ਅੰਮ੍ਰਿਤ ਅਤੇ ਇਸ ਦੀਆਂ ਬਰਕਤਾਂ

0
875

ਅੰਮ੍ਰਿਤ ਅਤੇ ਇਸ ਦੀਆਂ ਬਰਕਤਾਂ

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ,ਹੈਡਮਾਸਟਰ (ਸੇਵਾ ਮੁਕਤ)

   105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-99155-15436

ੴ ਸਤਿ ਗੁਰ ਪ੍ਰਸਾਦਿ

ਅੰਮ੍ਰਿਤ ਇੱਕ ਪ੍ਰਣ ਹੈ, ਜੋ ਸਿੱਖ ਨੇ ਆਪਣੇ ਗੁਰੂ ਨਾਲ ਕਰਨਾ ਹੁੰਦਾ ਹੈ। ਇਸ ਪ੍ਰਣ ਦੀ ਕਿੰਨੀ ਮਹਾਨਤਾ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਦਾ ਹੈ ਕਿ ਇਹ ਪ੍ਰਣ ਗੁਰੂ ਗੋਬਿੰਦ ਸਿਘ ਜੀ ਨੇ ਖ਼ੁਦ 1699 ਦੀ ਵਿਸਾਖੀ ਵਾਲੇ ਦਿਨ ਪੰਜਾਂ ਪਿਆਰਿਆਂ ਦੇ ਸਾਹਮਣੇ ਕੀਤਾ ਸੀ। ਅਸਲ ਵਿੱਚ ਇਹ ਪ੍ਰਣ ਸੰਪੂਰਨ ਮਨੁੱਖ ਦੀ ਘਾੜਤ ‘ਖ਼ਾਲਸਾ’ ਹੈ। ਕਈ ਵਾਰ ਅਸੀਂ ਆਪਣੇ ਮਨ ਵਿੱਚ ਹੀ ਕਿਸੇ ਗੱਲ ਦੀ ਦ੍ਰਿੜ੍ਹਤਾ ਲਈ ਪ੍ਰਣ ਕਰ ਬੈਠਦੇ ਹਾਂ ਭਾਵੇਂ ਕਿ ਬਹੁਤ ਵਾਰੀ ਉਹ ਪ੍ਰਣ ਨਿਭਦਾ ਨਹੀਂ, ਪਰ ਕਿਸੇ ਮਹਾਨ ਸ਼ਖ਼ਸੀਅਤ ਦੇ ਸਾਹਮਣੇ ਕੀਤੇ ਹੋਏ ਪ੍ਰਣ ਦੇ ਨਿਭਣ ਦੀ ਆਸ ਬੱਝ ਜਾਂਦੀ ਹੈ। ਜੋ ਪ੍ਰਣ ਪੰਜਾਂ ਪਿਆਰਿਆਂ ਨੇ ਗੁਰੂ ਸਾਹਿਬ ਦੇ ਸਾਹਮਣੇ ਕੀਤਾ, ਉਹ ਪ੍ਰਣ ਅੱਜ ਹਰ ਸਿੱਖ ਅੰਮ੍ਰਿਤਪਾਨ ਕਰਨ ਸਮੇਂ ਗੁਰੂ ਦੇ ਸਾਹਮਣੇ ਕਰਦਾ ਹੈ। ਇਹ ਪ੍ਰਣ ਹੈ ‘ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਹਰ ਪ੍ਰਕਾਰ ਦੇ ਨਸ਼ੇ ਤੋਂ ਬਚਣਾ, ਪਰ ਇਸਤਰੀ ਜਾਂ ਪਰ ਪੁਰਸ਼ ਦਾ ਸੰਗ ਨਹੀਂ ਕਰਨਾ ਅਤੇ ਕੁੱਠਾ-ਹਲਾਲ ਨਹੀਂ ਖਾਣਾ’।

ਵੈਸੇ ਅੰਮ੍ਰਿਤ ਸ਼ਬਦ ਗੁਰਬਾਣੀ ਵਿੱਚ ਬਹੁ-ਅਰਥੀ ਸ਼ਬਦਾਂ ਲਈ ਵਰਤਿਆ ਗਿਆ ਹੈ। ਇਹ ਸ਼ਬਦ ਭੋਜਨ ਲਈ ਵੀ ਹੈ; ਜਿਵੇਂ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਫ਼ੁਰਮਾਉਂਦੇ ਹਨ ‘‘ਜਿਹ ਪ੍ਰਸਾਦਿ; ਛਤੀਹ ਅੰਮ੍ਰਿਤ ਖਾਹਿ   ਤਿਸੁ ਠਾਕੁਰ ਕਉ ਰਖੁ ਮਨ ਮਾਹਿ ’’ (ਮਹਲਾ /੨੬੯) ਇੱਥੇ ਅੰਮ੍ਰਿਤ ਦਾ ਅਰਥ ਹੈ ‘ਛਤੀ ਪ੍ਰਕਾਰ ਦੇ ਸੁਆਦਲੇ ਭੋਜਨ’। ਦੁੱਧ ਵਾਸਤੇ ਵੀ ਗੁਰਬਾਣੀ ਵਿੱਚ ਸ਼ਬਦ ਅੰਮ੍ਰਿਤ ਵਰਤਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਗੂਜਰੀ ਰਾਗ ਵਿੱਚ ਫ਼ੁਰਮਾਉਂਦੇ ਹਨ : ‘‘ਪਸੂ ਮਿਲਹਿ ਚੰਗਿਆਈਆ; ਖੜੁ ਖਾਵਹਿ ਅੰਮ੍ਰਿਤੁ ਦੇਹਿ ’’ (ਮਹਲਾ /੪੮੯) ਗੁਰੂ ਸਾਹਿਬ ਕਹਿੰਦੇ ਹਨ ਕਿ ਪਸ਼ੂ ਨੂੰ ਸੁੱਕੇ ਕੱਖ ਪਾਈਏ ਤਾਂ ਵੀ ਉਹ ਦੁੱਧ ਰੂਪੀ ਅੰਮ੍ਰਿਤ ਦਿੰਦਾ ਹੈ। ਗੁਰਬਾਣੀ ਵਿੱਚ ਚੰਦਨ ਵਾਸਤੇ ਵੀ ਅੰਮ੍ਰਿਤ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਭਗਤ ਰਵੀਦਾਸ ਜੀ ਦੇ ਬਚਨ ਹਨ ‘‘ਮੈਲਾਗਰ ਬੇਰ੍ਹੇ ਹੈ ਭੁਇਅੰਗਾ   ਬਿਖੁ ਅੰਮ੍ਰਿਤੁ; ਬਸਹਿ ਇਕ ਸੰਗਾ ’’ (ਭਗਤ ਰਵਿਦਾਸ/੫੨੫) ਬਿਖੁ ਸ਼ਬਦ ਸੱਪ ਲਈ ਵਰਤਿਆ ਗਿਆ ਹੈ ਅਤੇ ਅੰਮ੍ਰਿਤ ਸ਼ਬਦ ਚੰਦਨ ਦੀ ਲਕੜ ਲਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅੰਮ੍ਰਿਤ ਸ਼ਬਦ ਪ੍ਰਭੂ ਦੇ ਨਾਮ-ਜਲ ਲਈ ਵੀ ਵਰਤਿਆ ਗਿਆ ਹੈ ‘‘ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ; ਕਾਮੁ ਕ੍ਰੋਧ ਲੋਭੁ ਮੋਹੁ ਅੰਧਕਾਰਾ ਅੰਮ੍ਰਿਤੁ ਲੂਟਹਿ, ਮਨਮੁਖ ਨਹੀ ਬੂਝਹਿ; ਕੋਇ ਸੁਣੈ ਪੂਕਾਰਾ ’’ (ਮਹਲਾ /੬੦੦)

ਅੰਮ੍ਰਿਤ ਸ਼ਬਦ ਕਾਇਆ (ਸਰੀਰ) ਨੂੰ ਸੰਬੋਧਨ ਕਰਕੇ ਵੀ ਵਰਤਿਆ ਹੈ, ਜੋ ਆਪਣੇ ਆਪ ਨੂੰ ਅਮਰ ਸਮਝ ਕੇ ਸੁਖ ਮਾਨਣ ’ਚ ਲੱਗੀ ਰਹਿੰਦੀ ਹੈ। ਗੁਰਬਾਣੀ ਦਾ ਫ਼ੁਰਮਾਨ ਹੈ ‘‘ਅੰਮ੍ਰਿਤ ਕਾਇਆ ਰਹੈ ਸੁਖਾਲੀ; ਬਾਜੀ ਇਹੁ ਸੰਸਾਰੋ ’’ (ਮਹਲਾ /੧੫੪)

