ਫ਼ੁਰਤੀਲਾ ਤੇ ਜੋਸ਼ੀਲਾ ਸਿੱਖ:- ਭਾਈ ਬਚਿੱਤਰ ਸਿੰਘ

0
5

ਫ਼ੁਰਤੀਲਾ ਤੇ ਜੋਸ਼ੀਲਾ ਸਿੱਖ:- ਭਾਈ ਬਚਿੱਤਰ ਸਿੰਘ

-ਰਮੇਸ਼ ਬੱਗਾ ਚੋਹਲਾ #1348/17/1 ਗਲੀ ਨੰ:8 ਰਿਸ਼ੀ ਨਗਰ ਐਕਸਟੈਨਸ਼ਨ(ਲੁਧਿਆਣਾ) ਮੋ:9463132719

ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਖ਼ਾਲਸਾ ਪੰਥ ਦੀ ਸਾਜਣਾ ਕਰਨ ਦੇ ਨਾਲ ਹੀ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਲਈ ਵਿਸ਼ੇਸ਼ ਰਹਿਤ-ਮਰਯਾਦਾ (ਸੰਜਮੀ, ਨਿਯਮਤ, ਦਲੇਰ ਅਤੇ ਪਰਉਪਕਾਰੀ ਜੀਵਨ ਵਾਲੀ) ਵੀ ਨਿਰਧਾਰਿਤ ਕਰ ਦਿੱਤੀ। ਇਸ ਮਰਯਾਦਾ ਵਿਚ ਜਿੱਥੇ ਨਾਮ ਸਿਮਰਨ, ਸੇਵਾ ਅਤੇ ਪਰਉਪਕਾਰ ਨੂੰ ਖ਼ਾਲਸੇ ਦੇ ਜੀਵਨ ਦਾ ਆਧਾਰ ਬਣਾਇਆ ਗਿਆ, ਉੱਥੇ ਨਾਲ ਹੀ ‘‘ਜੇ ਜੀਵੈ ਪਤਿ ਲਥੀ ਜਾਇ ਸਭੁ ਹਰਾਮੁ ਜੇਤਾ ਕਿਛੁ ਖਾਇ ’’ (ਮਹਲਾ /੧੪੨) ਵਾਕ ਵਜੋਂ ਅਣਖੀਲਾ ਪਾਠ ਵੀ ਪੜ੍ਹਾਇਆ ਗਿਆ। ਇਸ ਪਾਠ ਨੂੰ ਪੜ੍ਹਨ ਵਾਲੇ ਸੂਰਬੀਰ ਸਿੱਖਾਂ ਨੇ ‘‘ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ’’ (ਮਹਲਾ /੧੧੦੨) ਦੀ ਧਾਰਨਾ ਦੇ ਅਨੁਸਾਰੀ ਹੋ ਕੇ ਹਮੇਸ਼ਾਂ ਹੀ ਮੌਤ ਨੂੰ ਮਖੌਲ ਕੀਤੇ ਹਨ। ਜੁਝਾਰੂ ਬਿਰਤੀ ਦੇ ਧਨੀ ਸੂਰਮਿਆਂ ਨੇ ‘ਸਿਰ ਤਲੀ ’ਤੇ ਧਰ ਕੇ’ ਕਈ ਅਜਿਹੇ ਕੌਤਕ ਰਚੇ, ਜਿਨ੍ਹਾਂ ’ਤੇ ਸਿੱਖ ਇਤਿਹਾਸ ਨੂੰ ਸਦਾ ਮਾਣ ਰਹੇਗਾ। ਇਸ ਤਰ੍ਹਾਂ ਦੇ ਕਾਰਨਾਮਿਆਂ ਵਿਚ ਹੀ ਸ਼ਾਮਲ ਹੈ ‘ਭਾਈ ਬਚਿੱਤਰ ਸਿੰਘ ਦਾ ਨਸ਼ੇੜੀ ਹਾਥੀ ਨਾਲ ਮੁਕਾਬਲੇ ਦਾ ਦਲੇਰਾਨਾ ਕਾਰਨਾਮਾ’।

ਦਸਮੇਸ਼ ਪਿਤਾ ਦੇ ਸੂਰਮੇ ਸਿੱਖ ਭਾਈ ਬਚਿੱਤਰ ਸਿੰਘ ਦਾ ਜਨਮ 6 ਮਈ 1664 ਈ. ਨੂੰ ਭਾਈ ਮਨੀ ਸਿੰਘ ਅਤੇ ਮਾਤਾ ਸੀਤੋ (ਬਸੰਤ ਕੌਰ) ਦੇ ਗ੍ਰਹਿ ਪਿੰਡ ਅਲੀਪੁਰ (ਮੁਲਤਾਨ) ਵਿਖੇ ਹੋਇਆ। ਬਚਪਨ ਵਿੱਚ ਬਚਿੱਤਰ ਰਾਏ ਦੇ ਨਾਮ ਨਾਲ ਬੁਲਾਏ ਜਾਂਦੇ ਭਾਈ ਸਾਹਿਬ ਆਪਣੇ ਦਸ ਭਰਾਵਾਂ ਵਿਚੋਂ ਦੂਸਰੇ ਸਥਾਨ ’ਤੇ ਸਨ। ਸੰਮਤ 1756 (ਵਿਸਾਖੀ ਵਾਲੇ ਦਿਨ) ਵਿਚ ਪਰਵਾਰ ਦੇ ਬਾਕੀ ਜੀਆਂ ਨਾਲ ਅੰਮ੍ਰਿਤਪਾਨ ਕਰਨ ਤੋਂ ਬਾਅਦ ‘ਸਿੰਘ’ ਸ਼ਬਦ ਉਨ੍ਹਾਂ ਦੇ ਨਾਮ ਨਾਲ ਪੱਕੇ ਤੌਰ ’ਤੇ ਜੁੜ ਗਿਆ ਅਤੇ ਉਹ ਬਚਿੱਤਰ ਸਿੰਘ (ਸ਼ੇਰ) ਦੇ ਨਾਂਅ ਨਾਲ ਬੁਲਾਏ ਜਾਣ ਲੱਗੇ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਭਾਈ ਸਾਹਿਬ ਮਨੋਂ-ਤਨੋਂ ਗੁਰੂ-ਘਰ ਦੀ ਸੇਵਾ ਨੂੰ ਸਮਰਪਿਤ ਹੋ ਗਏ।

ਖ਼ਾਲਸੇ ਦੀ ਚੜ੍ਹਦੀਕਲਾ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਧਦੇ ਸਤਿਕਾਰ ਨੂੰ ਦੇਖ ਕੇ ਪਹਾੜੀ ਰਾਜਿਆਂ ਦੇ ਅੰਦਰ ਈਰਖਾ ਦੀ ਭਾਵਨਾ ਬਲਵਾਨ ਹੋਣ ਲੱਗੀ। ਜਿਸ ਤਹਿਤ ਜਿੱਥੇ ਉਹ ਗੁਰੂ ਸਾਹਿਬ ਨਾਲ ਈਰਖਾ ਕਰਨ ਲੱਗੇ, ਉੱਥੇ ਨਾਲ ਹੀ ਗੁਰੂ-ਘਰ ਨੂੰ ਢਾਹ ਲਾਉਣ ਦੀਆਂ ਸਦਾ ਸਾਜਸ਼ਾਂ ਵੀ ਰਚਨ ਲੱਗੇ। ਪਹਾੜੀ ਰਾਜਿਆਂ ਅਤੇ ਗੁਰੂ-ਘਰ ਦੇ ਹੋਰ ਦੋਖੀਆਂ ਦੀ ਨੀਅਤ ਵਿਚਲੀ ਖੋਟ ਨੂੰ ਭਾਂਪਦਿਆਂ ਕਲਗੀਧਰ ਪਾਤਿਸ਼ਾਹ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਲੋਹਗੜ੍ਹ ਨਾਮਕ ਕਿਲ੍ਹੇ ਦੀ ਉਸਾਰੀ ਕਰਵਾਉਣੀ ਪਈ।

