ਬੁੱਧ ਧਰਮ ਦੇ ਗ੍ਰੰਥ ਅਤੇ ਉਨ੍ਹਾਂ ਵਿਚਲੀਆਂ ਸਿੱਖਿਆਵਾਂ ’ਤੇ ਸੰਖੇਪ ਝਾਤ

0
654

ਬੁੱਧ ਧਰਮ ਦੇ ਗ੍ਰੰਥ ਅਤੇ ਉਨ੍ਹਾਂ ਵਿਚਲੀਆਂ ਸਿੱਖਿਆਵਾਂ ’ਤੇ ਸੰਖੇਪ ਝਾਤ

ਰਮੇਸ਼ ਬੱਗਾ ਚੋਹਲਾ (ਲੁਧਿਆਣਾ)-78885-52052

ਜਿਸ ਵਕਤ ਭਾਰਤ ਵਿੱਚ ਵੇਦਕ ਧਰਮ ਦਾ ਬੋਲ-ਬਾਲਾ ਸੀ ਤਾਂ ਉਸ ਵਕਤ ਭਾਰਤ ਵਿੱਚ ਕੁੱਝ ਨਵੀਨ ਧਾਰਮਿਕ ਮੁਹਾਂਦਰੇ ਵਾਲੀਆਂ ਵਿਚਾਰਧਾਰਾਵਾਂ ਵੀ ਉਤਪੰਨ ਹੋ ਰਹੀਆਂ ਸਨ। ਇਨ੍ਹਾਂ ਵਿਚਾਰਧਾਰਾਵਾਂ ਨਾਲ ਸੰਬੰਧਿਤ ਕੁਝ ਵਿਚਾਰਵਾਨ ਤਾਂ ਵੇਦਕ ਧਰਮ ਨਾਲ ਹੀ ਜੁੜੇ ਰਹਿਣਾ ਚਾਹੁੰਦੇ ਸਨ, ਪਰ ਕੁਝ ਕੁ ਵਿਚਾਰਧਾਰਾਵਾਂ ਆਜ਼ਾਦਾਨਾ ਢੰਗ-ਤਰੀਕੇ ਨਾਲ ਜ਼ਿੰਦਗੀ ਦੀਆਂ ਸਮੱਸਿਆਵਾਂ ਦਾ ਕੋਈ ਸੁਖਾਵਾਂ ਅਤੇ ਸਾਰਥਿਕ ਹੱਲ ਕਰਨਾ ਲੋਚਦੇ ਸਨ। ਇਨ੍ਹਾਂ ਵਿਚਾਰਧਾਰਾਵਾਂ ਵਿੱਚ ਹੀ ਸ਼ਾਮਲ ਹੈ ‘ਮਹਾਤਮਾ ਬੁੱਧ ਦੀ ਵਿਚਾਰਧਾਰਾ’। ਇਹ ਵਿਚਾਰਧਾਰਾ ਬੁੱਧ ਮੱਤ ਦੇ ਨਾਂ ਨਾਲ ਪਿਛਲੇ 2500 ਸਾਲ ਤੋਂ ਪ੍ਰਚਲਿਤ ਚਲੀ ਆ ਰਹੀ ਹੈ, ਜੋ ਵੱਖ-ਵੱਖ ਬੋਧੀ ਗ੍ਰੰਥਾਂ ’ਚੋਂ ਪੜ੍ਹਨ ਨੂੰ ਮਿਲਦੀ ਹੈ।

ਬੁੱਧ ਧਰਮ ਦੇ ਤਿੰਨ ਪ੍ਰਮੁੱਖ ਗ੍ਰੰਥ ਹਨ, ਜਿਨ੍ਹਾਂ ਨੂੰ ਤ੍ਰਿਪਿਟਕ ਕਿਹਾ ਜਾਂਦਾ ਹੈ। ਆਮ ਤੌਰ ’ਤੇ ‘ਪਿਟਕ’ ਸ਼ਬਦ ਟੋਕਰੀ ਲਈ ਵਰਤਿਆ ਜਾਂਦਾ ਹੈ ਪਰ ਬੋਧੀਆਂ ਵੱਲੋਂ ਇਸ ਦੀ ਵਰਤੋਂ ਗ੍ਰੰਥ ਦੇ ਭਾਗ ਵਜੋਂ ਕੀਤੀ ਗਈ ਹੈ। ਤ੍ਰਿਪਿਟਕ ਵਿੱਚ ਹੇਠਲੇ ਤਿੰਨ ਬੋਧੀ ਗ੍ਰੰਥ ਸ਼ਾਮਲ ਹਨ :

