ਗੁਰੂ ਨਾਨਕ ਸਾਹਿਬ ਅਤੇ ਕਿਰਤ ਦਾ ਸੰਕਲਪ

0
526

ਗੁਰੂ ਨਾਨਕ ਸਾਹਿਬ ਅਤੇ ਕਿਰਤ ਦਾ ਸੰਕਲਪ

ਡਾ. ਰਣਜੀਤ ਸਿੰਘ

ਯੁਗਪੁਰਸ਼ ਗੁਰੂ ਨਾਨਕ ਦੇਵ ਦੀ ਦਾ ਜਦੋਂ ਇਸ ਸੰਸਾਰ ਵਿੱਚ ਆਗਮਨ ਹੋਇਆ, ਉਦੋਂ ਸਮਾਜ ਜਾਤੀ ਬੰਧਨ ਵਿੱਚ ਬੁਰੀ ਤਰ੍ਹਾਂ ਜਕੜਿਆ ਹੋਇਆ ਸੀ। ਬਹੁ ਗਿਣਤੀ ਲੋਕੀਂ ਜਿਹੜੇ ਕਿਰਤੀ ਸਨ, ਉਨ੍ਹਾਂ ਨੂੰ ਕਮੀ, ਕਮੀਣ ਤੇ ਅਛੂਤ ਆਖ ਦੁਰਕਾਰਿਆ ਜਾਂਦਾ ਸੀ। ਇਸ ਵਰਗ ਨੂੰ ਉੱਚੀ ਕੁੱਲ ਦੇ ਲੋਕਾਂ ਦੀ ਸੇਵਾ ਕਰਨ ਦਾ ਹੁਕਮ ਸੁਣਾਇਆ ਜਾਂਦਾ ਸੀ। ਉਨ੍ਹਾਂ ਨਾਲ ਗੁਲਾਮਾਂ ਤੋਂ ਵੀ ਭੈੜਾ ਸਲੂਕ ਕੀਤਾ ਜਾਂਦਾ ਸੀ। ਇੱਥੋਂ ਤੱਕ ਕਿ ਉਨ੍ਹਾਂ ਦੀ ਦਸ਼ਾ, ਡੰਗਰਾਂ ਤੋਂ ਵੀ ਭੈੜੀ ਹੋ ਗਈ ਸੀ। ਸਾਰਾ ਦਿਨ ਸਖ਼ਤ ਮਿਹਨਤ ਕਰਨ ਪਿੱਛੋਂ ਵੀ ਢਿੱਡ ਭਰਨ ਲਈ ਭਰਵੀਂ ਰੋਟੀ ਅਤੇ ਤਨ ਲਈ ਕੱਪੜਾ ਨਸੀਬ ਨਹੀਂ ਸੀ ਹੁੰਦਾ। ਗੁਰੂ ਸਾਹਿਬ ਨੇ ਇਨ੍ਹਾਂ ਦਬੇ ਕੁਚਲੇ ਜਾ ਰਹੇ ਲੋਕਾਂ ਦੀ ਬਾਂਹ ਫੜੀ ਤੇ ਖੁਦ ਉਨ੍ਹਾਂ ਦੇ ਨਾਲ ਖੜ੍ਹੇ ਹੋਏ। ਉਨ੍ਹਾਂ ਜ਼ਾਲਮਾਂ ਨੂੰ ਲਲਕਾਰਿਆ, ਧਾਰਮਿਕ ਆਗੂਆਂ ਨੂੰ ਫਿਟਕਾਰਿਆ ਅਤੇ ਦੱਬੇ ਕੁਚਲੇ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਜੂਝਣ ਵਾਸਤੇ ਵੰਗਾਰਿਆ, ‘‘ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ; ਜੇਤਾ ਕਿਛੁ ਖਾਇ ॥’’ (ਮ: ੧, ਪੰਨਾ ੧੪੨)

