ਅਦਬੀ ਬੋਲੀ

0
377

ਅਦਬੀ ਬੋਲੀ

ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ-95920-93472

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

ਖਾਲਸਾ ਪੰਥ ਦੇ ਸਮੂਹ ਸਤਿਕਾਰਤ ਸੇਵਕ ਜਨੋ ! ਵਰਤਮਾਨ ਸਮੇਂ ਖਾਲਸਾ ਪੰਥ ਦਾ ਦੇਸ਼ਾਂ ਵਿਦੇਸ਼ਾਂ ਵਿਚ ਵੱਸਦਾ ਭਾਈਚਾਰਾ ਸਿੱਖ ਕੌਮ ਅੰਦਰ ਪੈਦਾ ਹੋ ਚੁੱਕੇ ਤੇ ਹੋਰ ਹੋ ਰਹੇ ਵਖਰੇਵਿਆਂ ਤੇ ਵੀਚਾਰ-ਅੰਤਰਾਂ ਕਰ ਕੇ ਬਹੁਤ ਵੱਡੀ ਨਿਰਾਸ਼ਤਾ ਦਾ ਸਾਹਮਣਾ ਕਰ ਰਿਹਾ ਹੈ। ਸਿੱਖ ਕੌਮ ਦੀਆਂ ਜ਼ਿੰਮੇਵਾਰ ਸੰਸਥਾਵਾਂ ਦੇ ਪ੍ਰਬੰਧਕੀ ਸੇਵਾਦਾਰ ਅਤੇ ਧਾਰਮਿਕ ਪਦਵੀਆਂ ਦੇ ਵਾਰਸ ਸੇਵਕ, ਖਾਲਸਾ-ਪੰਥ ਦੀ ਇਕਸੁਰਤਾ ਅਤੇ ਇਕਸਾਰਤਾ ਨੂੰ ਸੰਭਾਲਣ ਲਈ ਬਣਦੀ ਜ਼ਿੰਮੇਵਾਰੀ ਨੂੰ ‘ਨਿਰਭਉ ਨਿਰਵੈਰ ਤੇ ਨਿਰਪੱਖਤਾ’ ਦਾ ਸਬੂਤ ਦੇਂਦਿਆਂ ਨਿਬਾਹੁੰਦੇ ਦਿਖਾਈ ਨਹੀਂ ਦੇਂਦੇ। ਨਤੀਜਾ ਇਹ ਹੈ ਗੁਰਬਾਣੀ ਕਸੌਟੀ ’ਤੇ ਪਰਖ ਕੇ ਖਾਲਸਾ ਪੰਥ ਦੇ ਸਰੂਪ, ਸਿਧਾਂਤ ਅਤੇ ਮਾਣ ਮਰਯਾਦਾ ਬਾਰੇ ਬੋਲਣ ਅਤੇ ਲਿਖਣ ਦੀ ਆਦਤ, ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕਿ ਕੌਮ ਦੀ ਬਹੁਤ ਵੱਡੀ ਗਿਣਤੀ ਗਵਾ ਚੁੱਕੀ ਹੈ। ਹੁਣ ਜਿੰਨੇ ਮੂੰਹ ਉਨੀਆਂ ਹੀ ਗੱਲਾਂ ਹੋ ਰਹੀਆਂ ਹਨ। ਬੋਲਣ ਲਿਖਣ ਦੇ ਪਿੱਛੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਰਹਿਮਤ ਨੂੰ ਪਾਸੇ ਰੱਖ ਕੇ ਧੜਾ-ਧਿਰ ਅਤੇ ਜਾਤੀ ਰਾਏ ਨੂੰ ਪਹਿਲ ਦਿੱਤੀ ਜਾ ਰਹੀ ਹੈ। ਅਸੀਂ ਗੁਰਬਾਣੀ ਨੂੰ ਛੱਡ ਕੇ ਖੁਦ ਜੱਜ ਹੋਣ ਦਾ ਭਰਮ ਬਹੁਤੇ ਪਾਲ ਰਹੇ ਹਾਂ। ਜੇਕਰ ਅਸੀਂ ਆਪਣੇ ਆਪ ਨੂੰ, ਗੁਰੂ ਤੇ ਪ੍ਰਭੂ ਦੀ ਭਉ-ਭਾਵਨੀ ਦੇ ਅਧੀਨ ਨਾ ਲਿਆ ਸਕੇ, ਜੋ ਕੁਝ ਅਸੀਂ ਬੋਲ ਜਾਂ ਲਿਖ ਰਹੇ ਹਾਂ ਇਸ ਨਾਲ ਖਾਨਾਜੰਗੀ ਦਾ ਮਾਹੌਲ ਸਿਰਜ ਕੇ ਆਪਸ ਵਿਚ ਲੜ ਮਰਾਂਗੇ।