(). ਸੁਤ ਪਿਟਕ : ਇਹ ਬੁੱਧ ਧਰਮ ਦਾ ਪਲੇਠਾ ਗ੍ਰੰਥ ਹੈ। ਪਲੇਠਾ ਹੋਣ ਕਰਕੇ ਬੋਧੀ ਭਾਈਚਾਰੇ ਵਿੱਚ ਇਸ ਗ੍ਰੰਥ ਦਾ ਬੜਾ ਅਹਿਮ ਸਥਾਨ ਹੈ। ਬੁੱਧ ਧਰਮ ਦੇ ਬਾਕੀ ਗ੍ਰੰਥਾਂ ’ਚ ਇਸ ਗ੍ਰੰਥ ਦੀ ਵਿਚਾਰਧਾਰਾ ਨੂੰ ਹੀ ਆਧਾਰ ਬਣਾਇਆ ਗਿਆ ਹੈ। ਪਾਲੀ ਭਾਸ਼ਾ ਵਿੱਚ ਲਿਖਿਆ ਗਿਆ ‘ਸੁਤ ਪਿਟਕ’ ਗ੍ਰੰਥ, ਭਿਖਸ਼ੂਆਂ ਦੇ ਰੋਜ਼ਾਨਾ ਜੀਵਨ ਅਤੇ ਸੰਘ ਦੀ ਮਾਣ-ਮਰਯਾਦਾ ਦੀ ਵਿਆਖਿਆ ਕਰਦਾ ਹੈ। ਮਹਾਤਮਾ ਬੁੱਧ ਦੀ ਗਿਆਨ ਪ੍ਰਾਪਤੀ ਤੋਂ ਬਾਅਦ ਦੇ ਸਮੇਂ ਦੀਆਂ ਕਈ ਧਾਰਮਕ ਅਤੇ ਅਧਿਆਤਮਿਕ ਘਟਨਾਵਾਂ ਇਸ ਗ੍ਰੰਥ ਵਿੱਚ ਦਰਜ ਹਨ। ਇਨ੍ਹਾਂ ਤੋਂ ਧਰਮ ਦੀ ਬੋਧਿਕਤਾ ਤੇ ਫ਼ਿਲਾਸਫ਼ੀ ਦਾ ਪ੍ਰਗਟਾਵਾ ਹੁੰਦਾ ਹੈ। ਇਸ ਤੋਂ ਇਲਾਵਾ ਇਸ ਗ੍ਰੰਥ ਵਿੱਚ ਮਹਾਤਮਾ ਬੁੱਧ ਦੀਆਂ ਜੀਵਨ ਯਾਤਰਾਵਾਂ ਦਾ ਵੀ ਵਿਸਥਾਰ ਸਹਿਤ ਵਰਣਨ ਹੈ। ਇਸ ’ਚੋਂ ਉਸ ਵਕਤ ਦੀ ਸਮਾਜਿਕ, ਧਾਰਮਕ, ਰਾਜਨੀਤਕ, ਇਤਿਹਾਸਕ ਅਤੇ ਭੂਗੋਲਿਕ ਸਥਿਤੀ ਦੀ ਕਾਫ਼ੀ ਜਾਣਕਾਰੀ ਮਿਲਦੀ ਹੈ। ਇਸ ਗ੍ਰੰਥ ਨੂੰ ਪੰਜ ਨਿਕਾਯਾਂ (ਹਿੱਸਿਆਂ) ’ਚ ਵੰਡਿਆ ਗਿਆ ਹੈ : 1. ਦਿਘ ਨਿਕਾਯ 2. ਮੱਝਿਮ ਨਿਕਾਯ 3. ਸੰਯੁਤ ਨਿਕਾਯ 4. ਅੰਗੁਤਰ ਨਿਕਾਯ 5. ਖੁੱਦਕ ਨਿਕਾਯ।  ‘ਖੁੱਦਕ ਨਿਕਾਯ’ ਵਿੱਚ ਸਵਾ ਦਰਜਨ ਦੇ ਕਰੀਬ ਕਿਤਾਬਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਬੇਰ ਗਾਥਾ, ਧਮਪਦ ਅਤੇ ਜਾਤਕ ਕਹਾਣੀਆਂ ਵਾਲੀਆਂ ਚਰਚਿਤ ਕਿਤਾਬਾਂ ਵੀ ਹਨ।