ਗੁਰੂ ਨਾਨਕ ਸਾਹਿਬ ਨੇ ਸਮਾਜਿਕ ਨਾ ਬਰਾਬਰੀ ਵਿਰੁੱਧ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਸੰਘਰਸ਼ ਸ਼ੁਰੂ ਕੀਤਾ। ਉਨ੍ਹਾਂ ‘ਸ਼ਬਦ’ ਅਤੇ ‘ਤਰਕ’ ਨੂੰ ਆਪਣਾ ਹਥਿਆਰ ਬਣਾਇਆ। ਉਨ੍ਹਾਂ ਆਪਣੇ ਸਾਥੀ ਮਰਦਾਨੇ ਨੂੰ ਨਾਲ ਲੈ ਕੇ ਮੱਕਾ ਮਦੀਨਾ ਤੀਕ ਪੈਦਲ ਯਾਤਰਾ ਕੀਤੀ। ਉਨ੍ਹਾਂ ਸੱਚ ਅਤੇ ਸੱਚੇ ਸੁੱਚੇ ਜੀਵਨ ਨੂੰ ਮਨੁੱਖ ਦੀ ਸਭ ਤੋਂ ਵੱਡੀ ਸ਼ਕਤੀ ਅਤੇ ਸੁਖਾਵੇਂ ਜੀਵਨ ਦਾ ਆਧਾਰ ਮੰਨਿਆ। ਉਨ੍ਹਾਂ ਹਮੇਸ਼ਾਂ ਸੱਚ, ਗਰੀਬ ਤੇ ਨਿਮਾਣੇ ਦਾ ਸਾਥ ਦਿੱਤਾ। ਉਨ੍ਹਾਂ ਉਚਾਰਿਆ : ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ   ?॥’’ (ਮ: ੧, ਪੰਨਾ ੧੫)

ਗੁਰੂ ਨਾਨਕ ਸਾਹਿਬ ਨੇ ਆਮ ਲੋਕਾਂ ਲਈ ਗਿਆਨ ਦੇ ਬੂਹੇ ਖੋਲ੍ਹੇ। ਆਪਣੀ ਬਾਣੀ ਲੋਕਾਂ ਦੀ ਭਾਸ਼ਾ ਵਿੱਚ ਉਚਾਰੀ। ਹਰ ਥਾਂ ਨੀਚ ਆਖੇ ਜਾਂਦੇ ਲੋਕਾਂ ਦੇ ਘਰਾਂ ਵਿੱਚ ਨਿਵਾਸ ਕੀਤਾ ਤੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਜਾਣੂ ਕਰਵਾਇਆ। ਗੁਰੂ ਸਾਹਿਬ ਨੇ ਸੰਗਤ, ਪੰਗਤ ਤੇ ਲੰਗਰ ਦੀ ਪ੍ਰਥਾ ਤੋਰ ਕੇ ਸਭਨਾਂ ਨੂੰ ਇੱਕੋ ਥਾਂ ਬੈਠਣਾ ਸਿਖਾਇਆ। ਲੋਕਾਂ ਨੂੰ ਨਿਤਾਣੇ ਤੇ ਨਿਮਾਣੇ ਬਣਨ ਦਾ ਗੁਰ ਦੱਸਿਆ।