ਆਓ, ਗੁਰੂ ਪਿਆਰਿਓ ! ਖੁਦ ਆਪਣੇ ਅੰਦਰ ਝਾਤ ਮਾਰੀਏ ਤੇ ਉਸ ਸਿੱਖ ਦੀ ਤਲਾਸ਼ ਕਰੀਏ, ਜਿਹੜਾ ਗੁਰੂ ਜੀ ਦੇ ਅਦੁੱਤੀ ਮਾਣ-ਸਨਮਾਨ ਨੂੰ ਸਮਝਦਾ ਵੀ ਹੈ ਅਤੇ ਗੁਰੂ ਦੇ ਹੁਕਮ ਦੀ ਪਾਲਣਾ ਕਰਦਿਆਂ ਮਨ-ਬਚਨ ਕਰਮ ਕਰ ਕੇ ਪੰਥ ਪ੍ਰਸਤੀ ਲਈ ਜੀਊਦਿਆਂ ਫ਼ਖ਼ਰ ਵੀ ਮਹਿਸੂਸ ਕਰਦਾ ਹੈ। ਐਸੇ ਗੁਰੂ ਪਿਆਰੇ ਆਪਣੇ ਸਿੱਖ ਭਰਾਵਾਂ ਤੋਂ ਘੋਲ ਘੁਮਾਈ ਜਾਂਦੇ ਹਨ। ਉਹ ਜਾਣਦੇ ਹਨ, ‘‘ਗੁਰ ਸਿਖਾ ਇਕੋ ਪਿਆਰੁ; ਗੁਰ ਮਿਤਾ ਪੁਤਾ ਭਾਈਆ ॥’’ (ਮ: ੪/੬੪੮)

ਗੁਰ ਇਤਿਹਾਸ ਅਤੇ ਸਿੱਖ ਇਤਿਹਾਸ, ਗੁਰੂ ਨਿਵਾਜ਼ਿਆਂ ਵੱਲੋਂ ਗੁਰੂ ਕਾਲ ਅਤੇ ਸੰਘਰਸ਼ਾਂ ਦੇ ਸਮੇਂ ਨਹੀਂ ਲਿਖਿਆ ਜਾ ਸਕਿਆ। ਬਹੁਤਾ ਇਤਿਹਾਸ ਗ਼ੈਰ ਮਜ਼ਹਬੀ ਸੱਜਣਾਂ ਵੱਲੋਂ ਵਕਤ ਦੀਆਂ ਹਕੂਮਤਾਂ ਦੇ ਪ੍ਰਭਾਵ ਹੇਠ ਜਾਂ ਆਪਣੇ-ਆਪਣੇ ਮਜ਼ਹਬੀ ਸੰਸਕਾਰਾਂ ਦੇ ਅਸਰ ਹੇਠ ਲਿਖਿਆ ਗਿਆ ਹੈ। ਸਾਨੂੰ ਇਹ ਮੰਨਣਾ ਪਵੇਗਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਵੱਲੋਂ ਜੰਝੂ ਪਾਉਣ ਤੋਂ ਮਨ੍ਹਾ ਕਰਨ ਵਾਲੀ ਘਟਨਾ ਤੇ ‘‘ਰਾਜੇ ਸੀਹ ਮੁਕਦਮ ਕੁਤੇ ॥  ਜਾਇ ਜਗਾਇਨਿ੍, ਬੈਠੇ ਸੁਤੇ ॥’’  (ਮ: ੧/੧੨੮੮) ਵਾਲੇ ਬੋਲਾਂ ਕਰ ਕੇ, ‘‘ਕਾਦੀ ਕੂੜੁ ਬੋਲਿ, ਮਲੁ ਖਾਇ ॥  ਬ੍ਰਾਹਮਣੁ ਨਾਵੈ, ਜੀਆ ਘਾਇ ॥  ਜੋਗੀ, ਜੁਗਤਿ ਨ ਜਾਣੈ, ਅੰਧੁ ॥  ਤੀਨੇ, ਓਜਾੜੇ ਕਾ ਬੰਧੁ ॥’’ (ਮ: ੧/੬੬੨) ਆਖੇ ਗਏ ਬੋਲ ਵਕਤ ਦੀਆਂ ਸਾਰੀਆਂ ਮਜ਼ਹਬੀ ਅਤੇ ਰਾਜਸੀ ਤਾਕਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਨਿਰਮਲ ਤੇ ਇਨਕਲਾਬੀ ਵੀਚਾਰਧਾਰਾ ਦਾ ਰਾਹ ਰੋਕਣ ਲਈ ਲਾਮਬੰਦ ਕਰ ਗਏ। ਸਾਨੂੰ ਕੌਮੀ ਦੁਬਿਧਾ ਨੂੰ ਲੈ ਕੇ ਆਪਸ ਵਿਚ ਉਲਝਣ ਤੋਂ ਪਹਿਲਾਂ, ਉਪਰੋਕਤ ਲਾਮਬੰਦੀ ਵਾਲੀਆਂ ਤਾਕਤਾਂ ਦੀ ਆਪਸੀ ਭਾਈਵਾਲੀ ਅਤੇ ਅਲੱਗ-ਅਲੱਗ ਤੌਰ ’ਤੇ ਸਿੱਖ ਸਿਧਾਤਾਂ ਦਾ ਘਾਣ ਕਰਨ ਦੀ ਵਿਧੀਵਤ ਵਿਉਂਤਬੰਦੀ ਸਮਝਣ ਲਈ ਸਿਰਜੋੜ ਕੇ ਬੈਠ ਜਾਣਾ ਚਾਹੀਦਾ ਹੈ।