ਸੋ ਅੰਮ੍ਰਿਤ ਦਾ ਅਰਥ ਭੋਜਨ ਵੀ ਹੈ, ਦੁਧ ਵੀ ਹੈ, ਨਾਮ-ਧਨ ਵੀ ਹੈ। ਬਾਣੀ ਵਾਸਤੇ ਵੀ ਸ਼ਬਦ ਅੰਮ੍ਰਿਤ ਆਇਆ ਹੈ ‘‘ਅੰਮ੍ਰਿਤੁ ਤੇਰੀ ਬਾਣੀਆ   ਤੇਰਿਆ ਭਗਤਾ ਰਿਦੈ ਸਮਾਣੀਆ ’’ (ਮਹਲਾ /੭੨) ਇਕੱਲੀ ਬਾਣੀ ਹੀ ਅੰਮ੍ਰਿਤ ਨਹੀਂ, ਪ੍ਰਮਾਤਮਾ ਦਾ ਨਾਮ ਵੀ ਅੰਮ੍ਰਿਤ ਹੈ। ਗੁਰੂ ਅਰਜਨ ਦੇਵ ਜੀ ਦੇ ਬਚਨ ਹਨ ‘‘ਅੰਮ੍ਰਿਤ ਨਾਮੁ ਪਰਮੇਸਰੁ ਤੇਰਾ; ਜੋ ਸਿਮਰੈ ਸੋ ਜੀਵੈ ’’ (ਮਹਲਾ /੬੧੬) ਅਤੇ ‘‘ਅੰਮ੍ਰਿਤੁ ਨਾਮੁ ਨਿਧਾਨੁ ਹੈ; ਮਿਲਿ ਪੀਵਹੁ ਭਾਈ  ! ’’ (ਮਹਲਾ /੩੧੮)

ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਇਸ ਅੰਮ੍ਰਿਤ ਦਾ ਟਿਕਾਣਾ ਤਾਂ ਮਨੁੱਖ ਦੇ ਸਰੀਰ ਵਿੱਚ ਹੀ ਹੈ । ਆਪ ਜੀ ਦੇ ਬਚਨ ਹਨ ‘‘ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ   ਦੇਹੀ ਮਹਿ ਇਸ ਕਾ ਬਿਸ੍ਰਾਮੁ ’’ (ਮਹਲਾ /੨੯੩) ਮਨੁੱਖ ਦੇ ਅੰਦਰ ਹੀ ਅੰਮ੍ਰਿਤ ਦਾ ਸਰੋਵਰ ਹੈ ਭਾਵੇਂ ਉਹ ਗੁਰਮੁਖ ਹੋਵੇ ਜਾਂ ਮਨੁਮੁਖ, ਪਰ ਇਹ ਗੱਲ ਵਖਰੀ ਹੈ ਕਿ ਮਨਮੁਖਾਂ ਨੇ ਉਸ ਅੰਮ੍ਰਿਤ ਦਾ ਰਸ ਨਹੀਂ ਜਾਣਿਆ; ਜਿਵੇਂ ਮਿਰਗ ਨੂੰ ਆਪਣੇ ਅੰਦਰ ਛੁਪੀ ਹੋਈ ਕਸਤੂਰੀ ਦਾ ਪਤਾ ਨਹੀਂ ਲਗਦਾ, ਜਿਸ ਲਈ ਉਹ ਬਾਹਰ ਭਟਕਦਾ ਫਿਰਦਾ ਹੈ ‘‘ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ; ਮਨਮੁਖਾ ਸਾਦੁ ਪਾਇਆ   ਜਿਉ ਕਸਤੂਰੀ ਮਿਰਗੁ ਜਾਣੈ; ਭ੍ਰਮਦਾ ਭਰਮਿ ਭੁਲਾਇਆ ’’ (ਮਹਲਾ /੬੪੪)

ਅੰਮ੍ਰਿਤ ਦਾ ਟਿਕਾਣਾ ਕਿੱਥੇ ਹੈ ਅਤੇ ਇਸ ਦੀ ਸੋਝੀ ਕਿਵੇਂ ਪੈਂਦੀ ਹੈ? ਇਸ ਪਰਥਾਇ ਗੁਰੂ ਅੰਗਦ ਦੇਵ ਜੀ ਫ਼ੁਰਮਾਉਂਦੇ ਹਨ ‘‘ਨਾਨਕ ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ ’’ (ਮਹਲਾ /੧੨੩੮) ਮਨ ਵਿਚਲਾ ਅੰਮ੍ਰਿਤ ਹਿਰਦੇ ਨੂੰ (ਸ਼ੁਭ ਗੁਣਾਂ ਨਾਲ) ਪਵਿੱਤਰ ਕਰਕੇ, ਮਨ ਨੂੰ ਭਟਕਣ ਤੋਂ ਰੋਕ ਕੇ, ਸਰੀਰ ਰੂਪੀ ਭਾਂਡੇ ਨੂੰ ਸਾਫ਼ ਕਰਕੇ ਪ੍ਰਾਪਤ ਹੁੰਦਾ ਹੈ। ਸਭ ਕੁਝ ਕਰਦਿਆਂ ਹੋਇਆਂ ਮਾਇਆ (ਸੰਸਾਰ ਦੇ ਪਦਾਰਥਾਂ ਦਾ ਮੋਹ) ਤੋਂ ਪੂਰੀ ਤਰ੍ਹਾਂ ਬਚ ਕੇ ਰਹਿਣਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਭਾਂਡਾ ਧੋਇ ਬੈਸਿ ਧੂਪੁ ਦੇਵਹੁ; ਤਉ ਦੂਧੈ ਕਉ ਜਾਵਹੁ   ਦੂਧੁ ਕਰਮ ਫੁਨਿ ਸੁਰਤਿ ਸਮਾਇਣੁ; ਹੋਇ ਨਿਰਾਸ ਜਮਾਵਹੁ   ਜਪਹੁ , ਏਕੋ ਨਾਮਾ   ਅਵਰਿ ਨਿਰਾਫਲ ਕਾਮਾ ਰਹਾਉ ’’ (ਮਹਲਾ /੭੨੮) ਨਾਮ ਅੰਮ੍ਰਿਤ ਦੀ ਦਾਤ ਨੂੰ ਵੱਡੇ ਵੱਡੇ ਦੇਵਤੇ ਵੀ ਲੋਚਦੇ ਰਹੇ, ਪਰ ਇਹ ਦਾਤ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ‘‘ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ; ਸੁ ਅੰਮ੍ਰਿਤੁ ਗੁਰ ਤੇ ਪਾਇਆ ’’ (ਅਨੰਦ/ਮਹਲਾ /੯੧੮)

ਸਿੱਖ ਨੇ ਜਿੱਥੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਕਰਨੀ ਹੈ, ਓਥੇ ਗੁਰੂ ਜੀ ਤੋਂ ਖੰਡੇ ਦੀ ਪਾਹੁਲ (ਅੰਮ੍ਰਿਤ) ਵੀ ਪ੍ਰਾਪਤ ਕਰਨੀ ਹੈ। ਅੰਮ੍ਰਿਤ ਦਾਤ ਜਦੋਂ ਗੁਰੂ ਸਾਹਿਬ ਨੇ ਦਿੱਤੀ ਤਾਂ ਉਨ੍ਹਾਂ ਨੇ 15 ਵਾਰੀ ਅੰਮ੍ਰਿਤ ਦੀਆਂ ਚੁਲੀਆਂ ਦੀ ਬਖਸ਼ਸ਼ ਕੀਤੀ। ਪੰਜ ਚੂਲੇ ਅੰਮ੍ਰਿਤ ਦੇ ਮੂੰਹ ਵਿੱਚ ਪਾ ਕੇ ਛਕਾਏ ਤਾਂ ਜੋ ਹਿਰਦੇ ਅੰਦਰ ਅੰਮ੍ਰਿਤ ਦੀ ਵਰਖਾ ਹੋਵੇ ਤੇ ਮਨੁੱਖ ਦਾ ਹਿਰਦਾ ਪਾਕ ਤੇ ਪਵਿਤਰ ਹੋ ਜਾਵੇ। ਪੰਜ ਛਿੱਟੇ ਅੱਖਾਂ ਵਿੱਚ ਪਾਏ ਕਿਉਂਕਿ ਅੱਖਾਂ ਰਾਹੀਂ ਭੈੜੇ ਵਿਚਾਰ ਮਨੁੱਖ ਦੇ ਮਨ ਉੱਤੇ ਅਸਰ ਕਰਦੇ ਹਨ। ਇਸ ਤਰ੍ਹਾਂ ਅੰਮ੍ਰਿਤ ਦੇ ਛਿੱਟੇ ਮਾਰ ਕੇ ਗੁਰੂ ਜੀ ਨੇ ਮਨੁੱਖ ਦੀ ਦ੍ਰਿਸ਼ਟੀ ਨੂੰ ਅੰਮ੍ਰਿਤ ਦ੍ਰਿਸ਼ਟੀ ਬਣਾ ਦਿੱਤਾ ਤਾਂ ਜੋ ਹਰ ਥਾਂ ਅਤੇ ਹਰ ਜੀਵ ਵਿੱਚ ਪ੍ਰਮਾਤਮਾ ਨਜ਼ਰ ਆਵੇ। ਗੁਰੂ ਅਮਰਦਾਸ ਜੀ ਅਨੰਦ ਬਾਣੀ ਵਿੱਚ ਫ਼ੁਰਮਾਉਂਦੇ ਹਨ ‘‘ ਨੇਤ੍ਰਹੁ ਮੇਰਿਹੋ ! ਹਰਿ ਤੁਮ ਮਹਿ ਜੋਤਿ ਧਰੀ; ਹਰਿ ਬਿਨੁ ਅਵਰੁ ਦੇਖਹੁ ਕੋਈ ’’ (ਮਹਲਾ /੯੨੨)

