ਨਾਸਤਕ ਬਨਾਮ ਸੰਤ ਸਮਾਜ ਦੇ ਟਕਰਾਅ ’ਚ ਰੁਲ਼ਦੇ ਸਿੱਖੀ ਅਸੂਲ

0
1158

ਨਾਸਤਕ ਬਨਾਮ ਸੰਤ ਸਮਾਜ ਦੇ ਟਕਰਾਅ ’ਚ ਰੁਲ਼ਦੇ ਸਿੱਖੀ ਅਸੂਲ

ਕਿਰਪਾਲ ਸਿੰਘ ਬਠਿੰਡਾ 88378-13661

ਅੱਜ ਕੱਲ੍ਹ ਢੱਡਰੀਆਂ ਵਾਲਾ ਬਨਾਮ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਵਾਦ ਪੰਥ ਲਈ ਇੱਕ ਸੰਕਟ ਬਣਿਆ ਹੋਇਆ ਹੈ ਜਿਸ ਵਿੱਚੋਂ ਨਿਕਲਣਾ ਸਾਡੇ ਅੱਜ ਦੇ ਆਗੂਆਂ ਅਤੇ ਉਨ੍ਹਾਂ ਦੇ ਸਲਾਹਕਾਰਾਂ ਦੇ ਵੱਸੋਂ ਬਾਹਰ ਜਾਪਦਾ ਹੈ। ਇਸ ਵਿਵਾਦ ਵਿੱਚੋਂ ਨਿਕਲਣ ਦੇ ਉਪਾਅ ਖੋਜਣ ਤੋਂ ਪਹਿਲਾਂ ਆਓ ਇਸ ਵਿਵਾਦ ਦੇ ਉਤਪੰਨ ਹੋਣ ਦੇ ਕਾਰਨਾਂ ਵੱਲ ਧਿਆਨ ਦੇਣਾ ਸ਼ੁਰੂ ਕਰੀਏ।

ਕਿਸੇ ਧਰਮ ਜਾਂ ਸੰਸਥਾ ਦੀ ਮਜ਼ਬੂਤੀ ਦੇ ਦੋ ਮਹੱਤਵਪੂਰਨ ਥੰਮ ਹਨ : (1) ਸਿਧਾਂਤ (2) ਇਤਿਹਾਸ।

ਇਹ ਚੇਤੇ ਰੱਖਣ ਵਾਲੀ ਗੱਲ ਹੈ ਕਿ ਸਿੱਖ ਧਰਮ ਦਾ ਸਿਧਾਂਤ, ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪ੍ਰਗਟ ਹੁੰਦਾ ਹੈ ਜਿਸ ਦੀ ਰਚਨਾ ਅਤੇ ਸੰਪਾਦਨਾ ਗੁਰੂ ਸਾਹਿਬਾਨ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਖ਼ੁਦ ਆਪ ਕੀਤੀ ਹੋਣ ਕਰਕੇ ਇਸ ਨੂੰ ਬਿਨਾਂ ਮਿਲਾਵਟ ਤੋਂ ਸ਼ੁੱਧ ਰੂਪ ਵਿੱਚ ਸਮਝਣਾ ਚਾਹੀਦਾ ਹੈ (ਭਾਵੇਂ ਕਿ ਹੱਥ ਲਿਖਤ ਬੀੜਾਂ ਦੀ ਨਕਲ ਦਰ ਨਕਲ ਕਰਦਿਆਂ ਅਤੇ ਛਾਪੇ ਦੌਰਾਨ ਮਨੁੱਖੀ ਅਣਗਹਿਲੀਆਂ ਕਾਰਨ ਕੁਝ ਕੁ ਲਗਾਂ ਮਾਤਰਾ ਅਤੇ ਅਤੇ ਪਦ-ਛੇਦ ਸ਼ਬਦਾਂ ਵਿੱਚ ਪਾਠ-ਭੇਦ ਹਨ; ਜਿਨ੍ਹਾਂ ਨੂੰ ਡੂੰਘੀ ਖੋਜ ਰਾਹੀਂ ਦੂਰ ਕਰਨ ਦਾ ਯਤਨ ਹੋਣਾ ਚਾਹੀਦਾ ਹੈ)। ਇਨ੍ਹਾਂ ਮੁੱਖ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ; ਇਸ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਅਤੇ ਸਿੱਖਾਂ ’ਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸਿਧਾਂਤ ਨੂੰ ਦ੍ਰਿੜਤਾ ਨਾਲ ਅਪਨਾਉਣ ਦਾ ਚਾਅ ਅਤੇ ਹਿੰਮਤ ਪੈਦਾ ਕਰਨ ਦੀ ਤਿਆਰੀ ਕਰਦਿਆਂ ਦਸਾਂ ਪਾਤਸ਼ਾਹੀਆਂ ਨੇ 239 ਸਾਲ ਮਹਾਨ ਘਾਲਣਾ ਘਾਲੀ; ਸਾਡੇ ਮਹਾਨ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਚਾਰੇ ਸਾਹਿਬਜ਼ਾਦਿਆਂ ਅਤੇ ਅਨੇਕਾਂ ਹੋਰ ਸਿੰਘ ਸਿੰਘਣੀਆਂ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ’ਤੇ ਸਿੱਖਾਂ ਵੱਲੋਂ ਪੂਰੇ ਉਤਰਨ ਦੀ ਪਰਖ ਕਰਨ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ੬ ਕੱਤਕ ਬਿਕ੍ਰਮੀ ਸੰਮਤ ੧੭੬੫, ਨਾਨਕਸ਼ਾਹੀ ਸੰਮਤ 240 ਮੁਤਾਬਕ 6 ਅਕਤੂਬਰ 1708 ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇ ਕੇ ਸਿੱਖਾਂ ਲਈ ਹੁਕਮ ਕੀਤਾ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ’। ਇਸ ਹੁਕਮ ਨਾਲ ਸ਼ਖ਼ਸੀ-ਗੁਰੂ ਪ੍ਰਪਾਟੀ ਸਦਾ ਲਈ ਖ਼ਤਮ ਹੋ ਗਈ। ਇਸ ਮੁਕਾਮ ’ਤੇ ਪਹੁੰਚਣ ਦੀ ਨੀਂਹ ਗੁਰੂ ਨਾਨਕ ਸਾਹਿਬ ਜੀ ਨੇ ਰੱਖ ਦਿੱਤੀ ਸੀ ਜਿਸ ’ਤੇ ਪਹੁੰਚਣ ਲਈ 239 ਸਾਲ ਲੱਗੇ ਹਨ।

ਗੁਰੂ ਸਾਹਿਬਾਨ ਅਤੇ ਉਨ੍ਹਾਂ ਸਿੰਘ ਸਿੰਘਣੀਆਂ, ਜਿਨ੍ਹਾਂ ਨੇ ਗੁਰ ਸ਼ਬਦ ਦੀ ਸਿੱਖਿਆ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦਿਆਂ ਆਪਣਾ ਸਾਰਾ ਜੀਵਨ ਲਾ ਦਿੱਤਾ, ਉਨ੍ਹਾਂ ਦੇ ਜੀਵਨ ਬ੍ਰਿਤਾਂਤ ਅਤੇ ਉਸ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਕਲਮਬੰਦ ਕਰਨ ਵਾਲੀਆਂ ਪੁਸਤਕਾਂ ਨੂੰ ਇਤਿਹਾਸ ਦਾ ਨਾਂ ਦਿੱਤਾ ਜਾਂਦਾ ਹੈ; ਜੋ ਜ਼ਿਆਦਾਤਰ ਗੁਰੂ ਸਾਹਿਬਾਨ ਤੋਂ ਬਾਅਦ ਵਿੱਚ ਬਹੁਤ ਸਮਾਂ ਪਿੱਛੋਂ ਮਨੁੱਖਾਂ ਵੱਲੋਂ ਲਿਖਿਆ ਗਿਆ। ਸਿੱਖ ਇਤਿਹਾਸ ਦੇ ਮੂਲ ਸੋਮੇ ਜਨਮ ਸਾਖੀਆਂ, ਭੱਟ ਵਹੀਆਂ, ਗੁਰਬਿਲਾਸ ਪਾਤਸ਼ਾਹੀ ੬ਵੀਂ, ਗੁਰਬਿਲਾਸ ਪਾਤਸ਼ਾਹੀ ੧੦ਵੀਂ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਤਵਾਰੀਖ਼ ਗੁਰੂ ਖ਼ਾਲਸਾ ਆਦਿਕ ਗ੍ਰੰਥ ਹਨ, ਜੋ ਮਨੁੱਖੀ ਕ੍ਰਿਤ ਹੋਣ ਕਰਕੇ ਇਨ੍ਹਾਂ ਵਿੱਚ ਕੁਝ ਗੁਰਮਤਿ ਵਿਰੋਧੀ ਲਿਖਤਾਂ ਵੀ ਦਰਜ ਹਨ, ਜਿਨ੍ਹਾਂ ਤੋਂ ਇਨ੍ਹਾਂ ਇਤਿਹਾਸਕ ਗ੍ਰੰਥਾਂ ਦਾ ਵੱਡਾ ਸਮਰਥਕ ਰਿਹਾ ਧੜਾ ਵੀ ਮੁਨਕਰ ਨਹੀਂ।

ਸਿੱਖ ਇਤਿਹਾਸ ਵਿੱਚ ਇਨ੍ਹਾਂ ਗੁਰਮਤਿ ਸਿਧਾਂਤ ਵਿਰੋਧੀ ਲਿਖਤਾਂ ਕਾਰਨ ਪਿਛਲੇ ਲੰਬੇ ਸਮੇਂ ਤੋਂ ਸਿੱਖ ਧਰਮ ਦੇ ਪ੍ਰਚਾਰਕ ਮੁੱਖ ਤੌਰ ’ਤੇ ਦੋ ਧੜਿਆਂ ਵਿੱਚ ਵੰਡੇ ਹੋਏ ਹਨ।  ਇੱਕ ਧੜਾ ਉਹ ਹੈ ਜੋ ਮਨੁੱਖੀ ਕ੍ਰਿਤ ਸਿੱਖ ਇਤਿਹਾਸ ਅਤੇ ਪੁਰਾਤਨ ਰਹਿਤਨਾਮਿਆਂ ਵਿੱਚੋਂ ਸਿੱਖ ਧਰਮ ਦੇ ਸਿਧਾਂਤ ਖੋਜਣ ਲਈ ਬਜ਼ਿਦ ਹੈ। ਇਨ੍ਹਾਂ ਇਤਿਹਾਸਕ ਗ੍ਰੰਥਾਂ ਤੋਂ ਇਲਾਵਾ ਇਹ ਧੜਾ ਬਚਿੱਤਰ ਨਾਟਕ ਨਾਮੀ ਪੁਸਤਕ (ਜਿਸ ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਦੱਸ ਕੇ ਦਸਮ ਗ੍ਰੰਥ ਦੇ ਨਾਂ ਨਾਲ ਪ੍ਰਚਾਰਿਆ ਜਾ ਰਿਹਾ ਹੈ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਪ੍ਰਕਾਸ਼ ਕਰਨ ਦੇ ਵੀ ਹੱਕ ਵਿੱਚ ਹੈ। ਤਖ਼ਤ ਸ਼੍ਰੀ ਹਜੂਰ ਸਾਹਿਬ ਨਾਂਦੇੜ, ਤਖ਼ਤ ਸ਼੍ਰੀ ਪਟਨਾ ਸਾਹਿਬ ਅਤੇ ਨਿਹੰਗ ਸਿੰਘਾਂ ਦੀਆਂ ਕਈ ਛਾਉਣੀਆਂ ਵਿੱਚ ਦਸਮ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਪ੍ਰਕਾਸ਼ ਵੀ ਕੀਤਾ ਜਾ ਰਿਹਾ ਹੈ ਅਤੇ ਬਾਕੀ ਦੇ ਗੁਰਦੁਆਰਿਆਂ ਵਿੱਚ ਪ੍ਰਕਾਸ਼ ਕਰਨ ਦੀ ਮੁਹਿੰਮ ਜਾਰੀ ਹੈ। ਇਸ ਧੜੇ ਨਾਲ ਨਿਰਮਲੇ ਸੰਤ ਅਤੇ ਉਦਾਸੀ ਮੱਤ ਦੇ ਸੰਤਾਂ ਦੀਆਂ ਸੰਪ੍ਰਦਾਵਾਂ ਵੀ ਖੜ੍ਹੀਆਂ ਹਨ ਜਿਨ੍ਹਾਂ ਦੇ ਸਮੂਹ ਨੂੰ ਸੰਤ ਸਮਾਜ ਕਿਹਾ ਜਾਂਦਾ ਹੈ।

