ਕੱਤਕ ਕਿ ਮੱਘਰ
ਸਰਵਜੀਤ ਸਿੰਘ ਸੈਕਰਾਮੈਂਟੋ
ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਅੱਜ ਤਾਈਂ ਤਾਂ ਇਹ ਚਰਚਾ ਹੀ ਚੱਲਦੀ ਰਹੀ ਹੈ ਕਿ ਉਨ੍ਹਾਂ ਦਾ ਪ੍ਰਕਾਸ਼; ਕੱਤਕ ਦਾ ਹੈ ਜਾਂ ਵੈਸਾਖ ਦਾ ? ਪਰ ਇਸ ਸਾਲ ਨਵੀਂ ਚਰਚਾ ਚੱਲ ਪਈ ਹੈ ਕਿ ਗੁਰੂ ਜੀ ਦਾ ਪ੍ਰਕਾਸ਼ ਪੁਰਬ; ਕੱਤਕ ਦਾ ਹੈ ਜਾਂ ਮੱਘਰ ਦਾ ? ਪਿਛਲੇ ਕਈ ਦਿਨਾਂ ਤੋਂ ਇਸ ਸੰਬੰਧੀ ਸਵਾਲ ਪੁੱਛੇ ਜਾ ਰਹੇ ਹਨ। ਇਸ ਦਾ ਕਾਰਨ, ਬਿਕ੍ਰਮੀ ਕੈਲੰਡਰ ਦੀ ਗੁੰਝਲ਼ਦਾਰ ਬਣਤਰ ਬਾਰੇ ਆਮ ਸੰਗਤਾਂ ਨੂੰ ਜਾਣਕਾਰੀ ਦੀ ਘਾਟ ਹੈ ਅਤੇ ਸ਼੍ਰੋਮਣੀ ਕਮੇਟੀ ਦੀ ਬੇਈਮਾਨੀ । ਆਓ, ਇਸ ਨੂੰ ਸਮਝਣ ਦਾ ਯਤਨ ਕਰੀਏ।
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਛਾਪੇ ਜਾਂਦੇ ਬਿਕ੍ਰਮੀ ਕੈਲੰਡਰ ਵਿੱਚ ਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ 16 ਮੱਘਰ (30 ਨਵੰਬਰ) ਦਾ ਦਰਜ ਹੈ। ਇੱਥੋਂ ਕਈ ਸੱਜਣਾਂ ਨੂੰ ਇਹ ਭੁਲੇਖਾ ਲੱਗ ਗਿਆ ਕਿ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮੱਘਰ ਵਿੱਚ ਆ ਰਿਹਾ ਹੈ। ਜੇ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਨੂੰ ਸਹੀ ਮੰਨ ਲਿਆ ਜਾਵੇ ਤਾਂ ਇਸ ਤਰ੍ਹਾਂ ਸੋਚਣ ਵਾਲੇ ਸੱਜਣ ਸਹੀ ਹਨ ਕਿਉਂਕਿ ਸ਼੍ਰੋਮਣੀ ਕਮੇਟੀ ਆਪਣਾ ਕੈਲੰਡਰ ਸੂਰਜੀ ਬਿਕ੍ਰਮੀ (ਦ੍ਰਿਕ ਗਿਣਤ ਸਿਧਾਂਤ) ਮੁਤਾਬਕ ਛਾਪਦੀ ਹੈ। ਇਸ ਦਾ ਆਰੰਭ 1 ਚੇਤ (14 ਮਾਰਚ) ਤੋਂ ਹੁੰਦਾ ਹੈ ਅਤੇ ਆਖਰੀ ਮਹੀਨਾ ਫੱਗਣ ਹੈ। ਇਸ ਦੇ ਸਾਲ ਦੇ ਦਿਨ 365 ਬਣਦੇ ਹਨ। ਹੁਣ ਜਦੋਂ ਸਾਲ ਦੇ ਦਿਨ 365 ਹੁੰਦੇ ਹਨ ਤਾ ਹਰ ਸਾਲ, ਹਰ ਦਿਹਾੜਾ ਉਸੇ ਪ੍ਰਵਿਸ਼ਟੇ (ਤਾਰੀਖ) ਨੂੰ ਹੀ ਆਉਣਾ ਚਾਹੀਦਾ ਹੈ; ਜਿਵੇਂ ਵੈਸਾਖੀ ਹਰ ਸਾਲ 1 ਵੈਸਾਖ ਨੂੰ ਹੀ ਹੁੰਦੀ ਹੈ। ਇਸੇ ਤਰ੍ਹਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਹਰ ਸਾਲ 8 ਪੋਹ ਅਤੇ 13 ਪੋਹ ਨੂੰ ਹੀ ਆਉਂਦੇ ਹਨ। ਇਸ ਮੁਤਾਬਕ ਤਾਂ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ, ਜੋ ਪਿਛਲੇ ਸਾਲ 27 ਕੱਤਕ (12 ਨਵੰਬਰ) ਨੂੰ ਸੀ, ਇਸ ਸਾਲ ਵੀ 27 ਕੱਤਕ ਨੂੰ ਹੀ ਆਉਣਾ ਚਾਹੀਦਾ ਸੀ, ਪਰ ਅਜੇਹਾ ਨਹੀਂ ਹੋਇਆ। ਇਸ ਸਾਲ ਗੁਰੂ ਨਾਨਕ ਦੀ ਦਾ ਪ੍ਰਕਾਸ਼ ਗੁਰਪੁਰਬ 16 ਮੱਘਰ (30 ਨਵੰਬਰ) ਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸ਼੍ਰੋਮਣੀ ਕਮੇਟੀ ਗੁਰੂ ਸਾਹਿਬ ਜੀ ਦੇ ਦਿਹਾੜੇ ਮਨਾਉਂਦੀ ਤਾਂ ਵਦੀ-ਸੁਦੀ ਮੁਤਾਬਕ ਭਾਵ ਚੰਦ ਦੇ ਕੈਲੰਡਰ ਮੁਤਾਬਕ ਹੈ, ਪਰ ਦਰਜ ਪ੍ਰਵਿਸ਼ਟਿਆਂ ’ਚ ਭਾਵ ਸੂਰਜੀ ਕੈਲੰਡਰ ਮੁਤਾਬਕ ਕਰਦੀ ਹੈ ਤਾਂ ਜੋ ਸੰਗਤਾਂ ਵਿੱਚ ਭੁਲੇਖਾ ਬਣਿਆ ਰਹੇ ਕਿ ਇਹ ਨਾਨਕਸ਼ਾਹੀ ਕੈਲੰਡਰ ਹੀ ਹੈ। ਜਦੋਂ ਕਿ ਅਸਲ ਵਿੱਚ ਇਹ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਹੈ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਜਿਹੜੇ ਵਿਧੀ-ਵਿਧਾਨ ਨਾਲ ਤਾਰੀਖਾਂ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ, ਕੈਲੰਡਰ ਵਿੱਚ ਛਾਪੀਆਂ ਵੀ ਉਸੇ ਅਨੁਸਾਰ ਹੀ ਜਾਣੀਆਂ ਚਾਹੀਦੀਆਂ ਤਾਂ ਜੋ ਸੰਗਤਾਂ ਨੂੰ ਕੋਈ ਭਰਮ-ਭੁਲੇਖਾ ਨਾ ਰਹੇ।