ਪੰਜ ਛਿੱਟੇ ਗੁਰੂ ਸਾਹਿਬ ਨੇ ਕੇਸਾਂ ਵਿੱਚ ਵੀ ਪਾਏ ਤਾਂ ਜੋ ਸਿੱਖ ਦੀ ਮੱਤ ਗੁਰੂ ਦੀ ਮੱਤ ਅਨੁਸਾਰ ਰਹੇ। ਜੇ ਗੁਰੂ ਦੀ ਮੱਤ ਤਿਆਗ ਦਿੱਤੀ ਤਾਂ ਚੋਟਾਂ ਹੀ ਪੈਣਗੀਆਂ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ ‘‘ਸੋ ਸਿਖੁ ਸਖਾ ਬੰਧਪੁ ਹੈ ਭਾਈ ! ਜਿ ਗੁਰ ਕੇ ਭਾਣੇ ਵਿਚਿ ਆਵੈ   ਆਪਣੈ ਭਾਣੈ ਜੋ ਚਲੈ ਭਾਈ ! ਵਿਛੁੜਿ ਚੋਟਾ ਖਾਵੈ ’’ (ਮਹਲਾ /੬੦੧)

ਕੇਸਾਂ ਦੀ ਮਹਾਨਤਾ ਨੂੰ ਦਰਸਾਉਣ ਲਈ ਗੁਰੂ ਪਾਤਸ਼ਾਹ ਨੇ ਇਹ ਰਹਿਤ ਵਿੱਚ ਤੇ ਕੁਰਹਿਤ ਵਿੱਚ ਸ਼ਾਮਲ ਕਰ ਦਿੱਤੇ। ਜਿੱਥੇ ਕੇਸਾਂ ਨੂੰ ਪੰਜ ਕਕਾਰਾਂ ਵਿੱਚ ਮਾਨਤਾ ਦਿੱਤੀ, ਉੱਥੇ ਕੇਸ ਕਤਲ ਕਰਵਾਉਣ ਵਾਲਾ ਵੀ ਸਿੱਖੀ ’ਚੋਂ ਖਰਾਜ ਕੀਤਾ ਗਿਆ, ਜਿਸ ਨੂੰ ਅਸੀਂ ਪਤਿਤ ਕਹਿੰਦੇ ਹਾਂ। ਪ੍ਰੋ. ਪੂਰਨ ਸਿੰਘ ਜੀ ਲਿਖਦੇ ਹਨ ਕਿ ਕੇਸ ਇਸ ਕਰਕੇ ਨਹੀਂ ਰੱਖਣੇ ਕਿ ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਸਗੋਂ ਇਸ ਕਰਕੇ ਰੱਖਣੇ ਹਨ ਕਿ ਗੁਰੂ ਦਾ ਹੁਕਮ ਹੈ। ਕਿਸੇ ਤਰਕ ਦੇ ਆਧਾਰ ’ਤੇ ਕੇਸ ਲਾਜ਼ਮੀ ਨਹੀਂ ਸਗੋਂ ਗੁਰੂ ਦਾ ਹੁਕਮ ਹੀ ਸਿਖ ਲਈ ਪਰਮ ਧਰਮ ਹੈ। ਇਸੇ ਤਰ੍ਹਾਂ ਕੰਘਾ ਕੇਸਾਂ ਦੀ ਸਫਾਈ ਲਈ ਜ਼ਰੂਰੀ ਹੈ। ਭਾਈ ਨੰਦ ਲਾਲ ਜੀ ਤਨਖਾਹਨਾਮਾ ਵਿੱਚ ਲਿਖਦੇ ਹਨ ਕੰਘਾ ਦੋਹਉਂ ਵਕਤ ਕਰ, ਪਾਗ ਚੁਨਹਿ ਕਰ ਬਾਂਧਈ

ਕੜਾ ਇਸ ਗੱਲ ਦਾ ਸੂਚਕ ਹੈ ਕਿ ਸਿੱਖ ਨੇ ਕਿਸੇ ਦਿਨ, ਥਿਤਿ, ਵਾਰ ਜਾਂ ਸਮੇਂ ਦਾ ਵਹਿਮ ਭਰਮ ਨਹੀਂ ਕਰਨਾ। ਕਛਹਿਰਾ ਸਿੱਖ ਦੇ ਉੱਚੇ ਤੇ ਸੁੱਚੇ ਆਚਰਨ ਦਾ ਪ੍ਰਤੀਕ ਹੈ। ਸਿੱਖ ਨੇ ਹਰ ਸਮੇਂ ਹਰ ਹਾਲਾਤ ਵਿੱਚ ਆਪਣਾ ਜੀਵਨ ਗੁਰੂ ਦੇ ਦੱਸੇ ਹੁਕਮ ਅਨੁਸਾਰ ਬਤੀਤ ਕਰਨਾ ਹੈ ਅਤੇ ਆਪਣੇ ਚਰਿਤਰ ਦੀ ਮਿਸਾਲ ਦੁਨੀਆਂ ਦੇ ਲੋਕਾਂ ਸਾਹਮਣੇ ਪੇਸ਼ ਕਰਨੀ ਹੈ। ਕਿਰਪਾਨ ਸਿੱਖ ਦੀ ਅਜ਼ਾਦ ਹਸਤੀ ਦੀ ਪ੍ਰਤੀਕ ਹੈ। ਸਿੱਖ ਕਦੇ ਕਿਸੇ ਦੀ ਗੁਲਾਮੀ ਸਵੀਕਾਰ ਨਹੀਂ ਕਰਦਾ ਭਾਵੇਂ ਉਹ ਗੁਲਾਮੀ ਰਾਜਸੀ ਹੋਵੇ, ਸਮਾਜਕ ਹੋਵੇ, ਧਾਰਮਿਕ ਹੋਵੇ ਜਾਂ ਆਰਥਿਕ। ਉਹ ਨਾ ਕਿਸੇ ਤੋਂ ਡਰਦਾ ਹੈ ਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੈ। ਗੁਰੂ ਤੇਗ ਬਹਾਦਰ ਜੀ ਦੇ ਬਚਨ ਹਨ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ’’ (ਮਹਲਾ /੧੪੨੭)

ਸੋ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਪਾਤਸ਼ਾਹ ਨੇ ਜੋ ਅੰਮ੍ਰਿਤ ਦੀ ਦਾਤ ਪੰਜ ਪਿਆਰਿਆਂ ਨੂੰ ਬਖ਼ਸ਼ਿਸ਼ ਕੀਤੀ ਅਤੇ ਬਾਅਦ ਵਿੱਚ ਆਪ ਉਨ੍ਹਾਂ ਨੂੰ ਬੇਨਤੀ ਕਰ ਇਹ ਦਾਤ ਖ਼ੁਦ ਹਾਸਲ ਕੀਤੀ। ਭਾਈ ਗੁਰਦਾਸ ਜੀ (ਦੂਜੇ) ਲਿਖਦੇ ਹਨ ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕੋ ਦਿਨ 20 ਹਜ਼ਾਰ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਉਸ ਤੋਂ ਬਾਅਦ ਇਹ ਸਿਲਸਲਾ ਅੱਜ ਤੱਕ ਜਾਰੀ ਹੈ ਅਤੇ ਜਾਰੀ ਰਹੇਗਾ।