ਦੂਸਰੇ ਧੜੇ ਦਾ ਮੰਨਣਾ ਹੈ ਕਿ ਸਾਡਾ ਸਿਧਾਂਤ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪ੍ਰਗਟ ਹੁੰਦਾ ਹੈ। ਇਤਿਹਾਸਕ ਗ੍ਰੰਥਾਂ ਵਿੱਚ ਬਹੁਤ ਕੁਝ ਮਿਲਾਵਟ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ’ਤੇ ਪਰਖ ਕੇ ਸੋਧਿਆ ਜਾਣਾ ਬੜਾ ਜ਼ਰੂਰੀ ਹੈ ਭਾਵ ਜੋ ਭਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨਾਲ ਮੇਲ ਖਾਂਦਾ ਹੈ ਉਸ ਨੂੰ ਰੱਖ ਲਿਆ ਜਾਵੇ ਅਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੇਲ ਨਹੀਂ ਖਾਂਦਾ ਉਸ ਨੂੰ ਸਿੱਖੀ ਸਾਹਿਤ ਵਿੱਚੋਂ ਕੱਢ ਕੇ ਬਾਕੀ ਇਤਿਹਾਸ ਦੁਬਾਰਾ ਲਿਖਿਆ ਜਾਵੇ। ਇਸ ਵੀਚਾਰਧਾਰਾ ਵਾਲੇ ਪ੍ਰਚਾਰਕਾਂ ਨੂੰ ਮਿਸ਼ਨਰੀ ਵਰਗ ਵਿੱਚ ਰੱਖਿਆ ਗਿਆ ਹੈ। ਮਿਸ਼ਨਰੀ ਵਰਗ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਪ੍ਰਕਾਸ਼ ਕਰਨ ਦੇ ਵੀ ਵਿਰੋਧ ਵਿੱਚ ਹੈ ਕਿਉਂਕਿ ਇਨ੍ਹਾਂ ਦਾ ਮੰਨਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਸੀ ਅਤੇ ਉਸ ਸਮੇਂ ਦਸਮ ਗ੍ਰੰਥ ਦਾ ਕੋਈ ਵਜੂਦ ਨਹੀਂ ਸੀ। ਇਸ ਲਈ ਦਸਮ ਗ੍ਰੰਥ ਸਮੇਤ ਹੋਰ ਕੋਈ ਵੀ ਪੁਸਤਕ ਜਾਂ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਵਾਲੇ ਸਤਿਕਾਰ, ਚੰਦੋਆ ਅਤੇ ਚੌਰ ਦਾ ਹੱਕਦਾਰ ਨਹੀਂ ਹੋ ਸਕਦਾ। ਦਸਮ ਗ੍ਰੰਥ ਦਾ ਬਰਾਬਰ ਪ੍ਰਕਾਸ਼ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੁਣੌਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੰਤਮ ਪਾਵਨ ਸੰਦੇਸ਼ ਨੂੰ ਅਣਸੁਣਿਆ ਕਰਨਾ ਹੈ।

ਇਨ੍ਹਾਂ ਵੀਚਾਰਧਾਰਕ ਵਖਰੇਵਿਆਂ ਕਾਰਨ ਸੰਤ ਸਮਾਜ ਅਤੇ ਮਿਸ਼ਨਰੀ ਵਰਗ ਦਾ ਵਿਵਾਦ ਦਿਨੋ ਦਿਨ ਵਧਦਾ ਗਿਆ। ਇਸ ਵਿਵਾਦ ਦੇ ਚਲਦਿਆਂ ਹਰਨਾਮ ਸਿੰਘ ਧੁੰਮਾ ਬਨਾਮ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਸ਼ੁਰੂ ਹੋਇਆ ਤਿੱਖਾ ਵਿਵਾਦ ਸੰਤ ਸਮਾਜ ਵੱਲੋਂ ਬੜੀ ਹੁਸ਼ਿਆਰੀ ਨਾਲ ਸ਼੍ਰੀ ਅਕਾਲ ਤਖ਼ਤ ਬਨਾਮ ਢੱਡਰੀਆਂ ਵਾਲੇ ਵਿਚਕਾਰ ਤਬਦੀਲ ਕਰ ਦਿੱਤੇ ਜਾਣ ਕਾਰਨ ਸਿੱਖ ਕੌਮ ਲਈ ਇਹ ਹੋਰ ਡੂੰਘੇ ਸੰਕਟ ਦਾ ਕਾਰਨ ਬਣਦਾ ਜਾ ਰਿਹਾ ਹੈ। ਇਸ ਵਿਵਾਦ ਨੂੰ ਉਤੇਜਿਤ ਕਰਨ ਵਾਲੀ ਪਹਿਲੀ ਧਿਰ, ਟਕਸਾਲੀ ਭਾਈ ਹਰਨਾਮ ਸਿੰਘ ਧੁੰਮਾ ਨੂੰ ਮੰਨਿਆ ਜਾ ਸਕਦਾ ਹੈ, ਜੋ ਵਿਅਕਤੀਗਤ ਟਿੱਪਣੀਆਂ ਤੋਂ ਅੱਗੇ ਜਾ ਕੇ ਛਬੀਲ ਦੀ ਆੜ ਵਿੱਚ ਢੱਡਰੀਆਂ ਵਾਲੇ ’ਤੇ ਕਾਤਲਾਨਾਂ ਹਮਲਾ ਕਰਵਾਉਂਦਾ ਹੈ। ਉਸ ਹਮਲੇ ਵਿੱਚ ਢੱਡਰੀਆਂ ਵਾਲਾ ਤਾਂ ਬਚ ਗਿਆ ਪਰ ਉਸ ਦਾ ਇੱਕ ਬੇਕਸੂਰ ਸਾਥੀ ਭਾਈ ਭੂਪਿੰਦਰ ਸਿੰਘ ਮਾਰਿਆ ਗਿਆ। ਇਸ ਵੇਲੇ ਤੱਕ ਮਿਸ਼ਨਰੀ ਵਰਗ ਪੂਰੀ ਤਰ੍ਹਾਂ ਢੱਡਰੀਆਂ ਵਾਲੇ ਦੀ ਹਿਮਾਇਤ ਵਿੱਚ ਖੜ੍ਹਦਾ ਰਿਹਾ ਹੈ। ਇਸੇ ਸਮੇਂ ਦਾ ਫਾਇਦਾ ਲੈਂਦਿਆਂ ਵਿਰਸਾ ਰੇਡੀਓ ਨਿਊਜ਼ੀਲੈਂਡ ਦਾ ਗਰੁੱਪ ਬੜੀ ਤੇਜੀ ਨਾਲ ਚਰਚਿਤ ਹੋਇਆ ਜਿਸ ਨਾਲ ਕਿਸੇ ਵੇਲੇ ਮਿਸ਼ਨਰੀ ਵਰਗ ਦੇ ਇੱਕ ਹਿੱਸੇ ਦਾ ਵੀ ਤਾਲਮੇਲ ਰਿਹਾ ਹੈ। ਨਿਊਜ਼ੀਲੈਂਡ ਗਰੁੱਪ ਇਨ੍ਹਾਂ ਪ੍ਰਸਿੱਧ ਮਿਸ਼ਨਰੀ ਪ੍ਰਚਾਰਕਾਂ ਦੇ ਮੂੰਹੋਂ ਕੁਝ ਉਹ ਵਿਵਾਦਿਤ ਗੱਲਾਂ ਅਖਵਾਉਣਾ ਚਾਹ ਰਿਹਾ ਸੀ ਜਿਨ੍ਹਾਂ ਨੂੰ ਕਹਿਣ ਲਈ ਇਸ ਦਾ ਕਿਸੇ ਦਿਨ ਹਿਮਾਇਤੀ ਰਿਹਾ ਮਿਸ਼ਨਰੀ ਵਰਗ ਹੁਣ ਤੱਕ ਵੀ ਤਿਆਰ ਨਹੀਂ ਹਨ। ਇਨ੍ਹਾਂ ਵਿਵਾਦਿਤ ਗੱਲਾਂ ਵਿੱਚੋਂ ਇੱਕ ਤਾਂ ਇੱਕ ਟਾਕ-ਸ਼ੋਅ ਵਿੱਚ ਵਿਰਸਾ ਰੇਡੀਓ ਟੀਮ ਦੇ ਮੁਖੀ ਹਰਨੇਕ ਸਿੰਘ ਨੇ ਕਹੀ ਸੀ ਕਿ ਗੁਰੂ ਸਾਹਿਬਾਨ ਨੇ ਜੋ ਬਾਣੀ ਉਚਾਰਨ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹ ਤਾਂ 100% ਸੱਚ ਹੈ ਪਰ ਜੋ ਉਨ੍ਹਾਂ ਨੇ ਜੀਵਨ ਜੀਵਿਆ ਉਹ ਆਮ ਮਨੁੱਖਾ ਪੱਧਰ ਦਾ ਹੋਣ ਕਰਕੇ ਆਮ ਮਨੁੱਖਾਂ ਵਾਙ ਹੀ ਕਈ ਗਲਤੀਆਂ ਹੋਈਆਂ ਸਨ। ਇਸ ਦੀ ਪਹਿਲੀ ਮਿਸਾਲ ਉਨ੍ਹਾਂ ਨੇ ਗੁਰੂ ਰਾਮਦਾਸ ਜੀ ਦੀ ਦਿੱਤੀ ਜਿਨ੍ਹਾਂ ਨੇ ਪਹਿਲਾਂ ਤਾਂ ਗੁਰੂ ਘਰ ਦੇ ਸਾਰੇ ਕਾਰੋਬਾਰ ਦੀ ਜਿੰਮੇਵਾਰੀ ਆਪਣੇ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਨੂੰ ਸੌਂਪ ਦਿੱਤੀ ਅਤੇ ਬਾਅਦ ਵਿੱਚ ਗੁਰਿਆਈ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਨੂੰ ਦੇ ਦਿੱਤੀ, ਜਿਸ ਕਾਰਨ ਗੁਰੂ ਵੰਸ਼ਜ ਵਿੱਚ ਸ਼ਰੀਕੇਬਾਜ਼ੀ ਪੈਦਾ ਹੋਈ।

ਦੂਸਰੀ ਮਿਸਾਲ ਗੁਰੂ ਹਰਿਰਾਇ ਸਾਹਿਬ ਜੀ ਦੀ ਦਿੱਤੀ ਗਈ ਕਿ ਉਨ੍ਹਾਂ ਨੇ ਪਹਿਲਾਂ ਤਾਂ ਆਪਣੇ ਵੱਡੇ ਪੁੱਤਰ ਰਾਮਰਾਇ ਨੂੰ ਯੋਗ ਜਾਣ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਗੁਰੂ ਘਰ ਦਾ ਪੱਖ ਰੱਖਣ ਲਈ ਭੇਜ ਦਿੱਤਾ ਪਰ ਉਸ ਵੱਲੋਂ ਗੁਰਬਾਣੀ ਦੀ ਇੱਕ ਤੁਕ ਬਦਲ ਕੇ ਪੜ੍ਹ ਦਿੱਤੇ ਜਾਣ ਕਾਰਨ ਉਸ ਨੂੰ ਸਦਾ ਲਈ ਤਿਆਗ ਦਿੱਤਾ ਅਤੇ ਗੁਰਿਆਈ ਕੇਵਲ ਪੰਜ ਸਾਲ ਦੇ ਆਪਣੇ ਛੋਟੇ ਪੁੱਤਰ ਗੁਰੂ ਸ਼੍ਰੀ ਹਰਿਕ੍ਰਿਸ਼ਨ ਜੀ ਨੂੰ ਦੇ ਦਿੱਤੀ। ਇੱਕ ਦੀਬਾਨ ਵਿੱਚ ਭਾਈ ਰਣਜੀਤ ਸਿੰਘ ਵੱਲੋਂ ਰਾਮਰਾਇ ਵਾਲੀ ਅਧੂਰੇ ਰੂਪ ਵਿੱਚ ਸੁਣਾਈ ਸਾਖੀ ਨੂੰ ਹਰਨੇਕ ਸਿੰਘ ਨੇ ਆਪਣੀ ਫੇਸਬੁੱਕ ਵਿੱਚ ਸ਼ੇਅਰ ਕਰਕੇ ਆਪਣੇ ਕਥਨ ਦੇ ਹੱਕ ਵਿੱਚ ਵਰਤ ਲਿਆ। ਕਈ ਸਮਝਦਾਰ ਗੁਰਸਿੱਖਾਂ ਵੱਲੋਂ ਜਿਸ ਵੱਲ ਧਿਆਨ ਦਿਵਾਏ ਜਾਣ ਉਪਰੰਤ ਵੀ ਢੱਡਰੀਆਂ ਵਾਲੇ ਨੇ ਅੱਜ ਤੱਕ ਇਸ ਦਾ ਖੰਡਨ ਨਹੀਂ ਕੀਤਾ ਕਿ ਮੈਂ ਸਾਖੀ ਉਸ ਭਾਵ ਵਿੱਚ ਨਹੀਂ ਸੁਣਾਈ ਸੀ ਜਿਸ ਭਾਵ ਨਾਲ ਹਰਨੇਕ ਸਿੰਘ ਪੇਸ਼ ਕਰ ਰਿਹਾ ਹੈ। ਢੱਡਰੀਆਂ ਵਾਲੇ ਦੀ ਚੁੱਪ ਅਸਿੱਧੇ ਰੂਪ ਵਿੱਚ ਸਹਿਮਤੀ ਕਿਹਾ ਜਾ ਸਕਦਾ ਹੈ।

ਅੱਜ ਕੱਲ੍ਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਆਪਣੀਆਂ ਵੀਡੀਓਜ਼ ਵਿੱਚ ਸ਼ਰੇਆਮ ਇਹ ਆਖ ਰਹੇ ਹਨ ਕਿ ਪੁਜਾਰੀਆਂ ਤੇ ਮਿਸ਼ਨਰੀਆਂ ਵਾਲੇ ਰੱਬ ਨੂੰ ਮੈਂ ਨਹੀਂ ਮੰਨਦਾ। “ਬਲਿਹਾਰੀ, ਕੁਦਰਤਿ ਵਸਿਆ ਦਾ ਹਵਾਲਾ ਦੇ ਕੇ ਉਨ੍ਹਾਂ ਦਾ ਕਹਿਣਾ ਹੈ ਕਿ ਰੱਬ ਇਸ ਕੁਦਰਤ ਵਿੱਚ ਵਸਿਆ ਹੋਇਆ ਹੋਣ ਕਾਰਨ ਇਹ ਕੁਦਰਤ ਹੀ ਰੱਬ ਹੈ, ਇਸ ਨੂੰ ਸਮਝੋ, ਇਸ ਦੇ ਨਿਯਮਾਂ ਨੂੰ ਸਮਝੋ, ਇਹ ਨਿਯਮ ਹੀ ਰੱਬ ਹਨ।

ਭਾਵੇਂ ਕਿ ਸਮੁੱਚਾ ਮਿਸ਼ਨਰੀ ਵਰਗ ਇੱਥੋਂ ਤੱਕ ਤਾਂ ਬਿਲਕੁਲ ਸਹਿਮਤ ਹੈ ਕਿ ਰੱਬ ਇਸ ਕੁਦਰਤ ਵਿੱਚ ਵਸ ਰਿਹਾ ਹੋਣ ਕਰਕੇ ਕੁਦਰਤ ਰੱਬ ਦਾ ਸਰਗੁਨ ਸਰੂਪ ਹੈ: “ਏਹੁ ਵਿਸੁ ਸੰਸਾਰੁ, ਤੁਮ ਦੇਖਦੇ, ਏਹੁ ਹਰਿ ਕਾ ਰੂਪੁ ਹੈ;  ਹਰਿ ਰੂਪੁ ਨਦਰੀ ਆਇਆ (੯੨੨) ਪਰ ਇਨ੍ਹਾਂ ਦਾ ਇਹ ਮੰਨਣਾ ਵੀ ਹੈ ਕਿ ਭਾਵੇਂ ਇਹ ਦਿਸਦਾ ਸੰਸਾਰ ਜਾਂ ਕੁਦਰਤਿ ਵੀ ਰੱਬ ਦਾ ਸਰਗੁਨ ਸਰੂਪ ਹੈ ਪਰ ਕੁਦਰਤਿ ਦੀ ਰਚਨਾ ਖ਼ੁਦ ਪ੍ਰਭੂ ਨਹੀਂ ਬਲਕਿ ਨਿਰੰਕਾਰ ਸਰੂਪ ਪ੍ਰਭੂ ਤੋਂ ਦੂਸਰੇ ਨੰਬਰ ’ਤੇ ਹੈ: “ਆਪੀਨ੍ਹ੍ਹੈ ਆਪੁ ਸਾਜਿਓ;  ਆਪੀਨ੍ਹ੍ਹੈ ਰਚਿਓ ਨਾਉ ਦੁਯੀ ਕੁਦਰਤਿ ਸਾਜੀਐ;  ਕਰਿ ਆਸਣੁ ਡਿਠੋ ਚਾਉ (੪੬੩) ਕਾਦਰ ਆਪਣੀ ਹਰ ਕ੍ਰਿਤ ਦੇ ਵਿੱਚ ਵਸਿਆ ਹੋਇਆ ਵੀ ਹੈ, ਸਭਨਾਂ ਦੇ ਨੇੜੇ ਵੀ ਹੈ ਅਤੇ ਇਨ੍ਹਾਂ ਸਭਨਾਂ ਤੋਂ ਦੂਰ ਵੀ ਹੈ, ਸਭ ਥਾਈਂ ਵਿਆਪਕ ਹੋਣ ਦੇ ਬਾਵਜੂਦ ਸਭਨਾਂ ਤੋਂ ਨਿਰਲੇਪ ਵੀ ਹੈ:  “ਸਭ ਤੇ ਨੇਰੈ, ਸਭਹੂ ਤੇ ਦੂਰਿ ਨਾਨਕ ! ਆਪਿ ਅਲਿਪਤੁ, ਰਹਿਆ ਭਰਪੂਰਿ (੨੭੬) ਪਰ ਜਿੰਨਾ ਚਿਰ ਮਨੁੱਖ ਦੇ ਤ੍ਰਿਗੁਣੀ ਇੰਦ੍ਰੇ ਸੰਸਾਰ ਦੇ ਮੋਹ ਮਾਇਆ ਵਿਚ ਰੁੱਝੇ ਹੋਏ ਹਨ, ਉਸ ਅਲੱਖ ਪਰਮਾਤਮਾ ਨੂੰ ਨਹੀਂ ਸਮਝਿਆ ਜਾ ਸਕਦਾ: “ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ;  ਅਲਖੁ  ਨ ਲਖਣਾ ਜਾਈ ਰੇ (੧੫੬)  ਉਸ ਦੇ ਸਮੁੱਚੇ ਸਰੂਪ ਨੂੰ ਬਿਆਨ ਕਰਨਾ ਅਸੰਭਵ ਹੈ ਕਿਉਂਕਿ ਉਸ ਦਾ ਅੰਤ ਕੋਈ ਮਨੁੱਖ ਨਹੀਂ ਪਾ ਸਕਦਾ ਕਿ ਉਹ ਕਿੱਡਾ ਵੱਡਾ ਹੈ।

ਇਨ੍ਹਾਂ ਸ਼ਬਦਾਂ ਦੇ ਅਰਥ ਭਾਵਾਂ ਵਾਲੇ ਨਿਰੰਕਾਰ ਪ੍ਰਭੂ ਨੂੰ ਹੀ ਮਿਸ਼ਨਰੀ ਮੰਨਦੇ ਹਨ ਪਰ ਇਸ ਅਲੱਖ ਅਤੇ ਅਲਿਪਤ ਪ੍ਰਭੂ ਦੇ ਸਰੂਪ ਪ੍ਰਤੀ ਢੱਡਰੀਆਂ ਵਾਲੇ ਨੂੰ ਪਤਾ ਨਹੀਂ ਕੀ ਭੁਲੇਖਾ ਪਿਆ ਹੈ ਜਿਸ ਨੂੰ ਮੰਨਣ ’ਚ ਉਸ ਨੂੰ ਮੁਸ਼ਕਿਲ ਆ ਰਹੀ ਹੈ।

ਤੀਜੀ ਵਿਵਾਦਿਤ ਗੱਲ ਅਰਦਾਸ ਦੇ ਸੰਕਲਪ ਨਾਲ ਜੁੜੀ ਹੈ, ਜਿਸ ’ਤੇ ਹੁਣ ਢੱਡਰੀਆਂ ਵਾਲਾ ਵੀ ਕਿੰਤੂ-ਪਰੰਤੂ ਕਰ ਰਿਹਾ ਹੈ। ਉਸ ਦਾ ਕਥਨ ਹੈ ਕਿ ਕਿਸੇ ਵੱਲੋਂ ਅਰਦਾਸਾਂ ਕੀਤੇ ਜਾਣ ਨਾਲ ਕੁਝ ਨਹੀਂ ਮਿਲਣਾ, ਨਾ ਕਿਸੇ ਰੱਬ ਨੇ ਕੁਝ ਦੇਣਾ ਹੈ। ਜੋ ਕੁਝ ਮਨੁੱਖ ਨੇ ਪ੍ਰਾਪਤ ਕਰਨਾ ਹੈ ਉਹ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਆਪ ਕਰਨਾ ਹੈ ਜਦ ਕਿ ਗੁਰਮਤਿ ਰੌਸ਼ਨੀ ਨਾਲ ਵੇਖਿਆਂ ਇਹ ਸ਼ਬਦ ਹਉਮੈਂ ਦੇ ਪ੍ਰਤੀਕ ਹਨ। ਜਿੱਥੇ ਹਉਮੈਂ ਹੈ ਉੱਥੇ ਬੰਦੇ ਦੀ ਮੈਂ ਮੈਂ; ਨਾ ਗੁਰੂ ਸ਼ਖ਼ਸੀਅਤ ਨੂੰ ਸਮਝਣ ਦੇ ਸਮਰਥ ਹੁੰਦੀ ਹੈ ਅਤੇ ਨਾ ਹੀ ਪ੍ਰਭੂ ਨੂੰ ਵੇਖਣਯੋਗ : “ਹਉਮੈ, ਨਾਵੈ ਨਾਲਿ ਵਿਰੋਧੁ ਹੈ;  ਦੁਇ ਨ ਵਸਹਿ ਇਕ ਠਾਇ  (੫੬੦) ਸੋਝੀ ਉਸ ਨੂੰ ਹੋ ਸਕਦੀ ਹੈ ਜਿਸ ਦੇ ਹਿਰਦੇ ’ਚੋਂ ਇਹ ਨਿਮਾਣੇਪਣ ਵਾਲੀ ਹੂਕ ਨਿਕਲਦੀ ਹੋਵੇ: “ਮੇਰਾ ਕੀਆ, ਕਛੂ ਨ ਹੋਇ ਕਰਿ ਹੈ ਰਾਮੁ, ਹੋਇ ਹੈ ਸੋਇ (੧੧੬੫) ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ 105 ਵਾਰੀ ਅਰਦਾਸਿ, 1 ਵਾਰ ਅਰਦਾਸਾ, 2 ਵਾਰ ਅਰਦਾਸੇ ਸ਼ਬਦ ਆਇਆ ਹੈ ਅਤੇ ਸਭਨਾਂ ਵਿੱਚ ਮਨੁੱਖ ਨੂੰ ਅਰਦਾਸ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਇਹ ਠੀਕ ਹੈ ਕਿ ਕੇਵਲ ਅਰਦਾਸ ਕਰਕੇ ਹੱਥ ’ਤੇ ਹੱਥ ਧਰ ਕੇ ਬੈਠ ਜਾਣਾ, ਕਿਸੇ ਕਾਰਜ ਜਾਂ ਵਸਤੂ ਦੀ ਪ੍ਰਾਪਤੀ ਲਈ ਕੋਈ ਉਦਮ ਨਾ ਕਰਨਾ ਠੀਕ ਨਹੀਂ, ਪਰ ਪ੍ਰਭੂ ਦੀ ਹੋਂਦ ਅਤੇ ਅਰਦਾਸ ਵਿੱਚ ਵਿਸ਼ਵਾਸ ਨਾ ਰੱਖਣਾ ਗੁਰਬਾਣੀ ਨਹੀਂ ਸਿਖਾਉਂਦੀ। ਅਰਦਾਸ ਤਾਂ ਹੀ ਪੂਰੀ ਹੋਵੇਗੀ ਜੇ ਪ੍ਰਭੂ ਨੂੰ ਪਸੰਦ ਆਏਗੀ ਭਾਵ ਉਸ ਵੱਲੋਂ ਪਹਿਲਾਂ ਮਿਲ ਚੁੱਕੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸਿੱਖੇਗਾ। ਅਰਦਾਸ ਨਾਲ ਸੰਬੰਧਿਤ ਕੁਝ ਗੁਰੂ ਵਚਨ ਇਉਂ ਦਰਜ ਹਨ : “ਸਭਿ ਤੁਧੈ ਪਾਸਹੁ ਮੰਗਦੇ;  ਨਿਤ ਕਰਿ ਅਰਦਾਸਿ (੮੬), ਜੀਅ ਕੀ ਬਿਰਥਾ ਹੋਇ, ਸੁ ਗੁਰ ਪਹਿ ਅਰਦਾਸਿ ਕਰਿ (੫੧੯), ਦੁਇ ਕਰ ਜੋੜਿ, ਕਰਉ ਅਰਦਾਸਿ ਤੁਧੁ ਭਾਵੈ, ਤਾ ਆਣਹਿ ਰਾਸਿ (੭੩੭), ਮਾਗਨਾ, ਮਾਗਨੁ ਨੀਕਾ; ਹਰਿ ਜਸੁ ਗੁਰ ਤੇ ਮਾਗਨਾ (ਮਹਲਾ /੧੦੧੮) ਆਦਿਕ।

