਬੰਧਿਤ 18 ਸਾਲ ਤੋਂ ਉਪਰ-ਉਪਰ ਵਾਲੇ ਵਿਅਕਤੀਆਂ ਨੂੰ ਮੈਂਬਰ ਬਣਾਇਆ ਜਾਂਦਾ ਹੈ। ਇਹਨਾਂ ਕੋਲੋਂ 100 ਰੁਪਏ ਜੀਵਨ ਮੈਂਬਰਸ਼ਿਪ ਲਈ ਜਾਂਦੀ ਹੈ। ਇਹ ਸਾਰੇ ਮੈਂਬਰ ਲੋੜ ਪੈਣ ’ਤੇ ਵੋਟ ਪਾਉਣ ਦੇ ਅਧਿਕਾਰੀ ਹੁੰਦੇ ਹਨ।
ਇਹਨਾਂ ਮੈਂਬਰਾਂ ਦੀਆਂ ਲਿਸਟਾਂ ਛਪਵਾ ਕੇ ਗੁਰਦੁਆਰਾ ਸਾਹਿਬ ਵਿਖੇ ਲਾਈਆਂ ਜਾਂਦੀਆਂ ਹਨ। ਗੁਰਦੁਆਰਾ ਸਾਹਿਬ ਦੇ ਵਿਧਾਨ ਵਿੱਚ ਗ੍ਰੰਥੀ, ਸੇਵਾਦਾਰ ਤੇ ਰਾਗੀ ਜੱਥੇ ਲਈ ਨਿਯਮ ਬਣਾਏ ਗਏ ਹਨ। ਇਸ ਤੋਂ ਇਲਾਵਾ ਪ੍ਰਧਾਨ, ਮੀਤ ਪ੍ਰਧਾਨ, ਜਨਰਲ ਸਕੱਤਰ, ਸਕੱਤਰ, ਕੈਸ਼ੀਅਰ, ਉਪ ਕੈਸ਼ੀਅਰ ਤੇ ਸਟੋਰ ਇੰਚਾਰਜ ਦੀਆਂ ਡਿਊਟੀਆਂ ਦਾ ਵਰਣਨ ਵੀ ਵਿਧਾਨ ਵਿੱਚ ਕੀਤਾ ਗਿਆ ਹੈ। ਵਿਧਾਨ ਵਿੱਚ ਲੋੜ ਪੈਣ ’ਤੇ ਤਬਦੀਲੀ ਕਰਨੀ ਹੋਵੇ ਤਾਂ 2/3 ਦੇ ਬਹੁ ਮੱਤ ਨਾਲ ਕੀਤੀ ਜਾਂਦੀ ਹੈ। ਹਰ ਮਹੀਨੇ ਸੀ.ਏ. ਕੋਲੋਂ ਗੁਰਦੁਆਰਾ ਸਾਹਿਬ ਦੇ ਅਕਾਊਂਟ ਦਾ ਆਡਿਟ ਕਰਵਾਇਆ ਜਾਂਦਾ ਹੈ ਅਤੇ ਸਾਲ ਬਾਅਦ ਆਮਦਨ ਖ਼ਰਚ ਦਾ ਲੇਖਾ ਜੋਖਾ ਸੰਗਤ ਵਿੱਚ ਪੜ੍ਹ ਕੇ ਸੁਣਾਇਆ ਜਾਂਦਾ ਹੈ। ਸੰਗਤ ਵੱਲੋਂ ਆਏ ਹੋਏ ਸਾਰਥਕ ਸੁਝਾਵਾਂ ਨੂੰ ਅਮਲ ਵਿੱਚ ਲਿਆਉਣ ਦਾ ਉਪਰਾਲਾ ਕੀਤਾ ਜਾਂਦਾ ਹੈ।