ਇਸ ਅੰਮ੍ਰਿਤ ਦੀ ਦਾਤ ਨੇ ਦੁਨੀਆਭਰ ਵਿੱਚ ਕ੍ਰਾਂਤੀ ਲਿਆਂਦੀ। ਅੰਮ੍ਰਿਤ ਅਸਲ ਵਿੱਚ ਪਵਿੱਤਰ ਜਲ ਦੀਆਂ ਕੁਝ ਘੁੱਟਾਂ ਹੀ ਨਹੀਂ, ਇਹ ਤਾਂ ਜ਼ਿੰਦਗੀ ਵਿੱਚ ਬਹੁਤ ਵਡੀ ਤਬਦੀਲੀ ਲੈ ਆਉਣ ਵਾਲੀ ਦਾਤ ਹੈ। ਅੰਮ੍ਰਿਤ ਮਨੁੱਖ ਨੂੰ ਚੰਗਾ ਕਿਰਦਾਰ ਦਿੰਦਾ ਹੈ। ਅੰਮ੍ਰਿਤਧਾਰੀ ਵਿਅਕਤੀ ਵਫ਼ਾਦਾਰ ਹੁੰਦਾ ਹੈ, ਉਹ ਕਿਸੇ ਨਾਲ ਧੋਖਾ, ਠੱਗੀ ਤੇ ਫਰੇਬ ਨਹੀਂ ਕਰਦਾ। ਉਹ ਨੇਕ ਕਮਾਈ ਕਰਦਾ ਹੈ, ਉਸ ਵਿੱਚੋਂ ਲੋੜਵੰਦਾਂ ਦੀ ਮਦਦ ਕਰਦਾ ਹੈ। ਅੰਮ੍ਰਿਤਧਾਰੀ ਵਿਅਕਤੀ ਆਪਣਾ ਮਨ; ਗੁਰੂ ਨੂੰ ਅਰਪਣ ਕਰਕੇ ਸੁੱਖੀ ਅਤੇ ਅਜ਼ਾਦ ਜੀਵਨ ਬਤੀਤ ਕਰਦਾ ਹੈ। ਉਹ ਮਨ ਨੂੰ ਜਿੱਤ ਲੈਂਦਾ ਹੈ ਅਤੇ ਹਮੇਸ਼ਾਂ ‘ਨਾਨਕ ਭਗਤਾ ਸਦਾ ਵਿਗਾਸੁ’ ਵਾਲੀ ਅਵਸਥਾ ਵਿੱਚ ਰਹਿੰਦਾ ਹੈ। ਜਿੱਥੇ ਅੰਮ੍ਰਿਤ ਅੰਦਰ ਦੀ ਬਾਦਸ਼ਾਹਿਤ ਪੈਦਾ ਕਰਦਾ ਹੈ ਉੱਥੇ ਹਰ ਇੱਕ ਲਈ ਪਰਉਪਕਾਰੀ ਜੀਵਨ ਜਿਊਣ ਦੀ ਜਾਚ ਦੱਸਦਾ ਹੈ। ਅੰਮ੍ਰਿਤ ਸਾਡੇ ਮਨ ਅੰਦਰ ਅੰਜਨ (ਕਾਲ਼ਖ਼) ਵਿੱਚ ਰਹਿੰਦਿਆਂ ਨਿਰੰਜਨ ਹੋਣ ਲਈ ਪ੍ਰੇਰਨਾ ਸਰੋਤ ਹੈ। ਰੋਜ਼ਾਨਾ ਨਿਤਨੇਮ ਕਰਦਿਆਂ ਪਾਪਾਂ ਭਰੀ ਮੱਤ ਨੂੰ ਗੁਰਬਾਣੀ ਨਾਲ ਧੋਣ ਦੀ ਜਾਚ ਸਿਖਾਉਂਦਾ ਹੈ। ਦੁਨੀਆਂ ਦੀ ਬਰਬਾਦੀ ਦਾ ਕਾਰਨ ਅਕਸਰ ਨਫ਼ਰਤ ਅਤੇ ਈਰਖਾ ਹੁੰਦੀ ਹੈ ਪਰ ਅੰਮ੍ਰਿਤ ਜਿੱਥੇ ਮਨ ਅਤੇ ਬਚਨਾਂ ’ਚੋਂ ਇੱਕ ਕਰਦਾ ਹੈ ਉੱਥੇ ਉਹ ਸਾਰਿਆਂ ’ਚ ਇੱਕ ਅਕਾਲ ਪੁਰਖ ਦੀ ਜੋਤ ਵੇਖਦਾ ਹੈ ਉਸ ਨੂੰ ਸਾਰਾ ਸਮਾਜ ਹੀ ਆਪਣਾ ਪਰਵਾਰ ਨਜ਼ਰ ਆਉਂਦਾ ਹੈ।

ਅੰਮ੍ਰਿਤ ਗੁਰੂ ਨਾਲ ਕੀਤਾ ਹੋਇਆ ਵਾਅਦਾ ਯਾਦ ਦਿਵਾਉਂਦਾ ਹੈ ਕਿ ਮਨੁੱਖ ਨੇ ਸੰਸਾਰ ਅੰਦਰ ਕਰਮ ਇੰਦਰਿਆਂ ਤੇ ਗਿਆਨ ਇੰਦਰਿਆਂ ਦੀ ਕੈਦ ਵਿੱਚੋਂ ਨਿਕਲ ਕੇ ਚੰਗਾ ਇਨਸਾਨ ਬਣਨਾ ਹੈ। ਇਸ ਤਰ੍ਹਾਂ ਸੰਸਾਰ ’ਚ ਵਿਚਰਦਿਆਂ ਵੀ ਜੀਵਨ ਜੁਗਤੀ ਅਪਣਾਈ ਰੱਖਦਾ ਹੈ। ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ‘‘ਨਾਨਕ  ! ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ   ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ; ਵਿਚੇ ਹੋਵੈ ਮੁਕਤਿ ’’ (ਮਹਲਾ /੫੨੨)

ਇਸ ਅੰਮ੍ਰਿਤ ਦੀ ਦਾਤ ਨੇ ਸੰਸਾਰ ਦੇ ਲੋਕਾਂ ਸਾਹਮਣੇ ਜੋ ਕਾਰਨਾਮੇ ਕਰ ਵਿਖਾਏ, ਉਨ੍ਹਾਂ ਨੂੰ ਵੇਖ ਕੇ ਦੁਸ਼ਮਣਾਂ ਦੀ ਕਲਮ ਵੀ ਪ੍ਰਭਾਵਤ ਹੋਏ ਬਿਨਾਂ ਨਾ ਰਹਿ ਸਕੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਉਪਰੰਤ ਭਾਈ ਮਨੀ ਸਿੰਘ ਜੀ ਦੇ ਸਪੁੱਤਰਾਂ ਭਾਈ ਬਚਿੱਤਰ ਸਿੰਘ ਤੇ ਭਾਈ ਉਦੇ ਸਿੰਘ ਨੇ ਬਹਾਦਰੀ ਦੇ ਉਹ ਕਾਰਨਾਮੇ ਕਰ ਵਿਖਾਏ, ਜੋ ਪਹਾੜੀ ਰਾਜਿਆਂ ਨੇ ਸੋਚੇ ਵੀ ਨਹੀਂ ਸਨ। ਕਹਿਲੂਰ ਦੇ ਰਾਜੇ ਅਜ਼ਮੇਰ ਚੰਦ ਨੇ ਹਾਥੀ ਨੂੰ ਸ਼ਰਾਬ ਪਿਲਾ ਕੇ ਅਤੇ ਮੱਥੇ ਉੱਤੇ ਤਵੇ ਬੰਨ੍ਹ ਕੇ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਲਈ ਤਿਆਰ ਕੀਤਾ। ਭਾਈ ਬਚਿੱਤਰ ਸਿੰਘ ਨੇ ਸਤਿਗੁਰਾਂ ਤੋਂ ਆਸ਼ੀਰਵਾਦ ਲੈ ਕੇ ਨਾਗਨੀ ਬਰਛੇ ਨਾਲ ਮਦ ਮਸਤ ਜੰਗੀ ਹਾਥੀ ਨੂੰ ਐਸਾ ਬਰਛਾ ਮਾਰਿਆ ਕਿ ਉਹ ਤਵਿਆਂ ਨੂੰ ਪਾੜ ਕੇ ਹਾਥੀ ਦੇ ਮੱਥੇ ਨੂੰ ਚੀਰ ਗਿਆ ਤੇ ਹਾਥੀ ਚਿੰਘਾੜਦਾ ਹੋਇਆ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੂੰ ਲਿਤਾੜਦਾ ਹੋਇਆ ਪਿੱਛੇ ਭੱਜ ਗਿਆ। ਇਸ ਤੋਂ ਖਫ਼ਾ ਹੋ ਕੇ ਪਹਾੜੀ ਰਾਜਿਆਂ ਦੇ ਮੁੱਖੀ ਕੇਸਰੀ ਚੰਦ ਨੇ ਬੜ੍ਹਕ ਮਾਰੀ ਕਿ ਉਹ ਕੱਲ੍ਹ ਸੂਰਜ ਡੁੱਬਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦਾ ਸੀਸ ਧੜ ਤੋਂ ਜੁਦਾ ਕਰ ਦੇਵੇਗਾ। ਜਦੋਂ ਇਸ ਦੀ ਖਬਰ ਭਾਈ ਉਦੇ ਸਿੰਘ ਨੂੰ ਮਿਲੀ ਤਾਂ ਉਸ ਨੇ ਕੇਸਰੀ ਚੰਦ ਨੂੰ ਵੰਗਾਰਿਆ ਤੇ ਬਿਜਲੀ ਦੀ ਫੁਰਤੀ ਨਾਲ ਉਸ ਦਾ ਸੀਸ ਵੱਢ ਕੇ ਆਪਣੇ ਨੇਜੇ ਤੇ ਟੰਗ ਕੇ, ਜੈਕਾਰੇ ਗਜਾਉਂਦਾ ਹੋਇਆ ਸਿੱਖ ਫ਼ੌਜਾਂ ਵਿੱਚ ਆ ਪਹੁੰਚਿਆ। ਇਹ ਘਟਨਾਵਾਂ ਸਤੰਬਰ 1700 ਦੀਆਂ ਹਨ। ਇਨ੍ਹਾਂ ਸੂਰਬੀਰ ਧੋਧਿਆਂ ਨੇ 1699 ਵਿੱਚ ਅੰਮ੍ਰਿਤਪਾਨ ਕੀਤਾ ਹੋਇਆ ਸੀ।