ਬੇਰ ਗਾਥਾ ਵਿੱਚ ਭਿਖਸ਼ੂਆਂ ਦੇ ਰੂਹਾਨੀ ਜੀਵਨ ਦੀਆਂ ਕਥਾਵਾਂ ਅੰਕਿਤ ਹਨ। ਇਨ੍ਹਾਂ ਦੀ ਸਿਰਜਣਾ ਬੁੱਧ ਦੇ ਸ਼ਗਿਰਦਾਂ ਦੁਆਰਾ ਕੀਤੀ ਮੰਨੀ ਜਾਂਦੀ ਹੈ।

ਬੋਧੀ ਗੀਤਾ ਕਰਕੇ ਜਾਣੀ ਜਾਂਦੀ ‘ਧਮਪਦ’; ਬੁੱਧ ਧਰਮ ਦੀ ਇਕ ਅਜਿਹੀ ਮਹੱਤਵ ਪੂਰਨ ਪੁਸਤਕ ਹੈ, ਜਿਸ ਵਿੱਚ ਬੋਧੀਆਂ ਲਈ ਧਾਰਮਕ ਤੇ ਸਦਾਚਾਰਕ ਨਿਯਮਾਂ ਦਾ ਵਿਖਿਆਨ ਕੀਤਾ ਗਿਆ ਹੈ। ਇਸ ਪੁਸਤਕ ਦੇ 26 ਅਧਿਆਏ ਹਨ, ਜਿਨ੍ਹਾਂ ’ਚ 423 ਗਾਥਾਵਾਂ ਦਰਜ ਹਨ।

ਜਾਤਕ’; ਇਹ ਬੁੱਧ ਧਰਮ ਦੇ ਪੂਰਵ ਜਨਮ ਨਾਲ ਸੰਬੰਧਿਤ ਕਹਾਣੀਆਂ ਦਾ ਸੰਗ੍ਰਿਹ ਹੈ। ਇਸ ਵਿੱਚ ਕੁੱਲ 547 ਕਥਾਵਾਂ ਹਨ, ਜਿਨ੍ਹਾਂ ਵਿੱਚ ਚੰਗੇ ਗੁਣਾਂ ਨੂੰ ਸਲਾਹਿਆ ਗਿਆ ਹੈ। ਇਸ ਯੁਕਤੀ ਤੋਂ ਪ੍ਰੇਰਿਤ ਹੋ ਕੇ ਸਧਾਰਨ ਵਿਅਕਤੀ ਸੱਚ ਦਾ ਪਾਂਧੀ ਬਣਨ ਵੱਲ ਰੁਚਿਤ ਹੁੰਦਾ, ਮੰਨਿਆ ਗਿਆ ਹੈ। ਇਹ ਪੁਸਤਕ ਅਧਿਆਤਮਿਕ ਵਿਕਾਸ ਕਾਰਨ ਮਨੁੱਖੀ ਜੀਵਨ ਦਾ ਅੰਤਮ ਟੀਚਾ ਹਾਸਲ ਕਰਨ ’ਤੇ ਪ੍ਰਕਾਸ਼ ਪਾਉਂਦੀ ਹੈ।

