ਇਤਿਹਾਸਕ ਪੁਰਬਾਂ ਦੇ ਝਗੜੇ ਕਿਉਂ  ?

0
506

ਇਤਿਹਾਸਕ ਪੁਰਬਾਂ ਦੇ ਝਗੜੇ ਕਿਉਂ  ?

ਗੁਰਦੇਵ ਸਿੰਘ ਸੱਧੇਵਾਲੀਆ

ਬੈਂਕ ਅਕਾਉਂਟ ਖੁਲਾਉਣ ਗਿਆ। ਬੀਬੀ ਦਾ ਮੇਰੇ ਨਾਂ ਤੋਂ ਬਾਅਦ ਅਗਲਾ ਸਵਾਲ ਸੀ ਜਨਮ ਤਰੀਕ ? ਮੈਂ ਕਿਹਾ ਪਿਛਲੇ ਸਾਲ 22 ਜੂਨ ਸੀ ਉਸ ਤੋਂ ਪਿਛਲੇ ਦੋ ਜੁਲਾਈ ਇਸ ਵਾਰੀ 30 ਮਈ ਨੂੰ ਹੈ ਤੇ ਅਗਲੇ ਸਾਲ 28 ਜੂਨ ਨੂੰ ਹੈ ! ! ਉਸ ਦਾ ਜਵਾਬ ਕੀ ਹੋਵੇਗਾ ਦੱਸਣ ਦੀ ਲੋੜ ਨਹੀਂ, ਪਰ ਮੈਨੂੰ ਅਪਣੇ ਇਲਾਜ ਦੀ ਲੋੜ ਹੋਵੇਗੀ ! ਨਹੀਂ ? ਵੱਟ-ਸ-ਅੱਪ ਉਪਰ ਚਲਦੀ ਬਹਿਸ ਵਿਚ ਕੋਈ ਭਰਾ ਕਹਿੰਦਾ, ਗੁਰੂ ਪ੍ਰਤੀ ਭਾਵਨਾ ਹੋਣੀ ਚਾਹੀਦੀ ਐ। ਕੀ ਫ਼ਰਕ ਪੈਂਦਾ 25 ਨੂੰ ਮਨਾ ਲਓ ਚਾਹੇ 5 ਨੂੰ ! ਤੁਹਾਡੇ ਨਿਆਣੇ ਪ੍ਰਤੀ ਕੀ ਤੁਹਾਡਾ ਮੋਹ ਘੱਟ ਜਾਏਗਾ ਜੇ ਤੁਸੀਂ ਉਸ ਦਾ ਜੰਮਣਾ ਹਰੇਕ ਸਾਲ ਬਦਲ ਕੇ ਕੇਕ ਕੱਟ ਦਿਉਂ ?

