ਦਿੱਲੀ ’ਚ ਭਗਤ ਰਵਿਦਾਸ ਮੰਦਿਰ ਨੂੰ ਢਾਹੁਣ ਦਾ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵਲੋਂ ਕਰੜਾ ਵਿਰੋਧ
ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਉੱਪਰ ਕਰ ਰਹੀ ਹੈ ਨਾਗਪੁਰ ਦਾ ਏਜੰਡਾ ਲਾਗੂ
ਬੀਤੇ ਦਿਨ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ਉਤੇ ਦਿੱਲੀ ਦੇ ਤੁਗਲਕਾਬਾਦ ਵਿਚ ਲਗਭਗ 500 ਸਾਲ ਪੁਰਾਣਾ ਭਗਤ ਰਵਿਦਾਸ ਮੰਦਿਰ ਢਾਹੇ ਜਾਣ ਦੀਆਂ ਖਬਰਾਂ ਨੇ ਜਿੱਥੇ ਦਲਿਤ ਭਾਈਚਾਰੇ ਦੇ ਦਿਲਾਂ ਨੂੰ ਭਾਰੀ ਢੇਸ ਪਹੁੰਚਾਈ ਹੈ ਉੱਥੇ ਸਿੱਖ ਭਾਈਚਾਰੇ ਵਿਚ ਵੀ ਇਸ ਦਾ ਵੱਡਾ ਰੋਸ ਪਾਇਆ ਜਾ ਰਿਹਾ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਇਸ ਘਟੀਆ ਕਾਰਵਾਈ ਦਾ ਸਖਤ ਸ਼ਬਦਾਂ ਵਿਚ ਵਿਰੋਧ ਕਰਦੀ ਹੈ। ਕਮੇਟੀ ਦੇ ਅਹੁਦੇਦਾਰ ਹਿੰਮਤ ਸਿੰਘ ਨਿਊਯਾਰਕ (ਕੋਆਰਡੀਨੇਟਰ), ਕੇਵਲ ਸਿੰਘ ਸਿੱਧੂ ਪੈਨਸਿਲਵੇਨੀਆਂ (ਖਜਾਨਚੀ), ਹਰਜਿੰਦਰ ਸਿੰਘ ਨਿਊਜਰਸੀ (ਮੀਡੀਆ ਸਪੋਕਸਪਰਸਨ), ਵੀਰ ਸਿੰਘ ਮਾਂਗਟ (ਮੈਂਬਰ), ਦਵਿੰਦਰ ਸਿੰਘ ਦਿਓ ਵਰਜ਼ੀਨੀਆਂ (ਮੈਂਬਰ) ਨੇ ਕਿਹਾ ਕਿ ਭਗਤ ਰਵਿਦਾਸ ਜੀ ਦੀ ਬਾਣੀ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਦਰਜ ਹੈ, ਜਿਸ ਕਾਰਨ ਹਰ ਸਿੱਖ ਉਨ੍ਹਾਂ ਦੀ ਬਾਣੀ ਨਾਲ ਜੁੜਿਆ ਹੋਇਆ ਹੈ।ਇਸ ਲਈ ਜੇਕਰ ਭਗਤ ਰਵਿਦਾਸ ਜੀ ਦੀ ਕਿਸੇ ਵੀ ਯਾਦਗਾਰ ਨਾਲ ਕੋਈ ਅਣਹੋਣੀ ਹੁੰਦੀ ਹੈ ਤਾਂ ਸਿੱਖ ਭਾਈਚਾਰੇ ਨੂੰ ਦੁੱਖ ਪਹੁੰਚਣਾ ਸੁਭਾਵਕ ਹੀ ਹੈ। ਆਗਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਇਸ ਕਾਰਵਾਈ ਨੂੰ ਨਹੀਂ ਰੋਕਦੀ ਤਾਂ ਇਸ ਨਾਲ ਸਮੁੱਚੇ ਦੇਸ਼ ਵਿਚ ਹਾਲਾਤ ਖਰਾਬ ਹੋ ਸਕਦੇ ਹਨ ਇਸ ਲਈ ਇਸ ਸਬੰਧੀ ਜਲਦੀ ਤੋਂ ਜਲਦੀ ਰੋਕ ਲਗਾਈ ਜਾਵੇ। ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਰ.ਐੱਸ.ਐੱਸ ਦੇ ਇਸ਼ਾਰਿਆਂ ਉਤੇ ਚੱਲ ਕੇ ਸਮੁੱਚੇ ਭਾਰਤ ਵਿਚ ਹਿੰਦੀ, ਹਿੰਦੂ, ਹਿੰਦੋਸਤਾਨ ਦਾ ਏਜੰਡਾ ਲਾਗੂ ਕਰਨਾ ਚਾਹੁੰਦੀ ਹੈ ਜਦਕਿ ਭਾਰਤ ਵਿਚ ਬਹੁਤ ਸਾਰੇ ਧਰਮਾਂ ਦੇ ਲੋਕ ਵਸਦੇ ਹਨ ਜਿਨ੍ਹਾਂ ਨੂੰ ਅਜ਼ਾਦੀ ਨਾਲ ਜ਼ਿੰਦਗੀ ਜਿਊਣ ਦਾ ਹੱਕ ਮਿਲਣਾ ਚਾਹੀਦਾ ਹੈ।
Issued by: Himmat Singh Newyork – Coordinator SCCEC Phone: +1 (646) 358-7745