ਨੌਰਵਾਕ ਸਿਟੀ ਦੇ ਮੇਅਰ ਨੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇਅ ਐਲਾਨਿਆ
ਵਿਸਾਖੀ ਨੂੰ ਸਿੱਖਾਂ ਦਾ ਨੈਸ਼ਨਲ ਸਿੱਖ ਡੇਅ ਐਲਾਨ ਦੇ ਹੋਏ ਮੈਨੂੰ ਖ਼ੁਸ਼ੀ ਹੋਈ : ਮੇਅਰ
ਨੌਰਵਾਕ 11 ਮਈ (ਕਿਰਪਾਲ ਸਿੰਘ, ਬਠਿੰਡਾ) : ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸਏ) ਵੱਲੋਂ ਵਿਸਾਖੀ ਨੂੰ ਯੂਐਸਏ ਦਾ ‘ਨੈਸ਼ਨਲ ਸਿੱਖ ਡੇਅ’ ਨਿਰਧਾਰਿਤ ਕਰਾਉਣ ਦੇ ਕੀਤੇ ਤਰੱਦਦ ਨੂੰ ਪੂਰੇ ਅਮਰੀਕਾ ਵਿਚ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਅੱਜ ਯੂਐਸਏ ਦੇ ਕਨੈਕਟੀਕਟ ਸਟੇਟ ਦੇ ਨੌਰਵਾਕ ਸਿਟੀ ਦੇ ਮੇਅਰ ਨੇ ਸਿਟੀ ਕੌਂਸਲ ਦ ਹਾਊਸ ਵਿਚ ਨਾਨਕਸ਼ਾਹੀ ਕਲੰਡਰ ਅਨੁਸਾਰ ਵਿਸਾਖੀ ਨੂੰ ‘ਨੈਸ਼ਨਲ ਸਿੱਖ ਡੇਅ’ ਨਿਰਧਾਰਿਤ ਕਰ ਦਿੱਤਾ, ‘ਨੈਸ਼ਨਲ ਸਿੱਖ ਡੇਅ’ ਨਿਰਧਾਰਿਤ ਕਰਨ ਵੇਲੇ ਮੇਅਰ ਹੈਰੀ ਡਬਲਿਊ ਰਾਈਲਿੰਗ ਨੇ ਬਾਕਾਇਦਾ ‘ਘੋਸ਼ਣਾ ਪੱਤਰ’ ਜਾਰੀ ਕੀਤਾ।
ਨੌਰਵਾਕ ਸਿਟੀ ਦੇ ਮੇਅਰ ਵੱਲੋਂ ਇਹ ਘੋਸ਼ਣਾ ਕਰਾਉਣ ਵਿਚ ਵਿਸ਼ੇਸ਼ ਕਰ ਕੇ ਨੌਰਵਾਕ ਸਿੱਖ ਟੈਂਪਲ ਦੇ ਪ੍ਰਧਾਨ ਪ੍ਰਸ਼ੋਤਮ ਸਿੰਘ ਗੁਲ੍ਹਾਟੀ, ਕਮਿਸ਼ਨ ਆਫ਼ ਸਿਟੀ ਪਲਾਨ ਨੌਰਵਿੱਚ ਦੇ ਮੈਂਬਰ ਸਵਰਨਜੀਤ ਸਿੰਘ ਖ਼ਾਲਸਾ, ਨੌਰਵਾਕ ਗੁਰਦੁਆਰਾ ਸਾਹਿਬ ਦੇ ਸਕੱਤਰ ਵੀਰ ਸਿੰਘ, ਨੌਰਵਾਕ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਰਿੰਕੂ, ਕਿਰਤ ਕੌਰ ਨੌਰਵਾਕ, ਨੌਰਵਾਕ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਜੈ ਕਿਸ਼ਨ ਸਿੰਘ ਨੇ ਵਿਸ਼ੇਸ਼ ਕਾਰਜ ਕੀਤਾ, ਇਸ ਵੇਲੇ ਹਮਦੇਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਮਨਮੋਹਨ ਸਿੰਘ ਭਰਾਰਾ, ਮੰਗਾ ਸਿੰਘ ਨੌਰਵਿੱਚ ਸਿਟੀ ਵੀ ਹਾਜ਼ਰ ਸਨ। ਇਸ ਵੇਲੇ 140 ਤੋਂ ਵੱਧ ਗੁਰਦੁਆਰਾ ਸਾਹਿਬ ਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਗਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੁਐਸਏ) ਦੇ ਕੋਆਰਡੀਨੇਟਰ ਸ੍ਰੀ ਹਿੰਮਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਵੇਲੇ ਨੌਰਵਾਕ ਸਿਟੀ ਕੌਂਸਲ ਦੇ ਮੈਂਬਰ ਵੀ ਹਾਜ਼ਰ ਸਨ। ਮੇਅਰ ਵੱਲੋਂ ਜਾਰੀ ਕੀਤੇ ਘੋਸ਼ਣਾ ਪੱਤਰ ਵਿਚ ਵਿਸ਼ੇਸ਼ ਤੌਰ ਤੇ ਸਿੱਖ ਧਰਮ ਬਾਰੇ ਵੀ ਜਾਣਕਾਰੀ ਦਿੱਤੀ ਹੈ ਜਿਸ ਵਿਚ ਲਿਖਿਆ ਹੈ ਕਿ ਸਿੱਖ ਕੌਮ ਇਕ ਵੱਖਰੀ ਕੌਮ ਹੈ। ਜਿਸ ਦੇ ਗੁਰਦੁਆਰਾ ਸਾਹਿਬਾਨਾਂ ਵਿਚ ਸੇਵਾ ਭਾਵਨਾ ਸਹਿਤ ਹਰ ਵੇਲੇ ਮੁਫ਼ਤ ਲੰਗਰ ਦੀ ਸੇਵਾ ਚਲਦੀ ਰਹਿੰਦੀ ਹੈ। ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਨੇ 1699 ਨੂੰ ਖ਼ਾਲਸਾ ਕੌਮ ਦੀ ਸਾਜਨਾ ਕੀਤੀ ਸੀ, ਖ਼ਾਲਸਾ ਕੌਮ ਦੇ ਸਿੱਖ ਦੁਨੀਆਂ ਦੇ ਹਰ ਕੋਨੇ ਵਿਚ ਵੱਸਦੇ ਹਨ ਤੇ ਇਨ੍ਹਾਂ ਦੀ ਵੱਖਰੀ ਪਹਿਚਾਣ ਹੈ, ਮੇਅਰ ਹੈਰੀ ਡਬਲਿਊ ਨੇ ਇਹ ਘੋਸ਼ਣਾ ਕਰਨ ਵੇਲੇ ਕਿਹਾ ਕਿ ਨੌਰਵਾਕ ਦੇ ਸਿਟੀ ਕੌਂਸਲ ਹਾਊਸ ਵਿਚ ਵਿਸਾਖੀ ਨੂੰ ਨੈਸ਼ਨਲ ਸਿੱਖ ਡੇਅ ਨਿਰਧਾਰਿਤ ਕਰਨ ਦਾ ਘੋਸ਼ਣਾ ਪੱਤਰ ਜਾਰੀ ਕਰਦੇ ਹੋਏ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੋ ਰਹੀ ਹੈ। ਇਸ ਵੇਲੇ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਕੋਆਰਡੀਨੇਟਰ ਸ੍ਰੀ ਹਿੰਮਤ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਸ਼ੁਰੂ ਕੀਤੇ ਸਫ਼ਰ ਨੂੰ ਸਫਲਤਾ ਹਾਸਲ ਹੋ ਰਹੀ ਹੈ, ਹੁਣ ਉਨ੍ਹਾਂ ਦਾ ਅਗਲਾ ਕਦਮ ਵਿਸਾਖੀ ਨੂੰ ਵਰਲਡ ਸਿੱਖ ਡੇਅ ਨਿਰਧਾਰਿਤ ਕਰਾਉਣ ਲਈ ਦੁਨੀਆਂ ਭਰ ਦੇ ਸਿੱਖਾਂ ਨੂੰ ਇਕੱਠਾ ਕਰਨਗੇ। ਇਸ ਵੇਲੇ ਕਮਿਸ਼ਨ ਆਫ਼ ਸਿਟੀ ਪਲਾਨ ਨੌਰਵਿੱਚ ਦੇ ਮੈਂਬਰ ਸਵਰਨਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਵਿਸਾਖੀ ਸਿੱਖਾਂ ਦਾ ਜਨਮ ਦਿਨ ਹੈ, ਇਸ ਕਰ ਕੇ ਇਹ ਸਿੱਖਾਂ ਦਾ ਦਿਵਸ ਹੈ ਇਸ ਨੂੰ ਦੁਨੀਆਂ ਭਰ ਵਿਚ ਮਾਨਤਾ ਦਿਵਾਉਣ ਲਈ ਹਰ ਤਰ੍ਹਾਂ ਦਾ ਕਾਰਜ ਕੀਤਾ ਜਾਵੇਗਾ।
ਜਾਰੀ ਕਰਤਾ ਪ੍ਰਸ਼ੋਤਮ ਸਿੰਘ ਗੁਲ੍ਹਾਟੀ ਪ੍ਰਧਾਨ ਨੌਰਵਾਕ ਸਿੱਖ ਟੈਂਪਲ