ਵਰਤਮਾਨ ਮੌਕੇ ਹੀ ਨਹੀਂ ਸਗੋਂ ਸਦੀਆਂ ਪਹਿਲਾਂ ਤੋਂ ਖਾਲਸਾ ਪੰਥ ਵੀਚਾਰ ਅੰਤਰਾਂ ਜਾਂ ਪੈਦਾ ਹੋਏ ਮਤਭੇਦਾਂ ਕਰ ਕੇ ਉਨ੍ਹਾਂ ਦੇ ਹੱਲ ਲਈ ਨਿਰੰਤਰ ਸਿਰਜੋੜ ਯਤਨ ਕਰਨ ਦਾ ਹੀਆ ਕਰਦਾ ਆ ਰਿਹਾ ਹੈ। ਠੀਕ ਹੈ ਅੱਜ ਤੱਕ ਪੂਰੀ ਤਰ੍ਹਾਂ ਕਾਮਯਾਬੀ ਨਹੀਂ ਮਿਲੀ। ਇਕ ਖ਼ੂਬਸੂਰਤੀ ਸਾਡੇ ਵੱਡੇ ਵਡੇਰਿਆਂ ਦੀ ਵੀ ਰਹੀ ਹੈ ਕਿ ਉਹ ਆਪਸ ਵਿਚ ਇਕ ਦੂਜੇ ਦਾ ਜ਼ਾਤੀ ਜਾਂ ਜਮਾਤੀ ਰੂਪ ਵਿਚ ਨੁਕਸਾਨ ਕਰਨ ਤੋਂ ਗੁਰੇਜ ਕਰਦੇ ਰਹੇ ਹਨ। ਇਸ ਗੱਲ ਦਾ ਪ੍ਰਤੱਖ ਸਬੂਤ ਸਿੱਖ ਰਹਿਤ ਮਰਯਾਦਾ ਦਾ ਕੌਮੀ ਸਰੂਪ ਤਿਆਰ ਕਰਨ ਦਾ ਸਮਾਂ ਹੈ। ਕਿੰਨੀ ਤੇ ਕਿਵੇਂ ਵਾਰ ਵਾਰ ਆਪਸ ਵਿਚ ਬੈਠਣ ਦੀ ਮਿਹਨਤ ਹੈ ਜੋ ਕੀਤੀ ਗਈ। ਇਹ ਮਤਭੇਦ ਤੇ ਵੀਚਾਰ ਅੰਤਰ ਉਹੀ ਹਨ ਜੋ ਸਾਡੇ ਵੱਡਿਆਂ ਦੇ ਸਾਹਮਣੇ ਵੀ ਸਨ। ਫਰਕ ਹੁਣ ਏਨਾ ਕੁ ਹੈ ਕਿ ਸਾਡੇ ਪਾਸ ਆਪਣੇ ਗੁਰੂ ਜੀ ਵੱਲੋਂ ਸਥਾਪਿਤ ਸਿਧਾਂਤਾਂ ਅਤੇ ਲਏ ਗਏ ਨਿਰਣਿਆਂ ’ਤੇ ਸਹਜ ਅਤੇ ਆਪਸੀ ਭਰੋਸੇ ਨਾਲ ਵੀਚਾਰ ਕਰਨ ਦੀ ਹੌਸਲਾ ਸ਼ਕਤੀ ਨਹੀਂ ਹੈ। ਅਸੀਂ ਇਕ ਦੂਜੇ ਨੂੰ ਧੜ੍ਹਿਆਂ ਵਿਚ ਵੰਡ ਕੇ ਆਪੋ ਆਪਣੀ ਬਣਾਈ ਹੋਈ ਧਾਰਨਾ ਨਾਲ ਦੁਸ਼ਮਣ ਗਰਦਾਨਣ ਦੀ ਬੱਜਰ ਭੁੱਲ ਕਰ ਰਹੇ ਹਾਂ। ਅਸੀਂ ਇਕੋ ਗੁਰੂ ਜੀ ਦੇ ਸਿੱਖ-ਸੇਵਕ ਹਾਂ ਅਤੇ ਸਦਾ ਰਹਿਣਾ ਹੈ। ਸਾਡਾ ‘‘ਗੁਰੁ ਗ੍ਰੰਥ-ਗੁਰੂ ਪੰਥ’’ ਦਾ ਸਿਧਾਂਤ ਇਕ ਹੈ ਅਤੇ ਇਸ ਲਈ ਅਸੀਂ ਇਕ ਹੀ ਰਹਿਣਾ ਹੈ ਅਤੇ ਆਪਾਂ ਇਸ ਨੂੰ ਇਕ ਹੀ ਰੱਖਣਾ ਹੈ।