ਸੰਸਾਰ ਦੇ ਇਤਿਹਾਸ ਵਿੱਚ ਗੁਰੂ ਨਾਨਕ ਸਾਹਿਬ ਅਜਿਹੇ ਯੁਗ ਪੁਰਸ਼ ਹੋਏ ਹਨ, ਜਿਨ੍ਹਾਂ ਪਹਿਲੀ ਵਾਰ ਸਮਾਜਿਕ ਬਰਾਬਰੀ ਅਤੇ ਲੋਕ ਹੱਕਾਂ ਦੀ ਰਾਖੀ ਲਈ ਇਨਕਲਾਬੀ ਕਾਰਜ ਕੀਤੇ। ਗੁਰੂ ਸਾਹਿਬ ਨੇ ਲੋਕਾਈ ਨੂੰ ਵਹਿਮਾਂ, ਭਰਮਾਂ ਅਤੇ ਅੰਧ ਵਿਸ਼ਵਾਸਾਂ ਵਿੱਚੋਂ ਕੱਢ ਕੇ ਇੱਕ ਰੱਬ ’ਤੇ ਯਕੀਨ ਕਰਨਾ ਸਿਖਾਇਆ। ਉਨ੍ਹਾਂ ਸਮਝਾਇਆ ਕਿ ਜਨਮ ਤੋਂ ਕੋਈ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ। ਬੁਰੇ ਤਾਂ ਬੰਦੇ ਦੇ ਕਰਮ ਹੁੰਦੇ ਹਨ। ਉਨ੍ਹਾਂ ਨੇ ਲੋਕਾਂ ਦੇ ਮਨਾਂ ਵਿੱਚੋਂ ਤਾਕਤ ਦੇ ਡਰ ਨੂੰ ਦੂਰ ਕਰਕੇ ਸੱਚ ਤੇ ਹੱਕ ਦੀ ਲੜਾਈ ਲਈ ਤਿਆਰ ਕੀਤਾ। ਜਿਹੜਾ ਸੁੱਚੀ ਕਿਰਤ ਕਰਦਾ ਹੈ, ਉਸ ਨੂੰ ਵੰਡ ਕੇ ਛੱਕਦਾ ਹੈ, ਕਿਸੇ ਦਾ ਹੱਕ ਨਹੀਂ ਮਾਰਦਾ, ਉਹ ਹੀ ਉੱਚਾ ਮਨੁੱਖ ਹੈ। ਇਸ ਤਰ੍ਹਾਂ ਉਨ੍ਹਾਂ ਨੇ ਕੇਵਲ ਸਮਾਜਿਕ ਬਰਾਬਰੀ ਅਤੇ ਲੋਕ ਹੱਕਾਂ ਲਈ ਹੀ ਘੋਲ ਨਹੀਂ ਕੀਤਾ ਸਗੋਂ ਸੰਸਾਰ ਨੂੰ ਸਮਾਜਵਾਦ ਅਤੇ ਲੋਕਰਾਜ ਦੀ ਬਖਸ਼ਿਸ਼ ਕੀਤੀ। ਨਿਮਾਣੇ ਅਤੇ ਨਿਤਾਣੇ ਸਮਝੇ ਜਾਂਦੇ ਲੋਕਾਂ ਨੂੰ ਉਨ੍ਹਾਂ ਦੀ ਤਾਕਤ ਦੀ ਸੋਝੀ ਕਰਵਾ ਕੇ ਅਜਿਹੀ ਜੋਤ ਜਗਾਈ ਜਿਹੜੀ ਸਾਰੇ ਸੰਸਾਰ ਲਈ ਚਾਨਣ ਮੁਨਾਰਾ ਬਣੀ।  ਗੁਰੂ ਸਾਹਿਬ ਨੇ ਆਪਣੇ ਸੰਦੇਸ਼ ਨੂੰ ਚਾਰੇ ਪਾਸੇ ਪਹੁੰਚਾ ਕੇ ਪਿਛਲੀ ਉਮਰੇ ਆਪਣਾ ਠਿਕਾਣਾ ਕਰਤਾਰਪੁਰ ਵਿਖੇ ਬਣਾਇਆ ਅਤੇ ਹੱਥੀਂ ਖੇਤੀ ਕਰਨੀ ਸ਼ੁਰੂ ਕੀਤੀ। ਇਸ ਖੇਤੀ ਵਿੱਚ ਸੰਗਤ ਵੀ ਹੱਥ ਵਟਾਉਂਦੀ ਸੀ ਅਤੇ ਉੁਪਜ ਗੁਰੂ ਕਾ ਲੰਗਰ ਚਲਾਉਂਦੀ ਸੀ। ਗੁਰੂ ਜੀ ਵੱਲੋਂ ਕਿਰਸਾਣੀ ਨੂੰ ਸਤਿਕਾਰੇ ਜਾਣ ਸਦਕਾ ਹੀ ਪੰਜਾਬ ਵਿੱਚ ਖੇਤੀ ਨੂੰ ਸਭ ਤੋਂ ਉੱਤਮ ਧੰਦਾ ਮੰਨਿਆ ਗਿਆ ਹੈ। ਪੰਜਾਬੀ ਦਾ ਪ੍ਰਸਿੱਧ ਅਖਾਣ ਹੈ: ਉੱਤਮ ਖੇਤੀ, ਮੱਧ ਵਪਾਰ, ਨਖਿੱਧ ਚਾਕਰੀ, ਭੀਖ ਨਾਦਾਰ (ਮੂਰਖਤਾ)

