ਸੰਗਤ, ਪ੍ਰਬੰਧਕ ਅਤੇ ਗ੍ਰੰਥੀ ਦੀ ਭੂਮਿਕਾ

0
1384

ਸੰਗਤ, ਪ੍ਰਬੰਧਕ ਅਤੇ ਗ੍ਰੰਥੀ ਦੀ ਭੂਮਿਕਾ

ਸੁਖਜੀਤ ਸਿੰਘ, ਗੁਰਮਤਿ ਪ੍ਰਚਾਰਕ/ਕਥਾਵਾਚਕ (ਕਪੂਰਥਲਾ)-98720-76876

ਅੱਜ ਅਸੀਂ ਜਦੋਂ ਸਿੱਖੀ ਦੀ ਨਿਘਰ ਰਹੀ ਹਾਲਤ ਬਾਰੇ ਕਿਤੇ ਵੀ ਆਪਸ ਵਿੱਚ ਚਰਚਾ ਕਰਦੇ ਹਾਂ ਤਾਂ ਸਾਡੀ ਵਿਚਾਰ ਚਰਚਾ ਅਜੋਕੇ ਗ੍ਰੰਥੀ/ਪਾਠੀ ਸਿੰਘਾ ਦੀ ‘‘ਰੋਟੀਆ ਕਾਰਣਿ ਪੂਰਹਿ ਤਾਲ ॥ (ਮਹਲਾ ੧/੪੬੫) ਵਾਲੀ ਗੱਲ ’ਤੇ ਆ ਕੇ ਖ਼ਤਮ ਹੋ ਜਾਂਦੀ ਹੈ। ਅਸੀਂ ਗ੍ਰੰਥੀ/ਪਾਠੀ ਸਿੰਘਾਂ ਨੂੰ ਦੋਸ਼ੀ ਠਹਿਰਾ ਕੇ ਆਪ ਸੁਰਖਰੂ ਹੋਣ ਦਾ ਯਤਨ ਕਰਦੇ ਹਾਂ ਜਦਕਿ ਇਹ, ਤਸਵੀਰ ਦਾ ਕੇਵਲ ਇਕ ਪਾਸਾ ਹੈ।

ਇਸ ਤਸਵੀਰ ਦੇ ਦੂਜੇ ਪਾਸੇ ਗੁਰਦੁਆਰਾ ਪ੍ਰਬੰਧਕ ਸ਼੍ਰੇਣੀ ਹੈ, ਜੋ ਕਿ ਗ੍ਰੰਥੀ/ਪਾਠੀ ਸਿੰਘਾਂ ਨਾਲੋ ਬੇਹੱਦ ਤਾਕਤਵਰ ਹੈ। ਅੱਜ ਹਾਲਤ ਇਹ ਹੈ ਕਿ ਗ੍ਰੰਥੀ ਸਿੰਘ ਪ੍ਰਬੰਧਕ ਨਹੀਂ ਬਦਲ ਸਕਦਾ, ਪ੍ਰਬੰਧਕ ਗ੍ਰੰਥੀ ਨੂੰ ਬਦਲਣ ਦੀ ਤਾਕਤ ਜ਼ਰੂਰ ਰੱਖਦੇ ਹਨ। ਜਿੱਥੇ ਅਜੋਕੇ  ਗ੍ਰੰਥੀ (ਸਾਰੇ ਨਹੀਂ) ਗੁਰਮਤਿ ਦੀ ਸੂਝ-ਬੂਝ ਤੋਂ ਕੋਰੇ ਹਨ। ਇਸ ਲਈ ਮੁੱਖ ਦੋਸ਼ੀ ਧਿਰ ਪ੍ਰਬੰਧਕ ਹਨ। ਜੋ ਆਪ ਗੁਰਮਤਿ ਤੋ ਕੋਰੇ ਹੁੰਦੇ ਹਨ। ਜੇਕਰ ਗ੍ਰੰਥੀ ਗੁਰਮਤਿ ਦੀ ਜਾਣਕਾਰੀ ਵਾਲਾ ਵੀ ਹੋਵੇ ਤਾਂ ਵੀ ਉਸ ਨੂੰ ਗੁਰਮਤਿ ’ਤੇ ਪਹਿਰੇਦਾਰੀ ਕਰਨ ਨਹੀਂ ਦਿੰਦੇ। ਅੱਜ ਦੇ ਬਹੁ ਗਿਣਤੀ ਪ੍ਰਬੰਧਕ ਜਦੋਂ ਗ੍ਰੰਥੀ ਸਿੰਘ ਦੀ ਨਿਯੁਕਤੀ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਦਿੰਦੇ ਹਨ ਤਾਂ ਪਾਠੀ, ਕਥਾ ਵਾਚਕ, ਕੀਰਤਨੀਆ, ਪਰਵਾਰ ਸਮੇਤ ਗੁਰਦੁਆਰੇ ਰਿਹਾਇਸ਼ ਰੱਖ ਕੇ ਚੌਕੀਦਾਰੀ ਕਰਨ ਵਾਲਾ ਭਾਵ ‘ਫੋਰ ਇਨ ਵਨ’ ਭਾਲਦੇ ਹਨ ਭਾਵੇਂ ਕਿ ਸਭ ਤੋਂ ਅਹਿਮ ਜ਼ਿੰਮੇਵਾਰੀ, ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਲਈ ਕੋਈ ਵੀ ਸ਼ਰਤ ਨਹੀਂ ਰੱਖੀ ਹੁੰਦੀ। ਪ੍ਰਬੰਧਕਾਂ ਵੱਲੋਂ ਗ੍ਰੰਥੀ ਸਿੰਘ ਨੂੰ ਇਸ ਸਭ ਬਦਲੇ ਜੋ ਤਨਖਾਹ ਦਿੱਤੀ ਜਾਂਦੀ ਹੈ, ਉਹ ਅੱਜ ਦੇ ਮਹਿੰਗਾਈ ਦੇ ਜਮਾਨੇ ਵਿੱਚ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਹੈ।

ਅੱਜ ਆਮ ਤੌਰ ’ਤੇ ਦੇਖਣ ਵਿੱਚ ਆਉਦਾ ਹੈ ਕਿ ਬਹੁਗਿਣਤੀ ਸੰਗਤ ਅੱਜ ਗੁਰਦੁਆਰਾ ਪ੍ਰਬੰਧ ਦੇ ਇਸ ਕਾਰਜ ਨੂੰ ਝੰਜਟ ਸਮਝਦੀ ਹੋਈ ‘ਸਾਨੂੰ ਕੀ’ ਆਖ ਕੇ ਪਾਸੇ ਰਹਿਣ ਦਾ ਯਤਨ ਕਰਦੀ ਹੈ। ਜੇ ਪੁੱਛਿਆ ਜਾਏ ਤਾਂ ਉੱਤਰ ਮਿਲਦਾ ਹੈ ‘ਕੀ ਕਰਨਾ ਗੁਰਦੁਆਰੇ ਜਾ ਕੇ ਉੱਥੇ ਤਾਂ ਬਹੁਗਿਣਤੀ ਪ੍ਰਬੰਧਕ ਸੇਵਾ ਦੇ ਨਾਂ ਹੇਠ ਲੜਦੇ ਹੀ ਰਹਿੰਦੇ ਹਨ।’ ਐਸਾ ਜਵਾਬ ਸੁਣ ਕੇ ਭਾਈ ਗੁਰਦਾਸ ਜੀ ਦਾ ਬਚਨ ‘‘ਮਾਇਆ ਡਰ ਡਰਪਤ ਹਾਰ ਗੁਰਦੁਅਰੈ ਜਾਵੈ; ਤਹਾ ਜਉ ਮਾਇਆ ਬਿਆਪੈ, ਕਹਾ ਠਹਰਾਈਐ  ?॥੫੪੪॥’’ (ਭਾਈ ਗੁਰਦਾਸ ਜੀ/ਕਬਿੱਤ ੫੪੪) ਯਾਦ ਆਉਦਾ ਹੈ। ਲੱਗਦਾ ਹੈ ਕਿ ਜਿਵੇਂ ਭਾਈ ਗੁਰਦਾਸ ਜੀ ਚਾਹੁੰਦੇ ਹੋਣ ਕਿ ਗੁਰਦੁਆਰਾ ਪ੍ਰਬੰਧਕ ਇੱਕ ਦਿਨ ਅਜੋਕੇ ਹਾਲਾਤਾਂ ਮੁਤਾਬਕ ਨਾ ਬਣ ਜਾਣ, ਇਸ ਲਈ ਪਹਿਲਾਂ ਹੀ ਸੁਚੇਤ ਕਰਨ ਦੀ ਜ਼ਿੰਮੇਵਾਰੀ ਉਨ੍ਹਾ ਨੇ ਬਾਖ਼ੂਬੀ ਨਿਭਾਅ ਦਿੱਤੀ ਪਰੰਤੂ ਸੋਚਣ ਦਾ ਵਿਸ਼ਾ ਹੈ-ਕੀ ਅਸੀਂ ਸੁਚੇਤ ਹੋਏ ?

ਗੁਰਮਤਿ ਕਸਵੱਟੀ ’ਤੇ ਪਰਖ ਕੇ ਵੇਖੀਏ ਤਾਂ ਸਪਸ਼ਟ ਹੈ ਕਿ ਸੇਵਾ ਦੇ ਨਾਮ ਉੱਪਰ ਤਾਂ ਕਦੀ ਲੜਾਈ-ਝਗੜਾ-ਵਿਰੋਧ ਨਹੀਂ ਹੋ ਸਕਦਾ। ਇੱਥੇ ਗੱਲ ਕੁਝ ਹੋਰ ਹੈ ? ਇਸ ਵਿਸ਼ੇ ’ਤੇ ਇੱਕ ਛੋਟੇ ਜਿਹੇ ਬੱਚੇ ਦੇ ਕਹੇ ਹੋਏ ਅਨਭੋਲ ਸ਼ਬਦ ਦਾਸ ਨੂੰ ਨਹੀਂ ਭੁੱਲਦੇ। ਆਪਣੇ ਰਿਸ਼ਤੇਦਾਰਾ ਦੇ ਪਿੰਡ ਦੇ ਗੁਰਦੁਆਰੇ ਆਏ ਬੱਚੇ ਨੇ ਪ੍ਰਬੰਧਕਾਂ ਨੂੰ ਝਗੜਾ ਕਰਦੇ ਵੇਖ ਕੇ ਹੈਰਾਨੀ ਪ੍ਰਗਟ ਕੀਤੀ ਤਾਂ ਕਿਸੇ ਨੇ ਬੱਚੇ ਨੂੰ ਪੁੱਛਿਆ ‘ਕੀ ਬੇਟਾ  ! ਤੁਹਾਡੇ ਪਿੰਡ ਕਦੀ ਇਸ ਤਰ੍ਹਾਂ ਲੜਾਈ ਝਗੜਾ ਨਹੀਂ ਹੁੰਦਾ ?’ ਬੱਚੇ ਦਾ ਜਵਾਬ ਸੀ ‘ਸਾਡੇ ਪਿੰਡ ਗੁਰਦੁਆਰਾ ਹੀ ਕੋਈ ਨਹੀ।’ ਜ਼ਰਾ ਸੋਚੀਏ ! ਸੁਚੇਤ ਸੰਗਤਾਂ ਦੀ ਗੁਰਦੁਆਰੇ ਦੀ ਹਾਜ਼ਰੀ ਪ੍ਰਤੀ ਨਿਰਾਸ਼ਤਾ ਲਈ ਅੱਜ ਜਿੰਮੇਵਾਰ ਕੌਣ ਹੈ ? ਜਿਸ ਗੁਰਦੁਆਰੇ ਦੇ ਵਿੱਚੋਂ ਪਰਾਇਆ ਹੱਕ ਨਾਂ ਖਾਣ ਦਾ ‘‘ਚੋਰ ਕੀ ਹਾਮਾ ਭਰੇ ਕੋਇ ’’ (ਮਹਲਾ /੬੬੨) ਦਾ ਸੰਦੇਸ਼ ਮਿਲਣਾ ਹੈ, ਉੱਥੇ ਅੱਜ ਹਰ ਗੁਰਦੁਆਰੇ ਵਿੱਚ ਗੋਲਕਾਂ ਨੂੰ ਲੱਗੇ ਵਡੇ-ਵਡੇ ਜਿੰਦਰੇ ਕੁਝ ਹੋਰ ਹੀ ਸੋਚਣ ’ਤੇ ਮਜਬੂਰ ਕਰਦੇ ਹਨ। ਦਾਸ ਇੱਕ ਗੁਰਦੁਆਰੇ ਵਿੱਚ ਕਥਾ ਕਰਨ ਤੋਂ ਬਾਅਦ ਸਮਾਪਤੀ ’ਤੇ ਪ੍ਰਬੰਧਕਾਂ ਨਾਲ ਬੈਠਾ ਸੀ ਤਾਂ ਗ੍ਰੰਥੀ ਸਿੰਘ ਨੇ ਆਪਣੇ ਬੱਚਿਆ ਦੀ ਪੜ੍ਹਾਈ, ਕਿਤਾਬਾ, ਫੀਸਾਂ ਆਦਿ ਦੇ ਖ਼ਰਚੇ ਦਾ ਵਾਸਤਾ ਪਾ ਕੇ ਪ੍ਰਬੰਧਕਾਂ ਨੂੰ ਤਨਖਾਹ ਵਧਾਉਣ ਦੀ ਬੇਨਤੀ ਕੀਤੀ। ਪ੍ਰਬੰਧਕਾ ਦਾ ਜਵਾਬ ਸੀ ‘ਬਾਬਾ ਤੈਨੂੰ ਕੌਣ ਕਹਿੰਦਾ ਬੱਚੇ ਅੰਗਰੇਜ਼ੀ ਸਕੂਲ ਵਿੱਚ ਪੜ੍ਹਾ, ਸਰਕਾਰੀ ਸਕੂਲ ਵਿੱਚ ਪੜ੍ਹਾ ਲੈ।’ ਦਾਸ ਕੋਲੋਂ ਪ੍ਰਬੰਧਕਾਂ ਦਾ ਐਸਾ ਜਵਾਬ ਸੁਣ ਕੇ ਰਿਹਾ ਨਾ ਗਿਆ। ਦਾਸ ਨੇ ਉਨ੍ਹਾਂ ਨੂੰ ਮੁਖਾਤਬ ਹੋ ਕੇ ਕਿਹਾ ‘ਭਾਈ ਸਾਹਿਬ ! ਤੁਸੀਂ ਇਸ ਨੂੰ ਕੇਵਲ ਗ੍ਰੰਥੀ ਰੂਪ ਵਿੱਚ ਹੀ ਕਿਉਂ ਵੇਖਦੇ ਹੋ ? ਇਹ ਇੱਕ ਬਾਪ ਵੀ ਹੈ। ਜੇ ਇਸ ਬਾਪ ਦੀ ਇੱਛਾ ਵੀ ਸਾਡੇ ਵਾਂਗ ਆਪਣੇ ਬੱਚਿਆ ਨੂੰ ਚੰਗੇ ਸਕੂਲਾਂ ਵਿੱਚ ਪੜ੍ਹਾ ਕੇ ਚੰਗੀ ਵਿਦਿਆ ਦੇਣ ਦੀ ਹੈ ਤਾਂ ਇਸ ਵਿੱਚ ਕੀ ਹਰਜ ਹੈ। ਤੁਸੀਂ ਤਨਖਾਹ ਵਧਾਉਣੀ ਹੈ ਜਾਂ ਨਹੀਂ ਇਹ ਤਾਂ ਅਲੱਗ ਵਿਸ਼ਾ ਹੈ। ਘੱਟੋ ਘੱਟ ਇੱਕ ਬਾਪ ਦੀਆਂ ਆਪਣੇ ਬੱਚਿਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਲਈ ਇੱਛਾਵਾਂ ਦਾ ਤ੍ਰਿਸਕਾਰ ਤਾਂ ਨਾ ਕਰੋ।’