ਵੇਖਣ ਵਾਲੀ ਗੱਲ ਹੈ ਕਿ ਸਾਡੀਆਂ ਕੌਮੀ ਸੰਸਥਾਵਾਂ ਜਿਨ੍ਹਾਂ ਨੇ ਕੋਈ ਇਕਸੁਰਤਾ ਤੇ ਇਕਸਾਰਤਾ ਨੂੰ ਆਪਸੀ ਵਖਰੇਵਿਆਂ, ਮੱਤਭੇਦਾਂ ਦੇ ਪ੍ਰਭਾਵ ਤੋਂ ਮੁਕਤ ਰੱਖ ਕੇ, ਵਿਸ਼ਵ ਪੱਧਰ ’ਤੇ ਖਾਲਸਾਈ ਹੋਂਦ ਅਤੇ ਹਸਤੀ ਦੇ ਨਿਰਮਲ ਨਿਆਰੇਪਣ ਨੂੰ ਸਥਾਪਿਤ ਕਰਨਾ ਸੀ, ਉਨ੍ਹਾਂ ਦੇ ਵਾਰਸ ਖੁਦ-ਬ-ਖੁਦ ਆਪਣੀਆਂ ਕੌਮੀ ਜ਼ਿੰਮੇਵਾਰੀਆਂ ਦੇ ਅਹਿਸਾਸ ਤੋਂ ਅਣਜਾਣ ਬਣ ਕੇ ਧਿਰ ਅਤੇ ਧੜਾ ਹੋਣ ਦੀ ਭੁੱਲ ਕਰ ਬੈਠੇ ਹਨ। ਇੱਥੋਂ ਤੱਕ ਕਿ ਅਸੀਂ ਆਪਣੇ ਆਪ ਤੋਂ ਵਿਸ਼ਵਾਸ ਗਵਾ ਕੇ ਹਾਸੋ ਹੀਣੀ ਦਸ਼ਾ ਨੂੰ ਪੈਦਾ ਕਰ ਲਿਆ ਹੈ।

ਹੁਣ ਜੋ ਕੁਝ ਆਪਾਂ ਨੂੰ ਕਰਨਾ ਚਾਹੀਦਾ ਹੈ ਉਸ ’ਤੇ ਆਪਾਂ ਬਤੌਰੇ ਸਿੱਖ, ਇਕ ਦੂਜੇ ਨੂੰ ਪਿਆਰ ਵੀ ਦੇਈਏ ਅਤੇ ਸਤਿਕਾਰ ਵੀ ਕਰੀਏ। ਕਿਸੇ ਵੀ ਸੂਰਤ ਵਿਚ ਅਸੀਂ ਆਪਣੇ ਅੰਦਰ ਦਾ ਸਹਜ ਤੇ ਸੰਜਮ ਨ ਖੋਈਏ।  ਰਲ ਬੈਠ ਕੇ ਸਿੱਖ ਕੌਮ ਦੇ ਆਦਿ ਤੋਂ ਚੱਲੇ ਆ ਰਹੇ ਦੁਸ਼ਮਣਾਂ ਦੀ ਨਿਸ਼ਾਨਦੇਹੀ ਕਰੀਏ। ਦੁਸ਼ਮਣ ਨੇ ਹੁਣ ਤੱਕ ਕਿਹੜੇ-ਕਿਹੜੇ ਢੰਗ ਤਰੀਕਿਆਂ ਨਾਲ ਖਾਲਸਾ ਪੰਥ ਦੇ ਸਿਧਾਤਾਂ ’ਤੇ ਵਾਰ ਕੀਤਾ, ਖੋਰਾ ਲਾਇਆ ਅਤੇ ਪੰਥਕ ਇਕਸੁਰਤਾ ਅਤੇ ਇਕਸਾਰਤਾ ਲਈ ਚਣੌਤੀਆਂ ਖੜ੍ਹੀਆਂ ਕੀਤੀਆਂ ਹਨ ਤੇ ਕਰ ਰਿਹਾ ਹੈ ਅਤੇ ਹੋਰ ਖੜ੍ਹੀਆਂ ਹੋਣਗੀਆਂ।