ਭਾਵੇਂ ਕਿ ਉੱਦਮ ਕਰਨ ਲਈ ਵੀ ਗੁਰਬਾਣੀ ਅੰਦਰ ਕਈ ਗੁਰੂ ਉਪਦੇਸ਼ ਦਰਜ ਹਨ ਫਿਰ ਵੀ ਇਸ ਦੇ ਨਾਲ ਨਾਲ ਸੁਚੇਤ ਕੀਤਾ ਤਾਂ ਜੋ ਆਪਣੀ ਸਿਆਣਪ ਨੂੰ ਹੀ ਬੰਦਾ ਸਭ ਕੁਝ ਨਾ ਮੰਨ ਬੈਠੇ, ਜੋ ਅਹੰਕਾਰ ਹੈ। ਆਪਣੇ ਉੱਦਮ ਅਤੇ ਸਿਆਣਪ ਨਾਲ ਕੁਝ ਪ੍ਰਾਪਤੀ ਨਹੀਂ ਹੁੰਦੀ ਸਗੋਂ ਉੱਦਮ ਕਰਨ ਲਈ ਤਾਕਤ ਪ੍ਰਭੂ ਆਪ ਹੀ ਬਖ਼ਸ਼ਦਾ ਹੈ : “ਆਪਣ ਲੀਆ, ਕਿਛੂ ਨ ਪਾਈਐ;  ਕਰਿ ਕਿਰਪਾ, ਕਲ ਧਾਰੀ ਜੀਉ (੧੦੧੬), ਆਪਣ ਲੀਆ ਜੇ ਮਿਲੈ;  ਵਿਛੁੜਿ ਕਿਉ ਰੋਵੰਨਿ ? (੧੩੪) ਆਪਣੇ ਉੱਦਮ ਅਤੇ ਸਿਆਣਪ ’ਤੇ ਮਾਣ ਕਰਨ ਨਾਲ ਹਉਮੈਂ ਵਧਦੀ ਹੈ ਜੋ ਪ੍ਰਭੂ ਨਾਲੋਂ ਵਿੱਥ ਪੈਦਾ ਕਰਨ ਦਾ ਕਾਰਨ ਬਣਦੀ ਹੈ:  “ਹਉਮੈ ਵਿਚਿ ਜਗੁ ਬਿਨਸਦਾ;  ਮਰਿ ਜੰਮੈ, ਆਵੈ ਜਾਇ (੩੩), ਇਸ ਲਈ ਅਰਦਾਸ ਕਰਨੀ ਹੈ ਕਿ “ਤ੍ਰੈ ਗੁਣ ਸਭਿ ਤੇਰੇ, ਤੂ ਆਪੇ ਕਰਤਾ;  ਜੋ ਤੂ ਕਰਹਿ, ਸੁ ਹੋਈ (੬੦੪), ਤੂ ਕਰਤਾਰੁ ! ਕਰਹਿ, ਸੋ ਹੋਇ (੭੨੩), ਅਸਾ ਜੋਰੁ ਨਾਹੀ, ਜੇ ਕਿਛੁ ਕਰਿ ਹਮ ਸਾਕਹ;  ਜਿਉ ਭਾਵੈ, ਤਿਵੈ ਬਖਸਿ (੭੩੬) ਆਦਿ।

ਸੋ ਟਕਸਾਲ, ਅਕਾਲ ਤਖ਼ਤ ਸਾਹਿਬ ਅਤੇ ਢੱਡਰੀਆਂ ਵਾਲੇ ਵਿਚਕਾਰ ਵਿਵਾਦ ਪੈਦਾ ਹੋਣ ਤੋਂ ਬਾਅਦ ਮਿਸ਼ਨਰੀ ਵਰਗ ਨੇ ਕਾਫੀ ਸਮਾਂ ਦੋਵੇਂ ਧਿਰਾਂ ਵਿੱਚੋਂ ਕਿਸੇ ਵੀ ਧਿਰ ਦਾ ਪੱਖ ਪੂਰਨ ਜਾਂ ਸਿੱਧੇ ਰੂਪ ਵਿੱਚ ਵਿਰੋਧ ਕਰਨ ਤੋਂ ਗੁਰੇਜ ਹੀ ਕੀਤਾ ਹੈ ਕਿਉਂਕਿ ਉਹ ਸਮਝਦੇ ਹਨ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਪ੍ਰਚਾਰ ਭਾਵੇਂ ਪਾਖੰਡਵਾਦ, ਕਰਮਕਾਂਡ, ਪੁਜਾਰੀਵਾਦ ਆਦਿਕ ਵਿਸ਼ਿਆਂ ’ਤੇ ਗੁਰਮਤਿ ਨਾਲ ਮੇਲ ਖਾਂਦਾ ਹੈ ਪਰ ਉਸ ਦਾ ਗੁਰਮਤਿ ਵਾਲੇ ਰੱਬ ਅਤੇ ਅਰਦਾਸ ਪ੍ਰਤੀ ਗਿਆਨ, ਅਧੂਰਾ ਹੈ, ਇਸ ਲਈ ਹਉਮੈਂ ਝਲਕਦੀ ਹੈ।

ਜਦ ਕੋਈ ਰੱਬ ਦਾ ਭਗਤ ਅਖਵਾਉਣ ਵਾਲਾ, ਆਪਣੀ ਭਗਤੀ ਭਾਵਨਾ ਬਦਲੇ ਰੱਬ ਤੋਂ ਬਹੁਤੀ ਪ੍ਰਾਪਤੀ ਦੀ ਉਮੀਦ ਰੱਖ ਲਵੇ ਤੇ ਉਹ ਪੂਰੀ ਨਾ ਹੋਵੇ ਤਾਂ ਬੰਦਾ, ਰੱਬ ਦੀ ਹੋਂਦ ਤੋਂ ਹੀ ਇਨਕਾਰੀ ਹੋ ਜਾਂਦਾ ਹੈ। ਇਸੇ ਲਈ ਗੁਰੂ ਜੀ ਨੇ ਬਚਨ ਕੀਤੇ ਹਨ ਕਿ ਸੇਵਾ-ਬੰਦਗੀ ਕਰਨ ਬਦਲੇ ਆਪਣੇ ਮਨ ਵਿੱਚ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ, “ਮਨੁ ਬੇਚੈ, ਸਤਿਗੁਰ ਕੈ ਪਾਸਿ   ਤਿਸੁ ਸੇਵਕ ਕੇ ਕਾਰਜ ਰਾਸਿ   ਸੇਵਾ ਕਰਤ, ਹੋਇ ਨਿਹਕਾਮੀ   ਤਿਸ ਕਉ ਹੋਤ, ਪਰਾਪਤਿ ਸੁਆਮੀ (ਸੁਖਮਨੀ/ਮਹਲਾ ੫/੨੮੭), ਗੁਰਬਾਣੀ ਦੇ ਇਨ੍ਹਾਂ ਬਚਨਾਂ ਦੀ ਅਵੱਗਿਆ ਹੀ ਢੱਡਰੀਆਂ ਵਾਲੇ ਨੂੰ ਰੱਬ ਦੀ ਹੋਂਦ ਤੋਂ ਇਨਕਾਰੀ ਬਣਾ ਗਈ ਹੈ।  17 ਮਈ 2016 ਨੂੰ ਇਸ ਉਤੇ ਹਮਲਾ ਹੁੰਦਾ ਹੈ ਅਤੇ ਇਕ ਸਾਲ ਤੱਕ ਇਹਦੇ ਮੁਤਾਬਕ ਇਨਸਾਫ਼ ਨਾ ਮਿਲਦਾ ਵੇਖ ਇਹ ਜੂਨ 2017 ਤੋਂ ਰੱਬ ਤੋਂ ਮੁਨਕਰ ਹੋ ਜਂਦਾ ਹੈ। ਇਹੀ ਕਹਿ ਸਕਦੇ ਹਾਂ ਕਿ ਢੱਡਰੀਆਂ ਵਾਲੇ ਨੂੰ ਗੁਰਬਾਣੀ ਦੀ ਪੂਰੀ ਜਾਣਕਾਰੀ ਨਾ ਹੋਣ ਕਰਕੇ ਉਹ ਗੁਰਮਤਿ ਦੀ ਥਾਂ ਨਾਸਤਿਕਤਾ ਅਤੇ ਹਉਮੈ ਵੱਲ ਵਧ ਗਿਆ ਹੈ। ਇਸ ਤੋਂ ਬਾਅਦ ਮਿਸ਼ਨਰੀ ਵਰਗ ਅਤੇ ਇਸ ਦੇ ਵਿੱਚ ਸਿਧਾਂਤਕ ਮੱਤਭੇਦ ਪੈਦਾ ਹੋ ਜਾਂਦਾ ਹੈ। ਮਿਸ਼ਨਰੀ ਸਮੇਂ ਸਮੇਂ ’ਤੇ ਗੁਰਬਾਣੀ ਵਿੱਚ ਰੱਬ ਦੀ ਹੋਂਦ ਅਤੇ ਅਰਦਾਸ ਦੇ ਸੰਕਲਪ ਦੀ ਗੁਰਮਤਿ ਆਧਾਰਿਤ ਵਿਆਖਿਆ ਕਰਦੇ ਆ ਰਹੇ ਹਨ। ਮਿਸ਼ਨਰੀਆਂ ਦੁਆਰਾ ਹੁੰਦੀ ਆ ਰਹੀ ਇਸੇ ਵਿਆਖਿਆ ਨੂੰ ਆਪਣੇ ਵਿਰੋਧ ਵਿੱਚ ਸਮਝ ਕੇ ਢੱਡਰੀਆਂ ਵਾਲਿਆਂ ਨੇ ਮਿਸ਼ਨਰੀਆਂ ਨੂੰ ਵੀ ਤਾਹਨੇ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਮੈਂ ਮਿਸ਼ਨਰੀਆਂ ਦੀ ਲੜਾਈ ਲੜ ਰਿਹਾ ਹਾਂ ਪਰ ਇਹ ਟਕਸਾਲੀਆਂ ਨਾਲੋਂ ਵੀ ਵੱਧ ਮੇਰਾ ਵਿਰੋਧ ਕਰਦੇ ਪਏ ਹਨ। ਅਸਲ ਸਿਧਾਂਤਿਕ ਮੁੱਦੇ ਨੂੰ ਨਜ਼ਰ ਅੰਦਾਜ਼ ਕਰ ਇਸ ਨੇ ਮਿਸ਼ਨਰੀਆਂ ਬਾਰੇ ਇਹ ਵੀ ਆਰੋਪ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਹਰ ਇੱਕ ਨੇ ਤਕੜੀ ਧਿਰ ਨਾਲ ਖੜ੍ਹਨਾ ਹੁੰਦਾ ਹੈ। ਢੱਡਰੀਆਂ ਵਾਲੇ ਵੱਲੋਂ ਮਿਸ਼ਨਰੀਆਂ ਵਿਰੁੱਧ ਵਰਤੀ ਜਾ ਰਹੀ ਸ਼ਬਦਾਵਲੀ ਦੇ ਪਿੱਛੇ ਅਸਲੀ ਕਾਰਨ ਇਹ ਹੈ ਕਿ ਉਹ ਭਲੀ ਭਾਂਤ ਜਾਣਦਾ ਹੈ ਕਿ ਸੰਤ ਸਮਾਜ ਉਨ੍ਹਾਂ ਦੀਆਂ ਦਲੀਲਾਂ ਦਾ ਗੁਰਬਾਣੀ ਆਧਾਰਿਤ ਕੋਈ ਵੀ ਢੁੱਕਵਾਂ ਜਵਾਬ ਨਹੀਂ ਦੇ ਸਕਦਾ। ਰੱਬ ਦੇ ਸਰੂਪ ਅਤੇ ਅਰਦਾਸ ਸੰਬੰਧੀ ਕੀਤੀਆਂ ਟਿੱਪਣੀਆਂ ਵਿਰੁੱਧ ਸੰਪ੍ਰਦਾਈਆਂ ਨੇ ਹਾਲੀ ਤੱਕ ਕਿਤੇ ਕੋਈ ਸ਼ਿਕਾਇਤ ਵੀ ਨਹੀਂ ਕੀਤੀ, ਉਨ੍ਹਾਂ ਦੀ ਸ਼ਿਕਾਇਤ ਮਾਈ ਭਾਗੋ ਪ੍ਰਤੀ ਸੂਰਜ ਗ੍ਰੰਥ ਵਿੱਚ ਦਰਜ ਲਿਖਤ ’ਤੇ ਟਿੱਪਣੀਆਂ ਕਰਨ ਸੰਬੰਧੀ ਸੀ; ਪਰ ਮਿਸ਼ਨਰੀ ਉਨ੍ਹਾਂ (ਟਕਸਾਲੀਆਂ) ਨੂੰ ਮੇਰੇ ਵਿਰੁੱਧ ਬੋਲਣ ਲਈ ਮਸਾਲਾ ਦੇ ਰਹੇ ਹਨ।

