ਯੋਗ (ਪ੍ਰਾਣਾਯਾਮ) ਬਨਾਮ ਗੁਰਮਤਿ
‘ਯੋਗ’ ਗੁਰੂ ਸੁਆਮੀ ਰਾਮਦੇਵ ਜੀ ਨੇ ਵਿਦੇਸ਼ੀ ਬੈਂਕਾਂ ਵਿੱਚ ਪਏ ਕਾਲੇ ਧਨ ਨੂੰ ਮੁੱਦਾ ਬਣਾ ਕੇ ਸੰਨ 2014 ਵਿੱਚ ਕਾਂਗਰਸ ਪਾਰਟੀ ਵਿਰੁਧ ਬਹੁਤ ਭਾਰੀ ਅੰਦੋਲਨ ਖੜ੍ਹਾ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਅਤੇ ਸੰਨ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਸੱਤਾ ਵਿੱਚ ਲਿਆਉਣ ਲਈ, ਉਨ੍ਹਾਂ ਦੇ ਚੁਨਾਵੀ ਵਾਅਦੇ ਵਿੱਚ ਇਹ ਮੁੱਦਾ ਸ਼ਾਮਲ ਕਰਵਾਉਣ ਵਿੱਚ ਵੀ ਸਫਲ ਰਹੇ ਕਿ ਅਗਰ ਭਾਜਪਾ ਸੱਤਾ ਵਿੱਚ ਆਉਂਦੀ ਹੈ ਤਾਂ ਵਿਦੇਸ਼ੀ ਬੈਂਕਾਂ ’ਚ ਛੁਪਾ ਕੇ ਰੱਖਿਆ ਹੋਇਆ ਕਾਲਾ ਧਨ ਵਾਪਸ ਭਾਰਤ ਲਿਆ ਕੇ ਹਰ ਇੱਕ ਭਾਰਤ ਦੇ ਨਾਗਰਿਕ ਨੂੰ 15-15 ਲੱਖ ਰੁਪਏ ਨਗਦ ਦਿੱਤੇ ਜਾਣਗੇ। ਭਾਰਤ ਦੀ ਜਨਤਾ ਨੇ ਭਾਜਪਾ ’ਤੇ ਵਿਸਵਾਸ਼ ਕਰਕੇ ਉਨ੍ਹਾਂ ਨੂੰ ਪੂਰਨ ਬਹੁਮਤ ਨਾਲ ਸੱਤਾ ’ਤੇ ਕਾਬਜ਼ ਕਰ ਦਿੱਤਾ ਪਰ ਹੁਣ ਇੱਕ ਸਾਲ ਮੁਕੰਮਲ ਹੋਣ ਤੋਂ ਉਪਰੰਤ ਜਨਤਾ ਅਤੇ ਸੁਆਮੀ ਰਾਮਦੇਵ ਉਸ ਕਾਲੇ ਧਨ ਬਾਰੇ ਮੋਦੀ ਸਰਕਾਰ ਤੋਂ ਜਾਣਕਾਰੀ ਮੰਗਣਾ ਚਾਹੁੰਦੇ ਹਨ ਕਿ ਸਾਨੂੰ ਕਾਲੇ ਧਨ ਵਿੱਚੋਂ ਉਹ 15-15 ਲੱਖ ਰੁਪਏ ਕਦੋਂ ਮਿਲਣਗੇ ਜਿਨ੍ਹਾਂ ਦਾ ਵਾਅਦਾ ਤੁਸੀਂ ਸਾਡੇ ਨਾਲ ਕੀਤਾ ਸੀ?
ਇਸ ਤੋਂ ਪਹਿਲਾਂ ਕਿ ਸੁਆਮੀ ਰਾਮਦੇਵ, ਜਨਤਾ ਦੀ ਨਾਰਾਜਗੀ ਨੂੰ ਆਪਣੇ ਹੱਕ ਵਿੱਚ ਭੁਗਤਾ ਜਾਵੇ, ਮੋਦੀ ਸਰਕਾਰ ਨੇ ਸੁਆਮੀ ਦਾ ‘ਯੋਗ’ ਗੁਰੂ ਹੋਣ ਵਾਲਾ ਅਧਿਕਾਰ ਹੀ ਖ਼ਤਮ ਕਰਨ ਦੀ ਸੋਚ ਲਈ ਭਾਵ ‘ਯੋਗ’ ਨੂੰ ਹਿੰਦੂ ਰਾਸਟ੍ਰ ਸੰਪਤੀ ਘੋਸ਼ਿਤ ਕਰਕੇ ਦੇਸ਼-ਵਿਦੇਸ਼ ਦੀ ਜਨਤਾ ਦਾ ਧਿਆਨ ‘ਯੋਗ’ ਵੱਲ ਆਕਰਸ਼ਣ ਕਰਨ ਦਾ ਮਨ ਬਣਾ ਲਿਆ ਹੈ। ਰਾਜਨੀਤਕ ਲੋਕ, ਜਨਤਾ ਦੀ ਨਬਜ਼ ਨੂੰ ਭਲੀਭਾਂਤ ਪਹਿਚਾਣਦੇ ਹੁੰਦੇ ਹਨ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਜਿੱਥੇ ਸੁਆਮੀ ਵਰਗਿਆਂ ਦਾ ਮੂੰਹ ਬੰਦ ਕਰਵਾਇਆ ਜਾ ਸਕਦਾ ਹੈ ਉੱਥੇ ਭਾਰਤ ਦੀ ਜਨਤਾ ਦਾ ਧਿਆਨ ਵੀ ਅਸਲੀ ਮੁੱਦੇ ਤੋਂ ਹਟਾ ਕੇ ਧਰਮ ਦੇ ਨਾਂ ’ਤੇ ਭਾਵਕ (ਜਜ਼ਬਾਤੀ) ਕੀਤਾ ਜਾ ਸਕਦਾ ਹੈ।
ਉਕਤ ਸੋਚ ਅਧੀਨ ਉਠਾਇਆ ਗਿਆ ‘ਯੋਗ’ ਦਾ ਮੁੱਦਾ ਅੱਜ ਕੱਲ ਹਰ ਭਾਰਤੀ ਦੇ ਦਿਮਾਗ਼ ਅੰਦਰ ਗੂੰਜ ਰਿਹਾ ਹੈ। 15-15 ਲੱਖ ਦਾ ਲਾਲਚ ਤੇ ਭ੍ਰਿਸ਼ਟਾਚਾਰ ਵਿਰੁਧ ਆਵਾਜ਼ (ਰਾਜਸਥਾਨ ਦੀ ਮੁੱਖ ਮੰਤ੍ਰੀ ਬੀਬੀ ਵਸੁੰਧਰਾ ਰਾਜੇ ਤੇ ਵਿਦੇਸ ਮੰਤ੍ਰੀ ਬੀਬੀ ਸੁਸ਼ਮਾ ਸਵਰਾਜ ਦੇ ਲਲਤ ਮੋਦੀ ਵਰਗੇ ਭਰਿਸ਼ਟ ਵਿਅਕਤੀਆਂ ਨਾਲ ਸੰਬੰਧ), ਸ਼ਾਇਦ ‘ਯੋਗ’ ਦੇ ਮੁਕਾਬਲੇ ਕੁਝ ਸਮੇਂ ਤੱਕ ਹੋਰ ਪਿੱਛੇ ਰਹਿ ਸਕਦੇ ਹਨ। ‘ਯੋਗ’ ਨੂੰ ਕਿਸੇ ਵਿਸ਼ੇਸ਼ ਧਰਮ ਨਾਲ ਜੋੜਨ ਵਾਲੀ ਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਹੀ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਵੀ ਸ਼ੰਕਾ ਜਤਾਈ ਗਈ ਹੈ। ਵੀਚਾਰਨ ਵਾਲਾ ਵਿਸ਼ਾ ਇਹ ਹੈ ਕਿ ਵਰਤਮਾਨ ਸਮੇਂ ਦੀ ਭੱਜ-ਦੋੜ ਭਰੀ ਜ਼ਿੰਦਗੀ ਵਿੱਚ ‘ਯੋਗ’ ਕਰਨ ਨਾਲ ਕਿੰਨਾ ਕੁ ਲਾਭ ਪ੍ਰਾਪਤ ਹੋ ਸਕਦਾ ਹੈ?
ਬਾਕੀ ਜੂਨਾਂ ਦੇ ਮੁਕਾਬਲੇ ਮਨੁੱਖ ਨੇ ਆਪਣੀ ਜ਼ਿੰਦਗੀ ਨੂੰ ਜ਼ਿਆਦਾ ਸੰਘਰਸ਼ਮਈ ਬਣਾ ਲਿਆ ਹੈ, ਜਿਸ ਕਾਰਨ ਇਸ ਨੂੰ ਸਰੀਰਕ ਤੇ ਮਾਨਸਿਕ ਰੋਗ ਬਾਕੀ ਜੂਨਾਂ ਦੇ ਮੁਕਾਬਲੇ ਵਧੇਰੇ ਪ੍ਰਭਾਵਤ ਕਰ ਰਹੇ ਹਨ। ਅਜੋਕੇ ਸਮੇਂ ਵਿੱਚ ਜਿਤਨੇ ਹਸਪਤਾਲਾਂ ਦੀ ਜ਼ਰੂਰਤ ਮਨੁੱਖੀ ਰੋਗਾਂ ਲਈ ਬਣ ਗਈ ਹੈ ਉਤਨੇ ਹਸਪਤਾਲ ਪਸ਼ੂ-ਪੰਛੀਆਂ ਲਈ ਬਣਾਉਣ ਦੀ ਜ਼ਰੂਰਤ ਨਹੀਂ ਪਈ ਹੈ। ਮਨੁੱਖ ਨੇ ਹੋਮਿਓਪੈਥੀ (ਜਰਮਨੀ ਦੇ ਡਾਕਟਰ ਹਨੀਮੈਨ ਦੁਆਰਾ ਕੀਤੀ ਗਈ ਬਿਮਾਰੀਆਂ ਪ੍ਰਤੀ ਖੋਜ ਭਰਪੂਰ ਦਵਾ), ਅੰਗ੍ਰੇਜ਼ੀ ਦਵਾ (ਐਲੋਪੈਥਿਕ), ਆਯੁਰਵੈਦਿਕ, ਜਨਾਨ ਦਵਾ (ਜੜ੍ਹੀ-ਬੁਟੀ ਨਾਲ ਤਿਆਰ ਕੀਤੀ ਦਵਾ) ਆਦਿ ਅਨੇਕਾਂ ਰੋਗ-ਨਿਰੋਧਕ ਦਵਾਈਆਂ ਦੀ ਕਾਢ ਕੱਢੀ। ਇਸ ਦੇ ਬਾਵਜੂਦ ਵੀ ਮਨੁੱਖ ਨੂੰ ਰੋਗ-ਮੁਕਤ ਨਹੀਂ ਕਿਹਾ ਜਾ ਸਕਦਾ।
ਮਨੁੱਖ ਦੀ ਬਿਮਾਰੀ ਦੇ ਇਲਾਜ ਨੂੰ ਮੋਟੇ ਤੌਰ ’ਤੇ ਤਿੰਨ ਭਾਗਾਂ ਵਿੱਚ ਵੰਡ ਕੇ ਵੀਚਾਰਿਆ ਜਾ ਸਕਦਾ ਹੈ:
(1). ਸਰੀਰਕ ਕਸਰਤ (ਵਰਜ਼ਸ਼) ਭਾਵ ਸਰੀਰਕ ਵਿਕਾਸ ਲਈ ਕੀਤਾ ਗਿਆ ਅਭਿਆਸ; ਜਿਵੇਂ: ਭੱਜ-ਦੌੜ, ਕੁਸ਼ਤੀ, ਖੇਡਾਂ ਆਦਿ, ਜਿਸ ਨਾਲ ਮਨੁੱਖਾ ਸਰੀਰ ਜ਼ਰੂਰਤ ਤੋਂ ਜ਼ਿਆਦਾ ਮੋਟਾ ਨਹੀਂ ਹੋ ਸਕਦਾ।