ਅਨੰਦਪੁਰ ਸਾਹਿਬ ਦਾ ਘੇਰਾ 3 ਮਈ 1705 ਤੋਂ 5 ਦਸੰਬਰ 1705 ਤੱਕ ਜਾਰੀ ਰਿਹਾ। ਇਕ ਪਾਸੇ ਗਿਣਤੀ ਦੇ ਅੰਮ੍ਰਿਤਧਾਰੀ ਸਿੰਘ ਤੇ ਗੁਰੂ ਸਾਹਿਬ ਆਪ ਤੇ ਦੂਜੇ ਪਾਸੇ ਔਰੰਗਜ਼ੇਬ ਵੱਲੋਂ ਵਜੀਰ ਖ਼ਾਨ ਨੂੰ ਸਖ਼ਤ ਹੁਕਮ ਦੇ ਕੇ ਗੁਰੂ ਸਾਹਿਬ ਨੂੰ ਫੜਨ ਜਾਂ ਮਾਰਨ ਦਾ ਹੁਕਮ ਅਤੇ ਨਾਲ ਹੀ ਵੱਡੇ ਮੁਗਲ ਜਰਨੈਲ ਤੇ ਸਾਰੀਆਂ ਫ਼ੌਜੀ ਤਾਕਤਾਂ ਜਿਸ ਵਿੱਚ ਕਹਿਲੂਰ, ਕਾਂਗੜਾ, ਜਸਵਾਲ, ਜੰਮੂ, ਨੂਰਪੁਰ, ਚੰਬਾ, ਮੰਡੀ, ਕੁਲੂ, ਗੜ੍ਹਵਾਲ, ਨਾਲਾਗੜ੍ਹ ਆਦਿ ਦੇ ਰਾਜੇ ਮਿਲ ਕੇ ਵੀ ਗੁਰੂ ਸਾਹਿਬ ਦਾ ਕੁਝ ਨਾ ਵਿਗਾੜ ਸਕੇ। ਇਸੇ ਤਰ੍ਹਾਂ 7-8 ਦਸੰਬਰ 1705 ਨੂੰ ਚਮਕੌਰ ਸਾਹਿਬ ਦੀ ਧਰਤੀ ਤੇ ਗੁਰੂ ਕੇ 40 ਅੰਮ੍ਰਿਤਧਾਰੀ ਸਿੰਘਾਂ ਨੇ ਇਨਕਲਾਬ ਤੇ ਉਹ ਨਜ਼ਾਰੇ ਤੇ ਘਟਨਾਵਾਂ ਪੇਸ਼ ਕੀਤੀਆਂ ਕਿ ਰਹਿੰਦੀ ਦੁਨੀਆਂ ਤੱਕ ਸਭ ਨਿਰਪੱਖ ਧਰਮੀ ਬੰਦੇ ਇਸ ਅਣਖਾਮਤੀ ਧਰਤੀ ਅੱਗੇ ਨਤਮਸਤਕ ਹੁੰਦੇ ਰਹਿਣਗੇ। ਦੁਨੀਆਂ ਦੀ ਇਹ ਅਸਾਵੀਂ ਜੰਗ ਇੱਕ ਪਾਸੇ ਕੇਵਲ 40 ਸਿੰਘ ਤੇ ਦੂਜੇ ਪਾਸੇ ਅਣਗਿਣਤ ਫ਼ੌਜ ਦਾ ਜਿਸ ਦਲੇਰੀ ਤੇ ਬਹਾਦਰੀ ਨਾਲ ਮੁਕਾਬਲਾ ਕੀਤਾ, ਉਸ ਦੀ ਉਦਾਹਰਨ ਦੁਨੀਆਂ ਦੇ ਕਿਸੇ ਇਤਿਹਾਸ ਵਿੱਚ ਨਹੀਂ ਮਿਲਦੀ।

ਖੰਡੇ ਦੀ ਪਹੁਲ ਨੇ ਐਸੀ ਦ੍ਰਿੜ੍ਹਤਾ ਤੇ ਬੀਰਤਾ ਸਿੰਘਾਂ ਅੰਦਰ ਭਰ ਦਿਤੀ ਕਿ ਉਹ ਮੌਤ ਨੂੰ ਮਖ਼ੌਲ ਸਮਝਣ ਲੱਗੇ। ਭਾਈ ਬੀਰ ਸਿੰਘ ਤੇ ਧੀਰ ਸਿੰਘ ਦੋਵੇਂ ਪਿਓ ਪੁੱਤਰ ਦਸਤਾਰਾਂ ਸਜਾ ਰਹੇ ਹਨ। ਗੁਰੂ ਸਾਹਿਬ ਦਾ ਹੁਕਮ ਮਿਲਦਾ ਹੈ ਕਿ ਕੋਈ ਇੱਕ ਸਿੱਖ ਆਵੇ, ਗੁਰੂ ਸਾਹਿਬ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ। ਦੋਵੇਂ ਪਿਓ ਪੁੱਤਰਾਂ ਨੇ ਅਧੀਆਂ ਪੱਗਾਂ ਅਜੇ ਬੰਨ੍ਹੀਆਂ ਸਨ ਕਿ ਹੁਕਮ ਸੁਣ ਕੇ ਇਕ ਦੂਜੇ ਤੋਂ ਅੱਗੇ ਆ ਪਹੁੰਚੇ। ਦੋਵੇਂ ਆਪਣੀ ਥਾਂ ਕਹਿ ਰਹੇ ਸਨ ਕਿ ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਹੁਕਮ ਪਹਿਲਾਂ ਸੁਣਿਆ ਹੈ। ਬੰਦੂਕ ਦਾ ਨਿਸ਼ਾਨਾ ਮੇਰੇ ’ਤੇ ਪਰਖੋ।

ਗੁਰੂ ਸਾਹਿਬ ਦੀ ਬਖ਼ਸ਼ੀ ਖੰਡੇ ਦੀ ਪਾਹੁਲ ਨੇ ਸੰਨ 1708 ਵਿੱਚ ਬਿਲਕੁਲ ਨਿਵੇਕਲੀ ਕਿਸਮ ਦਾ ਨਜ਼ਾਰਾ ਪੇਸ਼ ਕੀਤਾ। ਨਾਦੇੜ ਦੀ ਧਰਤੀ ਤੇ ਗੋਦਾਵਰੀ ਨਦੀ ਦੇ ਕੰਢੇ ’ਤੇ ਡੇਰਾ ਲਾਈ ਬੈਠੇ ਅਤੇ ਰਿਧੀਆਂ ਸਿਧੀਆਂ ਕਰਮਕਾਂਡਾਂ, ਸੁੱਚ ਭਿੱਟ ਅਤੇ ਘਰ ਗ੍ਰਹਿਸਤੀ ਦੇ ਫੋਕੇ ਤਿਆਗਾਂ ਦੀ ਖਲਜਗਨ ਵਿੱਚ ਜਕੜੇ ਹੋਏ ਮਾਧੋ ਦਾਸ ਬੈਰਾਗੀ ਦੀ ਗੁਰੂ ਪਾਤਸ਼ਾਹ ਨੇ ਕਾਂਇਆਂ ਕਲਪ ਕਰ ਦਿੱਤੀ ਅਤੇ ਮਨੂਰ ਤੋਂ ਕੰਚਨ ਬਣਾ ਕੇ ਸਿੱਖ ਇਤਿਹਾਸ ਵਿੱਚ ਇੱਕ ਇਨਕਲਾਬੀ ਯੋਧਾ ਪੇਸ਼ ਕਰ ਦਿੱਤਾ।  14 ਮਈ 1710 ਨੂੰ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ 28 ਪਰਗਨਿਆਂ ਵਾਲੇ ਤੇ 52 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਇਸ ਸੂਬੇ ਤੇ ਸਿੱਖ ਰਾਜ ਕਾਇਮ ਕਰ ਲਿਆ। ਕਾਮਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ। ਜਦੋਂ ਇੱਕ ਕਥਿਤ ਨੀਵੀਂ ਜਾਤ ਦਾ ਕਾਮਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਜ਼ਮੀਨ ਦਾ ਪਟਾ ਲਿਖਾ ਕੇ ਪਿੰਡ ਜਾਂਦਾ ਤਾਂ ਪਿੰਡ ਵਿੱਚ ਵੜਦਿਆਂ ਹੀ ਉੱਚ ਜਾਤੀਏ ਬ੍ਰਾਹਮਣ ਹੱਥ ਜੋੜ ਕੇ ਉਸ ਦਾ ਸਵਾਗਤ ਕਰਦੇ।

ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰਦਾਸ ਨੰਗਲ ਦੀ ਗੜ੍ਹੀ ਵਿੱਚੋਂ ਅੱਠ ਮਹੀਨੇ ਦੇ ਘੇਰੇ ਤੋਂ ਬਾਅਦ ਗ੍ਰਿਫ਼ਤਾਰ ਕਰਕੇ ਦਿੱਲੀ ਵਿੱਚ ਲਿਆਂਦਾ ਗਿਆ ਤਾਂ ਸ਼ਹਾਦਤ ਤੋਂ ਪਹਿਲਾਂ ਉਨ੍ਹਾਂ ਦੇ ਚਾਰ ਸਾਲਾ ਬੱਚੇ ਨੂੰ ਛੁਰਾ ਮਾਰ ਕੇ ਤੜਫਦਾ ਦਿਲ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ, ਪਰ ਉਹ ਗੁਰੂ ਦੇ ਭਾਣੇ ਵਿੱਚ ਅਡੋਲ ਰਹੇ। ਉਹੀ ਬੰਦਾ ਸਿੰਘ ਜਿਸ ਨੇ ਜਵਾਨੀ ਵਿੱਚ ਇੱਕ ਹਿਰਨੀ ਦਾ ਸ਼ਿਕਾਰ ਕੀਤਾ ਤੇ ਉਸ ਦੇ ਪੇਟ ਵਿੱਚੋਂ ਨਿੱਕਲੇ ਦੋ ਬੱਚੇ ਤੜਫ ਕੇ ਮਰ ਗਏ ਤਾਂ ਹਮੇਸ਼ਾਂ ਲਈ ਸ਼ਿਕਾਰ ਕਰਨਾ ਛੱਡ ਦਿੱਤਾ। ਉਹੀ ਬੰਦਾ ਸਿੰਘ, ਗੁਰੂ ਸਾਹਿਬ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ, ਉਸ ਸਮੇਂ ਵੀ ਨਹੀਂ ਡੋਲਿਆ ਜਦੋਂ ਉਸ ਦੇ ਆਪਣੇ ਪੁੱਤਰ ਦਾ ਦਿਲ ਕੱਢ ਕੇ ਉਸ ਦੇ ਮੂੰਹ ਵਿੱਚ ਤੁੰਨ੍ਹਿਆ ਗਿਆ। ਅੰਤਾਂ ਦੇ ਤਸੀਹੇ ਸਹਿ ਕੇ ਸ਼ਹੀਦੀ ਪ੍ਰਾਪਤ ਕੀਤੀ ਤੇ ਪ੍ਰਭੂ ਦੇ ਹੁਕਮ ਵਿੱਚ ਅਡੋਲ ਟਿਕਿਆ ਰਿਹਾ।

ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲੇ ਭਾਈ ਮਨੀ ਸਿੰਘ ਜੀ ਦੇ ਭਤੀਜੇ ਭਾਈ ਅਘੜ ਸਿੰਘ ਤੇ ਭਾਈ ਥਰਾਜ ਸਿੰਘ ਨੇ ਭਾਈ ਮਨੀ ਸਿੰਘ ਜੀ ਦੀ ਹੋਈ ਸ਼ਹੀਦੀ ਦਾ ਬਦਲਾ ਸ਼ਹਾਦਤ ਤੋਂ ਕੁੱਝ ਮਹੀਨਿਆਂ ਬਾਅਦ ਹੀ ਲੈ ਲਿਆ। ਦੋਹਾਂ ਸੂਰਬੀਰਾਂ ਨੇ ਫਤਵਾ ਦੇਣ ਵਾਲੇ ਕਾਜੀ ਅਬਦੁਲ ਰਜ਼ਾਬ ਤੇ ਇਕ ਹੋਰ ਪ੍ਰਭਾਵਸ਼ਾਲੀ ਹਾਕਮ ਮੋਮਨ ਖਾਂ ਕਸੂਰੀਏ ਦੇ ਸਿਰ ਲਾਹ ਕੇ ਦਲ ਖਾਲਸਾ ਦੇ ਇਕੱਠ ਵਿੱਚ ਲੈ ਆਏ। ਸੰਨ 1739 ਵਿੱਚ ਹਕੂਮਤ ਨੇ ਐਲਾਨ ਕਰ ਦਿੱਤਾ ਕਿ ਸਿੱਖ ਖ਼ਤਮ ਹੋ ਚੁੱਕੇ ਹਨ ਤਾਂ ਇਸ ਗੱਲ ਨੂੰ ਗ਼ਲਤ ਸਾਬਤ ਕਰਨ ਲਈ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਤਰਨ ਤਾਰਨ ਦੇ ਨੇੜੇ ਨੂਰਦੀਨ ਦੀ ਸਰਾਂ ਕੋਲ ਸ਼ਾਹੀ ਸੜਕ ਉੱਤੇ ਖਾਲਸਾਈ ਝੰਡਾ ਗੱਡ ਕੇ ਸਿੱਖ ਰਾਜ ਦਾ ਐਲਾਨ ਕਰ ਦਿੱਤਾ ਤੇ ਚੁੰਗੀ ਉਗਰਾਹੁਣੀ ਸ਼ੁਰੂ ਕਰ ਦਿੱਤੀ। ਬਹੁਤ ਦੇਰ ਬਾਅਦ ਹਕੂਮਤ ਨੂੰ ਪਤਾ ਲੱਗਾ ਤਾਂ ਇਨ੍ਹਾਂ ਉੱਤੇ ਫ਼ੌਜ ਚਾੜ੍ਹ ਦਿੱਤੀ। ਦੋ ਸੂਰਬੀਰ ਯੋਧਿਆਂ ਨੇ ਕਈਆਂ ਨੂੰ ਮਾਰ ਮੁਕਾਉਣ ਤੋਂ ਬਾਅਦ ਸ਼ਹੀਦੀ ਪ੍ਰਾਪਤ ਕੀਤੀ। ਭਾਈ ਤਾਰੂ ਸਿੰਘ ਨੇ 25 ਸਾਲ ਦੀ ਉਮਰ ਵਿੱਚ ਸਿਰ ਦੀ ਖੋਪਰੀ ਲਹਾਉਣ ਦੀ ਸਜ਼ਾ ਤਾਂ ਪਰਵਾਨ ਕਰ ਲਈ ਪਰ ਕੇਸ ਕਟਾਉਣ ਦੀ ਸਜ਼ਾ ਠੁਕਰਾ ਦਿੱਤੀ।

ਗੁਰੂ ਸਾਹਿਬ ਦੀ ਸਾਜੀ ਹੋਈ ਸਿੱਖ ਕੌਮ ਜਿੱਥੇ ਅੰਤਾਂ ਦੀ ਦਿਆਲੂ ਹੈ, ਉੱਥੇ ਉਹ ਆਪਣੇ ਗੁਰਧਾਮਾਂ ਦੀ ਬੇਅਦਬੀ ਦਾ ਬਦਲਾ ਆਪਣੀ ਜਾਨ ’ਤੇ ਖੇਡ ਕੇ ਵੀ ਲੈਂਦੀ ਹੈ। ਸੰਨ 1740 ਵਿੱਚ ਜਦੋਂ ਮੱਸੇ ਰੰਘੜ ਨੇ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਕਬਜ਼ਾ ਕਰਕੇ ਪਲੰਘ ’ਤੇ ਬੈਠ ਕੇ ਸ਼ਰਾਬ ਪੀਣ ਲਗਾ ਤੇ ਮੁਜਰੇ ਕਰਵਾਉਣੇ ਸ਼ੁਰੂ ਕਰ ਦਿੱਤੇ ਤਾਂ ਭਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਨੇ ਬੀਕਾਨੇਰ ਤੋਂ ਆ ਕੇ ਉਸ ਪਾਪੀ ਦਾ ਸਿਰ ਲਾਹ ਕੇ ਬਦਲਾ ਲਿਆ। ਸੰਨ 1757 ਵਿੱਚ ਜਦੋਂ ਜਹਾਨ ਖ਼ਾਨ ਨੇ ਹਰਿਮੰਦਰ ਸਾਹਿਬ ਦੀ ਇਮਾਰਤ ਢਾਹ ਕੇ ਸਰੋਵਰ ਨੂੰ ਪੂਰ ਦਿੱਤਾ ਤਾਂ ਬਾਬਾ ਦੀਪ ਸਿੰਘ ਜੀ ਨੇ ਫ਼ੌਜ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਬਦਲਾ ਲਿਆ।