ਮੇਰਾ ਮੰਨਣਾ ਹੈ ਕਿ ਸਿੱਖ-ਪ੍ਰਚਾਰਕਾਂ ਦੁਆਰਾ ਗੁਰਬਾਣੀ ਦਾ ਪ੍ਰਚਾਰ; ਨਿਮ੍ਰਤਾ ਵਿੱਚ ਰਹਿ ਕੇ ਕੀਤੇ ਜਾਣਾ ਹੀ ਸਫਲ ਅਤੇ ਪ੍ਰਭਾਵਸ਼ਾਲੀ ਹੋ ਸਕਦਾ ਹੈ, ਪਰ ਜਦ ਕਿਸੇ ਪ੍ਰਚਾਰਕ ਅੰਦਰ ਬਚਪਣ ਤੋਂ ਪ੍ਰਸਿੱਧੀ ਹਾਸਲ ਕਰਨ ਦੀ ਰੁਚੀ ਪ੍ਰਬਲ ਰਹੀ ਹੋਵੇ ਤਾਂ ਇਹ ਕਮਜੋਰੀ ਉਸ ਨੂੰ ਕਈ ਗੈਰਸਿਧਾਂਤਕ ਰਸਤੇ ਪਕੜਣ ਲਈ ਮਜਬੂਰ ਕਰ ਦਿੰਦੀ ਹੈ। ਬੰਦਾ ਕੋਈ ਇਕ ਸਟੈਂਡ ਨਹੀਂ ਬਣਾ ਸਕਦਾ। ਵਾਰ-ਵਾਰ ਕੌਮੀ ਸਿਧਾਂਤ ਦੀ ਵਿਆਖਿਆ ਬਦਲਣੀ ਪੈਂਦੀ ਹੈ ਤੇ ਉਹ ਵਧੇਰਾ ਜੋਰ, ਇਨ੍ਹਾਂ ਗੈਰਸਿਧਾਂਤਿਕ ਗੱਲਾਂ ਨੂੰ ਗੁਰਮਤਿ ਅਨੁਸਾਰੀ ਸਿੱਧ ਕਰਨ ’ਤੇ ਹੀ ਲਾ ਰਿਹਾ ਹੁੰਦਾ ਹੈ। ਇਸ ਲਈ ਮੈਂ ਸਮਝਦਾ ਹਾਂ ਕਿ ਮਿਸ਼ਨਰੀਆਂ ਦੁਆਰਾ ਕੌਮੀ ਸਿਧਾਂਤ ਨੂੰ ਛੱਡ ਕੇ ਕਿਸੇ ਵੱਡੀ ਧਿਰ ਦਾ ਸਾਥ ਦੇਣ ਦੀ ਕਦੇ ਕੋਈ ਭਾਵਨਾ ਨਹੀਂ ਵੇਖੀ ਗਈ। ਉਹ ਹਮੇਸ਼ਾਂ ਹਰ ਗੱਲ, ਸਿਧਾਂਤ ਦੇ ਨੇੜੇ ਰਹਿ ਕੇ ਕਰਦੇ ਆ ਰਹੇ ਹਨ। ਉਹ ਸਮਝਦੇ ਹਨ ਕਿ ਜਿੱਥੇ ਸੰਤ ਸਮਾਜ ਦਾ ਬਹੁਤਾ ਪ੍ਰਚਾਰ ਗੁਰਮਤਿ ਵਿਰੋਧੀ ਅਤੇ ਵਿਪਰਵਾਦ ਦੇ ਨੇੜੇ ਹੈ ਉੱਥੇ ਢੱਡਰੀਆਂ ਵਾਲਾ ਇਨ੍ਹਾਂ ਦੇ ਮੁਕਾਬਲੇ ਭਾਵੇਂ ਕੁਝ ਠੀਕ ਹੈ, ਪਰ ਜੋ ਇਸ ਨੇ ਗੁਰਮਤਿ ਦੇ ਉਲ਼ਟ ਨਾਸਤਕ ਨਜ਼ਰੀਆ ਬਣਾ ਲਿਆ ਹੈ ਉਹ ਵੀ ਸੰਤ ਸਮਾਜ ਦੇ ਪ੍ਰਚਾਰ ਨਾਲੋਂ ਕਿਤੇ ਘੱਟ ਨੁਕਸਾਨਦੇਹ ਨਹੀਂ ਹੈ।

ਗੁਰਮਤਿ ਵਿੱਚ ਰੱਬ ਦਾ ਨਿਰਾਕਾਰ, ਅਦ੍ਰਿਸ਼ ਸਰੂਪ ਤੇ ਉਸ ਦੀ ਬਖ਼ਸ਼ਿਸ਼, ਗੁਰੂ ਜੀ ਦੀ ਨਿਰੰਤਰ ਅਗਵਾਈ ਅਤੇ ਅਰਦਾਸ ਦਾ ਸੰਕਲਪ; ਸਿੱਖੀ ਦਾ ਮੂਲ ਆਧਾਰ ਹੈ ਜਿਸ ਨੂੰ ਅਜਿਹੇ ਸਿੱਖ ਅਖਵਾਉਂਦੇ ਪ੍ਰਚਾਰਕ ਅੱਜ ਰੱਦ ਹੀ ਕਰਦੇ ਪਏ ਹਨ। ਅਗਾਂਹ ਚੱਲ ਕੇ ਜੇ ਇਹ ਨਿਊਜ਼ੀਲੈਂਡ ਵਾਲੇ ਵਾਙ ਗੁਰੂ ਸਾਹਿਬਾਨ ਨੂੰ ਵੀ ਆਮ ਮਨੁੱਖਾਂ ਦੀ ਤਰ੍ਹਾਂ ਗਲਤ ਫੈਸਲੇ ਲੈਣ ਵਾਲੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਗਿਆਨ ਦੀ ਪੁਸਤਕ ਦੱਸਣ ਲੱਗ ਪੈਣ ਤਾਂ ਇਹ ਪੰਥ ਦੋਖੀ ਸ਼ਕਤੀਆਂ ਨਾਲੋਂ ਵੀ ਵੱਧ ਨੁਕਸਾਨ ਕਰਨ ਦੇ ਭਾਗੀ ਹੋਣਗੇ। ਇਹੀ ਮਿਸ਼ਨਰੀਆਂ ਦੀ ਚਿੰਤਾ ਵਿੱਚੋਂ ਪ੍ਰਤੀਤ ਹੋ ਰਿਹਾ ਹੈ। ਇਸ ਲਈ ਅਜਿਹੇ ਬੰਦੇ ਨਾਲ ਮਿਸ਼ਨਰੀ ਕਦਾਚਿਤ ਵੀ ਨਹੀਂ ਖੜ੍ਹਣਗੇ।

ਭਾਵੇਂ ਕਿ ਅੱਜ ਸਿੱਖ ਕੌਮ ਅਨੇਕਾਂ ਜਥੇਬੰਦੀਆਂ ਅਤੇ ਸੰਪ੍ਰਦਾਵਾਂ ਵਿੱਚ ਵੰਡ ਦਿੱਤੀ ਗਈ ਹੈ, ਪਰ ਮੁੱਖ ਤੌਰ ’ਤੇ ਦੋ ਵਿਚਾਰਧਾਰਾਵਾਂ (ਸੰਪ੍ਰਦਾਈ ਅਤੇ ਮਿਸ਼ਨਰੀ) ਦਾ ਸਿਧਾਂਤਕ ਟਕਰਾਅ ਚੱਲਦਾ ਹੀ ਆਇਆ ਹੈ। ਇਹ ਵਿਚਾਰਕ ਟਕਰਾਅ ‘ਗੁਰਮਤਿ ਨੂੰ ਬਿਪਰਵਾਦੀ ਸੋਚ ਤੋਂ ਵੱਖਰਾ ਕਰਨ ਅਤੇ ਬਿਪਰਵਾਦੀ ਨਜ਼ਰੀਏ ਨਾਲ ਗੁਰਬਾਣੀ ਨੂੰ ਵੇਖਣ’ ਵਿਚਕਾਰ ਰਿਹਾ ਹੈ, ਪਰ ਹੁਣ ਇਕ ਤੀਸਰਾ ਵਰਗ (ਨਾਸਤਿਕ) ਵੀ ਪੈਦਾ ਹੋ ਗਿਆ ਜੋ ਆਪਣੀ ਆਕਸੀਜਨ ਪੁਰਾਤਨ ਸਿੱਖ ਇਤਿਹਾਸਕ ਗ੍ਰੰਥਾਂ ਵਿੱਚ ਸੰਤ ਸਮਾਜ ਸੋਚ ਦੁਆਰਾ ਰੱਖੀਆਂ ਊਣਤਾਈਆਂ ’ਚੋਂ ਲੈ ਰਿਹਾ ਹੈ।

ਦੂਸਰੇ ਪਾਸੇ ਅਕਾਲ ਤਖ਼ਤ ਦੇ ਫੈਸਲੇ ਇੱਕ ਪਾਸੜ (ਸੰਤ ਸਮਾਜ ਹਮਾਇਤੀ) ਹੋਣ ਕਰਕੇ ਉਨ੍ਹਾਂ ਦੀ ਹਿਮਾਇਤ ਵਿੱਚ ਸਿੱਧੇ ਰੂਪ ਵਿੱਚ ਖੜ੍ਹਨਾ ਬਿਲਕੁਲ ਪੰਥਕ ਹਿੱਤਾਂ ਵਿੱਚ ਨਹੀਂ। ਮਿਸ਼ਨਰੀ ਸੋਚ ਨਾਲ ਸੰਬੰਧਿਤ ਸਮੁੱਚਾ ਜਾਗਰੂਕ ਸਿੱਖ ਵਰਗ, ਸ਼੍ਰੀ ਅਕਾਲ ਤਖ਼ਤ ਦੇ ਫੈਸਲਿਆਂ ਨੂੰ ਇੱਕ ਪਾਸੜ ਭਲੀਭਾਂਤ ਸਮਝਦਾ ਹੈ। ਭਾਵੇਂ ਕਿ ਇਸ ਸੰਬੰਧੀ ਕਿਸੇ ਨੂੰ ਵੀ ਕੋਈ ਭੁਲੇਖਾ ਨਾ ਹੋਵੇ, ਪਰ ਫਿਰ ਵੀ ਪਿਛਲੇ ਕੁਝ ਸਮੇਂ ਵਿੱਚ ਅਕਾਲ ਤਖ਼ਤ ਤੋਂ ਹੋਏ ਇੱਕ ਤਰਫੇ ਫੈਸਲਿਆਂ ਦੀ ਮਿਸਾਲ ਹੇਠਾਂ ਦਿੱਤੀ ਜਾ ਰਹੀ ਹੈ :

  1. ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਗੱਦੀ ਪੁਰਬ ਤੋਂ ਪਹਿਲਾਂ ਪ੍ਰੋ: ਦਰਸ਼ਨ ਸਿੰਘ ਨੇ ਤਖ਼ਤ ਸ਼੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਕੀਰਤਨ ਕਰਦਿਆਂ ਤਿੰਨ ਸਵਾਲ ਕੀਤੇ:

(੧) ਸੰਨ 1708 ਵਿੱਚ ਜਿਸ ਸਮੇਂ ਇਸੇ ਸਥਾਨ ’ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਹੁਕਮ ਕੀਤਾ ਸੀ : “ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ”, ਕੀ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕੋਈ ਹੋਰ ਗ੍ਰੰਥ ਵੀ ਬਿਰਾਜਮਾਨ ਕੀਤਾ ਹੋਇਆ ਸੀ ?

(੨) ਜੇ ਨਹੀਂ ਤਾਂ ਕਿਸ ਨੇ ਅਧਿਕਾਰ ਦਿੱਤਾ ਹੈ ਕਿ ਉਨ੍ਹਾਂ ਤੋਂ ਬਾਅਦ ਕਿਸੇ ਹੋਰ ਗ੍ਰੰਥ ਨੂੰ ਗੁਰੂ ਗ੍ਰੰਥ ਜੀ ਦੇ ਬਰਾਬਰ ਪ੍ਰਕਾਸ਼ ਕੀਤਾ ਜਾਵੇ ਤੇ ਗੁਰੂ ਜੀ ਦੇ ਤੁਲ ਸਨਮਾਨ ਤੇ ਸਤਿਕਾਰ ਦਿੱਤਾ ਜਾਵੇ ?