(2). ਸੁਆਸ ਕਿਰਿਆ ਨੂੰ ਤੇਜ ਜਾਂ ਧੀਮੀ ਕਰਨਾ (ਪ੍ਰਾਣਾਯਾਮ) ਭਾਵ ਸੁਆਸ ਤੇ ਭੋਜਨ ਨਲੀਆਂ ’ਚ ਆਈ ਰੁਕਾਵਟ (ਵਧੇਰੇ ਕੈਲਰੀਜ) ਨੂੰ ਸੁਆਸ ਸ਼ਕਤੀ ਰਾਹੀਂ, ਪਾਚਨ ਸ਼ਕਤੀ (ਖਾਣਾ ਹਜ਼ਮ) ’ਚ ਤਬਦੀਲ ਕਰਨਾ।
(3). ਬੁਧੀ ਨੂੰ ਸਥਿਰ ਕਰਨਾ ਭਾਵ ਭੂਤਕਾਲ ਦੀਆਂ ਯਾਦਾਂ ਤੇ ਭਵਿੱਖਕਾਲ ਦੀਆਂ ਚਿੰਤਾਵਾਂ ਤੋਂ ਆਜ਼ਾਦ ਹੋ ਕੇ ਵਰਤਮਾਨ ਵਿੱਚ ਜੀਵਨ ਬਸਰ ਕਰਨਾ: ‘‘ਵਰਤਮਾਨ ਵਿਚਿ ਵਰਤਦਾ, ਹੋਵਣਹਾਰ ਸੋਈ ਪਰਵਾਣਾ।’’ ਭਾਈ ਗੁਰਦਾਸ ਜੀ (ਵਾਰ ੧੮ ਪਉੜੀ ੨੧) ਭਾਵ ਵਰਤਮਾਨ (ਸ਼ਾਂਤੀ) ਵਿੱਚ ਜੀਵਨ ਬਸਰ ਕਰਨ ਵਾਲੇ ਲਈ ਜੋ ਦੁੱਖ-ਸੁਖ ਵਾਲਾ ਹੁਕਮ ਰੱਬ ਜੀ ਵੱਲੋਂ ਆਉਂਦਾ ਹੈ ਉਹੀ ਉਸ ਨੂੰ ਪ੍ਰਵਾਨ ਹੁੰਦਾ ਹੈ।
ਉਪਰੋਕਤ ਨੰਬਰ 1 ਤੇ 2 ਪ੍ਰਕਾਰ ਦੀਆਂ ਯੁਕਤੀਆਂ ਕੇਵਲ ਮਨੁੱਖਾ ਸਰੀਰਕ ਹੋਂਦ ਤੱਕ ਹੀ (ਕੁਝ ਹੱਦ ਤੱਕ) ਮਦਦਗਾਰ ਬਣ ਸਕਤੀਆਂ ਹਨ ਜਦਕਿ ਨੰਬਰ 3 ਵਾਲੀ ਕਸਰਤ ਜੀਵਨ ਦੇ ਆਦਿ ਅੰਤ ਤੱਕ ਸਹਾਈ ਹੁੰਦੀ ਹੈ। ਨੰਬਰ 3 ਵਾਲੀ ਕਸਰਤ ਤੋਂ ਬਿਨਾ ਉਕਤ ਦੋਵੇਂ ਕਸਰਤਾਂ ਵੀ ਸਥਾਈ ਇਲਾਜ ਨਹੀਂ ਹਨ ਭਾਵ ਜਦ ਤੱਕ ਕਸਰਤ ਕੀਤੀ ਗਈ ਕੁਝ ਆਰਾਮ ਮਿਲਦਾ ਹੈ, ਉਸ ਤੋਂ ਉਪਰੰਤ ਨਹੀਂ।
ਨੰਬਰ 3 ਵਾਲੀ ਵਰਜ਼ਸ਼ ਰਾਹੀਂ ਬਣੀ ਵੀਚਾਰਾਂ ’ਚ ਸ਼ਾਂਤੀ ਰਾਹੀਂ ਮਨੁੱਖ ਅਧਿਆਤਮਕ ਸ਼ਕਤੀ ਨਾਲ ਇਤਨਾ ਬਲਵਾਨ ਬਣ ਜਾਂਦਾ ਹੈ ਕਿ ਉਸ ਨੂੰ ਮਨੁੱਖਾ ਸਰੀਰ ਰਾਹੀਂ ਬੰਦ-ਬੰਦ ਕਟਵਾਉਂਦਿਆਂ, ਤੱਤੀ ਤਵੀ ’ਤੇ ਬੈਠਿਆਂ, ਸੀਸ ਆਰੇ ਨਾਲ ਚੀਰਿਆਂ, ਅੱਗ ਵਿੱਚ ਸਾੜਿਆਂ ਆਦਿ ਸਰੀਰਕ ਦੁੱਖ-ਤਕਲੀਫ਼ਾਂ ਵਿੱਚ ਵੀ ਸਰੀਰਕ ਪੀੜਾ ਮਹਿਸੂਸ ਨਹੀਂ ਹੁੰਦੀ ਜਦਕਿ ਨੰਬਰ 1 ਤੇ 2 ਵਾਲੀ ਕਸਰਤ ਕਰਨ ਦੇ ਬਾਵਜੂਦ ਵੀ ਮਨੁੱਖ ਆਤਮ ਹੱਤਿਆ ਕਰਦੇ ਵੇਖੇ ਗਏ ਹਨ, ਜੋ ਜ਼ਿੰਦਗੀ ਦੀ ਸੰਘਰਸ਼ਮਈ ਜੰਗ ਹਾਰ ਚੁੱਕੇ ਮੰਨੇ ਜਾ ਸਕਦੇ ਹਨ। ‘ਯੋਗ’ ਗੁਰੂ ਸੁਆਮੀ ਰਾਮਦੇਵ ਜੀ ਖੁਦ 2014 ’ਚ ਔਰਤਾਂ ਵਾਲੇ ਕਪੜੇ ਪਹਿਨ ਕੇ ਅਤੇ ਔਰਤਾਂ ਵਿੱਚ ਛੁਪ ਕੇ ਭੱਜਣਾ ਚਾਹੁੰਦਾ ਸੀ ਭਾਵ ‘ਯੋਗ’ ਨਾਲ ਨਿਡਰਤਾ ਨਹੀਂ ਆ ਸਕਦੀ।
ਖ਼ਾਲੀ ਪੇਟ ਆਂਦਰਾਂ ਦੀ ਵਰਜ਼ਸ਼ ਕਰਨ ਨੂੰ ਨਿਵਲੀ ਕਰਮ ਕਿਹਾ ਜਾਂਦਾ ਹੈ। ਗੁਰੂ ਅਰਜੁਨ ਸਾਹਿਬ ਜੀ ਕੋਲ ਇੱਕ ਨਿਤਾ ਪ੍ਰਤੀ ਪ੍ਰਾਣਾਯਾਮ ਕਰਨ ਵਾਲਾ ਪੰਡਿਤ ਆਇਆ, ਜਿਸ ਨੇ ਆਪਣੇ ਮਨ ਦੀ ਪੀੜਾ ਗੁਰੂ ਜੀ ਅੱਗੇ ਇਉਂ ਬਿਆਨ ਕੀਤੀ: ‘‘ਪਾਠੁ ਪੜਿਓ ਅਰੁ ਬੇਦੁ ਬੀਚਾਰਿਓ, ਨਿਵਲਿ ਭੁਅੰਗਮ ਸਾਧੇ ॥ ਪੰਚ ਜਨਾ ਸਿਉ ਸੰਗੁ ਨ ਛੁਟਕਿਓ, ਅਧਿਕ ਅਹੰਬੁਧਿ ਬਾਧੇ ॥’’ (ਮ: ੫/੬੪੨) ਭਾਵ ਵੇਦ ਮੰਤਰਾਂ ਦੇ ਪਾਠ ਵੀ ਕੀਤੇ ਵੀਚਾਰ ਗੋਸਟੀਆਂ ਵੀ ਕੀਤੀਆਂ ਪੇਟ ਨੂੰ ਸੱਪ ਵਾਙ ਘੁਮਾ ਘੁਮਾ ਕੇ ਨਿਵਲੀ ਕਰਮ ਵੀ ਕੀਤੇ ਪਰ ਇਸ ਦੇ ਬਾਵਜੂਦ ਵੀ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਆਦਿ ਵੈਰੀਆਂ ਨੇ ਸਾਥ ਨਹੀਂ ਛੱਡਿਆ ਸਗੋਂ ਪਹਿਲਾਂ ਨਾਲੋਂ ਵੀ ਵਧੀਕ ਅਹੰਕਾਰ ਵਿੱਚ ਇਹ ਸੋਚ ਕੇ ਫਸ ਗਏ ਕਿ ਅਸੀਂ ਦੁਨੀਆਦਾਰੀ ਮਨੁੱਖਾਂ ਤੋਂ ਵਿਸ਼ੇਸ਼ ਹਾਂ।
ਦਰਅਸਲ, ਪ੍ਰਾਣਾਯਾਮ ਦਾ ਸੰਬੰਧ ਸਰੀਰਕ ਅਰੋਗਤਾ ਨਾਲ ਹੈ ਨਾ ਕਿ ਮਨ ਦੀ ਸ਼ਾਂਤੀ ਨਾਲ, ਇਸ ਲਈ ਉਪਰੋਕਤ ਪੰਜੇ ਕਾਮਾਦਿਕ (ਵਿਕਾਰ) ਸ਼ਾਂਤ ਨਹੀਂ ਹੋਏ, ਜਿਨ੍ਹਾਂ ਦਾ ਇਲਾਜ (ਸ਼ਾਂਤ) ਕਰਨ ਲਈ ਮਨ ਦਾ ਸ਼ਾਂਤ ਹੋਣਾ ਜ਼ਰੂਰੀ ਸੀ, ਸਥਿਰ ਹੋਣਾ ਜ਼ਰੂਰੀ ਸੀ। ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਨ (ਬੁਧੀ) ਦੀ ਸਥਿਰਤਾ ਦੀ ਘਾਟ ਨੂੰ ਇਉਂ ਬਿਆਨ ਕਰ ਰਹੇ ਹਨ: ‘‘ਬਹੁਤੁ ਜਨਮ ਭਰਮਤ ਤੈ ਹਾਰਿਓ, ਅਸਥਿਰ ਮਤਿ ਨਹੀ ਪਾਈ ॥ ਮਾਨਸ ਦੇਹ ਪਾਇ ਪਦ ਹਰਿ ਭਜੁ, ਨਾਨਕ ! ਬਾਤ ਬਤਾਈ ॥’’ (ਮ: ੯/੬੩੨) ਭਾਵ ਮਨ ਦੀ ਸਥਿਰਤਾ ਲਈ ਮਨੁੱਖਾ ਜਨਮ ਰਾਹੀਂ ਹਰੀ ਦੀ ਬੰਦਗੀ ਕਰਨੀ ਹੈ, ਜੋ ਮਨੁੱਖ ਨੇ ਨਹੀਂ ਕੀਤੀ ਇਸ ਲਈ ਗੁਰੂ ਜੀ ਫ਼ੁਰਮਾ ਰਹੇ ਹਨ ਕਿ ਹੇ ਭਾਈ! ਬਹੁਤ ਜਨਮ (ਭੂਤਕਾਲ ਦੀਆਂ ਯਾਦਾਂ ਤੇ ਭਵਿੱਖਕਾਲ ਦੀਆਂ ਚਿੰਤਾਵਾਂ ’ਚ) ਡੋਲਣ ਕਾਰਨ ਤੈਂ ਮਨ ਦੀ (ਵਰਤਮਾਨ ’ਚ ਵਿਚਰਨ ਵਾਲੀ) ਸਥਿਰਤਾ ਪ੍ਰਾਪਤ ਨਹੀਂ ਕੀਤੀ।
