ਇਕ ਖ਼ਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ

0
469

ਇਕ ਖ਼ਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ

ਗਿਆਨੀ ਕੇਵਲ ਸਿੰਘ

ਸਤਿਕਾਰਯੋਗ ਸ: ਮਨਜਿੰਦਰ ਸਿੰਘ ਸਿਰਸਾ ਜੀ, ਸ: ਹਰਮੀਤ ਸਿੰਘ ਕਾਲਕਾ ਜੀ, ਬੀਬੀ ਰਣਜੀਤ ਕੌਰ ਜੀ ਅਤੇ ਸਮੂਹ ਸਾਥੀ ਮੈਂਬਰਾਨ ਜੀ।

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥

ਆਪ ਜੀ ਭਲੀ ਭਾਂਤ ਜਾਣਦੇ ਹੋਵੋਗੇ ਕਿ ਸਿੱਖ ਕੌਮ ਨੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਮਹੰਤਸ਼ਾਹੀ ਦੇ ਖ਼ਿਲਾਫ਼ ਵੱਡੀ ਜੱਦੋ ਜਹਿਦ ਕਰਕੇ ਸ਼ਹੀਦੀਆਂ ਰਾਹੀਂ ਪ੍ਰਾਪਤ ਕੀਤਾ ਹੈ। ਮਹੰਤਸ਼ਾਹੀ ਜਿੱਥੇ ਹਕੂਮਤੀ ਸ਼ਹਿ ’ਤੇ ਕੰਮ ਕਰਦੀ ਸੀ ਉੱਥੇ ਬ੍ਰਾਹਮਣਵਾਦੀ ਵੀਚਾਰਧਾਰਾ ਦੀ ਕੱਟੜ ਹਮਾਇਤੀ ਸੀ। ਗੁਰਦੁਆਰਾ ਪ੍ਰਬੰਧ ਸੁਧਾਰ ਦੇ ਸਾਰੇ ਵਾਰਸ ਸਿੰਘ ਸਭਾਈ (ਨਿਰੋਲ ਗੁਰਮਤਿ) ਸੋਚ ਦੇ ਪਹਿਰੇਦਾਰ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਸੌਟੀ ’ਤੇ ਖਰੇ ਉੱਤਰਦੇ ਇਤਿਹਾਸ ਦੀ ਪ੍ਰਚਾਰਕ ਬਣਨ ਵਾਸਤੇ ਸਾਰੇ ਸਿੱਖ ਪੰਥ ਦੀ ਰਾਏ ਨਾਲ ਸਿੱਖ ਰਹਿਤ ਮਰਯਾਦਾ (ਪੰਥ ਪ੍ਰਮਾਣਿਤ) ਤਿਆਰ ਕਰਕੇ ਗੁਰੂ ਪੰਥ ਸਾਹਮਣੇ ਪੇਸ਼ ਕਰਦੀ ਹੈ। ਇਸ ਦੇ ਸੁਚੱਜੇ ਅਮਲ ਲਈ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਆਰੰਭ ਕਰਦੀ ਹੈ। ਉਹ ਮੌਕਾ ਸੀ ਜਦੋਂ ਕੋਈ ਸੰਪਰਦਾ, ਡੇਰੇਦਾਰ ਤੇ ਮਹੰਤਸ਼ਾਹੀ ਦੇ ਖ਼ਿਲਾਫ਼ ਜੱਦੋ ਜਹਿਦ ਵਿੱਚ ਹਿੱਸਾ ਨਹੀਂ ਲੈਂਦਾ ਸੀ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਵੀ ਸਿੱਖ ਕੌਮ ਦੇ ਪੰਥ-ਪ੍ਰਸਤ ਬਜ਼ੁਰਗਾਂ ਵੱਲੋਂ ‘ਗੁਰੂ ਗ੍ਰੰਥ-ਗੁਰੂ ਪੰਥ’ ਦੇ ਸਿਧਾਂਤਾਂ ਦੀ ਪਹਿਰੇਦਾਰੀ ਵਾਸਤੇ ਸਥਾਪਤ ਕੀਤੀ ਜਾਂਦੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੂਜੀ ਵੱਡੀ ਸੰਸਥਾ ਸਥਾਪਤ ਹੋਈ ਸੀ। ਸਿੱਖ ਕੌਮ ਦੀਆਂ ਇਨ੍ਹਾਂ ਸੰਸਥਾਵਾਂ ਨੇ ਕੇਵਲ ਤੇ ਕੇਵਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਰਹਿਤ ਮਰਯਾਦਾ ਦੇ ਪ੍ਰਚਾਰ ਹਿਤ ਕੌਮੀ ਸੇਵਾਦਾਰੀ ਨਿਭਾਉਣੀ ਹੈ। ਸਮੇਂ ਦੇ ਗੇੜ ਨਾਲ ਦੋਵੇਂ ਹੀ ਸੰਸਥਾਂਵਾਂ ਸੰਪਰਦਾਈ ਪ੍ਰਭਾਵ ਹੇਠ ਬ੍ਰਾਹਮਣਵਾਦੀ ਵੀਚਾਰਧਾਰਾ ਦੀਆਂ ਪਿੱਠੂ ਹੋ ਕੇ ਕੰਮ ਕਰ ਰਹੀਆਂ ਹਨ। ਇਹ ਰਾਸ਼ਟਰੀ ਸਿੱਖ ਸੰਗਤ (ਆਰ. ਐੱਸ. ਐੱਸ.) ਅਤੇ ਉਸ ਦੀਆਂ ਸਹਿਯੋਗੀ ਸੰਸਥਾਵਾਂ ਦੀ ਕ੍ਰਿਤ ਹੈ, ਜਿਨ੍ਹਾਂ ਦੇ ਵੱਡੇ ਵਡੇਰਿਆਂ ਨੇ ਭਾਰਤ ਵਿੱਚੋਂ ਬੁੱਧ ਮੱਤ ਨੂੰ ਖ਼ਤਮ ਕੀਤਾ ਸੀ। ਸਿੱਖ ਸਿਧਾਂਤਾਂ ਦੇ ਖਾਤਮੇ ਲਈ ਗੁਰੂ ਕਾਲ ਤੋਂ ਲਗਾਤਾਰ ਹੁੰਦੇ ਆ ਰਹੇ ਯਤਨ ਹੁਣ ਪੂਰਨ ਤੌਰ ’ਤੇ ਸਿੱਖ ਚਿਹਰਿਆਂ ਰਾਹੀਂ ਕਾਮਯਾਬ ਹੋ ਰਹੇ ਹਨ। ਬ੍ਰਾਹਮਣਵਾਦੀ ਸੰਪਰਦਾਈ ਸੋਚ ਨੇ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ: ਪਰਮਜੀਤ ਸਿੰਘ ਰਾਣਾ ਰਾਹੀਂ ਸ: ਮਨਜੀਤ ਸਿੰਘ ਜੀ. ਕੇ. ਦੀ ਪ੍ਰਧਾਨਗੀ ਸਮੇਂ ਦਾਖ਼ਲਾ ਲੈ ਕੇ ਆਪਣਾ ਰੰਗ ਦਿਖਾਉਣਾ ਅਰੰਭਿਆ ਸੀ। ਦਾਸ ਵੱਲੋਂ ਇਨ੍ਹਾਂ ਸੰਸਥਾਵਾਂ ਦੇ ਉਦੇਸ਼ ਯਾਦ ਕਰਵਾਉਣ ਦੇ ਬਾਵਜੂਦ ਬ੍ਰਾਹਮਣਵਾਦੀ ਸੰਪਰਦਾਈਆਂ ਦੀ ਚੌਧਰ ਨੂੰ ਅੱਗੇ ਤੋਂ ਅੱਗੇ ਕਈ ਤਰ੍ਹਾਂ ਪ੍ਰਵੇਸ਼ ਕਰਨ ਦੇ ਰਾਹ ਖੋਲ੍ਹੀ ਰੱਖੇ।

