ਪੂਰਨ ਜੋਤਿ ਜਗੈ ਘਟ ਮੈ..॥
ਤਰਸੇਮ ਸਿੰਘ (ਲੁਧਿਆਣਾ)
ੴ ਵਾਹਿਗੁਰੂ ਜੀ ਕੀ ਫਤਹਿ॥
ਸ੍ਰੀ ਮੁਖਵਾਕ ਪਾਤਿਸਾਹੀ ੧੦॥ ਸਵੈਯਾ॥
ਜਾਗਤ ਜੋਤਿ ਜਪੈ ਨਿਸ ਬਾਸੁਰ; ਏਕੁ ਬਿਨਾ, ਮਨਿ ਨੈਕ ਨ ਆਨੈ॥
ਪੂਰਨ ਪ੍ਰੇਮ ਪ੍ਰਤੀਤ ਸਜੈ; ਬ੍ਰਤ ਗੋਰ ਮੜ੍ਹੀ ਮਠ, ਭੂਲ ਨ ਮਾਨੈ॥
ਤੀਰਥ ਦਾਨ ਦਇਆ ਤਪ ਸੰਜਮ; ਏਕੁ ਬਿਨਾ, ਨਹਿ ਏਕ ਪਛਾਨੈ॥
ਪੂਰਨ ਜੋਤਿ ਜਗੈ ਘਟ ਮੈ; ਤਬ ਖਾਲਸ ਤਾਹਿ ਨਿਖਾਲਸ ਜਾਨੈ ॥੧॥ (੩੩ ਸਵੈਯੇ)
ਪਦ ਅਰਥ: ਜਾਗਤ ਜੋਤਿ– ਜਾਗਿ੍ਰਤ ਜਾਂ ਪ੍ਰਕਾਸ਼ ਰੂਪ ਹੋਂਦ।, ਨਿਸ-ਰਾਤ।, ਬਾਸੁਰ-ਦਿਨ।, ਏਕੁ ਬਿਨਾ-ਇੱਕ ਅਕਾਲ ਪੁਰਖ ਤੋਂ ਬਿਨਾਂ।, ਨੈਕ-ਤਨਿਕ ਜਾਂ ਮਾਮੂਲੀ।, ਸਜੈ-ਵਿੱਚ ਸਜਦਾ ਹੈ ਭਾਵ ਆਪਣੇ ਆਪ ਨੂੰ ਸਜਾਉਂਦਾ ਹੈ।, ਬ੍ਰਤ-ਵਰਤ ਰੱਖਣੇ।, ਗੋਰ– ਕਬਰ ਜਾਂ ਮਜਾਰ।, ਮੜੀ– ਮਰੇ ਦੀ ਯਾਦਗਾਰ (ਕਈ ਜਗ੍ਹਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਅੰਗੀਠਾ ਸਾਹਿਬ ਜਾਂ ਕੋਈ ਹੋਰ ਨਾਮ ਵੀ ਦੇ ਦਿੱਤਾ ਜਾਂਦਾ ਹੈ)।, ਮਠ-ਸਾਧੂ ਦਾ ਨਿਵਾਸ ਸਥਾਨ।, ਤੀਰਥ– ਅਜਿਹੇ ਅਸਥਾਨ ਜਿਨ੍ਹਾਂ ਦੀ ਯਾਤਰਾ ਕਰਨ ਭਾਵ ਜਿੱਥੇ ਜਾਣ ਨਾਲ ਮੁਕਤੀ ਮਿਲਦੀ ਮੰਨੀਦੀ ਹੈ।, ਦਾਨ-ਪਾਠ ਪੂਜਾ ਬਦਲੇ ਦਿੱਤੀ ਗਈ ਭੇਟਾ।, ਦਇਆ– ਜੀਵ ਹੱਤਿਆ ਦਾ ਤਿਆਗ।, ਤਪ-ਦੇਵਤੇ ਨੂੰ ਖੁਸ਼ ਕਰਨ ਲਈ ਕੀਤੇ ਜਾਂਦੇ ਕਰਮ ਜਾਂ ਧੂਣੀਆਂ ਤਪਾ ਕੇ ਸਹਾਰੇ ਜਾਂਦੇ ਸ਼ਰੀਰਕ ਕਸ਼ਟ।, ਸੰਜਮ– ਕਾਮ ਇੰਦ੍ਰੀ ਨੂੰ ਕਾਬੂ ਕਰਨ ਦੇ ਯਤਨ।, ਤਾਹਿ– ਉਸ ਨੂੰ।, ਨਿਖਾਲਸ– ਪੂਰਨ ਨਿਰਮਲ ਜਾਂ ਸ਼ੁੱਧ ਸਰੂਪ।, ਜਾਨੈ– ਸਮਝਣਾ ਚਾਹੀਦਾ ਹੈ।
ਵਿਚਾਰ: ਵਿਚਾਰ ਅਧੀਨ ਸ਼ਬਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 33 ਸਵੱਈਆਂ ਵਿੱਚੋਂ ਪਹਿਲਾ (ਆਰੰਭਕ) ਸਵੱਈਆ ਹੈ, ਜਿਵੇਂ ਕਿ ਗੁਰਬਾਣੀ ਦੀ ਲਿਖਤ ਮੁਤਾਬਕ ਕਿਸੇ ਲੰਮੀ ਰਚਨਾ ਦਾ ਪਹਿਲਾ ਸ਼ਬਦ ਆਪਣੇ ਇਸ਼ਟ (ਅਕਾਲ ਪੁਰਖ) ਦੀ ਉਸਤਤ ਵਜੋਂ ਮੰਗਲਾਚਰਨ ਰੂਪ ’ਚ ਦਰਜ ਹੁੰਦਾ ਹੈ, ਇਸੇ ਤਰ੍ਹਾਂ ਹੀ ਦਸਮੇਸ਼ ਪਿਤਾ ਜੀ ਨੇ ਆਪਣੀ ਰਚਨਾ 33 ਸਵੈਯਾ ’ਚ ਆਰੰਭਕ ਪਦੇ ਨੂੰ ਮੰਗਲਾਚਰਨ ਰੂਪ ’ਚ ਦਰਜ ਕੀਤਾ ਹੈ ਪਰ ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇੱਕ ਅਕਾਲ ਪੁਰਖ ਦੀ ਉਸਤਤ ਕਰਨ ਲਈ ਦੁਨਿਆਵੀ ਮੰਨੇ ਜਾਂਦੇ ਤਮਾਮ ਇਸ਼ਟਾਂ ਨੂੰ ਮਿਸਾਲ ਦੇ ਤੌਰ ’ਤੇ ਲਿਆ ਗਿਆ ਹੈ, ਜਿਵੇਂ ਕਿ ਵਰਤ ਰੱਖਣੇ, ਮਰਿਆਂ ਦੀਆਂ ਮੜ੍ਹੀਆਂ ਪੂਜਣੀਆਂ, ਕਬਰ ਸਥਾਨਾਂ ਦੀ ਪੂਜਾ ਕਰਨੀ, ਦੇਵੀ ਦੇਵਤਿਆਂ ਨੂੰ ਖੁਸ਼ ਕਰਨਾ, ਕੁਦਰਤੀ ਆਫਤਾਂ ਤੋਂ ਭੈ-ਭੀਤ ਹੋ ਕੇ ਉਨ੍ਹਾਂ ਨੂੰ ਹੀ ਰੱਬ ਮੰਨ ਬੈਠਣਾ, ਸਰੀਰਕ ਪਵਿੱਤਰਤਾ ਲਈ ਤੀਰਥ ਇਸ਼ਨਾਨ ਕਰਨੇ, ਉਥੇ ਜਾ ਕੇ ਇਸ਼ਟ ਨੂੰ ਖੁਸ਼ ਕਰਨ ਲਈ ਧੂਣੀਆਂ ਤਪਾਉਣੀਆਂ ਤੇ ਆਪਣੇ ਸਰੀਰ ਨੂੰ ਕਸ਼ਟ ਦੇਣੇ, ਧਰਮ ਕਰਮ ਬਦਲੇ ਪੂਜਾਰੀਆਂ ਨੂੰ ਭਾਰੀ ਪੁੰਨ-ਦਾਨ ਭੇਟਾ ਕਰਨਾ, ਕਾਮ ਇੰਦ੍ਰੀ ਨੂੰ ਕਾਬੂ ’ਚ ਰੱਖਣ ਲਈ ਅਨੇਕਾਂ ਸੰਜਮ ਅਪਣਾਉਣੇ; ਜਿਵੇਂ ਕਿ ਇਸਤ੍ਰੀ ਦਾ ਤਿਆਗ, ਗ੍ਰਹਿਸਤੀ ਦਾ ਤਿਆਗ, ਸਮਾਜਿਕ ਜ਼ਿੰਮੇਵਾਰੀ ਤੋਂ ਭਗੋੜੇ ਹੋਣਾ, ਆਦਿ।