ਗੁਰੂ ਅਰਜੁਨ ਸਾਹਿਬ ਜੀ ਹੋਰ ਸਪਸ਼ਟ ਕਰਦੇ ਬਿਆਨ ਕਰ ਰਹੇ ਹਨ ਕਿ ਹੇ ਜੋਗੀ! ਬੇਸ਼ੱਕ ਤੂੰ ਪੇਟ ਦੀਆਂ ਆਂਦਰਾਂ ਨੂੰ ਘੁਮਾ ਜਾਂ ਆਪਣੇ ਫਿਰਕੇ ਦੇ ਮੰਨੇ ਜਾਂਦੇ ਸ਼੍ਰੇਸਟ 84 ਆਸਣ ਲਗਾ ਕੇ ਬੈਠ ਜਾ, ਇਸ ਤਰ੍ਹਾਂ ਕਰਨ ਨਾਲ ਜ਼ਿੰਦਗੀ ਅਜਾਈਂ ਜਾ ਸਕਦੀ ਹੈ ਪਰ ਮਨ ਦੀ ਸਥਿਰਤਾ (ਸ਼ਾਂਤੀ) ਪ੍ਰਾਪਤ ਨਹੀਂ ਹੁੰਦੀ: ‘‘ਨਿਵਲੀ ਕਰਮ ਆਸਨ ਚਉਰਾਸੀਹ, ਇਨ ਮਹਿ ਸਾਂਤਿ ਨ ਆਵੈ ਜੀਉ ॥’’ (ਮ: ੫/੯੮)
ਸੋ, ‘ਯੋਗ’ ਰਾਹੀਂ ਕੀਤਾ ਗਿਆ ਜੀਵਨ ਆਰੋਗ ਵਾਲਾ ਪ੍ਰਚਾਰ ਕੇਵਲ ਰਾਜਨੀਤਿਕ ਸਟੰਟ ਹੈ, ਜੋ ਜਨਤਾ ਦਾ ਧਿਆਨ ਉਨ੍ਹਾਂ ਦੇ ਸਮਾਜਿਕ ਮੁੱਦਿਆਂ ਤੋਂ ਕੁਝ ਸਮੇਂ ਤੱਕ ਹਟਾਉਣ ਲਈ ਵਰਤਿਆ ਜਾ ਰਿਹਾ ਹੈ। ਜਨਤਾ ਨੂੰ ਰਾਜਨੀਤਿਕ ਸੋਚ ਪ੍ਰਤੀ ਜਾਗਰੂਕ (ਸੁਚੇਤ) ਹੋਣ ਜੀ ਜ਼ਰੂਰਤ ਹੈ ਅਤੇ ਹਮੇਸ਼ਾਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਰੱਖਣੀ ਚਾਹੀਦੀ ਹੈ।
ਇਹ ਵੀ ਹੋ ਸਕਦਾ ਹੈ ਬਿਮਾਰੀਆਂ ਅਤੇ ਮਹਿਗਾਈ ਦੀ ਮਾਰ ਝੱਲ ਰਹੀ ਜਨਤਾ ਕੁਝ ਸਮੇਂ ਲਈ ਇਸ ‘ਯੋਗ’ ਰਾਹੀਂ ਸੰਤੁਸਟੀ ਮਹਿਸੂਸ ਕਰ ਵੀ ਲਵੇ ਪਰ ਦੀਰਘ ਕਾਲ ਇਸ ਦਾ ਨਤੀਜਾ ਮਨੁੱਖਾ ਜੀਵਨ (ਸ਼ਾਂਤੀ) ਲਈ ਮਦਦਗਾਰ ਨਹੀਂ ਬਣ ਸਕਦਾ ਕਿਉਂਕਿ ਮਨੁੱਖ ਦੀ ਮੰਜ਼ਲ ਸਰੀਰਕ ਅਰੋਗਤਾ ਨਹੀਂ ਬਲਕਿ ਮਨ ਦੀ ਸ਼ਾਂਤੀ ਹੈ, ਸਥਿਰਤਾ ਹੈ।