ਆਪਣੇ ਦਾਦਾ-ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਾਂਗ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਦਾ ਸ਼ੌਂਕ ਵੀ ਰੱਖਦੇ ਸਨ। ਇਹ ਸ਼ੌਂਕ ਕਰਕੇ ਸੰਮਤ 1757 ਨੂੰ ਜਦੋਂ ਗੁਰੂ ਸਾਹਿਬ ਕਟੋਚਾਂ ਦੀ ਹੱਦ ਉੱਪਰ ਸ਼ਿਕਾਰ ਖੇਡਣ ਲਈ ਗਏ ਤਾਂ ਪਹਾੜੀ ਰਾਜੇ ਆਲਮ ਚੰਦ ਅਤੇ ਬਲੀਆ ਚੰਦ ਨੇ ਉਨ੍ਹਾਂ ਉੱਪਰ ਅਚਾਨਕ ਹਮਲਾ ਕਰ ਦਿੱਤਾ। ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਿੱਖਾਂ ਨੇ ਇਸ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਸਿੱਟੇ ਵਜੋਂ ਰਾਜਾ ਬਲੀਆ ਚੰਦ ਤਾਂ ਸਰੀਰ ਛੱਡ ਗਿਆ ਅਤੇ ਆਲਮ ਚੰਦ ਦੀ ਇੱਕ ਬਾਂਹ ਵੱਢੀ ਗਈ। ਇਸ ਲੜਾਈ ਵਿਚ ਗੁਰੂ ਕਿਆਂ ਵੱਲੋਂ ਪਈ ਮਾਰ ਅਤੇ ਆਪਣੀ ਹਾਰ ਕਾਰਨ ਪਹਾੜੀ ਰਾਜੇ ਬਹੁਤ ਸ਼ਰਮਸਾਰ ਹੋਏ ਅਤੇ ਬਦਲੇ ਦੀ ਅੱਗ ਵਿਚ ਸੜਨ ਲੱਗੇ।

ਕੁੱਝ ਇਤਿਹਾਸਕਾਰਾਂ ਦੀ ਰਾਇ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦਾ ਯੁੱਧ ਲੜ੍ਹ ਰਹੇ ਸਨ ਤਾਂ ਭਾਈ ਬਚਿੱਤਰ ਸਿੰਘ ਨੇ ਆਪਣੇ ਪਿਤਾ ਭਾਈ ਮਨੀ ਸਿੰਘ ਸਮੇਤ ਗੁਰੂ ਕੀਆਂ ਫ਼ੌਜਾਂ ਦਾ ਡੱਟਵਾਂ ਸਾਥ ਦਿੱਤਾ। ਇਸ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਪਹਿਲੀ ਤੇ ਦੂਜੀ ਲੜਾਈ, ਨਿਰਮੋਹ ਅਤੇ ਬਸੌਲੀ ਦੀ ਜੰਗ ਸਮੇਂ ਵੀ ਭਾਈ ਬਚਿੱਤਰ ਸਿੰਘ ਮੈਦਾਨੇ ਜੰਗ ਵਿਚ ਜੂਝਦਾ ਰਿਹਾ ਹੈ।

ਜਦੋਂ ਵੀ ਪਹਾੜੀ ਰਾਜੇ ਗੁਰੂ-ਘਰ (ਸ੍ਰੀ ਆਨੰਦਪੁਰ ਸਾਹਿਬ) ਨਾਲ ਮੱਥਾ ਲਾਉਂਦੇ ਸਨ ਤਾਂ ਉਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਸੀ। ਵਾਰ- ਵਾਰ ਦੀ ਹਾਰ ਅਤੇ ਸ਼ਰਮਿੰਦਗੀ ਤੋਂ ਬਚਣ ਲਈ ਅਖੀਰ ਉਨ੍ਹਾਂ ਨੂੰ ਮੁਗਲ-ਦਰਬਾਰ ਦੀ ਓਟ ਲੈਣੀ ਪਈ। ਇੱਥੇ ਹੀ ਬੱਸ ਨਹੀਂ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਆਲੇ-ਦੁਆਲੇ ਦੇ ਗੁਜਰਾਂ ਅਤੇ ਰੰਘੜਾਂ ਦਾ ਸਹਿਯੋਗ ਵੀ ਲੈਣਾ ਪਿਆ।