ਚੰਦ ਦੇ ਕੈਲੰਡਰ ਮੁਤਾਬਕ ਸਾਲ ਦੇ 12 ਮਹੀਨੇ (ਚੇਤ ਤੋਂ ਫੱਗਣ) ਅਤੇ ਸਾਲ ਦੇ 354 ਦਿਨ ਹੁੰਦੇ ਹਨ, ਪਰ ਚੰਦ ਦੇ ਸਾਲ ਦੇ ਦਿਨ, ਸੂਰਜੀ ਸਾਲ ਦੇ ਦਿਨਾਂ ਤੋਂ 11 ਦਿਨ ਘੱਟ ਹੁੰਦੇ ਹਨ। ਇਸ ਕਾਰਨ ਹਰ ਸਾਲ, ਹਰ ਦਿਹਾੜਾ ਪਿਛਲੇ ਸਾਲ ਨਾਲੋਂ 11 ਦਿਨ ਪਹਿਲਾਂ ਆਉਂਦਾ ਹੈ। ਹਿਜਰੀ ਕੈਲੰਡਰ ਚੰਦ ਦਾ ਕੈਲੰਡਰ ਹੈ। ਇਸਲਾਮ ਧਰਮ ਦਾ ਹਰ ਦਿਹਾੜਾ, ਹਰ ਸਾਲ ਪਿਛਲੇ ਸਾਲ ਤੋਂ 11 ਦਿਨ ਪਹਿਲਾਂ ਆਉਂਦਾ ਹੈ, ਪਰ ਬਿਕ੍ਰਮੀ ਕੈਲੰਡਰ ਵਿੱਚ ਅਜਿਹਾ ਨਹੀਂ ਹੁੰਦਾ। ਬਿਕ੍ਰਮੀ ਸੂਰਜੀ ਕੈਲੰਡਰ ਮੁਤਾਬਕ ਜਦੋਂ ਚੰਦ ਦਾ ਸਾਲ, ਇੱਕ ਸਾਲ ਵਿੱਚ 11 ਦਿਨ, ਦੋ ਸਾਲਾਂ ਵਿੱਚ 22 ਦਿਨ ਅਤੇ ਤਿੰਨ ਸਾਲਾਂ ਵਿੱਚ 33 ਦਿਨ ਪਿਛੇ ਰਹਿ ਜਾਂਦਾ ਹੈ ਤਾਂ ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਵਿਦਵਾਨਾਂ ਵੱਲੋਂ ਬਣਾਏ ਵਿਧੀ-ਵਿਧਾਨ ਅਨੁਸਾਰ ਇੱਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਭਾਵ ਇੱਕ ਨਾਮ ਦੇ ਦੋ ਮਹੀਨੇ ਹੁੰਦੇ ਹਨ। ਇਸ ਵਾਧੂ ਮਹੀਨੇ ਨੂੰ ਮਲ ਮਾਸ (ਮਾੜਾ ਮਹੀਨਾ) ਕਹਿੰਦੇ ਹਨ। ਇਸ ਮਹੀਨੇ ਵਿੱਚ ਕੋਈ ਵੀ ਸ਼ੁੱਭ ਕੰਮ ਨਹੀਂ ਕੀਤਾ ਜਾਂਦਾ। ਅਜਿਹਾ 19 ਸਾਲਾਂ ਵਿੱਚ 7 ਵਾਰ ਹੁੰਦਾ ਹੈ। ਮਲ ਮਾਸ ਕਦੋਂ ਅਤੇ ਕਿਹੜਾ ਹੋਵੇਗਾ, ਇਸ ਦੀ ਚੋਣ ਦਾ ਤਰੀਕਾਂ ਇਹ ਹੈ ਕਿ ਜਦੋਂ ਮੱਸਿਆ ਤੋਂ ਮੱਸਿਆ ਦੇ ਦਰਮਿਆਨ ਸੂਰਜ ਰਾਸ਼ੀ ਨਾ ਬਦਲੇ ਭਾਵ ਸੰਗਰਾਂਦ ਨਾ ਆਵੇ ਤਾਂ ਉਹ ਮਹੀਨਾ ਮਲ ਮਾਸ ਹੋਵੇਗਾ । ਇਸ ਸਾਲ ਅੱਸੂ ਮਹੀਨੇ ਦੀ ਸੰਗਰਾਂਦ 16 ਸਤੰਬਰ ਨੂੰ ਅਤੇ ਮੱਸਿਆ 17 ਸਤੰਬਰ ਨੂੰ ਸੀ, ਪਰ ਅਗਲੀ ਮੱਸਿਆ 16 ਅਕਤੂਬਰ ਨੂੰ (ਭਾਵ 29 ਦਿਨ ਬਾਅਦ) ਸੀ ਅਤੇ ਕੱਤਕ ਦੀ ਸੰਗਰਾਂਦ 17 ਅਕਤੂਬਰ ਨੂੰ। ਇਸ ਕਾਰਨ ਅੱਸੂ ਦੇ ਇੱਕ ਸੂਰਜੀ ਮਹੀਨੇ ਦੌਰਾਨ ਚੰਦ੍ਰਮਾ ਮਹੀਨਾ ਦੋ ਵਾਰੀ ਆ ਗਿਆ ਇੱਕ ਸ਼ੁਭ ਅਤੇ ਦੂਜਾ ਅਸ਼ੁਭ। ਇੱਕ ਵਾਧੂ ਮਹੀਨਾ ਹੋਣ ਕਾਰਨ ਸਾਲ ਦੇ 13 ਮਹੀਨੇ ਅਤੇ 384 ਦਿਨ ਬਣਦੇ ਹਨ।
ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸਾਹਿਬ ਅਬਿਚਲ ਨਗਰ, ਨਾਂਦੇੜ ਦੀ ਪ੍ਰਬੰਧਕੀ ਕਮੇਟੀ ਵੱਲੋਂ ਛਾਪੀ ਗਈ ਇਸ ਸਾਲ ਦੀ ‘ਦੁਸ਼ਟ ਦਮਨ ਜੰਤਰੀ’ ਦੇ ਸਤੰਬਰ ਮਹੀਨੇ ਨੂੰ ਧਿਆਨ ਨਾਲ ਵੇਖਣਾ ਚਾਹੀਦਾ ਹੈ :
2 ਸਤੰਬਰ (18 ਭਾਦੋਂ) ਦਿਨ ਬੁਧਵਾਰ ਨੂੰ ਭਾਦੋਂ ਦੀ ਪੁੰਨਿਆ ਹੈ ਭਾਵ ਇਸ ਦਿਨ ਚੰਦ ਦੇ ਸਾਲ ਦਾ ਭਾਦੋਂ ਮਹੀਨਾ ਖਤਮ ਹੋ ਗਿਆ ਹੈ। 3 ਤਾਰੀਖ ਨੂੰ ਪਹਿਲਾ ਅੱਸੂ (ਸ਼ੁਭ) ਵਦੀ 1 ਹੈ। 17 ਸਤੰਬਰ ਦੀ ਮੱਸਿਆ ਹੈ। ਇੱਥੇ ਵਦੀ ਪੱਖ ਖ਼ਤਮ ਹੋ ਗਿਆ ਹੈ। 18 ਤਾਰੀਖ ਨੂੰ ਪਹਿਲਾ ਅੱਸੂ (ਅਸ਼ੁਭ) ਸੁਦੀ 1 ਭਾਵ ਸੁਦੀ ਪੱਖ ਆਰੰਭ ਹੋ ਗਿਆ ਹੈ। ਹੁਣ 1 ਅਕਤੂਬਰ ਨੂੰ ਪੁੰਨਿਆ ਆਵੇਗੀ। ਉਸ ਤੋਂ ਅਗਲੇ ਦਿਨ ਭਾਵ 2 ਅਕਤੂਬਰ ਨੂੰ ਦੂਜਾ ਅੱਸੂ (ਅਸ਼ੁਭ) ਵਦੀ 1 ਹੋਵੇਗੀ। ਇਹ ਅਸ਼ੁਭ ਵਦੀ ਪੱਖ 16 ਅਕਤੂਬਰ ਨੂੰ ਮੱਸਿਆ ਵਾਲੇ ਦਿਨ ਖ਼ਤਮ ਹੋਵੇਗਾ ਅਤੇ 17 ਅਕਤੂਬਰ ਦਿਨ ਸ਼ਨਿਚਰਵਾਰ ਨੂੰ ਦੂਜਾ ਅੱਸੂ (ਸ਼ੁਭ) ਸੁਦੀ 1 ਦਾ ਆਰੰਭ ਹੋਵੇਗਾ ਅਤੇ 31 ਅਕਤੂਬਰ ਨੂੰ ਦੂਜਾ ਅੱਸੂ (ਸ਼ੁਭ) ਪੁੰਨਿਆ ਨੂੰ ਅੱਸੂ ਦਾ ਮਹੀਨਾ ਖ਼ਤਮ ਹੋਇਆ ਹੈ। ਧਿਆਨ ਰਹੇ ਪਹਿਲੇ ਅੱਸੂ ਦਾ ਵਦੀ ਪੱਖ ਸ਼ੁਭ, ਪਹਿਲੇ ਅੱਸੂ ਦਾ ਸੁਦੀ ਪੱਖ ਅਸ਼ੁਭ, ਦੂਜੇ ਅੱਸੂ ਦਾ ਵਦੀ ਪੱਖ ਅਸ਼ੁਭ ਅਤੇ ਦੂਜੇ ਅੱਸੂ ਦਾ ਸੁਦੀ ਪੱਖ ਸ਼ੁਭ ਮੰਨਿਆ ਜਾਂਦਾ ਹੈ। ਨਵੰਬਰ 1 ਨੂੰ ਚੰਦ ਦੇ ਕੱਤਕ ਮਹੀਨੇ ਦਾ ਆਰੰਭ ਹੁੰਦਾ ਹੈ ਭਾਵ ਕੱਤਕ ਵਦੀ 1 ਹੁੰਦਾ ਹੈ। ਇਸ ਲਈ ਹੁਣ ਕੱਤਕ ਦੀ ਪੁੰਨਿਆ 30 ਨਵੰਬਰ ਨੂੰ ਆਵੇਗੀ। ਦੂਜੇ ਪਾਸੇ ਸੂਰਜੀ ਬਿਕ੍ਰਮੀ ਸਾਲ ਦਾ ਕੱਤਕ ਮਹੀਨਾ ਜੋ ਇਸ ਸਾਲ 29 ਦਿਨਾਂ ਦਾ ਸੀ, 14 ਨਵੰਬਰ ਨੂੰ ਖਤਮ ਹੋ ਗਿਆ ਸੀ। 15 ਨਵੰਬਰ ਨੂੰ ਸੰਗਰਾਂਦ ਵਾਲੇ ਦਿਨ ਤੋਂ ਸੂਰਜੀ ਮੱਘਰ ਮਹੀਨਾ ਆਰੰਭ ਹੋ ਗਿਆ ਹੈ। ਉਪਰੋਕਤ ਫੋਟੋ ਵਿੱਚ 19 ਸਤੰਬਰ (4 ਅੱਸੂ) ਵਾਲੇ ਦਿਨ, ਪਹਿਲੇ ਅੱਸੂ (ਅਸ਼ੁਭ) ਦੀ ਸੁਦੀ 2 ਅਤੇ ਸੁਦੀ 3, ਇੱਕੋ ਦਿਨ ਹੀ ਹਨ। ਇਸ ਤੋਂ ਉਲ਼ਟ ਕਈ ਵਾਰ ਸੂਰਜੀ ਦੋ ਦਿਨਾਂ ਵਿੱਚ ਚੰਦ ਦੀ ਇੱਕ ਵਦੀ ਜਾਂ ਸੁਦੀ ਹੀ ਆਉਂਦੀ ਹੈ; ਜਿਵੇ 6-7 ਨਵੰਬਰ ਨੂੰ ਕੱਤਕ ਵਦੀ 6 ਅਤੇ 26-27 ਨਵੰਬਰ ਨੂੰ ਕੱਤਕ ਸੁਦੀ 12 ਭਾਵ ਦੋ ਤਿੱਥੀਆਂ ਇੱਕੋ ਦਿਨ ਹਨ।
ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ, ਜੋ ਕਿ ਅਸਲ ਵਿੱਚ ਵੈਸਾਖ ਦਾ ਹੈ, ਪਰ ਪ੍ਰਚਲਿਤ ਰਵਾਇਤ ਮੁਤਾਬਕ ਸ਼੍ਰੋਮਣੀ ਕਮੇਟੀ ਕੱਤਕ ਦੀ ਪੁੰਨਿਆ ਨੂੰ ਮਨਾਉਂਦੀ ਹੈ, ਇਸ ਸਾਲ ਇਹ ਦਿਹਾੜਾ 16 ਮੱਘਰ (30 ਨਵੰਬਰ) ਨੂੰ ਹੈ ਤੇ ਇਸ ਦਿਨ ਕੱਤਕ ਦੀ ਪੁੰਨਿਆ ਹੈ, ਇਸ ਲਈ ਇਹ ਕਹਿਣਾ ਕਿ ਇਸ ਸਾਲ ਗੁਰੂ ਨਾਨਕ ਜੀ ਦਾ ਪ੍ਰਕਾਸ਼ ਪੁਰਬ ਮੱਘਰ ਮਹੀਨੇ ਦਾ ਹੈ, ਸਹੀ ਨਹੀਂ। ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਜਾਂਦੇ ਅਸ਼ੁੱਧ ਬਿਕ੍ਰਮੀ ਕੈਲੰਡਰ ਮੁਤਾਬਕ 2018 ਈ: ਵਿੱਚ ਵੀ ਇਹ ਦਿਹਾੜਾ 8 ਮੱਘਰ (23 ਨਵੰਬਰ) ਨੂੰ ਆਇਆ ਸੀ। ਸੰਨ 2019 ਵਿੱਚ ਇਹ ਦਿਹਾੜਾ 27 ਕੱਤਕ ਨੂੰ ਸੀ, ਇਸ ਸਾਲ ਇਹ ਦਿਹਾੜਾ 16 ਮੱਘਰ ਨੂੰ, ਅਗਲੇ ਸਾਲ 4 ਮੱਘਰ ਨੂੰ ਆਵੇਗਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਦਿਹਾੜਾ ਹਰ ਸਾਲ 1 ਵੈਸਾਖ ਨੂੰ ਆਉਂਦਾ ਹੈ।
ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ ਕਿਸੇ ਦਿਨ ਨੂੰ ਅਸ਼ੁਭ ਮੰਨਿਆ ਜਾ ਸਕਦਾ ਹੈ ? ਇੱਥੇ ਤਾਂ ਪੂਰੇ ਦਾ ਪੂਰਾ ਮਹੀਨਾ ਹੀ ਅਸ਼ੁਭ ਹੈ। ਕੀ ਅਸੀਂ ਗੁਰੂ ਨਾਨਕ ਜੀ ਦੇ ਸਿੱਖ ਅਖਵਾਉਣ ਦੇ ਹੱਕਦਾਰ ਹਾਂ ? ਸਿੱਖ ਕੌਮ ਨੂੰ ਇਸ ਬਾਰੇ ਵਿਚਾਰਨਾ ਬਣਦਾ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਬੇਨਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਨਾਮ ਹੇਠ ਅਸ਼ੁੱਧ ਬਿਕ੍ਰਮੀ ਕੈਲੰਡਰ ਛਾਪ ਕੇ ਸੰਗਤਾਂ ਨੂੰ ਗੁੰਮਰਾਹ ਨਾ ਕਰੋ। ਜੇ ਬਿਕ੍ਰਮੀ ਕੈਲੰਡਰ ਮੁਤਾਬਕ ਚੱਲਣਾ ਹੈ ਤਾਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਵਾਂਗ ਸ਼ੁਧ ਬਿਕ੍ਰਮੀ ਕੈਲੰਡਰ ਛਾਪਣ ਦਾ ਹੌਸਲਾ ਵੀ ਰੱਖੇ; ਜਿਵੇ ਕਿ 1999 ਈ: ਤੋਂ ਪਹਿਲਾਂ ਛਾਪਿਆ ਜਾਂਦਾ ਸੀ ਤਾਂ ਜੋ ਸੰਗਤਾਂ ਇਹ ਵੇਖ ਸਕਣ ਕਿ ਕੱਤਕ ਦੀ ਪੁੰਨਿਆ; ਕੱਤਕ ਵਿੱਚ ਆਵੇਗੀ ਜਾਂ ਮੱਘਰ ਵਿੱਚ।