ਕੀ ਔਰਤ ਹੀ ਕਰਮਕਾਂਡਾਂ ਦੀ ਜਨਨੀ ਹੈ ?

0
313

ਕੀ ਔਰਤ ਹੀ ਕਰਮਕਾਂਡਾਂ ਦੀ ਜਨਨੀ ਹੈ ?

ਸ. ਬਲਵਿੰਦਰ ਸਿੰਘ ‘ਖਾਲਸਾ’ -97802-64599

ਸਿੱਖ ਧਰਮ ਤੋਂ ਪਹਿਲਾਂ ਸਾਰੇ ਹੀ ਧਰਮਾਂ, ਰਿਸ਼ੀਆਂ-ਮੁਨੀਆਂ, ਧਾਰਮਿਕ ਆਚਾਰੀਆਂ, ਪੂਜਾਰੀਆਂ ਆਦਿ ਨੇ ਔਰਤ ਜ਼ਾਤੀ ਪ੍ਰਤੀ ਨਾ-ਪੱਖੀ ਸੋਚ ਰੱਖਦਿਆਂ ਉਸ ਨੂੰ ਬਹੁਤ ਹੀ ਨੀਵਾਂ ਸਮਝਿਆ ਅਤੇ ਸਦੀਵੀ ਗ਼ੁਲਾਮ ਬਣਾਏ ਰੱਖਣ ਲਈ ਅਨੇਕਾਂ ਧਾਰਮਿਕ ਪਾਬੰਦੀਆਂ ਵੀ ਉਸ ਉੱਪਰ ਲਗਾ ਦਿੱਤੀਆਂ। ਹਿੰਦੂ ਸਮਾਜ ਵਿੱਚ ਬ੍ਰਾਹਮਣ ਨੂੰ ਜਨਮ ਦੇਣ ਵਾਲੀ ਇਸਤ੍ਰੀ ਵੀ ਉਨ੍ਹਾਂ ਲਈ ਧਾਰਮਿਕ ਮੰਨੀ ਜਾਂਦੀ ਰਸਮ ‘ਜਨੇਊ’ ਨੂੰ ਪਹਿਨਣ ਦਾ ਅਧਿਕਾਰ ਨਹੀਂ ਰੱਖਦੀ ਕਿਉਂਕਿ ਰਿਗ ਵੇਦ ਅਨੁਸਾਰ ਔਰਤ, ਬ੍ਰਹਮਾ ਦੇ ਪੈਰ ਵਿੱਚੋਂ (ਸੂਦਰ ਵਾਂਗ) ਪੈਦਾ ਹੋਈ ਹੈ ਇਸ ਲਈ ਸੂਦਰ ਦੇ ਨਾਲ ਨਾਲ ਔਰਤ ਨੂੰ ਵੀ ‘ਜਨੇਊ’ ਪਹਿਨਣ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ। ਔਰਤ ਨੂੰ ਮੁਕਤੀ ਪਾਉਣ ਲਈ ਇੱਕ ਵਾਰ ਮਨੁੱਖਾਂ ਜੂਨੀ ਵਿੱਚ (ਮਰਦ ਬਣ ਕੇ) ਦੁਆਰਾ ਆਉਣਾ ਪਵੇਗਾ। ਮੁਸਲਿਮ ਸਮਾਜ ਵਿੱਚ ਔਰਤ ਨੂੰ ਮਸਜਿਦ ਵਿੱਚ ਨਮਾਜ਼ ਪੜ੍ਹਨ ਦਾ ਵੀ ਅਧਿਕਾਰ ਨਹੀਂ ਦਿੱਤਾ ਜਾਂਦਾ ਕਿਉਂਕਿ ਔਰਤ ਮਰਦ ਵਾਂਗ ਪਵਿੱਤਰ ਨਹੀਂ ਮੰਨੀ ਜਾਂਦੀ ਆਦਿ, ਤੋਂ ਇਲਾਵਾ ਬਹੁਤਿਆਂ ਨੇ ਔਰਤ ਜ਼ਾਤੀ ਵਾਸਤੇ ਘਟੀਆ ਸ਼ਬਦਾਵਲੀ ਦਾ ਵੀ ਇਸਤੇਮਾਲ ਕੀਤਾ ਹੈ। ਔਰਤ ਨੂੰ ਕਿਸੇ ਨੇ ਪੈਰ ਦੀ ਜੁੱਤੀ, ਕਿਸੇ ਨੇ ਕੁਲਹਿਣੀ, ਕਿਸੇ ਨੇ ਗਿੱਚੀ ਪਿੱਛੇ ਮੱਤ ਵਾਲੀ, ਕਿਸੇ ਨੇ ਮੁਕਤੀ ਦੇ ਰਾਹ ਵਿੱਚ ਰੋੜਾ ਆਦਿ ਕਹਿ ਕੇ ਔਰਤ ਜ਼ਾਤ ਦਾ ਘੋਰ ਅਪਮਾਨ ਕੀਤਾ ਗਿਆ।