ਸ: ਮਨਜਿੰਦਰ ਸਿੰਘ ਸਿਰਸਾ ਜੀ! ਤੁਹਾਡੀ ਪ੍ਰਧਾਨਗੀ ਹੇਠ ਦੋ ਕਦਮ ਹੋਰ ਅੱਗੇ ਜਾਂਦਿਆਂ ਇਨ੍ਹਾਂ ਸੰਪਰਦਾਈਆਂ ਨੇ ਆਪਣੇ ਹੋਰ ਹੋਰ ਰੰਗ ਦਿਖਾਉਣੇ ਸ਼ੁਰੂ ਕੀਤੇ ਹੋਏ ਹਨ। ਪਿਛਲੇ ਸਾਲ ਤੁਸਾਂ ਭਾਈ ਬੰਤਾ ਸਿੰਘ ਜੀ ਪਾਸੋਂ ਚੰਡੀ ਚਰਿੱਤਰ (ਚੰਡੀ ਦੀ ਵਾਰ) ਦੀ ਕਥਾ ਕਰਵਾ ਕੇ ਇੱਕ ਅਕਾਲ ਪੁਰਖ ਦੀ ਗੁਰੂ ਵੀਚਾਰਧਾਰਾ ਨੂੰ ਪਿੱਛੇ ਪਾਇਆ। ਫਿਰ ਭਗਵੇਂ ਰੰਗ ਦਾ ਪੰਡਾਲ ਲਗਵਾ ਕੇ ਹਵਨ ਸਮੱਗਰੀ ਦੀ ਪੂਰੀ ਬ੍ਰਾਹਮਣਵਾਦੀ ਵਰਤੋਂ ਕਰਦਿਆਂ ਗੁਰਦੁਆਰਾ ਨਾਨਕ ਪਿਆਉ ਵਿਖੇ ਬ੍ਰਾਹਮਣਵਾਦੀ ਸੰਪਰਦਾਈਆਂ ਪਾਸੋਂ ਗੁਰਬਾਣੀ ਸੰਥਿਆ ਦੇ ਨਾਂ ’ਤੇ ਪੂਰਾ ਅਡੰਬਰ ਕਰਵਾਇਆ। ਦਾਸ ਨੇ ਬੀਬੀ ਰਣਜੀਤ ਕੌਰ ਜੀ, ਜਿਨ੍ਹਾਂ ਬਾਰੇ ਜਾਣਦਾ ਨਹੀਂ ਸੀ ਕਿ ਇਹ ਭੈਣ ਗੈਰ-ਸਿੱਖ ਹੈ, ਇਸ ਦੇ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹਨ ਅਤੇ ਦੇਹਧਾਰੀ ਗੁਰੂ ਦੰਭ ਦੀ ਉਪਾਸ਼ਕ ਹੈ, ਨਾਲ ਗੁਰਦੁਆਰਾ ਰਕਾਬਗੰਜ ਪਹੁੰਚ ਕੇ ਸ: ਮਨਜਿੰਦਰ ਸਿੰਘ ਸਿਰਸਾ ਨੂੰ ਮਿਲ ਕੇ ਰੋਸ ਪ੍ਰਗਟਾਇਆ ਸੀ। ਬ੍ਰਾਹਮਣੀਕਰਨ ਤੋਂ ਬਚਣ ਅਤੇ ਪੰਥ ਨੂੰ ਬਚਾਉਣ ਲਈ ਆਖਿਆ ਸੀ। ਸ: ਇਕਬਾਲ ਸਿੰਘ ਜੀ ਤਿਲਕ ਨਗਰ ਦਿੱਲੀ ਦਾਸ ਦੇ ਨਾਲ ਸਨ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਬੜਾ ਵੱਡਾ ਰੋਸ ਹੈ ਕਿ ਕਹਿਣ ਨੂੰ ਬਹੁਤਾਤ ਪੜ੍ਹੇ ਲਿਖੇ ਸਿੱਖਾਂ ਦੀ ਸੰਸਥਾ ਹੈ, ਮਗਰ ਰਾਜਨੀਤੀ ਦੀ ਐਸੀ ਗੈਰ-ਪੰਥਕ ਪਾਹ ਚੜ੍ਹੀ ਹੈ ਕਿ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਪਛੜ ਗਈ ਹੈ। ਦਸਮ ਗਰੰਥ ਬਾਰੇ ਸਿੱਖਾਂ ਅੰਦਰ ਸਦੀਆਂ ਤੋਂ ਮਤ-ਭੇਦ ਰਹੇ ਹਨ ਅਤੇ ਕੌਮ ਨੂੰ ਸਪੱਸ਼ਟ ਹੈ ਕਿ ਦਸਮ ਗਰੰਥ ਸਿੱਖ ਕੌਮ ਦਾ ਗੁਰੂ ਨਹੀਂ ਹੈ। ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਦਸਮ ਗਰੰਥ ਵਿੱਚੋਂ ਜੋ ਰਚਨਾਵਾਂ ਪੰਥ ਨੇ ਸਿੱਖ ਰਹਿਤ ਮਰਯਾਦਾ ਵਿੱਚ ਕੇਵਲ ਨਿਤਨੇਮ ਦਾ ਹਿੱਸਾ ਕੌਮੀ ਏਕਤਾ ਇਕਸੁਰਤਾ ਨੂੰ ਸਾਹਮਣੇ ਰੱਖ ਕੇ ਉਸ ਵਕਤ ਪ੍ਰਵਾਨ ਕੀਤੀਆਂ ਹਨ, ਉਨ੍ਹਾਂ ਤੋਂ ਇਲਾਵਾ ਹੋਰ ਰਚਨਾਵਾਂ ਦੀ ਕਥਾ ਕਰਵਾਉਣੀ ਪੰਥਕ ਏਕਤਾ ਇਕਸੁਰਤਾ ਨੂੰ ਤੋੜਨਾ ਹੈ। ਤੁਸੀਂ ਜਾਣਦਿਆਂ ਹੋਇਆਂ ਕਿ ਬਚਿੱਤਰ ਨਾਟਕ ਬ੍ਰਾਹਮਣ ਦੀ ਵੀਚਾਰਧਾਰਾ ਦਾ ਪ੍ਰਚਾਰਕ ਹੈ; ਉਸ ਦੀ ਕਥਾ ਫਿਰ ਆਰੰਭ ਕਰਵਾਈ ਹੈ। ਅਰੰਭਤਾ ਵੀ 1 ਸਤੰਬਰ ਤੋਂ ਕੀਤੀ ਹੈ ਕਿਉਂਕਿ 1 ਸਤੰਬਰ ਦੇ ਦਿਨ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰ ਪੁਰਬ ਦਾ ਅਹਿਮ ਦਿਹਾੜਾ ਹੁੰਦਾ ਹੈ। ਐਸਾ ਬਿਲਕੁਲ ਨਹੀਂ ਕਰਨਾ ਚਾਹੀਦਾ ਸੀ।