(੩) 300 ਸਾਲਾ ਸ਼ਤਾਬਦੀ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਲੋਕ ਇਸ ਸਥਾਨ ’ਤੇ ਦਰਸ਼ਨ ਕਰਨ ਆਉਣਗੇ ਤਾਂ ਉਹ ਕੀ ਸੰਦੇਸ਼ ਲੈ ਕੇ ਜਾਣਗੇ ?

ਇਸ ਤੋਂ ਬਾਅਦ ਅਮਰੀਕਾ ਦੇ ਕਿਸੇ ਗੁਰਦੁਆਰੇ ਵਿੱਚ ਕੀਰਤਨ ਕਰਦਿਆਂ ਦਸਮ ਗ੍ਰੰਥ ’ਚੋਂ ਤ੍ਰਿਆ ਚਰਿਤ੍ਰਾਂ ਦੇ ਕੁਝ ਭਾਗ ਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ : “ਮੇਰਾ ਗੁਰੂ ਐਸੇ ਸ਼ਬਦ ਲਿਖ ਜਾਂ ਬੋਲ ਨਹੀਂ ਸਕਦਾ, ਇਸ ਲਈ ਇਨ੍ਹਾਂ ਚਰਿਤ੍ਰਾਂ ਨੂੰ ਮੇਰੇ ਗੁਰੂ ਦੇ ਨਾਂ ਨਾਲ ਮੜ੍ਹ ਕੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਬਦਨਾਮ ਨਹੀਂ ਕੀਤਾ ਜਾਣਾ ਚਾਹੀਦਾ।” ਪ੍ਰੋ: ਦਰਸ਼ਨ ਸਿੰਘ ਦੇ ਇਹ ਸ਼ਬਦ ਅਤੇ ਉਕਤ ਤਿੰਨੇ ਸਵਾਲ ਗੁਰਮਤਿ ਅਤੇ ਸਿੱਖ ਰਹਿਤ ਮਰਿਆਦਾ ਦੇ ਬਿਲਕੁਲ ਅਨੂਕੂਲ ਅਤੇ ਪੰਥ ਦੇ ਹਿੱਤ ਵਿੱਚ ਹਨ, ਇਨ੍ਹਾਂ ’ਤੇ ਸਿੱਖ ਵਿਦਵਾਨਾਂ ਅਤੇ ਸਿੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੱਦ ਕੇ ਖੁੱਲ੍ਹੀ ਵਿਚਾਰ ਚਰਚਾ ਕਰਨ ਉਪਰੰਤ ਠੋਸ ਫੈਸਲੇ ਲੈਣੇ ਚਾਹੀਦੇ ਸਨ ਪਰ ਇਸ ਤੋਂ ਪਹਿਲੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਸ ਸਮਾਗਮ ਦੀ ਪੂਰੀ ਰੀਕਾਰਡਿੰਗ ਸੁਣਨ ਅਤੇ ਭਾਵਨਾ ਸਮਝਣ ਦੀ ਥਾਂ ਉਸ ਰੀਕਾਰਡਿੰਗ ਵਿੱਚੋਂ ਕਟਿੰਗ ਕਰਕੇ ਤਿਆਰ ਕੀਤੀ ਕਲਿੱਪ ਦੇ ਆਧਾਰ ’ਤੇ ਪ੍ਰੋ: ਦਰਸ਼ਨ ਸਿੰਘ ਨੂੰ ਇਸ ਝੂਠੇ ਇਲਜ਼ਾਮ ਅਧੀਨ ਪੰਥ ਵਿੱਚੋਂ ਛੇਕ ਦਿੱਤਾ ਕਿ ਉਹ ਅਕਾਲ ਤਖ਼ਤ ’ਤੇ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਪੇਸ਼ ਨਹੀਂ ਹੋਇਆ; ਭਾਵੇਂ ਕਿ ਉਹ ਆਪਣੇ ਸੈਂਕੜੇ ਸਮਰਥਕਾਂ ਸਮੇਤ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਜਥੇਦਾਰਾਂ ਦੀ ਉਡੀਕ ਵਿੱਚ ਡੇੜ ਘੰਟੇ ਤੋਂ ਵੱਧ ਸਮੇਂ ਤੱਕ ਬੈਠੇ ਰਹੇ ਸਨ, ਪਰ ਕੋਈ ਜਥੇਦਾਰ ਉਨ੍ਹਾਂ ਦਾ ਸਪਸ਼ਟੀਕਰਨ ਲੈਣ ਵਾਸਤੇ ਨਹੀਂ ਆਇਆ।

  1. ਇਸ ਤੋਂ ਬਾਅਦ ਸਿਆਸੀ ਵੋਟ ਲੈਣ ਲਈ ਸੰਤ ਸਮਾਜ ਦੀ ਮੰਗ ਪੂਰਦਿਆਂ, ਬਿਨਾਂ ਕਿਸੇ ਜਥੇਬੰਦੀ ਜਾਂ ਵਿਦਵਾਨਾਂ ਦੀ ਸਲਾਹ ਦੇ, ਕੇਵਲ ਦੋ ਮੈਂਬਰੀ (ਧੁੰਮਾ+ਮੱਕੜ) ਕਮੇਟੀ (ਜਿਨ੍ਹਾਂ ਨੂੰ ਖ਼ੁਦ ਬਿਕ੍ਰਮੀ ਪੰਚਾਂਗਾਂ ਸੰਬੰਧੀ ਕੋਈ ਜਾਣਕਾਰੀ ਹੀ ਨਹੀਂ) ਰਾਹੀਂ 7 ਸਾਲਾਂ (2003-2010) ਤੋਂ ਲਾਗੂ ਵਿਗਿਆਨ ਅਤੇ ਗੁਰਬਾਣੀ ਆਧਾਰਿਤ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਵਾ ਦਿੱਤਾ ਭਾਵੇਂ ਕਿ ਅੱਜ ਤੱਕ ਕੋਈ ਐਸਾ ਸਾਲ ਨਹੀਂ ਰਿਹਾ ਜਦ ਇਨ੍ਹਾਂ ਦੁਆਰਾ (ਕੁ)ਸੋਧੇ ਕੈਲੰਡਰ ਵਿੱਚ ਗਲਤੀਆਂ ਰਹਿਣ ਕਰਕੇ ਕੁਝ ਗੁਰਪੁਰਬਾਂ ਦੀਆਂ ਤਾਰੀਖ਼ਾਂ ਐਨ ਮੌਕੇ ’ਤੇ ਤਬਦੀਲ ਨਾ ਕਰਨੀਆਂ ਪਈਆਂ ਹੋਣ।

ਮਿਤੀ 1 ਜਨਵਰੀ 2014 ਨੂੰ ਸੰਤ ਸਮਾਜ ਨੂੰ ਛੱਡ ਕੇ ਬਾਕੀ ਸਮੂਹ ਸਿੱਖ ਜਥੇਬੰਦੀਆਂ ਚੋਂ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਰਹਿਤ ਮਰਿਆਦਾ ਨੂੰ ਪੂਰੀ ਤਰ੍ਹਾਂ ਸਮਰਪਿਤ 5000 ਤੋਂ ਵੱਧ ਸਿੱਖਾਂ ਨੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ ਕਿ ਹਰ ਸਾਲ ਸ਼੍ਰੋਮਣੀ ਕਮੇਟੀ ਦੇ (ਕੁ)ਸੋਧੇ ਕੈਲੰਡਰ ਦੀਆਂ ਗਲਤੀਆਂ ਕਾਰਨ ਕੁਝ ਗੁਰ ਪਰਬ ਮੌਕੇ ’ਤੇ ਤਬਦੀਲ ਕਰਨ ਨਾਲੋਂ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕੀਤਾ ਜਾਵੇ ਤਾਂ ਕਿ ਦੁਬਿਧਾਵਾਂ ਤੇ ਆਪਸੀ ਟਕਰਾਅ ਤੋਂ ਬਚਿਆ ਜਾ ਸਕੇ, ਪਰ ਅੱਜ ਤੱਕ ਉਸ ਮੰਗ ਪੱਤਰ ’ਤੇ ਵੀਚਾਰ ਤੱਕ ਨਹੀਂ ਕੀਤਾ ਗਿਆ ਜਦੋਂ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਰੁੱਧ ਕੇਵਲ 5-7 ਉਹ ਪ੍ਰਚਾਰਕ ਜਿਹੜੇ ਖ਼ੁਦ ਸਿੱਖ ਰਹਿਤ ਮਰਿਆਦਾ ਤੋਂ ਮੁਨਕਰ ਹਨ, ਦੀ ਸ਼ਿਕਾਇਤ ’ਤੇ ਕੁਝ ਦਿਨਾਂ ਵਿੱਚ ਹੀ ਕਮੇਟੀ ਬਣਾ ਕੇ ਉਨ੍ਹਾਂ ਸਾਹਮਣੇ ਸਪਸ਼ਟੀਕਰਨ ਦੇਣ ਲਈ ਢੱਡਰੀਆਂ ਵਾਲੇ ਨੂੰ ਹਿਦਾਇਤ ਕਰ ਦਿੱਤੀ।