ਮੁਗਲ ਫੌਜ ਨਾਲ ਗੰਢ-ਤੁੱਪ ਕਰਕੇ ਪਹਾੜੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਉੱਪਰ ਤੀਸਰਾ ਹੱਲਾ ਬੋਲ ਦਿੱਤਾ। ਇਸ ਹੱਲੇ ਵਿਚ ਗੁਰੂ-ਨਗਰੀ ਤਾਂ ਉਨ੍ਹਾਂ ਦੇ ਕਬਜ਼ੇ ਵਿਚ ਆ ਗਈ, ਪਰ ਖ਼ਾਲਸੇ ਦੇ ਖ਼ੌਫ ਕਾਰਨ ਉਹ ਕਿਲ੍ਹੇ ਤੱਕ ਨਾ ਪਹੁੰਚ ਸਕੇ। ਸਮਾਂ ਲੰਘਦਾ ਜਾ ਰਿਹਾ ਸੀ ਪਰ ਪਹਾੜੀਆਂ ਦੇ ਪੱਲੇ ਕੁੱਝ ਨਹੀਂ ਪੈ ਰਿਹਾ ਸੀ।

ਅਖੀਰ 1 ਸਤੰਬਰ 1700 ਈ. ਨੂੰ ਗੁਰੂ-ਘਰ ਦੇ ਵਿਰੋਧੀਆਂ ਨੇ ਇੱਕ ਮਤਾ ਪਕਾਇਆ, ਜਿਸ ਅਨੁਸਾਰ ਕਿਲ੍ਹੇ ਨੂੰ ਤੋੜ੍ਹਨ ਦਾ ਇਰਾਦਾ ਕੀਤਾ ਗਿਆ। ਇਸ ਨੀਚ ਇਰਾਦੇ ਨੂੰ ਅਮਲੀ ਰੂਪ ਦੇਣ ਲਈ ਇੱਕ ਹਾਥੀ ਮੱਸੂ (ਹਾਥੀ ਦਾ ਨਾਮ) ਨੂੰ ਰੱਜਵੀਂ ਸ਼ਰਾਬ ਪਿਲਾਈ ਗਈ। ਉਸ ਦੇ ਸਰੀਰ ਨੂੰ ਲੋਹੇ ਨਾਲ ਮੜ੍ਹ ਕੇ ਸੁੰਡ ਨਾਲ ਵੱਡੀਆਂ ਤੱਵੀਆਂ ਬੰਨ੍ਹੀਆਂ ਗਈਆਂ। ਦੁਸ਼ਮਣਾਂ ਦੇ ਇਸ ਇਰਾਦੇ ਦੀ ਖ਼ਬਰ ਸਿੱਖਾਂ ਨੇ ਗੁਰੂ ਸਾਹਿਬ ਤੱਕ ਵੀ ਪਹੁੰਚਾ ਦਿੱਤੀ। ਸਿੱਖਾਂ ਨੂੰ ਹੌਂਸਲਾ ਦਿੰਦਿਆਂ ਦਸਵੇਂ ਪਾਤਿਸ਼ਾਹ ਨੇ ਕਿਹਾ- ‘ਕੋਈ ਗੱਲ ਨਹੀਂ  ! ਉਨ੍ਹਾਂ ਦੇ ਹਾਥੀ ਦਾ ਮੁਕਾਬਲਾ ਕਰਨ ਲਈ ਇੱਕ ਹਾਥੀ ਸਾਡੇ ਕੋਲ ਵੀ ਹੈ।’ ਗੁਰੂ ਸਾਹਿਬ ਦਾ ਇਸ਼ਾਰਾ ਭਾਈ ਸਾਲ੍ਹੋ ਦੇ ਪੋਤੇ ਭਾਈ ਦੁਨੀ ਚੰਦ ਵੱਲ ਸੀ, ਜਿਹੜਾ ਭਾਰੀ-ਭਰਕਮ ਦੇਹੀ ਦਾ ਮਾਲਕ ਸੀ। ਗੁਰੂ ਸਾਹਿਬ ਨੇ ਉਸ ਨੂੰ 500 ਸਵਾਰਾਂ ਦਾ ਜਥੇਦਾਰ ਥਾਪ ਕੇ ਸਵੇਰੇ ਮੈਦਾਨ-ਏ-ਜੰਗ ਵਿਚ ਭੇਜਣ ਦਾ ਫ਼ੈਸਲਾ ਕਰ ਲਿਆ। ਜਦੋਂ ਦੁਨੀ ਚੰਦ ਨੂੰ ਇਸ ਦੀ ਭਿਨਕ ਪਈ ਤਾਂ ਉਹ ਰਾਤ ਨੂੰ ਆਪਣੇ ਕੁੱਝ ਡਰਪੋਕ ਸਾਥੀਆਂ ਨਾਲ ਕਿਲ੍ਹੇ ਦੀ ਕੰਧ ਟੱਪ ਗਿਆ ਅਤੇ ਲੰਗੜਵਾਹ (ਲੱਤ ਟੁੱਟ ਜਾਣ ਕਾਰਨ) ਭਗੌੜਾ ਹੋ ਗਿਆ। ਜਿਸ ਮੌਤ ਦੇ ਡਰੋਂ ਦੁਨੀ ਚੰਦ ਗੁਰੂ ਸਾਹਿਬ ਤੋਂ ਬੇਮੁੱਖ ਹੋਇਆ ਸੀ, ਉਸੇ ਨੇ ਉਸ ਦਾ ਪਿੱਛਾ ਨਾ ਛੱਡਿਆ ਅਤੇ ਉਹ ਉਸ ਦੇ ਘਰ (ਅੰਮ੍ਰਿਤਸਰ) ਤੱਕ ਵੀ ਪਹੁੰਚ ਗਈ। ਮੰਜੀ ’ਤੇ ਪਏ ਨੂੰ ਇੱਕ ਜ਼ਹਰੀਲੇ ਸੱਪ ਨੇ ਡੰਗ ਮਾਰਿਆ ਅਤੇ ਦੁਨੀ ਚੰਦ ਦੁਨੀਆਂ ਰੁਖ਼ਸਤ ਹੋ ਗਿਆ।