ਸਿੱਖ ਧਰਮ ਤੋਂ ਪਹਿਲਾਂ ਕਿਸੇ ਵੀ ਧਰਮ ਅਤੇ ਕਾਨੂੰਨ ਨੇ ਵੱਡੇ ਪੱਧਰ ’ਤੇ ਔਰਤ ਜ਼ਾਤੀ ਲਈ ਅਜ਼ਾਦੀ ਤੇ ਬਰਾਬਰਤਾ ਦੇ ਬੁਲੰਦ ਨਾਹਰੇ ਨਾਲ ਇਸਤ੍ਰੀ ਜ਼ਾਤੀ ਨੂੰ ਸਨਮਾਨਤ ਨਹੀਂ ਕੀਤਾ। ਮੇਰੇ ਖ਼ਿਆਲ ਅਨੁਸਾਰ ਅਜੋਕੀ ਔਰਤ ਆਪਣੇ ਫ਼ਰਜਾਂ ਨੂੰ ਭੁਲਾ ਕੇ ਆਪਣੀ ਧਾਰਮਿਕ, ਸਮਾਜਿਕ ਅਤੇ ਕਾਨੂੰਨੀ ਤੌਰ ’ਤੇ ਮਿਲੀ ਹੋਈ ਆਜ਼ਾਦੀ ਦਾ ਨਾ-ਜਾਇਜ ਲਾਭ ਉਠਾਉਂਦੀ ਹੋਈ ਗ਼ਲਤ ਰਸਤੇ ’ਤੇ ਚੱਲ ਪਈ ਹੈ। ਔਰਤ ਨੂੰ ਅਜੋਕੀ ਅਜ਼ਾਦੀ ਮਿਲਣ ਤੋਂ ਪਹਿਲਾਂ, ਸ਼ਰਮ ਅਤੇ ਇੱਜ਼ਤ ਹੀ ਔਰਤ ਦਾ ਸ਼ਿੰਗਾਰ ਤੇ ਅਸਲੀ ਗਹਿਣਾ ਹੁੰਦੇ ਸਨ। ਅੱਜ ਜ਼ਿਆਦਾਤਰ ਔਰਤਾਂ ਬਨਾਵਟੀ ਸ਼ਿੰਗਾਰ ਭਾਵੇਂ ਜਿੰਨਾ ਵੀ ਕਰ ਲੈਣ, ਪਰ ਅਸਲੀ ਸ਼ਿੰਗਾਰ (ਸ਼ਰਮ ਤੇ ਇੱਜ਼ਤ) ਨੂੰ ਲਾਹ ਹੀ ਸੁੱਟਿਆ ਹੈ। ਕਾਨੂੰਨ ਮੁਤਾਬਕ ਔਰਤ ਨੂੰ ਅਜ਼ਾਦੀ ਤੇ ਬਰਾਬਰਤਾ ਇਸ ਲਈ ਦਿੱਤੀ ਗਈ ਸੀ ਕਿ ਉਹ ਵੀ ਮਰਦ ਵਾਂਗ ਪੜ੍ਹ ਲਿਖ ਕੇ ਹਰ ਖੇਤਰ ਵਿੱਚ ਮਰਦ ਦੇ ਬਰਾਬਰ ਕੰਮ ਕਰ ਸਕੇ ਤਾਂ ਜੋ ਦੇਸ ਅਤੇ ਸਮਾਜ ਦੀ ਆਰਥਿਕ ਤੇ ਸਮਾਜਿਕ ਸਥਿਤੀ ਮਜਬੂਤ ਰਹਿ ਸਕੇ ਅਤੇ ਇਸਤ੍ਰੀ ਜ਼ਾਤੀ ਨੂੰ ਹਮੇਸ਼ਾਂ ਆਪਣੀਆਂ ਸਮਾਜਿਕ ਜ਼ਰੂਰਤਾਂ ਲਈ ਕਿਸੇ ’ਤੇ ਨਿਰਭਰ ਨਾ ਰਹਿਣਾ ਪਵੇ। ਔਰਤ ਆਪਣੀ ਨਿਜੀ ਜ਼ਿੰਦਗੀ ਦੇ ਫੈਸਲੇ (ਸਮਾਜ ਸੁਧਾਰ ਲਈ) ਆਪ ਲੈ ਸਕੇ, ਆਦਿ।, ਨਾ ਕਿ ਅਜ਼ਾਦੀ ਇਸ ਕਰਕੇ ਮਿਲੀ ਸੀ ਕਿ ਉਹ ਆਪਣੀ ਅਤੇ ਆਪਣੇ ਮਾਪਿਆਂ ਦੀ ਇੱਜ਼ਤ ਤੇ ਅਣਖ ਨੂੰ ਤਾਰ-ਤਾਰ ਕਰਕੇ, ਮਾਪਿਆਂ ਦੀ ਮਰਜ਼ੀ ਦੇ ਖਿਲਾਫ ਕਿਸੇ ਪਰਾਏ ਮਰਦ ਨਾਲ ਭੱਜ ਜਾਵੇ ਭਾਵ ਅਜਿਹੇ ਕੰਮ ਕਰੇ ਜਿਸ ਨਾਲ ਕਿ ਉਸ ਨੂੰ ਜਨਮ ਦੇ ਕੇ ਪਾਲਣ ਵਾਲੇ ਮਾਪਿਆਂ ਦਾ ਸਿਰ ਸਮਾਜ ਅੱਗੇ ਸ਼ਰਮ ਨਾਲ ਝੁਕ ਜਾਵੇ। ਜਿਨ੍ਹਾਂ ਮਾਪਿਆਂ ਨੇ ਲੜਕੀ ਨੂੰ ਜਨਮ ਦੇ ਕੇ, ਮਲ-ਮੂਤ੍ਰ ਧੋ ਕੇ, ਮੂੰਹ ਵਿੱਚ ਭੋਜਨ ਪਾ ਕੇ ਵੱਡੀ ਕੀਤਾ ਹੋਵੇ ਉਹ ਮਾਪੇ, ਆਪਣੀ ਲੜਕੀ ਦਾ ਬੁਰਾ ਕਦੇ ਨਹੀਂ ਸੋਚ ਸਕਦੇ। ਫਿਰ ਅਜੋਕੀ ਲੜਕੀ ਉਨ੍ਹਾਂ ਹੀ ਮਾਪਿਆਂ ਦੇ ਖਿਲਾਫ ਕਿਉਂ? ਬਹੁਤੇ ਪੁਰਾਣੇ ਸਮੇਂ ਨੂੰ ਤਾਂ ਛੱਡੋ, ਸਿਰਫ ਅੱਧੀ ਸਦੀ ਪਹਿਲਾਂ ਦੀ ਗੱਲ ਹੀ ਵੇਖ ਲਵੋ, ਜਦੋਂ ਕਿ ਔਰਤ ਨੂੰ ਪੂਰੀ ਅਜ਼ਾਦੀ ਨਹੀਂ ਸੀ ਮਿਲੀ, ਔਰਤ ਪੱਖੀ ਕਾਨੂੰਨ ਵੀ ਨਹੀਂ ਬਣੇ ਸਨ ਅਤੇ ਔਰਤ ਪੜ੍ਹੀ-ਲਿਖੀ ਵੀ ਘੱਟ ਸੀ। ਉਸ ਸਮੇਂ ਅਜਿਹੀਆਂ ਗੱਲਾਂ ਵੀ ਬਹੁਤ ਹੀ ਘੱਟ ਵੇਖਣ ਨੂੰ ਮਿਲਦੀਆਂ ਸਨ। ਜੇ ਕਿਸੇ ਪਿੰਡ ਵਿੱਚੋਂ ਕੋਈ ਸ਼ਾਦੀ-ਸੁਦਾ ਔਰਤ ਵੀ ਕਿਸੇ ਪਰਾਏ ਮਰਦ ਨਾਲ ਤੁਰ ਪੈਂਦੀ, ਤਾਂ ਸਾਰੇ ਪਿੰਡ ਦੇ ਲੋਕ ਬੁਰਾ ਮਨਾਉਂਦੇ ਸਨ। ਪਰ ਅੱਜ ਪੱਛਮੀ ਸਭਿਆਚਾਰ ਅਤੇ ਮੀਡੀਆ ਦੇ ਪ੍ਰਭਾਵ ਹੇਠ ਬਹੁ ਗਿਣਤੀ ਮੁਟਿਆਰਾਂ ਆਮ ਹੀ ਅੱਧ-ਨੰਗੇ ਕੱਪੜੇ ਪਾ ਕੇ ਘੁੰਮਦੀਆਂ ਫਿਰਦੀਆਂ, ਵੇਖੀਆਂ ਜਾ ਸਕਦੀਆਂ ਹਨ, ਜਿੱਥੇ ਇਨ੍ਹਾਂ ਦੇ ਇਸ ਪਹਿਰਾਵੇ ਦੇ ਪਿੱਛੇ ਅਪਰਾਧ ਨੂੰ ਜਨਮ ਮਿਲ ਰਿਹਾ ਹੈ ਉੱਥੇ ਇਹ ਲੜਕੀਆਂ ਵੀ ਲੜਕਿਆਂ ਵਾਂਗ ਨਸ਼ਿਆਂ ਦੀਆਂ ਆਦੀ ਬਣ ਰਹੀਆਂ ਹਨ। ਇਹ ਕਲਚਰ ਜਿੱਥੇ ਮਾਤਾ-ਪਿਤਾ ਦੀ ਬਣੀ ਹੋਈ ਇੱਜ਼ਤ ਲਈ ਚੁਨੌਤੀ ਹੈ ਉੱਥੇ ਭਰੂਨ ਹੱਤਿਆ ਵਰਗੇ ਅਪਰਾਧਾਂ ਨੂੰ ਵੀ ਜਨਮ ਦੇ ਰਿਹਾ ਹੈ। ਨਸ਼ੇ, ਪੰਜਾਬ ਦੇ ਨੌਜਵਾਨ ਵਰਗ ਨੂੰ ਤਾਂ ਆਪਣੀ ਲਪੇਟ ਵਿੱਚ ਲੈ ਹੀ ਚੁੱਕੇ ਹਨ ਹੁਣ ਨੌਜਵਾਨ ਲੜਕੀਆਂ ਵੀ ਇਸ ਬੀਮਾਰੀ ਦੀ ਲਪੇਟ ਵਿੱਚ ਆ ਚੁੱਕੀਆਂ ਹਨ। ਇਸ ਬੀਮਾਰੀ ਦੀ ਮੂਲ ਜੜ੍ਹ ਹੈ, ਪੱਛਮੀ ਸਭਿਅਤਾ ਨੂੰ ਅਪਣਾ ਕੇ ਸਮੇਂ ਦਾ ਹਾਣੀ ਬਣਨ ਦੀ ਲਾਲਸਾ, ਪਰ ਕੀ ਫਿਲਮਾਂ, ਗੀਤਾਂ, ਰਸਾਲੇ-ਅਖ਼ਬਾਰਾਂ ਆਦਿ ਵਿੱਚ ਅੱਧ ਨੰਗੀਆਂ ਤਸਵੀਰਾਂ ਛਪਾਉਣਾ ਹੀ ਔਰਤ ਲਈ ਅਜ਼ਾਦੀ ਹੈ? ਸੀਮਤ ਕੱਪੜੇ ਪਾ ਕੇ ਸਟੇਜਾਂ ’ਤੇ ਨੱਚਣ ਵਾਲੀ ਅਜ਼ਾਦੀ ਹੀ ਕੀ ਗੁਰੂ ਪੀਰਾਂ ਨੇ ਦਿਲਵਾਈ ਸੀ? ਕੀ ਔਰਤ ਦਾ ਢੱਕਿਆ ਹੋਇਆ ਸਰੀਰ ਉਸ ਦੀ ਗ਼ੁਲਾਮੀ ਦੀ ਨਿਸ਼ਾਨੀ ਸੀ? ਭਾਰਤ ਦੀਆਂ ਜਾਂਚ ਏਜੰਸੀਆਂ ਦੀ ਮੰਨੀਏ ਤਾਂ ਜ਼ਿਆਦਾਤਰ ਕੇਸਾਂ ਵਿੱਚ ਜਦ ਤੱਕ ਕਿਸੇ ਮਰਦ ਨਾਲ ਸੁਖਾਵੇਂ ਸਬੰਧ ਬਣੇ ਰਹਿੰਦੇ ਹਨ, ਉਦੋਂ ਤੱਕ ਪਿਆਰ, ਪਰ ਜਦ ਕਿਸੇ ਗੱਲੋਂ ਸਬੰਧ ਵਿਗੜ ਜਾਣ ਤਾਂ ਉਹੀ ਪਿਆਰ, ਜ਼ਿਆਦਾਤਰ ਬਲਾਤਕਾਰ ਬਣ ਜਾਂਦਾ ਹੈ।

ਅਗਰ ਧਿਆਨ ਨਾਲ ਵੀਚਾਰੀਏ ਤਾਂ ਸਮਾਜ ਵਿੱਚ ਭਰੂਣ ਹੱਤਿਆ ਅਤੇ ਦਾਜ ਵਰਗੀਆਂ ਬੁਰਿਆਈਆਂ ਨੂੰ ਪ੍ਰਫੁੱਲਤ ਕਰਨ ਵਾਲੀ ਵੀ ਔਰਤ ਜ਼ਾਤੀ ਹੀ ਹੈ। ਮੈਨੂੰ ਅੱਜ ਤੱਕ ਅਜਿਹੀ ਇੱਕ ਵੀ ਗੱਲ ਵੇਖਣ ਜਾਂ ਸੁਣਨ ਦਾ ਮੌਕਾ ਨਹੀਂ ਮਿਲਿਆ, ਜਿੱਥੇ ਕਿਸੇ ਮਰਦ ਨੇ ਦਾਜ ਦੀ ਮੰਗ ਕੀਤੀ ਹੋਵੇ ਜਾਂ ਘਰ ਵਿੱਚ ਲੜਕੀ ਪੈਦਾ ਹੋਣ ਦਾ ਅਫ਼ਸੋਸ ਕੀਤਾ ਹੋਵੇ। ਸਮਾਜ ਵਿੱਚ ਤਾਂ ਇਹ ਕਹਾਵਤ ਆਮ ਹੀ ਪ੍ਰਚੱਲਤ ਹੈ ਕਿ ‘ਔਰਤ ਹੀ ਔਰਤ ਦੀ ਦੁਸ਼ਮਣ ਹੁੰਦੀ ਹੈ।’

ਸਮਾਜ ਦਾ ਅਕਸ (ਆਇਨਾ, ਪਰਛਾਵਾਂ) ਨਾਟਕ, ਫਿਲਮਾਂ ਆਦਿ ਨੂੰ ਮੰਨਿਆ ਜਾਂਦਾ ਹੈ, ਜਿਨ੍ਹਾਂ ਰਾਹੀਂ ਵਰਤਮਾਨ ਸਮੇਂ ਵਿੱਚ ਜੋ ਸੀਰੀਅਲ ਚੱਲ ਰਹੇ ਹਨ ਉਨ੍ਹਾਂ ਵਿੱਚੋਂ ਕੁਝ ਕੁ ਦੇ ਨਾਮ ਇਸ ਪ੍ਰਕਾਰ ਹਨ ‘ਸਾਸ ਬਿਨਾ ਸਸੁਰਾਲ, ਸਾਸ ਬਹੂ ਔਰ ਸਾਜ਼ਸ਼, ਮਾਂ ਐੱਕਸਚੇਂਜ’ ਆਦਿ, ਪਰ ਕੀ ਫਿਲਮ ਇੰਡਸਟਰੀ ‘ਸਹੁਰੇ ਬਿਨ ਸਸੁਰਾਲ, ਸਹੁਰਾ ਜਵਾਈ ਤੇ ਸਾਜ਼ਸ਼, ਪਿਤਾ ਐੱਕਸਚੇਂਜ’ ਵਰਗੇ ਸੀਰੀਅਲ ਬਣਾ ਕੇ ਆਪਣਾ ਪੈਸਾ ਬਰਬਾਦ ਕਰੇਗੀ? ਕਿਉਂਕਿ ਸੱਚ ਇਹੀ ਹੈ ਕਿ ਘਰੇਲੂ ਪਰਿਵਾਰਕ ਸਬੰਧਾਂ ਵਿੱਚ ਤਰੇੜ ਲੈ ਕੇ ਆਉਣ ਵਾਲੀ ਭੀ ਬਹੁਤੀ ਵਾਰ ਔਰਤ ਜ਼ਾਤੀ ਹੀ ਹੁੰਦੀ ਹੈ।

ਹੁਣ ਮੈਂ ਔਰਤ ਨੂੰ ਮਿਲੀ ਹੋਈ ਧਾਰਮਿਕ ਅਜ਼ਾਦੀ ਲਈ ਸਿਰਫ਼ ਸਿੱਖ ਧਰਮ ਨਾਲ ਸਬੰਧਤ ਔਰਤਾਂ ਦੀ ਹੀ ਗੱਲ ਕਰਨਾ ਚਾਹਾਂਗਾ ਕਿਉਂਕਿ ਸਭ ਤੋਂ ਪਹਿਲਾਂ ਸਿੱਖ ਧਰਮ ਨੇ ਹੀ ਔਰਤ ਦੀ ਅਜ਼ਾਦੀ ਅਤੇ ਬਰਾਬਰਤਾ ਪ੍ਰਤੀ ਆਵਾਜ਼ ਬੁਲੰਦ ਕੀਤੀ ਸੀ। ਗੁਰੂ ਸਾਹਿਬਾਨਾਂ ਨੇ ਸਤੀ ਪ੍ਰਥਾ ਦਾ ਵਿਰੋਧ ਕਰਕੇ ਉਸ ਨੂੰ ਖ਼ਤਮ ਕਰਵਾਇਆ ਸੀ। ਸਦੀਆਂ ਤੋਂ ਮਰਦ ਦੀ ਗ਼ੁਲਾਮੀ ਕਰਦੀ ਆ ਰਹੀ ਔਰਤ ਨੂੰ ਅਰਧ-ਸਰੀਰ ਦਾ ਖ਼ਿਤਾਬ ਦੇ ਕੇ ਮਰਦ ਦੇ ਬਰਾਬਰ ਅਧਿਕਾਰ ਦਿੱਤੇ ਅਤੇ ਦਿਲਵਾਏ। ਅੱਜ ਦੀਆਂ ਜ਼ਿਆਦਾਤਰ ਔਰਤਾਂ ਦੇ ਕੰਮ, ਲੱਛਣ, ਸਿੱਖ ਵਿਰੋਧੀ ਕਰਮਕਾਂਡ ਤੇ ਮਨਮੱਤਾਂ ਵੇਖ ਕੇ ਸੋਚਣ ਲਈ ਮਜ਼ਬੂਰ ਹੋ ਜਾਇਦਾ ਹੈ ਕਿ ਜਿਸ ਧਰਮ ਨੇ ਔਰਤ ਦੇ ਅਧਿਕਾਰਾਂ ਲਈ ਬੁਲੰਦ ਆਵਾਜ਼ ਉਠਾ ਕੇ ਅਜ਼ਾਦੀ ਦਿਲਵਾਈ ਹੋਵੇ, ਸ਼ਾਇਦ ਔਰਤ ਨੇ ਉਸੇ ਨੂੰ ਹੀ ਖ਼ਤਮ ਕਰਨ ਦਾ ਬੀੜਾ ਚੁੱਕ ਰੱਖਿਆ ਹੈ। ਗੁਰੂ ਸਾਹਿਬ ਉਸ ਸਮੇਂ ਔਰਤ ਨੂੰ ਗ਼ੁਲਾਮ ਵੇਖ ਕੇ ਦੁਖੀ ਹੋਏ ਸੀ ਪਰ ਅਜੋਕੀ ਔਰਤ ਨੂੰ ਅਜ਼ਾਦ ਵੇਖ ਕੇ ਵੀ ਦੁਖੀ ਹੋਣਗੇ। ਅੱਜ ਸਿੱਖੀ ਅਸੂਲਾਂ ਦੇ ਬਿਪ੍ਰੀਤ ਜੋ ਵੀ ਕਰਮਕਾਂਡ ਤੇ ਮਨਮੱਤਾਂ ਹੋ ਰਹੀਆਂ ਹਨ ਇਸ ਸਭ ਦੀ ਜਨਨੀ ਵੀ ਜ਼ਿਆਦਾਤਰ ਔਰਤ ਹੀ ਹੈ। ਜਿਵੇਂ ਕਿ ਸੰਗਰਾਂਦ, ਮੱਸਿਆ, ਪੁੰਨਿਆ, ਦਸਵੀਂ ਆਦਿ ਨੂੰ ਮਟੀਆਂ, ਸਮਾਧਾਂ, ਡੇਰੇ ਆਦਿ ’ਤੇ ਜਾ ਕੇ ਵਿਸ਼ੇਸ਼ ਜੋਤਾਂ ਜਗਾ ਕੇ ਪੂਜਾ ਕਰਨੀ, ਇਸ ਔਰਤ ਦੀ ਦੇਣ ਹੈ। ਪੰਜਾਬ ਦੇ ਸਾਧ, ਸੰਤ, ਬਾਬੇ, ਚੇਲੇ ਆਦਿ, ਇਨ੍ਹਾਂ ਔਰਤਾਂ ਦੀ ਕਿਰਪਾ ਤੋਂ ਬਿਨਾ ਭੁੱਖੇ ਮਰ ਜਾਣ, ਇਨ੍ਹਾਂ ਦੇ ਮਰਦ, ਇਨ੍ਹਾਂ ਦੇ ਪਿਛਲੱਗੂ ਬਣੇ ਹੋਏ ਹਨ। ਥਾਂ-ਥਾਂ (ਦਰੱਖ਼ਤਾਂ, ਦੇਵਤੇ, ਸ਼ਹੀਦਾਂ ਦੀਆਂ ਕਬਰਾਂ ਆਦਿ) ’ਤੇ ਮੱਥੇ ਟੇਕਣ ਤੋਂ ਇਲਾਵਾ ਕਈ ਥਾਵਾਂ ’ਤੇ ਖੰਭਣੀਆਂ, ਰੱਖੜੀਆਂ, ਨਿੰਮ ਆਦਿ ਬੰਨਣੇ ਤੇ ਪੂਜਾ ਕਰਨੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਸਮੇਂ ਕੁੰਭ, ਨਾਰੀਅਲ, ਧੂਪ, ਜੋਤਾਂ ਜਗਾਉਣੀਆਂ, ਵਰਤ ਰੱਖਣੇ, ਤੀਰਥ ਇਸ਼ਨਾਨ ਕਰਨੇ, ਚੰਗੇ-ਮੰਦੇ ਦਿਨ ਵੀਚਾਰਨੇ, ਜੰਤਰੀ-ਪੱਤਰੀ ਵੇਖਣੀ, ਜੋਤਿਸ਼ ਵਿੱਦਿਆ ’ਤੇ ਸ਼ਰਧਾ, ਖ਼ੁਸ਼ੀ-ਗ਼ਮੀ ਵਿੱਚ ਹਿੰਦੂ ਕਰਮਕਾਂਡਾਂ ਨੂੰ ਬੜਾਵਾ ਦੇਣਾ, ਅੰਮਿ੍ਰਤ ਛੱਕ ਕੇ ਵੀ ਨੱਕ-ਕੰਨਾਂ ਵਿੱਚ ਮੁੰਦਰੀਆਂ ਪਾਉਣੀਆਂ, ਬਿਊਟੀ ਪਾਰਲਰ ਵਿੱਚ ਜਾ ਕੇ ਭਰਵੱਟਿਆਂ ਨੂੰ ਸਾਫ਼ ਕਰਵਾਉਣਾ (ਜੋ ਕਿ ਚਾਰ ਕੁਰਹਿਤਾਂ ਵਿੱਚ ਸ਼ਾਮਲ ਹੈ), ਨਕਲੀ ਸ਼ਿੰਗਾਰ ਆਦਿ ਅਨੇਕਾਂ ਗੁਰਮਤਿ ਵਿਰੋਧੀ ਕਰਮਕਾਂਡਾਂ ਦੀ ਹੋਂਦ ਨੂੰ ਬਣਾਏ ਰੱਖਣ ਲਈ ਵੀ ਔਰਤਾਂ ਹੀ ਜ਼ਿੰਮੇਵਾਰ ਹਨ। ਜੇ ਇਨ੍ਹਾਂ ਬਾਰੇ ਕੋਈ ਜਾਗਰੂਕਤਾ ਦੀ ਗੱਲ ਕਰੇ ਤਾਂ ਔਰਤਾਂ ਦੇ ਹਮਦਰਦ ਅਖਵਾਉਣ ਵਾਲੇ ਅਜੋਕੇ ਆਚਾਰੀਆ ‘‘ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ॥’’ (ਮ:੧/੪੭੩) ਵਾਲਾ ਗੁਰੂ ਵਾਕ ਪੜ੍ਹ ਕੇ ਸਾਹਮਣੇ ਵਾਲੇ ਦਾ ਮੂੰਹ ਬੰਦ ਕਰਵਾ ਦਿੰਦੇ ਹਨ। ਸ਼ਾਇਦ ਇਹ ਲੋਕ ਭੁੱਲ ਜਾਂਦੇ ਹਨ ਕਿ ਗੁਰੂ ਸਾਹਿਬਾਨਾਂ ਨੇ ਔਰਤਾਂ ਪ੍ਰਤੀ ਇਹ ਬਚਨ ਵੀ ਕੀਤੇ ਸਨ ‘‘ਪੁਤੁ ਜਿਨੂਰਾ ਧੀਅ ਜਿੰਨੂਰੀ, ਜੋਰੂ ਜਿੰਨਾ ਦਾ ਸਿਕਦਾਰੁ॥’’ (ਮ:੧/੫੫੬) ਭਾਵ ਅਗਰ ਕਿਸੇ ਦਾ ਪੁੱਤਰ ਤੇ ਪੁੱਤਰੀ ਰਾਖਸ਼ ਪੈਦਾ ਹੋ ਗਏ ਹਨ ਤਾਂ ਉਨ੍ਹਾਂ ਨੂੰ ਅਗਵਾਈ ਦੇਣ ਵਾਲੀ ਮਾਤਾ ਹੀ ਰਾਖਸ਼ ਸੀ।

ਪੰਜਵੇਂ ਪਾਤਿਸ਼ਾਹ ਗੁਰੂ ਅਰਜੁਨ ਦੇਵ ਜੀ ਆਪਣੀ ਉੱਚੀ-ਸੁੱਚੀ ਜੀਵਨ ਰਹਿਣੀ ਧਾਰਨ ਕਰਨ ਬਾਰੇ ਆਪਣੀ ਮਾਤਾ (ਬੀਬੀ ਭਾਨੀ) ਜੀ ਨੂੰ ਮਹੱਤਵ ਦੇ ਰਹੇ ਹਨ ‘‘ਪੂਤਾ! ਮਾਤਾ ਕੀ ਆਸੀਸ॥ ਨਿਮਖ ਨ ਬਿਸਰਉ ਤੁਮ੍ ਕਉ ਹਰਿ ਹਰਿ, ਸਦਾ ਭਜਹੁ ਜਗਦੀਸ॥’’ (ਮ:੫/੪੯੬) ਭਾਵ ਮੇਰੀ ਮਾਤਾ ਨੇ ਮੈਨੂੰ ਇਉਂ ਅਸੀਸ ਬਖ਼ਸ਼ੀ ਕਿ ਹੇ ਪੁੱਤਰ! ਥੋੜੇ ਕੁ ਸਮੇਂ ਲਈ ਵੀ ਤੈਨੂੰ ਜਗਤ ਦਾ ਮਾਲਕ ਪ੍ਰਭੂ ਨਹੀਂ ਭੁੱਲਣਾ ਚਾਹੀਦਾ ਭਾਵ ਸਦਾ ਉਸ ਨੂੰ ਯਾਦ ਕਰ।

ਮੈ ਕਿਸੇ ਔਰਤ ਜ਼ਾਤ ਨੂੰ ਮੰਦਾ ਨਹੀਂ ਕਹਿ ਰਿਹਾ ਕਿਉਂਕਿ ਮੈ ਵੀ ਆਖ਼ਰ ਇੱਕ ਔਰਤ ਤੋਂ ਹੀ ਪੈਦਾ ਹੋਇਆ ਹਾਂ ਪਰ ਕਿਸੇ ਦੇ ਕੰਮਾਂ ਤੇ ਲੱਛਣਾਂ ਨੂੰ ਵੇਖ ਕੇ ਹੀ ਉਸ ਨੂੰ ਚੰਗਾ ਜਾਂ ਮਾੜਾ ਕਿਹਾ ਜਾ ਸਕਦਾ ਹੈ। ਇਸ ਲਈ ਮੈ ਔਰਤ ਨੂੰ ਨਹੀਂ ਬਲਕਿ ਉਸ ਦੁਆਰਾ ਕੀਤੇ ਜਾ ਰਹੇ ਕੰਮਾਂ ਨੂੰ ਗ਼ਲਤ ਕਹਿ ਰਿਹਾ ਹਾਂ। ਔਰਤ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ‘ਸਿੱਖ ਧਰਮ’ ਵਿੱਚ ਹੀ ਔਰਤ ਦੁਆਰਾ ਕੀਤੇ ਜਾਂਦੇ ਕਰਮਕਾਂਡਾਂ ਨੂੰ ਵੇਖ ਕੇ ਮੇਰਾ ਮਨ ਹੱਦੋਂ ਵੱਧ ਦੁਖੀ ਹੈ। ਮੇਰੇ ਵਰਗੇ ਹੋਰ ਵੀ ਅਨੇਕਾਂ ਸਿੱਖ, ਇਨ੍ਹਾਂ ਔਰਤਾਂ ਦੁਆਰਾ ਕੀਤੇ ਜਾਂਦੇ ਗੁਰਮਤਿ ਵਿਰੋਧੀ ਕਾਰਜਾਂ ਨੂੰ ਵੇਖ ਕੇ ਸ਼ਾਇਦ ਗੁਰੂ ਜੀ ਅੱਗੇ ਇਉਂ ਫ਼ਰਿਆਦ ਕਰਦੇ ਆਖਦੇ ਹੋਣਗੇ ਕਿ ਹੇ ਸਤਿਗੁਰੂ ਜੀ! ਆਪ ਜੀ ਨੇ ਸਾਡੇ ਲਈ ਇਤਨੀ ਬੁਲੰਦ ਆਵਾਜ਼ ਉਠਾਈ ਅਤੇ ਅਨੇਕਾਂ ਕਸ਼ਟ ਸਹਾਰੇ, ਸ਼ਾਇਦ ਅਸੀਂ ਅਕ੍ਰਿਤਘਣ ਉਸ ਦੇ ਲਾਇਕ ਨਹੀਂ ਸੀ। ਤੁਹਾਡੇ ਵੱਲੋਂ ਕੀਤੀ ਗਈ ਅੰਮ੍ਰਿਤ ਦੀ ਬਖ਼ਸ਼ਸ਼, ਸਾਡੇ ਹੱਥਾਂ ਵਿੱਚ ਅਗਿਆਨਤਾ ਦੀ ਮੋਰੀ ਹੋਣ ਕਾਰਨ ਜ਼ਮੀਨ ’ਤੇ ਡਿੱਗ ਪਈ ਅਸੀਂ ਅਭਾਗੇ ਹੀ ਰਹਿ ਗਏ ‘‘ਕਰ ਮਹਿ ਅੰਮ੍ਰਿਤੁ ਆਣਿ ਨਿਸਾਰਿਓ॥ ਖਿਸਰਿ ਗਇਓ, ਭੂਮ ਪਰਿ ਡਾਰਿਓ॥’’(ਮ:੫/੩੮੯)

ਅਖ਼ੀਰ ਵਿੱਚ ਵਿਸ਼ੇ ਨੂੰ ਸਪਸ਼ਟ ਕਰਨ ਲਈ ਵਰਤੇ ਗਏ ਉਨ੍ਹਾਂ ਤਮਾਮ ਕਰੜੇ ਸ਼ਬਦਾਂ ਕਾਰਨ ਮੈਂ ਉਨ੍ਹਾਂ ਅਣਗਿਣਤ ਬੀਬੀਆਂ ਤੋਂ ਵੀ ਮਾਫ਼ੀ ਮੰਗ ਲੈਂਦਾ ਹਾਂ ਜੋ ਗੁਰਮਤਿ ਸਿਧਾਂਤਾਂ ’ਤੇ ਪਹਿਰਾ ਦਿੰਦੀਆਂ ਹੋਇਆ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਤਾਂ ਪਵਾ ਗਈਆਂ ਪਰ ਬੇਬੇ ਨਾਨਕੀ ਜੀ, ਮਾਤਾ ਖੀਵੀ ਜੀ, ਬੀਬੀ ਭਾਨੀ ਜੀ, ਮਾਤਾ ਗੁਜਰੀ ਜੀ, ਮਾਤਾ ਸਾਹਿਬ ਕੌਰ ਜੀ, ਮਾਈ ਭਾਗੋ ਜੀ, ਮਾਤਾ ਜਿੰਦ ਕੌਰ ਜੀ ਦੀ ਵੰਸ਼ਜ ਹੋਣ ਨੂੰ ਦਾਗ਼ ਨਹੀਂ ਲੱਗਣ ਦਿੱਤਾ ਅਤੇ ਅੰਤ ਤੱਕ ਆਪਣੇ ਸੁਆਸਾਂ ਦੀ ਪੂੰਜੀ ਨੂੰ ਗੁਰੂ ਚਰਨਾਂ ਵਿੱਚ ਸਮਰਪਿਤ ਕਰ ਗਈਆਂ। ਸਾਡਾ ਸਭ ਦਾ ਫ਼ਰਜ ਬਣਦਾ ਹੈ ਕਿ ਸਰਬੰਸ਼ ਦਾਨੀ ਦਸਮੇਸ਼ ਪਿਤਾ ਜੀ ਦੇ ਉਨ੍ਹਾਂ ਪਾਵਨ ਵਾਕਾਂ ਨੂੰ ਹਮੇਸ਼ਾ ਯਾਦ ਰੱਖੀਏ ਜਿਸ ਦੁਆਰਾ ਉਨ੍ਹਾਂ ਆਪਣੇ ਖ਼ਾਲਸੇ ਨੂੰ ਬਚਨ ਕੀਤਾ ਸੀ ਕਿ ‘‘ਜਬ ਲਗ ਖਾਲਸਾ ਰਹੈ ਨਿਆਰਾ, ਤਬ ਲਗ ਤੇਜ ਦੇਊ ਮੈ ਸਾਰਾ। ਜਬ ਇਹ ਗਹੈ ਬਿਪਰਨ ਕੀ ਰੀਤ, ਮੈ ਨਾ ਕਰੂੰ ਇਨ ਕੀ ਪਰਤੀਤ।’’