(). ਵਿਨੈ ਪਿਟਕ : ਇਹ ਬੁੱਧ ਧਰਮ ਦੀ ਵਿਚਾਰਧਾਰਾ ਦਾ ਦੂਸਰਾ ਵੱਡਾ ਗ੍ਰੰਥ ਹੈ, ਜਿਸ ਵਿੱਚ ਪਹਿਲੀਆਂ ਦੋ ਸੰਗੀਤੀਆਂ (ਮਹਾਂਸਭਾਵਾਂ) ਬਾਰੇ ਇਤਿਹਾਸਕ ਵਾਕਫ਼ੀਅਤ ਹਾਸਲ ਹੋਣ ਦੇ ਨਾਲ-ਨਾਲ ਸੰਘ ਦੇ ਨਿਯਮਾਂ ਬਾਰੇ ਵੀ ਜਾਣਕਾਰੀ ਹੈ। ਪਾਲੀ ਭਾਸ਼ਾ ਵਿੱਚ ਲਿਖੇ ਗਏ ਇਸ ਗ੍ਰੰਥ ’ਚ ਨਿਯਮਾਂ ਦੀ ਵਿਆਖਿਆ ਦਾ ਆਧਾਰ ਮਹਾਤਮਾ ਬੁੱਧ ਦੇ ਉਪਦੇਸ਼ਾਂ ਅਤੇ ਆਦਰਸ਼ਾਂ ਨੂੰ ਬਣਾਇਆ ਗਿਆ ਹੈ।  ਇਸ ਗ੍ਰੰਥ ਵਿੱਚ ਚਾਰ ਪੁਸਤਕਾਂ ਸ਼ਾਮਲ ਹਨ :

ਪਾਤੀਮੋਖ– ਇਸ ਪੁਸਤਕ ਨੂੰ ਵਿਨੈ ਪਿਟਕ ਦਾ ਸਾਰ ਮੰਨਿਆ ਜਾਂਦਾ ਹੈ। ਇਸ ਵਿੱਚ ਅਜਿਹੇ ਬਚਨ ਅਤੇ ਸਦਾਚਾਰਕ ਨਿਯਮ ਹਨ, ਜੋ ਸਾਧਕ ਦੀ ਮੁਕਤੀ ਦਾ ਸਬੱਬ ਬਣਦੇ, ਮੰਨੇ ਗਏ। ਇਸ ਪੁਸਤਕ ਦੇ ਦੋ ਭਾਗ ਕੀਤੇ ਗਏ ਹਨ, ਜਿਨ੍ਹਾਂ ਦੇ ਨਾਂ ‘ਭਿਖਸ਼ੂ ਵਿਭੰਗ’ ਅਤੇ ‘ਭਿਖਸ਼ੁਣੀ ਵਿਭੰਗ’ ਹਨ। ਇਨ੍ਹਾਂ ਵਿੱਚ ਭਿਖਸ਼ੂਆਂ ਦੇ ਪਹਿਰਾਵੇ, ਦਵਾਈਆਂ ਅਤੇ ਸਦਾਚਾਰਕ ਨਿਯਮ ਦਰਜ ਹਨ।

ਮਹਾਵਗ– ਇਸ ਕਿਤਾਬ ਦੇ 10 ਸਕੰਧ ਹਨ, ਜਿਨ੍ਹਾਂ ’ਚ ਭਿਖਸ਼ੂਆਂ ਦੁਆਰਾ ਅਪਣਾਈ ਜਾਣ ਵਾਲੀ ਨਿੱਤ ਦੀ ਜੀਵਨ ਜਾਚ ਬਾਬਤ ਵਿਸਥਾਰ ਪੂਰਵਕ ਵਰਣਨ ਹੈ। ਬਰਸਾਤ ਦੇ ਮੌਸਮ ਦੌਰਾਨ ਉਨ੍ਹਾਂ ਨੇ ਕਿਸ ਤਰ੍ਹਾਂ ਰਹਿਣਾ ਹੈ, ਕਿਹੜੀਆਂ ਦਵਾਈਆਂ ਦੀ ਵਰਤੋਂ ਕਰਨੀ ਹੈ ਅਤੇ ਆਉਣ ਜਾਣ ਸਮੇਂ ਕਿਸ ਤਰ੍ਹਾਂ ਦਾ ਪਹਿਰਾਵਾ ਪਹਿਨਣਾ ਹੈ ਆਦਿਕ।