ਦੁਨੀ ਚੰਦ ਦੇ ਭਗੌੜੇਪਨ ਤੋਂ ਬਾਅਦ ਭਾਈ ਬਚਿੱਤਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁੱਖ ਹੋਇਆ ਅਤੇ ਨਸ਼ੇੜੀ ਹਾਥੀ ਨਾਲ ਦੋ ਹੱਥ ਕਰਨ ਦਾ ਹੁੰਗਾਰਾ ਭਰਨ ਲੱਗਾ। ਉਸ ਦੇ ਦਲੇਰੀ ਭਰੇ ਹੁੰਗਾਰੇ ਨੂੰ ਸੁਣ ਕੇ ਕਲਗੀਧਰ ਪਾਤਿਸ਼ਾਹ ਨੇ ਉਸ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ। ਜਿੱਥੇ ਗੁਰੂ ਸਾਹਿਬ ਨੇ ਭਾਈ ਬਚਿੱਤਰ ਸਿੰਘ ਨੂੰ ਹਾਥੀ ਨਾਲ ਲੜ੍ਹਣ ਲਈ ਆਪਣਾ ਅਸ਼ੀਰਵਾਦ/ਥਾਪੜਾ ਦਿੱਤਾ, ਉੱਥੇ ਨਾਲ ਹੀ ਇੱਕ ਨਾਗਣੀ (ਬਰਛਾ) ਵੀ ਬਖ਼ਸ਼ ਦਿੱਤੀ। ਪੰਜ ਜੈਕਾਰੇ ਛੱਡ ਕੇ ਗੁਰੂ ਸਾਹਿਬ ਨੇ ਕਿਲ੍ਹੇ ਦਾ ਦਰਵਾਜ਼ਾ ਖੋਲ਼੍ਹਣ ਦਾ ਹੁਕਮ ਦੇ ਦਿੱਤਾ। ਦਰਵਾਜ਼ਾ ਖੁੱਲ੍ਹਦਿਆਂ ਸਾਰ ਹੀ ਬਹਾਦਰ ਬਚਿੱਤਰ ਸਿੰਘ ਮਸਤ ਹਾਥੀ ਵੱਲ ਵਧਿਆ ਅਤੇ ਪੂਰੇ ਜੋਰ ਨਾਲ ਨਾਗਣੀ ਮਸਤ ਹਾਥੀ ਦੇ ਮੱਥੇ ਵਿਚ ਮਾਰੀ। ਨਾਗਣੀ ਦੇ ਵੱਜਣ ਨਾਲ ਹਾਥੀ ਜਖ਼ਮੀ ਹੋ ਗਿਆ ਅਤੇ ਚੰਗਿਆੜਾਂ ਮਾਰਦਾ ਹੋਇਆਂ ਪਿਛਾਂਹ ਨੂੰ ਭੱਜਣ ਲੱਗਾ। ਹਾਥੀ ਦੀ ਇਸ ਤਰਸਯੋਗ ਹਾਲਤ ਨੇ ਦੁਸਮਣਾਂ ਦੀ ਹਾਲਤ ਵੀ ਪਤਲੀ ਕਰ ਦਿੱਤੀ ਅਤੇ ਉਹ ਮੂੰਹ ਛੁਪਾ ਕੇ ਦੌੜ ਗਏੇ। ਚੁਸਤੀ, ਫੁਰਤੀ, ਜੁਝਾਰੂ ਬਿਰਤੀ ਅਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਮੈਦਾਨ ਭਾਈ ਬਚਿੱਤਰ ਸਿੰਘ ਦੇ ਹੱਥ ਰਿਹਾ। ਜਿਸ ਨਾਗਣੀ ਨਾਲ ਮੱਸੂ ਹਾਥੀ ਦਾ ਮੱਥਾ ਵਿਨ੍ਹਿਆਂ ਗਿਆ ਉਸ ਦੀ ਲੰਬਾਈ ਪੋਣੇ ਨੌਂ ਫੁੱਟ ਹੈ।