ਗੁਰੂ ਜੀ ਨੇ ਸਿਰਫ਼ ਖੇਤੀ ਹੀ ਨਹੀਂ ਸਗੋਂ ਹਰ ਕਿਰਤ ਦਾ ਸਤਿਕਾਰ ਕੀਤਾ ਅਤੇ ਕਿਰਤੀ ਨੂੰ ਗਲੇ ਲਗਾਇਆ। ਕਿਰਤ ਕਰਨ ਅਤੇ ਵੰਡ ਛੱਕਣ ਦੀ ਸਿੱਖੀ ਵਿੱਚ ਵਿਸ਼ੇਸ਼ ਮਹੱਤਤਾ ਹੈ। ਅਸਲ ਵਿੱਚ ਗੁਰੂ ਸਾਹਿਬ ਦੇ ਸਾਰੇ ਉਪਦੇਸ਼ ਦਾ ਆਧਾਰ ਹੀ ‘ਕਿਰਤ’ ਹੈ। ਗੁਰੂ ਸਾਹਿਬਾਨ ਨੇ ਫ਼ੁਰਮਾਇਆ ਹੈ: ‘‘ਘਾਲਿ ਖਾਇ, ਕਿਛੁ ਹਥਹੁ ਦੇਇ ॥  ਨਾਨਕ ! ਰਾਹੁ ਪਛਾਣਹਿ ਸੇਇ ॥’’ (ਮ: ੧, ਪੰਨਾ ੧੨੪੫) ਭਾਵ ਜੋ ਮਿਹਨਤ ਦੀ ਕਮਾਈ ਕਰਕੇ (ਉਸ ’ਚੋਂ) ਕੁਝ ਲੋੜਵੰਦਾਂ ਦੀ ਮਦਦ ਕਰਦਾ ਹੈ, ਉਹੀ ਬੰਦਾ ਇਨਸਾਨੀਅਤ ਵਾਲ਼ੇ ਸਹੀ ਮਾਰਗ ਨੂੰ ਪਛਾਣਦਾ (ਸਮਝਦਾ) ਹੈ।