ਚੁਲਵਗਇਹ ਪੁਸਤਕ ਵੀ ਵਿਨੈ ਪਿਟਕ ਦਾ ਭਾਗ ਹੈ। ਇਸ ਦੇ 12 ਸਕੰਧ ਹਨ। ਇਸ ਪੁਸਤਕ ਵਿੱਚ ਮਹਾਤਮਾ ਬੁੱਧ ਦੇ ਔਰਤਾਂ ਨੂੰ ਸੰਘ ਵਿੱਚ ਸ਼ਾਮਲ ਕਰਨ ਦੇ ਫ਼ੈਸਲੇ ਦੀ ਪ੍ਰੋੜ੍ਹਤਾ ਕੀਤੀ ਗਈ ਹੈ।

(). ਅਭਿਧਮ ਪਿਟਕ : ਪਾਲੀ ਭਾਸ਼ਾ ਵਿੱਚ ‘ਧਮ’ ਸ਼ਬਦ ਦਾ ਅਰਥ ‘ਧਰਮ’ ਹੈ ਕਿਉਂਕਿ ਇਸ ਭਾਸ਼ਾ ਵਿੱਚ ‘ਰ’ ਸ਼ਬਦ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਤਰ੍ਹਾਂ ਅਭਿਧਮ ਦਾ ਅਰਥ ਵੀ ਅਭਿਧਰਮ ਹੈ। ਜਿਸ ਤੋਂ ਭਾਵ ਹੈ ਉੱਚ ਪਾਏ ਦੀਆਂ ਸਿੱਖਿਆਵਾਂ। ਇਨ੍ਹਾਂ ਸਿਖਿਆਵਾਂ ਲਈ ਇਸ ਗ੍ਰੰਥ ’ਚ ਸੱਤ ਪੁਸਤਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੇ ਨਾਮ ਹਨ ‘ਧਮਸੰਗਨੀ, ਵਿਭੰਗ, ਧਾਤੂਕਥਾ, ਪੁਗਲ-ਪਣਤਿ, ਕਥਾਵਥੂ, ਯਮਕ ਅਤੇ ਪੱਠਾਨ’।

ਧਮਸੰਗਨੀ– ਇਸ ਪੁਸਤਕ ਦਾ ਸੰਬੰਧ ਮਨੋਵਿਗਿਆਨਕ ਵਿਸ਼ੇ ਨਾਲ ਹੈ, ਜਿਸ ਵਿੱਚ ਹਰੇਕ ਪਦਾਰਥ ਨੂੰ ਉਸ ਦੇ ਸੁਭਾਅ ਮੁਤਾਬਕ ਸਮਝਣ ਦਾ ਯਤਨ ਕੀਤਾ ਗਿਆ ਹੈ। ਇਸ ਵਿੱਚ ਮਨ ਦੀਆਂ ਅਵਸਥਾਵਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਹੈ।

ਕਥਾਵਥੂ–  ਬੁੱਧ ਦੀ ਵਿਚਾਰਧਾਰਾ ਨੂੰ ਵਿਵਸਥਿਤ ਰੂਪ ਦੇਣ ਲਈ ਚਾਰ ਮਹਾਂਸਭਾਵਾਂ ਦਾ ਜ਼ਿਕਰ ਆਉਂਦਾ ਹੈ। ਤੀਜੀ ਮਹਾਂਸਭਾ ਵਿੱਚ ਜੋ ਵਿਚਾਰ ਹੋਈ ਉਹ ‘ਕਥਾਵਥੂ’ ਪੁਸਤਕ ’ਚ ਦਰਜ ਹੈ। ਇਸ ਪੁਸਤਕ ਦੇ 22 ਚੈਪਟਰ ਹਨ, ਜਿਹੜੇ ਬੁੱਧ ਧਰਮ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਉਂਦੇ ਹਨ। ਇਨ੍ਹਾਂ ਦੋ ਪੁਸਤਕਾਂ ਵਾਂਗ ਹੀ ਬਾਕੀ ਪੰਜ ਪੁਸਤਕਾਂ (ਵਿਭੰਗ, ਧਾਤੂਕਥਾ, ਪੁਗਲ-ਪਣਤਿ, ਯਮਕ ਅਤੇ ਪੱਠਾਨ) ਬੱੁਧ ਧਰਮ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ।