1705 ਈ. (ਕੁੱਝ ਇਤਿਹਾਸਕਾਰਾਂ ਮੁਤਾਬਕ 1704 ਈ.) ਨੂੰ ਸ਼ਾਹੀ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਸੱਤ ਮਹੀਨਿਆਂ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਉਹ ਧਿਰ ਕਿਲ੍ਹੇ ਵਿਚ ਪ੍ਰਵੇਸ਼ ਨਾ ਕਰ ਸਕੀ। ਅਣਸੁਖਾਵਂੇ ਹਾਲਾਤ ਹੋ ਜਾਣ ਦੇ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਪਿਆਰੇ ਸਿੱਖ ਚੜ੍ਹਦੀਕਲ੍ਹਾ ਵਿਚ ਸਨ। ਤੀਰਾਂ ਅਤੇ ਗੋਲਿਆਂ ਨਾਲ ਵੈਰੀਆਂ ਨੂੰ ਕਿਲ੍ਹੇ ਦੇ ਨੇੜੇ ਨਹੀਂ ਲੱਗਣ ਦੇ ਰਹੇ ਸਨ। ਅਖੀਰ ਹਾਕਮ ਧਿਰ ਅਤੇ ਪਹਾੜੀਆਂ ਨੇ ਵਲ-ਛਲ ਵਾਲੀ ਨੀਤੀ ਤੋਂ ਕੰਮ ਲਿਆ। ਜਿਸ ਤਹਿਤ ਝੂਠੀਆਂ ਕਸਮਾਂ ਖਾ ਕੇ ਕਿਲ੍ਹੇ ਨੂੰ ਖਾਲੀ ਕਰਨ ਲਈ ਕਿਹਾ ਗਿਆ। ਭਾਵੇਂ ਗੁਰੂ ਸਾਹਿਬ ਨੂੰ ਇਨ੍ਹਾਂ ਦੀਆਂ ਕਸਮਾਂ ’ਤੇ ਰਤੀ ਭਰ ਵੀ ਯਕੀਨ ਨਹੀਂ ਸੀ, ਪਰ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਹੋਇਆਂ 5 ਅਤੇ 6 ਦਿਸੰਬਰ ਦੀ ਰਾਤ ਨੂੰ ਕਿਲ੍ਹਾ ਖਾਲੀ ਕਰ ਦਿੱਤਾ ਗਿਆ।..  ਤੇ ਫਿਰ ਉਹ ਹੀ ਗੱਲ ਹੋਈ ਜਿਸ ਦਾ ਖ਼ਦਸ਼ਾ ਸੀ। ਖਾਧੀਆਂ ਹੋਈਆਂ ਕਸਮਾਂ ਅਤੇ ਕੀਤੇ ਹੋਏ ਵਾਅਦਿਆਂ ਤੋਂ ਮੁਨਕਰ ਹੋ ਕੇ ਮੁਗ਼ਲ ਫ਼ੌਜਾਂ ਗੁਰੂ ਕਿਆਂ ਦੀ ਪੈੜ ਨੱਪਣ ਲੱਗੀ। ਮਗਰ ਆਉਂਦੀ ਸ਼ਾਹੀ ਫੌਜ ਨੂੰ ਦੇਖ ਕੇ ਗੁਰੂ ਸਾਹਿਬ ਅਤੇ ਨਾਲ ਦੇ ਸਿੱਖ ਸੁਚੇਤ ਹੋ ਗਏ ਅਤੇ ਉਸ ਨਾਲ ਦੋ ਹੱਥ ਕਰਨ ਲਈ ਵਿਓਂਤਬੰਦੀ ਕਰਨ ਲੱਗੇ। ਇਸ ਵਿਓਂਤਬੰਦੀ ਤਹਿਤ ਕਲਗੀਧਰ ਪਾਤਿਸ਼ਾਹ ਨੇ ਖ਼ਾਲਸਾਈ ਫੌਜ ਨੂੰ ਚਾਰ ਦਿਸ਼ਾਵਾਂ ਵਿਚ ਵੰਡ ਦਿੱਤਾ। ਜਿਹੜੀ ਵਾਹਰ ਨੂੰ ਅੱਗੇ ਵੱਧਣ ਤੋਂ ਰੋਕਣ ਲੱਗੀ।

ਰੋਪੜ ਵਾਲੀ ਦਿਸ਼ਾ ਦੀ ਕਮਾਂਡ ਭਾਈ ਬਚਿੱਤਰ ਸਿੰਘ ਨੂੰ ਸੰਭਾਲ ਦਿੱਤੀ ਗਈ। ਮਲਕਪੁਰ ਰੰਘੜ ਦੀ ਜੂਹ ’ਤੇ ਉਨ੍ਹਾਂ ਦਾ ਮੁਕਾਬਲਾ ਮਲੇਰਕੋਟਲੇ ਵਾਲੇ ਨਾਹਰ ਖਾਂ ਦੀ ਫੌਜ਼ ਨਾਲ ਹੋ ਗਿਆ। ਇਸ ਮੁਕਾਬਲੇ ਵਿਚ ਉਹ ਸਖ਼ਤ ਜਖ਼ਮੀ ਹੋ ਗਏ।

ਇੱਧਰ ਗੁਰੂ ਸਾਹਿਬ ਅਤੇ ਕੁੱਝ ਸਿਦਕੀ ਸਿੱਖ ਸਰਸਾ ਨਦੀ ਨੂੰ ਪਾਰ ਕਰਕੇ ਕੋਟਲਾ ਨਿਹੰਗ ਖਾਨ ਵਿਖੇ ਪਹੁੰਚ ਗਏ ਅਤੇ ਭਾਈ ਬਚਿੱਤਰ ਸਿੰਘ ਦਾ ਇੰਤਜ਼ਾਰ ਕਰਨ ਲੱਗੇ। ਪਿੱਛੋਂ ਆਉਂਦੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਜਦੋਂ ਭਾਈ ਬਚਿੱਤਰ ਸਿੰਘ ਨੂੰ ਫੱਟੜ ਹੋਏ ਦੇਖਿਆ ਤਾਂ ਉਨ੍ਹਾਂ ਨੇ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਉਸ ਨੂੰ ਨਾਲ ਲੈ ਕੇ ਨਿਹੰਗ ਖਾਂ ਦੇ ਡੇਰੇ ਪਹੁੰਚ ਦਿੱਤਾ। ਜ਼ਖ਼ਮੀ ਹੋਏ ਭਾਈ ਬਚਿੱਤਰ ਸਿੰਘ ਦੀ ਨਿਗਰਾਨੀ ਅਤੇ ਤੀਮਾਰਦਾਰੀ ਦੀ ਜ਼ਿੰਮੇਵਾਰੀ ਨਿਹੰਗ ਖਾਂ ਨੂੰ ਸੌਂਪ ਕੇ ਗੁਰੂ ਸਾਹਿਬ ਅਤੇ ਖ਼ਾਲਸਾ ਫ਼ੌਜ ਅਗਲੇਰਾ ਪੰਧ ਮੁਕਾਉਣਾ ਲਈ ਰਵਾਨਾ ਹੋ ਗਈ।