ਗੁਰਸਿੱਖ ਵੀਰੋ !  ਨਾ ਖੋਈਏ ਆਪਣਾ ਆਪਾ। ਨਾ ਬੋਲੀਏ ਇਕ ਦੂਜੇ ਬਾਰੇ ਕਿਸੇ ਪ੍ਰਕਾਰ ਦੇ ਬੋਲ ਕੁਬੋਲ। ਨਾ ਲਿਖੀਏ ਮਾੜੀ ਸ਼ਬਦਾਵਲੀ ਆਪਣੇ ਹੀ ਸਿੱਖ ਭਰਾਵਾਂ ਬਾਰੇ। ਮੰਨ ਲਈਏ ਬੀਤੇ ਦੀ ਬੁੱਕਲ ਅੰਦਰ ਕੁਝ ਓਹਲਾ ਰਹਿ ਗਿਆ ਹੈ ਜਾਂ ਸਮਝਣ ਵਿਚ ਕਮੀ ਰਹਿਣ ਕਰ ਕੇ ਭਰਮ-ਭੁਲੇਖਿਆਂ ਦੇ ਬੱਦਲ, ਸੱਚ ਨੂੰ ਛੁਪਾਉਣ ਦੀ ਕੂੜੀ ਕੋਸ਼ਿਸ ਕਰ ਰਹੇ ਹਨ। ਸੱਚ ਸਾਡਾ ਸਤਿਗੁਰੂ ਹੈ, ਸਾਡੇ ਸਤਿਗੁਰੂ ਜੀ ਦਾ ਨਿਰਣਾ ਜੋ ਹਮੇਸ਼ਾ ਹੀ ਸੱਚ ਰਹੇਗਾ।  ਉਸ ਨੂੰ ਗੁਰਬਾਣੀ, ਗੁਰੂ ਜੀ ਰਾਹੀਂ ਸੁਣੀਏ, ਮੰਨੀਏ।

ਅੱਜ ਜਦੋਂ ਆਪਾਂ ਆਪਸ ਵਿਚ ਵੱਧ ਘੱਟ ਬੋਲਦੇ ਜਾਂ ਮਾੜਾ ਚੰਗਾ ਲਿਖ ਕੇ ਬਹਿਸ ਆਦਿ ਕਰਦੇ ਹਾਂ ਤਾਂ ਦੁਸ਼ਮਣ ਦੇ ਘਰ ਘਿਓ ਦੇ ਦੀਵੇ ਬਲਦੇ ਹਨ, ਖੁਸ਼ੀ ਵਿਚ ਤਾੜੀਆਂ ਵੱਜਦੀਆਂ ਹਨ। ਇਕ ਸਿੱਖ ਦੂਜੇ ਸਿੱਖ ਭਰਾ ਦੀ ਦਸਤਾਰ (ਪੱਗ) ਉਛਾਲਦਾ ਹੈ। ਸੋਚੀਏ ਤਾਂ ਸਹੀ, ਇਹ ਤਾਂ ਆਪਣੇ ਸਤਿਗੁਰੂ ਜੀ ਦੀ ‘ਦਸਤਾਰ’ ਹੈ। ਪਤਾ ਨਹੀਂ ਇਤਿਹਾਸ ਅੰਦਰ ਬੀਤੇ ਵਿਚ ਸਾਡੇ ਬਾਰੇ ਕੀ ਕੁਝ ਲਿਖਿਆ ਗਿਆ, ਬੋਲਿਆ ਗਿਆ। ਵਕਤ ਦੇ ਸਿੱਖਾਂ ਦੀ ਉੱਚ-ਕਰਣੀ ਨੇ ਸਭ ਕੁਝ ਖ਼ਾਕ ਕਰ ਕੇ ਰੱਖ ਦਿੱਤਾ। ਕੀ ਹੋਇਆ ਜੇ ਸਾਡੇ ਸਿੱਖੀ ਵਿਹੜੇ ’ਚ ਕੁਝ ਵਖਰੇਵੇਂ-ਮਤਭੇਦ ਕਿਸੇ ਕਾਰਨ ਆਣ ਵੜੇ ਜਾਂ ਵਾੜੇ ਗਏ ਹਨ। ਕੀ ਅਸੀਂ ਬੈਠ ਕੇ ਆਪਣੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਅਗਵਾਈ ਵਿਚ ਠੀਕ ਨਹੀਂ ਕਰ ਸਕਦੇ  ?  ਗੁਰਸਿੱਖ ਵੀਰੋ  !  ਆਪਾਂ, ਗੁਰੂ ਜੀ ਦੀ ਰਹਿਮਤ ਸਦਕਾ ਵੱਡੇ ਤੋਂ ਵੱਡੇ ਮਸਲੇ ਹੱਲ ਕਰਨ ਦੇ ਸਮਰੱਥ ਹਾਂ। ਉਹ ਕਿਹੜੀ ਜਾਂਚ ਜਾਂ ਅਗਵਾਈ ਹੈ, ਜੋ ਸਾਡੇ ਸਤਿਗੁਰੂ ਜੀ ਅੱਜ ਨਹੀਂ ਦੇ ਸਕਦੇ। 