ਗੁਰੂ ਸਾਹਿਬ ਨੇ ਕਿਰਤੀ ਦਾ ਸਿਰਫ਼ ਸਤਿਕਾਰ ਹੀ ਨਹੀਂ ਕੀਤਾ ਸਗੋਂ ਉਸ ਨੂੰ ਮਹਾਨਤਾ ਵੀ ਬਖ਼ਸ਼ਸ਼ ਕੀਤੀ। ਸਿੱਖਾਂ ਨੂੰ ਬਰਾਬਰੀ ਦਾ ਸਬਕ ਸਿਖਾਇਆ। ਬਰਾਬਰ ਹੋਣ ਦੀ ਭਾਵਨਾ ਮਨੁੱਖ ਨੂੰ ਕਿਸੇ ਦੇ ਤਰਸ ਦਾ ਪਾਤਰ ਬਣਨ ਤੋਂ ਹੋੜਦੀ ਹੈ ਤੇ ਮਾਨਸਿਕ ਤੌਰ ’ਤੇ ਜ਼ਿੰਮੇਵਾਰ ਤੇ ਉੱਦਮੀ ਬਣਾਉਂਦੀ ਹੈ। ਲੋਕਾਂ ਦੇ ਚਿੰਤਨ ਨੂੰ ਹਾਂ ਮੁਖੀ ਤੇ ਜੀਵਨ ਪੱਖੀ ਬਣਾਉਣ ਵਿੱਚ ਗੁਰੂ ਸਾਹਿਬਾਨ ਦਾ ਵੱਡਾ ਯੋਗਦਾਨ ਹੈ। ਇਸ ਸਦੀ ਦੇ ਸ਼ੁਰੂ ਵਿੱਚ ਪੰਜਾਬੀ ਕਿਸਾਨਾਂ ਨੇ ਹੀ ਪੱਛਮੀ ਪੰਜਾਬ ਦੀਆਂ ਬਾਰਾਂ (ਥੇਹਾਂ) ਨੂੰ ਆਬਾਦ ਕੀਤਾ ਅਤੇ ਆਪਣੀ ਮਿਹਨਤ ਨਾਲ ਲਾਇਲਪੁਰ ਨੂੰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਬਣਾ ਦਿੱਤਾ। ਆਜ਼ਾਦੀ ਪਿੱਛੋਂ ਉਹ ਆਪਣਾ ਸਭ ਕੁਝ ਲੁਟਾ ਕੇ ਪੱਛਮੀ ਪੰਜਾਬ ਤੋਂ ਆਏ ਸਨ। ਸਿਰ ਲੁਕਾਉਣ ਦੀ ਥਾਂ ਮਿਲਦਿਆਂ ਹੀ ਉਨ੍ਹਾਂ ਰੱਜ ਕੇ ਮਿਹਨਤ ਕੀਤੀ ਤੇ ਭੁੱਖ ਮਰੀ ਦੇ ਮਾਰੇ ਦੇਸ਼ ਨੂੰ ਅਨਾਜ ਵਿੱਚ ਵਾਧੂ ਬਣਾ ਦਿੱਤਾ। ਤਰਾਈ ਦੇ ਸੰਘਣੇ ਜੰਗਲਾਂ ਨੂੰ ਪੁੱਟ ਕੇ ਸੱਪਾਂ ਦੀਆਂ ਸਿਰੀਆਂ ਮਿੱਥ ਗੁਲਜ਼ਾਰ ਬਣਾਉਣ ਵਾਲੇ ਵੀ ਪੰਜਾਬੀ ਕਿਸਾਨ ਹੀ ਹਨ।

ਹੁਣ ਪੰਜਾਬ ਦੇ ਵਾਰਸ ਕਿਰਤ ਤੋਂ ਮੁੱਖ ਮੋੜ ਰਹੇ ਹਨ। ਆਓ, ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਵਰ੍ਹੇ ਨਵੀਂ ਪੀੜ੍ਹੀ ਨੂੰ ਕਿਰਤ ਨਾਲ ਜੋੜਨ ਦਾ ਯਤਨ ਕਰੀਏ, ਉਨ੍ਹਾਂ ਨੂੰ ਕਿਰਤ ਕਰਨ ਲਈ ਪ੍ਰੇਰੀਏ ਤੇ ਪੰਜਾਬ ਨੂੰ ਮੁੜ ਗੁਰੂ ਸਾਹਿਬ ਵੱਲੋਂ ਸਿਰਜੇ ਪੰਜਾਬ ਵਰਗਾ ਬਣਾਈਏ। ਕਿਰਤ ਸੱਭਿਆਚਾਰ ਪੰਜਾਬ ਦੀ ਸ਼ਾਨ ਹੈ। ਇਸ ਵਰ੍ਹੇ ਇਸ ਨੂੰ ਬਹਾਲ ਕਰੀਏ ਤਾਂ ਹੀ ਅਸੀਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਹੀ ਅਰਥਾਂ ਵਿੱਚ ਮਨਾ ਸਕਾਂਗੇ।