ਇਤਿਹਾਸ; ਤਰੀਕਾਂ ਮੰਗਦਾ ਤਰੀਕ ਤੋਂ ਬਿਨਾਂ ਕਿਹਾ ਗਿਆ ਇਤਿਹਾਸ ਅਟਕਲਪਚੂ ਕਿਹਾ ਜਾਂਦਾ ਤੇ ਅਟਕਲਪਚੂ ਨੂੰ ਹੀ ਮਿਥਿਹਾਸ ਕਹਿੰਦੇ ! ਯਾਦ ਰਹੇ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਧਰਤੀ ਪੁਰ ਕਦਮ ਰੱਖਣਾ ਮਿਥਿਹਾਸ ਨਹੀਂ ਸੀ। ਥਿੱਤਾਂ, ਵਾਰਾਂ, ਰੁੱਤਾਂ, ਸੂਰਜ, ਚੰਦਰਮਾਂ ਕਿਹੜੇ ਘਰ ਰਹਿੰਦੇ ਜਾਂ ਗਲੀ, ਮੈਨੂੰ ਇਸ ਬਾਰੇ ਸਿਫਰ ਪਤਾ ਹੈ। ਕਿਹੜੇ ਘਰ ਕਦੋਂ ਕਿਹੜਾ ਜਾਂਦਾ ਤੇ ਕਿਹੜਾ ਨਿਕਲਦਾ ਤੇ ਮੁੜ ਕੀਹਦੇ ਵੜਦਾ, ਕੱਖ ਪਤਾ ਨਹੀਂ ਮੈਨੂੰ, ਪਰ ਮੈਨੂੰ ਇੱਕ ਪਤਾ ਕਿ ਨਾਨਕਸ਼ਾਹੀ ਕਲੰਡਰ ਗੁਰਪੁਰਬਾਂ ਨੂੰ ਇੱਕ ਤਰੀਕ ਵਿਚ ਬੰਨ੍ਹਦਾ ਹੈ ਤੇ ਮੈਨੂੰ ਮੇਰੀ ਅਜ਼ਾਦ ਕੌਮੀ ਹਸਤੀ ਹੋਣ ਦਾ ਅਹਿਸਾਸ ਕਰਾਉਂਦਾ ਹੈ। ਦੂਜਾ ਮੁੜ ਮੁੜ ਮੈਨੂੰ ਪੰਡੀਏ ਦਾ ਕਲੰਡਰ ਉਡੀਕਣਾ ਨਹੀਂ ਪੈਂਦਾ ਕਿ ਮੇਰੇ ਗੁਰਪੁਰਬਾਂ ਦਾ ਫੈਸਲਾ ਉਹ ਕਰੇ। ਸਦੀਆਂ ਤੋਂ ਮੈਂ ਉਸ ਦੀਆਂ ਬੱਕਰੀਆਂ ਦੀਆਂ ਮੇਂਗਣਾ ਗਿਣ ਗਿਣ ਕੇ ਦੱਸੀਆਂ ਸੰਗਰਾਦਾਂ ਮਨਾ ਹੱਟਿਆ ਹਾਂ ਪਰ ਹੁਣ ਤੱਕ ਕਾਫੀ ਨਹੀਂ ? ਤੁਸੀਂ ਸੋਚ ਸਕਦੇ ਉਹ ਅਕਾਲ ਪੁਰਖ ਕੀ ਫੌਜ ਕਿਸ ਤਰ੍ਹਾਂ ਦੀ ਹੋਵੇਗੀ ਜਿਹੜੀ ਖੁਦ ਅਪਣੇ ਇਤਿਹਾਸਕ ਦਿਨਾਂ ਦੇ ਫੈਸਲੇ ਕਰ ਸਕਣ ਦੀ ਵੀ ਸਮਰੱਥਾ ਨਹੀਂ ਰੱਖਦੀ ਤੇ ਜਮਾਤ ਵਿਚ ਬੈਠੇ ਮਾੜੇ ਤੇ ਕਮਜੋਰ ਜੁਆਕ ਦੀ ਤਰ੍ਹਾਂ ਨਕਲ ਮਾਰਨ ਲਈ ਹਰ ਵਾਰੀ ਪੰਡੀਏ ਵੰਨੀ ਝਾਕਦੀ ਕਿ ਉਹ ਸਾਨੂੰ ਕਲੰਡਰ ਬਣਾ ਕੇ ਦੇਵੇ ਤੇ ਫੈਸਲਾ ਕਰੇ ਕਿ ਅਸੀਂ ਅਪਣੇ ਪੁਰਬ ਕਦ ਮਨਾਉਂਣੇ ਹਨ ? ਗੁਰੂ ਗੋਬਿੰਦ ਸਿੰਘ ਜੀ ਦਾ ਪੁਰਬ ਅਸੀਂ ਦਹਾਕਿਆਂ ਤੋਂ ਪੰਜ ਜਨਵਰੀ ਤੋਂ ਮਨਾਉਂਦੇ ਆ ਰਹੇ ਹਾਂ ਪਰ ਇਸ ਵਾਰੀ ਕੀ ਨਵੀਂ ਅਕਾਸ਼ਬਾਣੀ ਹੋਈ ਅੰਮ੍ਰਿਤਸਰ ਵਾਲੇ ਪੰਡੀਆਂ ਨੂੰ ਕਿ ਓਹ ਇਸ ਨੂੰ ਬਦਲਣ ਲਈ ਤਿਆਰ ਨੇ ? ਸਾਰਾ ਡੇਰਿਆਂ ਵਾਲਾ ਲਾਣਾ ਵੀ ਇਸ ਗੱਲੇ ਬਜਿੱਦ ਰਿਹਾ ਕਿ ਪੰਡੀਏ ਦੀ ਪੂਛ ਨਹੀਂ ਛੱਡਣੀ ਪਰ ਕਿਆ ਓਹ ਅਪਣੇ ਮਰੇ ਸਾਧਾਂ ਦੇ ਸਰਾਧ ਵੀ ਇਉਂ ਤਰੀਕਾਂ ਬਦਲ ਬਦਲ ਮਨਾਉਂਦੇ ਨੇ ? ਉਧਰ ਵਾਰੀ ਤਾਂ ਅੱਧਾ ਸਾਲ ਪਹਿਲਾਂ ਈ ਵੈਣ ਪਾਉਂਣੇ ਸ਼ੁਰੂ ਕੀਤੇ ਪਏ ਹੁੰਦੇ ਨੇ ਕਿ ਬਾਬਾ ਜੀ ਦੀ ਬਰਸੀ ਆ ਏਸ ਤਰੀਕ ਨੂੰ  ? ਜਿਨ੍ਹਾਂ ਦੇ ਕਲੰਡਰਾਂ ਵੰਨੀ ਦੇਖ ਕੇ ਫੈਸਲੇ ਕਰਦੇ ਓਂ ਉਹ ਤਾਂ ਅਪਣਾ ਸੜਿਆ ਜਿਆ ਗਾਂਧੀ ਵੀ 2 ਅਕਤੂਬਰ ਤੋਂ ਉਰੇ ਪਰੇ ਨਹੀਂ ਹੋਣ ਦਿੰਦੇ ਉਨ੍ਹਾਂ ਦਾ 15 ਅਗਸਤ, 15 ਅਗਸਤ ਨੂੰ ਹੀ ਆਉਂਦੈ ਤਾਂ ਓਹ ਕੌਣ ਹੁੰਦੇ ਸਾਡੇ ਇਤਿਹਾਸਕ ਦਿਨ ਜਾਂ ਪੁਰਬ ਬਦਲਣ ਵਾਲੇ ? 2020 ਵਿਚ ਅਜ਼ਾਦ ਹੋਣ ਨੂੰ ਫਿਰਨ ਵਾਲੇ ਹਾਲੇ ਤੱਕ ਤਾਂ ਇਨ੍ਹਾਂ ਫੈਸਲਾ ਨਹੀਂ ਕਰ ਸਕੇ ਕਿ ਅਜ਼ਾਦ ਕੌਮਾਂ ਦੇ ਕਲੰਡਰ ਵੀ ਅਜ਼ਾਦ ਤੇ ਵੱਖਰੇ ਹੁੰਦੇ, ਨਾ ਕਿ ਦੂਜਿਆਂ ਦੇ ਮੂੰਹਾਂ ਵੰਨੀ ਦੇਖਦੇ ਕਿ ਕਦ ਪੰਡੀਏ ਦਾ ਉਠ ਦਾ ਬੁੱਲ ਡਿੱਗੇ, ਉਸ ਦੀ ਬਕਰੀ ਦੀਆਂ ਮੇਂਗਣਾ ਪੂਰੀਆਂ ਹੋਣ ਤੇ ਓਹ ਦੱਸੇ ਕਿ ਸਾਡੇ ਪੁਰਬ ਕਦ ਨੇ ? ਯਾਦ ਰਹੇ ਕਿ ਦੋਗਲਾ ਚੱਲਣ ਵਾਲੀਆਂ ਕੌਮਾਂ ਕਦੇ ਮੰਝਧਾਰਾਂ ਵਿਚੋਂ ਨਹੀਂ ਨਿੱਕਲ ਸਕਦੀਆਂ ਜਿਵੇਂ ਕਿ ਅਸੀਂ ਨਿਕਲਣ ਦੀ ਕਰ ਰਹੇ ਹਾਂ ਤੇ ਅਪਣੇ ਗੁਰੂ ਸਾਹਿਬਾਨ ਦੇ ਪੁਰਬ ਐਨ ਇਕੇ ਦਿਨ ਮਿਥ ਨਹੀਂ ਸਕਦੇ ?