  1. ਹਰਨਾਮ ਸਿੰਘ ਧੁੰਮਾ ਹਮਾਇਤੀਆਂ ਵੱਲੋਂ ਢੱਡਰੀਆਂ ਵਾਲੇ ’ਤੇ ਕਾਤਲਾਨਾ ਹਮਲਾ ਕਰਨ ਲਈ ਸਿੱਖ ਧਰਮ ਦੇ ਅਸੂਲ ਮਨੁੱਖਤਾ ਦੀ ਸੇਵਾ ਦੀ ਪ੍ਰਤੀਕ ਛਬੀਲ ਦੀ ਦੁਰਵਰਤੋਂ ਕਰਕੇ ਜਿੱਥੇ ਛਬੀਲ ਨੂੰ ਬਦਨਾਮ ਕੀਤਾ ਗਿਆ, ਉੱਥੇ ਭਰਾ ਮਾਰੂ ਜੰਗ ਦਾ ਮੁੱਢ ਬੰਨ੍ਹਿਆ। ਅਕਾਲ ਤਖ਼ਤ ਦੇ ਜਥੇਦਾਰ ਨੂੰ ਚਾਹੀਦਾ ਸੀ ਕਿ ਉਹ ਦੋਸ਼ੀਆਂ ਵਿਰੁੱਧ ਸਿੱਖ ਪਰੰਪਰਾ ਅਨੁਸਾਰ ਸਖ਼ਤ ਕਾਰਵਾਈ ਕਰਦੇ ਪਰ ਉਨ੍ਹਾਂ ਨੇ ਇਸ ਮੰਦਭਾਗੀ ਘਟਨਾ ਦੀ ਨਿੰਦਾ ਤੱਕ ਨਹੀਂ ਕੀਤੀ ਉਲਟਾ ਢੱਡਰੀਆਂ ਵਾਲੇ ਨੂੰ ਸੁਲ੍ਹਾ ਕਰਨ ਦਾ ਮਸ਼ਵਰਾ ਦਿੰਦੇ ਰਹੇ।
  2. ਭਾਈ ਅਮਰੀਕ ਸਿੰਘ ਅਜਨਾਲਾ ਸ਼ਰੇਆਮ ਧਮਕੀਆਂ ਦੇ ਕੇ ਢੱਡਰੀਆਂ ਵਾਲੇ (ਜਿਨ੍ਹਾਂ ਵਿਰੁੱਧ ਉਸ ਸਮੇਂ ਤੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਕਾਰਵਾਈ ਵੀ ਨਹੀਂ ਸੀ ਕੀਤੀ ਗਈ); ਦੇ ਦੀਬਾਨ ਬੰਦ ਕਰਵਾਉਂਦੇ ਰਹੇ, ਜੋ ਕਿ ਕਾਨੂੰਨ ਅਤੇ ਅਕਾਲ ਤਖ਼ਤ ਦੀ ਮਰਿਆਦਾ ਦੇ ਉਲਟ ਸੀ ਕਿਉਂਕਿ ਉਸ ਸਮੇਂ ਤੱਕ ਢੱਡਰੀਆਂ ਵਾਲੇ ਵਿਰੁੱਧ ਅਕਾਲ ਤਖ਼ਤ ਵੱਲੋਂ ਕੋਈ ਆਦੇਸ਼ ਜਾਂ ਹੁਕਮਨਾਮਾ ਜਾਰੀ ਨਹੀਂ ਹੋਇਆ ਸੀ। ਇਸੇ ਤਰ੍ਹਾਂ ਪ੍ਰੋ: ਦਰਸ਼ਨ ਸਿੰਘ ਵਿਰੁੱਧ ਕੋਈ ਕਾਰਵਾਈ ਤੋਂ ਪਹਿਲਾਂ ਹੀ ਉਨ੍ਹਾਂ ਦੇ ਦੀਬਾਨਾਂ ਵਿੱਚ ਖਲਲ ਪਾਉਣਾ ਸ਼ੁਰੂ ਕਰ ਦਿੱਤਾ ਸੀ। ਭਾਈ ਸਰਬਜੀਤ ਸਿੰਘ ਧੂੰਦਾ ਨੂੰ ਅਕਾਲ ਤਖ਼ਤ ਤੋਂ ਮੁਆਫ਼ ਕੀਤੇ ਜਾਣ ਉਪ੍ਰੰਤ ਵੀ ਉਨ੍ਹਾਂ ਦੇ ਦੀਬਾਨ ਬੰਦ ਕਰਵਾਉਣ ਲਈ ਹੁਲੜਬਾਜ਼ੀ ਕਰਦੇ ਰਹੇ ਹਨ। ਹੁੱਲੜਬਾਜਾਂ ਨੂੰ ਕੋਈ ਤਾੜਨਾ ਕਰਨ ਦੀ ਬਜਾਏ ਕਮੇਟੀ ਸਾਹਮਣੇ ਪੇਸ਼ ਨਾ ਹੋਣ ਦਾ ਬਹਾਨਾ ਲਾ ਕੇ ਜਥੇਦਾਰ ਨੇ ਢੱਡਰੀਆਂ ਵਾਲੇ ਦੇ ਦੀਬਾਨਾਂ ’ਤੇ ਹੀ ਪਾਬੰਦੀ ਲਗਾ ਕੇ ਫ਼ਤਵਾ ਜਾਰੀ ਕਰ ਦਿੱਤਾ ਕਿ ਜੇਕਰ ਦੀਬਾਨਾਂ ਦੌਰਾਨ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਦੀਬਾਨਾਂ ਦਾ ਪ੍ਰਬੰਧ ਕਰਨ ਵਾਲੇ ਖ਼ੁਦ ਜਿੰਮੇਵਾਰ ਹੋਣਗੇ। ਜਥੇਦਾਰ ਸਾਹਿਬ ਨੂੰ ਪੁਛਣਾ ਬਣਦਾ ਹੈ ਕਿ ਜਦੋਂ ਟਕਸਾਲੀਆਂ ਵੱਲੋਂ ਛਬੀਲ ਦੀ ਆੜ ਵਿੱਚ ਢੱਡਰੀਆਂ ਵਾਲੇ ’ਤੇ ਕਾਤਲਾਨਾ ਹਮਲਾ ਕੀਤਾ ਸੀ ਜਾਂ ਅਮਰੀਕ ਸਿੰਘ ਉਸ ਦੇ ਦੀਬਾਨ ਜ਼ਬਰਨ ਬੰਦ ਕਰਵਾਉਂਦਾ ਰਿਹਾ, ਤਦ ਤੁਸੀਂ ਕਿਹੜੀ ਜਿੰਮੇਵਾਰੀ ਨਿਭਾਈ ਸੀ ? ਇਸ ਦਾ ਭਾਵ ਹੈ ਕਿ ਅਕਾਲ ਤਖ਼ਤ ਦੇ ਫੈਸਲੇ ਨਿਰਪੱਖ ਨਹੀਂ ਬਲਕਿ ਜਾਰੀ ਕੀਤੇ ਜਾਂਦੇ ਇਕ ਪਾਸੜ ਹੁਕਮਨਾਮੇ ਹੁਲੜਬਾਜਾਂ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਇਕ ਮੋਹਰ ਲਾਉਣ ਵਾਸਤੇ ਹੀ ਹਨ। ਇਹੋ ਕਾਰਣ ਹੈ ਕਿ ਢੱਡਰੀਆਂ ਵਾਲੇ ਸਮੇਤ ਹੋਰ ਬਹੁਤ ਸਾਰੇ ਸਿੱਖ ਅਕਾਲ ਤਖ਼ਤ ’ਤੇ ਪੇਸ਼ ਹੋਣ ਤੋਂ ਇਨਕਾਰੀ ਹੋ ਰਹੇ ਹਨ; ਭਾਵੇਂ ਇਨ੍ਹਾਂ ਨੂੰ ਹਉਂਮੈ ਛੱਡ ਕੇ ਨਿਰਮਾਣ ਸਿੱਖਾਂ ਦੀ ਤਰ੍ਹਾਂ ਪੇਸ਼ ਹੋਣ ਦੀਆਂ ਸਲਾਹਾਂ ਦੇਣ ਵਾਲਿਆਂ ਵਿੱਚ ਵੀ ਕਮੀ ਨਹੀਂ ਹੈ।
  3. ਜਿਸ ਦਿਨ ਢੱਡਰੀਆਂ ਵਾਲੇ ਵਿਰੁੱਧ ਪਾਬੰਦੀ ਲਾਈ ਗਈ ਉਸ ਦਿਨ ਦੋ ਹੋਰ ਅਹਿਮ ਫੈਸਲੇ ਲਏ ਗਏ, ਜੋ ਇਸ ਤਰ੍ਹਾਂ ਹਨ :

(ੳ) ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਮੌਕੇ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੇ ਕਿਹਾ ਸਿੱਖ ਲਵ-ਕੁਸ਼ ਦੀ ਔਲਾਦ ਹਨ। ਇਸੇ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੋਬਿੰਦ ਰਮਾਇਣ ਲਿਖੀ ਹੈ। ਇਹ ਦੋਵੇਂ ਬਿਆਨ ਸਿੱਖ ਭਾਵਨਾਂ ਦੇ ਵਿਰੁੱਧ ਹੋਣ ਕਰਕੇ ਤਕਰੀਬਨ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਆਮ ਸਿੱਖਾਂ ਵਿੱਚ ਭਾਰੀ ਰੋਸ ਸੀ, ਪਰ ਅਕਾਲ ਤਖ਼ਤ ਦੇ ਫੈਸਲਿਆਂ ਵਿੱਚ ਮੋਦੀ ਦੇ ਬਿਆਨ ਨੂੰ ਤਾਂ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਤੇ ਇਕਬਾਲ ਸਿੰਘ ਦੇ ਬਿਆਨ ਬਾਰੇ ਕੇਵਲ ਇੰਨਾ ਹੀ ਕਿਹਾ ਗਿਆ ਕਿ ਉਹ, ਇਸ ਬਿਆਨ ਨਾਲ ਸਹਿਮਤ ਨਹੀਂ ਹਨ। ਚੇਤੇ ਰੱਖਣਯੋਗ ਹੈ ਕਿ ਇਸ ਫੈਸਲੇ ਤੋਂ ਪਹਿਲਾਂ ਇਕਬਾਲ ਸਿੰਘ ਟੀ ਵੀ ਚੈੱਨਲਾਂ ਉੱਪਰ ਸੂਰਜ ਪ੍ਰਕਾਸ਼ ਤੇ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਗੁਰਬਚਨ ਸਿੰਘ ਦੀ ਪੁਸਤਕ ਵਿੱਚੋਂ ਉਹ ਪੰਨੇ ਵਿਖਾ ਚੁੱਕਾ ਸੀ, ਜਿਨ੍ਹਾਂ ’ਤੇ ਇਹੀ ਸਭ ਕੁਝ ਲਿਖਿਆ ਹੋਇਆ ਹੈ ਕਿ ਸਿੱਖ ਲਵ-ਕੁਸ਼ ਦੀ ਔਲਾਦ ਹਨ। ਇਕਬਾਲ ਸਿੰਘ ਨੇ ਕਿਹਾ ਕਿ ਮੈਂ ਤਾਂ ਇਨ੍ਹਾਂ ਪੁਸਤਕਾਂ ਵਿੱਚੋਂ ਪੜ੍ਹ ਕੇ ਹੀ ਬੋਲਿਆ ਸੀ ਤਾਂ ਇਸ ਵਿੱਚ ਗਲਤ ਕੀ ਹੈ ? ਦਸਮ ਗ੍ਰੰਥ ਦਾ ਹਵਾਲਾ ਦੇ ਕੇ ਨਾਮਧਾਰੀਆਂ ਨੇ ਮੋਦੀ ਦਾ ਬਿਆਨ ਵੀ ਸਹੀ ਠਹਿਰਾਇਆ। ਤਾਂ ਤੇ ਇਕਬਾਲ ਸਿੰਘ ਨਾਲ ਅਸਹਿਮਤੀ ਕਹਿਣ ਦੇ ਨਾਲ-ਨਾਲ ਉਨ੍ਹਾਂ ਲਿਖਤਾਂ ’ਤੇ ਵੀ ਉਂਗਲ ਚੁੱਕਣੀ ਬਣਦੀ ਸੀ ਜਿੱਥੇ ਇਹ ਸਭ ਕੁਝ ਲਿਖਿਆ ਪਿਆ ਹੈ, ਪਰ ਐਸਾ ਕੁਝ ਨਹੀਂ ਕੀਤਾ ਗਿਆ ਕਿਉਂਕਿ ਉਸ ਧਿਰ ਵਿਰੁਧ ਕਦੇ ਅਕਾਲ ਤਖ਼ਤ ਸਖ਼ਤ ਹੀ ਨਹੀਂ ਹੋਇਆ।

(ਅ) ਹੈਰਾਨੀ ਹੁੰਦੀ ਹੈ ਕਿ ਜਿਸ ਪੁਸਤਕ ’ਚੋਂ ਪੜ੍ਹ ਕੇ ਇਕਬਾਲ ਸਿੰਘ ਵੱਲੋਂ ਬੋਲੇ ਸ਼ਬਦਾਂ ਨਾਲ ਜਥੇਦਾਰ ਅਸਹਿਮਤੀ ਪ੍ਰਗਟਾ ਰਹੇ ਹਨ ਉਸੇ ਦਿਨ ਉਸ ਪੁਸਤਕ ਦੇ ਲਿਖਾਰੀ ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਨੂੰ ਮਰਨ ਉਪਰੰਤ ਅਵਾਰਡ ਦੇ ਕੇ ਸਨਮਾਨਤ ਕਰਨ ਦਾ ਫੈਸਲਾ ਵੀ ਕੀਤਾ ਗਿਆ। ਕਿਸੇ ਲਿਖਾਰੀ ਨੂੰ ਅਕਾਲ ਤਖ਼ਤ ਤੋਂ ਅਵਾਰਡ ਦੇ ਕੇ ਸਨਮਾਨਤ ਕਰਨ ਦਾ ਭਾਵ ਹੈ ਕਿ ਉਸ ਦੀਆਂ ਲਿਖਤਾਂ ਗੁਰਮਤਿ ਦੇ ਅਨੁਕੂਲ ਹਨ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਬਹੁਤ ਲਾਹੇਵੰਦ ਤੇ ਅਮੋਲਕ ਹਨ।

ਅਜੀਬ ਫੈਸਲੇ ਹਨ ਕਿ ਗਿਆਨੀ ਗੁਰਬਚਨ ਸਿੰਘ ਦੀਆਂ ਲਿਖਤਾਂ ਗੁਰਮਤਿ ਅਨੁਕੂਲ ਹਨ, ਪਰ ਉਨ੍ਹਾਂ ’ਚੋਂ ਪੜ੍ਹ ਕੇ ਸੁਣਾਉਣ ਵਾਲਿਆਂ ਨਾਲ ਅਸਹਿਮਤੀ ?

(ੲ) ਜਿਸ ਸੂਰਜ ਪ੍ਰਕਾਸ਼ ’ਚੋਂ ਪੜ੍ਹ ਕੇ ਇਕਬਾਲ ਸਿੰਘ ਵੱਲੋਂ ਬੋਲੇ ਸ਼ਬਦਾਂ ਨਾਲ ਜਥੇਦਾਰ ਸਾਹਿਬਾਨ ਦੀ ਅਸਹਿਮਤੀ ਹੈ ਉਸੇ ਸੂਰਜ ਪ੍ਰਕਾਸ਼ ਵਿੱਚੋਂ ਮਾਈ ਭਾਗੋ ਜੀ ਬਾਰੇ ਲਿਖੇ ਇਤਰਾਜ਼ਯੋਗ ਸ਼ਬਦਾਂ ਨੂੰ ਪੜ੍ਹ ਕੇ ਸੁਣਾਉਣ ਵਾਲੇ ਰਣਜੀਤ ਸਿੰਘ ਢੱਡਰੀਆਂ ਵਾਲੇ ਗਲਤ ?