ਭਲਿਓ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੈਸਾ ਸਮਰੱਥ ਗਿਆਨ ਸਾਗਰ ਗੁਰੂ ਸੰਸਾਰ ਵਿਚ ਦੂਜਾ ਕੋਈ ਹੋਰ ਨਹੀਂ ਹੈ, ਨਾ ਹੀ ਦੁਨੀਆਂ ਵਿਚ ਹੋ ਸਕਦਾ ਹੈ। ਆਪਾਂ ਸਿਆਣੇ ਬਣ ਕੇ ਆਪਸੀ ਪਿਆਰ-ਵਿਸ਼ਵਾਸ ਤੇ ਇਤਫਾਕ ਨੂੰ ਮੁੜ ਇਕ ਦੂਜੇ ਗੁਰਸਿੱਖ ਪ੍ਰਤੀ ਰੂਹਾਂ ’ਚੋਂ ਉਜਾਗਰ ਕਰੀਏ। ਬਣ ਗਈਆਂ ਜਾਂ ਬਣਾ ਦਿੱਤੀਆਂ ਵੱਖ-ਵੱਖ ਸੰਪਰਦਾਵਾਂ ਗੁਰੂ ਖਾਲਸਾ ਪੰਥ ਦੀ ਏਕਤਾ-ਇਕਸੁਰਤਾ ਤੋਂ ਨਿਛਾਵਰ ਕਰ ਦੇਈਏ। ਖਾਲਸਾ ਪੰਥ, ਵਿਸ਼ਵ ਅਤੇ ਮਨੁੱਖਤਾ ਦੀ ਅਗਵਾਈ ਕਰਨ ਦੀ ਪੂਰਨ ਸਮਰੱਥਾ ਦਾ ਮਾਲਕ ਹੈ। ਸਾਰਾ ਵਿਸ਼ਵ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਵੱਲ ਟਿੱਕ-ਟਿਕੀ ਲਾ ਕੇ ਵੇਖ ਰਿਹਾ ਹੈ। ਕਦੋਂ ਇਸ ਨੂੰ ‘ਸਤਿਗੁਰੂ ਜੀ’ ਕਹਿਣ ਵਾਲੀ ਕੌਮ ਆਪਣੀਆਂ ਖੁਦਗਰਜ਼ੀਆਂ ਦੀ ਕੈਦ ਵਿੱਚੋਂ ਛੁਟਕਾਰਾ ਪਾ ਕੇ ਅਤੇ ਮਤਭੇਦਾਂ ਤੇ ਵੀਚਾਰ ਅੰਤਰਾਂ ਤੋਂ ਬਾਹਰ ਨਿਕਲ ਕੇ, ਸਾਰੇ ਵਿਸ਼ਵ ਦੇ ਮਨੁੱਖ ਨੂੰ ਉੱਚੀ-ਉੱਚੀ ਸੱਦਾ ਦੇਣ ਯੋਗ ਹੋਵੇਗੀ। ‘‘ਭੂਲੇ, ਮਾਰਗੁ ਜਿਨਹਿ ਬਤਾਇਆ ॥  ਐਸਾ ਗੁਰੁ, ਵਡਭਾਗੀ ਪਾਇਆ ॥’’ (ਮ: ੫/੮੦੩), ਗੁਰ ਜੈਸਾ, ਨਾਹੀ ਕੋ ਦੇਵ ॥  ਜਿਸੁ ਮਸਤਕਿ ਭਾਗੁ, ਸੁ ਲਾਗਾ ਸੇਵ ॥’’ (ਮ: ੫/੧੧੪੨), ਆਦਿ।