ਸੋ ਸਪਸ਼ਟ ਹੈ ਕਿ ਅਜੋਕੇ ਸਮੇਂ ਦੇ ਗ੍ਰੰਥੀ/ਪਾਠੀ ਸਿੰਘਾਂ ਦੇ ਹਾਲ ਲਈ ਦੋਸ਼ ਕੇਵਲ ਇੱਕ ਧਿਰ ਨੂੰ ਦੇਣਾ ਕਿਸੇ ਤਰ੍ਹਾਂ ਵਾਜਬ ਨਹੀਂ ਹੈ। ਮਹਿੰਗਾਈ ਤਾਂ ਮਹਿੰਗਾਈ ਹੈ, ਜੋ ਕਿਸੇ ਦਾ ਲਿਹਾਜ ਨਹੀਂ ਕਰਦੀ। ਜੇਕਰ ਅਸੀਂ ਗ੍ਰੰਥੀ ਸਿੰਘਾਂ ਦੀ ਚੋਣ ਲਈ ਇਤਿਹਾਸਿਕ ਪੱਖ ਦੇਖਣਾ ਹੋਵੇ ਤਾਂ ਸਾਨੂੰ ਅਗਵਾਈ ਮਿਲਦੀ ਹੈ ਕਿ ਜੇ ਪ੍ਰਬੰਧਕ ਗੁਰੂ ਅਰਜਨ ਸਾਹਿਬ ਦੀ ਉੱਚੀ-ਸੁੱਚੀ ਸੋਚ ਵਾਲੇ ਹੋਣਗੇ ਤਾਂ ਹੀ ਬਾਬਾ ਬੁੱਢਾ ਜੀ ਵਰਗੇ ਗੁਰੂ ਕੇ ਵਜ਼ੀਰ ਦੀ ਚੋਣ ਹੋ ਸਕਦੀ ਹੈ, ਪਰ ਅੱਜ ਦੇ ਸਮੇਂ ਨਾ ਬਹੁਗਿਣਤੀ ਪ੍ਰਬੰਧਕ ਗੁਰੂ ਅਰਜਨ ਸਾਹਿਬ ਦੀ ਸੋਚ ਵਾਲੇ, ਨਾ ਗ੍ਰੰਥੀ ਬਾਬਾ ਬੁੱਢਾ ਜੀ ਵਰਗੇ ਹਨ। ਕਹਿਣ ਨੂੰ ਅਸੀਂ ਗ੍ਰੰਥੀ ਸਿੰਘ ਨੂੰ ‘ਗੁਰੂ ਕਾ ਵਜ਼ੀਰ’ ਆਖਦੇ ਹਾਂ, ਪਰ ਕੀ ਮੰਨਦੇ ਵੀ ਹਾਂ ? ਪੁਰਾਤਨ ਇਤਿਹਾਸਕ ਗ੍ਰੰਥਾਂ ਵਿੱਚੋਂ ਹਵਾਲੇ ਮਿਲਦੇ ਹਨ ਕਿ ਪਹਿਲੇ ਪ੍ਰਕਾਸ਼ ਦਿਹਾੜੇ (1604 ਈਸਵੀ) ਸਮੇਂ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਿਠਾ ਕੇ ਕਿਹਾ ‘ਬੁਢਾ ਸਾਹਿਬ ਖੋਲੋ ਗ੍ਰੰਥ। ਲਈ ਅਵਾਜ ਸੁਨੈ ਸਭ ਪੰਥ।’ ਬਾਬਾ ਜੀ ਨੇ ਪਹਿਲਾ ਹੁਕਮਨਾਮਾ ਲਿਆ। ਸਮਾਪਤੀ ਉੱਪਰ ਬਾਬਾ ਜੀ ਨੇ ਆਪਣੇ ਮਨ ਦੀ ਬਾਤ ਰੱਖੀ ‘ਸਤਿਗੁਰੂ ਜੀ ! ਮੈ ਤਾਂ ਆਪ ਦਾ ਨਿਮਾਣਾ ਜਿਹਾ ਸੇਵਕ ਹਾਂ, ਤੁਸੀਂ ਮੈਨੂੰ ਸਾਹਿਬ ਆਖ ਕੇ ਕਿਉਂ ਸੰਬੋਧਨ ਕੀਤਾ ਹੈ ?’ ਪੰਚਮ ਪਾਤਸ਼ਾਹ ਨੇ ਜਵਾਬ ਦਿੱਤਾ ‘ਬਾਬਾ ਜੀ  ! ਤੁਸੀਂ ਮੇਰੇ ਤੋਂ ਵੀ ਵੱਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਗਏ ਤਾਂ ਤੁਸੀਂ ਮੇਰੇ ਵੀ ਸਾਹਿਬ ਹੋ ਗਏ।’ ਅਜੋਕੇ ਬਹੁ ਗਿਣਤੀ ਪ੍ਰਬੰਧਕ ਜਿਹੜੇ ਗ੍ਰੰਥੀ ਸਿੰਘ ਨੂੰ ਕਹਿੰਦੇ ਤਾਂ ਗੁਰੂ ਕੇ ਵਜ਼ੀਰ ਹਨ, ਪਰ ਦਿਲੋਂ ਮੰਨਦੇ ਨਹੀਂ। ਇਤਿਹਾਸਕ ਘਟਨਾਵਾਂ ਦੇ ਸੰਦਰਭ ਵਿੱਚ ਪੜਚੋਲ ਕਰਨ ਦੀ ਲੋੜ ਹੈ।

ਅਜੋਕੇ ਸਮੇਂ ਅੰਦਰ ਜਦੋਂ ਅਸੀਂ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਕੇਵਲ ਪ੍ਰਬੰਧਕ ਜਾਂ ਗ੍ਰੰਥੀ ਹੀ ਐਸੀ ਦੁਰਦਸ਼ਾ ਲਈ ਜ਼ਿੰਮੇਵਾਰ ਨਹੀਂ, ਇੱਕ ਹੱਦ ਤੱਕ ਸੰਗਤ ਵੀ ਜ਼ਿੰਮੇਵਾਰ ਹੈ। ਪਾਠ ਅਰੰਭ ਕਰਨ ਸਮੇਂ ਅਤੇ ਸਮਾਪਤੀ ਸਮੇਂ ਤਾਂ ਘਰ ਦੇ ਚਾਰ ਸਰੀਰ ਭਾਵੇਂ ਹਾਜ਼ਰ ਹੋ ਜਾਣ ਬਾਕੀ ਸਮਾਂ ਪਰਵਾਰਕ ਮੈਬਰ ਹਾਜ਼ਰੀ ਸੰਬੰਧੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਸਮਝਦੇ। ਅੱਜ ਪਾਠ ਅਰੰਭ ਕਰਨ ਤੋਂ ਪਹਿਲਾ ਪਾਠੀ ਸਿੰਘਾਂ ਨੂੰ ਹਦਾਇਤਾਂ ਦਿੰਦੇ ਹਾਂ ‘ਬਾਬਾ ਜੀ ! ਪਾਠ ਧਿਆਨ ਨਾਲ ਕਰਿਓ, ਨਹੀਂ ਤਾਂ ਪਾਪ ਲੱਗੂ’। ਕੋਈ ਪਾਠੀ ਗੁਰਮਤਿ ਤੋ ਜਾਣੂ ਹੋਵੇ ਤਾਂ ਸਵਾਲ ਕਰੇ ‘ਜੇ ਪਾਠ ਧਿਆਨ ਨਾਲ ਨਾ ਕਰਾਂ ਤਾਂ ਪਾਪ ਕਿਸ ਨੂੰ ਲੱਗੂ, ਜੇ ਧਿਆਨ ਨਾਲ ਕਰਾਂ ਤਾਂ ਪੁੰਨ ਕਿਸ ਨੂੰ ਲੱਗੂ ?  ਪਰਵਾਰ ਦਾ ਜਵਾਬ ਹੁੰਦਾ ‘ਬਾਬਾ ਜੀ ! ਪਾਪ ਤੁਹਾਨੂੰ ਲੱਗੂ ਅਤੇ ਪੁੰਨ ਪਰਵਾਰ ਨੂੰ ਲੱਗੂ।’ ਸੋਚਣ ਦਾ ਵਿਸ਼ਾ ਹੈ ਕਿ ਜੇ ਪਾਪ, ਪਾਠੀ ਨੂੰ ਲੱਗੂ ਤਾਂ ਪੁੰਨ ਵੀ ਪਾਠੀ ਨੂੰ ਹੀ ਲੱਗੇਗਾ।

ਅੱਜ ਸਾਡੇ ਬਹੁ ਗਿਣਤੀ ਘਰਾਂ ਵਿੱਚ ਅਖੰਡ ਪਾਠ ਦੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਪ੍ਰਤੀ ਲਾਪ੍ਰਵਾਹੀ ਸੰਬੰਧੀ ਸ੍ਰ. ਜਸਵੰਤ ਸਿੰਘ ਖਡੂਰ ਸਾਹਿਬ ਦੀ ਕਵਿਤਾ ‘ਬਾਬਾ ਜੀ ਕੱਲੇ’ ਪੜ੍ਹਨਯੋਗ ਹੈ। ਇਸ ਕਵਿਤਾ ਦੀਆ ਚਾਰ ਕੁ ਲਾਇਨਾ ਪੇਸ਼ ਹਨ ਪੂਰੇ ਸਤਿਗੁਰੂ ਮੇਹਰ ਜਾਂ ਕੀਤੀ, ਸ਼ਾਦੀ ਦਾ ਦਿਨ ਆਇਆ  ਸਤਿਗੁਰੂ ਦੇ ਧੰਨਵਾਦ ਵਾਸਤੇ, ਅਖੰਡ ਪਾਠ ਰਖਵਾਇਆ ਅਖੰਡ ਪਾਠ ਦੇ ਕਮਰੇ ਲਾਗੇ, ਟੈਲੀਵੀਜਨ   ਚੱਲੇ ਸਾਰਾ ਟੱਬਰ ਟੀ. ਵੀ. ਅੱਗੇ, ਬਾਬਾ ਜੀ ਨੇ ਕੱਲੇ

 ਇਨ੍ਹਾਂ ਸਾਰੀਆ ਕਮਜੋਰੀਆ ਤੋਂ ਨਿਜਾਤ ਪਾਉਣ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਨੂੰ ਕਾਇਮ ਰੱਖਣ ਲਈ, ਸਿੱਖ ਪ੍ਰੰਪਰਾਵਾਂ ਦੇ ਸ਼ਾਨਾਮੱਤੇ ਇਤਿਹਾਸਕ ਵਿਰਸੇ ਨੂੰ ਮੁੜ ਉਜਾਗਰ ਕਰਨ ਲਈ ਜਿੱਥੇ ਕੁਝ ਸੱਜਣ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ ਓਥੇ ਅਸੀਂ ਆਪ ਭੀ ਸੰਗਤ ਰੂਪ ਵਿੱਚ ਗੁਰਮਤਿ ਸਿਧਾਂਤਾਂ ਪ੍ਰਤੀ ਜਾਗਰੂਕ ਹੋ ਕੇ ਆਪਣੀਆਂ-2 ਜ਼ਿੰਮੇਵਾਰੀਆਂ ਦੀ ਪਛਾਣ ਕਰੀਏ। ਜੇ ਸੰਗਤਾਂ ਸੁਚੇਤ ਹੋਣਗੀਆਂ ਤਾਂ ਸੰਗਤਾਂ ਵਿੱਚੋ ਹੀ ਸਹੀ ਪ੍ਰਬੰਧਕਾਂ ਦੀ ਚੋਣ ਹੋਵੇਗੀ। ਚੰਗੇ ਪ੍ਰਬੰਧਕਾਂ ਰਾਹੀਂ ਸੁਚੱਜੀ ਜੀਵਨ ਜਾਚ ਭਰਪੂਰ, ਗੁਰਮਤਿ ਸੋਝੀ ਵਾਲੇ ਗ੍ਰੰਥੀ ਸਿੰਘਾਂ ਦੀ ਨਿਯੁਕਤੀ ਹੋਵੇਗੀ। ਸੁਚੱਜੇ ਗ੍ਰੰਥੀ ਸਿੰਘਾਂ ਦੁਆਰਾ ਕੀਤੇ ਜਾਣ ਵਾਲੇ ਗੁਰਮਤਿ ਪ੍ਰਚਾਰ ਰਾਹੀਂ ਗੁਰਦੁਆਰੇ ਸਹੀ ਅਰਥਾਂ ਵਿੱਚ ਗੁਰਮਤਿ ਪ੍ਰਚਾਰ ਕੇਂਦਰ ਵਜੋਂ ਸਾਹਮਣੇ ਆਉਣਗੇ। ਸਿੱਖੀ ਦੇ ਪ੍ਰਚਾਰ ਦਾ ਅਸਰ ਤਾਂ ਹੀ ਦਿਖਾਈ ਦੇਵੇਗਾ ਜੇਕਰ ‘ਸੰਗਤ, ਪ੍ਰਬੰਧਕ ਤੇ ਗ੍ਰੰਥੀ’ ਤਿੰਨੋਂ ਸਹੀ ਰੂਪ ਵਿੱਚ ਸਿੱਖੀ ਨੂੰ ਸਮਰਪਿਤ ਹੋ ਕੇ ਚੱਲਣਗੇ।

ਆਓ ਸਿੱਖ ਕੌਮ ਦੇ ਉਜਲ ਭਵਿੱਖ ਦੀ ਕਾਮਨਾ ਕਰਦੇ ਹੋਏ ਇਸ ਮੁਹਿਮ ਲਈ ਅਸੀਂ ਆਪਣੇ ਨਿੱਜ ਤੋਂ ਯਤਨ ਆਰੰਭ ਕਰੀਏ। ‘ਸਾਨੂੰ ਕੀ’ ਵਾਲੇ ਨਿਰਾਸ਼ਤਾ ਭਰੇ ਪੱਖ ਨੂੰ ਆਪਣੇ ਜੀਵਨ ਵਿੱਚੋਂ ਬਾਹਰ ਕੱਢਣ ਦੀ ਲੋੜ ਹੈ। ਐਸਾ ਅਮਲੀ ਰੂਪ ਵਿੱਚ ਹੋਣ ਨਾਲ ਹੀ ਸਿੱਖ ਕੌਮ ਨੂੰ ਦਰਪੇਸ਼ ਸਮੱਸਿਆਵਾਂ ਦੇ ਸਾਰਥਕ ਹੱਲ ਨਿਕਲ ਦੀ ਉਮੀਦ ਬੱਝੇਗੀ।