ਧੰਨ ਗੁਰ ਨਾਨਕ, ਧੰਨ ਗੁਰ ਨਾਨਕ

0
354

ਗੁਰ ਨਾਨਕ ਆਗਮਨ

ਡਾ. ਹਰਮਿੰਦਰ ਸਿੰਘ ‘ਸਹਿਜ’

ਘੋਰ ਹਨੇਰੇ ਰੁੱਤ ਪਾਪ ਦੀ, ਡਾਢੇ ਸਮੇਂ ਭਿਆਨਕ।

ਧਰਤੀ ਦੀਆਂ ਪੁਕਾਰਾਂ ਦਰ ’ਤੇ, ਸੁਣੀਆਂ ਕਈਆਂ ਅਚਾਨਕ।

ਸੱਚ ਮਸੀਹਾ ਕਲਿਜੁਗ ਬੋਹਿਥ, ਪ੍ਰਗਟੇ ਬਾਬਾ ਨਾਨਕ।

ਸਗਲ ਸ੍ਰਿਸ਼ਟੀ ਮਹਿਮਾ ਗਾਵੇ, ਰਤਨ ਜਵਾਹਰ ਮਾਣਿਕ।

ਗਣ ਗੰਧਰਵ ਰਲ਼ ਗਾਉਂਦੇ ‘ਸਹਿਜ’, ਧੰਨ ਗੁਰ ਨਾਨਕ, ਧੰਨ ਗੁਰ ਨਾਨਕ।

ਇੱਕੋ ਸੱਚਾ ਮਿੱਤ ਹੈ, ਸਭ ਜੱਗ ਦਾ ਸਿਰਜਣਹਾਰ

ਪਿਆਰ ਦਾ ਕੀ ਪਾਉਣਾ, ਇਹ ਤਾਂ ਟੁੱਟ ਜਾਂਦੇ ਨੇ, ਮਿੱਤਰ ਕੀ ਬਣਾਉਣੇ, ਇਹ ਵੀ ਛੁੱਟ ਜਾਂਦੇ ਨੇ।

ਜਿਨ੍ਹਾਂ ਨੂੰ ਕਹੀਏ ਆਪਣੇ, ਉਜਾੜੀਂ ਸੁੱਟ ਜਾਂਦੇ ਨੇ, ਪਿੱਠ ’ਚ ਮਾਰ ਕੇ ਛੁਰੀਆਂ, ਸਭ ਕੁਝ ਲੁੱਟ ਜਾਂਦੇ ਨੇ।

ਜਿਨ੍ਹਾਂ ਲਈ ਕਰੀਏ ਕੁਰਬਾਨੀ, ਸੰਘੀਆਂ ਘੁੱਟ ਜਾਂਦੇ ਨੇ, ਬਣ ਕੇ ਹਮਦਰਦ ਸੱਚੇ, ਜੜ੍ਹਾਂ ਪੁੱਟ ਜਾਂਦੇ ਨੇ।

ਜੋ ਪਲ ਪਲ ਪਿੱਛੋਂ ਬਦਲਦਾ, ਇਸ ਜੱਗ ਦਾ ਰੰਗ ਅਨੋਖਾ ਹੈ, ਕਿਸ ’ਤੇ ਕਰਨਾ ਇਤਬਾਰ ਭਲਾ, ਇੱਥੇ ਪੈਰ ਪੈਰ ’ਤੇ ਧੋਖਾ ਹੈ।

ਕੀ ਆਪਣਾ ਕੀ ਪਰਾਇਆ, ਜਿਸ ’ਤੇ ਵੀ ਕਰੀਏ ਮਾਣ, ਇੱਕ ਦਿਨ ਉਹ ਵਿਸ਼ਵਾਸ ਦਾ, ਕਰ ਜਾਂਦਾ ਹੈ ਘਾਣ।

ਘਰ ਰੱਖ ਸਲਾਮਤ ਆਪਣਾ, ਲਾ ਜਿੰਦੇ ਕੁੰਡੇ ਬਾਰ, ਇਹ ਜੱਗ ਪਰਾਇਆ ‘ਸਹਿਜ’ ਜੀ, ਇੱਥੇ ਕੋਈ ਨਾ ਸੱਜਣ ਯਾਰ।

ਇੱਕੋ ਸੱਚਾ ਮਿੱਤ ਹੈ, ਸਭ ਜੱਗ ਦਾ ਸਿਰਜਣਹਾਰ, ਉਹ ਕਦੇ ਨਾ ਬਾਜ਼ੀ ਹਾਰਦਾ, ਜਿਸ ਬੇਲੀ ਹੈ ਕਰਤਾਰ।

ਡਾ. ਹਰਮਿੰਦਰ ਸਿੰਘ ‘ਸਹਿਜ’ ਹੁਸ਼ਿਆਰਪੁਰ-97819-93037