ਸੋ ਮਹਾਤਮਾ ਬੁੱਧ ਦੁਆਰਾ ਚਲਾਇਆ ਗਿਆ ਬੁੱਧ ਧਰਮ; ਸਨਾਤਨੀ ਹਿੰਦੂ ਧਰਮ ਨਾਲੋਂ ਸਿਧਾਂਤਿਕ ਪੱਖੋਂ ਕਾਫ਼ੀ ਭਿੰਨ ਹੈ। ਇਹ ਕਿਸੇ ਸੁਰਗ ਨਰਕ, ਮੂਰਤੀ ਪੂਜਾ ਜਾਂ ਆਵਾਗਮਣ ਆਦਿ ਨੂੰ ਨਹੀਂ ਮੰਨਦਾ ਜਦਕਿ ਇਹ ਸਭ ਕੁੱਝ ਹਿੰਦੂ ਧਰਮ ਦਾ ਆਧਾਰ ਹੈ। ਗੁਰਬਾਣੀ ਨਾਲ ਬੁੱਧ ਧਰਮ ਦੀ ਵਿਚਾਰਧਾਰਾ ਨੂੰ ਵਾਚੀਏ ਤਾਂ ਗੁਰਬਾਣੀ ਨਿਰਾਕਾਰ ਦੇ ਵਜੂਦ ਨੂੰ ਮੰਨਦੀ ਹੈ। ਉਸ ਦੇ ਹੁਕਮ ’ਚ ਚੱਲਣ ਅਤੇ ਉਸ ਦੀ ਬਖ਼ਸ਼ਸ਼ ਦਾ ਪਾਤਰ ਬਣਨ ਨੂੰ ਆਪਣਾ ਸੁਭਾਗ ਸਮਝਦੀ ਹੈ, ਪਰ ਬੁੱਧ ਧਰਮ; ਗੁਰਬਾਣੀ ਦੇ ਇਨ੍ਹਾਂ ਪੱਖਾਂ ਨਾਲ ਉੱਕਾ ਹੀ ਮੇਲ ਨਹੀਂ ਖਾਂਦਾ। ਬੁੱਧ ਧਰਮ ’ਚ ਮਨ ਦੀ ਪਵਿੱਤਰਤਾ ਹੀ ਰੱਬ ਹੈ। ਰੱਬ ਨਾਲ ਮਿਲਾਪ ਹੈ।

ਹਿੰਦੂ ਧਰਮ ਦੇ ਕਰਮਕਾਂਡਾਂ ਅਤੇ ਵਹਿਮਾਂ ਭਰਮਾਂ ਤੋਂ ਸੁਤੰਤਰ ਹੋਣ ਕਾਰਨ ਬੁੱਧ ਧਰਮ ਨੂੰ ਅਣਗਿਣਤ ਲੋਕਾਂ ਨੇ ਅਪਣਾਇਆ ਹੈ। ਦੁਨੀਆ ਦੇ ਕਈ ਦੇਸ਼ਾਂ (ਕੋਰੀਆ, ਜਪਾਨ, ਨੇਪਾਲ, ਭੁਟਾਨ, ਤਿੱਬਤ ਆਦਿਕ) ’ਚ ਬੁੱਧ ਧਰਮ ਨੂੰ ਮੰਨਣ ਵਾਲੇ ਬਹੁਤ ਹਨ। ਇਹ ਵੀ ਸਚਾਈ ਹੈ ਕਿ ਬੁੱਧ ਧਰਮ ਨੂੰ ਮੰਨਣ ਵਾਲਿਆਂ ’ਚ ਵੀ ਸਿੱਖਾਂ ਵਾਂਗ ਆਪਣੇ ਕੌਮੀ ਸਿਧਾਂਤ ਨੂੰ ਸਮਝਣ ਦੀ ਘਾਟ ਹੈ, ਜਿਸ ਕਾਰਨ ਅੱਜ ਹਿੰਦੂ ਧਰਮ ਵਾਲੇ ਕਰਮਕਾਂਡ, ਮੂਰਤੀ ਪੂਜਾ ਆਦਿਕ ਕਰਮ ਹੁੰਦੇ, ਆਮ ਵੇਖੇ ਜਾ ਸਕਦੇ ਹਨ।