ਹੁਣੇ ਹੁਣੇ ਜੋ ਕਥਨ ਭਾਈ ਇਕਬਾਲ ਸਿੰਘ ਨੇ ਅਯੁੱਧਿਆ ਵਿੱਚ ਕੀਤਾ ਸੀ ਕਿ ਗੁਰੂ ਸਾਹਿਬਾਨ ਲਵ ਅਤੇ ਕੁਸ਼ ਦੀ ਔਲਾਦ ਹਨ, ਉਹ ਦਸਮ ਗਰੰਥ ਦੇ ਹਵਾਲੇ ਨਾਲ ਹੀ ਕੀਤਾ ਸੀ। ਉਸ ਸਾਬਕਾ ਜਥੇਦਾਰ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸਾਥੀ ਜਥੇਦਾਰਾਂ ਨੇ ਪੂਰੀ ਤਰ੍ਹਾਂ ਅਸਹਿਮਤੀ ਪ੍ਰਗਟਾਈ ਹੈ। ਤੁਸੀਂ ਬੜੇ ਬਜ਼ਿਦ ਹੋ ਕੇ ਇਹ ਬ੍ਰਾਹਮਣਵਾਦੀ ਵੀਚਾਰਧਾਰਾ ਨੂੰ ਸਿੱਖ ਸੰਗਤ ਅੱਗੇ ਪਰੋਸ ਕੇ ਗੁਰਮਤਿ ਸਿਧਾਂਤਾਂ ਦਾ ਸ਼ਰੇਆਮ ਘਾਣ ਕਰਵਾਉਣ ਦੇ ਬੱਜਰ ਪਾਪ ਦੇ ਭਾਗੀ ਬਣ ਰਹੇ ਹੋ। ਤੁਹਾਡੇ ਤੱਕ ਜਾਗਰੂਕ ਸਿੱਖਾਂ ਅਤੇ ਸੰਗਤਾਂ ਨੇ ਐਸਾ ਨਾ ਕਰਨ ਲਈ ਪਹੁੰਚ ਵੀ ਕੀਤੀ ਹੈ। ਇਸ ਕਦਮ ਨੂੰ ਗ਼ਲਤ ਕਰਾਰ ਦਿੱਤਾ ਹੈ ਪਰ ਤੁਹਾਡੇ ਕੰਨ ’ਤੇ ਜੂੰ ਨਹੀਂ ਸਰਕੀ ਹੈ, ਬੜੇ ਦੁੱਖ ਦੀ ਗੱਲ ਹੈ।