ਅਬਦਾਲੀ ਜਦੋਂ ਦੇਸ਼ ਵਿੱਚੋਂ ਲੁਟ ਮਾਰ ਕਰਕੇ ਜਾ ਰਿਹਾ ਸੀ ਤਾਂ ਬਾਬਾ ਦੀਪ ਸਿੰਘ ਜੀ ਦੇ ਜੱਥੇ ਦੇ ਸਿੰਘਾਂ ਨੇ ਉਸ ਦਾ ਭਾਰ ਹਲਕਾ ਕੀਤਾ, 300 ਦੇ ਕਰੀਬ ਭਾਰਤੀ ਬੀਬੀਆਂ ਤੇ 100 ਕੁ ਸੁੰਦਰ ਭਾਰਤੀ ਲੜਕੇ ਉਸ ਦੀ ਕੈਦ ਵਿੱਚੋਂ ਛੁਡਾਏ। ਕੋਈ ਮਰਹੱਟਾ, ਕੋਈ ਰਾਜਪੂਤ ਜਾਂ ਰੋਹੇਲਾ ਇਨ੍ਹਾਂ ਦੀ ਮਦਦ ਲਈ ਨਾ ਆਇਆ। ਇਸ ਤੋਂ ਅਗਲੇ ਸਾਲ ਅਬਦਾਲੀ ਦੇ ਹਮਲੇ ਸਮੇਂ ਗੁਰੂ ਕੇ ਸਿੰਘਾਂ ਨੇ 2200 ਬੀਬੀਆਂ ਉਸ ਕੋਲੋਂ ਛੁਡਾਈਆਂ। ਗੁਰੂ ਕੇ ਸਿੰਘਾਂ ਨੇ ਕੇਵਲ ਛੁਡਾਇਆ ਹੀ ਨਹੀਂ ਸਗੋਂ ਕੋਲੋਂ ਖ਼ਰਚ ਕਰਕੇ ਘਰੋਂ ਘਰ ਵੀ ਪਹੁੰਚਾਇਆ। ਅਬਦਾਲੀ ਨੇ ਤੰਗ ਆ ਕੇ ਸਿੰਘਾਂ ਨੂੰ ਸੂਬੇਦਾਰੀ ਦਾ ਸੱਦਾ ਪੱਤਰ ਤੇ ਕਾਬਲੀ ਮੇਵਿਆਂ ਦਾ ਤੋਹਫ਼ਾ ਭੇਜਿਆ। ਸਿੰਘਾਂ ਨੇ ਸਭ ਕੁੱਝ ਧੰਨਵਾਦ ਸਹਿਤ ਵਾਪਸ ਮੋੜ ਦਿੱਤਾ ਤੇ ਸਾਫ਼ ਕਹਿ ਦਿੱਤਾ ਕਿ ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਆਪਣੇ ਬਾਹੂ ਬਲ ਨਾਲ ਰਾਜ ਪ੍ਰਾਪਤ ਕਰਾਂਗੇ ਤੇ ਗੁਰੂ ਸਾਹਿਬ ਦਾ ਇਹ ਸਿਧਾਂਤ ਸਪਸ਼ਟ ਕੀਤਾ ਕੋਊ ਕਿਸੀ ਕੋ ਰਾਜ ਦੇ ਹੈ ਜੋ ਲੇ ਹੈਂ ਨਿਜ ਬਲ ਤੇ ਲੈ ਹੈਂ

ਖਾਲਸਾ ਸਾਜਣ ਤੋਂ ਕੇਵਲ 64 ਸਾਲ ਬਾਅਦ ਗੁਰੂ ਕੇ ਸਿੰਘਾਂ ਨੇ 16 ਮਈ 1765 ਨੂੰ ਲਹੌਰ ਉੱਤੇ ਕਬਜ਼ਾ ਕਰ ਕੇ ਖਾਲਸਾ ਰਾਜ ਦੀ ਸਰਕਾਰੀ ਮੋਹਰ ਜਾਰੀ ਕਰ ਦਿੱਤੀ।  8 ਮਾਰਚ 1783 ਨੂੰ ਦਲ ਖਾਲਸੇ ਦੀ ਤੀਹ ਹਜ਼ਾਰੀ ਫ਼ੌਜ ਨੇ ਸ: ਬਘੇਲ ਸਿੰਘ ਦੀ ਅਗਵਾਈ ਹੇਠ ਦਿੱਲੀ ਦੇ ਮਲਕਾ ਗੰਜ, ਸਬਜ਼ੀ ਮੰਡੀ, ਮੁਗਲਪੁਰਾ ਆਦਿ ਇਲਾਕਿਆਂ ਉੱਤੇ ਕਬਜ਼ਾ ਕਰਕੇ ਖਾਲਸਾਈ ਝੰਡਾ ਲਹਿਰਾਇਆ। ਦਿੱਲੀ ਦੇ ਤੀਸ ਹਜ਼ਾਰੀ ਮੈਦਾਨ ਦਾ ਨਾਮ ਖਾਲਸਾਈ ਫ਼ੌਜ ਦੀ 30 ਹਜ਼ਾਰ ਫੌਜ ਦੀ ਛਾਵਣੀ ਦਾ ਪ੍ਰਤੀਕ ਹੈ। ਦਿੱਲੀ ਜਿੱਤਣ ਦੀ ਖੁਸ਼ੀ ਵਿੱਚ ਜਿਸ ਪੁਲ ’ਤੇ ਸਿੰਘ, ਮੁਸਾਫਿਰਾਂ ਨੂੰ ਮਠਿਆਈ ਵੰਡਦੇ ਰਹੇ ਉਸ ਦਾ ਨਾਂ ਅੱਜ ਤੱਕ ਮਿਠਾਈ ਵਾਲਾ ਪੁਲ ਕਰਕੇ ਜਾਣਿਆ ਜਾਂਦਾ ਹੈ। 3 ਜਨਵਰੀ 1791 ਨੂੰ ਖਾਲਸਾਈ ਸ਼ਕਤੀ ਅੱਗੇ ਅੰਗਰੇਜ਼ ਵੀ ਨਾ ਟਿਕ ਸਕੇ ਤੇ ਸਿੰਘਾਂ ਨੇ ਲੈਫਟੀਨੈਂਟ ਕਰਨਲ ਰਾਬਰਟ ਸਟੂਅਰਟ ਨੂੰ ਕੈਦ ਕਰ ਲਿਆ ਅਤੇ ਰਿਹਾਈ ਲਈ ਇਕ ਲੱਖ ਰੁਪਿਆ ਮੁਕਰਰ ਕੀਤਾ। ਬੇਗਮ ਸਮੂਰ ਸਮੇਤ ਕਈ ਸਿਫਾਰਸ਼ਾਂ ਪੈਣ ’ਤੇ ਅਖੀਰ 10 ਮਹੀਨੇ ਬਾਅਦ ਸੱਠ ਹਜ਼ਾਰ ਰੁਪਏ ਦੇ ਕੇ 24 ਅਕਤੂਬਰ 1791 ਨੂੰ ਰਿਹਾ ਕੀਤਾ ਗਿਆ। ਅਖੀਰ ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਆਦਿ ਵਡੇ ਵਡੇ ਜਰਨੈਲਾਂ ਦੀ ਮਦਦ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਕਾਇਮ ਹੋਇਆ।

ਅੰਗਰੇਜ਼ੀ ਹਕੂਮਤ ਸਮੇਂ ਵੀ ਜੋ ਬਹਾਦਰੀ ਦੇ ਕਾਰਨਾਮੇ ਗੁਰੂ ਕੇ ਸਿੰਘਾਂ ਨੇ ਵਿਖਾਏ ਉਹ ਕਿਸੇ ਤੋਂ ਛੁਪੇ ਹੋਏ ਨਹੀਂ। ਜਲ੍ਹਿਆਂ ਵਾਲੇ ਬਾਗ ਦਾ ਸਾਕਾ, ਨਨਕਾਣਾ ਸਾਹਿਬ ਦਾ ਸਾਕਾ, ਬਜਬਜ ਘਾਟ ਦੀ ਘਟਨਾ ਅਤੇ ਗੁਰੂ ਕੇ ਬਾਗ ਵਿਖੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਆਦਿ ਘਟਨਾਵਾਂ ਨੇ ਦੁਨੀਆਭਰ ਦੇ ਇਤਿਹਾਸਕਾਰਾਂ ਦਾ ਧਿਆਨ ਆਪਣੇ ਵੱਲ ਖਿਚਿਆ ਅਤੇ ਸੰਸਾਰ ਦੇ ਇਤਿਹਾਸ ਵਿੱਚ ਉਨ੍ਹਾਂ ਦਾ ਕੋਈ ਸਾਨ੍ਹੀ ਨਹੀਂ। ਗੁਰੂ ਕੇ ਬਾਗ ਦੇ ਮੋਰਚੇ ਨੂੰ ਵੇਖਣ ਲਈ ਪਾਦਰੀ ਸੀ. ਐਫ. ਐਂਡੀਰੀਊਜ਼ ਖ਼ੁਦ ਆਇਆ ਅਤੇ ਗਵਰਨਰ ਪੰਜਾਬ ਨੂੰ ਪੱਤਰ ਲਿਖ ਕੇ ਜ਼ੁਲਮ ਬੰਦ ਕਰਵਾਇਆ ਅਤੇ ਉਹ ਲਿਖਦਾ ਹੈ ‘ਗੁਰੂ ਨਾਨਕ ਦੇ ਸਿੱਖਾਂ ਨੇ ਕੁਨੀਆਂ ਨੂੰ ਅਹਿੰਸਕ ਲੜਾਈ ਦਾ ਇੱਕ ਨਵਾਂ ਸਬਕ ਸਿਖਾਇਆ ਹੈ।’ ਅੱਗੇ ਉਹ ਲਿਖਦਾ ਹੈ ਕਿ ‘ਗੁਰੂ ਕੇ ਬਾਗ ਵਿੱਚ ਮੈ ਹਜ਼ਾਰਾਂ ਹੀ ਈਸਾ ਨੂੰ ਸੂਲੀ ਚੜ੍ਹਦਿਆਂ ਆਪਣੇ ਅੱਖੀਂ ਵੇਖਿਆ ਹੈ’। ਇਸ ਸਭ ਕੁਝ ਪਿੱਛੇ ਅੰਮ੍ਰਿਤ ਦੀ ਸ਼ਕਤੀ ਕੰਮ ਕਰਦੀ ਪਈ ਸੀ।