ਗ੍ਰਹਿਸਤੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਸਮਾਜਿਕ ਪ੍ਰੇਮ ਪੈਦਾ ਕਰਨ ਲਈ ਪਰਉਪਕਾਰਤਾ ਨਾ ਕਰਨੀ, ਦੂਸਰਿਆਂ ਨਾਲ ਹਮਦਰਦੀ ਨਾ ਵਿਖਾਉਣੀ, ਇਤਿਆਦਿਕ ਅਰਥਹੀਣ ਕਰਮ; ਕਠੋਰ ਮਨ ਕਾਰਨ ਉਪਜਦੇ ਹਨ ਕਿਉਂਕਿ ਅਜਿਹਾ ਵਿਅਕਤੀ ਚੰਗੀ ਨਸੀਹਤ ਸੁਣਨ ਲਈ ਗੁਰੂ ਦਰ ਦੀ ਮਦਦ ਨਹੀਂ ਲੈਂਦਾ। ਇਹ ਤਮਾਮ ਧਾਰਮਿਕ ਮੰਨੇ ਜਾਂਦੇ ਕਰਮ; ਵਿਕਾਰਾਂ ਦੇ ਮੁਕਾਬਲੇ ਇਉਂ ਨਿਰਮੂਲ ਸਿੱਧ ਹੁੰਦੇ ਹਨ ਜਿਵੇਂ ਕਿ ਰੇਤ ਦੇ ਘਰ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਦੇ:
‘‘ਮਨਮੁਖ ਕਰਮ ਕਰੈ ਅਜਾਈ ॥ ਜਿਉ ਬਾਲੂ ਘਰ; ਠਉਰ ਨ ਠਾਈ ॥’’ (ਮ: ੫/੧੩੪੮)
ਦਰਅਸਲ, ਅਗਰ ਮਨੁੱਖ ਮਾਯਾ ਦੇ ਪਤੀ ਤੇ ਕੁਦਰਤ ਦੇ ਰਚੇਤਾ ਦਾ ਧਿਆਨ ਧਰਨਾ ਆਰੰਭ ਕਰ ਦਿੰਦਾ ਹੈ ਤਾਂ ਉਸ ਦਾ ਸੋਚ ਮੰਡਲ ਤੇ ਆਚਰਣ ਉੱਚਾ ਹੋਣਾ ਸ਼ੁਰੂ ਹੋ ਜਾਂਦਾ ਹੈ। ਮਨੁੱਖ, ਸਰਬ ਸ਼ਕਤੀਮਾਨ ਦਾ ਸੇਵਕ ਬਣ ਕੇ ਮਾਇਆ ਦੇ ਹੱਥਾਂ ਉੱਤੇ ਫੋਕਟ ਕਰਮ ਦੀ ਟੇਕ ਲੈਂਦਿਆਂ ਨਹੀਂ ਨੱਚਦਾ। ਸਰਬ ਸ਼ਕਤੀਮਾਨ ਨੂੰ ਆਪਣਾ ਮਾਲਕ ਬਣਾਉਣ ਨਾਲ ਮਨੁੱਖ ਹਰ ਇੱਕ ਨਾਲ ਪ੍ਰੇਮ-ਪਿਆਰ ਕਰਦਾ ਹਮਦਰਦੀ ਜਤਾਉਂਦਾ ਹੈ, ਦੁੱਖ-ਸੁੱਖ ਵਿੱਚ ਭਾਈਵਾਲ ਬਣਦਾ ਹੈ ਕਿਉਂਕਿ ਉਸ ਦਾ ਪਰਿਵਾਰ ਅਕਾਲ ਪੁਰਖ ਦੀ ਤਰ੍ਹਾਂ ਬਹੁਤ ਵੱਡਾ ਹੋ ਜਾਂਦਾ ਹੈ, ਜਿਸ ਕਾਰਨ ਜਗਤ ਠਗਣੀ ਮਾਯਾ ਨੂੰ ਆਪਣੀ ਦਾਸੀ ਬਣਾ ਲੈਂਦਾ ਹੈ: ‘‘ਮਾਇਆ ਦਾਸੀ; ਭਗਤਾ ਕੀ ਕਾਰ ਕਮਾਵੈ ॥’’ (ਮ: ੩/੨੩੧), ਪਰ ਇਹ ਸਭ ਕੁਝ ਫੋਕਟ ਕਰਮਾਂ ਨਾਲ ਪ੍ਰਾਪਤ ਨਹੀਂ ਹੁੰਦਾ। ਗੁਰੂ ਦੀ ਸ਼ਰਨ ਤੇ ਸਤਿ ਸੰਗਤ ਦੇ ਸਹਿਯੋਗ ਨਾਲ ਇੱਕ ਅਕਾਲ ਪੁਰਖ ਦਾ ਨਾਮ ਜਪਣਾ ਨਾਲ ਹੀ ਇਹ ਰੁਤਬਾ ਨਸੀਬ ਹੁੰਦਾ ਹੈ, ਜਿਸ ਦੀ ਪ੍ਰਾਪਤੀ ਕੇਵਲ ਮਨੁੱਖਾ ਜੂਨੀ ਰਾਹੀਂ ਸੰਭਵ ਹੁੰਦੀ ਹੈ ਅਤੇ ਜੋ ਕੇਵਲ ਉਕਤ ਬਿਆਨ ਕੀਤੇ ਗਏ ਕਰਮਾਂ ਤੱਕ ਸੀਮਤ ਰਹਿ ਕੇ ਆਪਣਾ ਮਨੁੱਖਾ ਜੀਵਨ ਸਮਾਪਤ ਕਰ ਗਏ ਜਾਂ ਕਰ ਲੈਂਦੇ ਹਨ ਉਹ ਜੀਵਨ ਬਾਜੀ ਹਾਰ ਗਏ ਜਾਂ ਹਾਰ ਜਾਂਦੇ ਹਨ। ਇਸ ਲਈ ਗੁਰਬਾਣੀ ਵਚਨ ਕਰਦੀ ਹੈ:
‘‘ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ॥’’ (ਮ: ੫/੧੨)
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਵੱਈਏ ਦੇ ਚਾਰ ਬੰਦਾਂ ਚੋਂ ਪਹਿਲੇ ਰਾਹੀਂ ਵਚਨ ਕਰਦੇ ਹਨ ਕਿ ਸਦੀਵੀ ਪ੍ਰਕਾਸ਼ਮਾਨ (ਮਾਯਾ ਦੇ ਪ੍ਰਭਾਵ ਤੋਂ ਸੁਤੰਤਰ) ਅਕਾਲ ਪੁਰਖ ਨੂੰ ਦਿਨ ਰਾਤ ਚੇਤੇ ਰੱਖਣਾ ਚਾਹੀਦਾ ਹੈ ਉਸ ਇੱਕ ਤੋਂ ਬਿਨਾਂ ਕਿਸੇ ਦੂਸਰੇ ਨੂੰ ਤਿਨਕ ਮਾਤਰ ਵੀ ਮਨ ਵਿੱਚ ਨਹੀਂ ਧਿਆਉਣਾ ਚਾਹੀਦਾ:
‘‘ਜਾਗਤ ਜੋਤਿ ਜਪੈ ਨਿਸ ਬਾਸੁਰ; ਏਕੁ ਬਿਨਾ, ਮਨਿ ਨੈਕ ਨ ਆਨੈ ॥’’
ਸ਼ਬਦ ਦੇ ਦੂਸਰੇ ਬੰਦ ’ਚ ਗੁਰੂ ਜੀ ਸਮਝਾ ਰਹੇ ਹਨ ਕਿ ਜਿਨ੍ਹਾਂ ਨੇ ਉਸ ਇੱਕ ਨੂੰ ਆਪਣੇ ਜੀਵਨ ਦਾ ਆਸਰਾ ਬਣਾ ਲਿਆ ਉਹ ਤਮਾਮ ਫੋਕਟ ਕਰਮਾਂ ਨੂੰ ਤਿਆਗ ਦਿੰਦੇ ਹਨ; ਜਿਵੇਂ ਕਿ ਵਰਤ ਰੱਖਣੇ, ਕਬਰਾਂ ਜਾਂ ਸਾਧੂਆਂ ਦੇ ਨਿਵਾਸ ਸਥਾਨ ਪੂਜਣੇ, ਜਿੱਥੇ ਉਨ੍ਹਾਂ ਤਪ ਆਦਿਕ ਕੀਤਾ ਹੁੰਦਾ ਹੈ, ਪ੍ਰਤੀ ਭੁੱਲ ਕੇ ਵੀ ਸ਼ਰਧਾ ਨਹੀਂ ਵਿਖਾਉਂਦੇ ਕਿਉਂਕਿ ਉਨ੍ਹਾਂ ਦਾ ਪ੍ਰੇਮ; ਕੇਵਲ ਇੱਕ ਅਕਾਲ ਪੁਰਖ ਨਾਲ ਬਣ ਚੁੱਕਾ ਹੁੰਦਾ ਹੈ ਭਾਵ ਉਨ੍ਹਾਂ ਦੇ ਮਨ, ਬਚ, ਕਰਮ; ਸਤਿ ਨਾਲ ਜੁੜ ਚੁੱਕੇ ਹੁੰਦੇ ਹਨ:
‘‘ਪੂਰਨ ਪ੍ਰੇਮ ਪ੍ਰਤੀਤ ਸਜੈ; ਬ੍ਰਤ ਗੋਰ ਮੜ੍ਹੀ ਮਠ, ਭੂਲ ਨ ਮਾਨੈ ॥’’
(ਨੋਟ: ਉਕਤ ਸ਼ਬਦ ਦੀ ਵਿਚਾਰ ਉਪਰੰਤ ਸਾਨੂੰ ਇਹ ਵੀ ਵੇਖਣਾ ਬਣਦਾ ਹੈ ਕਿ ਕੀ ਅੱਜ ਸਿੱਖਾਂ ਨੇ ਤੀਰਥ ਭਰਮਣ ਕਰਨੇ ਬੰਦ ਕਰ ਦਿੱਤੇ ? ਕੀ ਕਬਰਾਂ ਜਾਂ ਸਮਾਧਾਂ ਪ੍ਰਤੀ ਆਸਥਾ ਘਟ ਹੋਈ ਹੈ ? ਕੀ ਅਸੀਂ ਕਰਵਾ ਚੌਥ ਵਗੈਰਾ ਵਰਤ ਤਾਂ ਨਹੀਂ ਰੱਖਦੇ ? ਕੀ ਮਰੇ ਹੋਏ ਪ੍ਰਾਣੀਆਂ ਦੀਆਂ ਹਰ ਸਾਲ ਬਰਸੀਆਂ ਤਾਂ ਨਹੀਂ ਮਨਾਉਂਦੇ ? ਪੱਥਰ, ਮੂਰਤੀ ਤੇ ਫੋਟੋ ਪ੍ਰਤੀ ਸ਼ਰਧਾ ਰੱਖਣੀ ਗੁਰੂ ਜੀ ਨਿਰਮੂਲ ਕਰਮ ਦੱਸ ਰਹੇ ਹਨ, ਪਰ ਸਿੱਖਾਂ ਦੇ ਘਰ ਵਿੱਚ ਇਨ੍ਹਾਂ ਨੂੰ ਪੂਜਿਆ ਜਾਂਦਾ ਹੈ, ਫਰਕ ਕੇਵਲ ਦੇਵ ਪੂਜਾ ਦੀ ਜਗ੍ਹਾ ਸ਼ਹੀਦ ਪੂਜਾ ਨੇ ਲੈ ਲਈ ਹੈ। ਸਿੱਖਾਂ ਦੀ ਨਿਵੇਕਲੀ ਦਿੱਖ ਤੇ ਕਿਰਦਾਰ ਕਿੱਥੇ ਹਨ ? ਕੀ ਫਰਕ ਰਹਿ ਜਾਂਦਾ ਹੈ ਗੁਰਮਤਿ ਤੇ ਅਨਮਤਿ ਨੂੰ ਪੜ੍ਹਨ ਤੇ ਪਾਠ ਕਰਵਾਉਣ ਵਿੱਚ ?, ਅੱਜ ਸਰਕਾਰਾਂ ਨੇ ਵੀ ਸਾਡੇ ਤੀਰਥ ਭਰਮਣ ਲਈ ਬੱਸਾਂ ਦੀ ਸੁਵਿਧਾ ਉਪਲੱਬਧ ਕਰਵਾ ਦਿੱਤੀ ਹੈ। ਕੀ ਅੱਜ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਕੋਈ ਘਾਟ ਹੈ ਜਾਂ ਅਸੀਂ ਹੀ ਮਨਮਤ ਨੂੰ ਮਜਬੂਤੀ ਨਾਲ ਜੱਫੀ ਪਾਈ ਹੋਈ ਹੈ, ਜਿਸ ਦਾ ਨਤੀਜਾ ਸਾਡੀ ਔਲਾਦ ਦਾ ਗੁਣਹੀਣ ਹੋਣਾ ਹੈ, ਜੋ ਨਸ਼ਿਆਂ ’ਚ ਫਸੀ ਹੋਈ ਆਪਣੇ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰ ਰਹੀ ਇਹ ਸਭ ਕੁਝ ਗੁਰੂ ਦੇ ਦਰ ਨਾਲੋਂ ਟੁੱਟਣ ਕਾਰਨ ਵਾਪਰਿਆ ਹੈ, ਜਿਸ ਗੁਰੂ ਨੇ ਸਾਡੇ ਲਈ ਸਰਬੰਸ ਦਾਨ ਕੀਤਾ ਸੀ। ਕਿੰਨੇ ਅਿਤਘਣ ਹਾਂ ਅਸੀਂ ? )
ਸ਼ਬਦ ਦੇ ਤੀਸਰੇ ਬੰਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਫ਼ੁਰਮਾਨ ਕਰਦੇ ਹਨ ਕਿ ਪੂਰਨ ਪ੍ਰਕਾਸ਼ ਰੂਪ ਦਾ ਪੂਜਾਰੀ (ਸੇਵਕ) ਕਿਸੇ ਵੀ ਤੀਰਥ ਯਾਤਰਾ ਨੂੰ ਮਹੱਤਵ ਨਹੀਂ ਦਿੰਦਾ, ਪੂਜਾਰੀ ਸ਼੍ਰੇਣੀ ਨੂੰ ਦਾਨ ਦੇ ਨਾਂ ’ਤੇ ਆਪਣੀ ਮਿਹਨਤ ਦੀ ਕਮਾਈ ਨਹੀਂ ਲੁਟਾਉਂਦਾ, ਕਿਸੇ ਤਪ ਆਦਿ ਰਾਹੀਂ ਦੇਵੀ ਦੇਵਤੇ ਨੂੰ ਖੁਸ਼ ਨਹੀਂ ਕਰਦਾ, ਕਾਮ ਇੰਦ੍ਰੀ ਨੂੰ ਕਾਬੂ ਕਰਨ ਲਈ ਘਰ ਗ੍ਰਹਿਸਤੀ ਨੂੰ ਨਹੀਂ ਤਿਆਗਦਾ, ਆਦਿ ਧਾਰਨਾਵਾਂ ’ਚੋਂ ਕਿਸੇ ਇੱਕ ਪ੍ਰਤੀ ਵੀ ਵਿਸ਼ਵਾਸ ਬਣਾ ਕੇ ਇੱਕ ਅਕਾਲ ਪੁਰਖ ਨਾਲੋਂ ਆਪਣੀ ਬਿਰਤੀ ਨਹੀਂ ਤੋੜਦਾ ਹੈ:
‘‘ਤੀਰਥ ਦਾਨ ਦਇਆ ਤਪ ਸੰਜਮ; ਏਕੁ ਬਿਨਾ, ਨਹਿ ਏਕ ਪਛਾਨੈ ॥’’
ਉਕਤ ਪੰਕਤੀ ’ਚ ਦਰਜ ਸ਼ਬਦ ‘ਦਇਆ’ ਦਾ ਮਤਲਬ ਹਿੰਸਾ ਦਾ ਤਿਆਗ ਨਹੀਂ ਮੰਨ ਲੈਣਾ ਚਾਹੀਦਾ ਕਿਉਂਕਿ ਸਮਾਜ ਵਿੱਚ ਕੁਝ ਮਨੁੱਖ ਅਹਿੰਸਾ ਦੇ ਪੂਜਾਰੀ ਵੀ ਹਨ, ਜੋ ਆਪਣੇ ਮੂੰਹ ’ਤੇ ਪੱਟੀਆਂ ਲਪੇਟ ਕੇ ਰੱਖਦੇ ਹਨ ਤਾਂ ਜੋ ਜੀਵ ਹੱਤਿਆ ਨਾ ਹੋ ਜਾਏ। ਗੁਰਮਤਿ ਨੇ ਜੈਨੀਆਂ ਦੀ ਉਦਾਹਰਨ ਨਾਲ ਅਜਿਹੇ ਫੋਕਟ ਕਰਨ ਨੂੰ ਨਿਰਮੂਲ ਦੱਸਿਆ ਹੈ, ਜੀਵ ਹੱਤਿਆ ਦੇ ਡਰ ਕਾਰਨ ਪਾਣੀ ਨੂੰ ਇਸਤੇਮਾਲ ਨਾ ਕਰਨ ਕਰਕੇ ਇਹ ਲੋਕ ਕੁਚੀਲ ਰਹਿੰਦੇ ਹਨ:
‘‘ਦਾਨਹੁ ਤੈ ਇਸਨਾਨਹੁ ਵੰਜੇ; ਭਸੁ ਪਈ ਸਿਰਿ ਖੁਥੈ ॥… ਮੁਇਆ ਜੀਵਦਿਆ ਗਤਿ ਹੋਵੈ ਜਾਂ ਸਿਰਿ ਪਾਈਐ ਪਾਣੀ ॥
ਨਾਨਕ ! ਸਿਰਖੁਥੇ ਸੈਤਾਨੀ; ਏਨਾ ਗਲ ਨ ਭਾਣੀ ॥’’ (ਮ: ੧/੧੫੦)
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸ਼ਬਦ ਦੇ ਆਖਰੀ ਬੰਦ ’ਚ ਮਿਸਾਲ ਦਿੰਦੇ ਹਨ ਕਿ ਜੋ ਮਨੁੱਖ ਇਨ੍ਹਾਂ ਤਮਾਮ ਕਰਮਕਾਂਡਾਂ ਨੂੰ ਤਿਆਗ ਕੇ ਕੇਵਲ ਜਾਗਤ ਜੋਤਿ ਅਕਾਲ ਪੁਰਖ ਨੂੰ ਸ੍ਰਿਸ਼ਟੀ ਦਾ ਕਰਤਾ, ਧਰਤਾ ਤੇ ਹਰਤਾ ਮੰਨ ਕੇ ਉਸ ਨੂੰ ਹੀ ਆਪਣਾ ਈਸ਼ਟ ਦੇਵ ਮੰਨਦਾ ਤੇ ਯਾਦ ਕਰਦਾ ਹੈ ਉਸ ਦੇ ਹਿਰਦੇ-ਘਰ ਵਿੱਚ ਸਦਾ ਪ੍ਰਕਾਸ਼ਮਾਨ ਜਾਂ ਪ੍ਰਭੂ ਦੀ ਪੂਰਨ ਜੋਤ ਜਗਦੀ ਰਹਿੰਦੀ ਹੈ ਭਾਵ ਉਹ ਵਿਅਕਤੀ ਕਿਸੇ ਵਹਿਮ-ਭਰਮ ਨੂੰ ਮਹੱਤਵ ਨਹੀਂ ਦਿੰਦਾ। ਸਗੋਂ ਤਮਾਮ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੋਇਆਂ ਨਾਮ ਜਪਦਾ, ਕਿਰਤ ਕਰਦਾ ਤੇ ਵੰਡ ਕੇ ਛੱਕਦਾ ਹੈ, ਕਿਸੇ ਵਿਚੋਲੇ ਨੂੰ ਆਪਣੇ ਤੇ ਗੁਰੂ ਵਿਚਕਾਰ ਨਹੀਂ ਲੈ ਕੇ ਆਉਂਦਾ, ਉਹੀ ਮਨੁੱਖ ਪੂਰਨ ਸ਼ੁੱਧ ਪ੍ਰਕਾਸ਼ਮਈ ਅਕਾਲ ਪੁਰਖ ਦਾ ਰੂਪ ਹੋ ਨਿਬੜਦਾ ਹੈ ਤੇ ਉਸ ਨੂੰ ਅਕਾਲ ਪੁਰਖ ਵਾਂਗ ਨਿਖਾਲਸ (ਪੁਰਨ ਜੋਤ ਸਰੂਪ ਸ਼ੁੱਧ) ਮੰਨਣਾ ਚਾਹੀਦਾ ਹੈ:
‘‘ਪੂਰਨ ਜੋਤਿ ਜਗੈ ਘਟ ਮੈ; ਤਬ ਖਾਲਸ ਤਾਹਿ ਨਿਖਾਲਸ ਜਾਨੈ ॥੧॥’’ (੩੩ ਸਵੈਯੇ)