  1. ਪਿਛਲੇ 40-50 ਸਾਲਾਂ (ਖਾਸ ਕਰ ਕੇ ਪਿਛਲੇ 20 ਸਾਲਾਂ) ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਕਰਵਾਏ ਅਜਿਹੇ ਅਨੇਕਾਂ ਫੈਸਲੇ ਹਨ ਜਿਹੜੇ ਸਿਆਸੀ ਪ੍ਰਭਾਵ ਹੇਠ ਅਕਾਲੀ ਦਲ ਬਾਦਲ ਨੂੰ ਸਿਆਸੀ ਲਾਭ ਪਹੁੰਚਾਉਣ ਹਿਤ ਗੁਰਮਤਿ ਵਿਰੋਧੀ ਡੇਰਾਵਾਦ ਅਤੇ ਸੰਪ੍ਰਦਾਈ ਵੀਚਾਰਧਾਰਾ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਗਏ। ਸੌਦਾ ਸਾਧ ਨੂੰ ਬਿਨਾਂ ਮੁਆਫੀ ਮੰਗਿਆਂ ਹੀ ਮਾਫੀ ਦੇ ਦਿੱਤੀ ਗਈ, ਪਰ ਸਿੱਖਾਂ ਦੇ ਭਾਰੀ ਵਿਰੋਧ ਨੂੰ ਵੇਖਦਿਆਂ ਮੁੜ ਹੁਕਮਨਾਮਾ ਵਾਪਸ ਲੈਣਾ ਪਿਆ।
  2. ਭਾਵੇਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਣ ਤੱਕ ਦੇ ਬਿਆਨ, ਲੋਕਾਂ ਨੂੰ ਇਹ ਯਕੀਨ ਦਿਵਾ ਰਹੇ ਸਨ ਕਿ ਪੜ੍ਹਿਆ ਲਿਖਿਆ ਹੋਣ ਕਰਕੇ ਇਹ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਰਗੀ ਸਿਰਮੌਰ ਸੰਸਥਾ ਦੇ ਡੇਗੇ ਗਏ ਵਕਾਰ ਨੂੰ ਮੁੜ ਬਹਾਲ ਕਰਨ ਲਈ ਕੰਮ ਕਰਨਗੇ ਪਰ ਇੱਕੋ ਬੈਠਕ ਵਿੱਚ ਕੀਤੇ ਉਕਤ ਤਿੰਨੇ ਫੈਸਲਿਆਂ ਨੂੰ ਵੇਖ ਕੇ ਜਥੇਦਾਰ ਦਾ ਇੱਕ ਪਾਸੜ ਰਵਈਆ ਪ੍ਰਤੱਖ ਤੌਰ ’ਤੇ ਵੇਖਿਆ ਗਿਆ ਜੋ ਅਫਸੋਸਨਾਕ ਹੈ। ਸੋ ਇਹ ਸਾਰੇ ਫੈਸਲੇ ਵੀ ਸਿਆਸੀ ਪ੍ਰਭਾਵ ਤੋਂ ਮੁਕਤ ਨਹੀਂ ਕਹੇ ਜਾ ਸਕਦੇ।

ਉਪਰੋਕਤ ਪ੍ਰਸਥਿਤੀਆਂ ਵਿੱਚ ਆਓ ਸਾਰੇ ਮਿਲ ਕੇ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰੀਏ ਕਿ ਪੰਥ ਦੇ ਫੈਸਲੇ ਕਰਨ ਵਾਲੇ ਪੰਜੇ ਸਿੰਘ ਸਾਹਿਬਾਨਾਂ ਵਿੱਚ ਇੰਨੀ ਹਿੰਮਤ ਭਰ ਦੇਣ ਕਿ ਉਹ ਕਿਸੇ ਸਿਆਸਤ ਅਤੇ ਧੜੇ ਤੋਂ ਆਜ਼ਾਦ ਹੋ ਕੇ ਕੇਵਲ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਨਿਰਪੱਖ ਫੈਸਲੇ ਲੈਣ ਦੇ ਸਮਰਥ ਹੋ ਸਕਣ। ਪਹਿਲੇ ਕਦਮ ਵਜੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੂਰਨ ਵਿਸ਼ਵਾਸ਼ ਪ੍ਰਗਟ ਕਰਨ ਵਾਲੇ ਪਰ ਕੇਵਲ ਦਸਮ ਗ੍ਰੰਥ ਅਤੇ ਸੂਰਜ ਪ੍ਰਕਾਸ਼ ਆਦਿਕ ਗ੍ਰੰਥ ਦੇ ਆਧਾਰ ’ਤੇ ਹੁਣ ਤੱਕ ਛੇਕੇ ਗਏ ਸਾਰੇ ਸਾਰੇ ਪੰਥਕ ਵਿਦਵਾਨਾਂ ਅਤੇ ਪ੍ਰਚਾਰਕਾਂ ਵਿਰੁੱਧ ਜਾਰੀ ਹੁਕਮਨਾਮੇ ਵਾਪਸ ਲੈ ਲੈਣ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਪ੍ਰਚਾਰਕਾਂ ਨੂੰ ਇੱਕ ਸਿੱਖ ਰਹਿਤ ਮਰਿਆਦਾ ਲਾਗੂ ਕਰਨ ਦੇ ਸੱਦੇ ਹੇਠ ਇੱਕ ਮੰਚ ’ਚੇ ਇਕੱਤ੍ਰ ਹੋਣ ਦਾ ਸੱਦਾ ਦੇਣ। ਜੇ ਸਿਰਸਾ ਵਾਲੇ ਸੌਦਾ ਸਾਧ ਨੂੰ ਮੁਆਫ਼ ਕੀਤੇ ਜਾਣ ਵਾਲਾ ਹੁਕਮਨਾਮਾ ਵਾਪਸ ਹੋ ਸਕਦਾ ਹੈ ਤਾਂ ਇੱਕ ਧੜੇ ਨੂੰ ਖ਼ੁਸ਼ ਕਰਨ ਲਈ ਪੰਥਕ ਵਿਦਵਾਨ ਤੇ ਪ੍ਰਚਾਰਕਾਂ ਵਿਰੁੱਧ ਜਾਰੀ ਹੋਏ ਗ਼ਲਤ ਹੁਕਮਨਾਮੇ ਵਾਪਸ ਕਿਉਂ ਨਹੀਂ ਹੋ ਸਕਦੇ ? ਭਾਈ ਢੱਡਰੀਆਂ ਵਾਲੇ ਨੂੰ ਵੀ ਅਰਦਾਸ ਦੇ ਸੰਕਲਪ, ਨਿਰੰਕਾਰ ਪ੍ਰਭੂ ਦੀ ਹੋਂਦ, ਪ੍ਰਭੂ/ਗੁਰੂ ਦੀ ਸੱਤਿਆ ਅਤੇ ਬਖ਼ਸ਼ਿਸ਼ ਆਦਿਕ ਸਿੱਖੀ ਦੇ ਮੂਲ ਸਿਧਾਂਤਾਂ ਪ੍ਰਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਮੰਨ ਲੈਣਾ ਚਾਹੀਦਾ ਹੈ ਕਿ ਇਨ੍ਹਾਂ ਮੂਲ ਸਿਧਾਂਤਾਂ ਪ੍ਰਤੀ ਉਸ ਦਾ ਅਧੂਰਾ ਗਿਆਨ ਇਸ ਵੀਡੀਓ ਵਿੱਚ ਜਪੁ ਜੀ ਬਾਣੀ ਦੀ ਪਹਿਲੀ ਪਉੜੀ ਦੀ ਪੰਕਤੀ “ਭੁਖਿਆ, ਭੁਖ ਉਤਰੀ; ਜੇ ਬੰਨਾ ਪੁਰੀਆ ਭਾਰ ਦੇ ਉਸ ਵਲੋਂ ਕੀਤੇ ਅਰਥ ਵਾਚਣ ਤੋਂ ਲਗਾਇਆ ਜਾ ਸਕਦਾ ਹੈ। ਇਸ ਤੁਕ ਦੇ ਉਹ ਅਰਥ ਕਰ ਰਿਹਾ ਹੈ: ‘ਭੁੱਖਿਆਂ ਰਹਿਣ ਨਾਲ ਭਾਵ ਵਰਤ ਰੱਖਣ ਨਾਲ ਰੱਬ ਨਹੀਂ ਮਿਲਦਾ’।

ਇਹ ਅਰਥ ਗੁਰਮਤਿ ਅਨੁਸਾਰੀ ਹੋਣੇ ਤਾਂ ਦੂਰ ਦੀ ਗੱਲ ਹੈ ਅੱਖਰੀ ਅਰਥਾਂ ਨਾਲ ਵੀ ਮੇਲ ਨਹੀਂ ਖਾਂਦੇ ਕਿਉਂਕਿ ਇਸ ਤੁਕ ਦੇ ਅਰਥ ਬਣਦੇ ਹਨ ਤ੍ਰਿਸ਼ਨਾਂ ਅਧੀਨ ਰਿਹਾਂ ਮਨ ਵਿੱਚ ਪਦਾਰਥਾਂ ਦੀ ਤ੍ਰਿਸ਼ਨਾਂ ਦੀ ਭੁੱਖ ਮਿਟ ਨਹੀਂ ਸਕਦੀ ਭਾਵੇਂ ਸਾਰੀਆਂ ਪੁਰੀਆਂ (ਸਾਰੇ ਭਵਨਾਂ) ਦੇ ਪਦਾਰਾਥਾਂ ਦੇ ਢੇਰ ਵੀ ਕਿਉਂ ਨਾ ਮਿਲ ਜਾਣ।

ਅਕਾਲ ਤਖ਼ਤ ’ਤੇ ਬੈਠ ਕੇ ਪੰਥ ਦੇ ਫੈਸਲੇ ਕਰਨ ਵਾਲੇ ਜਥੇਦਾਰਾਂ ਵੱਲੋਂ ਨਿਰਪੱਖਤਾ ਦਾ ਸਬੂਤ ਦਿੱਤੇ ਜਾਣ ਉਪਰੰਤ ਸਮੂਹ ਜਥੇਬੰਦੀਆਂ ਇੱਕ ਗੁਰੂ ਗ੍ਰੰਥ ਸਾਹਿਬ ਜੀ, ਇੱਕ ਸਿੱਖ ਰਹਿਤ ਮਰਿਆਦਾ ਅਤੇ ਇੱਕ ਨਾਨਕਸ਼ਾਹੀ ਕੈਲੰਡਰ ਨੂੰ ਆਧਾਰ ਮੰਨ ਕੇ ਇੱਕ ਪਲੈਟਫਾਰਮ ’ਤੇ ਇਕੱਠੇ ਹੋ ਕੇ ਗੁਰਮਤਿ ਅਨੁਸਾਰੀ ਸਰਬਸਾਂਝਾ ਵਿਧਾਨ ਤਿਆਰ ਕਰਨ ਲਈ ਮਾਹੌਲ ਸਿਰਜਣਾ ਸ਼ੁਰੂ ਕਰ ਦੇਣ ਤਾਂ ਪੰਥ ਦਾ ਮੁੜ ਚੜ੍ਹਦੀਆਂ ਕਲਾ ਵਿੱਚ ਜਾਣਾ ਸੰਭਵ ਹੈ ਪਰ ਜੇ “ਸਭੁ ਕੋ ਪੂਰਾ ਆਪੇ ਹੋਵੈ;  ਘਟਿ ਨ ਕੋਈ ਆਖੈ ਵਾਲਾ ਵਿਵਹਾਰ ਕਰਦੇ ਹੋਏ ਕੇਵਲ ਆਪਣੀ ਵੀਚਾਰਧਾਰਾ ਨੂੰ ਦੂਸਰਿਆਂ ’ਤੇ ਥੋਪਣ ਦੇ ਯਤਨ ਵਿੱਚ ਰਹਿਣਗੇ ਤਾਂ ਜੋ ਹਸ਼ਰ ਸਾਡਾ ਸਾਰਿਆਂ ਦਾ ਹੋਣ ਜਾ ਰਿਹਾ ਹੈ ਉਹ ਕਿਸੇ ਤੋਂ ਗੁੱਝਾ ਨਹੀਂ ਹੈ।  ਭਾਵੇਂ ਮੌਜੂਦਾ ਸਿੱਖ ਰਹਿਤ ਮਰਿਆਦਾ ਵਿੱਚ ਵੱਖ ਵੱਖ ਧੜਿਆਂ ਦੀ ਸੋਚ ਮੁਤਾਬਕ ਅਨੇਕਾਂ ਤਰੁੱਟੀਆਂ ਹੋ ਸਕਦੀਆਂ ਹਨ ਪਰ ਇਸ ਵੇਲੇ ਕੇਵਲ ਇਸੇ ’ਤੇ ਇਕਮੱਤ ਹੋਣ ਦੀ ਸੰਭਾਵਨਾ ਬਣ ਜਾਣਾ ਹੀ ਬਹੁਤ ਵੱਡੀ ਪ੍ਰਾਪਤੀ ਹੋਵੇਗੀ।