ਗੁਰੂ-ਘਰ ਪ੍ਰਤੀ ਅਥਾਹ ਸ਼ਰਧਾ ਰੱਖਣ ਵਾਲੇ ਨਿਹੰਗ ਖਾਂ ਨੇ ਆਪਣੇ ਇੱਕ ਵਿਸ਼ਵਾਸ ਪਾਤਰ ਵੈਦ ਨੂੰ ਬੁਲਾਇਆ ਅਤੇ ਭਾਈ ਸਾਹਿਬ ਦੀ ਮੱਲ੍ਹਮ-ਪੱਟੀ ਕਰਵਾਈ। ਇਸ ਸੇਵਾ-ਭਾਵਨਾ ਦੀ ਮੁਖ਼ਬਰੀ ਕਿਸੇ ਨੇ ਇਲਾਕੇ ਦੇ ਕੋਤਵਾਲ ਕੋਲ ਜਾ ਕੀਤੀ ਅਤੇ ਉਹ ਨਿਹੰਗ ਖਾਂ ਦੇ ਡੇਰੇ ਦੀ ਤਲਾਸ਼ੀ ਲੈਣ ਆ ਗਿਆ। ਜਦੋਂ ਉਹ ਉਸ ਕਮਰੇ ਦੀ ਤਲਾਸ਼ੀ ਲੈਣ ਲੱਗਾ ਜਿਸ ਵਿਚ ਜਖ਼ਮੀ ਬਚਿੱਤਰ ਸਿੰਘ ਲੰਮਾ ਪਿਆ ਹੋਇਆ ਸੀ ਤਾਂ ਖਾਨ ਨੇ ਕਿਹਾ ਕਿ ਉਸ ਕਮਰੇ ਵਿਚ ਮੇਰੀ ਧੀ ਮੇਰੇ ਬਿਮਾਰ ਜਵਾਈ ਦੀ ਦੇਖਭਾਲ ਕਰ ਰਹੀ ਹੈ। ਇਹ ਸੁਣ ਕੇ ਕੋਤਵਾਲ ਵਾਪਸ ਪਰਤ ਆਇਆ। ਇਸ ਤਰ੍ਹਾਂ ਨਿਹੰਗ ਖਾਂ ਨੇ ਭਾਈ ਸਾਹਿਬ ਨੂੰ ਹਕੂਮਤੀ (ਜ਼ਾਲਮ) ਹੱਥਾਂ ਵਿਚ ਜਾਣ ਤੋਂ ਤਾਂ ਬਚਾ ਲਿਆ, ਪਰ ਉਹ ਅਕਾਲ ਪੁਰਖ ਦੇ ਹੁਕਮ ਨੂੰ ਨਾ ਟਾਲ ਸਕਿਆ। ਜਿਸ ਅਟੱਲ ਹੁਕਮ ਮੁਤਾਬਕ ਭਾਈ ਬਚਿੱਤਰ ਸਿੰਘ ਜੀ 8 ਦਿਸੰਬਰ 1705 ਈ. ਨੂੰ ਪੰਥ ਨੂੰ ਆਖਰੀ ਫ਼ਤਿਹ ਬੁਲਾ ਗਏ।

ਆਪਣੇ ਪਿਤਾ ਨਿਹੰਗ ਖਾਂ ਦੇ ਬੋਲਾਂ ’ਤੇ ਫੁੱਲ ਚੜ੍ਹਾਉਦਿਆਂ ਉਸ ਦੀ ਧੀ ਮੁਮਤਾਜ਼ ਨੇ ਵੀ ਭਾਈ ਸਾਹਿਬ ਨੂੰ ਆਪਣਾ ਪਤੀ ਪ੍ਰਵਾਨ ਕਰ ਲਿਆ ਅਤੇ ਸਾਰੀ ਹਯਾਤੀ ਉਸ ਦੀ ਯਾਦ ਵਿਚ ਹੀ ਬਤੀਤ ਕਰਦੀ ਰਹੀ।