ਤੱਤੀ ਤਵੀ ’ਤੇ………
ਜਾਮ ਸ਼ਹਾਦਤ ਵਾਲਾ ਪੀ ਕੇ, ਸਿੱਖੀ ਤਾਈਂ ਉਭਾਰਨ ਲਈ।
ਤੱਤੀ ਤਵੀ ’ਤੇ ਬੈਠੇ ਸਤਿਗੁਰੂ, ਜਗਤ ਜਲੰਦਾ ਠਾਰਨ ਲਈ।
ਤੱਪਦਾ ਜੇਠ ਮਹੀਨਾ ਨਾਲੇ ਵਗਦੀਆਂ ਗਰਮ ਹਵਾਵਾਂ,
ਕਰ ਲਓ ਦੀਨ ਕਬੂਲ ਅਸਾਂ ਦਾ, ਦਿੰਦੇ ਮੁਗਲ ਸਲਾਹਾਂ,
ਦੇਣੀ ਪਊ ਕੁਰਬਾਨੀ ਨਹੀਂ ਤਾਂ, ਸਾਡੀ ਗੱਲ ਇਨਕਾਰਨ ਲਈ।
ਤੱਤੀ ਤਵੀ ’ਤੇ……………………………………………।
ਚੰਦਰੀ ਨੀਅਤ ਵਾਲਾ ਚੰਦੂ, ਕਰਨ ਲੱਗਾ ਚਤਰਾਈਆਂ,
ਪੰਜਵੇਂ ਗੁਰਾਂ ਤੋਂ ਬਦਲਾ ਲੈਣ ਲਈ, ਜੁਗਤਾਂ ਉਸ ਲੜਾਈਆਂ।
ਕੀਤੇ ਯਤਨ ਬਥੇਰੇ ਉਸ ਨੇ, ਝੂਠ ਦੀ ਕੰਧ ਉਸਾਰਨ ਲਈ।
ਤੱਤੀ ਤਵੀ ’ਤੇ………………………………………….।
ਗਰਮ ਭੱਠੀ ਦੇ ਹੇਠਾਂ ਵੈਰੀ, ਅਤਿ ਦੀ ਅੱਗ ਮਚਾਉਂਦੇ ਰਹੇ,
ਭਰ ਭਰ ਕੜਛੇ ਤੱਪਦੀ ਰੇਤਾ, ਅਰਜਨ ਦੇਵ ’ਤੇ ਪਾਉਂਦੇ ਰਹੇ,
ਦੇਗਾਂ ਵਿਚ ਉਬਾਲੇ ਦਿੰਦੇ, ਲੀਹ ਤੋਂ ਹੇਠ ੳਤਾਰਨ ਲਈ।
ਤੱਤੀ ਤਵੀ ’ਤੇ………………………………………..।
ਛੱਲਣੀ ਛੱਲਣੀ ਜਿਸਮ ਹੋ ਗਿਆ, ਪਰ ਨਾ ਮੰਨੀ ਹਾਰ ਗੁਰਾਂ,
ਧਰਮ ਸਲਾਮਤ ਰੱਖਣ ਖਾਤਰ, ਦਿੱਤੀ ਜ਼ਿੰਦਗੀ ਵਾਰ ਗੁਰਾਂ।
ਸਹਿ ਹੱਸ ਤਸੀਹੇ ‘ਚੋਹਲਾ’, ਕੌਮ ਦੇ ਕਸ਼ਟ ਨਿਵਾਰਨ ਲਈ।
ਤੱਤੀ ਤਵੀ ’ਤੇ ਬਹਿ ਗਏ ਸਤਿਗੁਰ, ਜਗਤ ਜਲੰਦਾ ਠਾਰਨ ਲਈ।
———–0————–
-ਰਮੇਸ਼ ਬੱਗਾ ਚੋਹਲਾ, 1348/17/1 ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)-94631-32719