ਜੇਕਰ ਆਪ ਜੀ ਆਪਣੇ ਆਪ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਮੰਨਦੇ ਹੋ ਤਾਂ ਬਿਨਾਂ ਦੇਰੀ ਹੋ ਰਹੀ ਅਵੱਗਿਆ ਨੂੰ ਤੁਰੰਤ ਬੰਦ ਕਰਵਾਓ। ਤੁਸੀਂ ਸਿੱਖ ਕੌਮ ਨੂੰ ਦੁਫਾੜ ਕਰਨ ਦੇ ਗੁਨਾਹਗਾਰ ਨਾ ਬਣੋ। ਗੁਰੂ ਕਾਲ ਵੱਲ ਝਾਤ ਮਾਰੋ ਕਿ ਬ੍ਰਾਹਮਣਵਾਦੀ ਤਾਕਤਾਂ ਗੁਰੂ ਪੁੱਤਰਾਂ ਤੇ ਭਤੀਜਿਆਂ ਰਾਹੀਂ ਗੁਰਮਤਿ ਵੀਚਾਰਧਾਰਾ ਨੂੰ ਖ਼ਤਮ ਕਰਨ ਲਈ ਪੂਰਾ ਪੂਰਾ ਜ਼ੋਰ ਲਾਉਂਦੀਆਂ ਆ ਰਹੀਆਂ ਹਨ।

ਦਾਸ ਗੁਰੂ ਗ੍ਰੰਥ-ਗੁਰੂ ਪੰਥ ਦੇ ਸਿਧਾਂਤਾਂ ਦਾ ਅਦਨਾ ਜਿਹਾ ਸਿਪਾਹੀ ਵਾਸਤਾ ਪਾਉਂਦਾ ਹੈ ਕਿ ਸਿੱਖ ਪੰਥ ਦੇ ਹਿਤ ਵਿੱਚ ਸਵੈ-ਮੰਥਨ ਕਰੋ ਅਤੇ ਪੰਥਕ ਆਗਿਆ ਦੇ ਉਲਟ ਜਾਣ ਲਈ ਖ਼ਾਲਸਾ ਪੰਥ ਪਾਸੋਂ ਮੁਆਫ਼ੀ ਮੰਗੋ। ਦੇਖੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਜਥੇਦਾਰ ਸੰਤੋਖ ਸਿੰਘ ਜੀ, ਜਥੇਦਾਰ ਹਰਚਰਨ ਸਿੰਘ ਜੀ, ਜਥੇਦਾਰ ਇੰਦਰਪਾਲ ਸਿੰਘ ਜੀ ਖ਼ਾਲਸਾ, ਸ: ਜਸਵੰਤ ਸਿੰਘ ਜੀ ਸ਼ਾਨ, ਸ: ਨਿਰਵੈਰ ਸਿੰਘ ਜੀ, ਸ: ਦਲੀਪ ਸਿੰਘ ਜੀ ਟੈਗੋਰ ਗਾਰਡਨ ਅਤੇ ਹੋਰ ਮੋਹਤਬਰ ਪੰਥ-ਪ੍ਰਸਤ ਗੁਰਸਿੱਖਾਂ ਨੇ ਗੁਰੂ ਗ੍ਰੰਥ-ਗੁਰੂ ਪੰਥ ਦੇ ਸਿਧਾਂਤਾਂ ਅਨੁਸਾਰ ਸੇਵਾ ਨਿਭਾਈ ਹੈ। ਅੱਜ ਵੀ ਦਿੱਲੀ ਅੰਦਰ ਸੈਂਕੜੇ ਨਹੀਂ ਲੱਖਾਂ ਪੰਥ-ਪ੍ਰਸਤ ਸਿੱਖ ਹਨ ਜੋ ਤੁਹਾਡੀਆਂ ਅਜਿਹੀਆਂ ਕਾਰਗੁਜ਼ਾਰੀਆਂ ਤੋਂ ਬੁਰੀ ਤਰ੍ਹਾਂ ਪੀੜਤ ਹਨ। ਸਾਰੇ ਸੰਸਾਰ ਅੰਦਰ ਗੁਰੂ-ਪੰਥ ਵਸਦਾ ਹੈ। ਉਨ੍ਹਾਂ ਦੀਆਂ ਗੁਰਮਤਿ ਰੰਗ ਰੱਤੀਆਂ ਭਾਵਨਾਵਾਂ ਨਾਲ ਖਿਲਵਾੜ ਹੋ ਰਿਹਾ ਹੈ। ਸੰਭਲੋ ਅਤੇ ਪੰਥ-ਪ੍ਰਸਤ ਪ੍ਰਚਾਰਕਾਂ ਨੂੰ ਦਿੱਲੀ ਅੰਦਰ ਸੱਦੋ ਅਤੇ ਸੰਪਰਦਾਈ ਜਾਲ ਚੋਂ ਆਜ਼ਾਦ ਹੋਵੋ।

ਆਸ ਹੈ ਕਿ ਉਪਰੋਕਤ ਪੰਥ-ਪ੍ਰਸਤ ਭਾਵਨਾ ਹੇਠ ਲਿਖੇ ਸ਼ਬਦਾਂ ਨੂੰ ਉਸਾਰੂ ਪੱਖ ਤੋਂ ਪ੍ਰਵਾਨ ਕਰੋਗੇ। ਪੰਥਕ ਇਕਸੁਰਤਾ ਤੇ ਇਕਸਾਰਤਾ ਲਈ ਕੇਵਲ ਤੇ ਕੇਵਲ ਸ਼ਬਦ-ਗੁਰੂ ਅਤੇ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦਾ ਪਾਲਣ ਕਰੋਗੇ।

ਭੁੱਲਾਂ ਲਈ ਖਿਮਾਂ ਮੰਗਦਾ ਹਾਂ।

ਗੁਰੂ ਪੰਥ ਦਾ ਸੇਵਕ ਕੇਵਲ ਸਿੰਘ