ਇੱਥੇ ਹੀ ਬਸ ਨਹੀਂ ਅਜੋਕੇ ਸਮੇਂ ਵਿੱਚ ਸੰਨ 1984 ਵਿੱਚ ਜੂਨ ਦੇ ਪਹਿਲੇ ਹਫਤੇ ਵਿੱਚ ਦਰਬਾਰ ਸਾਹਿਬ ਤੇ ਹੋਏ ਫ਼ੌਜੀ ਹਮਲੇ ਵਿੱਚ ਜੋ ਸੂਰਮਗਤੀ ਗੁਰੂ ਕੇ ਮੁਠੀ ਭਰ ਸਿੰਘਾਂ ਨੇ ਵਿਖਾਈ ਉਸ ਦੀ ਮਿਸਾਲ ਦੁਨੀਆਂ ਦੇ ਕਿਸੇ ਇਤਿਾਸ ਵਿੱਚ ਨਹੀਂ ਮਿਲਦੀ। ਇਕ ਪਾਸੇ ਪੂਰੀ ਭਾਰਤੀ ਫ਼ੌਜ, ਜਿਸ ਕੋਲ ਪੈਟਰਨ, ਟੈਂਕ, ਹੈਲੀਕਾਪਟਰ, ਗੋਤਾ ਖੋਰ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਤੇ ਦੂਜੇ ਪਾਸੇ ਗਿਣਤੀ ਦੇ ਗੁਰੂ ਕੇ ਸਿੰਘਾਂ ਨੇ ਜੋ ਬਹਾਦਰੀ ਦਿਖਾਈ ਉਸ ਦੀ ਕੋਈ ਮਿਸਾਲ ਨਹੀਂ ਮਿਲਦੀ। ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਇਹ ਦੁਨੀਆਂ ਦੀ ਦੂਜੀ ਅਸਾਵੀਂ ਜੰਗ ਸੀ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸੁਰੱਖਿਆ ਦੇ ਦੋ ਕਰਮਚਾਰੀ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਅੰਮ੍ਰਿਤਪਾਨ ਕਰਕੇ ਦਰਬਾਰ ਸਾਹਿਬ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਹਿੱਤ ਹਮਲੇ ਤੋਂ ਕੇਵਲ ਚਾਰ ਮਹੀਨੇ ਬਾਅਦ ਉਸ ਦੇ ਘਰ ਵਿੱਚ ਹੀ ਉਸ ਨੂੰ ਗੋਲੀਆਂ ਮਾਰ ਕੇ ਪਾਰ ਬੁਲਾ ਦਿੱਤਾ। ਸ੍ਰ. ਸੋਹਣ ਸਿੰਘ ਘੁਕੇ ਵਾਲੀਏ ਨੇ ਸਿੰਘਾਂ ਦੀ ਅੰਮ੍ਰਿਤ ਦੀ ਸ਼ਕਤੀ ਨੂੰ ਵੇਖ ਕੇ ਲਿਖਿਆ ਹੈ :

ਇੱਕ ਮੁਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾ ਚੋਂ; ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ॥

ਤੇਰੇ ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆਂ ਦੀ; ਠੋਕ੍ਹਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ॥

ਪੰਜ ਘੁਟ ਪੀ ਕੇ ਤੇਰੇ ਬਾਟਿਓ ਪ੍ਰੇਮ ਵਾਲੇ; ਮਸਤੇ ਹੋਏ ਹਾਥੀਆਂ ਨੂੰ ਢਾਹਵੇ ਤੇਰਾ ਖਾਲਸਾ॥

ਪਵੇ ਕਿਤੇ ਲੋੜ ਜੇ ਨਿਸ਼ਾਨਾ ਅਜ਼ਮਾਵਣੇ ਦੀ; ਹੱਸ ਹੱਸ ਮੂਹਰੇ ਛਾਤੀ ਡਾਹਵੇ ਤੇਰਾ ਖਾਲਸਾ॥

ਸੋ ਗੁਰੂ ਪਾਤਸ਼ਾਹ ਵੱਲੋਂ ਬਖ਼ਸ਼ੀ ਹੋਈ ਅੰਮ੍ਰਿਤ ਦੀ ਦਾਤ ਦੀ ਸ਼ਕਤੀ ਰਹਿੰਦੀ ਦੁਨੀਆਂ ਤੱਕ ਆਪਣੀ ਕਲਾ ਵਰਤਾਉਂਦੀ ਰਹੇਗੀ। ਅੰਮ੍ਰਿਤ ਦੀਆਂ ਬਰਕਤਾਂ ਦਾ ਵਰਣਨ ਕਰਦੇ ਹੋਏ ਇਬਸਟਨ ਨੇ ਠੀਕ ਹੀ ਲਿਖਿਆ ਹੈ ਕਿ ਹਿੰਦੋਸਤਾਨ ਦੇ ਲੰਬੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਧਰਮ ਸਿਆਸੀ ਤਾਕਤ ਬਣਿਆ ਅਤੇ ਐਸੀ ਕੌਮ ਦਾ ਜਨਮ ਹੋਇਆ ਜੋ ਆਪਣੇ ਆਪ ਵਿੱਚ ਇਕ ਵਖਰੀ ਕਿਸਮ ਦੀ ਸੀ। ਇਸ ਅੰਮ੍ਰਿਤ ਦੀ ਬਰਕਤ ਨਾਲ ਉਹ ਲੋਕ ਜਿਨ੍ਹਾਂ ਨੂੰ ਚੂਹੜੇ, ਚਮਿਆਰ, ਨਾਈ, ਛੀਂਬੇ ਆਦਿ ਕਹਿ ਕੇ ਦੁਰਕਾਰਿਆ ਜਾਂਦਾ ਸੀ ਅਤੇ ਜਿਨ੍ਹਾਂ ਨੇ ਕਦੇ ਸ਼ਸਤਰ ਨੂੰ ਹੱਥ ਤੱਕ ਨਹੀਂ ਸੀ ਲਾਇਆ ਤੇ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਸੀ ਹਮ ਤੋ ਤੋਲਨ ਜਾਨੈ ਤਕੜੀ ਨੰਗੀ ਕਰਦ ਕਦੀ ਨਾ ਪਕੜੀ ਚਿੜੀ ਉੜੇ ਡਰ ਸੇ ਮਰ ਜਾਏਂ ਮੁਗਲੋਂ ਸੇ ਕੈਸੇ ਟਕਰਾਏਂ?

ਅਜਿਹੇ ਲੋਕਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਗੁਰੂ ਸਾਹਿਬ ਨੇ ਸ਼ਸਤਰ ਫੜਾ ਦਿੱਤੇ ਅਤੇ ਇਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਵੱਡੇ ਵੱਡੇ ਜਰਨੈਲਾਂ ਦੇ ਮੂੰਹ ਭਵਾ ਦਿੱਤੇ। ਇਹ ਅੰਮ੍ਰਿਤ ਦੀ ਸ਼ਕਤੀ ਹੀ ਸੀ ਕਿ ਸਿੱਖਾਂ ਅੰਦਰ ਐਸੀ ਜੁਰਅਤ ਪੈਦਾ ਕਰ ਦਿੱਤੀ ਕਿ ਉਹ ਟੁਟ ਤਾਂ ਸਕਦਾ ਸੀ ਪਰ ਝੁਕ ਨਹੀਂ ਸੀ ਸਕਦਾ। ਉਹ ਜ਼ੁਲਮ ਦੀ ਲਹਿਰ ਅੱਗੇ ਚਟਾਨ ਵਾਂਗ ਖੜ੍ਹਾ ਹੋ ਜਾਵੇਗਾ, ਬੰਦ ਬੰਦ ਕਟਵਾ ਲਵੇਗਾ, ਖੋਪਰ ਲੁਹਾ ਲਵੇਗਾ ਪਰ ਖਾਲਸੇ ਦੇ ਆਦਰਸ਼ਾਂ ਅਤੇ ਸਿਧਾਂਤ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਸੋ ਅੰਤ ਵਿੱਚ ਅਸੀਂ ਕਹਿ ਸਕਦੇ ਹਾ ਖੰਡੇ ਬਾਟੇ ਦਾ ਅੰਮ੍ਰਿਤ ਗੁਰੂ ਨਾਲ ਕੀਤਾ ਹੋਇਆ ਇਕ ਦ੍ਰਿੜ੍ਹ ਪ੍ਰਣ ਹੈ ‘ਅੰਮ੍ਰਿਤ ਵੇਲੇ ਉੱਠਣ ਦਾ, ਇਸ਼ਨਾਨ ਕਰਕੇ ਨਿਤਨੇਮ ਕਰਨ ਦਾ, ਸੰਗਤ ਅਤੇ ਸਿਮਰਨ ਕਰਨ ਦਾ ਅਤੇ ਸਭ ਤੋਂ ਵਧ ਕੇ ਸਰਬੱਤ ਦੇ ਭਲੇ ਲਈ ਕਾਰਜ ਕਰਨ ਦਾ’।